“ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ ...”
(17 ਮਾਰਚ 2025)
ਉਦਾਸੀ ਪ੍ਰਤੀ ਜਾਗਰੂਕਤਾ ਜ਼ਰੂਰੀ
ਉਦਾਸੀ (ਡਿਪਰੈਸ਼ਨ) ਇੱਕ ਭਾਵਨਾਤਮਕ ਦਰਦ ਹੁੰਦਾ ਹੈ, ਜਿਸਦਾ ਸੰਬੰਧ ਭਾਵਨਾਤਮਿਕ ਨਿਰਾਸ਼ਾ ਅਤੇ ਮਾਨਸਿਕ ਬੇਵਸੀ ਨਾਲ ਹੁੰਦਾ ਹੈ। ਬੰਦਾ ਚੁੱਪ, ਗੁੰਮ ਸੁੰਮ ਰਹਿੰਦਾ ਹੈ; ਜ਼ਿੰਦਗੀ ਸੁਸਤੀ ਨੁਮਾ ਹੰਢਾਉਂਦਾ ਹੈ। ਗੰਭੀਰ ਉਦਾਸੀ ਤੋਂ ਬਾਅਦ ਉਦਾਸੀ ਦਾ ਆਲਮ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਉਦਾਸ ਰਹਿੰਦੇ ਹਾਂ ਤਾਂ ਸਮਾਜ ਦੇ ਕੁਝ ਲੋਕ ਸਾਨੂੰ ਗੱਲਾਂਬਾਤਾਂ ਵਿੱਚ ਅਨੁਭਵ ਕਰਦੇ ਹਨ। ਕਈ ਵਾਰ ਬਿਨਾਂ ਕਿਸੇ ਕਾਰਨ ਦੇ ਵੀ ਉਦਾਸੀ ਆ ਜਾਂਦੀ ਹੈ। ਖਿੜਿਆ ਮਨ ਬੇਵਸੀ ਨਾਲ ਉਦਾਸੀ ਵਲ ਚਲਾ ਜਾਂਦਾ ਹੈ। ਇਸ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਮਨ ਦੀਆਂ ਗਿਣਤੀਆਂ ਮਿਣਤੀਆਂ ਉਦਾਸੀ ਨੂੰ ਗੰਭੀਰ ਬਣਾ ਦਿੰਦੀਆਂ ਹਨ। ਇਸ ਨਾਲ ਸਹਾਇਕ ਬਿਮਾਰੀਆਂ ਆ ਜਾਂਦੀਆਂ ਹਨ। ਜੀਵਨ ਨੀਰਸ ਅਤੇ ਮਨ ਬੁਝਿਆ ਬੁਝਿਆ ਹੋ ਜਾਂਦਾ ਹੈ। ਉਦਾਸੀ ਗੁਣਵੱਤਾ ਅਤੇ ਸੁਭਾਅ ਨੂੰ ਬਦਲ ਕੇ ਮਨੁੱਖ ਨੂੰ ਅਤੀਤ ਨਾਲੋਂ ਝੰਜੋੜ ਸੁੱਟਦੀ ਹੈ। ਇਸਦਾ ਪਤਾ ਲੱਗਣਾ ਅਤੇ ਸਵੈ-ਮੁਲਾਂਕਣ ਕਰਨਾ ਅੱਜ ਸਮੇਂ ਦੀ ਲੋੜ ਹੈ।
“ਮਨ ਜੀਤੈ ਜਗੁ ਜੀਤੁ” ਗੁਰਬਾਣੀ ਦੇ ਇਸ ਫਰਮਾਨ ਨਾਲ ਮਨ ਨੂੰ ਜਿੱਤਣਾ ਜੱਗ ਨੂੰ ਜਿੱਤਣ ਦੇ ਸਮਾਨ ਹੈ। ਇਸ ਲਈ ਉਦਾਸੀ ਪ੍ਰਤੀ ਜਾਗਰੂਕਤਾ ਰੱਖਣੀ ਚਾਹੀਦੀ ਹੈ। ਉਦਾਸੀ ਇੱਕ ਗੰਭੀਰ ਬਲਾ ਹੈ। ਇਹ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਮਨੁੱਖ ਨੂੰ ਨਸ਼ਟ ਕਰ ਦਿੰਦੀ ਹੈ। ਸਾਹਮਣੇ ਵਾਲੇ ਬੰਦੇ ਲਈ ਮਜ਼ਾਕ ਦਾ ਪਾਤਰ ਬਣ ਜਾਂਦੀ ਹੈ। ਮਜ਼ਾਕ ਕਰਕੇ ਵੀ ਅਸੀਂ ਇਸ ਨੂੰ ਬਿਮਾਰੀ ਨਹੀਂ ਸਮਝਦੇ। ਹੋਰ ਤਾਂ ਹੋਰ ਇਸ ਕਾਰਨ ਨਸ਼ੇ ਦਾ ਸਹਾਰਾ ਲੈ ਕੇ ਆਰਜ਼ੀ ਖੁਸ਼ੀ ਲੱਭਦੇ ਫਿਰਦੇ ਹਾਂ। ਇੱਕ ਤਾਜ਼ਾ ਨਸ਼ਰ ਰਿਪੋਰਟ ਮੁਤਾਬਕ 15 ਤੋਂ 29 ਸਾਲ ਤਕ ਦੇ ਲੋਕ ਇਸ ਤੋਂ ਵੱਧ ਪੀੜਤ ਹਨ ਕਿਉਂਕਿ ਇਹ ਉਮਰ ਭੱਜ-ਨੱਠ ਕੇ ਕੁਝ ਕਰਨ ਦੀ ਹੁੰਦੀ ਹੈ। ਇਸੇ ਵਿੱਚ ਬੰਦਾ ਗ੍ਰਸ ਜਾਂਦਾ ਹੈ। ਇਸਦਾ ਕਾਰਨ ਪਦਾਰਥਵਾਦੀ ਹੋੜ ਵੀ ਹੈ। ਉਂਝ ਹਰ ਵਰਗ ਉੱਪਰ ਡਿਪਰੈਸ਼ਨ ਹਾਵੀ ਹੋ ਚੁੱਕਾ ਹੈ। ਉਦਾਸੀ ਨੂੰ ਪੀੜਤ ਦੇ ਸੁਭਾਅ ਨਾਲ ਜੋੜ ਕੇ ਦੇਖਣਾ ਬੱਜਰ ਗਲਤੀ ਹੈ। ਉੱਪਰੋਂ ਤੰਦਰੁਸਤ ਅੰਦਰੋਂ ਕੁਝ ਹੋਰ ਹੀ ਹੁੰਦਾ ਹੈ। ਅਜਿਹੀ ਸਥਿਤੀ ਸਮਝਣੀ ਚਾਹੀਦੀ ਹੈ।
ਅੰਕੜਿਆਂ ਜ਼ਰੀਏ ਭਾਰਤ ਵਿੱਚ 5 ਕਰੋੜ 60 ਲੱਖ ਲੋਕ ਉਦਾਸੀ ਤੋਂ ਪੀੜਤ ਹਨ। ਅੰਕੜਾ ਵਧ ਵੀ ਹੋ ਸਕਦਾ ਹੈ। ਵੱਡੀਆਂ ਮੈਡੀਕਲ ਸੰਸਥਾਵਾਂ ਕੋਲ ਜਦੋਂ ਮਰੀਜ਼ ਦੀ ਬਿਮਾਰੀ ਸਮਝ ਨਾ ਲੱਗੇ ਤਾਂ ਆਖਰ ਉਹਨਾਂ ਨੂੰ ਮਾਨਸਿਕ ਰੋਗੀ ਵਿਭਾਗ ਵਿੱਚ ਭੇਜਿਆ ਜਾਂਦਾ ਹੈ। ਉੱਥੋਂ ਪੀੜਤ ਠੀਕ ਵੀ ਹੋ ਜਾਂਦੇ ਹਨ। ਵਧੀਆ ਜੀਵਨ ਬਸਰ ਕਰਦੇ ਹਨ। ਉਦਾਸੀ ਨਿੱਤ ਦਿਨ ਵਧਦੀ ਜਾਂਦੀ ਹੈ। ਇਸ ਪਿੱਛੇ ਕਈ ਕਿਆਸੇ ਅਤੇ ਅਣਕਿਆਸੇ ਕਾਰਨ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ 6 ਵਿੱਚੋਂ 1 ਭਾਰਤੀ ਉਦਾਸੀ ਦਾ ਗ੍ਰਸਿਆ ਹੋਇਆ ਹੈ। ਇਸ ਨੂੰ ਯੋਗ ਸਾਧਨਾਂ ਨਾਲ ਵੀ ਕਾਬੂ ਕੀਤਾ ਜਾ ਸਕਦਾ ਹੈ। ਸਾਡੇ ਮੁਲਕ ਵਿੱਚ ਉਦਾਸੀ (ਡਿਪਰੈਸ਼ਨ) ਦੇ ਝੰਬੇ ਹਰ ਸਾਲ ਇੱਕ ਲੱਖ ਲੋਕ ਖੁਦਕੁਸ਼ੀ ਵੀ ਕਰ ਲੈਂਦੇ ਹਨ। ਇਹ ਵੀ ਗੰਭੀਰ ਸਮੱਸਿਆ ਹੈ। ਇਸ ’ਤੇ ਚਿੰਤਨ ਦੀ ਲੋੜ ਹੈ।
ਉਦਾਸੀ ਦੀ ਇੱਕ ਬੁਰਾਈ ਇਹ ਹੈ ਕਿ ਅਸੀਂ ਇਸ ਨੂੰ ਸਵੀਕਾਰ ਕਰਨ ਤੋਂ ਆਨਾਕਾਨੀ ਕਰਦੇ ਹਨ। ਪੀੜਤ ਦੀਆਂ ਆਦਤਾਂ, ਰੋਜ਼ਾਨਾ ਗਤੀਵਿਧੀਆਂ ਉਸਦੀ ਮਾਨਸਿਕ ਸਿਹਤ ਦੀ ਤਰਜਮਾਨੀ ਕਰਦੀਆਂ ਹਨ। ਉਦਾਸੀ ਸ਼ਖ਼ਸੀਅਤ ਨੂੰ ਸੱਟ ਮਾਰਦੀ ਹੈ। ਕਈ ਵਾਰ ਦੇਰ ਹੋਏ ਤੋਂ ਪਤਾ ਚੱਲਦਾ ਹੈ ਕਿ ਇਹ ਆਦਤ ਨਹੀਂ ਬਲਕਿ ਬਿਮਾਰੀ ਹੈ। ਇਕੱਲਤਾ, ਖਾਣਪੀਣ, ਨਸ਼ੇ, ਰਿਟਾਇਰਮੈਂਟ ਅਤੇ ਜੈਨੇਟਿਕ ਇਸ ਅਲਾਮਤ ਦੇ ਵੱਡੇ ਕਾਰਨ ਹਨ। ਅੱਜ ਸਮੇਂ ਦੀ ਮੰਗ ਹੈ ਕਿ ਇਸ ਨੂੰ ਹਲਕੇ ਵਿੱਚ ਨਾ ਸਮਝੋ, ਨਾ ਡਾਕਟਰ ਤੋਂ ਛੁਪਾਓ, ਨਾ ਡਾਕਟਰ ਕੋਲ ਜਾਣ ਤੋਂ ਗ਼ੁਰੇਜ਼ ਕਰੋ। ਇਸ ਅਲਾਮਤ ਨੂੰ ਸਵੀਕਾਰ ਕੇ, ਇਲਾਜ ਵੱਲ ਤੁਰਨਾ ਚਾਹੀਦਾ ਹੈ। ਇਹ ਨਕਾਰਾਤਮਿਕਤਾ ਵਿੱਚੋਂ ਕੱਢਣ ਲਈ ਰਾਮਬਾਣ ਹੋਵੇਗਾ। ਇਸ ਲਈ ਉਦਾਸੀ ਪ੍ਰਤੀ ਜਾਗਰੂਕਤਾ ਪੈਦਾ ਕਰੋ।
* * *
ਨਸ਼ਿਆਂ ਤੋਂ ਛੁਟਕਾਰਾ
ਨਸ਼ਿਆਂ ਦਾ ਪੰਜਾਬ ਨਾਲ ਅਜਿਹਾ ਸੰਬੰਧ ਬਣ ਚੁੱਕਾ ਹੈ ਕਿ ਹੁਣ ਨਸ਼ੇ ਆਮ ਵਰਤਾਰਾ ਲਗਦੇ ਹਨ। ਹੁਣ ਗੰਭੀਰਤਾ ਨਾਲ ਨਸ਼ੇ ਬਾਰੇ ਸੋਚ ਕੇ ਹੰਭ ਚੁੱਕੇ ਹਾਂ। ਸਰਕਾਰੀ ਰਿਕਾਰਡ ਬੋਲਦਾ ਹੈ ਕਿ ਦਸ ਲੱਖ ਤੋਂ ਵੱਧ ਲੋਕ ਨਸ਼ੇ ਦੇ ਆਦੀ ਹਨ। ਇਨ੍ਹਾਂ ਅੰਕੜਿਆਂ ਤੋਂ ਪਰੇ ਵੀ ਬਹੁਤ ਕੁਝ ਹੈ। ਜਦੋਂ ਨਸ਼ੇ ਭਾਰੂ ਹੋ ਗਏ ਤਾਂ ਨਸ਼ਾ ਛਡਾਊ ਕੇਂਦਰ ਵੀ ਖੁੱਲ੍ਹੇ। ਨਸ਼ਾ ਛਡਾਊ ਸਰਕਾਰੀ ਕੇਂਦਰਾਂ ਤੋਂ 2.62 ਲੱਖ ਲੋਕ ਇਲਾਜ ਕਰਵਾ ਰਹੇ ਹਨ। ਇਸ ਤੋਂ ਇਲਾਵਾ 6.12 ਲੱਖ ਨਿੱਜੀ ਕੇਂਦਰਾਂ ਤੋਂ ਇਲਾਜ ਕਰਵਾ ਰਹੇ ਹਨ। ਇਲਾਜ ਕਰਵਾਉਣ ਵਾਲਿਆਂ ਦਾ ਅੰਕੜਾ ਤਾਂ ਆ ਜਾਂਦਾ ਹੈ ਪਰ ਛੁਟਕਾਰਾ ਪਾਉਣ ਵਾਲਿਆਂ ਦਾ ਅੰਕੜਾ ਰਹੱਸ ਵਿੱਚ ਰਹਿੰਦਾ ਹੈ। ਉਨ੍ਹਾਂ ਦਾ ਮੁੜ ਵਸੇਬਾ ਵੀ ਚੁੱਪ ਧਾਰ ਕੇ ਰਹਿੰਦਾ ਹੈ। ਨਸ਼ਾ ਆਮ ਦ੍ਰਿਸ਼ਟੀ ਤੋਂ ਇਲਾਵਾ ਅੱਜ ਮਜ਼ਾਕ ਦਾ ਪਾਤਰ ਵੀ ਬਣ ਕੇ ਰਹਿ ਗਿਆ ਹੈ। ਨਸ਼ੇ ਦਾ ਹਾਲ ਇਹ ਹੈ ਕਿ ਜਿਵੇਂ ਸੁਪਨਾ ਲੈਂਦੇ ਹਾਂ, ਸੁਪਨੇ ਵਿੱਚ ਜਾਗਦੇ ਹਾਂ ਪਰ ਵਾਸਤਵ ਵਿੱਚ ਸੁੱਤੇ ਹੁੰਦੇ ਹਾਂ। ਜਾਗਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਸੁਪਨੇ ਵਿੱਚ ਜਾਗੇ ਸੀ।
ਸਰਕਾਰ ਦੇ ਉਪਰਾਲਿਆਂ ਦੇ ਬਾਵਜੂਦ ਨਸ਼ੇ ਕਾਬੂ ਨਹੀਂ ਆ ਰਹੇ। ਪੰਜਾਬ ਵਿੱਚ 36 ਦੇ ਲਗਭਗ ਸਰਕਾਰੀ ਅਤੇ 185 ਦੇ ਲਗਭਗ ਪ੍ਰਾਈਵੇਟ ਨਸ਼ੇ ਛਡਾਊ ਕੇਂਦਰ ਹਨ। ਇਹ ਨਸ਼ੇ ਛੁਡਾਉਂਦੇ ਹਨ। ਨਸ਼ਿਆਂ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾਂਦੀ ਹੈ। 19 ਸਰਕਾਰੀ ਅਤੇ 74 ਨਿੱਜੀ ਮੁੜ ਵਸੇਬਾ ਕੇਂਦਰ ਕੰਮ ਕਰਦੇ ਹਨ। ਇਹ ਮਰੀਜ਼ ਅੰਦਰੋਂ ਲਾਹਣਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਮਾਨਸਿਕ ਸਥਿਤੀ ਪੇਸ਼ ਨਹੀਂ ਜਾਣ ਦਿੰਦੀ। ਪਰਨਾਲਾ ਉੱਥੇ ਹੀ ਉੱਥੇ ਹੀ ਰਹਿੰਦਾ ਹੈ। ਬੇਵਸੀ ਇੱਥੋਂ ਤਕ ਵਧ ਗਈ ਹੈ ਕਿ ਜੋ ਨਸ਼ੇ ਛੱਡ ਵੀ ਦਿੰਦੇ ਹਨ, ਉਹ ਮੁੜ ਕੇ ਫਿਰ ਤੋਂ ਨਸ਼ੇ ਕਰਨ ਲੱਗ ਜਾਂਦੇ ਹਨ। ਗੁਮਰਾਹ ਹੋਇਆ ਜਾਂ ਮਾੜੀ ਸੰਗਤ ਵਿੱਚ ਪਿਆ ਵਿਅਕਤੀ ਜਦੋਂ ਨਸ਼ਿਆਂ ਨਾਲ ਜੁੜ ਜਾਂਦਾ ਹੈ, ਹਿੰਸਾ ਅਤੇ ਅਪਰਾਧ ਆਪਣੇ ਆਪ ਹੀ ਨਾਲ ਜੁੜ ਜਾਂਦੇ ਹਨ। ਅਫਸੋਸ ਅੱਜ ਕੁੜੀਆਂ ਵੀ ਨਸ਼ਿਆਂ ਦੀਆਂ ਆਦੀ ਹੋ ਗਈਆਂ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ, ਜੋ 2020 ਵਿੱਚ ਪ੍ਰਕਾਸ਼ਿਤ ਹੋਈ ਸੀ, ਉਸ ਤਹਿਤ ਪ੍ਰਮੁੱਖ ਬਜ਼ਾਰਾਂ ਵਿੱਚ ਸਲਾਨਾ 31.5 ਕਰੋੜ ਡਾਲਰ ਦਾ ਕਾਰੋਬਾਰ ਹੁੰਦਾ ਹੈ। ਇਸਦਾ ਸੇਕ ਪੰਜਾਬ ਤਕ ਪੁੱਜਦਾ ਹੈ। ਪੰਜਾਬ ਵਿੱਚ ਮਿਲੀਭੁਗਤ ਅਤੇ ਮਾਫੀਏ ਦੀਆਂ ਖਬਰਾਂ ਆਮ ਹਨ। ਇੱਕਾ ਦੁੱਕਾ ਪੁਲਿਸ ਮੁਲਾਜ਼ਮ ਨਸ਼ੇ ਰਾਹੀਂ ਸਾਰੇ ਵਿਭਾਗ ਨੂੰ ਲਬੇੜ ਦਿੰਦੇ ਹਨ। ਪੁਲਿਸ ਦੀ ਡਿਊਟੀ ਨਸ਼ੇ ਫੜਨਾ ਹੁੰਦੀ ਹੈ। 18 ਨਵੰਬਰ 2023 ਨੂੰ ਅੰਮ੍ਰਿਤਸਰ ਪੁਲਿਸ ਨੇ ਪੁਲਿਸ ਮੁਲਾਜ਼ਮ ਕੋਲੋਂ ਚੌਦਾਂ ਕਰੋੜ ਦੀ (ਦੋ ਕਿਲੋ) ਹੀਰੋਅਨ ਫੜੀ। ਇਸਦੇ ਅੱਗੇ ਪਿੱਛੇ ਕੌਣ ਹੋ ਸਕਦਾ ਹੈ? ਅਜਿਹੇ ਮੌਕਿਆਂ ’ਤੇ ਸਰਕਾਰ ਅਤੇ ਪੁਲਿਸ ਦੇ ਉਪਰਾਲੇ ਮਿੱਟੀ ਵਿੱਚ ਦਬ ਜਾਂਦੇ ਹਨ। ਇੱਥੇ ਰਣਜੀਤ ਬਾਵੇ ਦਾ ਗਾਣਾ, ‘ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ’ ਪੁਖਤਾ ਹੋ ਜਾਂਦਾ ਹੈ। ਗੁਲਾਮੀ ਦੇ ਯੁਗ ਵਿੱਚ ਸ਼ਰਾਬ ਭਾਰੂ ਸੀ। ਇਸੇ ਲਈ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ, “ਜੇ ਭਾਰਤ ਦਾ ਸ਼ਾਸਨ ਅੱਧੇ ਘੰਟੇ ਲਈ ਮੇਰੇ ਹੱਥਾਂ ਵਿੱਚ ਆ ਜਾਵੇ ਤਾਂ ਮੈਂ ਸ਼ਰਾਬ ਦੀਆਂ ਡਿਸਟਿੱਲਰੀਆਂ ਅਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਵਾਂਗਾ।” ਇਸ ਤੋਂ ਇਹ ਵੀ ਸਪਸ਼ਟ ਹੈ ਕਿ ਨਸ਼ੇ ਚਿਰਾਂ ਤੋਂ ਚੱਲਦੇ ਆ ਰਹੇ ਹਨ।
ਬਦਲੇ ਸਮੇਂ ਅਨੁਸਾਰ ਨਸ਼ੇ ਬਦਲੇ ਰੂਪ ਵਿੱਚ ਆਉਂਦੇ ਹਨ। ਮਰਜ਼ ਬੜ੍ਹਤੀ ਗਈ ਜੂੰ ਜੂੰ ਦਵਾ ਕੀ। ਪੰਜਾਬ ਪੰਚਾਇਤੀ ਰਾਜ ਐਕਟ 1994 ਵਿੱਚ ਆਪਣੇ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਦੀ ਵਿਵਸਥਾ ਹੈ, ਇਹ ਧਾਰਾ ਵੀ ਮਾਲੀਏ ਦੀ ਆੜ ਹੇਠ ਦਮ ਤੋੜ ਦਿੰਦੀ ਹੈ।
ਅੱਜ ਨਸ਼ਿਆਂ ਤੋਂ ਛੁਟਕਾਰੇ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਸਰਕਾਰ ਅਤੇ ਮਰੀਜ਼ਾਂ ਦੀ ਦ੍ਰਿੜ੍ਹ ਇੱਛਾ ’ਤੇ ਨਿਰਭਰ ਹੈ। ਇਸ ਤੋਂ ਬਿਨਾਂ ਨਸ਼ਿਆਂ ਤੋਂ ਛੁਟਕਾਰਾ ਪਾਉਣਾ ਮਹਿਜ਼ ਸੁਪਨਾ ਹੀ ਹੈ। ਨਸ਼ੇ ਥੱਲੇ ਦਬਦਾ ਜਾ ਰਿਹਾ ਪੰਜਾਬ ਅੱਜ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਨਸ਼ੇ ਦੇ ਆਦੀਆਂ ਲਈ ਮੁੜ ਵਸੇਬਾ ਮੰਗਦਾ ਹੈ।
* * *
ਜਿਸ ਕਾ ਕਾਮ ਉਸੀ ਕੋ ਸਾਜੇ
ਮਨੁੱਖ ਆਪਣੀ ਜ਼ਿੰਦਗੀ ਵਿੱਚ ਨਾਲੋ-ਨਾਲ ਸਿੱਖਦਾ ਜਾਂਦਾ ਹੈ। ਕੋਈ ਜ਼ਿੰਦਗੀ ਨੂੰ ਕੁਦਰਤੀ ਵਰਤਾਰਾ, ਕੋਈ ਤਪੱਸਿਆ, ਕੋਈ ਕਲਾ ਦੱਸਦਾ ਹੈ ਪਰ ਮਨੁੱਖੀ ਜ਼ਿੰਦਗੀ ਜ਼ਿੰਦਾ-ਦਿਲੀ ਅਤੇ ਸਿੱਖਣ ਦਾ ਨਾਂ ਹੈ। ਮਨੁੱਖ ਜਨਮ ਸਮੇਂ ਤੋਂ ਜਿਉਂ-ਜਿਉਂ ਬੁਢਾਪੇ ਤਕ ਜਾਂਦਾ ਹੈ, ਤਿਉਂ-ਤਿਉਂ ਸਮਾਜੀਕਰਨ ਦੀ ਨਵੀਂ ਪੌੜੀ ਚੜ੍ਹਦਾ ਰਹਿੰਦਾ ਹੈ। ਇਸੇ ਲਈ ਆਮ ਤੌਰ ’ਤੇ ਬਜ਼ੁਰਗਾਂ ਦਾ ਕਿਹਾ ਸੁਣਿਆ ਅਤੇ ਸਤਕਾਰ ਸਮਾਜ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ। ਮਹਾਨ ਗੁਰਬਾਣੀ ਵਿੱਚ ਵੀ ‘ਮੰਨੈ ਕੀ ਗਤਿ’ ਦੀ ਨਸੀਹਤ ਦਿੱਤੀ ਗਈ ਹੈ। ਛੋਟੇ ਹੁੰਦੇ ਪਰਿਵਾਰ ਵਿੱਚ ਅਸੀਂ ਵੱਡਿਆਂ ਤੋਂ ਉਨ੍ਹਾਂ ਦੇ ਜੀਵਨ ਦੇ ਰਸ ਵਿੱਚੋਂ ਕੱਢੇ ਹੋਏ ਕਸ ਸੁਣਦੇ ਸਾਂ ਪਰ ਉਸ ਸਮੇਂ ਛੋਟੀ ਉਮਰ ਕਰਕੇ ਬਜ਼ੁਰਗਾਂ ਦੇ ਸ਼ਬਦ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦੇ ਸਾਂ। ਕਾਰਨ ਸੀ ਕਿ ਬਜ਼ੁਰਗਾਂ ਦੇ ਮੁਕਾਬਲੇ ਸਾਨੂੰ ਇੰਨੀ ਡੂੰਘੀ ਸੂਝ ਨਹੀਂ ਹੁੰਦੀ ਸੀ। ਹੁਣ ਜੀਵਨ ਵਿੱਚ ਪਤਾ ਚਲਦਾ ਹੈ ਕਿ ਉਨ੍ਹਾਂ ਦੀਆਂ ਗੱਲਾਂ ਇੱਕ ਕਾਨੂੰਨ ਵਾਂਗ ਸਨ।
ਇੱਕ ਵਾਰ ਮੇਰੇ ਦਾਦਾ ਜੀ ਨੇ ਮੈਨੂੰ ਦੱਸਿਆ ਸੀ ਕਿ ਪ੍ਰਮਾਤਮਾ ਨੇ ਮਨੁੱਖ ਪੈਦਾ ਕੀਤਾ ਹੈ। ਜਾਤਾਂ ਅਸੀਂ ਆਪ ਬਣਾਈਆਂ ਹਨ। ਉਨ੍ਹਾਂ ਨੇ ਦੱਸਿਆ, “ਖੇਤੀਬਾੜੀ ਮਹਿਕਮੇ ਵਿੱਚ ਖੇਤੀ ਤੋਂ ਬਿਨਾਂ ਕੋਈ ਹੋਰ ਧੰਦਾ ਕਰਨ ਵਾਲਾ ਇੰਟਰਵਿਊ ਦੇਣ ਗਿਆ। ਉਸ ਨੂੰ ਅਫਸਰ ਨੇ ਪੁੱਛਿਆ ਕਿ ਇੱਕ ਕਿੱਲੇ ਵਿੱਚ ਸਰ੍ਹੋਂ ਦਾ ਕਿੰਨਾ ਬੀਜ ਪੈਂਦਾ ਹੈ। ਇੰਟਰਵਿਊ ਦੇਣ ਵਾਲੇ ਨੇ ਉੱਤਰ ਦਿੱਤਾ, “ਜੀ ਚਾਲੀ ਕਿਲੋ।”
ਇੰਟਰਵਿਊ ਲੈਣ ਵਾਲੇ ਨੇ ਤੁਰੰਤ ਕਿਹਾ, “ਤੂੰ ਤਾਂ ਦੇਸ਼ ਦਾ ਬੀਜ ਹੀ ਮੁਕਾ ਦੇਵੇਂਗਾ। ਕਾਕਾ ਜੀ, ਚਾਲੀ ਕਿਲੋ ਕਣਕ ਦਾ ਬੀਜ ਪੈਂਦਾ ਹੈ, ਸਰ੍ਹੋਂ ਦਾ ਡੇਢ ਤੋਂ ਦੋ ਕਿਲੋ ਪੈਂਦਾ ਹੈ। ...”
ਦੇਖ ਸੁਣ ਕੇ ਕੋਈ ਕਿੱਤਾ ਕਰਨ ਲੱਗ ਪੈਣ ਅਤੇ ਮਾਹਰ ਹੋ ਕੇ ਕੋਈ ਕਿੱਤਾ ਕਰਨ ਵਿੱਚ ਬਹੁਤ ਵੱਡਾ ਫ਼ਰਕ ਹੁੰਦਾ ਹੈ। ਮੈਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਗ੍ਰਾਮ ਸੇਵਕ ਪੰਚਾਇਤ ਸਕੱਤਰ ਦੇ ਤੌਰ ’ਤੇ ਨੌਕਰੀ ਕਰਦਾ ਹਾਂ। ਸਾਡਾ ਵਾਹ ਪਿੰਡਾਂ ਦੇ ਕਾਰ-ਕਿੱਤਿਆਂ ਅਤੇ ਪਿੰਡਾਂ ਦੇ ਜੀਵਨ ਨਾਲ ਹੀ ਪੈਂਦਾ ਹੈ। ਇੱਕ ਦਿਨ ਮੈਂ ਆਪਣੀ ਦਫਤਰੀ ਡਿਊਟੀ ਲਈ ਕਿਸੇ ਅਜ਼ੀਜ਼ ਦੇ ਘਰ ਗਿਆ। ਉਸ ਨੂੰ ਸਰਕਾਰੀ ਕੰਮ ਬਾਰੇ ਦੱਸਿਆ। ਉਸਨੇ ਕਿਹਾ ਕਿ ਯਾਰ ਮੈਂ ਆਪਣੇ ਜਨਾਨੀ ਨਾਲ ਇੱਕ ਸੂਟ ਖ਼ਰੀਦਣਾ ਹੈ, ਮੇਰੇ ਨਾਲ ਚੱਲ। ਛੇਤੀ ਵਿਹਲਾ ਹੋ ਕੇ ਤੇਰਾ ਵੀ ਕੰਮ ਕਰ ਦਿਆਂਗਾ। ਅਸੀਂ ਤਿੰਨੇ ਜਣੇ ਇੱਕ ਨਵੀਂ ਖੁੱਲ੍ਹੀ ਕੱਪੜੇ ਦੀ ਦੁਕਾਨ ’ਤੇ ਗਏ। ਦੁਕਾਨ ਦਾ ਮਾਲਕ ਕਿਸੇ ਨੌਕਰੀ ਤੋਂ ਰਿਟਾਇਰ ਹੋ ਕੇ ਇਸ ਪਾਸੇ ਲੱਗਾ ਸੀ। ਉਸਨੇ ਪਿਤਾ ਪੁਰਖੀ ਦੁਕਾਨਦਾਰਾਂ ਵਾਂਗ ਕੱਪੜੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਅਤੇ ਸਾਨੂੰ ਉਪਰਾਪਣ ਜਿਹਾ ਹੀ ਮਹਿਸੂਸ ਹੁੰਦਾ ਰਿਹਾ। ਇੱਕ ਕੱਪੜਾ ਪਸੰਦ ਆ ਗਿਆ। ਉਸ ਨੂੰ ਇੱਕ ਸੂਟ ਦਾ ਕੱਪੜਾ ਦੇਣ ਲਈ ਕਿਹਾ। ਉਸ ਭਲੇ ਪੁਰਸ਼ ਨੇ ਕੈਂਚੀ ਨਾਲ ਕੱਪੜਾ ਕੁਤਰਦੇ ਹੋਏ ਸਾਹਮਣੇ ਬੈਂਚ ’ਤੇ ਬੈਠੇ ਮੇਰੇ ਅਜ਼ੀਜ਼ ਅਤੇ ਮੇਰੇ ਵਿਚਾਲਿਓਂ ਕੈਂਚੀ ਅੱਗੇ ਤਕ ਵਧਾ ਦਿੱਤੀ। ਸੂਟ ਦਾ ਕੱਪੜਾ ਕੱਟਿਆ ਗਿਆ, ਸਾਡਾ ਕੋਈ ਨੁਕਸਾਨ ਵੀ ਨਹੀਂ ਹੋਇਆ ਪਰ ਵਿਚਾਰੇ ਦੇ ਕੱਪੜਾ ਕੱਟਣ ਦਾ ਤਰੀਕਾ ਸਾਨੂੰ ਓਪਰਾ ਅਤੇ ਕਿੱਤਾ ਮੁਹਾਰਤ ਤੋਂ ਰਹਿਤ ਲੱਗਿਆ।
ਆਖ਼ਰ ਮੇਰੇ ਨਾਲ ਗਏ ਬੰਦੇ ਨੇ ਸ਼ਰੀਫ਼ ਦੁਕਾਨਦਾਰ ਨੂੰ ਕਿਹਾ, “ਪੁੱਤ, ਬਜਾਜੀ ਤੁਹਾਡਾ ਕਿੱਤਾ ਨਹੀਂ, ਤੁਹਾਡਾ ਕਿੱਤਾ ਜ਼ਿਮੀਦਾਰਾ ਹੈ। ਪੁੱਤ, ਭਾਵੇਂ ਅੱਜ ਕੋਈ ਕਿੱਤਾ ਕਿਸੇ ਖਾਸ ਵਰਗ ਨਾਲ ਨਹੀਂ ਜੁੜਿਆ ਹੋਇਆ, ਹਰ ਵਰਗ ਹਰ ਕਿੱਤਾ ਕਰ ਸਕਦਾ ਹੈ, ਕਰਦੇ ਵੀ ਹਨ ਪਰ ਫਿਰ ਵੀ ਪਿਤਾ ਪੁਰਖੀ ਕਿੱਤੇ ਮੁਹਾਰਤ ਰੱਖਦੇ ਹਨ। ...”
ਮੇਰਾ ਧਿਆਨ ਆਪਣੇ ਬਚਪਨ ਵੱਲ ਚਲਾ ਗਿਆ। ਮੈਨੂੰ ਆਪਣੇ ਦਾਦਾ ਜੀ ਦੀ ਆਖੀ ਕਹਾਵਤ ਯਾਦ ਆਈ, “ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋਂ ਡੀਂਗਾ ਵਾਜੇ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (