“ਅੱਜ ਭਾਵੇਂ ਅਸੀਂ ਆਧੁਨਿਕ ਬਣ ਗਏ ਹਾਂ ਪਰ ਸਾਨੂੰ ਆਪਣੇ ਬੱਚਿਆਂ ਨੂੰ ਉਹ ਸਮਾਜਿਕ ਕਦਰਾਂ-ਕੀਮਤਾਂ ...”
(15 ਮਈ 2024)
ਇਸ ਸਮੇਂ ਪਾਠਕ: 260.
ਪਿਛਲੇ ਦਿਨੀਂ ਗਾਇਕ ਨਛੱਤਰ ਗਿੱਲ ਦਾ ਗੀਤ ‘ਸਾਡੇ ਨਾਲੋਂ ਥੋਡੇ ਆਲਾ ਪੰਜਾਬ ਕਿੰਨਾ ਸੀ ਸੋਹਣਾ’ ਸੁਣਿਆ। ਗੀਤ ਸੁਣ ਮਨ ਉਦਾਸੀ ਦੇ ਭਾਵਾਂ ਵਿੱਚ ਡੁੱਬ ਸੱਚੀਂ ਤ੍ਰਾਹਿਆ ਗਿਆ। ਗੀਤ ਵਿੱਚ ਆਧੁਨਿਕਤਾ ਦੇ ਨਾਮ ਹੇਠ ਸਾਡੇ ਸਮਾਜ ਵਿੱਚ ਰਹਿਣ-ਸਹਿਣ ਅਤੇ ਜਿਊਣ ਦੇ ਢੰਗਾਂ ਵਿੱਚ ਜੋ ਪ੍ਰੀਵਰਤਨ ਆਇਆ ਹੈ, ਨੂੰ ਇਸ ਗੀਤ ਵਿੱਚ ਬਾਖੂਬੀ ਬਿਆਨ ਕੀਤਾ ਗਿਆ ਹੈ। ਇਹ ਗੀਤ ਹੀ ਨਹੀਂ, ਉਹਨਾਂ ਲੱਖਾਂ ਬਜ਼ੁਰਗਾਂ ਅਤੇ ਪੁਰਾਣੀ ਪੀੜ੍ਹੀ ਦੇ ਲੋਕਾਂ ਦਾ ਦਰਦ ਹੈ, ਜੋ ਉਹ ਕਿਸੇ ਨੂੰ ਬੋਲ ਕੇ ਨਹੀਂ ਸੁਣਾ ਸਕਦੇ। ਸਮਾਂ ਹੀ ਅਜਿਹਾ ਆ ਗਿਆ ਕਿ ਕਿਸੇ ਕੋਲ ਨਾ ਪਹਿਲਾਂ ਵਰਗਾ ਵਕਤ ਅਤੇ ਨਾ ਹੀ ਉਤਸ਼ਾਹ ਰਿਹਾ ਹੈ ਕਿ ਉਹ ਕਿਸੇ ਬਜ਼ੁਰਗ ਦੇ ਬੀਤੇ ਵੇਲੇ ਦੇ ਚਾਅ-ਮਲ੍ਹਾਰ ਸੁਣ ਸਕਣ। ਕਾਰਣ ਹੈ ਕਿ ਅਸੀਂ ਆਧੁਨਿਕ ਹੋ ਗਏ ਹਾਂ। ਐਨੇ ਕੁ ਆਧੁਨਿਕ ਕਿ ਆਪਣੀਆਂ ਜੜ੍ਹਾਂ ਤੋਂ ਟੁੱਟ ਬੈਠੇ ਹਾਂ। ਟੈਕਨਾਲੋਜੀ, ਪੱਛਮੀ ਸੱਭਿਆਚਾਰ ਅਤੇ ਖੁੱਲ੍ਹਾਪਣ ਦੀ ਧਾਰਣਾ ਨੇ ਸਾਡੀਆਂ ਪੀੜ੍ਹੀਆਂ ਨੂੰ ਉਸ ਕਗਾਰ ’ਤੇ ਲਿਆ ਖੜ੍ਹਾ ਕੀਤਾ ਹੈ ਕਿ ਉਹ ਮਣਾਂ-ਮੂੰਹੀਂ ਭਾਰ ਚੁੱਕੀ ਫਿਰਦੇ ਹਨ। ਆਧੁਨਿਕ ਹੋਣਾ ਸਾਡੇ ਸਮਾਜ ਲਈ ਜ਼ਰੂਰੀ ਵੀ ਸੀ। ਕੁਝ ਸਮਾਜਿਕ ਕੁਰੀਤੀਆਂ ਨੂੰ ਗਲੋਂ ਲਾਹ, ਤਕਨਾਲੋਜੀ ਦੀ ਵਰਤੋਂ ਕਰ ਸੰਸਾਰ ਦੇ ਬਰਾਬਰ ਦਾ ਹੋ ਤੁਰਨ ਲਈ ਸਾਨੂੰ ਇਹ ਚੀਜ਼ਾਂ ਅਪਣਾਉਣੀਆਂ ਪੈਣੀਆਂ ਸੀ। ਬਿਨਾਂ ਸ਼ੱਕ ਤਕਨਾਲੋਜੀ ਨੇ ਸਾਡੇ ਰਾਹ ਸੁਖਾਲੇ ਕਰ ਦਿੱਤੇ ਹਨ, ਹਫ਼ਤਿਆਂ ਬੱਧੀ ਸਮਾਂ ਲੈਣ ਵਾਲਾ ਕੰਮ ਮਿੰਟਾਂ-ਸਕਿੰਟਾਂ ਵਿੱਚ ਹੋ ਨਿੱਬੜਦਾ ਹੈ। ਦੂਜੇ ਦੇਸ਼ਾਂ ਦੇ ਸੱਭਿਆਚਾਰ ਅਪਣਾ ਲੈਣਾ ਸਾਡੇ ਆਧੁਨਿਕ ਹੋਣ ਦੀ ਨਿਸ਼ਾਨੀ ਹੈ ਪਰ ਦੂਜਿਆਂ ਵਾਸਤੇ ਆਪਣੇ ਸੱਭਿਆਚਾਰ ਨੂੰ, ਆਪਣੀਆਂ ਸਮਾਜਿਕ ਕੀਮਤਾਂ ਨੂੰ ਛੱਡਣਾ ਕਿੱਥੋਂ ਤਕ ਵਾਜਿਬ ਹੈ?
ਆਧੁਨਿਕਤਾ ਵਿਕਾਸ ਦਾ ਦੂਜਾ ਨਾਮ ਹੈ। ਇਹ ਵਿਕਾਸ ਉੱਥੋਂ ਸ਼ੁਰੂ ਹੁੰਦਾ ਹੈ ਜਦੋਂ ਪਿੰਡਾਂ ਵਿੱਚ ਵਸਦੇ ਲੋਕ ਰੁਜ਼ਗਾਰ ਖਾਤਰ, ਆਧੁਨਿਕ ਜੀਵਨ ਜਿਊਣ ਖਾਤਰ ਸ਼ਹਿਰਾਂ ਵੱਲ ਹੋ ਤੁਰੇ। ਪਿੰਡਾਂ ਵਿੱਚ ਵੀ ਉਹ ਪਿਆਰ, ਸਾਂਝੀਵਾਲਤਾ, ਪੁਰਾਣੇ ਰੀਤੀ-ਰਿਵਾਜ਼, ਯਾਰੀਆਂ-ਦੋਸਤੀਆਂ, ਕੰਮ ਕਰਨ ਦੇ ਪੁਰਾਣੇ ਢੰਗ-ਤਰੀਕੇ ਖਤਮ ਹੋਣ ਦੇ ਕੰਢੇ ਹਨ। ਨਾ ਉਹ ਲੱਸੀ ਦੀ ਚਾਟੀ, ਮਧਾਣੀ, ਕਿਰਸਾਨੀ ਦੇ ਪੁਰਾਣੇ ਢੰਗ ਤਰੀਕੇ, ਪਰਿਵਾਰਾਂ ਦੀ ਭਾਈਚਾਰਕ ਸਾਂਝ ਦਿਸਦੇ ਹਨ ਨਾ ਉਹ ਨੌਜਵਾਨੀ ਕਿਧਰੇ ਦਿਸਦੀ ਹੈ ਜੋ ਇਸ ਵਿਰਾਸਤ ਨੂੰ ਸਾਂਭ ਸਕੇ। ਹਰ ਨੌਜਵਾਨ ਪੜ੍ਹ ਕੇ ਛੇਤੀ ਤੋਂ ਛੇਤੀ ਅਮੀਰ ਬਣਨਾ ਲੋਚਦਾ ਹੈ। ਖੇਤੀ ਕਰਨ ਲਈ ਨਵੇਂ ਸੰਦ ਚਾਹੀਦੇ ਹਨ, ਬਲਦ-ਗੱਡੀਆਂ ਕਿਤੇ ਖੋ ਗਈਆਂ ਹਨ। ਕਿਰਸਾਨੀ ਘਾਟੇ ਦਾ ਸੌਦਾ ਜਾਪਦੀ ਹੈ, ਹੱਡ-ਤੋੜਵੀਂ ਮਿਹਨਤ ਕਰਨ ਤੋਂ ਨੌਜਵਾਨ ਪੀੜ੍ਹੀ ਮੂੰਹ ਮੋੜ ਚੁੱਕੀ ਹੈ ਤੇ ਉਹ ਸ਼ਹਿਰਾਂ ਵਿੱਚ ਵਸ ਉੱਥੇ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੁੰਦੇ ਹਨ। ਖੁੱਲ੍ਹੇ-ਡੁੱਲ੍ਹੇ ਘਰਾਂ ਦੀ ਥਾਂ ਸ਼ਹਿਰਾਂ ਦੇ ਫਲੈਟ ਕਲਚਰ ਨੇ ਲੈ ਲਈ ਹੈ। ਲੋਕ ਚਾਹੁੰਦੇ ਹਨ ਕਿ ਕੋਈ ਉਹਨਾਂ ਦੇ ਘਰਾਂ ਵਿੱਚ ਝਾਕੇ ਵੀ ਨਾ। ਸਿੱਟੇ ਵਜੋਂ ਲੋਕ ਵਧੇਰੇ ਲਾਈਫ ਸਟਾਇਲ ਬਿਮਾਰੀਆਂ ਦੀ ਆੜ ਹੇਠ ਆ ਰਹੇ ਹਨ। ਇਕੱਲਾਪਣ ਵਧ ਗਿਆ ਹੈ। ਦੋ-ਬੱਚਿਆਂ ਦੀ ਥਾਂ ਵੀ ਇੱਕ ਹੀ ਬੱਚੇ ਨੇ ਲੈ ਲਈ ਹੈ, ਉਹ ਵੀ ਘਰੇਲੂ ਨੌਕਰਾਂ ਦੇ ਸਿਰ ’ਤੇ ਪਲ ਰਹੇ ਹਨ। ਇਹਨਾਂ ਸਭ ਵਿੱਚ ਘੁਣ ਵਾਂਗ ਪਿਸ ਰਹੇ ਹਨ ਸਾਡੇ ਬਜ਼ੁਰਗ। ਉਹਨਾਂ ਲਈ ਕਿਸੇ ਕੋਲ ਵਕਤ ਨਹੀਂ, ਨਾ ਉਹਨਾਂ ਦੀ ਕੋਈ ਮੰਨਦਾ ਹੈ ਨਾ ਉਹਨਾਂ ਤੋਂ ਕੋਈ ਰਾਤ ਨੂੰ ਬਾਤਾਂ ਸੁਣਦਾ ਹੈ। ਸੰਯੁਕਤ ਪਰਿਵਾਰਾਂ ਦੀ ਜਗ੍ਹਾ ਵਿਖੰਡਿਤ ਪਰਿਵਾਰਾਂ ਨੇ ਲੈ ਲਈ ਹੈ। ਹਰ ਕੋਈ ਇਹੀ ਚਾਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਦੀ, ਖਾਸ ਕਰ ਘਰ ਦੇ ਵੱਡਿਆਂ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ। ਕਿਤੇ ਖੋ ਗਏ ਉਹ ਬਜ਼ੁਰਗ ਲਾਣੇਦਾਰ ਅਤੇ ਉਹਨਾਂ ਦੀ ਕਦਰ।
ਨੌਜਵਾਨੀ ਦਾ ਵਧੇਰੇ ਰੁਝਾਨ ਪ੍ਰਵਾਸ ਵੱਲ ਹੋ ਤੁਰਿਆ ਹੈ। ਉਹ ਬਾਹਰ ਜਾ, ਡਾਲਰ ਕਮਾ ਕੇ ਖੁੱਲ੍ਹੀ-ਡੁੱਲੀ ਜ਼ਿੰਦਗੀ ਜਿਊਣਾ ਲੋਚਦੇ ਹਨ। ਕਈਆਂ ਦੇ ਪਿੱਛੇ ਰਹਿ ਰਹੇ ਮਾਪੇ ‘ਓਲਡ ਏਜ ਹੋਮਾਂ’ ਵਿੱਚ ਰੁਲਣ ਲਈ ਮਜਬੂਰ ਹਨ। ਸ਼ਹਿਰਾਂ ਵਿੱਚ ਇਹ ਰੁਝਾਨ ਆਮ ਹੋ ਤੁਰਿਆ ਹੈ। ਪਿਛਲੇ ਦਹਾਕਿਆਂ ਨਾਲੋਂ ਇਸ ਦਹਾਕੇ ਵਿੱਚ ‘ਓਲਡ ਏਜ ਘਰਾਂ’ ਦੀ ਗਿਣਤੀ ਬਹੁਤ ਵਧ ਗਈ ਹੈ। ਕਿਹੋ-ਜਿਹੀ ਜ਼ਿੰਦਗੀ ਜੀਅ ਰਹੇ ਹਾਂ ਅਸੀਂ। ਬਹੁਰਾਸ਼ਟਰੀ ਕੰਪਨੀਆਂ ਦੀ ਨੌਕਰੀ ਕਰਦੇ ਅਸੀਂ ਬੱਚੇ ਹੋਸਟਲਾਂ ਵਿੱਚ ਪਾ ਦਿੱਤੇ ਤੇ ਬਜ਼ੁਰਗ ਬਿਰਧ ਆਸ਼ਰਮਾਂ ਵਿੱਚ। ਤੇ ਕੀ ਉਮੀਦ ਕਰਦੇ ਹਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ? ਆਖ਼ਰ ਕਿਹੋ ਜਿਹਾ ਸਮਾਜੀਕਰਨ ਅਸੀਂ ਉਹਨਾਂ ਦਾ ਕਰ ਰਹੇ ਹਾਂ?
ਬੱਚਿਆਂ ਦੀ ਜ਼ਿੰਦਗੀ ਸਾਡੇ ਆਧੁਨਿਕ ਹੋਣ ਦੀ ਸਭ ਤੋਂ ਵੱਧ ਮਾਰ ਝੱਲ ਰਹੀ ਹੈ। ਤਕਨਾਲੋਜੀ ਦੇ ਪਸਾਰੇ ਨੇ ਸਾਡੀ ਜ਼ਿੰਦਗੀ ਵਿੱਚ ਉਹ ਮਲਾਲ ਪੈਦਾ ਕੀਤਾ ਹੈ ਕਿ ਅਸੀਂ ਹਾਰ ਬੈਠੇ ਹਾਂ, ਝੰਬ ਦਿੱਤਾ ਸਾਨੂੰ ਇਸ ਮਾਰ ਨੇ। ਸਾਡੇ ਬੱਚਿਆਂ ਦਾ ਬਚਪਨ ਬੰਦ ਕਮਰਿਆਂ ਵਿੱਚ ਰੁਲ ਗਿਆ। ਸ਼ਾਮ ਨੂੰ ਪਿੰਡਾਂ ਦੀਆਂ ਫਿਰਨੀਆਂ ਤੇ ਸ਼ਹਿਰਾਂ ਦੀਆਂ ਗਲੀਆਂ ਬੱਚਿਆਂ ਦੀ ਆਮਦ ਤੋਂ ਸੱਖਣੀਆਂ ਦਿਸਦੀਆਂ ਹਨ। ਜੰਮਦੇ ਬੱਚੇ ਹੱਥ ਫੋਨ ਦੇ ਕੇ, ਸਕਰੀਨ ਉੱਤੇ ਉਸਦੀ ਨਜ਼ਰ ਟਿਕਾ ਕੇ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਬੱਚੇ ਦੀ ਸ਼ਖਸੀਅਤ ਅਤੇ ਦਿਮਾਗ ਨੂੰ ਕਿੰਨਾ ਗੰਧਲਾ ਕਰ ਰਹੇ ਹਨ। ਇੰਟਰਨੈੱਟ ’ਤੇ ਉਹ ਹਰ ਤਰ੍ਹਾਂ ਦਾ ਮਟੀਰੀਅਲ ਉਪਲਬਧ ਹੈ ਜੋ ਬੱਚੇ ਆਸਾਨੀ ਨਾਲ ਦੇਖ ਸੁਣ ਸਕਦੇ ਹਨ। ਨਤੀਜਾ, ਬੱਚਿਆਂ ਦੀ ਮਾਸੂਮੀਅਤ ਕਿਧਰੇ ਗੁਆਚ ਗਈ ਜਾਪਦੀ ਏ। ਉਹ ਵਕਤ ਤੋਂ ਪਹਿਲਾਂ ਸਮਝਦਾਰ ਹੋ ਗਏ। ਉਹਨਾਂ ਦੀਆਂ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ। ਉਹ ਬਾਂਦਰ-ਕਿੱਲਾ, ਲੁਕਣ-ਮੀਚੀ, ਭੰਡਾ-ਭੰਡਾਰੀਆ ਤੇ ਕੋਟਲਾ-ਛਪਾਕੀ ਵਰਗੀਆਂ ਖੇਡਾਂ ਨੂੰ ਚਿੱਤੋਂ ਹੀ ਵਿਸਾਰ ਚੁੱਕੇ ਹਨ। ਉਹ ਸੋਸ਼ਲ ਮੀਡੀਆ ਸਾਈਟਸ ’ਤੇ ਨੱਚਣ-ਗਾਉਣ, ਰੀਲਾਂ ਬਣਾਉਣ ਜਾਂ ਆਡੀਓ-ਵੀਡੀਓ ਗੇਮਜ਼ ਨੂੰ ਵਧੇਰੇ ਮਹੱਤਤਾ ਦਿੰਦੇ ਹਨ। ਉਹਨਾਂ ਦਾ ਸਰੀਰਕ ਵਿਕਾਸ ਰੁਕ ਜਿਹਾ ਗਿਆ ਹੈ। ਉਹ ਦਾਦਾ-ਦਾਦੀ ਤੋਂ ਬਾਤਾਂ ਨਹੀਂ ਸੁਣਦੇ ਬਲਕਿ ਰਾਤ ਨੂੰ ਕਾਰਟੂਨ ਦੇਖਣ ਨੂੰ ਤਰਜੀਹ ਦਿੰਦੇ ਹਨ। ਮਾਂ-ਬਾਪ ਨੇ ਵੀ ਸਿਰਫ਼ ਪੜ੍ਹਾਈ ਉੱਤੇ ਉਹਨਾਂ ਦਾ ਧਿਆਨ ਕੇਂਦਰਿਤ ਕਰ ਰੱਖਿਆ ਹੈ। ਉਹ ਭੁੱਲ ਚੁੱਕੇ ਹਨ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ। ਉਹਨਾਂ ਨੂੰ ਤਾਇਆ-ਤਾਈ, ਮਾਸੀ-ਮਾਸੜ ਸ਼ਬਦ ਭੁੱਲ ਆਂਟੀ-ਅੰਕਲ ਸ਼ਬਦ ਯਾਦ ਰਹਿ ਗਏ ਹਨ।
ਤਕਨਾਲੋਜੀ ਦੀ ਆਮਦ ਨਾਲ ਜੀਵਨ ਤਾਂ ਸੁਖਾਲਾ ਹੋਇਆ ਹੈ ਪਰ ਇਸਦੇ ਜ਼ਰੀਏ ਹੋਣ ਵਾਲੇ ਜੁਰਮ ਜਾਂ ਇਸਦੇ ਦੁਸ਼ ਪ੍ਰਭਾਵਾਂ ਨੂੰ ਅਸੀਂ ਅਸਲੋਂ ਹੀ ਉਹਲੇ ਨਹੀਂ ਕਰ ਸਕਦੇ। ਹੁਣ ਸਾਡੀ ਕੋਈ ਨਿੱਜਤਾ ਨਹੀਂ ਰਹੀ। ਸਾਡਾ ਨਾਮ ਤੋਂ ਲੈ ਫੋਨ ਨੰਬਰ ਤਕ ਹਰ ਜਾਣਕਾਰੀ ਕੰਪਨੀਆਂ ਕੋਲ ਉਪਲਬਧ ਹੈ। ‘ਡੀਪ ਫੇਕ’ ਜਿਹੀਆਂ ਤਕਨੀਕਾਂ ਤਾਂ ਸਾਡੇ ਫੋਨਾਂ ਵਿੱਚੋਂ ਹੀ ਫੋਟੋਆਂ ਚੋਰੀ ਕਰ ਕਿਤੇ ਵੀ ਅਸ਼ਲੀਲ ਚਿੱਤਰ ਜਾਂ ਵੀਡੀਓ ’ਤੇ ਲਗਾ ਕੇ ਉਸ ਨੂੰ ਪਰੋਸਣ ਵਿੱਚ ਨਾਮੀ ਰੋਲ ਅਦਾ ਕਰ ਰਹੀਆਂ ਹਨ। ਉਸ ਤੋਂ ਬਿਨਾਂ ਇੰਸਟਾਗ੍ਰਾਮ ਵਰਗੀ ਐਪ ਨੇ ਸਾਰੇ ਪੰਜਾਬ ਨੂੰ ਹੀ ਨਚਾਰ ਬਣਾ ਛੱਡਿਆ ਹੈ। ਲੋਕ ਕੀ-ਕੀ ਨਹੀਂ ਕਰਦੇ ਲਾਈਕਸ ਤੇ ਕੌਮੈਂਟਸ ਲੈਣ ਵਾਸਤੇ? ਕੀ ਕੁੜੀਆਂ ਤੇ ਘਰ ਦੀਆਂ ਸੁੱਘੜ ਸੁਆਣੀਆਂ ਵੀ ਇਸ ਪਲੇਟਫਾਰਮ ਦਾ ਹਿੱਸਾ ਬਣ ਚੁੱਕੀਆਂ ਹਨ। ਕਦੇ ਸੂਟ-ਦੁਪੱਟੇ ਨੂੰ ਆਪਣਾ ਮਾਣ ਸਮਝਣ ਵਾਲੀਆਂ ਔਰਤਾਂ ਦੇ ਕੱਪੜੇ ਵੀ ਸੋਸ਼ਲ ਮੀਡੀਆ ’ਤੇ ਕੁਝ ਘੱਟ ਹੋ ਗਏ ਲੱਗਦੇ ਹਨ। ਇੱਕ ਸਮਾਂ ਸੀ ਜਦੋਂ ਘਰਾਂ ਦੀਆਂ ਨੂੰਹਾਂ-ਧੀਆਂ ਪਿਉ ਦੀ ਅੱਖ ਦੀ ਸ਼ਰਮ ਕਰਦੀਆਂ ਸਨ, ਪਰ ਅੱਜ ਸਭ ਉਲਟ ਹੋ ਗਿਆ। ਨੌਜਵਾਨੀ ਨਸ਼ੇ ਵਿੱਚ ਗ੍ਰਸੀ ਜਾ ਚੁੱਕੀ ਹੈ। ਭਵਿੱਖ ਧੁੰਦਲਾ ਹੋ ਗਿਆ ਲਗਦਾ ਹੈ। ਪੁਰਾਣੇ ਸਮਿਆਂ ਵਿੱਚ ਕਿਸੇ ਦੀ ਵੀ ਨੂੰਹ-ਧੀ ਸਾਰੇ ਸਮਾਜ ਦੀ ਨੂੰਹ-ਧੀ ਹੁੰਦੀ ਸੀ। ਪਰ ਹੁਣ ਤਾਂ ਛੋਟੀਆਂ ਬਾਲੜੀਆਂ ਵੀ ਸੁਰੱਖਿਅਤ ਨਹੀਂ ਹਨ। ਔਰਤਾਂ ਖਿਲਾਫ਼ ਜੁਰਮਾਂ ਵਿੱਚ ਪਿਛਲੇ ਦਹਾਕੇ ਨਾਲੋਂ ਵਾਧਾ ਹੋਇਆ ਹੈ। ਜਬਰ-ਜਨਾਹ, ਛੇੜਖਾਨੀ ਅਤੇ ਗਲਤ ਬੋਲ ਵਰਗੇ ਅਪਰਾਧ ਵਧੇ ਹਨ। ਨਾ ਤਾਂ ਭੈਣ-ਭਰਾਵਾਂ ਵਿੱਚ ਹੀ ਪਹਿਲਾਂ ਵਾਲਾ ਪਿਆਰ ਤੇ ਸਾਂਝ ਰਹੀ ਹੈ, ਨਾ ਤਾਏ-ਚਾਚਿਆਂ ਦਾ ਉਹ ਪਿਆਰ ਰਿਹਾ ਹੈ। ਹੋਰ ਤਾਂ ਹੋਰ, ਰੀਤੀ-ਰਿਵਾਜ਼ ਵੀ ਬਦਲਣ ਲੱਗ ਪਏ ਹਨ। ਵਿਆਹਾਂ ਦਾ ਰੁਝਾਨ ਪੈਲੇਸ ਕਲਚਰਾਂ ਵੱਲ ਵਧਿਆ ਹੈ। ਵਿਆਹ ਵਾਲੇ ਘਰ ਵੀ ਨਾਨਕੇ-ਦਾਦਕੇ ਪੈਲੇਸ ਵਿੱਚੋਂ ਹੀ ਮੁੜ ਜਾਂਦੇ ਹਨ। ਇਹੋ ਕੁਝ ਦੁੱਖਾਂ ਸਮੇਂ ਹੁੰਦਾ। ਅਗਰ ਕੋਈ ਮਰ ਵੀ ਜਾਵੇ ਤਾਂ ਵਾਹੋ-ਦਾਹ ਭੱਜ ਜਾਂ ਤਾਂ ਅਸੀਂ ਸੰਸਕਾਰ ’ਤੇ ਪਹੁੰਚਦੇ ਹਾਂ ਜਾਂ ਬੱਸ ਭੋਗ ’ਤੇ। ਜਾਣ ਵਾਲੇ ਦਾ ਦੁੱਖ ਪਰਿਵਾਰ ਨਾਲ ਵੰਡਾਉਣ ਲਈ ਕਿਸੇ ਕੋਲ ਕੋਈ ਸਮਾਂ ਨਹੀਂ। ਹੁਣ ਤਾਂ ਉਹੋ ਗੱਲ ਹੋ ਗਈ ਕਿ ਨਾ ਕਿਸੇ ਦੇ ਆਉਣ ਦੀ ਖੁਸ਼ੀ ਤੇ ਨਾ ਕਿਸੇ ਦੇ ਜਾਣ ਦਾ ਗ਼ਮ। ਮੈਂ ਭੋਗਾਂ ’ਤੇ ਲੋਕਾਂ ਨੂੰ ਮੇਕਅਪ ਕਰਕੇ ਜਚ-ਬਚ ਕੇ ਜਾਂਦਿਆਂ ਦੇਖਿਆ ਹੈ। ਅਸੀਂ ਹਰ ਕੰਮ ਨੂੰ ਰਸਮੀ ਤੌਰ ’ਤੇ ਕਰਨਾ ਸਿੱਖ ਗਏ ਹਾਂ। ਸਾਡੇ ਸਲੀਕਿਆਂ ਵਿੱਚ, ਵਿਵਹਾਰ ਵਿੱਚ ਵੀ ਸਮੇਂ ਨੇ ਤਬਦੀਲੀ ਲਿਆ ਛੱਡੀ ਹੈ। ਹਰ ਵੇਲੇ ਅਸੀਂ ਭੱਜ-ਦੌੜ ਵਿੱਚ ਤੇ ਬਿਨਾਂ ਕੰਮ ਤੋਂ ਵੀ ਮਸਰੂਫ ਮਹਿਸੂਸ ਕਰਦੇ ਹਾਂ। ਸਾਡੀ ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਇਹੋ ਹਾਲ ਸਾਡੇ ਬੱਚਿਆਂ ਦਾ ਏ। ਉਹ ਮਾਂ-ਬਾਪ ਤੋਂ ਥੱਪੜ ਤਾਂ ਛੱਡੋ, ਥੋੜ੍ਹੀ ਜਿਹੀ ਘੂਰ ਵੀ ਨਹੀਂ ਸਹਿ ਸਕਦੇ। ਉਹਨਾਂ ਨੂੰ ਵੀ ਸਾਡੇ ਵਾਂਗ ਇਕੱਲੇ ਰਹਿਣ ਦੀ ਆਦਤ ਪੈ ਗਈ ਲਗਦੀ ਹੈ।
ਸਾਡੇ ਵਿੱਚ ਪਦਾਰਥਵਾਦ ਤੇ ਉਪਭੋਗਤਾਵਾਂ ਦੀ ਰੁਚੀ ਵਧ ਚੁੱਕੀ ਏ। ਸਾਨੂੰ ਵੱਡੀ ਗੱਡੀ ਚਾਹੀਦੀ ਏ, ਵੱਡਾ ਘਰ ਤੇ ਹੋਰ ਸੁਖ-ਸਹੂਲਤਾਂ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਚਾਹੀਦੀ ਏ। ਸਿਰਫ਼ ਉਸ ਦਿਖਾਵੇ ਲਈ ਅਸੀਂ ਆਪਣੇ ਸਬਰ ਅਤੇ ਸਕੂਨ ਨੂੰ ਰੋਲ ਦਿੱਤਾ ਏ। ਅਸੀਂ ਹਰ ਸਮੇਂ ਭਾਰੇ-ਭਾਰੇ ਮਹਿਸੂਸ ਕਰਦੇ ਹਾਂ। ਐਨਾ ਆਧੁਨਿਕਤਾ ਦਾ ਮਣਾਂ-ਮੂੰਹੀਂ ਬੋਝ ਅਸੀਂ ਚੁੱਕ ਲਿਆ ਕਿ ਚਾਹ ਕੇ ਵੀ ਲਾਹ ਨਹੀਂ ਸਕਦੇ। ਏ.ਸੀ. ਦੀ ਹਵਾ ਵਿੱਚ ਅਸੀਂ ਨਿੰਮਾਂ ਜਾਂ ਤੂਤਾਂ ਦੀ ਛਾਂ ਭੁੱਲ ਚੁੱਕੇ ਹਾਂ। ਲੱਸੀਆਂ ਦੀ ਥਾਂ ਕੋਕਾ ਕੋਲਾ ਨੇ ਲੈ ਲਈ ਹੈ। ਦੁੱਪਟੇ-ਸੂਟ ਦੀ ਥਾਂ ਜੀਨਾਂ ਨੇ ਲੈ ਲਈ ਹੈ। ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦੀ ਥਾਂ ਬਰਗਰ-ਪੀਜ਼ਿਆਂ ਨੇ ਲੈ ਲਈ ਹੈ। ਸਭ ਕੁਝ ਅਸੀਂ ਆਧੁਨਿਕਤਾ ਦੀ ਭੇਟ ਚਾੜ੍ਹ ਛੱਡਿਆ ਹੈ। ਪਿੰਡੋਂ ਕਿਸੇ ਦੇ ਮਿਲਣ ’ਤੇ ਸਤਿ ਸ੍ਰੀ ਅਕਾਲ ਜਾਂ ਰਾਮ-ਰਾਮ ਦੀ ਥਾਂ ਹਾਏ-ਹੈਲੋ ਨੇ ਲੈ ਲਈ ਹੈ। ਅਸੀਂ ਆਧੁਨਿਕਤਾ ਦੇ ਨਾਮ ਹੇਠ ਵਿਕਾਸ ਦੇ ਕਿਹੜੇ ਪੜਾਅ ’ਤੇ ਆ ਖੜ੍ਹੇ ਹਾਂ? ਧਰਤੀ ਦਾ ਗਰਮ ਹੋਣਾ, ਹਵਾ ਪ੍ਰਦੂਸ਼ਣ ਜਾਂ ਪਾਣੀ ਦੀ ਕਮੀ ਨਾਲ ਸਾਡਾ ਚੁਫੇਰਾ ਜੂਝ ਰਿਹਾ ਹੈ। ਅਸੀਂ ਜ਼ਹਿਰੀਲੀਆਂ ਸਬਜ਼ੀਆਂ ਤੇ ਫਲ ਖਾਣ ਨੂੰ ਤਰਜੀਹ ਦਿੰਦੇ ਹਾਂ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਾਇਦ ਪ੍ਰਦੂਸ਼ਿਤ ਹਵਾ ਤੇ ਬਿਨ ਪਾਣੀ ਧਰਤ ਛੱਡਾਂਗੇ। ਕਿਤੇ ਉਹ ਪਾਣੀ ਦੀਆਂ ਬੋਤਲਾਂ ਵਾਂਗ ਆਕਸੀਜਨ ਦੇ ਸਿਲੰਡਰ ਰੋਜ਼-ਮਰਾ ਜ਼ਿੰਦਗੀ ਵਿੱਚ ਖ੍ਰੀਦਣ ਲਈ ਮਜਬੂਰ ਨਾ ਹੋ ਜਾਣ।
ਸ਼ਾਇਦ ਸਾਡੇ ਮੰਜੇ ਬੁਣਨ ਵਾਲੇ, ਸੰਧਾਰੇ ਦੇਣ ਵਾਲੇ, ਬਲਦਾਂ ਨਾਲ ਹੱਲ ਵਾਹੁਣ ਵਾਲੇ ਬਜ਼ੁਰਗਾਂ ਦੀ ਇਹ ਆਖਰੀ ਪੀੜ੍ਹੀ ਹੋਵੇਗੀ। ਖੌਰੇ ਅਸੀਂ ਵੀ ਪੁਰਾਤਨ ਤੋਂ ਆਧੁਨਿਕਤਾ ਦੇ ਲਾਭ ਤੇ ਸੰਤਾਪ ਦੇਖਣ ਵਾਲੀ ਆਖ਼ਰੀ ਪੀੜ੍ਹੀ ਹੋਈਏ। ਅਸੀਂ ਫਿਰ ਵੀ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਾਂ ਕਿ ਅਸੀਂ ਆਪਣੇ ਬਚਪਨ ਤੇ ਜਵਾਨੀ ਦਾ ਉਹ ਸੁਨਹਿਰੀ ਸਮਾਂ ਦੇਖਿਆ ਹੈ ਜਦੋਂ ਦੁਪਹਿਰੇ ਬਿਜਲੀ ਨਾ ਹੋਣ ਕਾਰਣ ਸਾਰਾ ਟੱਬਰ ਰੋਟੀ ਖਾ ਕੇ ਡਕੈਣਾਂ ਦੀ ਛਾਵੇਂ ਸੌਂਦਾ ਸੀ, ਜਦੋਂ ਇੱਕ ਫਰਾਟਾ ਪੱਖਾ ਲਗਾ ਕੇ ਸਾਰੇ ਟੱਬਰ ਨੂੰ ਨੀਂਦ ਆਉਂਦੀ ਸੀ। ਜਦੋਂ ਇੱਕ ਰੁਪਏ ਦੀਆਂ ਚਾਰ ਇਮਲੀਆਂ ਆਉਂਦੀਆਂ ਸਨ। ਅੱਜ ਭਾਵੇਂ ਅਸੀਂ ਆਧੁਨਿਕ ਬਣ ਗਏ ਹਾਂ ਪਰ ਸਾਨੂੰ ਆਪਣੇ ਬੱਚਿਆਂ ਨੂੰ ਉਹ ਸਮਾਜਿਕ ਕਦਰਾਂ-ਕੀਮਤਾਂ ਨਹੀਂ ਭੁੱਲਣ ਦੇਣੀਆਂ ਚਾਹੀਦੀਆਂ ਜਿਹੜੀਆਂ ਉਹਨਾਂ ਦਾ ਵਿਰਸਾ ਹਨ। ਉਹਨਾਂ ਨੂੰ ਗੁਰੂ ਘਰ ਮੱਥਾ ਟੇਕਣ ਦੀ ਉਹ ਰੀਤ ਕਦੇ ਨਹੀਂ ਵਿਸਾਰਨੀ ਚਾਹੀਦੀ, ਨਾ ਪੰਜਾਬੀ ਮਾਂ-ਬੋਲੀ ਨੂੰ ਭੁੱਲ ਹੋਰ ਬੋਲੀ ਅਪਣਾਉਣੀ ਚਾਹੀਦੀ ਹੈ। ਅਸੀਂ ਆਪਣੇ ਵਿਰਸੇ ਨੂੰ ਪਾਸੇ ਕਰ, ਤਕਨਾਲੋਜੀ ਦੇ ਨਾਲ ਵਿਕਾਸ ਦੀਆਂ ਸਿਖਰਾਂ ਤਾਂ ਛੂਹ ਸਕਦੇ ਹਾਂ ਪਰ ਜੜ੍ਹਾਂ ਕੱਟ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਹਰੀਆਂ ਭਰੀਆਂ ਨਹੀਂ ਰੱਖ ਸਕਦੇ। ਸੱਚੀਂ ਹੀ ਗੀਤ ਦੇ ਬੋਲ ਸਹੀ ਹੋ ਨਿੱਬੜੇ ਹਨ ਕਿ ਸਾਡੇ ਨਾਲੋਂ ਥੋਡੇ ਆਲਾ ਪੰਜਾਬ ਕਿੰਨਾ ਸੀ ਸੋਹਣਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4967)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)