“ਬਿਲਕੁਲ। ... ਵੈਸੇ ਕੋਈ ਰਾਜ਼ੀ ਹੋਵੇ ਜਾਂ ਨਾ, ਮੈਂ ਆਪਣੀਆਂ ਧੀਆਂ ਰੁਲਣ ਨਹੀਂ ਦੇਣੀਆਂ। ਉਹਨਾਂ ਦੇ ਸੁਪਨੇ ...”
(9 ਅਪਰੈਲ 2024)
ਇਸ ਸਮੇਂ ਪਾਠਕ: 300.
ਮੈਂ ਸਕੂਲੋਂ ਘਰ ਆ ਕੇ ਹਾਲੇ ਸੁੱਤੀ ਹੀ ਸੀ ਕਿ ਮੇਰੇ ਫੋਨ ਦੀ ਘੰਟੀ ਵੱਜੀ। ਫੋਨ ਦੂਸਰੇ ਕਮਰੇ ਵਿੱਚ ਪਿਆ ਹੋਣ ਕਾਰਣ ਮੈਂ ਚੁੱਕਣ ਵਿੱਚ ਅਸਮਰਥ ਰਹੀ, ਕਿਉਂ ਜੋ ਮੈਨੂੰ ਨੀਂਦ ਨੇ ਘੇਰਿਆ ਹੋਇਆ ਸੀ। ਫੋਨ ਮੇਰੀ ਧੀ ਨੇ ਚੁੱਕਿਆ ਤਾਂ ਅੱਗੋਂ ਆਵਾਜ਼ ਆਈ, “ਪੁੱਤ ਮੰਮੀ ਨਾਲ ਗੱਲ ਕਰਾ ਦੇ।”
“ਉਹ ਤਾਂ ਜੀ ਸੁੱਤੇ ਪਏ ਨੇ, ਜਦੋਂ ਉੱਠ ਗਏ ਗੱਲ ਕਰਵਾ ਦੇਵਾਂਗੀ।” ਇਹ ਕਹਿ ਕੇ ਬੇਟੀ ਨੇ ਫੋਨ ਰੱਖ ਦਿੱਤਾ।
ਮੈਂ ਸ਼ਾਮ ਨੂੰ ਉੱਠੀ ਤਾਂ ਬੇਟੀ ਨੇ ਦੱਸਿਆ ਕਿ ਨਾਜ਼ ਮਾਸੀ ਦਾ ਫੋਨ ਆਇਆ ਸੀ। ਮੈਂ ਘੜੀ ਵੱਲ ਨਜ਼ਰ ਮਾਰੀ ਤਾਂ ਸਾਢੇ ਕੁ ਛੇ ਦਾ ਸਮਾਂ ਸੀ। ਮੈਂ ਸੋਚਿਆ ਰੋਜ਼ੇ ਚੱਲ ਰਹੇ ਨੇ, ਉਹਨਾਂ ਦਾ ਇਫ਼ਤਾਰੀ ਸਮਾਂ ਹੋਵੇਗਾ ਤੇ ਫਿਰ ਮਗਰਿਬ ਦੀ ਨਮਾਜ਼ ਦਾ ਵੀ। ਇਹ ਸੋਚ ਕੇ ਮੈਂ ਕੁਝ ਲਿਖਣ ਲਈ ਆਪਣੇ ਕਮਰੇ ਵਿੱਚ ਚਲੀ ਗਈ। ਕਮਰੇ ਵਿੱਚ ਖਿਲਾਰਾ ਪਿਆ ਹੋਇਆ ਸੀ। ਸ਼ਾਇਦ ਮੇਰੀ ਧੀ ਨੇ ਅਲਮਾਰੀ ਵਿੱਚੋਂ ਕੱਢ ਕੇ ਕੁਝ ਪੁਰਾਣੀਆਂ ਫੋਟੋਆਂ ਦੇਖੀਆਂ ਸਨ। ਮੈਨੂੰ ਮੇਰੀ ਅਤੇ ਨਾਜ਼ ਦੀ ਇੱਕ ਪੁਰਾਣੀ ਈਦ ਮੌਕੇ ਦੀ ਫੋਟੋ ਦਿਸੀ। ਨਾਜ਼ ਮੇਰੇ ਪਿੰਡੋਂ ਹੀ ਗੁਆਂਢੀਆਂ ਦੀ ਕੁੜੀ ਸੀ। ਭਾਵੇਂ ਰਿਸ਼ਤਾ ਸਾਡਾ ਕੋਈ ਨਹੀਂ ਸੀ, ਅਸੀਂ ਸਹੇਲੀਆਂ ਸੀ ਪਰ ਭੈਣਾਂ ਨਾਲੋਂ ਵਧ ਕੇ। ਸਾਡਾ ਖਾਣ-ਪੀਣ, ਕੱਪੜਾ ਲੀੜਾ, ਰੀਝਾਂ, ਬਚਪਨ ਤੇ ਜਵਾਨੀ ਦੇ ਹਾਸੇ ਤੇ ਵਲਵਲੇ ਸਾਂਝੇ ਸਨ। ਬਾਰ੍ਹਵੀਂ ਜਮਾਤ ਤੋਂ ਬਾਦ ਮੈਂ ਕਾਲਜ ਤੇ ਫਿਰ ਉਚੇਰੀ ਸਿੱਖਿਆ ਲਈ ਪਟਿਆਲੇ ਆ ਗਈ। ਪਰ ਨਾਜ਼ ਬਾਰ੍ਹਵੀਂ ਜਮਾਤ ਤੋਂ ਬਾਦ ਪੜ੍ਹ ਹੀ ਨਾ ਸਕੀ। ਉਸਦੇ ਪਿਤਾ ਜੀ ਕੁੜੀਆਂ ਨੂੰ ਪੜ੍ਹਾਉਣ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ ਸਨ, ਅਖੇ ਅਸੀਂ ਕਿਹੜਾ ਨੌਕਰੀ ਕਰਵਾਉਣੀ ਏ, ਵਿਆਹ ਹੀ ਕਰਨਾ ਅਗਲੇ ਸਾਲ ਤਕ।
ਮੈਨੂੰ ਯਾਦ ਹੈ ਕਿ ਮੈਂ ਨਾਜ਼ ਦਾ ਪ੍ਰਾਈਵੇਟ ਬੀ.ਏ. ਦਾ ਫਾਰਮ ਭਰ ਕੇ ਉਸ ਨੂੰ ਪੜ੍ਹਨ ਲਈ ਕਿਤਾਬਾਂ ਵੀ ਲਿਆ ਕੇ ਦਿੱਤੀਆਂ ਸਨ ਪਰ ਉਹ ਘਰ ਦੇ ਕੰਮਾਂ-ਕਾਰਾਂ ਦੇ ਬੋਝ ਥੱਲੇ ਦਬ ਕੇ ਪੜ੍ਹਨ ਨੂੰ ਸਮਾਂ ਹੀ ਨਾ ਦੇ ਪਾਉਂਦੀ। ਕਿਵੇਂ ਨਾ ਕਿਵੇਂ ਮੈਂ ਦੇਰ ਸਵੇਰ ਸਮਾਂ ਕੱਢ ਕੇ ਉਸ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੀ। ਉਹ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ ਤੇ ਅੱਗੇ ਤਕ ਜਾਣਾ ਚਾਹੁੰਦੀ ਸੀ। ਪਰ ਉਸ ਤੋਂ ਛੋਟੇ ਉਸਦੇ ਦੋ ਭਰਾ, ਪੜ੍ਹਨ ਪਿੱਛੇ ਉਸ ਨੂੰ ਕੌੜੇ-ਕੁਸੈਲੇ ਬੋਲ ਬੋਲਦੇ। ਉਹ ਦਬ ਕੇ ਰਹਿ ਜਾਂਦੀ। ਸਾਰਾ ਦਿਨ ਉਹ ਡੰਗਰਾਂ ਵਿੱਚ ਡੰਗਰ ਹੋਈ ਵਾਹੋ ਦਾਹ ਭੱਜ-ਭੱਜ ਕੰਮ ਕਰਦੀ। ਤੇ ਇੱਕ ਦਿਨ ਆਥਣ ਵੇਲੇ ਉਸਦੇ ਪਿਤਾ ਨੇ ਉਸਦੀਆਂ ਕਿਤਾਬਾਂ ਚੁੱਲ੍ਹੇ ਵਿੱਚ ਵਗਾਹ ਮਾਰੀਆਂ, ਅਖੇ ਲੱਗੀ ਏ ਨਵੇਂ ਕੰਮ ਕਰਨ - ਸਾਡੇ ਨਹੀਂ ਰਿਵਾਜ਼ ਇਸ ਕੰਜਰਖਾਨੇ ਦਾ। ਤੇ ਨਾਲ ਹੀ ਉਸਨੇ ਮੈਨੂੰ ਵੀ ਖਰੀਆਂ-ਖੋਟੀਆਂ ਸੁਣਾਈਆਂ ਸਨ। ਮੈਂ ਚੁੱਪ ਕਰ ਗਈ ਤੇ ਮੇਰੇ ਘਰਦਿਆਂ ਨੇ ਮੇਰਾ ਨਾਜ਼ ਨਾਲ ਬੋਲਣਾ-ਚੱਲਣਾ ਬੰਦ ਕਰ ਦਿੱਤਾ। ਸੱਚੀਂ ਮੈਨੂੰ ਬਹੁਤ ਤਰਸ ਆਉਂਦਾ ਨਾਜ਼ ਉੱਤੇ। ਮੈਂ ਕਈ ਵਾਰ ਸੋਚਦੀ ਕਿ ਕੀ ਜ਼ਿੰਦਗੀ ਹੈ ਕੁੜੀਆਂ ਦੀ, ਚਾਹ ਕੇ ਵੀ ਅਸੀਂ ਆਪਣੇ ਮਨ ਦੀ ਨਹੀਂ ਕਰ ਸਕਦੀਆਂ।
ਨਾਜ਼ ਦੇ ਫੋਨ ਦੀ ਦੁਬਾਰਾ ਵੱਜੀ ਘੰਟੀ ਨੇ ਮੈਨੂੰ ਸੋਚਾਂ ਵਿੱਚੋਂ ਕੱਢਿਆ ਤੇ ਮੈਂ ਹੁੰਗਾਰਾ ਭਰਿਆ।
ਨਾਜ਼ ਬੋਲੀ, “ਤੂੰ ਤਾਂ ਜਮਾਂ ਈ ਫੋਨ ਨੀ ਕਰਦੀ, ... ਭੁੱਲ ਹੀ ਗਈ।”
ਮੈਂ ਆਪਣੇ ਰੁਝੇਵੇਂ ਦੱਸਦਿਆਂ ਮਾਫ਼ੀ ਦੀ ਤਵੱਜੋ ਰੱਖੀ। ਉਸ ਹੱਸਦਿਆਂ ਆਖਿਆ, ‘ਕੋਈ ਨਹੀਂ, ਮੈਨੂੰ ਪਤਾ ਸਾਰਾ। ਅੱਛਾ, ਦੱਸ, ਤਸਲੀਮ ਨੂੰ ਦਸਵੀਂ ਤੋਂ ਬਾਦ ਕੀ ਕਰਾਵਾਂ? ਵੈਸੇ ਉਹ ਨਾਨ-ਮੈਡੀਕਲ ਲੈ ਕੇ ਅੱਗੇ ਪੜ੍ਹਨਾ ਚਾਹੁੰਦੀ ਏ।”
ਮੈਂ ਪੁੱਛਿਆ, “ਤੇਰੇ ਖਾਵੰਦ ਰਾਜ਼ੀ ਨੇ ਇਸ ਵਾਸਤੇ?”
ਉਸ ਹੱਸਦਿਆਂ ਆਖਿਆ, “ਬਿਲਕੁਲ। ਵੈਸੇ ਕੋਈ ਰਾਜ਼ੀ ਹੋਵੇ ਜਾਂ ਨਾ, ਮੈਂ ਆਪਣੀਆਂ ਧੀਆਂ ਰੁਲਣ ਨਹੀਂ ਦੇਣੀਆਂ। ਉਹਨਾਂ ਦੇ ਸੁਪਨੇ ਮਰਨ ਨਹੀਂ ਦੇਣੇ। ਉਹਨਾਂ ਨੂੰ ਮੈਂ ਸਾਰੀ ਉਮਰ ਰਿਸਦੇ ਰਹਿਣ ਵਾਲੇ ਜ਼ਖ਼ਮ ਨਹੀਂ ਦੇਣੇ। ਉਹਨਾਂ ਦੀਆਂ ਉਡਾਰੀਆਂ ਵਾਸਤੇ ਉਹਨਾਂ ਦੇ ਖੰਭਾਂ ਵਿੱਚ ਜਾਨ ਮੈਂ ਭਰਾਂਗੀ। ਜੇਕਰ ਮੈਂ ਨਹੀਂ ਪੜ੍ਹ ਸਕੀ ਤਾਂ ਕੀ ਹੋਇਆ, ਪਰ ਮੈਂ ਆਪਣੀਆਂ ਧੀਆਂ ਨੂੰ ਪੜ੍ਹਾਉਣਾ, ਉੱਥੋਂ ਤਕ ਜਿੱਥੋਂ ਤਕ ਉਹਨਾਂ ਦਾ ਮਨ ਕਰੇ। ਉਹ ਜੋ ਕਰਨਾ ਚਾਹੁਣ, ਕਰ ਸਕਦੀਆਂ ਨੇ। ... ਨੌਕਰੀ ਵੀ।”
ਸੁਣਦੇ ਸਾਰ ਮੇਰੇ ਹੰਝੂ ਰੋਕਿਆਂ ਨਾ ਰੁਕੇ ਕਿ ਨਾਜ਼ ਆਪਣੀਆਂ ਧੀਆਂ ਰਾਹੀਂ ਆਪਣੀ ਅਧਵਾਟੇ ਰਹਿ ਗਈ ਜ਼ਿੰਦਗੀ ਨੂੰ ਪੂਰਾ ਕਰੇਗੀ। ਉਹ ਉਡਾਣ ਦੇਵੇਗੀ ਆਪਣੇ ਉਹਨਾਂ ਸੁਫ਼ਨਿਆਂ ਨੂੰ ਜਿਨ੍ਹਾਂ ਨੂੰ ਕਿਸੇ ਵਕਤ ਅੱਗ ਦੇ ਸੇਕ, ਆਪਣਿਆਂ ਦੇ ਹੀ ਗੁਸੈਲੇ ਬੋਲਾਂ ਤੇ ਕੰਮ ਦੇ ਬੋਝ ਨੇ ਪੂਰਾ ਨਹੀਂ ਸੀ ਹੋਣ ਦਿੱਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4876)
(ਸਰੋਕਾਰ ਨਾਲ ਸੰਪਰਕ ਲਈ: (