“ਸਾਂਝਾ ਪਰਿਵਾਰ ਸਭ ਤਰ੍ਹਾਂ ਦੀਆਂ ਸੁਰੱਖਿਆਵਾਂ ਦਾ ਘਰ ਹੁੰਦਾ ਸੀ। ਇੱਕ ਅੱਧਾ ਬੰਦਾ ...”
(22 ਮਈ 2026)
ਕੁੱਤਿਆਂ ਦੀ ਸਮੱਸਿਆ ਲਈ ਸੁਪਰੀਮ ਕੋਰਟ ਦੀ ਸਖਤੀ
7 ਨਵੰਬਰ 2025 ਦੇ ਆਪਣੇ ਹੁਕਮ ਨੂੰ ਜਾਇਜ਼ ਠਹਿਰਾਉਂਦਿਆਂ ਮਾਨਯੋਗ ਸੁਪਰੀਮ ਕੋਰਟ ਨੇਕਿਹਾ ਹੈ ਕਿ ਮਨੁੱਖੀ ਜਾਨਾਂ ਕੀਮਤੀ ਅਤੇ ਪਹਿਲਾਂ ਹਨ। ਇਨ੍ਹਾਂ ਨੂੰ ਕੁੱਤਿਆਂ ਦੀ ਆੜ ਹੇਠ ਨਹੀਂ ਰੱਖਿਆ ਜਾ ਸਕਦਾ। ਨਿੱਤ ਦਿਨ ਅਖਬਾਰ ਦੀਆਂ ਸੁਰਖੀਆਂ ਕੁੱਤਿਆਂ ਦੇ ਕੱਟਣ ਬਾਰੇ ਹੁੰਦੀਆਂ ਹਨ। ਇਨ੍ਹਾਂ ਪਿੱਛੇ ਵੱਡਾ ਕਾਰਨ ਇਹ ਹੈ ਕਿ ਕੁੱਤੇ ਅਵਾਰਾ ਕਿਉਂ ਹੁੰਦੇ ਹਨ? ਇਹ ਹੈ ਕਿ ਇਨ੍ਹਾਂ ਬਾਰੇ ਸਾਡੇ ਮੁਲਕ ਵਿੱਚ ਕੋਈ ਖਾਸ ਨੀਤੀ ਨਹੀਂ ਹੈ। ਜੇ ਨੀਤੀ ਬਣਦੀ ਹੈ ਤਾਂ ਧਾਰਮਿਕ ਅਤੇ ਪਾਪ ਪੁੰਨ ਦੇ ਫਲਸਫੇ ਵਿੱਚ ਫਸ ਜਾਂਦੀ ਹੈ। ਮਨੁੱਖ ਤੋਂ ਬਾਅਦ ਹਰ ਸਾਹ ਵਾਲੀ ਚੀਜ਼ ਨੂੰ ਜਿਊਣ ਦਾ ਅਧਿਕਾਰ ਹੈ। ਪਰ “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।” ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਮਨੁੱਖ, ਮਨੁੱਖ ਹੈ, ਕੁੱਤਾ, ਕੁੱਤਾ ਹੈ। ਹੈਰਾਨੀ ਹੁੰਦੀ ਹੈ ਜਦੋਂ ਸੋਸ਼ਲ ਮੀਡੀਆ ’ਤੇ ਕੁੱਤਿਆਂ ਨਾਲ ਨਵੇਕਲੀ ਕਿਸਮ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਜੋ ਘਟਨਾਵਾਂ ਬਣ ਜਾਂਦੀਆਂ ਹਨ।
ਭਾਰਤ ਵਿੱਚ 6 ਕਰੋੜ ਦੇ ਲਗਭਗ ਅਵਾਰਾ ਕੁੱਤੇ ਹਨ। ਭਾਰਤ ਵਿੱਚ ਹਰ ਸਾਲ 2 ਕਰੋੜ ਲੋਕ ਜਾਨਵਰਾਂ ਦੀ ਹਿੰਸਾ ਵਿੱਚ ਗ੍ਰਸਤ ਹੁੰਦੇ ਹਨ, ਜਿਨ੍ਹਾਂ ਵਿੱਚ 92% ਕੁੱਤਿਆਂ ਦੁਆਰਾ ਹੁੰਦੇ ਹਨ। ਸੰਸਾਰ ਸਿਹਤ ਸੰਸਥਾ ਅਨੁਸਾਰ ਹਲਕਾਅ ਕਾਰਨ ਦੁਨੀਆਂ ਦੀਆਂ ਕੁੱਲ ਮੌਤਾਂ ਵਿੱਚੋਂ 36% ਮੌਤਾਂ ਭਾਰਤ ਵਿੱਚ ਹੁੰਦੀਆਂ ਹਨ। 2018 ਵਿੱਚ ਲੁਧਿਆਣਾ ਵਿੱਚ 15324, ਜਲੰਧਰ ਵਿੱਚ 9839 ਅਤੇ ਹੁਸ਼ਿਆਰਪੁਰ ਵਿੱਚ 9260 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਹੋਈਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 1 ਜਨਵਰੀ 2025 ਤੋਂ ਜੂਨ 2025 ਤਕ 24601 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਹੋਈਆਂ। ਭਾਰਤ ਵਿੱਚ ਹਲਕਾਅ ਕਾਰਨ 2023 ਵਿੱਚ 50 ਮੌਤਾਂ ਅਤੇ 2024 ਵਿੱਚ 54 ਮੌਤਾਂ ਹੋਈਆਂ ਸਨ। ਦਿੱਲੀ ਵਿੱਚ ਪਿਛਲੇ ਦਿਨੀਂ ਹਲਕਾਅ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋਈ ਸੀ।
ਭਾਰਤ ਵਿੱਚ ਪਸ਼ੂ ਜਨਮ ਨਿਯੰਤਰਣ ਨਿਯਮ 2023 ਅਵਾਰਾ ਪਸ਼ੂਆਂ ਦੇ ਪ੍ਰਬੰਧਨ ਲਈ ਲਾਗੂ ਕੀਤੇ ਗਏ ਹਨ। ਇਸੇ ਤਹਿਤ ਅਵਾਰਾ ਕੁੱਤਿਆਂ ਦੀ ਗਿਣਤੀ ਕੰਟਰੋਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਪਰ ਮਾਨਯੋਗ ਸੁਪਰੀਮ ਕੋਰਟ ਨੇ ਇਸ ਨੂੰ ਬੇਤੁਕਾ ਕਰਾਰ ਦਿੱਤਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਕੁੱਤਿਆਂ ਦੀ ਸਾਂਭ ਸੰਭਾਲ ਲਈ ਵੱਖ-ਵੱਖ ਨਿਯਮ ਹਨ। ਇੰਗਲੈਂਡ ਵਿੱਚ ਸਥਾਨਕ ਪ੍ਰਸ਼ਾਸਨ ਅਵਾਰਾ ਕੁੱਤਿਆਂ ਦੀ ਸੰਭਾਲ ਕਰਦਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਕੁੱਤਿਆਂ ਦੇ ਮਾਈਕਰੋ ਚਿੱਪਾਂ ਵੀ ਲਾਈਆਂ ਗਈਆਂ ਤਾਂ ਜੋ ਕੁੱਤੇ ਦੀ ਪਛਾਣ ਹੋ ਸਕੇ। ਦੂਜੇ ਪਾਸੇ ਕੁੱਤੇ ਮਨੁੱਖ ਦੇ ਸਾਥੀ ਅਤੇ ਵਫਾਦਾਰ ਵੀ ਹੁੰਦੇ ਹਨ।
ਪਾਲਤੂ ਕੁੱਤਿਆਂ ਨੂੰ ਭੋਜਨ ਮਿਲਦਾ ਹੈ, ਪਰ ਅਜ਼ਾਦੀ ਅਤੇ ਜੈਵਿਕ ਲੋੜਾਂ ਪੂਰੀਆਂ ਨਾ ਹੋਣ ਕਾਰਨ ਇਹ ਵੀ ਹਿੰਸਾ ਕਰਦੇ ਹਨ। ਇਨ੍ਹਾਂ ਪਾਲਤੂ ਕੁੱਤਿਆਂ ਦੇ ਸੌਂਕੀਆਂ ਲਈ ਵੀ ਸਖਤ ਨਿਯਮ ਅਤੇ ਜ਼ਿੰਮੇਵਾਰੀ ਬਣੇ। ਜਦਕਿ ਅਵਾਰਾ ਕੁੱਤੇ ਅਜ਼ਾਦੀ ਅਤੇ ਜੈਵਿਕ ਲੋੜਾਂ ਪੂਰੀਆਂ ਕਰਦੇ ਹਨ, ਪਰ ਭੋਜਨ ਨਾ ਮਿਲਣ ਕਾਰਨ ਇਹ ਵੀ ਹਿੰਸਾ ਕਰਦੇ ਹਨ। ਅਵਾਰਾ ਕੁੱਤੇ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨ। ਸਕੂਟਰ, ਮੋਟਰਸਾਈਕਲਾਂ ਵਿੱਚ ਵੱਜਦੇ ਹਨ। ਜਦੋਂ ਕੋਈ ਵਾਹਣ ਲੰਘਦਾ ਹੈ ਤਾਂ ਉਸਦੇ ਅੱਗੇ-ਪਿੱਛੇ ਦੌੜਦੇ ਹਨ ਤਾਂ ਵੀ ਦੁਰਘਟਨਾਵਾਂ ਵਾਪਰਦੀਆਂ ਹਨ। ਅਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਹਿਤ ਇੱਕ ਵਿਸਥਾਰਤ ਨੀਤੀ ਦੀ ਲੋੜ ਹੈ ਤਾਂ ਜੋ ਕੁੱਤਿਆਂ ਕਾਰਨ ਹੁੰਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਡੀ ਰਾਹਤ ਮਿਲੇ। ਸੁਪਰੀਮ ਕੋਰਟ ਦਾ ਸਾਰੀਆਂ ਅਟਕਲਾਂ ਤੇ’ ਵਿਰਾਮ ਲਾ ਕੇ ਮਨੁੱਖ ਦੀ ਜਾਨ ਨੂੰ ਬਚਾਉਣ ਦਾ ਹੁਕਮ ਕਾਬਲੇ ਤਰੀਫ ਹੈ।
* * *
ਸੁਰੱਖਿਆ ਪ੍ਰਦਾਨ ਕਰਦਾ ਸੀ ਸਾਂਝਾ ਪਰਿਵਾਰ
ਸਾਡੇ ਦੇਸ਼ ਦੀ ਸੰਸਕ੍ਰਿਤੀ ਬਲਵਾਨ ਹੈ। ਸਾਂਝਾ ਪਰਿਵਾਰ ਸਭ ਤਰ੍ਹਾਂ ਦੀਆਂ ਸੁਰੱਖਿਆਵਾਂ ਦਾ ਘਰ ਹੁੰਦਾ ਸੀ। ਇੱਕ ਅੱਧਾ ਬੰਦਾ ਨਾ ਕੰਮ ਕਰਨ ਵਾਲਾ ਵੀ ਚੱਲ ਜਾਂਦਾ ਸੀ। ਕਿਸਾਨ, ਪੇਂਡੂ ਵਿਰਸਾ ਅਤੇ ਸਾਂਝੇ ਪਰਿਵਾਰ ਇੱਕ ਦੂਜੇ ਦੇ ਅਨੁਪੂਰਕ ਹੁੰਦੇ ਹਨ। ਪਰ ਅੱਜ ਇਨ੍ਹਾਂ ਵਿੱਚੋਂ ਖੁਸ਼ਬੂ ਮੱਧਮ ਪੈ ਗਈ ਹੈ। ਵਿਰਸੇ ਨਾਲ ਸਾਡਾ ਪਿਛੋਕੜ ਜਿਊਂਦਾ-ਜਾਗਦਾ ਰਹਿੰਦਾ ਹੈ, ਪਰ ਅਫਸੋਸ ਸਾਡੇ ਵਿਰਸੇ ਦੇ ਕਈ ਪੱਖ ਬੀਤੇ ਦੀ ਬਾਤ ਬਣ ਗਏ ਹਨ। ਸਾਂਝਾ ਪਰਿਵਾਰ ਸਿਰਫ ਇੱਕ ਲਾਣੇਦਾਰ ਦੇ ਸਾਏ ਹੇਠ ਹੀ ਕੰਮ ਕਰਦਾ ਸੀ। ਸਭ ਉਸਦੀ ਗੱਲ ਮੰਨ ਲੈਂਦੇ ਸਨ। ਸਾਂਝਾ ਪਰਿਵਾਰ ਨਰੋਏ ਸਮਾਜ ਦੀ ਆਧਾਰਸ਼ਿਲਾ ਸੀ। ਸਾਂਝੇ ਪਰਿਵਾਰ ਵਿੱਚ ਸਵਖਤੇ ਉੱਠ ਕੇ ਪਰਿਵਾਰ ਦੇ ਸਾਰੇ ਮੈਂਬਰ ਆਪੋ ਆਪਣੇ ਕੰਮਾਂ ਵਿੱਚ ਲੱਗ ਜਾਂਦੇ ਸਨ, ਜੋ ਆਥਣੇ ਬਾਣ ਵਾਲੇ ਮੰਜੇ ਤੇ ਸੌਣ ਤਕ ਜਾਰੀ ਰਹਿੰਦੇ ਸਨ। ਹਾਲੀ, ਪਾਲੀ, ਚਾਟੀ ਅਤੇ ਮਧਾਣੀ ਸਾਂਝੇ ਪਰਿਵਾਰ ਵਿੱਚ ਵੱਖਰੀ ਰੀਤ ਪਾਉਂਦੇ ਰਹਿੰਦੇ ਸਨ।
ਗਰੀਬ ਗੁਰਬਾ ਵੀ ਸਾਂਝੇ ਪਰਿਵਾਰ ਕੋਲੋਂ ਮਦਦ ਮੰਗਣ ਨੂੰ ਤਰਜੀਹ ਦਿੰਦਾ ਸੀ, ਉਸਨੂੰ ਪਤਾ ਹੁੰਦਾ ਸੀ ਕਿ ਕੋਈ ਨਾ ਕੋਈ ਤਾਂ ਘਰ ਦਾ ਬੰਦਾ ਸਹਾਈ ਹੋਵੇਗਾ ਹੀ।ਸਾਂਝੇ ਪਰਿਵਾਰਾਂ ਵਿੱਚ ਕੰਮ ਲਗਨ ਨਾਲ ਕੀਤੇ ਜਾਂਦੇ ਸਨ। ਇੱਕ ਦੂਜੇ ਨੂੰ ਕਹਿਣ ਅਤੇ ਦੂਜੇ ’ਤੇ ਜ਼ਿੰਮਾ ਸੁੱਟਣ ਦੀ ਆਦਤ ਨਹੀਂ ਹੁੰਦੀ। ਸਾਂਝੇ ਪਰਿਵਾਰ ਵਿੱਚੋਂ ਸੰਸਕਾਰਾਂ, ਪਹਿਰਾਵੇ ਅਤੇ ਬੋਲੀ ਚਾਲੀ ਦਾ ਮੁੱਢ ਬੱਝਦਾ ਸੀ, ਜਿਸ ਸਦਕਾ ਬੱਚਿਆਂ ਦੀ ਗੁਣਵੱਤਾ ਵਧਦੀ ਸੀ। ਸਾਂਝੇ ਪਰਿਵਾਰ ਦੇ ਦਾਦੇ ਦਾਦੀ, ਚਾਚੇ ਚਾਚੀ, ਤਾਏ ਤਾਈ ਅਤੇ ਮਾਂ ਪਿਉ ਤੋਂ ਮਿਲੀ ਗੁਣਾਂ ਦੀ ਗੁਥਲੀ ਧੀ ਨੂੰ ਸਹੁਰੇ ਘਰ ਵਿੱਚ ਵੀ ਮਾਣ ਦਿਵਾਉਂਦੀ ਸੀ।
ਸਾਂਝੇ ਘਰ-ਪਰਿਵਾਰ ਸਮਾਜੀਕਰਨ ਦੀ ਨੀਂਹ ਹੁੰਦੇ ਸਨ। ਘਰੋਂ ਮਿਲੇ ਵਿਰਸੇ ਦੇ ਨਿਯਮਾਂ ਦੀ ਉਦਾਹਰਨ ਖੇਤਾਂ ਵਿੱਚ ਭੱਤਾ ਲੈ ਕੇ ਜਾਣਾ, ਆਟਾ ਗੁੰਨ੍ਹ ਕੇ ਚੁੱਲ੍ਹੇ ਦਾ ਕੰਮ ਕਰਨਾ, ਰਾਤ ਨੂੰ ਚੁੱਲ੍ਹੇ ਵਿੱਚ ਦੱਬੀ ਅੱਗ ਸਵੇਰੇ ਬਾਲਣੀ ਵਗੈਰਾ ਘਰ ਦੀਆਂ ਔਰਤਾਂ ਦੇ ਹਿੱਸੇ ਸਨ। ਇਹ ਹੀ ਕੰਮ ਧੀ ਸਿੱਖਦੀ ਸੀ। ਇਸ ਨਾਲ ਉਸਦੇ ਸਮਾਜੀਕਰਨ ਦਾ ਮੁੱਢ ਬੱਝਦਾ ਸੀ। ਘਰ ਦੀਆਂ ਸੁਆਣੀਆਂ, ਹਾਲੀ ਅਤੇ ਪਾਲੀ ਦੇ ਕੰਮ ਵਿੱਚ ਹੱਥ ਵਟਾਉਂਦੀਆਂ ਸਨ। ਸਾਂਝੇ ਪਰਿਵਾਰ ਦੇ ਕੰਮਾਂ ਬਾਰੇ ਕਿਸੇ ਸ਼ਾਇਰ ਨੇ ਇਹ ਨਜ਼ਾਰਾ ਇਉਂ ਪੇਸ਼ ਕੀਤਾ ਹੈ-
“ਚਿੜੀ ਚਹੁਕਦੀ ਨਾਲ ਉੱਠ ਤੁਰੇ ਪਾਂਧੀ ਪਾਈਆਂ ਦੁੱਧ ਵਿੱਚ ਮਧਾਣੀਆਂ ਨੀ।
ਸੁਬ੍ਹਾ ਸਾਦਕ ਹੋਈ ਜਦੋਂ ਆਣ ਰੋਸ਼ਨ ਤਦੋਂ ਚਾਲੀਆਂ ਆਣ ਚਿਚਲਾਣੀਆਂ ਨੀ।
ਇਕਨਾਂ ਉੱਠ ਕੇ ਰਿੜਕਣਾ ਪਾ ਦਿੱਤਾ ਕਿ ਇੱਕ ਧੋਂਦੀਆਂ ਫਿਰਨ ਮਧਾਣੀਆਂ ਨੀ।
ਇੱਕ ਉੱਠ ਕੇ ਹਲੀ ਤਿਆਰ ਹੋਏ ਇੱਕ ਢੂੰਡਦੇ ਫਿਰਨ ਪਰਾਣੀਆਂ ਨੀ।
ਸਾਂਝੇ ਪਰਿਵਾਰ ਵਿੱਚ ਖੇਤੀ ਦੇ ਕੰਮ ਨੂੰ ਜ਼ਿੰਮਾ ਸਮਝਿਆ ਜਾਂਦਾ ਸੀ। ਬਚਗਾਨਾ ਕਾਰਵਾਈ ਲਈ ਕੋਈ ਥਾਂ ਨਹੀਂ ਹੁੰਦੀ ਸੀ। ਆਪਣੇ ਆਪ ਸਮੇਂ ’ਤੇ ਹਰ ਜੀਅ ਕੰਮ ਲੱਗ ਜਾਂਦਾ ਸੀ। ਬਿਜ਼ਨਸ ਪਰਿਵਾਰ ਵੀ ਸਾਂਝੇ ਰੂਪ ਵਿੱਚ ਵੱਧ ਤਰੱਕੀ ਕਰਦੇ ਸਨ। ਜਦੋਂ ਖਿੰਡਰੇ ਉਦੋਂ ਹੀ ਘਾਟਾ ਪੈਣਾ ਵੀ ਸ਼ੁਰੂ ਹੋ ਜਾਂਦਾ ਸੀ। ਮਿੱਤਰ ਨੂੰ ਆਸ ਅਤੇ ਦੁਸ਼ਮਣ ਨੂੰ ਭੈਅ ਵੀ ਸਾਂਝੇ ਪਰਿਵਾਰ ਵਿੱਚ ਸੀ। ਖੂੰਡੇ ਵਾਲਾ ਸਰਦਾਰ ਲਾਣੇਦਾਰ, ਜਿਸਦਾ ਘਰ ਵਿੱਚ ਸਤਿਕਾਰ ਹੁੰਦਾ ਸੀ, ਉਸ ਤੋਂ ਸਾਰਾ ਪਰਿਵਾਰ ਡਰਦਾ ਸੀ। ਖੰਘੂਰਾ ਮਾਰ ਕੇ ਉਸ ਨੂੰ ਘਰ ਵੜਨਾ ਪੈਂਦਾ ਸੀ। ਬਜ਼ੁਰਗ ਮੁਖੀ ਘਰ ਦਾ ਜਿੰਦਰਾ ਸਮਝਿਆ ਜਾਂਦਾ ਸੀ।
ਅੱਜ ਕੰਮ ਹੋਰ ਤਰ੍ਹਾਂ ਦੇ ਹੋ ਗਏ। ਉਸੇ ਤਰ੍ਹਾਂ ਹੀ ਇਨਸਾਨ ਢਲ ਗਿਆ ਹੈ। ਅੱਜ ਛੋਟੇ ਪਰਿਵਾਰ ਹੋਣ ਕਰਕੇ ਕਿਸੇ ਕੋਲ ਸਮਾਂ ਨਹੀਂ ਹੈ। ਇਸ ਲਈ ਸਮਾਜਿਕ ਝੰਜਟ ਵੀ ਖੜ੍ਹੇ ਹੋਏ ਹਨ। ਸਾਂਝਾ ਪਰਿਵਾਰ ਸਮੁੱਚੀ ਏਕਤਾ ਵਿੱਚ ਬਲ ਦਾ ਪ੍ਰਤੀਕ ਹੈ। ਸਾਂਝੇ ਪਰਿਵਾਰ ਵਿੱਚ ਦੋ ਚਾਰ ਮੈਂਬਰ ਘਰ ਰਹਿੰਦੇ ਸਨ, ਜਿਸ ਨਾਲ ਘਰ ਦੀ ਸੁਰੱਖਿਆ ਯਕੀਨੀ ਰਹਿੰਦੀ ਸੀ। ਘਰ ਦਾ ਇੱਕ ਮੈਂਬਰ ਬੱਚੇ ਸਾਂਭਦਾ, ਦੂਜੇ ਨੇ ਘਰ ਦੇ ਕੰਮਕਾਰ ਕਰ ਲੈਣੇ, ਤੀਜੇ ਨੇ ਪਸ਼ੂ ਸਾਂਭ ਲੈਣੇ। ਤਰਤੀਬ ਅਨੁਸਾਰ ਸਾਰਾ ਦਿਨ ਖੁਸ਼ੀ-ਖੁਸ਼ੀ ਗੁਜ਼ਰ ਜਾਂਦਾ ਸੀ। ਘਰ ਵਿੱਚ ਬਰਕਤ ਹੁੰਦੀ ਸੀ। ਸਾਂਝੇ ਰੂਪ ਵਿੱਚ ਘਰ ਦੀ ਤਰੱਕੀ ਹੁੰਦੀ ਰਹਿੰਦੀ ਸੀ। ਕੋਈ ਵੀ ਕਿਸੇ ’ਤੇ ਬੋਝ ਨਹੀਂ ਬਣਦਾ ਸੀ। ਸਭ ਤੋਂ ਵੱਡਾ ਗੁਣ, ਕਿਸੇ ਵਿੱਚ ਵੀ ਮੇਰ-ਤੇਰ ਦੀ ਭਾਵਨਾ ਨਹੀਂ ਹੁੰਦੀ ਸੀ।
ਅੱਜ ਆਪੋਧਾੜ ਮਚੀ ਹੋਈ ਹੈ। ਹੁਣ ਖੇਤੀ ਵੀ ਤਕਨੀਕ ਦੀ ਹੋ ਗਈ ਹੈ। 1960 ਦੀ ਹਰੀ ਕ੍ਰਾਂਤੀ ਨੇ ਕਣਕ-ਝੋਨੇ ਦੇ ਚੱਕਰ ਵਿੱਚ ਮਜ਼ਦੂਰੀ ਸੀਮਿਤ ਕਰ ਦਿੱਤੀ। ਦੂਜੇ ਪਾਸੇ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਲਈ ਵੀ ਕਿਸਾਨਾਂ ਲਈ ਸਾਂਝੇ ਪਰਿਵਾਰ ਵਰਦਾਨ ਸਾਬਤ ਹੋਏ ਕਿਉਂਕਿ ਮਨੁੱਖੀ ਸ਼ਕਤੀ ਦੀ ਲੋੜ ਸੀ। ਸਮੇਂ ਦੇ ਹਾਲਾਤ, ਵਿਰਸੇ ਨੂੰ ਪੱਛਮੀਕਰਨ ਅਤੇ ਸਾਂਝੇ ਪਰਿਵਾਰਾਂ ਨੂੰ ਸਮੇਂ ਦੀ ਚਾਲ ਨੇ ਹਾਣੀ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਨਾ ਇੱਧਰ ਦੇ ਨਾ ਉੱਧਰ ਦੇ ਰਹੇ। ਲਾਲਚ, ਈਰਖਾ ਅਤੇ ਸਮਾਜੀਕਰਨ ਦੀ ਘਾਟ ਨੇ ਸਾਂਝੇ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ। ਚੋਰ ਸੁਭਾਅ ਨੇ ਸਾਂਝੇ ਪਰਿਵਾਰਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਇਸ ਨਾਲ ਵਿਰਸੇ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗਣ ਦੇ ਨਾਲ ਨਾਲ ਕਿਸਾਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਸੁਰੱਖਿਆ ਅਤੇ ਤਣਾਅ ਵਧਿਆ।
ਜਿਵੇਂ ਜਿਵੇਂ ਤਰੱਕੀ ਹੋਈ, ਉਵੇਂ ਉਵੇਂ ਪਰਿਵਾਰ ਟੁੱਟਣੇ ਵੀ ਤਰੱਕੀ ਹੀ ਸਮਝੀ ਜਾਣ ਲੱਗੀ। ਨਵੀਂ ਪੀੜ੍ਹੀ ਸਮੇਂ ਦੀ ਹਾਣੀ ਬਣਨ ਲਈ ਖੇਤੀ ਅਤੇ ਵਿਰਸੇ ਨਾਲੋਂ ਦੂਰ ਹੋ ਰਹੀ ਗਈ। ਅਗਲੀ ਪੀੜ੍ਹੀ ਸਾਂਝੇ ਪਰਿਵਾਰਾਂ ਪ੍ਰਤੀ, ਕਿਸਾਨੀ ਪਿਛੋਕੜ ਪ੍ਰਤੀ ਅਤੇ ਵਿਰਸੇ ਬਾਰੇ ਹੈਰਾਨੀ ਪ੍ਰਗਟ ਕਰਦੀ ਹੋਈ ਸਾਹਿਤ ਵਿੱਚ ਪੜ੍ਹਿਆ ਕਰੇਗੀ। ਇਸ ਤੋਂ ਇਲਾਵਾ ਸਾਂਝੇ ਪਰਿਵਾਰਾਂ ਦੇ ਟੁੱਟਣ ਕਰਕੇ ਖੇਤੀ ਰਾਹੀਂ ਸਿਰਜਿਆ ਸੱਭਿਆਚਾਰ ਵੀ ਘਸਮੈਲਾ ਹੋ ਗਿਆ ਹੈ। ਸਾਂਝੇ ਪਰਿਵਾਰ ਟੁੱਟਣ ਦਾ ਕਾਰਨ ਈਰਖਾ ਅਤੇ ਲਾਲਚ ਬਣਿਆ। ਹੁਣ ਕੋਈ ਕਿਸੇ ਨੂੰ ਚੰਗੀ ਸਲਾਹ ਦੇਣ ਤੋਂ ਵੀ ਝਿਜਕਦਾ ਹੈ। ਇਸੇ ਲਈ ਸਮਾਜਿਕ ਕਦਰਾਂ ਕੀਮਤਾਂ ਵਿੱਚ ਗਿਰਾਵਟ ਆ ਗਈ ਹੈ ਅਤੇ ਘਰੇਲੂ ਹਿੰਸਾ ਵੀ ਵਧ ਗਈ ਹੈ। ਅੱਜ ਬੱਚਿਆਂ ਨੂੰ ਭਾਈਚਾਰੇ ਵਿੱਚੋਂ ਸਹੀ ਸਲਾਹ ਵੀ ਨਹੀਂ ਮਿਲ ਰਹੀ। ਮੁੱਕਦੀ ਗੱਲ, ਸਾਂਝੇ ਪਰਿਵਾਰ ਸ਼ਰਮ ਹਯਾ ਦੇ ਮੁਜੱਸਮੇ ਹੁੰਦੇ ਸਨ, ਜਿਸ ਕਰਕੇ ਸਭ ਤਰ੍ਹਾਂ ਦੀ ਸੁਰੱਖਿਆ ਦਾ ਅਨੰਦ ਸਾਂਝੇ ਪਰਿਵਾਰਾਂ ਵਿੱਚ ਮਾਣਿਆ ਜਾਂਦਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































