“ਆਓ ਸਾਰੀਆਂ ਚਿੰਤਾਵਾਂ, ਬੁਰਾਈਆਂ ਅਤੇ ਕਿਆਸ ਅਰਾਈਆਂ ਦਾ ਅੰਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ...”
(21 ਨਵੰਬਰ 2024)
“ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਦਾ ਸ਼ਬਦ ਕੰਨੀ ਪੈਂਦਾ ਹੈ ਤਾਂ ਹਰ ਪੰਜਾਬੀ ਦਾ ਜ਼ਿੰਮੇਵਾਰੀ ਨਾਲ ਸਿਰ ਉੱਚਾ ਹੋਣ ਲਗਦਾ ਹੈ। ਇਸ ਜ਼ਰੀਏ ਪੰਜਾਬ ਨੂੰ ਦਰਪੇਸ਼ ਬਹੁਤੀਆਂ ਅਲਾਮਤਾਂ ਅਤੇ ਵੰਗਾਰਾਂ ਉੱਤੇ ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਇਸ ਸਮੇਂ ਪੰਜਾਬ ਵਿੱਚ ਨਸ਼ਾ ਇੱਕ ਘੁੰਮਣਘੇਰੀ ਬਣੀ ਹੋਈ ਹੈ। ਇਸ ਨੇ ਪੰਜਾਬ ਦੇ ਸਵੈਮਾਣ ਅਤੇ ਨੈਤਿਕ ਨਾਬਰੀ ਦੇ ਸੁਭਾਅ ਨੂੰ ਬੁਰੀ ਤਰ੍ਹਾਂ ਨਾਲ ਝੰਜੋੜਿਆ ਹੈ। ਇੱਕ ਦੂਜੇ ’ਤੇ ਦੋਸ਼ ਮੜ੍ਹਨ ਦੀ ਪ੍ਰਕਿਰਿਆ ਨਾਲ ਨਾਟਕ ਦੇ ਪਾਤਰਾਂ ਵਾਂਗ ਮਨ ਨੂੰ ਤਸੱਲੀ ਦੇ ਕੇ ਬੁੱਤਾ ਸਾਲ ਲਿਆ ਜਾਂਦਾ ਹੈ। ਸਭ ਤੋਂ ਅਚੰਭਾ ਇਸ ਗੱਲ ਦਾ ਹੈ ਕਿ ਪੰਜਾਬ ਨੇ ਇਸ ਨਸ਼ੇ ’ਤੇ ਆਪਣੇ ਸੁਭਾਅ ਅਨੁਸਾਰ ਕੋਈ ਮੱਲ ਮਾਰਨ ਦੀ ਸ਼ੁਰੂਆਤ ਨਹੀਂ ਕੀਤੀ। ਇਸ ਵਿਸ਼ੇ ਤੇ ਪੰਜਾਬੀ ਚਿੰਤਕ, ਬੁੱਧੀਜੀਵੀ ਅਤੇ ਮਾਹਰ ਵੀ ਲਹਿਰ ਨਹੀਂ ਅਰੰਭ ਸਕੇ। ਇਹ ਮਸਲਾ ਇਹਨਾਂ ਦਾਨਸ਼ਵੰਦਾਂ ਦੀ ਕਚਹਿਰੀ ਵਿੱਚ ਲੰਬਿਤ ਪਿਆ ਹੈ।
ਸਰਕਾਰ ਦੇ ਉਪਰਾਲੇ ਜਾਰੀ ਹਨ, ਪਰ ਇਹ ਉਪਰਾਲੇ ਲੋਕਾਂ ਦੇ ਸਹਿਯੋਗ ਦੀ ਪੁਰਜ਼ੋਰ ਮੰਗ ਕਰਦੇ ਹਨ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਰਕਾਰੀ ਇੱਛਾ ਅਧੂਰੀ ਰਹਿੰਦੀ ਹੈ। ਨਸ਼ਿਆਂ ਖਿਲਾਫ ਸਰਕਾਰੀ ਸ਼ਿਕੰਜੇ ਦੇ ਰੁਝਾਨ ਜਾਰੀ ਹਨ। ਪਿਛਲੇ ਸਮਿਆਂ ਵਿੱਚ ਜਿਵੇਂ ਮਿਲੀਭੁਗਤ ਦੀਆਂ ਖਬਰਾਂ ਸਨ, ਹੁਣ ਵੀ ਯਕੀਨ ਕਰਨਾ ਔਖਾ ਹੁੰਦਾ ਹੈ। ਰਾਜਨੀਤਿਕ ਗਲਿਆਰਿਆਂ ਦੀ ਸ਼ਮੂਲੀਅਤ ਨੇ ਤਾਂ ਉੱਪਰ ਥੱਲੇ ਕਰ ਦਿੱਤਾ ਸੀ। ਅਖਬਾਰੀ ਸੁਰਖੀਆਂ ਨੇ ਹਜ਼ਰਤ ਦਾਗ਼ ਦਾ ਸੇਅਰ ਯਾਦ ਕਰਵਾ ਦਿੱਤਾ ਸੀ,
“ਵਹੀ ਕਾਤਿਲ਼, ਵਹੀ ਮੁਖਬਿਰ, ਵਹੀ ਮੁਨਸਿਫ਼ ਠਹਿਰੇ,
ਅਕ੍ਰਿਬਾ ਮੇਰੇ ਕਰੇਂ ਖੂਨ ਕਾ ਦਾਅਵਾ ਕਿਸ ਪਰ?
ਨਸ਼ੇ ਦੀ ਲਪੇਟ ਵਿੱਚ ਆਏ ਪੰਜਾਬ ਬਾਰੇ ਇੱਕ ਵਾਰ ਸ੍ਰੀ ਰਾਹੁਲ ਗਾਂਧੀ ਨੇ ਵੀ ਚੋਟ ਕੀਤੀ ਸੀ। ਉਸਦਾ ਪੰਜਾਬੀਆਂ ਨੇ ਬੁਰਾ ਮਨਾਇਆ ਸੀ ਪਰ ਹਕੀਕਤ ਦਿਨ ਪਰ ਦਿਨ ਸਾਹਮਣੇ ਆਉਣ ਲੱਗੀ। ਇੱਕ ਸਮੇਂ ਤਾਂ ਇਹ ਮੁੱਦਾ ਇੰਨਾ ਭਾਰੂ ਸੀ ਕਿ ਇਸ ਨੂੰ ਨਿੱਤ ਸੁਣਨ ਨਾਲੋਂ ਸਹਿਣ ਹੀ ਕਰਨ ਲੱਗ ਪਏ ਸੀ। ਕੋਈ ਇਸ ਮੁੱਦੇ ਨੂੰ ਖਾਹਮਖਾਹ, ਕੋਈ ਇਸ ਨੂੰ ਦਰੁਸਤ ਕਹੀ ਗਿਆ। ਪਰ ਸੁਰਜੀਤ ਪਾਤਰ ਦੀ ਲਿਖਤ ਇਸ ਮੁੱਦੇ ’ਤੇ ਉਹਨਾਂ ਲਈ ਕਾਫੀ ਹੈ, ਜੋ ਨਸ਼ੇ ਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਹਨ,
“ਲੱਗੀ ਜੇ ਤੇਰੇ ਕਲੇਜੇ ਛੁਰੀ ਹੈ ਨਹੀਂ,
ਇਹ ਨਾ ਸਮਝੀਂ, ਕਿ ਸ਼ਹਿਰ ਦੀ ਹਾਲਤ ਬੁਰੀ ਹੈ ਨਹੀਂ”
ਰਣਜੀਤ ਬਾਵੇ ਅਤੇ ਗੁਰਦਾਸ ਮਾਨ ਵਗੈਰਾ ਨੇ ਸੱਚ ਬੋਲਣ ਦੀ ਜੁਰਅਤ ਦਿਖਾਈ ਸੀ, ਜੋ ਪਚੀ ਨਹੀਂ ਸੀ। ਦੂਜੇ ਪਾਸੇ ਕੁਝ ਕਲਾਕਾਰਾਂ ਨੇ ਨਸ਼ਾ ਪਰਮੋਟ ਕੀਤਾ। ਇਹ ਵੀ ਗੱਦਾਰੀ ਹੈ। ਅੱਤ ਦੇ ਸਿਖਰ ਨੂੰ ਛੂਹਣ ਤੋਂ ਬਾਅਦ ਸਰਕਾਰਾਂ ਨੇ ਉਪਰਾਲੇ ਕੀਤੇ, ਪਰ ਦਹਾਕੇ ਬੀਤਣ ਕਰਕੇ ਮਰਜ਼ ਬੜ੍ਹਤੀ ਹੀ ਗਈ। ਸਾਰੇ ਵਰਤਾਰੇ ਵਿੱਚੋਂ ਕੁਝ ਅਵਾਜ਼ਾਂ ਅਫੀਮ ਦੀ ਖੇਤੀ ਨੂੰ ਮਾਣਤਾ ਦੇਣ ਦੀਆਂ ਵੀ ਆਈਆਂ। ਇਸ ਨੂੰ ਸਿੰਥੈਟਿਕ ਨਸ਼ੇ ਦਾ ਬਦਲ ਵੀ ਸਮਝਿਆ ਜਾਂਦਾ ਹੈ। ਕੈਮਿਸਟ ਅਤੇ ਝੋਲਾ ਛਾਪ ਡਾਕਟਰ ਵੀ ਦਵਾਈਆਂ ਦੀ ਆੜ ਹੇਠ ਡਰੱਗਜ਼ ਵਰਤਾਉਂਦੇ ਰਹਿੰਦੇ ਹਨ। ਨਸ਼ੇ ਨੇ ਪੰਜਾਬ ਦੀ ਪ੍ਰਜਨਣ ਦਰ 1.6 ਨੂੰ ਹੋਰ ਝੰਜੋੜ ਕੇ 5 ਤੋਂ 20 ਤਕ ਜੋੜੇ ਬੇਔਲਾਦ ਅਤੇ 20-30 ਔਰਤਾਂ ਨੂੰ ਗਰਭ ਗਿਰਨ ਦੀ ਕਰੋਪੀ ਦਿੱਤੀ। 30 ਤੋਂ 35% ਜਨ ਸੰਖਿਆ ਇਸ ਕਰਕੇ ਹੋਰ ਬਿਮਾਰੀਆ ਸਹੇੜ ਰਹੀ ਹੈ। ਕਦੇ ਪੰਜਾਬੀ ਬਲਵਾਨ ਮੰਨੇ ਜਾਂਦੇ ਸਨ, ਹੁਣ ਜੰਮਦੇ ਹੀ ਕਮਜ਼ੋਰ ਹਨ। ਅਗੇਤਾ ਬੁਢਾਪਾ, ਜਮਾਂਦਰੂ ਬਿਮਾਰੀਆਂ ਵੀ ਇਸੇ ਕਰਕੇ ਹੀ ਹਨ।
ਸਭ ਤੋਂ ਚਿੰਤਾਜਨਕ ਤੱਥ ਇਹ ਹੈ ਕਿ ਨਸ਼ੇ ਨੇ ਮਰਦ ਦੀ ਮਰਦਾਨਗੀ ਅਤੇ ਔਰਤ ਦੀ ਜਣਨ ਪ੍ਰਕਿਰਿਆ ਨੂੰ ਖਾ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਰਾਏ ਵੀਰਜ਼ ਅਤੇ ਕੁੱਖ ਬਾਰੇ ਚਿੰਤਾ ਜ਼ਾਹਿਰ ਕਰ ਚੁੱਕੇ ਹਨ।
ਪੰਜਾਬ ਵਿੱਚ ਨਸ਼ੇ ਨਾਲ ਮੌਤ ਦਰ 20ਫੀਸਦੀ ਹੈ। 2.62 ਲੱਖ ਪੰਜਾਬੀ ਨਸ਼ੇ ਦੇ ਆਦੀ ਹਨ। ਸਰਕਾਰ ਨੇ 528 ਕੇਂਦਰ ਨਸ਼ੇ ਦੀਆਂ ਦਵਾਈਆਂ ਲਈ ਬਣਾਏ ਹਨ। 2022 ਵਿੱਚ 144 ਮੌਤਾਂ ਓਵਰਡੋਜ਼ ਨਾਲ ਹੋਈਆਂ ਸਨ। ਇਹ ਸਿਰਫ ਸਰਕਾਰੀ ਅੰਕੜੇ ਹਨ। ਸਰਕਾਰ ਦੀ ਸੁਹਿਰਦ ਪਹੁੰਚ ਨਾਲ ਦਸੰਬਰ 2023 ਤਕ ਨਸ਼ੇ ਦੇ 26619 ਮਾਮਲੇ ਦਰਜ ਕੀਤੇ ਗਏ। ਹੈਰਾਨੀ ਵਧ ਜਾਂਦੀ ਹੈ ਕਿ ਬੱਚੇ ਵੀ ਨਸ਼ੇ ਦੇ ਆਦੀ ਹਨ। 2015 ਵਿੱਚ ਮਾਨਯੋਗ ਹਾਈਕੋਰਟ ਨੇ ਸਿੰਥੈਟਿਕ ਨਸ਼ੇ ਦੇ ਵਪਾਰ ਦੇ ਕੇਸਾਂ ਲਈ ਪੜਤਾਲ ਹਿਤ ਇੱਕ ਟੀਮ ਬਣਾਈ ਸੀ, ਜਿਸਦਾ ਨਤੀਜਾ ਭੋਲੇ ਤਕ ਅਤੇ ਇਸ ਬਹੁਤ ਅੱਗੇ ਤਕ ਗਿਆ ਸੀ। 2016 ਪੰਜਾਬ ਦਾ ਆਗੂ ਰਾਜਸਥਾਨ ਵਿੱਚ ਫੜਿਆ ਗਿਆ। ਸਰਕਾਰ ਨੇ 2018 ਦਾ ਸਾਲ ਨਸ਼ੇ ਦੇ ਵਿਰੁੱਧ ਮਨਾਇਆ।
ਪਿੱਛੇ ਜਿਹੇ ਮੁੱਖ ਮੰਤਰੀ ਜੀ ਦੇ ਆਦੇਸ਼ ’ਤੇ ਦੋ ਨਸ਼ਾ ਤਸਕਰਾਂ ਦੀ 1 ਕਰੋੜ 71 ਲੱਖ 10 ਹਜ਼ਾਰ ਰੁਪਏ ਦੀ ਜਾਇਦਾਦ ਤਰਨਤਾਰਨ ਵਿੱਚ ਜ਼ਬਤ ਕੀਤੀ। ਇੱਥੇ 144 ਕੇਸ ਵੀ ਹੋਏ। ਅੰਕੜਾ ਹੈ ਕਿ ਹੁਣ ਤਕ 1 ਅਰਬ 44 ਕਰੋੜ ਦੀ ਜਾਇਦਾਦ ਜ਼ਬਤ ਹੋ ਚੁੱਕੀ ਹੈ। ਸਰਕਾਰ ਦਾ ਰਾਸ਼ਟਰੀ ਟੋਲ ਫਰੀ ਨੰਬਰ 1 800-11-0031 ਨਸ਼ੇ ਛੱਡਣ ਅਤੇ ਛੁਡਵਾਉਣ ਵਾਲਿਆਂ ਲਈ ਹੈ। ਇਸਦੀ ਮਦਦ ਲਈ ਜਾ ਸਕਦੀ ਹੈ।
ਮੌਜੂਦਾ ਸਰਕਾਰ ਦੌਰਾਨ 242 ਮੌਤਾਂ ਓਵਰਡੋਜ਼ ਨਾਲ ਹੋਈਆਂ। 2022 ਵਿੱਚ 168 ਅਤੇ 2023 ਵਿੱਚ 66 ਮੌਤਾਂ ਓਵਰਡੋਜ਼ ਨਾਲ ਹੋਈਆਂ। 23483 ਮਾਮਲੇ ਦਰਜ ਹੋਏ। ਇਹ ਮਾਮਲੇ ਸਰਕਾਰ ਦੀ ਨਸ਼ੇ ਵਿਰੁੱਧ ਸੁਹਿਰਦਤਾ ਅਤੇ ਇੱਛਾ ਸ਼ਕਤੀ ਨੂੰ ਦੱਸਦੇ ਹਨ। ਨਸ਼ੇ ਬਾਰੇ ਬਹੁਤ ਪੜ੍ਹਿਆ, ਲਿਖਿਆ, ਸੁਣਿਆ ਅਤੇ ਪ੍ਰਚਾਰਿਆ ਜਾ ਚੁੱਕਾ ਹੈ। ਹੁਣ ਵੇਲਾ ਹੈ, “ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੇ ਵਾਰੋ।”
ਸਾਡੀ ਪਵਿੱਤਰ ਗੁਰਬਾਣੀ ਦਾ ਸੰਦੇਸ਼ ਵੀ ਹੈ, “ਜਿਤੁ ਪੀਤੈ ਮਤਿ ਦੂਰ ਹੋਇ, ਬਰਲੁ ਪਾਵੈ ਵਿਚਿ ਆਏ, ਅਪਣਾ ਪਰਾਇਆ ਨ ਪਛਾਣਈ ਖਸਮਹੁ ਧੱਕੇ ਖਾਇ” ਇਸ ਤੋਂ ਇਲਾਵਾ ਸੁਰਜੀਤ ਪਾਤਰ ਦੇ ਇਸ ਪੰਜਾਬ ਤੋਂ ਵੀ ਸਬਕ ਲੈਣ ਦੀ ਲੋੜ ਹੈ,
“ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ ਹੈ,
ਇਹ ਇੱਕ ਗੀਤ, ਰੀਤ ਅਤੇ ਇਤਿਹਾਸ ਵੀ ਹੈ।
ਗੁਰੂਆਂ, ਰਿਸੀਆਂ ਅਤੇ ਸੂਫੀਆਂ ਸਿਰਜਿਆ ਹੈ,
ਇਹ ਇੱਕ ਫ਼ਲਸਫਾ, ਸੋਚ ਅਤੇ ਇਤਿਹਾਸ ਵੀ ਹੈ।
ਕਿੰਨੇ ਝੱਖੜ ਤੂਫਾਨਾਂ ਵਿੱਚੋਂ ਲੰਘਿਆ ਹੈ,
ਇਹਦਾ ਮੁੱਖੜਾ ਕੁਝ ਕੁਝ ਉਦਾਸ ਵੀ ਹੈ।
ਆਓ ਸਾਰੀਆਂ ਚਿੰਤਾਵਾਂ, ਬੁਰਾਈਆਂ ਅਤੇ ਕਿਆਸ ਅਰਾਈਆਂ ਦਾ ਅੰਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਉੱਦਮ, ਉਪਰਾਲੇ ਅਤੇ ਉਪਚਾਰਾਂ ਦੀ ਲੋਕ ਲਹਿਰ ਅਰੰਭੀਏ। ਸਰਕਾਰੀ ਉਦਮਾਂ ਵਿੱਚ ਸ਼ਰੀਕ ਬਣੀਏ। ਦੁੱਧ, ਘਿਓ, ਖੇਡਾਂ, ਕਬੱਡੀਆਂ ਅਤੇ ਭੰਗੜੇ-ਗਿੱਧੇ ਵੱਲ ਚੱਲੀਏ। ਇਸ ਨਸ਼ੇ ਦੇ ਕੋਹੜ ਨੂੰ ਪਰੇ ਸੁੱਟ ਕੇ ਪ੍ਰੋਫੈਸਰ ਮੋਹਨ ਸਿੰਘ ਵਾਲਾ ਪੰਜਾਬ ਮੁੜ ਬਣਾਈਏ,
“ਪਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ,
ਖੇੜੇ ਵਿੱਚ ਲਿਆਈਏ ਫੁੱਲ ਗੁਲਾਬ ਜੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5462)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)