“ਜੀ, ਸਿਰ ਬਹੁਤ ਦੁਖ ਰਿਹਾ, ਪੁੜਪੁੜੀਆਂ ਫਟ ਰਹੀਆਂ ਨੇ। ਸਿਰ ਵਿੱਚ ਪਾਣੀ ਪਾ ਆਵਾਂ? ..."
(8 ਅਗਸਤ 2024)
ਰੋਜ਼ ਦੀ ਤਰ੍ਹਾਂ ਹੀ ਜਦੋਂ ਕੱਲ੍ਹ ਮੈਂ ਕਲਾਸ ਵਿੱਚ ਗਈ ਤਾਂ ਮੈਂ ਉਸ ਬੱਚੀ ਨੂੰ ਸਿਰ ਦਰਦ ਨਾਲ ਬੇਹਾਲ ਪਾਇਆ। ਉਸਦੀਆਂ ਅੱਖਾਂ ਵਿੱਚ ਲਾਲੀ ਸੀ ਤੇ ਮੂੰਹ ’ਤੇ ਹਾਵ ਭਾਵ ਵਿੱਚ ਵਿਚਾਰਾਪਣ। ਕਲਾਸ ਵਿੱਚ ਸਭ ਤੋਂ ਮੋਹਰਲੇ ਬੈਂਚ ’ਤੇ ਬੈਠੀ ਹੋਣ ਕਾਰਨ ਮੈਂ ਅਕਸਰ ਹੀ ਉਸ ਦੀ ਸਿਹਤ ਬਾਰੇ ਪੁੱਛਦੀ ਰਹਿੰਦੀ ਹਾਂ। ਰੋਜ਼ ਉਸ ਨੂੰ ਕਹਿੰਦੀ ਕਿ ਕਿਸੇ ਚੰਗੇ ਨਿਊਰੋ ਸਰਜਨ ਨੂੰ ਦਿਖਾ ਕੇ ਦਵਾਈ ਲੈ ਲਓ। ਪਰ ਉਹ ਵਿਚਾਰੀ ਮੇਰੀ ਗੱਲ ਸੁਣ ਕੇ ਚੁੱਪ ਹੋ ਜਾਂਦੀ ਤੇ ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਵਸੀ ਰੋਜ਼ ਹੀ ਮੈਨੂੰ ਜ਼ਾਹਿਰ ਹੁੰਦੀ। ਉਹ ਕਹਿੰਦੀ, “ਜੀ. ਲੈ ਰਹੀ ਆਂ ਦਵਾਈ ਤਾਂ ਮੈਂ ...” ਪਰ ਕਿੱਥੋਂ, ਇਸ ਬਾਰੇ ਉਹ ਨਾ ਦੱਸਦੀ। ਹੌਲੀ ਹੌਲੀ ਮੈਨੂੰ ਉਸਦੇ ਅੰਦਰਲੀ ਗੁਰਬਤ ਦਾ ਅਹਿਸਾਸ ਹੋਇਆ। ਗਰੀਬੀ ਦੀ ਝੰਬੀ ਹਾਰੀ ਉਹ ਬੱਚੀ ਤੇ ਉਸਦਾ ਪਰਿਵਾਰ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈਣ ਵਿੱਚ ਅਸਮਰੱਥ ਸਨ। ਨਾਲਦੀਆਂ ਕੁੜੀਆਂ ਨੇ ਦੱਸਿਆ, “ਜੀ, ਇਸ ਨੂੰ ਤਾਂ ਪੰਜਵੀਂ ਕਲਾਸ ਤੋਂ ਹੀ ਸਿਰ ਵਿੱਚ ਦਰਦ ਰਹਿੰਦਾ ਹੈ, ਤਾਂ ਹੀ ਇਹ ਅਕਸਰ ਛੁੱਟੀਆਂ ਮਾਰਦੀ ਰਹਿੰਦੀ ਆ।” ਉਹ ਕੁੜੀ ਵਿਚਾਰੀ ਚੁੱਪ ਕਰਕੇ ਸੁਣੀ ਜਾ ਰਹੀ ਸੀ।
ਪਿਛਲੇ ਕਈ ਦਿਨਾਂ ਤੋਂ ਮੈਂ ਦੇਖ ਰਹੀ ਸਾਂ ਕਿ ਉਸਦਾ ਸਿਰ ਦਰਦ ਲਗਾਤਾਰ ਕਾਫੀ ਵੱਧ ਚੁੱਕਿਆ ਸੀ ਤੇ ਉਸ ਦੀ ਨਿਗਾਹ ਵੀ ਕਾਫੀ ਘਟ ਗਈ ਹੈ। ਉਹ ਜਾਂ ਤਾਂ ਛੁੱਟੀ ਲੈ ਲੈਂਦੀ ਜਾਂ ਫਿਰ ਅੱਧੀ ਛੁੱਟੀ ਲੈ ਕੇ ਚਲੀ ਜਾਂਦੀ। ਤਕਰੀਬਨ ਕਈ ਦਿਨਾਂ ਤੋਂ ਉਸਦਾ ਇਹੀ ਕੰਮ ਚੱਲ ਰਿਹਾ ਸੀ। ਉਹ ਵਿਚਾਰੀ ਨਿੰਮੋਝੂਣੀ ਜਿਹੀ ਜਿਹੜੀ ਜ਼ਿੰਦਗੀ ਜਿਊਣ ਦੀ ਜੰਗ ਲੜ ਰਹੀ ਸੀ, ਉਹ ਪੜ੍ਹਾਈ ਬਾਰੇ ਕਿੱਥੋਂ ਸੋਚ ਸਕਦੀ ਹੋਵੇਗੀ। ਮੈਂ ਅਕਸਰ ਹੀ ਉਸਦੇ ਬਾਰੇ ਸੋਚਦੀ ਪਰ ਸਮਝ ਨਾ ਆਉਂਦੀ ਕਿ ਕਰਾਂ ਤਾਂ ਕੀ ਕਰਾਂ। ਮੈਨੂੰ ਕੱਲ੍ਹ ਤਾਂ ਸੱਚੀ ਉਸ ਉੱਤੇ ਬਹੁਤ ਹੀ ਤਰਸ ਆਇਆ ਜਦੋਂ ਚਲਦੀ ਕਲਾਸ ਵਿੱਚੋਂ ਉੱਠ ਕੇ ਉਹ ਬੋਲੀ “ਜੀ, ਸਿਰ ਬਹੁਤ ਦੁਖ ਰਿਹਾ, ਪੁੜਪੁੜੀਆਂ ਫਟ ਰਹੀਆਂ ਨੇ। ਸਿਰ ਵਿੱਚ ਪਾਣੀ ਪਾ ਆਵਾਂ?”
ਉਸਦੀਆਂ ਅੱਖਾਂ ਵਿੱਚ ਹੰਝੂ ਸਨ। ਇਹ ਦੇਖ ਮੇਰਾ ਹਿਰਦਾ ਸੱਚੀਂ ਵਲੂੰਧਰਿਆ ਗਿਆ। ਮੈਂ ਵੀ ਧੀ ਦੀ ਮਾਂ ਹਾਂ। ਜੇਕਰ ਮੇਰੀ ਬੱਚੀ ਨੂੰ ਕੱਲ੍ਹ ਨੂੰ ਕੁਝ ਹੋ ਜਾਵੇ ਫਿਰ! ਕੀ ਮੈਂ ਇਸ ਬੱਚੀ ਲਈ ਕੁਝ ਨਹੀਂ ਕਰ ਸਕਦੀ? ਸੋਚਿਆ, ਆਖਿਰ ਕਰਾਂ ਤਾਂ ਕੀ ਕਰਾਂ? ਮੈਂ ਸਟਾਫ ਰੂਮ ਵਿੱਚ ਗਈ ਤਾਂ ਅੱਖਾਂ ਭਰ ਆਈਆਂ - ਗੁਰਬਤਾਂ ਮਾਰੀਆਂ ਜ਼ਿੰਦਗੀਆਂ, ਜਿਨ੍ਹਾਂ ਨੂੰ ਕੋਈ ਵੀ ਦੇਖਣ ਵਾਲਾ ਨਹੀਂ। ਕੀ ਫਾਇਦਾ ਸਾਡੇ ਵਰਗੇ ਲੋਕਾਂ ਦਾ ਜੇਕਰ ਸਾਡੀਆਂ ਅੱਖਾਂ ਸਾਹਮਣੇ ਕੋਈ ਬੱਚਾ ਜਾਂ ਕੋਈ ਇਨਸਾਨ ਹਰ ਰੋਜ਼ ਜ਼ਿੰਦਗੀ ਦੀ ਢਹਿੰਦੀ ਕਲਾ ਵੱਲ ਜਾ ਰਿਹਾ ਹੋਵੇ।
ਫੋਨ ਚੁੱਕਿਆ ਤੇ ਕਿਸੇ ਇਹੋ ਜਿਹੇ ਬੰਦੇ ਦਾ ਨੰਬਰ ਲੱਭਣਾ ਸ਼ੁਰੂ ਕੀਤਾ ਜੋ ਇਸ ਕੰਮ ਵਿੱਚ ਮੇਰੀ ਮਦਦ ਕਰ ਸਕੇ। ਦੋ ਤਿੰਨ ਕੁ ਮਿੰਟ ਬਾਅਦ ਹੀ ਮੈਨੂੰ ਖਿਆਲ ਆਇਆ, ਲੈ ਮੈਂ ਤਾਂ ਐਵੇਂ ਹੀ ਮੱਥਾ ਮਾਰੀ ਜਾਂਦੀ ਆਂ, ਉਹ ਹੈ ਤਾਂ ਸਹੀ ਗਰੀਬਾਂ ਦਾ ਮਸੀਹਾ, ਬਿਨਾਂ ਕਿਸੇ ਆਪਣੇ ਫਾਇਦੇ ਤੋਂ ਪੀਜੀਆਈ ਵਰਗੇ ਹਸਪਤਾਲ ਵਿੱਚ ਲੱਖਾਂ ਲੋਕਾਂ ਦਾ ਇਲਾਜ ਕਰਵਾਉਣ ਵਾਲਾ, ਆਪਣੇ ਪੱਲਿਓਂ ਪੈਸੇ ਖਰਚ ਕਰਕੇ ਗਰੀਬਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲਾ - ਸਤੀਸ਼ ਵੀਰ। ਬਰੇਨ ਦੇ ਓਪਰੇਸ਼ਨ ਕਰਵਾਉਂਦਾ ਵੀ ਹੈ ਤਾਂ ਵਿਸ਼ਵ ਪ੍ਰਸਿੱਧ ਨਿਊਰੋ ਸਰਜਨ ਡਾਕਟਰ ਪਰਵੀਨ ਸੋਲੰਕੀ ਜੀ ਤੋਂ। ਇਹ ਸੋਚਕੇ ਇੱਕ ਪਲ ਲਈ ਮਨ ਖੁਸ਼ ਹੋਇਆ ਕਿ ਲੈ ਇਹ ਤਾਂ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ। ਮੈਨੂੰ ਯਾਦ ਆਇਆ ਕਿ ਪ੍ਰਸਿੱਧ ਲੇਖਕ ਜਸਵੀਰ ਰਾਣਾ ਜੀ ਨਾਲ ਵੀ ਤਾਂ ਦੋਸਤੀ ਹੈ ਸਤੀਸ਼ ਵੀਰ ਦੀ। ਕਿਉਂ ਜੋ ਇੱਕ ਦਿਨ ਮੈਂ ਉਹਨਾਂ ਨੂੰ ਉਹਨਾਂ ਦੇ ਨਾਲ ਫੋਟੋਆਂ ਵਿੱਚ ਦੇਖਿਆ ਸੀ। ਜਸਵੀਰ ਰਾਣਾ ਜੀ ਅਕਸਰ ਮੇਰੀਆਂ ਲਿਖਤਾਂ ਦਾ ਨਿਰੀਖਣ ਕਰ ਮੈਨੂੰ ਫੀਡਬੈਕ ਦਿੰਦੇ ਨੇ, ਸਲਾਹੁੰਦੇ ਨੇ ਤੇ ਮੇਰੇ ਨਿੱਕੇ ਨਿੱਕੇ ਕਦਮਾਂ ਨੂੰ ਅੱਗੇ ਤੋਰਦੇ ਨੇ।
ਮੈਂ ਸਤੀਸ਼ ਵੀਰ ਦਾ ਨੰਬਰ ਇੱਧਰੋਂ ਉੱਧਰੋਂ ਲੱਭਿਆ ਤੇ ਉਹਨਾਂ ਨੂੰ ਫੋਨ ਕਰਨ ਦੀ ਸੋਚੀ। ਫਿਰ ਸਮਾਂ ਦੇਖਿਆ, ਸੋਚਿਆ, ਉਹ ਤਾਂ ਅੱਜ ਕੱਲ੍ਹ ਆਸਟਰੇਲੀਆ ਗਏ ਨੇ। ਫਿਰ ਮੈਂ ਮਨ ਕਰੜਾ ਕਰਕੇ ਫੋਨ ਕੀਤਾ ਕਿ ਚਲੋ ਦੇਖੀ ਜਾਏਗੀ, ਜੇ ਚੱਕ ਲਿਆ ਤਾਂ ਵਧੀਆ, ਜੇ ਨਾ ਚੱਕਿਆ ਤਾਂ ਫਿਰ ਮੈਂ ਸ਼ਾਮ ਨੂੰ ਘਰ ਜਾ ਕੇ ਗੱਲ ਕਰਾਂਗੀ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਇੱਕ ਬੈਲ ਵੱਜਣ ’ਤੇ ਹੀ ‘ਹੈਲੋ’ ਦੀ ਆਵਾਜ਼ ਆਈ। ਮੈਂ ਕਾਹਲੀ ਕਾਹਲੀ ਬੋਲਣ ਲੱਗੀ ਕਿ ਜੀ ਮੈਂ ਫਲਾਣੇ ਸਕੂਲ ਤੋਂ ਇੱਕ ਟੀਚਰ ਬੋਲ ਰਹੀ ਆ। ਸੱਚੀ ਗੱਲ ਕਰਦੇ ਸਮੇਂ ਮੇਰਾ ਗੱਚ ਭਰ ਆਇਆ। ਮੈਥੋਂ ਬੱਚੀ ਦੀ ਹਾਲਤ ਬਿਆਨ ਨਾ ਹੋਈ। ਸਤੀਸ਼ ਵੀਰ ਜੀ ਨੇ ਕਿਹਾ, “ਹੌਸਲਾ ਰੱਖੋ ਭੈਣ, ਬਾਕੀ ਮੇਰੇ ’ਤੇ ਛੱਡ ਦਵੋ ਤੁਸੀਂ। ਰਿਪੋਰਟਾਂ ਭੇਜੋ।”
ਮੈਂ ਕਿਹਾ, “ਜੀ ਛੁੱਟੀ ਤੋਂ ਬਾਅਦ ਭੇਜਦੀ ਹਾਂ।”
ਬੱਚੀ ਦੇ ਘਰ ਫੋਨ ਕੀਤਾ ਪਰ ਕੋਈ ਗੱਲ ਨਾ ਹੋਈ। ਫਿਰ ਮੈਂ ਉਹਨਾਂ ਦੇ ਘਰ ਜਾ ਬੱਚੀ ਦੀਆਂ ਰਿਪੋਰਟਾਂ ਸਤੀਸ਼ ਵੀਰ ਜੀ ਦੇ ਨੰਬਰ ’ਤੇ ਵਟਸਐਪ ਕਰ ਦਿੱਤੀਆਂ।
ਸ਼ਾਮ ਨੂੰ ਘਰ ਗਈ, ਫੋਨ ਦੇਖਦੀ ਰਹੀ, ਬੱਚੀ ਤੇ ਉਸਦੇ ਘਰਦਿਆਂ ਦੇ ਫੋਨ ਵੀ ਆਏ ਕਿ ਜੀ ਕੁਝ ਬਣਿਆ? ਸ਼ਾਇਦ ਉਹਨਾਂ ਨੂੰ ਵੀ ਇਹ ਯਕੀਨ ਨਾ ਹੋਵੇ ਕਿ ਸਾਡੀ ਗਰੀਬਾਂ ਦੀ ਵੀ ਕੋਈ ਮਦਦ ਕਰ ਸਕਦਾ ਹੈ। ਮੈਨੂੰ ਲੱਗਾ ਕਿ ਚਲੋ ਹੁਣ ਤਾਂ ਕਾਫੀ ਲੇਟ ਹੋ ਚੁੱਕਾ ਹੈ ਤੇ ਵੀਰ ਜੀ ਦਾ ਫੋਨ ਨਹੀਂ ਆਏਗਾ, ਪਰ ਉਦੋਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਰਾਤ ਦੇ ਤਕਰੀਬਨ ਸਾਢੇ ਕੁ 10 ਵਜੇ, ਆਸਟਰੇਲੀਆ ਦੇ ਤਕਰੀਬਨ ਢਾਈ ਵਜੇ ਦੇ ਹਿਸਾਬ ਨਾਲ ਵੀਰ ਸਤੀਸ਼ ਦਾ ਫੋਨ ਆਇਆ, “ਭੈਣ, ਜੌਬ ਡੰਨ ... ਡਾਕਟਰ ਪ੍ਰਵੀਨ ਸਲੰਕੀ ਜੀ ਨੇ ਸਾਢੇ ਕੁ 10 ਵਜੇ ਫੋਨ ’ਤੇ ਰਿਪੋਰਟਾਂ ਚੈੱਕ ਕਰਕੇ ਮੰਗਲਵਾਰ ਦਾ ਸਮਾਂ ਦੇ ਦਿੱਤਾ ਹੈ।”
ਮੇਰੀ ਖੁਸ਼ੀ ਤੇ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀ। ਰੋਣ ਨੂੰ ਜੀ ਕਰੀ ਜਾਵੇ - ਹੇ ਮਾਲਕਾ! ਬੱਸ ਬੱਚੀ ਦੀ ਜਾਨ ਬਚ ਜਾਵੇ। ਮੈਂ ਸਾਰੀ ਗੱਲ ਪਤੀ ਨਾਲ ਸਾਂਝੀ ਕੀਤੀ। ਉਹ ਕਹਿੰਦੇ, “ਕੋਈ ਗੱਲ ਨਹੀਂ, ਜਿੰਨੀ ਹੋਈ ਪੈਸੇ ਧੇਲੇ ਦੀ ਮਦਦ ਵੀ ਕਰਾਂਗੇ। ਕੁਲਦੀਪ ਭਾਜੀ, ਤਹਿਸੀਲਦਾਰ ਜਿਹੜੇ ਕਿ ਹਮੇਸ਼ਾ ਹੀ ਗਰੀਬਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੇ ਹਨ, ਦੀ ਮਦਦ ਲੈ ਲਵਾਂਗੇ। ਪੀਜੀਆਈ ਛੁੱਟੀ ਲੈ ਕੇ ਨਾਲ ਚਲੇ ਜਾਵਾਂਗੇ।”
ਪਰ ਮੈਨੂੰ ਸਤੀਸ਼ ਵੀਰ ਦੇ ਉਹ ਸ਼ਬਦ ਵਾਰ ਵਾਰ ਚੇਤੇ ਆ ਰਹੇ ਸਨ ਕਿ ਪੰਜ ਲੱਗੇ ਚਾਹੇ ਪੰਜ ਲੱਖ ਲੱਗੇ, ਸਾਰਾ ਖਰਚਾ ਅਸੀਂ ਆਪੇ ਪ੍ਰਬੰਧ ਕਰ ਲਵਾਂਗੇ।
ਮੇਰੀਆਂ ਅੱਖਾਂ ਅੱਗੇ ਬੱਚੀ ਦੀ ਹੱਥ ਬੰਨ੍ਹ, ਮਿੰਨਤਾਂ ਤਰਲੇ ਕਰਦੀ ਮਾਂ ਦਾ ਚਿਹਰਾ ਵਾਰ ਵਾਰ ਘੁੰਮ ਰਿਹਾ ਸੀ। ਪਰ ਨਾਲ ਹੀ ਰੱਬ ਵਰਗੇ ਵੀਰ ਸਤੀਸ਼, ਡਾਕਟਰ ਪਰਵੀਨ ਸੋਲੰਕੀ ਸਰ, ਜਿਹੜੇ ਕਿ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਲੋਕਾਂ ਨੂੰ ਬਚਾ ਕੇ ਨਵੀਂ ਜ਼ਿੰਦਗੀ ਦੇਣ ਲਈ ਦਿਨ ਰਾਤ ਜੀ ਤੋੜ ਮਿਹਨਤਾਂ ਕਰਦੇ ਹਨ, ਦਾ ਚਿਹਰਾ ਵੀ ਆ ਰਿਹਾ ਸੀ। ਹੈਰਾਨੀ ਹੁੰਦੀ ਹੈ ਤੇ ਨਾਲ ਹੀ ਸਿਰ ਵੀ ਉਸ ਅਕਾਲ ਪੁਰਖ ਅੱਗੇ ਨਤਮਸਤਕ ਹੋ ਜਾਂਦਾ ਹੈ ਕਿ ਅੱਜ ਦੀ ਇਸ ਦੁਨੀਆਂ ਵਿੱਚ ਜਿੱਥੇ ਚਾਰੇ ਪਾਸੇ ਜਾਇਜ਼ ਨਜਾਇਜ਼ ਢੰਗ ਨਾਲ ਪੈਸੇ ਕਮਾਉਣ ਦੀ ਦੌੜ ਲੱਗੀ ਹੋਈ ਹੈ, ਕੋਈ ਇਨਸਾਨੀਅਤ ਲਈ ਵੀ ਕੰਮ ਕਰਦਾ ਹੈ। ਸੱਚਮੁੱਚ ਦੁਨੀਆ ਇਹੋ ਜਿਹੇ ਲੋਕਾਂ ਦੇ ਸਿਰ ’ਤੇ ਹੀ ਚਲਦੀ ਹੈ। ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਉੱਤੇ। ਨਾਲ ਹੀ ਅਰਦਾਸ ਕਰਿਓ ਕਿ ਬੱਚੀ ਜਲਦੀ ਤੋਂ ਜਲਦੀ ਸਿਹਤਯਾਬ ਹੋ ਕੇ ਨਵੀਂ ਜ਼ਿੰਦਗੀ ਦੇ ਪੰਧ ’ਤੇ ਨਿਧੜਕ ਹੋ ਤੁਰੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5197)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: