ਕਈ ਵਾਰੀ ਗੈਰ ਅਧਿਆਪਨ ਕੰਮਾਂ ਦਾ ਬੋਝ ਵੀ ਅਧਿਆਪਕ ਨੂੰ ਇੱਕ ਪਰਪੱਕ ਅਧਿਆਪਕ ਵਜੋਂ ਕੰਮ ਕਰਨ ਤੋਂ ਰੋਕੀ ...
(7 ਸਤੰਬਰ 2024)

 

“ਅਧਿਆਪਨ ਕਿੱਤਾ ਨਹੀਂ, ਸਮਰਪਣ ਹੈ” ਇੱਕ ਅਧਿਆਪਕ ਹੋਣ ਦੇ ਨਾਂ ’ਤੇ ਮੈਨੂੰ ਅਕਸਰ ਹੀ ਆਪਣੇ ਅੰਗਰੇਜ਼ੀ ਮਾਸਟਰ ਦੇ ਕਹੇ ਇਹ ਸ਼ਬਦ ਯਾਦ ਹਨਸ਼ਾਇਦ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਇਹਨਾਂ ਸ਼ਬਦਾਂ ਦਾ ਭਾਵ ਨਹੀਂ ਸੀ ਪਤਾ, ਪਰ ਅੱਜ ਜਦੋਂ ਖੁਦ ਇਸ ਕਿੱਤੇ ਨੂੰ ਸਮਰਪਿਤ ਹਾਂ ਤਾਂ ਸੱਚਮੁੱਚ ਹੀ ਲਗਦਾ ਹੈ ਕਿ ਇਹ ਕਿੱਤਾ ਨਹੀਂ, ਅਹਿਸਾਸ ਹੈਜ਼ਿੰਦਗੀ ਦੇ ਔਖੇ ਅਤੇ ਹਨੇਰਿਆਂ ਭਰੇ ਕੰਡਿਆਲੇ ਰਸਤੇ ’ਤੇ ਚਲਦਿਆਂ ਅਨਭੋਲ ਜਿੰਦਾਂ ਨੂੰ ਜਦੋਂ ਤੁਸੀਂ ਹੱਥ ਫੜ ਰਾਹ ਦਸੇਰੇ ਹੋਣ ਦਾ ਅਹਿਸਾਸ ਕਰਵਾਉਂਦੇ ਹੋ ਤਾਂ ਉਹਨਾਂ ਦਾ ਰੋਮ ਰੋਮ ਖੀਵਾ ਹੋ ਤੁਹਾਨੂੰ ਦੁਆਵਾਂ ਦਿੰਦਾ ਹੈਅਧਿਆਪਕ ਇੱਕ ਚਾਨਣ ਮੁਨਾਰਾ ਬਣ ਸੈਂਕੜੇ ਭਟਕਦੀਆਂ ਕਰੂੰਬਲਾਂ ਨੂੰ ਰਾਹੇ-ਕੁਰਾਹੇ ਪੈਣ ਤੋਂ ਰੋਕ ਕਿਸੇ ਕਿਨਾਰੇ ਲਾ ਛੱਡਦਾ ਹੈਜੁਗਨੂੰ ਦੀ ਤਰ੍ਹਾਂ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਛਿੱਟ ਚਾਨਣ ਦੀ ਛੱਡ ਰੁਸ਼ਨਾ ਦਿੰਦਾ ਹੈਅਧਿਆਪਕ ਉਸ ਬੇੜੀ ਦਾ ਮਲਾਹ ਹੁੰਦਾ ਹੈ, ਜਿਸਨੇ ਸਾਰਾ ਜ਼ੋਰ ਲਗਾ ਕੇ ਵਿਦਿਆਰਥੀਆਂ ਦੀ ਜ਼ਿੰਦਗੀ ਰੂਪੀ ਭਵਸਾਗਰ ਵਿੱਚ ਤੈਰਦੀ ਬੇੜੀ ਨੂੰ ਪੱਤਣ ਤਕ ਪਹੁੰਚਾਉਣਾ ਹੁੰਦਾ ਹੈਅਧਿਆਪਕ ਉਸ ਮੋਮਬੱਤੀ ਦੀ ਤਰ੍ਹਾਂ ਹੈ, ਜੋ ਖੁਦ ਜਲ ਕੇ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਕਰਦਾ ਹੈਇੱਕ ਚੰਗਾ ਅਧਿਆਪਕ ਆਪਣੇ ਚੰਗੇ ਮਾੜੇ ਤਜਰਬਿਆਂ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਹਰ ਹਾਲਤ ਤੋਂ ਪਹਿਲਾਂ ਹੀ ਜਾਣੂ ਕਰਵਾਕੇ ਉਹਨਾਂ ਨੂੰ ਚੰਗੇ-ਮਾੜੇ ਪੰਧਾਂ ਦੀ ਪਛਾਣ ਕਰਵਾਉਣ ਦੇ ਯੋਗ ਬਣਾਉਂਦਾ ਹੈਇਤਿਹਾਸ ਵਿੱਚ ਨਜ਼ਰ ਮਾਰੀਏ ਤਾਂ ਵੈਦਿਕ ਸਮੇਂ ਵਿੱਚ ਗੁਰੂ-ਕੁੱਲ ਵਿੱਚ ਅਧਿਆਪਕ ਦਾ ਰੁਤਬਾ ਬਾਕੀ ਸਭ ਰੁਤਬਿਆਂ ਤੋਂ ਉੱਚਾ ਸੀਵੇਦਾਂ ਵਿੱਚ ਅਧਿਆਪਕ ਨੂੰ ਰੱਬ ਵਰਗਾ ਦਰਜਾ ਪ੍ਰਦਾਨ ਕੀਤਾ ਗਿਆ ਹੈਸਮੇਂ ਸਮੇਂ ’ਤੇ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਤਰ੍ਹਾਂ ਤਰ੍ਹਾਂ ਨਾਲ ਅਧਿਆਪਕ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈਗੁਰੂ ਦਰੋਣਾਚਾਰਿਆ ਅਤੇ ਅਰਜਨ ਦੀ ਕਥਾ ਬਾਰੇ ਤਾਂ ਅਸੀਂ ਸਭ ਜਾਣਦੇ ਹੀ ਹਾਂਰਾਜਿਆਂ ਵੱਲੋਂ ਆਪਣੇ ਧੀਆਂ ਪੁੱਤਾਂ ਨੂੰ ਪੜ੍ਹਾਉਣ ਲਈ ਗੁਰੂ ਦੀ ਅਹਿਮੀਅਤ ਵੀ ਦਰਸਾਈ ਗਈਅੰਗਰੇਜ਼ੀ ਹਕੂਮਤ ਅਧੀਨ ਸਿੱਖਿਆ ਪ੍ਰਣਾਲੀ ਵਿੱਚ ਵੀ ਅਧਿਆਪਕ ਦੀ ਮਹੱਤਤਾ ਨੂੰ ਰੱਜ ਕੇ ਉਜਾਗਰ ਕੀਤਾ ਗਿਆਭਾਰਤੀ ਇਤਿਹਾਸ ਵਿੱਚ ਬਹੁਤ ਹੀ ਮਹਾਨ ਅਧਿਆਪਕ ਸੁਆਮੀ ਵਿਵੇਕਾਨੰਦ, ਅਬੁਲ ਕਲਾਮ ਆਜ਼ਾਦ, ਸਰਵ ਪੱਲੀ ਰਾਧਾ ਕ੍ਰਿਸ਼ਨਨ, ਡਾਕਟਰ ਏ.ਪੀ.ਜੇ ਅਬਦੁਲ ਕਲਾਮ, ਚਾਣਕਿਆ, ਸੁਆਮੀ ਦਿਆਨੰਦ ਸਰਸਵਤੀ, ਰਵਿੰਦਰ ਨਾਥ ਟੈਗੋਰ, ਸਵਿਤਰੀ ਬਾਈ ਫੂਲੇ ਅਤੇ ਮੁਨਸ਼ੀ ਪ੍ਰੇਮ ਚੰਦ ਦੀ ਦੇਣ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕੀਤਾ ਗਿਆ ਹੈ

ਇਨ੍ਹਾਂ ਸ਼ਖਸੀਅਤਾਂ ਨੇ ਭਾਰਤੀ ਸਮਾਜ ਨੂੰ ਆਪਣੇ ਅਧਿਆਪਨ ਨਾਲ ਅਜਿਹਾ ਨਿਖਾਰਿਆ ਕਿ ਉਹਨਾਂ ਦੀ ਸੋਚ ਅਤੇ ਅਧਿਆਪਨ ਪ੍ਰਤੀ ਜਜ਼ਬੇ ਨੇ ਸਿੱਖਿਆ ਵਿੱਚ ਪਛੜੇ ਆਜ਼ਾਦ ਭਾਰਤ ਦੀ ਨੀਂਹ ਰੱਖੀਗਾਂਧੀ ਜੀ ਨੇ ਆਪਣੀ ਸਰਵੋਦਿਆ ਨੀਤੀ ਵਿੱਚ ਅਧਿਆਪਕ ਨੂੰ ਉਚਤਮ ਸਥਾਨ ਬਖਸ਼ਿਆਸਾਡੇ ਭਾਰਤੀ ਸਮਾਜ ਵਿੱਚ ਤਾਂ ਅਧਿਆਪਕ ਨੂੰ ‘ਗੁਰ ਬਿਨਾਂ ਗਤਿ ਨਹੀਕਹਿ ਕੇ ਅਧਿਆਤਮਿਕ ‘ਗੁਰੂਸਮਾਨ ਦਰਜਾ ਦਿੱਤਾ ਗਿਆ ਹੈਜਿਵੇਂ ਇੱਕ ਗੁਰੂ ਸਾਨੂੰ ਅਧਿਆਤਮਿਕਤਾ ਦੇ ਰਾਹ ’ਤੇ ਚੱਲਣ ਦੀ ਜਾਂਚ ਸਿਖਾਉਂਦਾ ਹੈ, ਬਿਲਕੁਲ ਉਵੇਂ ਹੀ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਦੇ ਪੰਧਾਂ ’ਤੇ ਸਹਿਜ ਹੋ ਕੇ ਤੁਰਨ ਦੀ ਜਾਂਚ ਸਿਖਾਉਂਦਾ ਹੈ

ਗੱਲ ਕਰੀਏ ਪੁਰਾਣੇ ਸਮਿਆਂ ਦੀ ਤਾਂ ਅਧਿਆਪਕ ਦਾ ਰੁਤਬਾ ਬਹੁਤ ਉੱਚਾ ਸੀਵਿਦਿਆਰਥੀਆਂ ਦੇ ਮਾਪੇ ਉਹਨਾਂ ਨੂੰ ਅਧਿਆਪਕ ਦੇ ਹਵਾਲੇ ਕਰ ਇਹੀ ਕਹਿੰਦੇ ਸਨ ਕਿ “ਇਹ ਤੁਹਾਡਾ ਬੱਚਾ ਹੈ, ਤੁਸੀਂ ਇਸਦੇ ਦੂਸਰੇ ਮਾਪੇ ਹੋ” ਬਿਲਕੁਲ ਸਹੀ ਗੱਲ ਹੈ ਇਹਅਧਿਆਪਕ ਦੂਜੇ ਮਾਪੇ ਹੀ ਤਾਂ ਹੁੰਦੇ ਹਨਇੱਕ ਕੋਰੇ ਮਨ ਦੇ ਬਾਲੜੇ ਬੱਚੇ ਨੂੰ ਇੱਕ ਸਭਿਅਕ ਤੇ ਪਰਪੱਕ ਸਿਪਾਹੀ ਬਣਾ ਕੇ ਜ਼ਿੰਦਗੀ ਦੀਆਂ ਔਖਾਂ ਸੌਖਾਂ ਨਾਲ ਲੜਨਾ ਸਿਖਾਉਣਾ ਇੱਕ ਅਧਿਆਪਕ ਦੇ ਹਿੱਸੇ ਹੀ ਆਉਂਦਾ ਹੈਗਾਰੇ ਦੀਆਂ ਗਿੱਲੀਆਂ ਪੈੜਾਂ ਵਰਗੀਆਂ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਸਮਝ, ਆਪਣੇ ਤਜਰਬਿਆਂ ਨੂੰ ਲਾਗੂ ਕਰ, ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ, ਉਹਨਾਂ ਨੂੰ ਡਾਕਟਰ, ਇੰਜਨੀਅਰ, ਵਕੀਲ, ਅਫਸਰ ਅਤੇ ਅਧਿਆਪਕ ਬਣਾਉਣਾ ਅਧਿਆਪਕ ਦਾ ਪਹਿਲਾ ਫਰਜ਼ ਹੁੰਦਾ ਹੈਇੱਕ ਅਧਿਆਪਕ ਆਪਣੇ ਫਰਜ਼ ਤੋਂ ਕਦੇ ਨਹੀਂ ਭੱਜਦਾਉਹ ਮੀਂਹ, ਹਨੇਰੀ, ਧੁੰਦ, ਗਰਮੀ ਅਤੇ ਸਰਦੀ ਦੀ ਪਰਵਾਹ ਕੀਤੇ ਬਿਨਾਂ ਹਮੇਸ਼ਾ ਆਪਣੇ ਵਿਦਿਆਰਥੀਆਂ ਅਤੇ ਸੰਸਥਾ ਨੂੰ ਸਮਰਪਿਤ ਹੁੰਦਾ ਹੈ

ਪਰ ਸਮਾਂ ਬੀਤਣ ਨਾਲ ਅਧਿਆਪਕ ਦੇ ਰੁਤਬੇ ਵਿੱਚ ਕਾਫ਼ੀ ਕੁਝ ਬਦਲਾਅ ਦੇਖਣ ਨੂੰ ਮਿਲੇ ਹਨਅਜੋਕੇ ਸਮੇਂ ਵਿੱਚ ਅਧਿਆਪਕ ਦੀ ਸਥਿਤੀ ਇੱਕ ਅਧਿਐਨ ਮੰਗਦੀ ਹੈਹੌਲੀ ਹੌਲੀ ਟੈਕਨੌਲੋਜੀ ਦੇ ਵਿਸਤਾਰ ਨੇ ਜਿਉਂ ਹੀ ਸਾਡੇ ਸਮਾਜ ਨੂੰ ਢਾਹ ਲਾਉਣੀ ਸ਼ੁਰੂ ਕੀਤੀ, ਅਧਿਆਪਕ ਦਾ ਮਾਣ ਸਤਿਕਾਰ ਤੇ ਰੁਤਬਾ ਖਤਰੇ ਵਿੱਚ ਜਾਪਦਾ ਹੈ ਅਤੇ ਆਪਣੀ ਪਹਿਲਾਂ ਵਾਲੀ ਪ੍ਰਤੀਤ ਗੁਆ ਰਿਹਾ ਹੈਪਹਿਲਾਂ ਵਰਗਾ ਸਤਿਕਾਰ ਅਧਿਆਪਕ ਤੋਂ ਖੁੱਸ ਗਿਆ ਲਗਦਾ ਹੈਹੁਣ ਕਈ ਵਾਰੀ ਅਧਿਆਪਕ ਨੂੰ ਮਾਪਿਆਂ ਦੇ ਗੁਸੈਲੇ ਬੋਲ ਵੀ ਸਹਿਣੇ ਪੈਂਦੇ ਹਨ ਤੇ ਉਹ ਆਪਣੀ ਮਾਣਮੱਤੀ ਹੋਂਦ ਨੂੰ ਢਾਹ ਲੱਗੀ ਦੇਖਦਾ ਹੈਇੱਕ ਮਾਣ ਮਰਯਾਦਾ ਵਾਲਾ ਅਹੁਦਾ ਆਪਣਾ ਅਸਤਿਤਵ ਗਵਾ ਗਿਆ ਜਾਪਦਾ ਹੈਇਵੇਂ ਲਗਦਾ ਹੈ, ਜਿਵੇਂ ਅਧਿਆਪਕ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵਿਚਕਾਰ ਇੱਕ ਭਾਵਨਾਤਮਕ ਸਾਂਝ ਖਤਮ ਹੋ ਚੁੱਕੀ ਹੈਜਿਵੇਂ ਵਿਦਿਆਰਥੀਆਂ ਉੱਤੇ ਅਧਿਆਪਕਾਂ ਦਾ ਕੋਈ ਹੱਕ ਨਾ ਰਹਿ ਗਿਆ ਹੋਵੇਇੱਕ ਅਧਿਆਪਕ ਉਦੋਂ ਤਾਂ ਬਿਲਕੁਲ ਹੀ ਹਾਰਿਆ ਹੋਇਆ ਮਹਿਸੂਸ ਕਰਦਾ ਹੈ, ਜਦੋਂ ਥੋੜ੍ਹੀ ਜਿਹੀ ਘੂਰ ਨਾ ਸਹਿੰਦਾ ਹੋਇਆ ਵਿਦਿਆਰਥੀ ਇਸ ਗੱਲ ਦਾ ਬਤੰਗੜ ਬਣਾ ਦਿੰਦਾ ਹੈਅੱਜ ਕੱਲ੍ਹ ਦੇ ਵਿਦਿਆਰਥੀਆਂ ਵਿੱਚ ਈਗੋ ਦੀ ਭਾਵਨਾ ਲੋੜ ਤੋਂ ਵੱਧ ਹੋ ਗਈ ਹੈਉਹ ਅਧਿਆਪਕ ਦੀ ਜ਼ਰਾ ਜਿੰਨੀ ਝਿੜਕ ਨੂੰ ਵੀ ਆਪਣੀ ਈਗੋ ’ਤੇ ਲੈ ਜਾਂਦੇ ਹਨਕੋਈ ਸਮਾਂ ਸੀ ਜਦੋਂ ਅਧਿਆਪਕ ਡੰਡਿਆਂ ਨਾਲ ਕੁੱਟਣਾ, ਮੁਰਗੇ ਬਣਾਉਣਾ, ਬਾਹਵਾਂ ਖੜ੍ਹੀਆਂ ਕਰਵਾਉਣਾ ਆਪਣਾ ਹੱਕ ਸਮਝਦੇ ਸਨ ਅਤੇ ਵਿਦਿਆਰਥੀ ਵੀ ਇਨ੍ਹਾਂ ਸਭ ਨੂੰ ਸਜ਼ਾ ਨਹੀਂ ਸਮਝਦੇ ਸਨਇਹ ਤਰੀਕਾ ਹੁੰਦਾ ਸੀ ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਕਮੀਆਂ ਨੂੰ ਮਹਿਸੂਸ ਕਰਵਾਉਣ ਦਾਵਿਦਿਆਰਥੀਆਂ ਨੂੰ ਵੀ ਪਤਾ ਹੁੰਦਾ ਸੀ ਕਿ ਇਹ ਸਭ ਉਹਨਾਂ ਦੀ ਨਿੱਜੀ ਭਲਾਈ ਲਈ ਹੈਵਰਨਾ ਅਧਿਆਪਕ ਦੀ ਕਿਹੜਾ ਕੋਈ ਨਿੱਜੀ ਦੁਸ਼ਮਣੀ ਹੁੰਦੀ ਹੈ ਵਿਦਿਆਰਥੀ ਨਾਲਸਾਡੀ ਪੀੜ੍ਹੀ ਦੇ ਬਹੁਤੇ ਜਵਾਕਾਂ ਨੇ ਜ਼ਿਆਦਾ ਨਹੀਂ ਤਾਂ ਡੰਡੇ ਤਾਂ ਖਾਧੇ ਹੀ ਹੋਣਗੇਸਾਡੇ ਮਾਪੇ ਇਸ ਗੱਲ ਲਈ ਅਧਿਆਪਕ ਕੋਲ ਜਾਣਾ ਸਗੋਂ ਅਧਿਆਪਕ ਦੀ ਤੌਹੀਨ ਸਮਝਦੇ ਸਨ ਅਤੇ ਖੁਦ ਆਪਣੇ ਬੱਚਿਆਂ ਨੂੰ ਹੀ ਵਧੀਆ ਪੜ੍ਹਨ ਅਤੇ ਵਧੀਆ ਵਰਤਾਓ ਦੀ ਤੌਫੀਕ ਦਿੰਦੇ ਸਨਜਿਸਦੇ ਸਿੱਟੇ ਵਜੋਂ ਅੱਜ ਸਾਡੀ ਪੀੜ੍ਹੀ ਵਾਲੇ ਵਿਦਿਆਰਥੀ ਵਧੇਰੇ ਪਰਪੱਕਤਾ ਅਤੇ ਸੁਹਿਰਦਤਾ ਨਾਲ ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ ਦਾ ਸਾਹਮਣਾ ਕਰਦੇ ਹਨਅੱਜ ਸਭ ਕੁਝ ਉਲਟ ਹੋ ਗਿਆ ਜਾਪਦਾ ਹੈ

ਅੱਜ ਕੱਲ੍ਹ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਅਸੀਂ ਅਧਿਆਪਕਾਂ ’ਤੇ ਕੀਤੇ ਜਾਂਦੇ ਹਮਲਿਆਂ ਦੀਆਂ ਖਬਰਾਂ ਅਕਸਰ ਪੜ੍ਹਦੇ ਸੁਣਦੇ ਹਾਂਕੀ ਅੱਜ ਦਾ ਉੱਭਰ ਰਿਹਾ ਨੌਜਵਾਨ ਅਧਿਆਪਕ ਨੂੰ ਵੈਰੀ ਸਮਝਦਾ ਹੈ ਜਾਂ ਉਹ ਆਪ ਹੀ ਕਿਸੇ ਦੁਬਿਧਾ ਦਾ ਸ਼ਿਕਾਰ ਹੋ ਠੀਕ ਗਲਤ ਸਮਝ ਹੀ ਨਹੀਂ ਰਿਹਾਕਾਰਨ ਹੈ, ਸਾਡੀ ਜ਼ਿੰਦਗੀ ਦੇ ਢੰਗ ਤਰੀਕੇ ਬਦਲ ਗਏ ਹਨਵਿਦਿਆਰਥੀਆਂ ਵਿੱਚ ਸਹਿਣ ਸ਼ਕਤੀ ਘਟ ਗਈ ਹੈਵਿਦਿਆਰਥੀਆਂ ਦੇ ਪ੍ਰੇਰਨਾ ਸਰੋਤ ਹਥਿਆਰਾਂ ਅਤੇ ਨਸ਼ਿਆਂ ਵਾਲੇ ਉਹ ਗੀਤ ਬਣ ਗਏ ਹਨ, ਜਿਨ੍ਹਾਂ ਦਾ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਕੋਈ ਨੇੜੇ ਦਾ ਸੰਬੰਧ ਨਹੀਂ ਹੁੰਦਾਉੱਪਰੋਂ ਸੋਸ਼ਲ ਮੀਡੀਆ ’ਤੇ ਉਹ ਹਰ ਤਰ੍ਹਾਂ ਦੀ ਵਸਤੂ ਮੌਜੂਦ ਹੈ, ਜਿਹੜੀ ਉਹਨਾਂ ਦੇ ਅਨਭੋਲ ਮਨਾਂ ਵਿੱਚ ਇੱਕ ਬਨਾਵਟੀ ਦੁਨੀਆ ਸਿਰਜਦੀ ਹੈਸਿੱਟੇ ਵਜੋਂ ਵਿਦਿਆਰਥੀਆਂ ਵਿੱਚ ਵੱਡਿਆਂ ਦਾ, ਖਾਸ ਕਰ ਅਧਿਆਪਕਾਂ ਦਾ ਲਗਾਓ ਤੇ ਉਹਨਾਂ ਨਾਲ ਸਾਂਝ ਦੀ ਘਾਟ ਹੋ ਰਹੀ ਹੈਕਈ ਵਾਰੀ ਤਾਂ ਵਿਦਿਆਰਥੀ ਤੁਹਾਡੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਹਨ ਕਿ ਤੁਹਾਡੇ ਕੋਲ ਉਸ ਵਕਤ ਸਿਵਾਏ ਚੁੱਪ ਹੋਣ ਤੋਂ ਹੋਰ ਕੋਈ ਚਾਰਾ ਨਹੀਂ ਹੁੰਦਾਆਖਿਰ ਕਿੱਧਰ ਨੂੰ ਤੁਰ ਪਈ ਸਾਡੀ ਨੌਜਵਾਨ ਪੀੜ੍ਹੀ? ਜਿਸ ਸਮਾਜ ਦੇ ਬੱਚਿਆਂ ਵਿੱਚ ਆਪਣੇ ਅਧਿਆਪਕ ਪ੍ਰਤੀ ਸਤਿਕਾਰ ਨਾ ਹੋਵੇ, ਉਹ ਸਮਾਜ ਕਿਵੇਂ ਵਿਕਾਸ ਕਰੇਗਾਕਿਉਂ ਭੁੱਲ ਗਏ ਸਾਡੇ ਵਿਦਿਆਰਥੀ ਕਿ ਅਸੀਂ ਭਗਤ ਸਿੰਘ ਵਰਗੇ ਦੇਸ਼ ਭਗਤਾਂ ਦੇ ਵਾਰਿਸ ਹਾਂਸਾਡੇ ਬੱਚਿਆਂ ਦੀਆਂ ਕਦਰਾਂ-ਕੀਮਤਾਂ ਵੀ ਕਿਧਰੇ ਖੰਭ ਲਗਾ ਕੇ ਉਡ ਗਈਆਂ ਲਗਦੀਆਂ ਹਨ

ਹਰ ਵਿਦਿਆਰਥੀ ਦੇ ਸਮਾਨ ਨਤੀਜੇ ਦਿਖਾਉਣ ’ਤੇ ਦਿੱਤਾ ਜਾਂਦਾ ਬੇਲੋੜਾ ਬੋਝ ਅਧਿਆਪਕ ਨੂੰ ਬੇਵੱਸ, ਮਜਬੂਰ ਤੇ ਲਾਚਾਰ ਬਣਾ ਦਿੰਦਾ ਹੈਵਿਦਿਆਰਥੀ ਕਈ ਤਰ੍ਹਾਂ ਦੇ ਹੁੰਦੇ ਹਨ, ਕੋਈ ਪੜ੍ਹਾਈ ਵਿੱਚ, ਕੋਈ ਖੇਡਾਂ ਵਿੱਚ, ਕੋਈ ਕਲਾਵਾਂ ਵਿੱਚ ਕਈ ਹੋਰ ਖੇਤਰਾਂ ਵਿੱਚ ਹੁਸ਼ਿਆਰ ਹੁੰਦਾ ਹੈਤੁਸੀਂ ਕਿਵੇਂ ਸਭ ਨੂੰ ਇੱਕੋ ਜਿਹਾ ਦਿਖਾ ਸਕਦੇ ਹੋ ਇੱਕ ਵਿਦਿਆਰਥੀ ਆਪਣੀਆਂ ਕਮੀਆਂ ਘਾਟਾਂ ਨੂੰ ਆਖਿਰ ਕਿਵੇਂ ਮਹਿਸੂਸ ਕਰੇਗਾ ਜੇਕਰ ਉਹਨਾਂ ਨੂੰ ਇਹਨਾਂ ਆਪਣੀਆਂ ਕਮੀਆਂ ਮਹਿਸੂਸ ਕਰਨ ਦਾ ਮੌਕਾ ਹੀ ਨਾ ਦਿੱਤਾ ਜਾਵੇਕੋਈ ਅਧਿਆਪਕ ਆਪਣੇ ਵਿਦਿਆਰਥੀ ਨੂੰ ਭਲਾ ਫੇਲ ਕਿਉਂ ਕਰਨਾ ਚਾਹੇਗਾਸਿਰਫ਼ ਇਸ ਲਈ ਕਿ ਇੱਕ ਵਿਦਿਆਰਥੀ ਨੂੰ ਅਹਿਸਾਸ ਕਰਵਾ ਕੇ ਪ੍ਰਪੱਕ ਬਣਾਇਆ ਜਾਵੇਕੀ ਜ਼ਿੰਦਗੀ ਵਿੱਚ ਅਸੀਂ ਕਦੇ ਅਸਫਲ ਨਹੀਂ ਹੁੰਦੇ? ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਅਸਫਲਤਾਵਾਂ ਦਾ ਉਹ ਦੌਰ ਜਿਹੜਾ ਸਾਨੂੰ ਜ਼ਿੰਦਗੀ ਦੇ ਰਾਹ ’ਤੇ ਸਫਲ ਕਰਨ ਵਿੱਚ ਸਹਾਈ ਹੁੰਦਾ ਹੈ

ਕਈ ਵਾਰੀ ਗੈਰ ਅਧਿਆਪਨ ਕੰਮਾਂ ਦਾ ਬੋਝ ਵੀ ਅਧਿਆਪਕ ਨੂੰ ਇੱਕ ਪਰਪੱਕ ਅਧਿਆਪਕ ਵਜੋਂ ਕੰਮ ਕਰਨ ਤੋਂ ਰੋਕੀ ਰੱਖਦਾ ਹੈਅਧਿਆਪਕ ਵਰਗ ਦੀ ਇਸ ਮਜਬੂਰੀ ਦਾ ਫਾਇਦਾ ਵਿਦਿਆਰਥੀ ਬਾਖੂਬੀ ਚੁੱਕਦੇ ਹਨਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਪਾਸ ਤਾਂ ਹੋ ਹੀ ਜਾਣਗੇ, ਇਸੇ ਕਰਕੇ ਕਈ ਵਾਰੀ ਉਹ ਅਧਿਆਪਕਾਂ ਨੂੰ ਟਿੱਚ ਨਹੀਂ ਜਾਣਦੇਇਹਨਾਂ ਸਭ ਗੱਲਾਂ ਦਾ ਪ੍ਰਭਾਵ ਅੱਜ ਕੱਲ੍ਹ ਸਕੂਲ ਪੱਧਰ ਅਤੇ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈਇਸ ਤੋਂ ਬਿਨਾਂ ਬਹੁਤ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨਜਿਹੜਾ ਇਨਸਾਨ ਕਿਸੇ ਵੀ ਤਰ੍ਹਾਂ ਅਸੁਰੱਖਿਆ ਦਾ ਸ਼ਿਕਾਰ ਹੈ, ਉਹ ਕਿਵੇਂ ਸ਼ਿੱਦਤ ਨਾਲ ਆਪਣੀਆਂ ਸੇਵਾਵਾਂ ਨਿਭਾ ਸਕੇਗਾ? ਉਹ ਆਪਣਾ ਸੌ ਪ੍ਰਤੀਸ਼ਤ ਆਉਣ ਵਾਲੀ ਨੌਜਵਾਨੀ ਨੂੰ ਚਮਕਾਉਣ ਲਈ ਲਗਾ ਕਿਵੇਂ ਲਗਾ ਸਕੇਗਾ? ਸੋ ਕੱਚੇ ਅਧਿਆਪਕਾਂ ਦਾ ਪੱਕਾ ਹੱਲ ਲੱਭਣ ਲਈ ਸਮੇਂ ਦੀਆਂ ਸਰਕਾਰਾਂ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈਫਰਾਂਸ ਵਰਗੇ ਦੇਸ਼ ਵਿੱਚ ਤਾਂ ਅਧਿਆਪਕ ਵਰਗ ਲਈ ਅਲੱਗ ਤੋਂ ਕਈ ਸਮਾਜਿਕ ਸਹੂਲਤਾਂ ਮੌਜੂਦ ਹਨ।। ਸਾਡਾ ਪ੍ਰਾਚੀਨ ਇਤਿਹਾਸ ਵੀ ਗੁਰੂ ਦੀ ਗਰਿਮਾ ਦਾ ਉਹ ਇਤਿਹਾਸ ਹੈ ਜਿੱਥੇ ਗੁਰੂ ਦੇ ਕਹੇ ਤੋਂ ਚੇਲੇ ਤਿਆਗ ਭਰੇ ਜੀਵਨ ਲਈ ਤਿਆਰ ਹੋ ਜਾਂਦੇ ਸਨ

ਅਧਿਆਪਕ ਹੋਣਾ ਆਪਣੇ ਆਪ ਵਿੱਚ ਮਾਣ ਮੱਤੀ ਪ੍ਰਾਪਤੀ ਹੈਇਹ ਸੇਵਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੇਸਮਾਜ ਵਿੱਚ, ਸੰਸਥਾਵਾਂ ਵਿੱਚ, ਸਰਕਾਰਾਂ ਵੱਲੋਂ ਅਧਿਆਪਕਾਂ ਦੇ ਆਦਰ ਲਈ ਉਹਨਾਂ ਦਾ ਰੁਤਬਾ ਬਰਕਰਾਰ ਰੱਖਣ ਲਈ ਅੱਜ ਦੇ ਸਮੇਂ ਕਈ ਵਸੀਲੇ ਕਰਨ ਦੀ ਲੋੜ ਹੈਸਿੱਖਿਆ ਪ੍ਰਣਾਲੀ ਦੀ ਮੁੱਖ ਬੁਨਿਆਦ, ਅਧਿਆਪਕ ਜੇਕਰ ਮਜ਼ਬੂਤ ਹੋਣਗੇ ਤਾਂ ਸਿੱਖਿਆਤੰਤਰ ਆਪਣੇ ਆਪ ਤਰੋ-ਤਾਜ਼ਾ ਹੋ ਜਾਏਗਾਸੋ ਅਧਿਆਪਕ ਨੂੰ ਬਣਦਾ ਮਾਣ-ਸਤਿਕਾਰ ਦੇਣਾ ਅਤੇ ਉਹਨਾਂ ਦੇ ਅਧਿਆਪਨ ਦੀ ਪ੍ਰਸ਼ੰਸਾ ਕਰਨਾ ਹੀ ਅਧਿਆਪਾਨ ਪ੍ਰਤੀ ਸੱਚੀ ਸ਼ਰਧਾਂਜਲੀ ਹੈ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5277)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਡਾ. ਪ੍ਰਵੀਨ ਬੇਗਮ

ਡਾ. ਪ੍ਰਵੀਨ ਬੇਗਮ

Phone: (91 - 89689 - 48018)
Email: (begamparveen28@yahoo.co.in)

More articles from this author