“ਚਿੱਟੇ ਦੇ ਦੋ ਦਹਾਕਿਆਂ ਦੇ ਪਸਾਰ ਨੇ ਤਾਂ ਇੱਕ ਤਰ੍ਹਾਂ ਨਾਲ ਸਾਡੀ ਨੌਜਵਾਨੀ ਦੇ ਖੂਨ ਵਿੱਚ ...”
(14 ਫਰਵਰੀ 2025)
ਅੱਜ ਸਵੇਰੇ ਸਕੂਲ ਜਾਂਦਿਆਂ ਗੱਡੀ ਵਿੱਚ ਬੈਠ ਮੈਂ ਜਿਉਂ ਹੀ ਅਖਬਾਰ ਫਰੋਲਣ ਲੱਗੀ ਤਾਂ ਕੁਝ ਖਾਸ ਰੋਚਕ ਜਿਹਾ ਮੈਨੂੰ ਪੜ੍ਹਨ ਲਾਇਕ ਨਾ ਲੱਭਾ। ਛੋਟੇ-ਛੋਟੇ ਜਿਹੇ ਕਾਲਮਾਂ ਵਿੱਚ ਬਿਲਕੁਲ ਪਿਛਲੇ ਪੇਜ ’ਤੇ ਨਜ਼ਰ ਗਈ। ਫਲਾਣੇ ਸਕੂਲ ਨੇ ਸਕੂਲੀ ਵਿਦਿਆਰਥੀਆਂ ਵਿੱਚ ਵਧਦੇ ਨਸ਼ੇ ਦੇ ਰੁਝਾਨ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ। ਮੈਂ ਉਤਸ਼ਾਹ ਨਾਲ ਪੜ੍ਹਿਆ ਤੇ ਮਨ ਵਿੱਚ ਹੀ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਮੇਰੇ ਬਲਾਕ ਦੇ ਕਿਸੇ ਕੈਰੀਅਰ ਗਾਈਡੈਂਸ ਅਧਿਆਪਕ ਨੇ ਆਪਣੇ ਸਕੂਲ ਵਿੱਚ ਇਹ ਸ਼ਲਾਘਾਯੋਗ ਕੰਮ ਕੀਤਾ ਸੀ। ਸਕੂਲ ਪੱਧਰ ਦੀ ਕੈਰੀਅਰ ਗਾਈਡੈਂਸ ਇੰਚਾਰਜ ਹੋਣ ਦੇ ਨਾਤੇ ਮੇਰੀ ਵੀ ਅਕਸਰ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਉਹ ਸਮੱਸਿਆਵਾਂ, ਜਿਹੜੀਆਂ ਸਾਡੇ ਬੱਚਿਆਂ ਨੂੰ ਅੰਦਰੋਂ-ਅੰਦਰੀ ਘੁਣ ਵਾਂਗ ਖਾ ਕੇ ਖੋਖਲੇ ਕਰ ਰਹੀਆਂ ਹਨ, ਬਾਰੇ ਸਕੂਲੀ ਵਿਦਿਆਰਥੀਆਂ ਨੂੰ ਦੱਸ ਕੇ ਇਨ੍ਹਾਂ ਤੋਂ ਸੰਭਲਣ ਦੀ ਤਾਕੀਦ ਕੀਤੀ ਜਾਵੇ।
ਸਕੂਲ ਪਹੁੰਚੇ ਤਾਂ ਪ੍ਰੀ-ਬੋਰਡ ਪੇਪਰ ਚੱਲ ਦੇ ਹੋਣ ਕਾਰਨ ਸਕੂਲ ਦਾ ਰੁਟੀਨ ਆਮ ਦਿਨਾਂ ਨਾਲੋਂ ਹਟਵਾਂ ਸੀ। ਪੇਪਰਾਂ ਵਿੱਚ ਡਿਊਟੀ ਹੋਣ ਕਾਰਨ ਬਾਕੀ ਸਭ ਕੰਮ ਪਾਸੇ ਕਰਕੇ ਮੈਂ ਆਪਣੇ ਕਮਰੇ ਵਿੱਚ ਜਾ ਵੜੀ ਮੈਂ। ਮੇਰੀ ਡਿਊਟੀ ਕਾਮਰਸ ਦੇ ਗਿਆਰ੍ਹਵੀਂ ਜਮਾਤ ਦੇ ਪੇਪਰ ਵਿੱਚ ਲੱਗੀ। ਪੇਪਰ ਵੰਡੇ ਤੇ ਵਿਦਿਆਰਥੀਆਂ ਨੇ ਪੇਪਰ ਵੀ ਸ਼ੁਰੂ ਕਰ ਦਿੱਤਾ। ਇੱਕ ਮੁੰਡਾ ਗੈਰਹਾਜ਼ਰ ਸੀ। ਮੈਂ ਜਾਣਨਾ ਚਾਹਿਆ ਕਿ ਉਹ ਪੇਪਰ ਲਈ ਵੀ ਕਿਉਂ ਨਹੀਂ ਆਇਆ। ਨਾਲ ਦੇ ਬੱਚਿਆਂ ਨੇ ਦੱਸਿਆ ਕਿ ਉਸਦਾ ਨਾਮ ਕੱਟ ਦਿੱਤਾ ਗਿਆ। ਜਦੋਂ ਵਿਦਿਆਰਥੀ ਪੇਪਰ ਕਰਕੇ ਉੱਠੇ ਤਾਂ ਮੈਂ ਸਹਿਜ-ਸੁਭਾਅ ਹੀ ਉਸ ਗੈਰਹਾਜ਼ਰ ਮੁੰਡੇ ਦੇ ਪਿੰਡ ਦੇ ਮੁੰਡਿਆਂ ਤੋਂ ਉਸਦੇ ਨਾਮ ਕੱਟੇ ਜਾਣ ਬਾਰੇ ਪੁੱਛਿਆ ਕਿਉਂਕਿ ਉਸਦਾ ਨਾਮ ਕੱਟਿਆ ਜਾਣਾ ਮੇਰੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਕਰ ਰਿਹਾ ਸੀ।
ਪਿਛਲੀ ਵਾਰ ਜਦੋਂ ਮੈਂ ਉਸ ਵਿਦਿਆਰਥੀ ਨੂੰ ਕਲਾਸ ਵਿੱਚ ਦੇਖਿਆ ਸੀ ਤਾਂ ਉਸਦਾ ਵਰਤਾਉ ਮੈਨੂੰ ਕੁਝ ਅਜੀਬ ਜਿਹਾ ਲੱਗਾ ਸੀ। ਉਹ ਸਕੂਲ ਵੀ ਕਦੇ-ਕਦੇ ਆਉਂਦਾ ਸੀ। ਉਹਨਾਂ ਦੇ ਜਮਾਤ ਇੰਚਾਰਜ ਵੱਲੋਂ ਉਹਨੂੰ ਸਕੂਲ ਬੁਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ, ਪਰ ਸਫਲਤਾ ਨਹੀਂ ਸੀ ਮਿਲੀ। ਵਿਦਿਆਰਥੀਆਂ ਨੇ ਦੱਸਿਆ ਕਿ ਜੀ ਉਹ ਨਸ਼ਾ ਕਰਨ ਲੱਗ ਪਿਆ ਹੈ। ਮੇਰੇ ਸ਼ੱਕ ਯਕੀਨ ਵਿੱਚ ਬਦਲ ਗਿਆ। ਮੈਨੂੰ ਅਜਿਹਾ ਹੀ ਲੱਗ ਰਿਹਾ ਸੀ।
‘ਨਸ਼ਾ!’ ਮੇਰੇ ਜ਼ਿਹਨ ਨੇ ਪਲਟੀ ਮਾਰੀ। ਇਹ ਵੀ ਚੱਲੀ ਜਾ ਰਿਹਾ, ਕਿਸੇ ਦਾ ਕੋਈ ਧਿਆਨ ਹੀ ਨਹੀਂ ਇਸ ਪਾਸੇ। ਰੋਜ਼ ਅਖਬਾਰਾਂ ਵਿੱਚ ਨਸ਼ੇ ਨਾਲ ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਪਰ ਚਾਰੇ ਪਾਸੇ ਸ਼ਮਸ਼ਾਨ ਜਿਹੀ ਚੁੱਪ ਪਸਰੀ ਹੋਈ ਹੈ। ਜਦੋਂ ਅਸੀਂ ਦੁਪਹਿਰ ਦਾ ਖਾਣਾ ਖਾ ਹਟੇ ਤਾਂ ਪ੍ਰਿੰਸੀਪਲ ਮੈਡਮ ਨੇ ਮੀਟਿੰਗ ਬੁਲਾ ਲਈ। ਤਕਰੀਬਨ ਸਾਰਾ ਸਟਾਫ ਮੀਟਿੰਗ ਵਿੱਚ ਹਾਜ਼ਰ ਸੀ। ਸਕੂਲ ਦੇ ਫੰਡਜ਼ ਵਗੈਰਾ ਅਤੇ ਸਕੂਲੀ ਦਾਖਲਿਆਂ ਦੀ ਗੱਲ ਹੋਣ ਤੋਂ ਬਾਅਦ ਪ੍ਰਿੰਸੀਪਲ ਮੈਡਮ ਨੇ ਇਸ ਭਖਦੇ ਮੁੱਦੇ ’ਤੇ ਗੱਲ ਸ਼ੁਰੂ ਕੀਤੀ, ‘ਨਸ਼ਾ!’ ਉਹਨਾਂ ਦੀ ਕੱਲ੍ਹ ਜ਼ਿਲ੍ਹਾ ਪੱਧਰ ਦੀ ਮੀਟਿੰਗ ਵਿੱਚ ਬਹੁਤ ਸਾਰੇ ਸਕੂਲ ਮੁਖੀਆਂ ਵੱਲੋਂ ਸਕੂਲੀ ਮੁੰਡਿਆਂ ਵਿੱਚ ਪਣਪ ਰਹੇ ਨਸ਼ੇ ਦੇ ਜੰਜ਼ਾਲ ਨੇ ਸਕੂਲਾਂ ਨੂੰ ਫ਼ਿਕਰ ਵਿੱਚ ਪਾਇਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਆਪਾਂ ਨੂੰ ਵੀ ਇਸ ਦਿਸ਼ਾ ਵਿੱਚ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ। ਸਾਰੇ ਸਟਾਫ਼ ਮੈਂਬਰ ਸਾਹਿਬਾਨ ਨੇ ਕਿਹਾ ਕਿ ਇੱਕ ਤਾਂ ਅਸੀਂ ਹਫਤਾਵਾਰੀ ਬਿਨਾਂ ਦੱਸੇ ਇਨ੍ਹਾਂ ਦੇ ਬੈਗ ਚੈੱਕ ਕਰ ਲਿਆ ਕਰਾਂਗੇ। ਬਾਕੀ ਮਰਦ ਸਟਾਫ ਮੈਂਬਰ ਮੁੰਡਿਆਂ ਦੀ ਤਲਾਸ਼ੀ ਲੈ ਲਿਆ ਕਰਨਗੇ। ਸਭ ਤੋਂ ਵੱਡੀ ਗੱਲ ਕਿ ਸਵੇਰ ਦੀ ਸਭਾ ਵਿੱਚ ਇਨ੍ਹਾਂ ਨੂੰ ਹਰ ਦੋ ਚਾਰ ਦਿਨਾਂ ਬਾਅਦ ਨਸ਼ੇ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਅਧਿਆਪਕ ਲੈਕਚਰ ਦੇ ਦਿਆਂ ਕਰਨਗੇ। ਸਾਰੇ ਹੀ ਸਟਾਫ ਮੈਂਬਰ ਸਾਹਿਬਾਨ ਨੇ ਗੰਭੀਰਤਾ ਨਾਲ ਪਹਿਲ ਦੇ ਅਧਾਰ ’ਤੇ ਇਸ ਕੰਮ ਨੂੰ ਤਨਦੇਹੀ ਨਾਲ ਕਰਕੇ ਦਿਖਾਉਣ ਦਾ ਵਾਅਦਾ ਕੀਤਾ।
ਹਾਲੇ ਕੁਝ ਕੁ ਦਿਨ ਪਹਿਲਾਂ ਹੀ ਮੈਂ ਬੱਚਿਆਂ ਦੇ ਪੀਣ ਵਾਲੇ ਪਾਣੀ ਦੇ ਕੁੰਡ ਵਿੱਚ ਦੇਖਿਆ ਕਿ ਬਹੁਤ ਸਾਰੇ ‘ਕੂਲ ਲਿਪ’ ਡਿਗੇ ਹੋਏ ਸਨ, ਜਿਨ੍ਹਾਂ ਨੇ ਉਹ ਪਾਣੀ ਉੱਥੇ ਰੋਕ ਰੱਖਿਆ ਸੀ। ਅਗਲੇ ਦਿਨ ਮੈਂ ਵਿਦਿਆਰਥੀਆਂ ਨੂੰ ਆਗਾਹ ਕਰਦੇ ਹੋਏ ਕਿਹਾ ਸੀ ਕਿ ਜੇਕਰ ਕੋਈ ‘ਕੂਲ ਲਿਪ’ ਕਿਸੇ ਕੋਲ ਮਿਲ ਗਿਆ ਤਾਂ ਦੇਖਿਓ ਫਿਰ। ਬੱਚਿਆਂ ਨੇ ਆਪਣਾ ਬਚਾ ਕਰਦੇ ਹੋਏ ਗੱਲ ਸਕੂਲ ਵਿੱਚ ਕੰਮ ਕਰਦੇ ਮਜ਼ਦੂਰਾਂ ਸਿਰ ਸੁੱਟ ਦਿੱਤੀ। ਛੋਟੀ ਜਿਹੀ ਕਿਸਮ ਦੇ ਨਸ਼ੇ ‘ਜ਼ਰਦੇ’ ਤੋਂ ਜਿਸਦਾ ਆਧੁਨਿਕ ਨਾਮ ਹੈ ‘ਕੂਲ ਲਿਪ’ ਹੈ, ਸਕੂਲੀ ਪੱਧਰ ’ਤੇ ਸ਼ੁਰੂ ਹੋ ਕੇ ਬੱਚਿਆਂ ਨੂੰ ਚਿੱਟੇ, ਸਿੰਥੈਟਿਕ ਡਰੱਗਜ਼, ਭੁੱਕੀ, ਡੋਡੇ ਅਤੇ ਅਫੀਮ ਤਕ ਲੈ ਜਾਂਦਾ ਹੈ।
ਚਿੱਟੇ ਦੇ ਦੋ ਦਹਾਕਿਆਂ ਦੇ ਪਸਾਰ ਨੇ ਤਾਂ ਇੱਕ ਤਰ੍ਹਾਂ ਨਾਲ ਸਾਡੀ ਨੌਜਵਾਨੀ ਦੇ ਖੂਨ ਵਿੱਚ ਘਰ ਹੀ ਕਰ ਲਿਆ ਹੈ। ਮੈਨੂੰ ਯਾਦ ਹੈ ਤਿੰਨ ਕੁ ਸਾਲ ਪਹਿਲਾਂ ਦੀ ਗੱਲ, ਇੱਕ ਬਹੁਤ ਹੀ ਸੋਹਣਾ, ਪਿਆਰਾ ਜਿਹਾ, ਪੱਗ ਵਿੱਚ ਜਚਦਾ ਮੁੰਡਾ, ਸਾਡੇ ਸਕੂਲ ਦਾ ਵਿਦਿਆਰਥੀ ਗਿਆਰ੍ਹਵੀਂ ਤੋਂ ਬਾਰ੍ਹਵੀਂ ਤਕ ਆਉਂਦੇ-ਆਉਂਦੇ ਕੰਬਦੇ ਹੱਥਾਂ ਨਾਲ ਲਿਖਦਾ-ਲਿਖਦਾ ਡਿਗ ਜਾਂਦਾ ਸੀ। ਸਕੂਲ ਵੱਲੋਂ ਉਸ ਨੂੰ ਨਸ਼ਾ ਛੁਡਾਉ ਕੇਂਦਰ ਵਿੱਚ ਭਰਤੀ ਕਰਵਾ, ਇਲਾਜ ਵੀ ਕਰਵਾਇਆ ਗਿਆ। ਬਾਰ੍ਹਵੀਂ ਵਿੱਚ ਹੀ ਰਹਿ ਗਈ। ਹੱਡੀਆਂ ਦੀ ਮੁੱਠ ਬਣ ਗਿਆ। ਉਸਦੀ ਮਾਂ ਜਦੋਂ ਰੋਂਦੀ ਸੀ, ਲੱਖ ਤੋਂ ਕੱਖ ਹੁੰਦੇ ਪੁੱਤ ਨੂੰ ਦੇਖ ਤਾਂ ਉਸ ਮਾਂ ਦੇ ‘ਹੰਝੂ’ ਝੱਲ ਨਹੀਂ ਸੀ ਹੁੰਦੇ। ਦਿਲ ਪਸੀਜ਼ ਜਾਂਦਾ ਸੀ। ਨਸ਼ੇ ਹੀ ਚੰਗੇ ਭਲੇ ਨੌਜਵਾਨਾਂ ਨੂੰ ਸ਼ਮਸ਼ਾਨ ਦਿਖਾ ਦਿੰਦੇ ਹਨ। ਚਿੱਟੇ ਕਫਣਾਂ ਵਿੱਚ ਲਪੇਟੇ ਛੇ-ਛੇ ਫੁੱਟੇ ਨੌਜਵਾਨਾਂ ਨੂੰ ਜਦੋਂ ਚਿਖਾ ਵਿੱਚ ਇੱਕ ਪਿਤਾ ਅਗਨੀ ਦਿੰਦਾ ਹੈ, ਮਾਂ ਵੈਣ ਪਾਉਂਦੀ ਹੈ ਤਾਂ ਸੱਚ ਜਾਣਿਉਂ ਧਰਤੀ ਦਾ ਵੀ ਕਲੇਜ਼ਾ ਪਾਟ ਜਾਂਦਾ ਹੈ ਉਸ ਸਮੇਂ। ਕਈਆਂ ਦੇ ਬਿਰਧ ਮਾਂ-ਬਾਪ, ਬੱਚੇ ਤੇ ਘਰਵਾਲੀਆਂ ਇਸਦਾ ਖਮਿਆਜ਼ਾ ਸਾਰੀ ਉਮਰ ਭੁਗਤਦੀਆਂ ਹਨ। ਚਿੱਟੇ ਦੇ ਟੀਕੇ ਲਾਉਂਦਿਆਂ ਦੇ ਸੰਰਿਜਾਂ ਕਈ ਵਾਰ ਵਿੱਚ ਹੀ ਰਹਿ ਜਾਂਦੀਆਂ ਹਨ ਤੇ ਉਹ ਉੱਥੇ ਹੀ ਲੁੜ੍ਹਕ ਜਾਂਦੇ ਹਨ। ਦਿਲ ਵਿੱਚੋਂ ਸੱਚਮੁੱਚ ਹਾਅ ਨਿਕਲਦੀ ਹੈ ਪਰ ਇਲਾਜ ਕੀ ਹੈ ਇਸਦਾ? ਪ੍ਰਸ਼ਨ ਇਹੀ ਉੱਠਦਾ ਹੈ, ਆਖਰ ਕਿੱਥੋਂ ਪਹੁੰਚਦਾ ਹੈ ਨਸ਼ਾ ਇਨ੍ਹਾਂ ਮਾਸੂਮਾਂ ਦੇ ਹੱਥ ਵਿੱਚ? ਕਿਉਂ ਚੰਗੇ ਭਲੇ ਮੁੰਡਿਆਂ ਨੂੰ ਨਸ਼ੇ ਦੀ ਲਤ ਲਗਾ ਕੇ ਬੇਰੁਜ਼ਗਾਰੀ ਦੀ ਕਤਾਰ ਵਿੱਚ ਖੜ੍ਹਾ ਕਰਕੇ, ਜ਼ਿੰਦਗੀ ਤੋਂ ਉਹਨਾਂ ਦਾ ਮੋਹ ਭੰਗ ਕਰ ਦਿੱਤਾ ਜਾਂਦਾ ਹੈ?
ਹਰ ਸਾਲ 31 ਮਈ ਨੂੰ ‘ਨਸ਼ਾ ਮੁਕਤੀ ਦਿਵਸ’ ਨਸ਼ੇ ਤੋਂ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਵਿਭਾਗ ਵੱਲੋਂ ਹਰ ਸਕੂਲ ਵਿੱਚ 100 ਮੀਟਰ ਦੇ ਘੇਰੇ ਅੰਦਰ ‘ਨਸ਼ਾ ਮੁਕਤੀ ਜ਼ੋਨ’ ਐਲਾਨਣਾ ਬਹੁਤ ਵਧੀਆ ਉਪਰਾਲਾ ਹੈ, ਬਸ਼ਰਤੇ ਨਾ ਕੋਈ ਸਕੂਲ ਕਰਮਚਾਰੀ, ਨਾ ਕੋਈ ਅਧਿਆਪਕ ਅਤੇ ਨਾ ਹੀ ਕੋਈ ਸਕੂਲ ਵਿੱਚ ਕੰਮ ਕਰਦਾ ਮਜ਼ਦੂਰ ਨਸ਼ਾ ਕਰੇਗਾ। ਬਾਕੀ ਜ਼ਿੰਮੇਵਾਰੀ ਦੀ ਘਾਟ ਤਾਂ ਹਰ ਪੱਧਰ ’ਤੇ ਹੀ ਪਾਈ ਜਾਂਦੀ ਹੈ। ਪਰਿਵਾਰ ਵੀ ਉਸ ਸਮੇਂ ਅਵੇਸਲਾ ਦਿਸਦਾ ਹੈ ਜਦੋਂ ਇਕੱਲਾ ਮੁੰਡਾ ਹੈ, ਕੀ ਕਰੀਏ, ਕਹਿਕੇ ਬੱਚਿਆਂ ਦੀ ਹਰ ਜ਼ਿਦ ਪੁਗਾਉਂਦਾ ਹੈ। ਛੋਟੀਆਂ-ਛੋਟੀਆਂ ਜ਼ਿਦਾਂ ਜਦੋਂ ਆਦਤਾਂ ਬਣ ਜਾਂਦੀਆਂ ਹਨ ਤਾਂ ਲੰਘਿਆ ਵੇਲਾ ਹੱਥ ਨਹੀਂ ਆਉਂਦਾ। ਬਾਕੀ ਨਸ਼ਾ ਵੇਚਣ ਵਾਲੇ ਲੋਕ ਵੀ ਤਾਂ ਸਾਡੇ ਹੀ ਸਮਾਜ ਦਾ ਅੰਗ ਹਨ। ਸਮਾਜ ਵਿੱਚ ਸਾਡੇ ਜਿਹੇ ਇਸ ਕੰਮ ਤੋਂ ਭੱਜਦੇ ਲੋਕ ਅਕਸਰ ਭੁੱਲ ਜਾਂਦੇ ਹਨ ਕਿ ਕੱਲ੍ਹ ਸਾਡਾ ਬੱਚਾ ਵੀ ਇਸ ਲਤ ਦਾ ਸ਼ਿਕਾਰ ਹੋ ਸਕਦਾ ਹੈ। ਜਵਾਕ ਸਾਡੇ ਨੇ, ਨੌਜਵਾਨੀ ਵੀ ਸਾਡੀ ਹੈ, ਹੰਝੂ ਵੀ ਸਾਡੇ ਹੀ ਵਗਣਗੇ ਤਾਂ ਕਰਕੇ ‘ਪਹਿਲਾ ਫਰਜ਼’ ਵੀ ਸਾਡੇ ਸਮਾਜ ਦਾ ਹੀ ਬਣਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)