“ਸਮਾਜ ਦੀਆਂ ਇਹ ਫੋਕੇ ਦਿਖਾਵਿਆਂ ਵਾਲੀਆਂ ਮਨਾਹੀਆਂ ਅਤੇ ਵਲਗਣਾਂ ਕਈ ਵਾਰ ...”
(10 ਮਾਰਚ 2025)
ਰੋਜ਼ਾਨਾ ਦੀ ਤਰ੍ਹਾਂ ਹੀ ਮੈਂ ਸ਼ਾਮ ਨੂੰ ਸਕੂਲੋਂ ਆ ਕੇ ਸੁੱਤੀ ਉੱਠਣ ਤੋਂ ਬਾਅਦ ਸ਼ਾਮ ਦੀ ਚਾਹ ਪੀਣ ਲੱਗੀ ਤਾਂ ਦੇਖਿਆ ਕਿ ਫੋਨ ਦੇ ਵਟਸਐਪ ’ਤੇ ਕਈ ਸਾਰੇ ਸਨੇਹੇ ਆਏ ਹੋਏ ਸਨ। ਕਈ ਜ਼ਰੂਰੀ ਸਨੇਹਿਆਂ ਦਾ ਜਵਾਬ ਦੇ ਕੇ ਮੈਂ ਲੋਕਾਂ ਵੱਲੋਂ ਲਾਏ ਗਏ ਵੱਖ-ਵੱਖ ਤਰ੍ਹਾਂ ਦੇ ਵਟਸਐਪ ਸਟੇਟਸ ਦੇਖਣੇ ਸ਼ੁਰੂ ਕੀਤੇ। ਸਟੇਟਸ ਦੇਖਦੇ ਦੇਖਦੇ ਅਚਾਨਕ ਹੀ ਮੇਰੀ ਨਿਗਾਹ ਮੇਰੀ ਭੂਆ ਦੀ ਪੋਤੀ ਬਿਲਕੀਸ ਦੇ ਲਗਾਏ ਗਏ ਸਟੇਟਸਾਂ ’ਤੇ ਚਲੀ ਗਈ। ਮੈਂ ਪਹਿਲਾਂ ਕਦੇ ਬਹੁਤੇ ਗਹੁ ਨਾਲ ਉਸ ਨੰਬਰ ’ਤੇ ਲੱਗੇ ਹੋਏ ਸਟੇਟਸਾਂ ਨੂੰ ਦੇਖਿਆ ਨਹੀਂ ਸੀ। ਘੱਟੋ ਘੱਟ 10 ਤੋਂ 15 ਫੋਟੋਆਂ ਉਸ ਸਟੇਟਸ ਵਿੱਚ ਪੋਸਟ ਕੀਤੀਆਂ ਗਈਆਂ ਸਨ। ਮੈਂ ਦੇਖਦੀ ਗਈ। ਬਿਲਕੁਲ ਅਖੀਰਲੀ ਫੋਟੋ ’ਤੇ ਜਾ ਕੇ ਮੇਰੀ ਨਿਗਾਹ ਰੁਕ ਗਈ। ਮੈਂ ਉਸ ਨੂੰ ਦੇਖਦੇ ਹੋਏ ਇੱਕ ਮਿੰਟ ਵਿੱਚ ਹੀ ਪਛਾਣ ਲਿਆ ਕਿ ਹੈਂ ਇਹ ਤਾਂ ਸਕੀਨਾ ਹੈ, ਮੇਰੀ ਵੱਡੀ ਭੂਆ ਦੀ ਪੋਤੀ। ਤਕਰੀਬਨ ਇੱਕ ਦਹਾਕੇ ਬਾਦ ਮੈਂ ਉਸ ਦੀ ਫੋਟੋ ਦੇਖੀ। ਮੈਂ ਦੇਖਿਆ ਤਾਂ ਉਸਦੀ ਸ਼ਕਲ ਮੈਨੂੰ ਕਾਫੀ ਬਦਲੀ ਲੱਗੀ। ਚੇਤਿਆਂ ਵਿੱਚ ਮੈਨੂੰ ਉਹ ਪਿਛਲੇ 20 ਕੁ ਸਾਲ ਪਹਿਲਾਂ ਦਾ ਵਕਫਾ ਯਾਦ ਆਇਆ, ਜਦੋਂ ਉਹ ਅਕਸਰ ਹੀ ਗਰਮੀਆਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਸਾਡੇ ਕੋਲ ਰਹਿਣ ਲਈ ਆਇਆ ਕਰਦੀ ਸੀ। ਬਚਪਨ ਤੋਂ ਲੈ ਕੇ ਜਵਾਨੀ ਦੀ ਦਹਿਲੀਜ਼ ’ਤੇ ਪਰਪੱਕ ਹੋਣ ਤਕ ਸਾਡੇ ਹਾਸੇ, ਚਾਅ ਮਲਾਰ ਤੇ ਵਲਵਲੇ ਸਭ ਸਾਂਝੇ ਸਨ। ਬਿਨਾਂ ਗੱਲੋਂ ਖਿੜ ਖਿੜ ਹੱਸਣਾ, ਵਾਹੋ ਦਾਹੀ ਭੱਜ ਭੱਜ ਕੰਮ ਕਰਨਾ। ਭੱਜੀਆਂ ਭੱਜੀਆਂ ਨੇ ਖੇਤ ਜਾਣਾ, ਸਾਰਾ ਦਿਨ ਬਿਨਾਂ ਕਿਸੇ ਕੰਮ ਤੋਂ ਪਤਾ ਨਹੀਂ ਕਿਹੜੇ ਹੁਲਾਸ ਨਾਲ ਭੱਜੀਆਂ ਫਿਰਨਾ।
ਬਿਲਕੁਲ ਪਰੀਆਂ ਵਰਗੀ ਕੁੜੀ ਸੀ ਉਹ। ਉੱਪਰੋਂ ਨਾਮ ਵੀ ਸਕੀਨਾ। ਕਸ਼ਮੀਰੀ ਸੇਬ ਵਰਗਾ ਲਾਲ ਸੁਨਹਿਰੀ ਰੰਗ, ਸੋਨੇ ਦੀਆਂ ਰਿਸ਼ਮਾਂ ਵਰਗੇ ਚਮਕਦੇ ਵਾਲ, ਮੋਟੀਆਂ ਮੋਟੀਆਂ ਅੱਖਾਂ, ਗੱਲ੍ਹਾਂ ਦੇ ਦੋਵੇਂ ਪਾਸੇ ਗੱਡਵੇਂ ਡੂੰਘੇ ਟੋਏ, ਹੱਸਦੀ ਤਾਂ ਮੋਤੀ ਕਿਰਦੇ ਭਾਵ ਜਿੰਨੀ ਤਾਰੀਫ ਕੀਤੀ ਜਾਵੇ ਉੱਨੀ ਘੱਟ। ਕਈ ਵਾਰ ਮੈਂ ਉਸ ਨੂੰ ਦੇਖਦੀ ਤਾਂ ਮੈਨੂੰ ਆਪਣਾ ਸਾਂਵਲਾ ਰੰਗ ਦੇਖ ਆਪਣਾ ਆਪ ਊਣਾ ਜਿਹਾ ਲਗਦਾ। ਭੁੱਖ ਲਹਿੰਦੀ ਸੀ ਜਾਣੋ ਉਸ ਕੁੜੀ ਨੂੰ ਦੇਖ। ਸੱਚੀਂ ਇਵੇਂ ਲਗਦਾ ਹੁੰਦਾ ਸੀ ਕਿ ਇਸ ਨੂੰ ਵਿਆਹੁਣ ਤਾਂ ਕੋਈ ਰਾਜਕੁਮਾਰ ਆਏਗਾ ਤੇ ਉਹ ਹਮੇਸ਼ਾ ਮਹਿਲਾਂ ਦੀ ਰਾਣੀ ਬਣ ਕੇ ਰਹੇਗੀ। ਵਿਆਹ ਵੀ ਸਾਡਾ ਇੱਕੋ ਸਾਲ ਦੇ ਅੰਦਰ ਥੋੜ੍ਹੇ ਦਿਨਾਂ ਦੇ ਵਕਫੇ ਨਾਲ ਹੀ ਹੋਇਆ ਸੀ। ਮਾਪਿਆਂ ਦੀ ਇਕੱਲੀ ਇਕੱਲੀ ਕੁੜੀ ਤੇ ਮੇਰੀ ਭੂਆ ਦੇ ਘਰ ਦੀ ਇਕੱਲੀ ਹੀ ਰੌਣਕ। ਇੰਨੇ ਚਾਵਾਂ ਤੇ ਲਾਡਾਂ ਨਾਲ ਪਾਲਿਆ ਸੀ ਉਸ ਨੂੰ ਕਿ ਕਈ ਵਾਰ ਸਾਨੂੰ ਦੇਖ ਕੇ ਹੈਰਾਨੀ ਹੁੰਦੀ ਸੀ।
ਉਸਦੇ ਪਿਤਾ ਜੀ ਨੇ ਮੇਰੀ ਭੂਆ ਦੀ ਮੌਤ ਤੋਂ ਬਾਅਦ ਉਸ ਨੂੰ ਉਚੇਰੀ ਪੜ੍ਹਾਈ ਨਾ ਕਰਨ ਦਿੱਤੀ ਤੇ ਮੈਂ ਉਚੇਰੀ ਸਿੱਖਿਆ ਲਈ ਘਰੋਂ ਬਾਹਰ ਪੈਰ ਪੁੱਟ ਲਿਆ ਸੀ। ਉਹ ਵੀ ਪੜ੍ਹਨਾ ਤਾਂ ਚਾਹੁੰਦੀ ਸੀ ਪਰ ਬੇਵੱਸ ਤੇ ਲਾਚਾਰ ਜਿਹੀ ਹੋ ਕੇ ਰਹਿ ਗਈ। ਆਪਾਂ ਤਾਂ ਵਿਦਰੋਹ ਕਰ ਛੱਡਿਆ ਸੀ ਉੱਚੀ ਉਡਾਣ ਭਰਨ ਦਾ। ਪਰ ਸ਼ਾਇਦ ਉਸ ਫੁੱਲਾਂ ਵਰਗੀ ਜਿੰਦ ਦੀ ਤਕਦੀਰ ਵਿੱਚ ਕੁਝ ਹੋਰ ਹੀ ਲਿਖਿਆ ਸੀ। ਉਸ ਤੋਂ ਘੱਟ ਪੜ੍ਹੇ ਲਿਖੇ ਮੁੰਡੇ ਨਾਲ ਉਸਦਾ ਵਿਆਹ ਕਰਵਾ ਦਿੱਤਾ ਗਿਆ। ਉਸਦੀ ਪਸੰਦ, ਨਾ ਪਸੰਦ ਬਾਰੇ ਉਸ ਤੋਂ ਕੁਝ ਵੀ ਨਾ ਪੁੱਛਿਆ ਗਿਆ। ਫਿਰ ਸਿਲਸਿਲਾ ਸ਼ੁਰੂ ਹੋਇਆ ਉਸਦੇ ਇਮਤਿਹਾਨਾਂ ਦਾ। ਜਿਹੜੇ ਮੁੰਡੇ ਨਾਲ ਉਸਦਾ ਵਿਆਹ ਹੋਇਆ ਸੀ, ਉਸ ਨੂੰ ਉਸ ਹੀਰੇ ਵਰਗੀ ਕੁੜੀ ਦੀ ਕੀਮਤ ਨਹੀਂ ਸੀ ਪਤਾ। ਫੁੱਲਾਂ ਵਰਗੀ ਸਕੀਨਾ ਹੁਣ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਇੱਕ ਬੋਝਲ ਬਸਤੇ ਵਰਗੀ ਹੋ ਗਈ ਸੀ। ਉਸਦੇ ਦੋ ਬੱਚੇ ਵੀ ਹੋ ਗਏ। ਪਰ ਉਹ ਬੰਦਾ ਉਸ ਨੂੰ ਕਦੇ ਸਮਝ ਹੀ ਨਾ ਸਕਿਆ। ਲਾਡਾਂ ਅਤੇ ਨਖਰਿਆਂ ਦੇ ਵਿੱਚ ਪਲ਼ੀ ਸਕੀਨਾ ਸਬਰ ਅਤੇ ਸੰਤੋਖ ਦਾ ਘੁੱਟ ਭਰ ਕੇ ਆਪਣੇ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੋ ਚੁੱਕੀ ਸੀ। ਇੱਕ ਦਿਨ ਅਜਿਹਾ ਆਇਆ ਕਿ ਉਸਦਾ ਸਬਰ ਟੁੱਟ ਗਿਆ ਤੇ ਉਹ ਆਪਣੇ ਜਵਾਕ ਕੁੱਛੜ ਚੁੱਕ ਕੇ ਆਪਣੇ ਮਾਤਾ ਆਪਣੇ ਪੇਕੇ ਘਰ ਆ ਗਈ। ਕਸੂਰ ਉਸਦਾ ਕੋਈ ਨਹੀਂ ਸੀ। ਸ਼ਾਇਦ ਕਸੂਰ ਉਸਦੀ ਕਿਸਮਤ ਦਾ ਸੀ। ਜਿਸ ਕੁੜੀ ਲਈ ਅਸੀਂ ਮਹਿਲ ਸੋਚੇ ਸੀ, ਉਸਦੀ ਜ਼ਿੰਦਗੀ ਅੱਜ ਗਲੀਆਂ ਦੇ ਕੱਖਾਂ ਕਾਨਿਆਂ ਨਾਲੋਂ ਹੌਲੀ ਹੋਈ ਪਈ ਸੀ। ਉਸਦਾ ਸੋਨਾ ਵਰਗਾ ਸੁਨਹਿਰੀ ਚਿਹਰਾ ਜ਼ਿੰਦਗੀ ਅਤੇ ਵਕਤ ਦੇ ਥਪੇੜਿਆਂ ਨਾਲ ਪਈਆਂ ਛਾਈਆਂ ਨਾਲ ਭਰ ਚੁੱਕਿਆ ਸੀ। ਉਹ ਕੁੜੀ ਅੱਜ ਇੱਕ ਛੋਟੀ ਜਿਹੀ ਨੌਕਰੀ ਕਰਕੇ ਆਪਣੇ ਮਾਂ ਬਾਪਾਂ ਨੂੰ ਵੀ ਸੰਭਾਲ ਰਹੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਪਾਲ ਰਹੀ ਹੈ। ਸਾਥ ਦੇਣ ਵਾਲਾ ਕੌਣ ਹੈ? ਸ਼ਾਇਦ ਕੋਈ ਵੀ ਨਹੀਂ। ਪਰ ਜਦੋਂ ਉਸਦੇ ਵਿਆਹ ਦੀ ਗੱਲ ਆਈ ਸੀ ਤਾਂ ਮੱਤਾਂ ਦੇਣ ਵਾਲੇ ਬਹੁਤ ਸਨ, ਕਿਸੇ ਨੇ ਇਹ ਦੇਖਣ ਜਾਂ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਕਿੰਨਾ ਬੇਮੇਲ ਵਿਆਹ ਹੈ ਇਹ। ਸਮਾਜ ਦੀਆਂ ਇਹ ਫੋਕੇ ਦਿਖਾਵਿਆਂ ਵਾਲੀਆਂ ਮਨਾਹੀਆਂ ਅਤੇ ਵਲਗਣਾਂ ਕਈ ਵਾਰ ਔਰਤਾਂ ਦੀ ਜ਼ਿੰਦਗੀ ਨੂੰ ਅੱਧ ਮੋਇਆ ਕਰ ਦਿੰਦੀਆਂ ਹਨ। ਗੱਲ ਇਹ ਨਹੀਂ ਹੁੰਦੀ ਕਿ ਮਾਂ ਬਾਪ ਦਾ ਬੱਚਿਆਂ ’ਤੇ ਹੱਕ ਨਹੀਂ ਹੁੰਦਾ ਪਰ ਗੱਲ ਇਹ ਜ਼ਰੂਰ ਹੁੰਦੀ ਹੈ ਕਿ ਵਿਆਹ ਵਰਗੇ ਫੈਸਲਿਆਂ ਵਿੱਚ ਮਾਪਿਆਂ ਨੂੰ ਬੱਚਿਆਂ ਦੀ ਹਾਂ ਜਾਂ ਨਾਂਹ ਜ਼ਰੂਰ ਲੈਣੀ ਚਾਹੀਦੀ ਹੈ। ਕਈ ਵਾਰ ਇਹੋ ਜਿਹੇ ਬੇਮੇਲ ਅਤੇ ਅਨਜੋੜ ਵਿਆਹ ਹੋ ਜਾਂਦੇ ਹਨ ਕਿ ਸਾਰੀ ਉਮਰ ਇਸਦਾ ਸੰਤਾਪ ਬੱਚਿਆਂ ਨੂੰ ਹੀ ਹੰਡਾਉਣਾ ਪੈਂਦਾ ਹੈ। ਸਮੱਸਿਆ ਉੱਥੇ ਵਧੇਰੇ ਹੁੰਦੀ ਹੈ ਜਦੋਂ ਪੜ੍ਹਾਈ ਲਿਖਾਈ ਦਾ ਪੱਧਰ ਇੱਕ ਦੂਜੇ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਹੈ।
ਬਾਕੀ ਰਹੀ ਗੱਲ ਔਰਤਾਂ ਦੀ, ਔਰਤਾਂ ਤਾਂ ਵੈਸੇ ਹੀ ਬਹੁਤ ਕੁਝ ਹੰਢਾਉਂਦੀਆਂ ਹਨ ਆਪਣੇ ਹਿੱਸੇ ਦੀ ਜ਼ਿੰਦਗੀ ਵਿੱਚ। ਪਰ ਇਸ ਗੱਲ ਤੋਂ ਵੀ ਅਸੀਂ ਇਨਕਾਰੀ ਨਹੀਂ ਹੋ ਸਕਦੇ ਕਿ ਜ਼ਮਾਨਾ ਬਹੁਤ ਬਦਲ ਚੁੱਕਿਆ ਹੈ। ਪੜ੍ਹਾਈ ਲਿਖਾਈ ਨੇ ਔਰਤਾਂ ਦੀ ਜੂਨ ਨੂੰ ਬਹੁਤ ਸੁਧਾਰ ਦਿੱਤਾ ਹੈ। ਔਰਤਾਂ ਮਰਦਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਖੇਤਰ ਵਿੱਚ ਅੱਗੇ ਹਨ। ਜੇਕਰ ਘਰ ਵਧੀਆ ਚਲਦੇ ਨੇ ਤਾਂ ਉਹ ਔਰਤਾਂ ਦੀ ਮਿਹਰਬਾਨੀ ਸਦਕਾ ਹੀ ਹੁੰਦਾ ਹੈ। ਔਰਤਾਂ ਦੋਹਰੀ ਤਿਹਰੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ।
ਪਰ ਬਹੁਤ ਸਾਰੇ ਫੈਸਲੇ ਅੱਜ ਵੀ ਅਜਿਹੇ ਹਨ ਜੋ ਸਿਰਫ ਮਰਦਾਂ ਦੇ ਅਧਿਕਾਰ ਖੇਤਰ ਵਿੱਚ ਹੀ ਆਉਂਦੇ ਹਨ। ਖਾਸ ਵਿੱਚ ਘਰਾਂ ਵਿੱਚ ਲਏ ਜਾਣ ਵਾਲੇ ਫੈਸਲੇ। ਕੰਮਕਾਜੀ ਔਰਤਾਂ, ਜਿਹੜੀਆਂ ਘਰ ਵਿੱਚ ਸ਼ਾਇਦ ਕਈ ਵਾਰ ਮਰਦਾਂ ਨਾਲੋਂ ਵਧੇਰੇ ਕਮਾਉਂਦੀਆਂ ਨੇ, ਦੇ ਸਾਰੇ ਪੈਸਿਆਂ ਉੱਤੇ ਅਧਿਕਾਰ ਸਿਰਫ ਪਤੀ ਦਾ ਹੋ ਕੇ ਰਹਿ ਜਾਂਦਾ ਹੈ। ਮੈਂ ਆਪਣੇ ਆਲੇ ਦੁਆਲੇ ਵਿੱਚ ਵਿਚਰਦੀਆਂ ਕੰਮਕਾਜੀ ਔਰਤਾਂ ਵਿੱਚ ਇਹ ਵੀ ਦੇਖਿਆ ਹੈ ਕਿ ਉਹਨਾਂ ਦੇ ਏਟੀਐੱਮ, ਕਰੈਡਿਟ ਕਾਰਡ ਜਾਂ ਹੋਰ ਤਨਖਾਹਾਂ ਦੇ ਖਾਤੇ ਉਹਨਾਂ ਦੇ ਪਤੀ ਦੇ ਅਧਿਕਾਰ ਖੇਤਰ ਵਿੱਚ ਹੀ ਹੁੰਦੇ ਨੇ। ਇੱਥੇ ਸਵਾਲ ਇਹ ਉੱਠਦਾ ਹੈ ਕਿ ਜਿਹੜੀਆਂ ਔਰਤਾਂ ਮਹੀਨਾ ਭਰ ਮਰ ਕੇ ਕਮਾਈ ਕਰਦੀਆਂ ਹਨ, ਉਹਨਾਂ ਨੂੰ ਆਪਣੀ ਮਨ ਮਰਜ਼ੀ ਨਾਲ ਆਪਣੀ ਹੀ ਤਨਖਾਹ ਖਰਚਣ ਦਾ ਹੁਕਮ ਨਹੀਂ ਹੁੰਦਾ। ਮੰਨਦੇ ਹਾਂ ਕਿ ਘਰ ਪਤੀ ਪਤਨੀ ਦੁਆਰਾ ਸੰਤੁਲਿਤ ਤਰੀਕੇ ਨਾਲ ਹੀ ਚਲਾਇਆ ਜਾਂਦਾ ਹੈ ਪਰ ਜੇਕਰ ਪਤਨੀ ਨੂੰ ਉਸਦਾ ਬਣਦਾ ਅਧਿਕਾਰ ਅਤੇ ਸਤਕਾਰ ਉਸਦੇ ਪਰਿਵਾਰ ਵੱਲੋਂ ਦਿੱਤਾ ਜਾਵੇ ਤਾਂ ਔਰਤ, ਔਰਤ ਨਾ ਰਹਿ ਕੇ ਕੁਦਰਤ ਦੀ ਸਭ ਤੋਂ ਵਧੀਆ ਹੋਂਦ ਬਣ ਜਾਂਦੀ ਹੈ।
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਕਈ ਵਾਰੀ ਔਰਤਾਂ ਘਰੇਲੂ ਅਤੇ ਮਾਨਸਿਕ ਉਤਪੀੜਨਾ ਕੁਝ ਇਸ ਕਦਰ ਸਹਿੰਦੀਆਂ ਹਨ ਕਿ ਉਹਨਾਂ ਦਾ ਪੱਥਰ ਬਣ ਜਾਣਾ ਸੁਭਾਵਿਕ ਹੁੰਦਾ ਹੈ। ਹਾਈ ਫਾਈ ਪਾਰਟੀਆਂ ਵਿੱਚ ਬੈਠੇ ਉੱਚ ਅਹੁਦੇ ਵਾਲੇ ਮਰਦਾਂ ਨੂੰ ਕਈ ਵਾਰ ਮੈਂ ਆਪਣੀਆਂ ਪਤਨੀਆਂ ਨਾਲ ਬਦਤਮੀਜ਼ੀ ਨਾਲ ਗੱਲ ਕਰਦੇ ਹੋਏ ਦੇਖਿਆ ਹੈ। ਪਤੀ ਦੁਆਰਾ ਆਪਣੀ ਪਤਨੀ ਲਈ ਵਰਤਿਆ ‘ਕੂੜਾ’ ਸ਼ਬਦ ਉਸ ਉੱਚੇ ਅਹੁਦੇ ’ਤੇ ਬੈਠੀ ਪਤਨੀ ਨੂੰ ਅੰਦਰ ਤਕ ਤੋੜ ਕੇ ਰੱਖ ਦਿੰਦਾ ਹੈ। ਕੰਮਕਾਜੀ ਜਾਂ ਪੜ੍ਹੀਆਂ ਲਿਖੀਆਂ ਔਰਤਾਂ ਆਪਣੀ ਮਾਨਸਿਕ ਉਤਪੀੜਨਾ ਆਪਣੀ ਹੀ ਬਦਨਾਮੀ ਦੇ ਡਰੋਂ ਕਿਸੇ ਨੂੰ ਦੱਸ ਵੀ ਨਹੀਂ ਸਕਦੀਆਂ ਤੇ ਕਈ ਵਾਰੀ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਉਹਨਾਂ ਦਾ ‘ਡਿਪਰੈਸ਼ਨ’ ਵਰਗੀਆਂ ਮਾਨਸਿਕ ਬਿਮਾਰੀਆਂ ਦੀਆਂ ਦਵਾਈਆਂ ਦਾ ਸਫ਼ਰ। ਬਾਕੀ ਇਹ ਗੱਲ ਵੀ ਸਹੀ ਹੈ ਕਿ ਸਮਾਜ ਵਿੱਚ ਵਸਦੇ ਸਾਰੇ ਹੀ ਮਰਦ ਇੱਕੋ ਜਿਹੇ ਨਹੀਂ। ਕਈ ਵਾਰ ਮੈਂ ਘੱਟ ਕਮਾਉਣ ਵਾਲੇ ਜਾਂ ਘੱਟ ਪੜ੍ਹੇ ਲਿਖੇ ਮਰਦਾਂ ਨੂੰ ਔਰਤਾਂ ਨੂੰ ਹੱਥਾਂ ਦੀਆਂ ਛਾਵਾਂ ਵੀ ਕਰਦੇ ਹੋਏ ਦੇਖਿਆ ਹੈ, ਫਿਰ ਉਹ ਭਾਵੇਂ ਉਸਦੀ ਮਾਂ ਹੋਵੇ, ਭੈਣ ਹੋਵੇ, ਪਤਨੀ ਹੋਵੇ ਜਾਂ ਧੀ ਹੋਵੇ। ਸ਼ਾਇਦ ਇਹ ਸਭ ਇੱਕ ਮਰਦ ਦੇ ਪਾਲਣ ਪੋਸਣ ’ਤੇ ਬਹੁਤ ਨਿਰਭਰ ਕਰਦਾ ਹੈ। ਪਰ ਫਿਰ ਵੀ ਸਾਡੇ ਸਮਾਜ ਵਿੱਚ ਔਰਤਾਂ ਦੇ ਆਦਰ ਸਤਕਾਰ ਵਿੱਚ ਕਮੀ ਤਾਂ ਪਾਈ ਹੀ ਜਾਂਦੀ ਹੈ। ਸਮਾਜ ਵਿੱਚ ਮਰਦਾਂ ਵੱਲੋਂ ਕੱਢੀਆਂ ਜਾਣ ਵਾਲੀਆਂ ਗਾਲ਼ਾਂ ਔਰਤਾਂ ਦੇ ਨਾਮ ’ਤੇ ਹੀ ਬਣੀਆਂ ਨੇ।
ਔਰਤਾਂ ਖਿਲਾਫ ਗੰਦੀ ਸ਼ਬਦਾਵਲੀ ਫਿਰ ਉਹ ਭਾਵੇਂ ਘਰ ਹੋਵੇ, ਕੋਈ ਕੰਮਕਾਰ ਵਾਲੀ ਜਗ੍ਹਾ ਹੋਵੇ ਤੇ ਇੱਥੋਂ ਤਕ ਕਿ ਚਾਹੇ ਰਾਜਨੀਤੀ ਹੋਵੇ, ਗੰਦਾ ਸਪਰਸ਼ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਤਾਂ ਦੇਖਣ ਨੂੰ ਮਿਲ ਹੀ ਜਾਂਦੀਆਂ ਹਨ। ਪਿਛਲੇ ਦਿਨਾਂ ਵਿੱਚ ਨਾਭਾ ਦੇ ਨੇੜਲੇ ਪਿੰਡ ਵਿਖੇ ਇੱਕ ਮਤਰੇਏ ਪਿਓ ਵੱਲੋਂ ਤਿੰਨ ਸਾਲ ਦੀ ਧੀ ਨਾਲ ਕੀਤੀ ਗਿਆ ਕੁਕਰਮ ਸਵਾਲ ਉਠਾ ਦਿੰਦਾ ਹੈ ਸਾਡੀਆਂ ਸਮਾਜਿਕ ਨੈਤਿਕ ਕਦਰਾਂ ਕੀਮਤਾਂ ’ਤੇ। ਆਰ ਜੀ ਕਾਰ ਹਸਪਤਾਲ, ਪੱਛਮੀ ਬੰਗਾਲ ਵਿਖੇ ਰਾਤ ਦੀ ਡਿਊਟੀ ’ਤੇ ਤਾਇਨਾਤ ਮਹਿਲਾ ਡਾਕਟਰ ਨਾਲ ਬਲਾਤਕਾਰ ਨੇ ਸਾਰੇ ਦੇਸ਼ ਨੂੰ ਸੁੰਨ ਕਰਕੇ ਰੱਖ ਦਿੱਤਾ ਸੀ। ਬਾਕੀ ਹੋਰ ਪਤਾ ਨਹੀਂ ਕਿੰਨੀਆਂ ਕੁ ਘਟਨਾਵਾਂ ਹੋਣ, ਜਿਹੜੀਆਂ ਰਿਕਾਰਡ ਵਿੱਚ ਹੀ ਨਹੀਂ ਆਉਂਦੀਆਂ। ਇਹ ਗੱਲ ਵੀ ਸਹੀ ਹੈ ਕਿ ਇੱਕ ਤਕਨਾਲੋਜੀ ਦੀ ਸਪੀਡ ਨੇ ਹਰ ਇੱਕ ਖੇਤਰ ਦੇ, ਖਾਸ ਕਰ ਔਰਤਾਂ ਦੇ ਖਿਲਾਫ ਜੁਰਮਾਂ ਵਿੱਚ ਵਾਧਾ ਕੀਤਾ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਔਰਤਾਂ ਵੀ ਕੁਝ ਪੱਧਰ ’ਤੇ ਕਿਸੇ ਨਾ ਕਿਸੇ ਰੂਪ ਵਿੱਚ ਦੋਸ਼ੀ ਪਾਈਆਂ ਜਾਂਦੀਆਂ ਹਨ।
ਸਭ ਤੋਂ ਵੱਡੀ ਗੱਲ ਤਾਂ ਔਰਤ ਦੀ ਸਰੀਰਕ ਬਣਤਰ ਨੂੰ ਸਮਝਣ ਦੀ ਹੈ। ਕੁਦਰਤੀ ਤੌਰ ’ਤੇ ਔਰਤ ਤੇ ਮਰਦ ਦੀ ਸਰੀਰਕ ਬਣਤਰ ਵਿੱਚ ਜੋ ਵਖਰੇਵੇਂ ਪਾਏ ਜਾਂਦੇ ਹਨ, ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇੱਕ ਔਰਤ ਨੇ ਬੱਚੇ ਜੰਮਣ ਤੋਂ ਲੈ ਕੇ ਹਰ ਮਹੀਨੇ ਆਉਣ ਵਾਲੀ ਮਾਹਵਾਰੀ ਤਕ ਦਾ ਦਰਦ ਆਪਣੇ ਸਰੀਰ ਉੱਤੇ ਜਿਹੜੇ ਹਾਲ ਵਿੱਚ ਸਹਿਣਾ ਹੁੰਦਾ ਹੈ, ਉਹ ਸਿਰਫ ਉਹ ਹੀ ਜਾਣਦੀ ਹੈ। ਅਕਸਰ ਮਾਹਵਾਰੀ ਦੇ ਦਿਨਾਂ ਵਿੱਚ ਇੱਕ ਔਰਤ ਭਾਵਨਾਤਮਕ ਤੌਰ ’ਤੇ ਉਹ ਬਹੁਤ ਕਮਜ਼ੋਰ ਹੋ ਜਾਂਦੀ ਹੈ। ਇਸ ਸਮੇਂ ਉਸ ਨੂੰ ਭਾਵਨਾਤਮਕ ਸਾਥ ਚਾਹੀਦਾ ਹੁੰਦਾ ਹੈ। ਉਵੇਂ ਹੀ ਉਸਨੇ ਆਮ ਦਿਨਾਂ ਦੀ ਤਰ੍ਹਾਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ। ਕੰਮ ਕਜੀ ਔਰਤਾਂ ਲਈ ਤਾਂ ਇਹ ਉਦੋਂ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਉਹਨਾਂ ਨੇ ਬੱਸਾਂ ਦੁਆਰਾ ਕੋਈ ਪੰਜਾਹ ਤੋਂ ਲੈ ਕੇ ਸੌ ਕਿਲੋਮੀਟਰ ਤਕ ਦਾ ਸਫਰ ਤੈਅ ਕਰਨਾ ਹੁੰਦਾ ਹੈ ਤੇ ਆਪਣੇ ਰੁਜ਼ਗਾਰ ’ਤੇ ਪਹੁੰਚਣਾ ਹੁੰਦਾ ਹੈ। ਉਹ ਇਹ ਸਭ ਆਪਣੇ ਪਰਿਵਾਰ ਲਈ ਹੀ ਤਾਂ ਕਰਦੀ ਹੈ ਪਰ ਸ਼ਾਇਦ ਇਨ੍ਹਾਂ ਦਿਨਾਂ ਵਿੱਚ ਉਸ ਨੂੰ ਕੋਈ ਸਮਝਣ ਵਾਲਾ ਵਿਰਲਾ ਹੀ ਹੁੰਦਾ ਹੈ। ਤੇ ਕਈ ਵਾਰ ਜਦੋਂ ਪਰਿਵਾਰ ਵੱਲੋਂ ਜਾਂ ਆਪਣੇ ਸਾਥੀ ਵੱਲੋਂ ਹੀ ਇੱਕ ਔਰਤ ਨੂੰ ਭਾਵਨਾਤਮਕ ਤੌਰ ’ਤੇ ਸਮਝਿਆ ਨਹੀਂ ਜਾਂਦਾ ਤਾਂ ਉਹ ਹਮਦਰਦੀ ਦੀ ਦੌੜ ਵਿੱਚ ਘਰ ਤੋਂ ਬਾਹਰ ਹਮਦਰਦੀ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਇਹ ਸਾਡੇ ਸਮਾਜ ਦਾ ਉਹ ਵਰਤਾਰਾ ਹੈ ਜੋ ਅੱਜ ਕੱਲ੍ਹ ਵਰਤ ਰਿਹਾ ਹੈ। ਸੋ ਔਰਤ ਨੂੰ ਔਰਤ ਸਮਝਣਾ, ਉਸ ਨੂੰ ਪਿਆਰ ਨਾਲ, ਭਾਵਨਾਤਮਕ ਸ਼ਬਦਾਂ ਦੀ ਖੁਰਾਕ ਇੱਕ ਔਰਤ ਦੀ ਰੂਹ ਨੂੰ ਗਦਗਦ ਕਰ ਦਿੰਦੀ ਹੈ। ਕੁਦਰਤ ਦੀ ਇਸ ਕੋਮਲ ਸ੍ਰਿਸ਼ਟੀ ਨੂੰ ਸਮਝਣ ਲਈ ਧੱਕੇ, ਗਾਲ੍ਹਾਂ ਜਾਂ ਫਿਰ ਤਾਹਨਿਆਂ ਮਿਹਣਿਆਂ ਦੀ ਜ਼ਰੂਰਤ ਨਹੀਂ ਹੁੰਦੀ। ਔਰਤ ਕੋਮਲ ਕਲਾ ਵਰਗੀ ਹੈ, ਪਿਘਲ ਜਾਂਦੀ ਹੈ ਮੋਮ ਵਾਂਗ, ਜਿੱਥੇ ਉਸ ਨੂੰ ਰਿਸ਼ਤਿਆਂ ਦੇ ਨਿੱਘ ਦਾ ਅਹਿਸਾਸ ਹੁੰਦਾ ਹੈ। ਖੋਲ੍ਹ ਦਿੰਦੀ ਹੈ ਉਹ ਆਪਣੇ ਮਨ ਦੀਆਂ ਤੰਦਾਂ ਉੱਥੇ, ਜਿੱਥੇ ਉਸ ਨੂੰ ਆਪਣਾ ਆਪ ਸੁਰੱਖਿਅਤ ਮਹਿਸੂਸ ਹੁੰਦਾ ਹੈ। ਤੇ ਪੱਥਰ ਬਣ ਜਾਂਦੀ ਹੈ ਉਹ ਉਦੋਂ, ਜਦੋਂ ਉਸ ਨੂੰ ਆਪਣਿਆਂ ਵੱਲੋਂ ਹੀ ਸਮਝਿਆ ਨਹੀਂ ਜਾਂਦਾ ਤੇ ਮਜਬੂਰ ਕੀਤਾ ਜਾਂਦਾ ਰਾਤ ਦੇ ਹਨੇਰਿਆਂ ਵਿੱਚ ਬੈਠ ਕੇ ਇਕੱਲੀ ਰੋਣ ਲਈ। ਸੋ ਸਮੇਂ ਦੀ ਲੋੜ ਹੈ ਔਰਤ ਨੂੰ ਸਮਝਣਾ, ਸਿੱਖਿਆਤਮਿਕ ਤੌਰ ’ਤੇ ਉਹਨਾਂ ਨੂੰ ਉੱਚਾ ਚੁੱਕਣਾ ਅਤੇ ਬੌਧਿਕ ਪੱਧਰ ’ਤੇ ਉਹਨਾਂ ਨੂੰ ਮਜ਼ਬੂਤ ਕਰਨਾ ਤਾਂਕਿ ਕੁਦਰਤ ਵਰਗੀਆਂ ਔਰਤਾਂ, ਔਰਤਾਂ ਹੀ ਰਹਿਣ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)