“ਹੁਣ ਤਾਂ ਇਹ ਜਮਾਂ ਹੀ ਹੱਥਾਂ ਵਿੱਚੋਂ ਨਿਕਲ ਗਈ ਏ। ਦੇਖ ਲਿਓ, ਹੁਣ ਨੀ ਇਹਨੇ ਕਿਸੇ ਪਾਸੇ ਜੋਗੀ ਰਹਿਣਾ। ਹੁਣ ਵਿਆਹ ...”
(1 ਮਾਰਚ 2024)
ਇਸ ਸਮੇਂ ਪਾਠਕ: 510.
ਹਾਲੇ ਬਾਰ੍ਹਵੀਂ ਜਮਾਤ ਦੇ ਪੱਕੇ ਪੇਪਰ ਸ਼ੁਰੂ ਹੋਣ ਵਿੱਚ ਹਫ਼ਤਾ ਕੁ ਬਾਕੀ ਸੀ ਕਿ ਮੈਂ ਕੈਰੀਅਰ ਗਾਈਡੈਂਸ ਦੀ ਇੰਚਾਰਜ ਹੋਣ ਦੇ ਨਾਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਭਵਿੱਖ ਦੀ ਪਲਾਨਿੰਗ ਬਾਰੇ ਪੁੱਛਿਆ। ਬਹੁਤਿਆਂ ਨੇ ਕਿਹਾ, “ਜੀ, ਪਤਾ ਨਹੀਂ ਹਾਲੇ।” ਕਈ ਬੱਚਿਆਂ ਨੇ ਕੱਚੇ-ਪੱਕੇ ਜਿਹੇ ਅਣਸਰਦੇ ਜਵਾਬ ਦਿੱਤੇ। ਮੁੰਡਿਆਂ ਵਿੱਚੋਂ ਕਈਆਂ ਨੇ ਬਾਹਰ ਜਾਣ ਦੀ ਇੱਛਾ ਪ੍ਰਗਟਾਈ। ਸਾਰੇ ਹੀ ਵਿਦਿਆਰਥੀ ਘੁਸਰ-ਮੁਸਰ ਕਰਦੇ, ਹੱਸਦੇ-ਹਸਾਉਂਦੇ ਵੱਖੋ-ਵੱਖਰੀ ਤਰ੍ਹਾਂ ਦੀ ਜਵਾਬਤਲਬੀ ਕਰ ਰਹੇ ਸਨ। ਅਚਾਨਕ ਮੇਰੀ ਨਜ਼ਰ ਚੁੱਪ-ਚਾਪ ਇੱਕ ਖੁੰਜੇ ਲੱਗੀ ਬੈਠੀ ਬੇਹੱਦ ਹੀ ਹੁਸ਼ਿਆਰ ਕੁੜੀ ਪਵਨਦੀਪ ’ਤੇ ਪਈ। ਉਹ ਚੁੱਪ-ਚਾਪ ਤੇ ਉਦਾਸ ਜਿਹੀ ਬੈਠੀ ਪਤਾ ਨਹੀਂ ਕੀ ਸੋਚ ਰਹੀ ਸੀ। ਮੈਂ ਉਸ ਨੂੰ ਬੁਲਾ ਕੇ ਉਸਦੀਆਂ ਸੋਚਾਂ ਦੀ ਤਾਰ ਤੋੜੀ ਅਤੇ ਉਸ ਤੋਂ ਅਗਾਂਹ ਭਵਿੱਖ ਬਾਰੇ ਪੁੱਛਿਆ। ਉਸ ਮੁਸਕਰਾਉਂਦੀ ਹੋਈ ਨੇ ਅੱਖਾਂ ਭਰ ਕੇ ਕਿਹਾ, “ਨਾ ਜੀ, ਘਰਦਿਆਂ ਨੇ ਅੱਗੇ ਪੜ੍ਹਨ ਨਹੀਂ ਲਾਉਣਾ, ਕਹਿੰਦੇ ਜ਼ਮਾਨਾ ਬਹੁਤ ਮਾੜਾ …”
ਮੈਂ ਹੈਰਾਨ ਹੋ ਕੇ ਕਿਹਾ, “ਪੁੱਤ ਜ਼ਮਾਨਾ ਤਾਂ ਕਦੇ ਵੀ ਠੀਕ ਨਹੀਂ ਰਿਹਾ, ਇਸ ਨੂੰ ਤਾਂ ਅਸੀਂ ਆਪਣੇ ਪੈਰੀਂ-ਸਿਰੀਂ ਹੋ ਕੇ ਹੀ ਠੀਕ ਕਰ ਸਕਦੇ ਆਂ।” ਇਸਦਾ ਉਹ ਕੋਈ ਜਵਾਬ ਨਾ ਦੇ ਸਕੀ। ਮੈਂ ਉਸ ਨੂੰ ਕਿਹਾ, “ਤੂੰ ਮੈਨੂੰ ਅੱਧੀ ਛੁੱਟੀ ਵੇਲੇ ਮਿਲੀਂ ਆਣ ਕੇ।”
ਉਸਨੇ ‘ਹਾਂ’ ਵਿੱਚ ਸਿਰ ਹਿਲਾਇਆ ਤੇ ਜਿਉਂ ਹੀ ਅਗਲੇ ਪੀਰੀਅਡ ਦੀ ਘੰਟੀ ਵੱਜੀ, ਮੈਂ ਉਸ ਕਲਾਸ ਵਿੱਚੋਂ ਬਾਹਰ ਜਾ ਧੁੱਪੇ ਗਰਾਊਂਡ ਵਿੱਚ ਬੈਠ ਗਈ, ਕਿਉਂਕਿ ਪੀਰੀਅਡ ਖਾਲੀ ਸੀ।
ਚੁੱਪ-ਚਾਪ ਬੈਠੀ ਮੈਂ ਪਵਨਦੀਪ ਦੇ ਮਜਬੂਰ ਜਿਹੇ ਚਿਹਰੇ ਬਾਰੇ ਸੋਚਦੀ-ਸੋਚਦੀ ਡੇਢ ਕੁ ਦਹਾਕੇ ਪਹਿਲਾਂ ਦੀ ਆਪਣੀ ਬਾਰ੍ਹਵੀਂ ਜਮਾਤ ਤੋਂ ਬਾਦ ਦੀ ਸਥਿਤੀ ਵਿੱਚ ਗੁਆਚ ਗਈ। ਹਾਏ! ਕਿੰਨਾ ਰੋ-ਰੋ ਕੇ ਮੈਂ ਕਾਲਜ ਲੱਗੀ ਸੀ ਬੀ.ਏ. ਕਰਨ। ਤਾਇਆਂ-ਚਾਚਿਆਂ, ਰਿਸ਼ਤੇਦਾਰਾਂ ਨੇ ਪਤਾ ਨਹੀਂ ਕੀ ਕੁਝ ਕਿਹਾ - ਕਾਲਜ ਜਾ ਕੇ ਕੁੜੀਆਂ ਵਿਗੜ ਜਾਂਦੀਆਂ ਨੇ। ਸਮੇਂ ਚੰਗੇ ਨਹੀਂ ਹੁਣ। ਇਸਦਾ ਵਿਆਹ ਕਦੋਂ ਕਰਨਾ ਫਿਰ, ਕੁੜੀਆਂ ਚਿੜੀਆਂ ਨੂੰ ਨੱਥ ਪਾ ਕੇ ਹੀ ਰੱਖਣੀ ਚਾਹੀਦੀ ਹੈ, ਹੋਰ ਪਤਾ ਨਹੀਂ ਕੀ-ਕੀ। ਮੈਂ ਵੀ ਆਪਣੇ ਆਪ ਨੂੰ ਬਹੁਤ ਮਜਬੂਰ ਤੇ ਲਾਚਾਰ ਪਾਇਆ ਸੀ ਉਸ ਸਮੇਂ। ਪਰ ਮੇਰੇ ਪਿਤਾ ਜੀ ਨੇ ਹੱਲਾਸ਼ੇਰੀ ਦਿੱਤੀ ਤੇ ਮੈਂ ਕੁੜੀਆਂ ਵਾਲੇ ਕਾਲਜ ਨਾਭੇ ਜਾ ਦਾਖਲਾ ਲਿਆ।
ਮੈਨੂੰ ਸਾਲ ਬਾਅਦ ਹੀ ਉਸ ਕਾਲਜ ਦਾ ਮਾਹੌਲ ਕੁਝ ਘੁਟਨ ਭਰਿਆ ਲੱਗਾ। ਅਗਲੇ ਸਾਲ ਮੈਂ ਮੁੰਡੇ-ਕੁੜੀਆਂ ਵਾਲੇ ਕਾਲਜ ਲੱਗਣ ਦੀ ਗੱਲ ਕੀਤੀ ਤਾਂ ਪਰਿਵਾਰ ਵੱਲੋਂ ਫਿਰ ਉਹੀ ਹੰਗਾਮਾ। ਫਿਰ ਮੇਰੇ ਪਿਤਾ ਜੀ ਦੀ ਹਮਾਇਤ ਸਦਕਾ ਮੈਂ ਸਰਕਾਰੀ ਰਿਪੁਦਮਨ ਕਾਲਜ ਵਿੱਚ ਦਾਖਲਾ ਲੈ ਹੀ ਲਿਆ। ਰਿਸ਼ਤੇਦਾਰਾਂ ਅਤੇ ਘਰਦਿਆਂ ਦਾ ਉਹੀ ਰੌਲ਼ਾ - ਹੁਣ ਤਾਂ ਮੁੰਡਿਆਂ ਵਾਲੇ ਕਾਲਜ ਚਲੀ ਗਈ, ਹੁਣ ਤਾਂ ਜਮਾਂ ਹੀ ਬਿਰਾਦਰੀ ਵਿੱਚ ਮੂੰਹ ਨੀ ਦਿਖਾਇਆ ਜਾਣਾ।
ਘਰੋਂ ਜਦੋਂ ਤਿਆਰ-ਬਿਆਰ ਹੋ ਕੇ ਮੈਂ ਪਿੰਡ ਦੇ ਅੱਡੇ ਤੋਂ ਬੱਸ ਚੜ੍ਹਨ ਲਈ ਜਾਣਾ ਤਾਂ ਪਿੰਡਾਂ ਦੀਆਂ ਕੀ ਬੁੜ੍ਹੀਆਂ ਤੇ ਕੀ ਜਨਾਨੀਆਂ ਨੇ, ਸਭ ਨੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਨੀਆਂ, “ਲੈ ਇਹਨੂੰ ਦੇਖੋ, ਕਿਸੇ ਦੀ ਕੋਈ ਸੰਗ-ਸ਼ਰਮ ਨਹੀਂ। ਨਿੱਤ ਬੱਸਾਂ ਚੜ੍ਹਦੀ ਆ, ਮੁੰਡਿਆਂ ਵਾਲੇ ਕਾਲਜ ਜਾਂਦੀ ਆ।”
ਸੱਚੀਂ ਕਦੀ-ਕਦੀ ਤਾਂ ਇਹ ਗੱਲਾਂ ਮੈਨੂੰ ਤੋੜ ਦਿੰਦੀਆਂ ਧੁਰ ਅੰਦਰ ਤਕ ਪਰ ਫਿਰ ਪਿਤਾ ਜੀ ਬਿਠਾ ਕੇ ਸਮਝਾਉਂਦੇ, “ਦੇਖ, ਮੈਂ ਤੇਰੇ ਨਾਲ ਹਾਂ, ਬੋਲੀ ਜਾਣ ਦੇ ਲੋਕਾਂ ਨੂੰ ਜੋ ਬੋਲਦੇ ਨੇ ...।”
ਪਿਤਾ ਜੀ ਦੀਆਂ ਇਹ ਹੱਲਾਸ਼ੇਰੀਆਂ ਸੱਚੀਂ ਭਾਂਬੜ ਵਾਂਗ ਕੰਮ ਕਰਦੀਆਂ। ਨਤੀਜਾ, ਬੀ.ਏ. ਵਿੱਚੋਂ ਕਾਲਜ ਵਿੱਚੋਂ ਮੈਂ ਪਹਿਲੇ ਸਥਾਨ ’ਤੇ, ਯੂਨੀਵਰਸਿਟੀ ਵਿੱਚੋਂ ਵੀ ਪੁਜ਼ੀਸ਼ਨ। ਫਿਰ ਇਵੇਂ ਹੀ ਐੱਮ.ਏ. ਸਮੇਂ ਹੋਇਆ। ਫਿਰ ਕਾਲਜ ਵਿੱਚ ਟਾਪ ’ਤੇ, ਭੀੜਾਂ ਦੇ ਰੌਲ਼ੇ ਨੂੰ ਮੈਂ ਕਦੇ ਗੌਲਿਆ ਹੀ ਨਾ।
ਗੱਲ ਜਦੋਂ ਯੂਨੀਵਰਸਿਟੀ ਜਾਣ ਦੀ ਹੋਈ ਤਾਂ ਮੇਰੀ ਪਿੱਠ ਪਿੱਛੇ ਫਿਰ ਉਹੀ ਹੰਗਾਮਾ, ਫਿਰ ਉਹੀ ਗਲੀਆਂ-ਸੜੀਆਂ ਮਨਾਹੀਆਂ ਤੇ ਵਲਗਣਾਂ, ਸਮਾਜ ਦੀ ਪਿਛਾਂਹ-ਖਿੱਚੂ ਬਿਰਤੀ। ਪਰ ਮੈਂ ਨਾ ਉਦਾਸ ਹੋਈ, ਨਾ ਨਿਰਾਸ਼। ਕਿਉਂਕਿ ਮੇਰੇ ਮੂਹਰੇ ਸਮਾਜ ਨੂੰ ਜਵਾਬ ਦੇਣ ਲਈ ਪਿਤਾ ਜੀ ਕਿਸੇ ਢਾਲ਼ ਵਾਂਗ ਖੜ੍ਹੇ ਸੀ। ਕਈ ਵਾਰੀ ਸਮਾਜ ਦੇ ਬੋਲ-ਕੁਬੋਲ ਸੁਣ ਉਹ ਵੀ ਉਦਾਸ ਹੋ ਜਾਂਦੇ। ਪਰ ਮੇਰੇ ਸਾਹਮਣੇ ਉਹਨਾਂ ਨੇ ਕਦੀ ਇਸ ਗੱਲ ਨੂੰ ਚਿਤਾਰਿਆ ਹੀ ਨਹੀਂ ਸੀ। ਫਿਰ ਪਿਤਾ ਜੀ ਤੋਂ ਪੈਸੇ ਲੈ ਮੈਂ ਐੱਮ.ਫਿਲ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਜਾ ਦਾਖਲਾ ਲਿਆ ਤੇ ਇੱਥੋਂ ਹੀ ਸ਼ੁਰੂਆਤ ਹੋਈ ਉਸ ਸੰਘਰਸ਼ ਦੀ, ਜਿਸਨੇ ਅੱਜ ਮੈਨੂੰ ਪੈਰਾਂ ’ਤੇ ਖੜ੍ਹਨ ਜੋਗੀ ਕੀਤਾ।
ਇਸੇ ਦੌਰਾਨ ਹੀ ਬੀ.ਐੱਡ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਕੀਤੀ। ਬਾਦ ਵਿੱਚ ਬਹੁਤ ਹੀ ਮਿਹਰਬਾਨ, ਜ਼ਿੰਦਗੀ ਨੂੰ ਗਾਈਡ ਕਰਨ ਵਾਲੇ ਗਾਈਡ ਡਾ. ਦਿਲਬੀਰ ਕੌਰ ਬਾਜਵਾ ਜੀ ਕੋਲ ਪੀ.ਐੱਚ.ਡੀ. ਦੀ ਰਜਿਸਟ੍ਰੇਸ਼ਨ ਕਰਵਾ ਲਈ। ਜਦੋਂ ਰਿਸ਼ਤੇਦਾਰਾਂ ਤੇ ਸ਼ਰੀਕੇ-ਕਬੀਲੇ ਨੂੰ ਪਤਾ ਚੱਲਿਆ, ਉਹਨਾਂ ਦਾ ਫਿਰ ਉਹੀ ਕਾਟੋ-ਕਲੇਸ਼ – “ਹੁਣ ਤਾਂ ਇਹ ਜਮਾਂ ਹੀ ਹੱਥਾਂ ਵਿੱਚੋਂ ਨਿਕਲ ਗਈ ਏ। ਦੇਖ ਲਿਓ, ਹੁਣ ਨੀ ਇਹਨੇ ਕਿਸੇ ਪਾਸੇ ਜੋਗੀ ਰਹਿਣਾ। ਹੁਣ ਵਿਆਹ ਕੀ ਬੁੜ੍ਹੀ ਹੋਈ ਕਰਵਾਏਗੀ? ਸ਼ਰਮ ਨਹੀਂ ਆਉਂਦੀ, ਨਾ ਇਸ ਨੂੰ, ਨਾ ਇਸਦੇ ਬਾਪ ਨੂੰ, ਜਿਹੜੇ ਸ਼ਰੀਅਤ ਦੇ ਬਾਹਰ ਦੇ ਕੰਮ ਕਰਦੇ ਨੇ। ਖੌਰੇ ਕਿਹੜੀ ਜਾਤ-ਕੁਜਾਤ ਵਿੱਚ ਵਿਆਹ ਕਰਵਾਏਗੀ ਹੁਣ?”
ਮੁਸਲਿਮ ਸਮਾਜ ਤੋਂ ਹੋਣ ਕਰਕੇ ਮੈਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅਸੀਂ ਮੁਸਲਿਮ ਸਮਾਜ ਵਿੱਚ ਔਰਤਾਂ ਦੀ ਸਿੱਖਿਆ ਤੋਂ ਸਾਰੇ ਹੀ ਭਲੀ-ਭਾਂਤ ਜਾਣੂ ਹਾਂ। ਮਿੰਟਾਂ ਵਿੱਚ ਹੀ ਤਗਮਾ ਦੇ ਦਿੰਦੇ ਨੇ ਉਹ ਲੋਕ, ਜਿਹਨਾਂ ਨੇ ਕਦੇ ਸਕੂਲਾਂ ਦਾ ਮੂੰਹ ਤਕ ਨਹੀਂ ਦੇਖਿਆ ਹੁੰਦਾ। ਖੈਰ, ਮੇਰੀ ਪੀ.ਐੱਚ.ਡੀ. ਹੋਣ ਉਪਰੰਤ ਹੀ ਮੈਨੂੰ ਬਤੌਰ ਲੈਕਚਰਾਰ ਰਾਜਨੀਤੀ ਸ਼ਾਸਤਰ, ਸਰਕਾਰੀ ਨੌਕਰੀ ਵੀ ਮਿਲ ਗਈ। ਮੈਂ ਭਾਗਾਂ ਵਾਲੀ ਸਮਝਦੀ ਹਾਂ ਆਪਣੇ ਆਪ ਨੂੰ ਕਿ ਮੈਂ ਸਮਾਜ ਦੀਆਂ ਗਲੀਆਂ-ਸੜੀਆਂ ਰੀਤਾਂ ਅਤੇ ਵਿਵਹਾਰ ਖਿਲਾਫ਼ ਵਿਦਰੋਹ ਕਰ ਇੱਥੇ ਤਕ ਪਹੁੰਚੀ। ਮੈਨੂੰ ਭੋਰਾ ਅਫ਼ਸੋਸ ਨਹੀਂ ਹੁੰਦਾ ਕਿ ਮੈਂ ਰਿਸ਼ਤੇਦਾਰੀਆਂ ਛੱਡੀਆਂ, ਆਂਢ-ਗੁਆਂਢ ਛੱਡਿਆ, ਪਰ ਮੈਨੂੰ ਵਿਦਰੋਹੀ ਹੋ ਰੀਤਾਂ-ਰਿਵਾਜ਼ਾਂ ਖਿਲਾਫ਼ ਲੜਨ ਦੀ ਜੋ ਕੀਮਤ ਮਿਲੀ ‘ਸੱਚੀ’ ਹਜ਼ਾਰ ਗੁਣਾ ਸੁਹਾਵਣੀ ਏ। ਮਹਿਸੂਸ ਹੁੰਦਾ ਏ ਕਿ ਕਈ ਵਾਰ ਆਪਣਿਆਂ ਤੋਂ ਹੀ ਲੜ ਕੇ ਹੱਕ ਖੋਹਣੇ ਪੈਂਦੇ ਨੇ ਤਾਂ ਜੋ ਤਰੋਤਾਜ਼ਾ ਹੋ ਖੂਬਸੂਰਤ ਜ਼ਿੰਦਗੀ ਨੂੰ ਰੰਗਾਂ ਨਾਲ ਮਾਣਿਆ ਜਾ ਸਕੇ। ਨਹੀਂ ਤਾਂ ਪਤਾ ਨਹੀਂ ਸਾਡਾ ਅਖੌਤੀ ਸਮਾਜ ਕਿੰਨੀਆਂ ਕੁ ਕੁੜੀਆਂ ਨੂੰ ਬੇਰੰਗ ਜ਼ਿੰਦਗੀ ਭੇਟ ਕਰ ਦਿੰਦਾ ਏ।
ਅਗਲੇ ਪੀਰੀਅਡ ਦੀ ਘੰਟੀ ਵੱਜੀ ਤਾਂ ਮੇਰੀ ਸੋਚਾਂ ਦੀ ਲੜੀ ਟੁੱਟੀ। ਮੇਰੇ ਜ਼ਿਹਨ ਵਿੱਚ ਆਇਆ ਕਿ ਮੈਂ ਪਵਨਦੀਪ ਨੂੰ ਸਮਝਾਵਾਂ, “ਪੁੱਤ! ਹੱਕ ਕਈ ਵਾਰ ਆਪਣੇ ਆਪ ਨਹੀਂ ਮਿਲਦੇ, ਖੋਹਣੇ ਪੈਂਦੇ ਨੇ ਆਪਣਿਆਂ ਤੋਂ ਹੀ, ਜ਼ਿੰਦਗੀ ਨੂੰ ਸਾਜ਼ਗਾਰ ਬਣਾਉਣ ਲਈ। ਜ਼ਮਾਨੇ ਨੇ, ਸਮਾਜ ਨੇ, ਤਾਂ ਰੰਗ ਦਿਖਾਉਣੇ ਹੀ ਹੁੰਦੇ ਨੇ। ਜੇਕਰ ਹੁਣ ਤੁਸੀਂ ਆਪਣੇ ਹੱਕਾਂ ਲਈ ਨਾ ਬੋਲੇ ਤਾਂ ਤੁਹਾਡੀਆਂ ਰੀਝਾਂ, ਸੱਧਰਾਂ ਤਾਉਮਰ ਲਈ ਮਰ ਜਾਣਗੀਆਂ। ਤੁਹਾਨੂੰ ਜ਼ਮਾਨੇ ਦੇ ਹਾਣਦੀਆਂ ਹੋਣ ਲਈ ਕੁਝ ਅਲੱਗ ਰਸਤਿਆਂ ਨੂੰ ਚੁਣ ਆਪਣੀ ਮੰਜ਼ਿਲ ਆਪ ਲੱਭਣੀ ਪਵੇਗੀ। ਕਿਉਂ ਜੋ ਸਾਡੇ ਸਮਾਜ ਦੀ ਅੱਜ ਵੀ ਇਹ ਤ੍ਰਾਸਦੀ ਹੈ ਕਿ ਮੁੰਡੇ ਕੁੜੀਆਂ ਦਾ ਫ਼ਰਕ, ਕੁੜੀਆਂ ਦੀ ਉਚੇਰੀ ਸਿੱਖਿਆ ਅਤੇ ਕੁੜੀਆਂ ਨੂੰ ਸੰਸਾਰ ਦੀਆਂ ਫੋਕੀਆਂ ਰੀਤਾਂ ਅੱਗੇ ਝੁਕ ਆਪਣੇ ਪਹੁ-ਫ਼ਟ ਰਹੇ ਸੁਪਨਿਆਂ ਦੀ ਕੁਰਬਾਨੀ ਦੇਣੀ ਪੈਂਦੀ ਹੈ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4766)
(ਸਰੋਕਾਰ ਨਾਲ ਸੰਪਰਕ ਲਈ: (