“ਮੈਂ ਘਰ ਆਉਂਦੀ ਵੀ ਇਹੀ ਸੋਚਦੀ ਰਹੀ ਕਿ ਮਹਿਲਾਵਾਂ ਆਖਿਰ ਕਦੋਂ ਸੁਰੱਖਿਅਤ ਹੋਣਗੀਆਂ? ਕਦੋਂ ਉਹ ਆਪਣੇ ...”
(21 ਅਗਸਤ 2024)
ਮੈਂ ਘਰੋਂ ਕਾਹਲੇ ਪੈਰੀਂ ਤੁਰੀ ਜਾ ਰਹੀ ਸੀ। ਮੈਨੂੰ ਲੱਗਿਆ ਕਿ ਮੈਂ ਪੰਜ ਕੁ ਮਿੰਟ ਲੇਟ ਸੀ। ਸਾਵਣ ਮਹੀਨੇ ਦੀ ਕਿਣਮਿਣ, ਧੋਤੀ ਤੇ ਲਿਸ਼ਕਦੀ ਬਨਸਪਤੀ ਹਲਕੀ ਹਲਕੀ ਰੁਮਕਦੀ ਪੌਣ ਸੱਚੀਂ ਆਪਣੇ ਆਪ ਦਾ ਬਹੁਤ ਹੀ ਵਧੀਆ ਅਹਿਸਾਸ ਕਰਵਾ ਰਹੀ ਸੀ। ਮੈਂ ਜਾ ਕੇ ਗੱਡੀ ਵਿੱਚ ਬੈਠੀ ਤਾਂ ਮੈਨੂੰ ਬ੍ਰੇਨ ਟਿਊਮਰ ਤੋਂ ਪੀੜਤ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੀ ਮਾਂ ਦਾ ਫੋਨ ਆਇਆ। ਉਸ ਵਿਦਿਆਰਥਣ ਨੂੰ ਅੱਜ ਪੀਜੀਆਈ ਲੈ ਕੇ ਜਾਣਾ ਸੀ। ਸਕੂਲ ਵੱਲੋਂ ਇਹ ਡਿਊਟੀ ਮੈਨੂੰ ਸੌਂਪੀ ਗਈ ਸੀ। ਮੈਨੂੰ ਉਹਨਾਂ ਦਾ ਨੰਬਰ ਸਕਰੀਨ ’ਤੇ ਦੇਖ ਇਕਦਮ ਯਾਦ ਆਇਆ ਅੱਜ ਤਾਂ ਪੀਜੀਆਈ ਹੜਤਾਲ ਹੈ। ਇਸ ਹੜਤਾਲ ਬਾਰੇ ਮੈਨੂੰ ਵੀ ਅੱਜ ਸਵੇਰੇ ਹੀ ਪਤਾ ਲੱਗਾ ਸੀ। ਹੜਤਾਲ ਕਿਉਂ ਸੀ? ਕਿਸ ਗੱਲ ਦੀ ਸੀ? ਮੈਨੂੰ ਹਾਲੇ ਤਕ ਨਹੀਂ ਸੀ ਪਤਾ ਚੱਲਿਆ।
ਖੈਰ, ਗੱਡੀ ਵਿੱਚ ਜਾਂਦੇ ਮੈਂ ਸਕੂਨ ਨਾਲ ਸ਼ਬਦ ਗਾਣ ਸੁਣ ਕੇ ਮਨ ਨੂੰ ਸ਼ਾਂਤ ਚਿੱਤ ਕਰ ਰਹੀ ਸੀ। ਸਕੂਲ ਪਹੁੰਚਦੇ ਹੀ ਉਹੀ ਰੁਝੇਵੇਂ, ਫਿਰ ਦੂਜੇ ਪੀਰੀਅਡ ਮੈਂ ਸਟਾਫ ਰੂਮ ਜਾ ਕੇ ਚਾਹ ਪੀਣ ਲਈ ਬੈਠ ਗਈ। ਸਟਾਫ ਰੂਮ ਬੈਠੀਆਂ ਨਾਲ ਦੀਆਂ ਮਹਿਲਾ ਅਧਿਆਪਕਾਵਾਂ ਸ਼ਾਇਦ ਔਰਤ ਦੀ ਸੁਰੱਖਿਆ ਦੇ ਕਿਸੇ ਭਖਦੇ ਮਸਲੇ ਬਾਰੇ ਗੱਲ ਕਰ ੲਹੀਆਂ ਸਨ। ਮੈਂ ਜ਼ਿਆਦਾ ਧਿਆਨ ਨਾ ਦੇ ਕੇ ਸਟਾਫ ਰੂਮ ਦੀ ਅਲਮਾਰੀ ਵਿੱਚ ਪਏ ਆਪਣੇ ਕਾਗਜ਼ ਪੱਤਰ ਫਰੋਲਣ ਲੱਗੀ। ਮੈਂ ਕੋਈ ਮਹੱਤਵਪੂਰਣ ਡਾਕ ਭੇਜਣੀ ਸੀ। ਫਿਰ ਅਗਲੇ ਪੀਰੀਅਡ ਜਦੋਂ ਮੈਂ ਵਿਹਲੀ ਹੋਈ ਤਾਂ ਮੇਰੀ ਇੱਕ ਅਧਿਆਪਕ ਮਹਿਲਾ ਸਾਥੀ ਉੱਥੇ ਹੀ ਬੈਠੀ ਮੈਨੂੰ ਸਵੇਰ ਦੀ ਚਰਚਾ ਬਾਰੇ ਦੱਸਣ ਲੱਗੀ। ਉਸਨੇ ਮੈਨੂੰ ਵਟਸਐਪ ’ਤੇ ਇੱਕ ਵੀਡੀਓ ਵੀ ਭੇਜੀ ਤੇ ਦੇਖਣ ਲਈ ਵੀ ਕਿਹਾ।
ਵੀਡੀਓ ਦੇਖ-ਸੁਣ ਕੇ ਮੇਰਾ ਦਿਮਾਗ ਇੱਕਦਮ ਸੁੰਨ ਜਿਹਾ ਹੋ ਗਿਆ। ਰਾਤ ਦੀ ਡਿਊਟੀ ਨਿਭਾ ਰਹੀ ਅੰਡਰ ਟ੍ਰੇਨਿੰਗ ਮਹਿਲਾ ਡਾਕਟਰ ਨਾਲ ਬਹੁਤ ਹੀ ਵਹਿਸ਼ੀਆਨਾ ਢੰਗ ਨਾਲ ਕੁਕਰਮ ਕਰਨ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਕੋਲਕਾਤਾ ਦੇ ਇੱਕ ਨਾਮੀ ਹਸਪਤਾਲ ਅਤੇ ਕਾਲਜ ਆਰ ਜੀ, ਕਾਰ ਕਾਲਜ ਦੀ ਸੀ। ਸੁਣਨ ਵਿੱਚ ਆਇਆ ਹੈ ਕਿ ਅਪਰਾਧੀ ਕੋਲਕਾਤਾ ਪੁਲਿਸ ਵਿੱਚ ਵਲੰਟੀਅਰ ਦੇ ਤੌਰ ’ਤੇ ਕੰਮ ਕਰਦਾ ਹੈ। ਉਸਦਾ ਪਿਛੋਕੜ ਖੰਘਾਲਿਆ ਗਿਆ ਤਾਂ ਪਤਾ ਲੱਗਾ ਕਿ ਉਹ ਦੋ ਵਾਰ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਚੁੱਕਾ ਹੈ। ਅਪਰਾਧੀ ਸ਼ਰਾਬ ਪੀਣ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਆਦੀ ਸੀ। ਨਾਲ ਬੈਠੀ ਮੇਰੀ ਮਹਿਲਾ ਅਧਿਆਪਕ ਸਾਥੀ ਮਜਬੂਰ ਤੇ ਲਾਚਾਰ ਹੋਈ ਬੋਲਣ ਲੱਗੀ, “ਔਰਤਾਂ ਪਿੰਜਰੇ ਲੈ ਲੈਣ ਹੁਣ ਫਿਰ ਕੈਦ ਹੋਣ ਲਈ।”
ਉਸਨੇ ਮੈਨੂੰ ਭਰੇ ਹੋਏ ਗੜੂੰਦ ਮਨ ਨਾਲ ਦੱਸਿਆ ਕਿ ਮਹਿਲਾ ਡਾਕਟਰ ਦੀਆਂ ਅੱਖਾਂ ਤਕ ਖੂਨ ਨਾਲ ਲੱਥਪੱਥ ਸਨ, ਕਿਉਂ ਜੋ ਉਸਦੀਆਂ ਐਨਕਾਂ ਦੇ ਸ਼ੀਸ਼ੇ ਟੁੱਟ ਕੇ ਅੱਖਾਂ ਵਿੱਚ ਖੁੱਭ ਗਏ ਸਨ। ਇਸ ਘਟਨਾ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇੰਨਾ ਵਹਿਸ਼ੀਪੁਣਾ ਕਿਸੇ ਇਨਸਾਨ ਅੰਦਰ ਕਿਵੇਂ ਹੋ ਸਕਦਾ ਹੈ?
“ਪਹਿਲਾਂ ਜਬਰ ਜਨਾਹ, ਫਿਰ ਮੌਤ ਦੇ ਘਾਟ ਉਤਾਰਨਾ, ਆਖਿਰ ਇਹ ਹੱਕ ਇਹਨਾਂ ਹੈਂਸਿਆਰਿਆਂ ਨੂੰ ਦਿੰਦਾ ਕੌਣ ਹੈ?” ਉਹ ਇੱਕੋ ਹੀ ਵੇਗ ਵਿੱਚ ਬੋਲੀ ਜਾ ਰਹੀ ਸੀ। ਮੈਂ ਬਹੁਤ ਹੀ ਗੰਭੀਰ ਹੋਈ ਉਸਦੀ ਗੱਲ ਸੁਣ ਰਹੀ ਸੀ। ਗੱਲ ਹੈ ਵੀ ਤਾਂ ਸੱਚ ਸੀ। ਛੋਟੀਆਂ ਬੱਚੀਆਂ ਸੁਰੱਖਿਤ ਨਹੀਂ, ਰਾਤਾਂ ਨੂੰ ਘਰੋਂ ਨਿਕਲਣਾ ਸੁਰੱਖਿਅਤ ਨਹੀਂ, ਕੰਮ ਕਾਜੀ ਔਰਤਾਂ ਸੁਰੱਖਿਅਤ ਨਹੀਂ ਤੇ ਅਸੀਂ ਆਪਣੇ ਆਪ ਨੂੰ ਸੱਭਿਅਕ ਮੰਨਦੇ ਹਾਂ।
ਦੂਜਾ ਪ੍ਰਸ਼ਨ ਇਹ ਉੱਠਦਾ ਹੈ ਕਿ ਰਾਤ ਸਮੇਂ ਡਿਊਟੀ ਕਰ ਰਹੀਆਂ ਮਹਿਲਾ ਡਾਕਟਰਾਂ ਲਈ ਕੀ ਕੋਈ ਸੁਰੱਖਿਆ ਪ੍ਰਬੰਧ ਨਹੀਂ ਹੁੰਦਾ? ਜੇਕਰ ਉਹ ਮਹਿਲਾ ਡਾਕਟਰ ਕਾਨਫਰੰਸ ਰੂਮ ਵਿੱਚ ਵੀ ਆਰਾਮ ਕਰ ਰਹੀ ਸੀ ਤਾਂ ਉੱਥੇ ਕੋਈ ਬਾਹਰਲਾ ਬੰਦਾ ਕਿਵੇਂ ਜਾ ਸਕਦਾ ਹੈ? ਇਹ ਸਭ ਗੱਲਾਂ ਤਾਂ ਹਸਪਤਾਲਾਂ ਦੇ ਖਸਤਾ ਤੇ ਮਾੜੇ ਪ੍ਰਬੰਧ ਉੱਤੇ ਸਵਾਲੀਆਂ ਨਿਸ਼ਾਨ ਲਾਉਂਦੀਆਂ ਹਨ। ਉੱਪਰੋਂ ਹੀ ਨਿਸ਼ਾਨ ਲੱਗ ਜਾਂਦਾ ਹੈ ਸਾਡੇ ਸਮਾਜ ਵਿੱਚ ਮੌਜੂਦ ਉਹਨਾਂ ਅਨਸਰਾਂ ਦੀ ਸੋਚ ’ਤੇ ਜਿਹਨਾਂ ਲਈ ਔਰਤਾਂ ਸਿਰਫ ਉਪਭੋਗਤਾ ਦੀ ਵਸਤੂ ਹੈ। ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਚੁੱਕੀਆਂ ਹਨ ਪਰ ਦੂਜੇ ਪਾਸੇ ਸਮਾਜ ਵਿੱਚ ਉਹਨਾਂ ਨਾਲ ਕੀਤਾ ਜਾਂਦਾ ਇਹ ਵਰਤਾਰਾ, ਇਹ ਕਹਿਰ? ਆਖਿਰ ਕਿਸ ਸਭਿਅਤਾ ਦੀ ਪ੍ਰਤੀਨਿਧਤਾ ਕਰ ਰਹੇ ਹਾਂ ਅਸੀਂ? ਕੀ ਔਰਤਾਂ ਰਾਤਾਂ ਨੂੰ ਅਸੁਰੱਖਿਅਤ ਹੋਣ ਕਰਕੇ ਨੌਕਰੀਆਂ ਕਰਨੀਆਂ ਬੰਦ ਕਰ ਦੇਣ? ਰਾਤਾਂ ਨੂੰ ਡਾਕਟਰ, ਇੰਜਨੀਅਰ ਆਈ.ਏ.ਐੱਸ, ਆਈ.ਪੀ.ਐੱਸ ਤੇ ਹੋਰ ਬਥੇਰੀਆਂ ਔਰਤਾਂ ਡਿਊਟੀ ’ਤੇ ਜਾਂਦੀਆਂ ਹਨ। ਕੀ ਸਾਰੀਆਂ ਕੰਮ ਕਾਜੀ ਔਰਤਾਂ ਕੰਮ ਕਰਨ ਵਾਲੀ ਥਾਂ ’ਤੇ ਡਰੀਆ ਮਹਿਸੂਸ ਕਰਨ? ਜੇਕਰ ਇਹ ਕਿਹਾ ਜਾਂਦਾ ਹੈ ਕਿ ਇਹ ਮਰਦ ਪ੍ਰਧਾਨ ਸਮਾਜ ਹੈ ਤਾਂ ਬਹੁਤਿਆਂ ਦੇ ਇਹ ਗੱਲ ਹਜ਼ਮ ਨਹੀਂ ਹੁੰਦੀ।
ਡਾਕਟਰ ਤਾਂ ਰੱਬ ਦਾ ਦੂਜਾ ਰੂਪ ਹਨ, ਉਹ ਸਾਡੀਆਂ ਜ਼ਿੰਦਗੀਆਂ ਬਚਾਉਂਦੇ ਹਨ। ਪਰ ਹੁਣ ਗੱਲ ਉਲਟ ਹੋ ਗਈ ਜਾਪਦੀ ਹੈ। ਪਹਿਲਾਂ ਡਾਕਟਰ ਬਚਾਓ ਫਿਰ ਆਪਣੀਆਂ ਜ਼ਿੰਦਗੀਆਂ ਬਚਾਓ। ਜੇਕਰ ਡਾਕਟਰ ਖਾਸ ਕਰ ਮਹਿਲਾ ਡਾਕਟਰ ਸੁਰੱਖਿਅਤ ਹੋਣਗੀਆਂ ਤਾਂ ਹੀ ਉਹ ਦੂਜੇ ਦੀਆਂ ਜ਼ਿੰਦਗੀ ਬਚਾ ਸਕਣਗੀਆਂ।
ਨਿਰਭੈਆ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਹੋਣ ਤੋਂ ਬਾਅਦ ਲਗਦਾ ਸੀ ਕਿ ਸ਼ਾਇਦ ਹੁਣ ਔਰਤਾਂ ਦੀ ਸੁਰੱਖਿਆ ਸਥਿਤੀ ਵਿੱਚ ਕੁਝ ਸੁਧਾਰ ਆਵੇਗਾ। ਪਰ ਸਥਿਤੀ ਜਿਉਂ ਦੀ ਤਿਉਂ ਹੈ। ਕਾਰਣ ਇਹ ਕਿ ਬਹੁਤ ਸਾਰੇ ਜਬਰ ਜਨਾਹ ਦੇ ਕੇਸਾਂ ਵਿੱਚ ਕਾਨੂੰਨ ਵਿਵਸਥਾ ਵੱਲੋਂ ਧਿਆਨ ਹੀ ਨਹੀਂ ਦਿੱਤਾ ਜਾਂਦਾ, ਜਿਸਦਾ ਨਤੀਜਾ ਵਹਿਸ਼ੀਆਨਾ ਲੋਕਾਂ ਦੇ ਹੌਸਲੇ ਬੁਲੰਦ ਕਰਦਾ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਇਹ ਸਿਲਸਿਲਾ ਰੁਕੇਗਾ ਕਦੋਂ? ਇਹ ਜਾਣ ਕੇ ਹੈਰਾਨੀ ਹੋਈ ਕਿ ਪੂਰੇ ਦੇਸ਼ ਵਿੱਚ ਡਾਕਟਰਾਂ ਦੇ ਵਾਰ ਵਾਰ ਹੜਤਾਲਾਂ ਕਰਨ ਮਗਰੋਂ ਵੀ ਅਪਰਾਧੀ ਉੱਤੇ ਕੋਈ ਕੜੀ ਤੇ ਸਖਤ ਕਾਰਵਾਈ ਕਿਉਂ ਨਹੀਂ? ਆਖਿਰ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਤੇ ਰਾਜਨੀਤੀ ਕਿਉਂ? ਕਿਉਂ ਕੋਈ ਇਹ ਸਮਝਣ ਨੂੰ ਤਿਆਰ ਨਹੀਂ ਕਿ ਜੇਕਰ ਸਖਤ ਕਾਨੂੰਨ ਨਾ ਬਣਾਏ ਗਏ ਤਾਂ ਦੇਸ਼ ਦੀਆਂ ਔਰਤਾਂ ਅਸੁਰੱਖਿਤ ਹੋਣ ਦੀ ਹੀਣ ਭਾਵਨਾ ਨਾਲ ਜਿਊਣ ਲਈ ਮਜਬੂਰ ਹੋਣਗੀਆਂ। ਸੱਚਮੁੱਚ ਹੀ ਉਹਨਾਂ ਦੁਆਲੇ ਅਸੁਰੱਖਿਆ ਦਾ ਉਹ ਪਿੰਜਰਾ ਤਾਣਾ ਬੁਣ ਲਵੇਗਾ ਕਿ ਉਹ ਡਰ ਦੇ ਪਰਛਾਵੇਂ ਹੇਠ ਆਪਣਾ ਵਿਕਾਸ ਹੀ ਨਹੀਂ ਕਰ ਸਕਣਗੀਆਂ। ਕਿੰਨੇ ਸਾਰੇ ਉਹ ਲੋਕ ਤੇ ਬੇਵੱਸ ਮਰੀਜ਼ ਡਾਕਟਰਾਂ ਦੀ ਹੜਤਾਲ ਕਾਰਨ ਇਲਾਜ ਤੋਂ ਵਾਂਝੇ ਹੋ ਜਾਂਦੇ ਹਨ, ਕਿਉਂਕਿ ਸਿਸਟਮ ਵੱਲੋਂ ਸਮੇਂ ਸਿਰ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ। ਇਸ ਮਾਮਲੇ ਵਿੱਚ ਵੀ ਕੀ ਹੜਤਾਲਾਂ ਕਰਨ ਦੀ ਜ਼ਰੂਰਤ ਹੈ? ਕੀ ਉਸ ਮਹਿਲਾ ਡਾਕਟਰ ਨੂੰ ਪਹਿਲ ਦੇ ਆਧਾਰ ’ਤੇ ਨਿਆਂ ਨਹੀਂ ਮਿਲਣਾ ਚਾਹੀਦਾ? ਮੈਂ ਘਰ ਆਉਂਦੀ ਵੀ ਇਹੀ ਸੋਚਦੀ ਰਹੀ ਕਿ ਮਹਿਲਾਵਾਂ ਆਖਿਰ ਕਦੋਂ ਸੁਰੱਖਿਅਤ ਹੋਣਗੀਆਂ? ਕਦੋਂ ਉਹ ਆਪਣੇ ਨਾਲ ਚੁੱਕੇ ਹੋਏ ਅਸੁਰੱਖਿਆ ਦੇ ਪਿੰਜਰਿਆਂ ਨੂੰ ਤੋੜ ਅਸਮਾਨੀ ਉੱਡਣਗੀਆਂ, ਆਪਣੇ ਚਾਵਾਂ ਨੂੰ ਹੁਲਾਰੇ ਦੇਣਗੀਆਂ ਤੇ ਇਹ ਰੁਮਕਦੀਆਂ ਪੌਣਾਂ ਉਹਨਾਂ ਨੂੰ ਆਪਣੇ ਆਪ ਦਾ ਅਹਿਸਾਸ ਕਰਵਾਉਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5233)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.