“ਮੈਂ ਦੂਜੇ ਦਿਨ ਸਵੇਰੇ ਕਾਲਜ ਜਾ ਕੇ ਭੂਸ਼ਨ ਜੀ ਨੂੰ ਲੱਭਿਆ ਅਤੇ ਪੁੱਛਿਆ, “ਸਰ, ...”
(30 ਅਪਰੈਲ 2025)
ਪ੍ਰੋਫੈਸਰ ਪੂਰਨ ਸਿੰਘ ਜੀ ਦੇ ਸ਼ਬਦ “ਅਸਲੀ ਤੇ ਸੁੱਚਾ ਸਾਹਿਤ ਮਹਾਤਮਾ ਲੋਕਾਂ ਦੇ ਅੰਮ੍ਰਿਤ ਬਚਨ ਹੁੰਦੇ ਹਨ।” ਪੜ੍ਹੇ ਤਾਂ ਇੱਕ ਦਮ ਧਿਆਨ ਭੂਸ਼ਨ ਧਿਆਨਪੁਰੀ ਵੱਲ ਚਲਾ ਗਿਆ। ਉਹ ਮੇਰੇ ਕਾਲਜ ਦੇ ਅਧਿਆਪਕ ਸਨ। ਉਹਨਾਂ ਦਾ ਅਸਲੀ ਨਾਂ ਬੇਨਤੀ ਸਰੂਪ ਸ਼ਰਮਾ ਸੀ। ਉਹ ਧਿਆਨਪੁਰ (ਗੁਰਦਾਸਪੁਰ) ਤੋਂ ਰੂਪਨਗਰ ਦੀ ਅਫਸਰ ਕਲੋਨੀ ਵਿੱਚ ਵਸੇ ਸਨ। ਤੁਰ ਕੇ ਕਲੋਨੀ ਤੋਂ ਕਾਲਜ ਜਾਣਾ ਉਹਨਾਂ ਦੀ ਆਦਤ ਅਤੇ ਸ਼ੌਕ ਸੀ। ਦਰਮਿਆਨੀ ਤੋਰ ਨਾਲ ਜਦੋਂ ਛਾਤੀ ਨਾਲ ਰਜਿਸਟਰ ਲਗਾ ਕੇ ਕਾਲਜ ਜਾਂਦੇ ਤਾਂ ਕਾਲਜ ਵਿੱਚ ਰੌਣਕ ਲੱਗ ਜਾਂਦੀ। ਰੂਪ, ਸਰੂਪ ਅਤੇ ਰਚਨਾ ਪੱਖੋਂ ਨਵੇਕਲੀ ਪਹੁੰਚ ਰੱਖਦੇ ਭੂਸ਼ਨ ਧਿਆਨਪੁਰੀ ਜੀ। ਉਨ੍ਹਾਂ ਦੀ ਭਾਸ਼ਾ ਵੀ ਹਲੀਮੀ ਵਾਲੀ ਸੀ। ਉਨ੍ਹਾਂ ਦਾ ਵੱਡਾ ਗੁਣ ਇਹ ਸੀ ਕਿ ਉਹ ਕਾਲਜ ਅਤੇ ਸਮਾਜ ਵਿੱਚ ਕਦੇ ਵੀ ਧਿਰ ਨਹੀਂ ਬਣੇ।
1990 ਦੇ ਮੇਰੇ ਕਾਲਜ ਦੇ ਦਿਨਾਂ ਵਿੱਚ ਇਕ ਦਿਨ ਮੇਰੇ ਪਿਤਾ ਜੀ ਨੇ ਅਖਬਾਰ ਚੁੱਕੀ ਅਤੇ ਚਾਰ ਸਤਰਾਂ ਪੜ੍ਹ ਕੇ ਸੁਣਾਈਆਂ। ਉਨ੍ਹਾਂ ਚਹੁੰ ਸਤਰਾਂ ਵਿੱਚੋਂ ਇੱਕ ਸਤਰ ਇਹ ਸੀ, “ਨਾਕੇ ਵਾਲਿਆਂ ਬੱਸਾਂ ਫਰੋਲ ਸੁਟੀਆਂ, ਦੋ ਮਾਚਿਸਾਂ ਇੱਕ ਬਲੇਡ ਮਿਲਿਆ।” ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਤਰਾਂ ਹਰ ਰੋਜ਼ ਤੇਰੇ ਕਾਲਜ ਦੇ ਅਧਿਆਪਕ ਬੇਨਤੀ ਸਰੂਪ ਸ਼ਰਮਾ ਲਿਖਦੇ ਹਨ। ਮੈਂ ਦੂਜੇ ਦਿਨ ਸਵੇਰੇ ਕਾਲਜ ਜਾ ਕੇ ਭੂਸ਼ਨ ਜੀ ਨੂੰ ਲੱਭਿਆ ਅਤੇ ਪੁੱਛਿਆ, “ਸਰ, ਪੰਜਾਬੀ ਟ੍ਰਿਬਿਊਨ ਵਿੱਚ ਕਵਿਓਵਾਚ ਅਤੇ ਅਜੀਤ ਵਿੱਚ ਅੱਜ ਦੀ ਗੱਲ, ਤੁਸੀਂ ਹੀ ਲਿਖਦੇ ਹੋ?”
ਉਨ੍ਹਾਂ ਕਿਹਾ, “ਹਾਂ, ਹਾਂ, ਕਾਕਾ ਜੀ, ਮੈਂ ਹੀ ਲਿਖਦਾ ਹਾਂ।” ਇਹ ਕਹਿ ਕੇ ਉਨ੍ਹਾਂ ਮੇਰੀ ਪਿੱਠ ਥਾਪੜੀ ਅਤੇ ਕਾਲਜ ਵੱਲ ਚਲੇ ਗਏ। ਅਸੀਂ ਵੀ ਪਿੱਛੇ ਪਿੱਛੇ ਕਲਾਸ ਵਿੱਚ ਪੁੱਜ ਗਏ। ਉਨ੍ਹਾਂ ਵੱਲੋਂ ਵਾਰਸ ਦੀ ਹੀਰ, ਜੋ ਸਿਲੇਬਸ ਦਾ ਹਿੱਸਾ ਸੀ, ਪੜ੍ਹਾਈ ਗਈ। ਮੂੰਹੋਂ ਫੁੱਲਾਂ ਵਾਂਗ ਕਿਰਦੇ ਸ਼ਬਦਾਂ ਨਾਲ ਉਹਨਾਂ ਸੱਚ-ਮੁੱਚ ਹੀਰ ਪ੍ਰਗਟ ਕਰ ਦਿੱਤੀ। ਉਸ ਘੜੀ ਤੋਂ ਮੈਂ ਉਹਨਾਂ ਦਾ ਮੁਰੀਦ ਹੋ ਗਿਆ। ਉਹ ਖੁੱਲ੍ਹੀ ਅਤੇ ਲੰਬੀ ਦਾੜ੍ਹੀ ਰੱਖਦੇ ਸਨ ਅਤੇ ਸਿਰ ਤੋਂ ਮੋਨੇ ਸਨ। ਬੱਸ, ਮੈਨੂੰ ਇਸੇ ਗੱਲ ਦਾ ਪਛਤਾਵਾ ਹੈ ਕਿ ਮੈਂ ਉਹਨਾਂ ਦੇ ਸਰੂਪ ਬਾਰੇ ਡਰਦੇ ਅਤੇ ਸੰਗਦੇ ਹੋਏ ਨੇ ਕਦੀ ਨਹੀਂ ਪੁੱਛਿਆ। ਖੁੱਲ੍ਹੀ ਦਾੜ੍ਹੀ ਅਤੇ ਸਿਰ ਤੋਂ ਮੋਨੇ ਹੋਣ ਦਾ ਰਹੱਸ ਮੈਂ ਉਨ੍ਹਾਂ ਤੋਂ ਡਰਦਾ ਪੁੱਛ ਹੀ ਨਹੀਂ ਸਕਿਆ।
ਪੰਜਾਬੀ ਭਾਸ਼ਾ ਨਾਲ ਉਨ੍ਹਾਂ ਦਾ ਮੇਲ ਕਿੱਤੇ ਕਰਕੇ ਨਹੀਂ ਸੀ, ਬਲਕਿ ਉਹ ਤਾਂ ਖੁੱਭ ਕੇ ਪੰਜਾਬੀ ਬੋਲਦੇ ਅਤੇ ਪੜ੍ਹਾਉਂਦੇ ਸਨ। ਮਾਂ ਬੋਲੀ ਜ਼ਰੀਏ ਹੀ ਝਲਕਦਾ ਸੀ ਕਿ ਉਹਨਾਂ ਨੇ ਪੰਜਾਬੀ ਬੋਲੀ ਨਾਲ ਆਪਣੀ ਸ਼ਖਸੀਅਤ ਦਾ ਵਿਕਾਸ ਅਤੇ ਸਵੈ-ਸੱਭਿਅਤਾ ਹਾਸਲ ਕੀਤੀ। ਉਨ੍ਹਾਂ ਦੀ ਭਾਸ਼ਾ ਤੋਂ ਹੀ ਉਨ੍ਹਾਂ ਦਾ ਅਸਲੀ ਰੂਪ ਨਿਖਰਿਆ ਹੋਇਆ ਸੀ। ਇੱਕ ਵਾਰ ਮੇਰੇ ਤੋਂ ਕਿਸੇ ਹੋਰ ਭਾਸ਼ਾ ਵਿੱਚ ਉਨ੍ਹਾਂ ਨਾਲ ਗੱਲਬਾਤ ਹੋਈ। ਉਹਨਾਂ ਤੁਰੰਤ ਬਾਅਦ ਮੇਰੇ ਉੱਤੇ ਟਕੋਰ ਕਰ ਦਿੱਤੀ ਕਿ ਕਾਕਾ ਜੀ ਜਦੋਂ ਪੰਜਾਬੀ ਕੋਈ ਹੋਰ ਭਾਸ਼ਾ ਬੋਲਦਾ ਹੈ ਤਾਂ ਇਉਂ ਲਗਦਾ ਹੈ ਕਿ ਉਹ ਝੂਠ ਬੋਲਦਾ ਹੈ।
ਇੱਕ ਹੋਰ ਰਚਨਾ ਉਹਨਾਂ ਬਾਰੇ ਪੜ੍ਹੀ ਸੁਣੀ ਗਈ। ਉਹ ਇਹ ਸੀ ਕਿ ਉਹਨਾਂ ਲਿਖਾਰੀ ਸਭਾ ਰੂਪਨਗਰ ਦਾ ਮੈਂਬਰ ਬਣਨ ਲਈ ਅਰਜ਼ੀ ਦਿੱਤੀ। ਕੁਝ ਚਿਰ ਬਾਅਦ ਉਹਨਾਂ ਨੂੰ ਅਰਜ਼ੀ ਵਾਪਸ ਕਰ ਕੇ ਕਹਿ ਦਿੱਤਾ ਗਿਆ ਕਿ ਸਾਡੀ ਮਜਬੂਰੀ ਹੈ ਅਸੀਂ ਤੁਹਾਨੂੰ ਸਭਾ ਦਾ ਮੈਂਬਰ ਨਹੀਂ ਬਣਾ ਸਕਦੇ। ਜਨਵਰੀ 2008 ਵਿੱਚ ਉਹਨਾਂ ਸਾਹਿਤਿਕ ਬਾਣ ਮਾਰ ਕੇ ਇਸਦਾ ਜਵਾਬ ਇਉਂ ਦਿੱਤਾ,
ਸਾਹਿਤ ਜਦੋਂ ਸਭਾ ਨਾਲ ਜੁੜ ਜਾਂਦਾ ਏ,
ਤਾਂ ਸਭਾ ਮੁੱਖ ਹੋ ਜਾਂਦੀ ਏ,
ਸਾਹਿਤ ਪਛੜ ਜਾਂਦਾ ਏ।
ਧਿਆਨਪੁਰੇ ਦੇ ਲਗਾਓ ਬਾਰੇ ਲਗਦਾ ਹੈ ਕਿ ਉਹਨਾਂ ਦੀ ਪਿੰਡਾਂ ਵੱਲ ਖਿੱਚ ਵੱਧ ਸੀ। ਉਹ ਦੱਸਦੇ ਸਨ ਕਿ ਪਿੰਡ ਨਹੀਂ ਛੱਡਦਾ। ਪਿੰਡ ਪ੍ਰਕਿਰਤੀ ਹੈ ਅਤੇ ਸ਼ਹਿਰ ਸੰਸਕ੍ਰਿਤੀ ਹੈ। ਪਿੰਡ ਸ਼ਹਿਰ ਦਾ ਅੰਨਦਾਤਾ ਹੈ। ਪਿੰਡਾਂ ਵਿੱਚ ਕਿਸਾਨ ਵਸਦੇ ਹਨ। ਅੱਜ ਦੀਆਂ ਕਿਸਾਨੀ ਚੁਣੌਤੀਆਂ ਨੂੰ ਦੇਖੀਏ ਤਾਂ ਉਹਨਾਂ ਪਹਿਲਾਂ ਹੀ ਅੰਨਦਾਤੇ ਨੂੰ ਪਿੰਡਾਂ ਵਿੱਚ ਦਰਜਾ ਦੇ ਦਿੱਤਾ ਸੀ। ਪਿੰਡਾਂ ਦੇ ਜੀਵਨ ਨੂੰ ਸ਼ਹਿਰਾਂ ਦੇ ਜ਼ਰੀਏ ਵੱਧ ਸੰਸਕ੍ਰਿਤਕ ਮੰਨਿਆ। ਉਹਨਾਂ ਇਸਦੀ ਗਵਾਹੀ ਇਉਂ ਦਿੱਤੀ, “ਸ਼ਹਿਰ ਨੂੰ ਹੱਸਦਾ ਤੱਕਣਾ ਤਾਂ ਉਸ ਨੂੰ ਪਿੰਡ ਵੱਲ ਤੋਰੋ, ਜੇ ਪਿੰਡ ਨੂੰ ਰੋਦਿਆਂ ਤੱਕਣਾ ਤਾਂ ਕਹੋ ਉਸ ਨੂੰ ਸ਼ਹਿਰ ਜਾਏ।”
ਭੂਸ਼ਨ ਧਿਆਨਪੁਰੀ ਸ਼ਿਵ ਕੁਮਾਰ ਬਟਾਲਵੀ ਦੇ ਸਾਥੀ ਭੂਸ਼ਨ ਸਨ। ਉਹਨਾਂ ਦੀ ਇੱਕ ਆਮ ਤਸਵੀਰ ਫੈਲੀ ਹੋਈ ਹੈ, ਜਿਸ ਵਿੱਚ ਉਹ ਸੁਰਜੀਤ ਪਾਤਰ ਨੂੰ ਜਿਸ ਤਰ੍ਹਾਂ ਮਿਲਦੇ ਹਨ, ਉਸ ਸਾਦਗੀ ਅਤੇ ਮੋਹ ਭਿੱਜੇ ਦ੍ਰਿਸ਼ ਨੂੰ ਪਾਤਰ ਦੀ ਰਚਨਾ ਰਾਹੀਂ ਵਰਣਿਤ ਕੀਤਾ ਗਿਆ ਹੈ, “ਜਦੋਂ ਤਕ ਲਫ਼ਜ਼ ਜੀਉਂਦੇ ਨੇ, ਸੁਖਨਵਰ ਜਿਉਣ ਮਰ ਕੇ ਵੀ, ਉਹ ਕੇਵਲ ਜਿਸਮ ਹੁੰਦੇ ਨੇ, ਜੋ ਸਿਵਿਆਂ ਵਿੱਚ ਸਵਾਹ ਬਣਦੇ।”
ਜੀਵਨ ਦਾ ਅੰਤ ਹੁੰਦਾ ਹੈ ਪਰ ਆਖਰ ਸ਼ਮਸ਼ਾਨ ਤਕ ਹੁੰਦਾ ਹੈ। ਜੀਵਨ ਦਾ ਨਿਸ਼ਾਨਾ ਕਬਰ ਨਹੀਂ ਹੋਣੀ ਚਾਹੀਦੀ। ਬਲਕਿ ਬਾਅਦ ਵਿੱਚ ਪਿੱਛੇ ਛੱਡੀ ਵਿਰਾਸਤ ਨੂੰ ਲੋਕ ਸਾਂਭਣ ਅਤੇ ਅਪਣਾਉਣ। ਇਨ੍ਹਾਂ ਸਤਰਾਂ ਦਾ ਧਾਰਨੀ ਭੂਸ਼ਨ ਖੁਦ ਹੈ। ਉਹਨਾਂ ਦੀਆਂ ਰਚਨਾਵਾਂ ਅੱਜ ਦੇ ਹਾਲਾਤ ਅਨੁਸਾਰ ਢੁਕਦੀਆਂ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਹਨਾਂ ਦੀ ਰੂਹ ਪੰਜਾਬੀਆਂ ਵਿੱਚ ਇੱਕ-ਮਿੱਕ ਹੈ,
ਅਸੀਂ ਲੱਖ ਲੜੀਏ, ਅਸੀਂ ਲੱਖ ਭਿੜੀਏ,
ਵਿੱਚੋਂ ਇੱਕ ਆਪਾਂ ਸਾਡਾ ਰੱਬ ਜਾਣੇ,
ਤਾਂਹੀਓ ਤੁਸੀਂ ਸਾਨੂੰ ਕਮਲੇ ਸਮਝਦੇ ਓ,
ਸਾਡੇ ਖੇਤ ਕਣਕਾਂ, ਥੋਡੇ ਘਰੀਂ ਦਾਣੇ,
ਸਾਰੇ ਰੋਂਦੇ ਨੇ ਆਪਣੇ ਲਾਲਚਾਂ ਨੂੰ,
ਦੁੱਖ ਦਰਦ ਪੰਜਾਬ ਦਾ ਕੌਣ ਜਾਣੇ,
ਅਸੀਂ ਕਰਾਂਗੇ ਗੱਲ ਪੰਜਾਬੀਆਂ ਦੀ,
ਲੰਡਨ ਹੋਈਏ, ਲਾਹੌਰ ਜਾਂ ਲੁਧਿਆਣੇ।
ਸਾਹਿਤ ਨਾਲ ਬੇਝਿਜਕ ਕੁਰੀਤੀਆਂ ’ਤੇ ਚੋਟ ਕਰਨੀ ਉਹਨਾਂ ਦਾ ਸੁਭਾਅ ਸੀ। ਉਹਨਾਂ ਦਾ ਲਹਿਜਾ, ਅੰਦਾਜ਼ ਸਭ ਉੱਪਰ ਆਪਣਾ ਜਾਦੂ ਛੱਡਦਾ ਸੀ। ਅੰਮ੍ਰਿਤਾ ਪ੍ਰੀਤਮ ਨੇ ਇਸੇ ਤਰਜ਼ ’ਤੇ ਉਹਨਾਂ ਨੂੰ ਚਿੱਠੀ ਲਿਖੀ ਸੀ ਜਿਸ ਵਿੱਚ ਸਮੁੰਦਰ ਕੁੱਜੇ ਵਿੱਚ ਬੰਦ ਸੀ। ਲਿਖਿਆ ਸੀ, “ਅੰਦਾਜ਼-ਏ-ਭੂਸ਼ਨ ਨੂੰ ਮੇਰਾ ਸਲਾਮ ਆਖਣਾ।”
ਅੱਜ ਰੂਪਨਗਰ ਸ਼ਹਿਰ ਦੀਆਂ ਗਲੀਆਂ ਉਹਨਾਂ ਦੇ ਸਨੇਹੀਆਂ ਨੂੰ ਸੰਦਲੀ ਪੈੜ੍ਹਾਂ ਦੀ ਖੂਸ਼ਬੂ ਵੰਡਦੀਆਂ ਦੀਆਂ ਹਨ। ਅਫਸਰ ਕਲੋਨੀ ਦੀ ਤਾਂ ਰੌਣਕ ਹੀ ਉਡ ਗਈ ਹੈ,
ਕਿੱਥੇ ਗਏ ਜਿਹੜੇ ਇਨ੍ਹਾਂ ਘਰਾਂ ਅੰਦਰ ਬੰਦੇ ਰਹਿੰਦੇ ਸੀ ਰੱਬ ਦੇ ਨਾਮ ਵਰਗੇ,
ਵਾਰਿਸ਼ ਸ਼ਾਹ ਵਰਗੇ, ਪੂਰਨ ਸਿੰਘ ਵਰਗੇ, ਸ਼ਿਵ ਕੁਮਾਰ ਵਰਗੇ, ਧਨੀ ਰਾਮ ਵਰਗੇ,
ਕਿੱਥੇ ਗਏ ਦਰਵੇਸ਼ ਫਕੀਰ ਆਸ਼ਿਕ, ਕਿੱਥੇ ਬੋਲ ਉਹ ਰੱਬੀ ਕਲਾਮ ਵਰਗੇ,
ਛੱਡੋ ਬਾਬਿਓ! ਹੋਰ ਕੋਈ ਕਥਾ ਛੇੜੋ, ਅੱਜਕੱਲ ਇੱਥੇ ਹਾਲਾਤ ਆਮ ਵਰਗੇ।
ਭੂਸ਼ਨ ਧਿਆਨਪੁਰੀ ਜੀ ਸਾਹਿਤ ਵਿੱਚ ਵਸਦੀ ਰੂਹ ਕਰਕੇ ਅੱਜ ਜਿਊਂਦੇ ਹਨ, ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿੱਚ ਨਹੀਂ ਹਨ। ਉਹਨਾਂ ਦੀਆਂ ਪੈੜਾਂ ਅਫਸਰ ਕਲੋਨੀ ਤੋਂ ਕਾਲਜ ਤਕ ਉੱਕਰੀਆਂ ਰਹਿਣਗੀਆਂ। ਇਸਦੇ ਨਾਲ ਇੱਕ ਹੋਰ ਸਾਹਿਤਕ ਵੰਨਗੀ ਵੀ ਹਾਲਾਤ ਤਾਜ਼ਾ ਕਰਦੀ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬੀਅਤ ਨਾਲ ਉਹਨਾਂ ਦਾ ਸੁਮੇਲ ਜਿਸਮ ਰੂਹ ਵਰਗਾ ਸੀ,
ਸਦਾ ਰਹੂ ਪੰਜਾਬ ਪੰਜਾਬੀਆਂ ਦਾ,
ਦੂਤੀ ਲਾਉਣ ਲੂਤੀ ਭਾਵੇਂ ਲੱਖ ਵਾਰੀ।
ਸ਼ਮਲੇ ਉਹਨਾਂ ਦੇ ਝੂਲਦੇ ਸਦਾ ਉੱਚੇ,
ਕੀਮਤ ਅਣਖ ਦੀ ਜਿਨ੍ਹਾਂ ਨੇ ਸਦਾ ਤਾਰੀ,
ਬਾਕੀ ਬਹਿਸਾਂ ਤਾਂ ਖਲਲ ਦਿਮਾਗ ਨੇ,
ਨੁਕਤੇ ਇੱਕ ’ਤੇ ਮੁੱਕਦੀ ਬਾਤ ਸਾਰੀ।
ਇੱਥੇ ਵਸਦੇ ਗੁਰੂ ਦੇ ਸਿੱਖ ਸਾਰੇ,
ਕੋਈ ਕੇਸਾਧਾਰੀ ਕੋਈ ਸਹਿਜਧਾਰੀ। ...
ਇਨ੍ਹਾਂ ਸ਼ਬਦਾਂ ਨਾਲ ਸਿਜਦਾ ਹੈ ਭੂਸ਼ਨ ਧਿਆਨਪੁਰੀ ਜੀ ਨੂੰ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)