ParveenBegum5ਪਿੰਡੋਂ ਕਾਲਜ ਜਾਣ ਲਈ 30 ਕਿਲੋਮੀਟਰ ਤੇ ਲਗਭਗ ਦਸ ਕਿਲੋਮੀਟਰ ਪੈਦਲ। ਪਿੰਡ ਮੇਨ ਰੋਡ ਤੋਂ ਹਟਵਾਂ ਹੋਣ ਕਾਰਨ ...
(18 ਮਈ 2024)
ਇਸ ਸਮੇਂ ਪਾਠਕ: 330.


ਸਵੇਰ ਦੀ ਸਭਾ ਦੀ ਘੰਟੀ ਵੱਜੀ ਤਾਂ ਸਾਰੇ ਵਿਦਿਆਰਥੀ ਦੌੜ ਕੇ ਪ੍ਰਾਰਥਨਾ ਗਰਾਊਂਡ ਵਿੱਚ ਜਾ ਖਲੋਤੇ। ਸਕੂਲ ਦਾ ਮੇਨ ਗੇਟ ਬੰਦ ਹੋ ਚੁੱਕਿਆ ਸੀ। ਪੰਜ-ਸੱਤ ਮਿੰਟ ਬਾਅਦ ਚਲਦੀ ਸਭਾ ਵਿੱਚ ਮੇਰਾ ਧਿਆਨ ਮੇਨ ਗੇਟ ਦੇ ਹੇਠਾਂ ਲੱਗੀਆਂ ਲੋਹੇ ਦੀਆਂ ਜਾਲੀਆਂ ਵੱਲ ਗਿਆ। ਸ਼ਾਇਦ ਉੱਥੇ ਕੋਈ ਵਿਦਿਆਰਥੀ ਖਲੋਤਾ ਸੀ। ਮੈਂ ਗੇਟ ਖੁੱਲ੍ਹਵਾ ਕੇ ਉਸ ਨੂੰ ਰੋਜ਼ ਹੀ ਦੇਰੀ ਨਾਲ ਆਉਣ ਦਾ ਕਾਰਣ ਥੋੜ੍ਹੇ ਤਲਖ ਲਹਿਜ਼ੇ ਵਿੱਚ ਪੁੱਛਿਆ ਤੇ ਨਾਲ ਹੀ ਅੱਗੇ ਤੋਂ ਦੇਰੀ ਨਾਲ ਨਾ ਆਉਣ ਦੀ ਤਾੜਨਾ ਵੀ ਕੀਤੀ। ਭਰੀਆਂ ਅੱਖਾਂ ਨਾਲ ਬੜੇ ਹੀ ਮਾਯੂਸ ਲਹਿਜ਼ੇ ਵਿੱਚ ਉਸਨੇ ਦੱਸਿਆ ਕਿ ਮੈਂ ਫਲਾਣੇ ਪਿੰਡੋਂ ਕਈ ਕਿਲੋਮੀਟਰ ਤੁਰ ਕੇ ਨਹਿਰੋ-ਨਹਿਰ ਆਉਂਦੀ ਹਾਂ। ਇਹ ਸੁਣ ਕੇ
ਮੈਂ ਇੱਕ ਦਮ ਸੁੰਨ ਹੋ ਗਈ। ਸੁੰਨਾ ਨਹਿਰੀ ਰਸਤਾ, ਮੈਂ ਉਸ ਨਾਲ ਹਮਦਰਦੀ ਜਤਾਉਂਦਿਆਂ ਪਿਆਰ ਨਾਲ ਉਸ ਨੂੰ ਪ੍ਰਾਰਥਨਾ ਵਿੱਚ ਜਾ ਕੇ ਖੜ੍ਹਨ ਲਈ ਕਿਹਾ।

ਪ੍ਰਾਰਥਨਾ ਵਿੱਚ ਖੜ੍ਹੇ-ਖੜ੍ਹੇ ਵੀ ਮੈਨੂੰ ਉਸ ਬਾਲੜੀ ਦਾ ਫ਼ਿਕਰ ਹੋਈ ਜਾ ਰਿਹਾ ਸੀ। ਇਕੱਲੇ ਤੁਰ ਕੇ ਸੁੰਨਸਾਨ ਜਗਾਹ ਤੋਂ ਆਉਣਾ ਤੇ ਉੱਪਰੋਂ ‘ਕੁੜੀਆਂ ਦੀ ਸੁਰੱਖਿਆ ਦੀ ਘਾਟ’ ਤਾਂ ਸਾਡੇ ਸਮਾਜ ਦਾ ਅੱਲਾ ਫੱਟ ਹੈ ਅੱਜ ਦੇ ਸਮੇਂ। ਸਵੇਰੇ ਪੜ੍ਹੀ ਅਖ਼ਬਾਰ ਦੀ ਦਰਦਨਾਇਕ ਖ਼ਬਰ ਕਿ ਸਕੂਲੋਂ ਘਰ ਵਾਪਸ ਜਾ ਰਹੀ ਇੱਕ ਬੱਚੀ ਲਾਪਤਾ - ਸੋਚ ਕੇ ਸੱਚੀਂ ਮਨ ਨੂੰ ਡੋਬੂ ਪੈਣ ਲੱਗੇ ਤੇ ਨਾਲ ਹੀ ਦੁਆ ਆਪ-ਮੁਹਾਰੇ ਨਿਕਲੀ - ਸ਼ਾਲਾ! ਖੈਰ ਕਰੀਂ। ਮਨ ਹੀ ਮਨ ਮੈਂ ਸੋਚ ਰਹੀ ਸੀ ਕਿ ਸੱਚੀਂ ਜ਼ਮਾਨਾ ਕਿੰਨਾ ਬਦਲ ਗਿਆ। ਚੇਤਿਆਂ ਵਿੱਚ ਮੈਨੂੰ ਵੀ ਆਪਣੇ ਪੰਜ-ਸੱਤ ਸਾਲਾਂ ਦਾ ਉਹ ਸਫ਼ਰ ਚੇਤੇ ਆ ਗਿਆ, ਜਿਹੜਾ ਮੈਂ ਵੀ ਸੁੰਨੇ ਰਾਹਾਂ ’ਤੇ ਧੁੱਪੇ-ਛਾਵੇਂ ਤੁਰ ਕੇ ਹੰਢਾਇਆ ਸੀ। ਪਿੰਡੋਂ ਕਾਲਜ ਜਾਣ ਲਈ 30 ਕਿਲੋਮੀਟਰ ਤੇ ਲਗਭਗ ਦਸ ਕਿਲੋਮੀਟਰ ਪੈਦਲ। ਪਿੰਡ ਮੇਨ ਰੋਡ ਤੋਂ ਹਟਵਾਂ ਹੋਣ ਕਾਰਨ ਪੈਦਲ ਤੁਰ ਕੇ ਹੀ ਬੱਸ ਅੱਡੇ ’ਤੇ ਜਾਣਾ ਪੈਂਦਾ ਸੀ। ਉਹ ਉਮਰ ਹੀ ਅਜਿਹੀ ਸੀ ਕਿ ਨਾ ਜੇਠ-ਹਾੜ੍ਹ ਦੀਆਂ ਧੁੱਪਾਂ ਦੀ ਤਪਸ਼ ਨਾ ਪੋਹ ਮਾਘ ਦੀਆਂ ਧੁੰਦਾਂ ਦਾ ਕੋਈ ਅਸਰ ਹੁੰਦਾ ਸੀ। ਕਿੰਨੇ ਸਾਲ ਗੰਨਿਆਂ ਦੇ ਖੇਤ, ਝੋਨੇ ਅਤੇ ਕਣਕ ਦੀਆਂ ਪਹੀਆਂ ਮੇਰੇ ਸਾਥੀ ਰਹੇ। ਸਾਉਣ ਭਾਦੋਂ ਦੀਆਂ ਝੜੀਆਂ ਵੀ ਅੰਦਰਲੇ ਪੜ੍ਹਾਈ ਦੇ ਜਨੂੰਨ ਨੂੰ ਠੰਢਾ ਨਾ ਕਰ ਸਕੀਆਂ। ਰਾਹ ਵਿੱਚ ਸ਼ਮਸ਼ਾਨ ਹੋਣ ਕਾਰਣ ਭੈਅ ਵੀ ਆਉਂਦਾ ਕਈ ਵਾਰੀ, ਪਰ ਫਿਰ ਮਨ ਵਿੱਚ ਉਹੀ ਵਲਵਲਾ ਕਿ ਤੇਰੀ ਆਪਣੀ ਮੰਜ਼ਿਲ ਹੈ, ਜੇ ਢੇਰੀ ਢਾਹ ਲਈ ਤਾਂ ਘਰਦਿਆਂ ਨੇ ਘਰ ਬਿਠਾ ਲੈਣਾ।

ਖੇਤਾਂ ਵਿੱਚ ਕਾਮਿਆਂ ਨਾਲ ਕੰਮ ਕਰਦੇ ‘ਬਚਨੇ ਤਾਏ’ ਨੂੰ ਜੇਠ-ਹਾੜ੍ਹ ਦੀਆਂ ਟਿਕੀਆਂ ਧੁੱਪਾਂ ਵਿੱਚ ਕੰਮ ਕਰਦੇ ਵੇਖ ਇਕੱਲੇ ਨਾ ਹੋਣ ਦੀ ਤਸੱਲੀ ਹੋਣੀ ’ਤੇ ਮੈਂ ਮਸਤੀ ਨਾਲ ਨਿਡਰ ਹੋ ਕੇ ਤੁਰੀ ਜਾਣਾ। ਮੁੜ੍ਹਕੋ-ਮੁੜ੍ਹਕੀ ਹੋਈ ਨੇ ਜਦੋਂ ਦੋ ਪਲ ਤੂਤਾਂ ਦੀ ਛਾਵੇਂ ਖਲੋ ਵਰ੍ਹਦੀ ਅੱਗ ਵਿੱਚ ਚਲਦੀ ਮੋਟਰ ਤੋਂ ਪਾਣੀ ਪੀ ਤਰੋ-ਤਾਜ਼ਾ ਹੋ, ਰੁਮਕਦੀਆਂ ਪੌਣਾਂ ਨਾਲ ਛੇੜਖਾਨੀ ਕਰਨੀ, ਸਵਰਗ ਜਿਹਾ ਅਹਿਸਾਸ ਹੁੰਦਾ ਸੀ। ਉਸ ਵਕਤ ਵਧ ਰਹੀ ਤਕਨਾਲੋਜੀ ਦੇ ਸਰਾਪ ਤੋਂ ਬਚੇ ਹੋਣ ਕਾਰਣ ਸਮਾਜਿਕ ਕਦਰਾਂ-ਕੀਮਤਾਂ ਐਨੀਆਂ ਵੀ ਨਹੀਂ ਸਨ ਮਰੀਆਂ ਕਿ ਕਾਲਜੋਂ ਆ-ਜਾ ਰਹੀ ਪਿੰਡ ਦੀ ਕੁੜੀ ਨੂੰ ਕੋਈ ਕੁਝ ਕਹਿ ਸੁਣ ਲਵੇ।

ਪਰ ਕਈ ਵਾਰ ਕਾਲਜ ਦੇ ਪਹਿਲੇ ਪੀਰੀਅਡ ਹੀ ਦੇਰੀ ਨਾਲ ਪਹੁੰਚਣ ਤੇ ਮੈਨੂੰ ਅਧਿਆਪਕਾਂ ਤੋਂ ਝਾੜ-ਝੰਬ ਕਰਵਾਉਣੀ ਪੈਂਦੀ ਸੀ। ਮੈਂ ਵੀ ਭਰੀਆਂ ਅੱਖਾਂ ਨਾਲ, ਗੜੁੱਚ ਹੋਏ ਮਨ ਨਾਲ ਕਿਸੇ ਖੂੰਜੇ ਲੱਗ ਜਾ ਬਹਿੰਦੀ ਤੇ ਸੋਚਦੀ ਕਿ ਇਹਨਾਂ ਨੂੰ ਕੀ ਪਤਾ, ਕਿਵੇਂ ਮੈਂ ‘ਮੀਲਾਂ ਦਾ ਸਫ਼ਰ’ ਪੈਦਲ ਹੰਢਾ ਕੇ ਮਸਾਂ ਇੱਥੇ ਪਹੁੰਚਦੀ ਹਾਂ। ਸੱਚੀਂ, ਮੈਂ ਅੱਜ ਉਸ ਵਿਦਿਆਰਥਣ ਨੂੰ ਵੀ ਖੁਦ ਵਾਂਗ ਲਾਚਾਰ ਪਾਇਆ ਜਿਸਦਾ ਕੋਈ ਕਸੂਰ ਨਾ ਹੋਣ ’ਤੇ ਵੀ ਉਸ ਨੂੰ ਅਧਿਆਪਕ ਦੇ ਗੁਸੈਲੇ ਬੋਲ ਸਹਿਣੇ ਪਏ। ਮੇਰੇ ਚਿਹਰੇ ’ਤੇ ਤਰਸ ਅਤੇ ਨਿਮਰਤਾ ਦੇ ਰਲੇ-ਮਿਲੇ ਭਾਵਾਂ ਦੀ ਲੋਅ ਮੈਨੂੰ ਮਹਿਸੂਸ ਹੋਈ। ਮੈਨੂੰ ਲੱਗਿਆ ਕਿ ਇਹ ਕੁੜੀ ਵੀ ‘ਮੀਲਾਂ ਦਾ ਸਫ਼ਰ’ ਕਰਕੇ ਫਿਕਰਾਂ ਵਿੱਚ ਡੁੱਬੇ ਮਨ ਨਾਲ ਭੈਭੀਤ ਹੋਈ ਪਤਾ ਨਹੀਂ ਕਿਵੇਂ ਅੱਜ ਦੇ ਸਮੇਂ ਲੋਹੇ ਵਰਗੀ ਹਿੰਮਤ ਸਦਕਾ ਸਕੂਲ ਪਹੁੰਚਦੀ ਹੈ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4977)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਪ੍ਰਵੀਨ ਬੇਗਮ

ਡਾ. ਪ੍ਰਵੀਨ ਬੇਗਮ

Phone: (91 - 89689 - 48018)
Email: (begamparveen28@yahoo.co.in)

More articles from this author