“ਸਾਰੇ ਉੱਥੇ ਇੱਕ ਦਿਨ ਬਾਦ ਰਹਿ ਗਏ। ਮੈਂ ਵੀ ਰਹਿਣਾ ਚਾਹੁੰਦੀ ਸੀ ਪਰ ਸਕੂਲ ਵਿੱਚ ਪੇਪਰ ਚੱਲਦੇ ਹੋਣ ਕਾਰਣ ...”
(21 ਅਕਤੂਬਰ 2023)
ਮੈਂ ਇਕੱਲੀ ਬੈਠੀ ਅਕਸਰ ਕਈ ਵਾਰ ਇਹਨਾਂ ਸ਼ਬਦਾਂ ਨੂੰ ਆਪਣੇ ਦਿਮਾਗ ਵਿੱਚ ਸੋਚਦੀ ਹਾਂ ਕਿ ਜੇਕਰ ਇਹ ਸ਼ਬਦ ਮੇਰੀ ਰਿਸ਼ਤੇ ਵਿੱਚ ਲੱਗਦੀ ਭਾਬੀ ਵੱਲੋਂ ਮੈਨੂੰ ਉਸ ਸਮੇਂ ਨਾ ਕਹੇ ਗਏ ਹੁੰਦੇ ਤਾਂ ਸ਼ਾਇਦ ਮੈਂ ਅੱਜ ਇੱਥੇ ਤੱਕ ਨਾ ਪਹੁੰਚੀ ਹੁੰਦੀ। ਕੱਲ੍ਹ ਮੈਂ ਅਤੇ ਮੇਰਾ ਪਰਿਵਾਰ ਦੁਪਹਿਰ ਸਮੇਂ ਕਿਸੇ ਲੰਮੇ ਸਫ਼ਰ ਤੋਂ ਆ ਕੇ ਥੱਕ ਟੁੱਟ ਕੇ ਸੁੱਤੇ ਹੀ ਸੀ ਕਿ ਮੇਰੇ ਫੋਨ ਦੀ ਘੰਟੀ ਵੱਜਣ ਲੱਗ ਪਈ। ਮੇਰੇ ਪਤੀ ਨੇ ਚੁੱਕਿਆ। ਅੱਗੋਂ ਆਵਾਜ਼ ਆਈ, “ਹੈਲੋ, ਮੈਂ ਰੁਕਸਾਨਾ ਬੋਲਦੀ ਆਂ, ਪ੍ਰਵੀਨ ਨਾਲ ਗੱਲ ਕਰਨੀ ਏਂ।”
ਸਾਡੇ ਵਿਆਹ ਨੂੰ ਦਸ ਸਾਲ ਹੋ ਗਏ ਨੇ ਪੂਰੇ, ਰੁਕਸਾਨਾ ਮੇਰੇ ਪਤੀ ਨੂੰ ਜਾਣਦੇ ਹੀ ਨਹੀਂ ਸਨ। ਮੇਰੇ ਪਤੀ ਨੇ ਹੈਰਾਨ ਹੁੰਦਿਆਂ ਪੁੱਛਿਆ, “ਤੁਸੀਂ ਬੋਲਦੇ ਕੌਣ ਹੋ?”
ਅੱਗੋਂ ਜਵਾਬ ਆਇਆ, “ਮੈਂ ਤੁਹਾਡੀ ਧਰਮ-ਪਤਨੀ ਦੀ ਭੈਣ ਹਾਂ, ਤੁਸੀਂ ਮੈਨੂੰ ਨਹੀਂ ਜਾਣਦੇ। ਮੈਂ ਮਲੇਰਕੋਟਲੇ ਤੋਂ ਬੋਲ ਰਹੀ ਆਂ। ਪ੍ਰਵੀਨ ਨਾਲ ਜ਼ਰੂਰੀ ਕੰਮ ਏ।”
ਮੇਰੇ ਪਤੀ ਦੇਵ ਨੇ ਹੈਰਾਨ ਹੁੰਦੇ ਕਿਹਾ, “ਉਹ ਸੁੱਤੀ ਏ, ਤੁਸੀਂ ਰੁਕ ਕੇ ਫੋਨ ਕਰ ਲੈਣਾ।”
ਫਿਰ ਮੇਰੇ ਪਤੀ ਮੇਰੇ ਕੋਲ ਆਏ ਅਤੇ ਸੁੱਤੀ ਨੂੰ ਜਗਾ ਕੇ ਕਿਹਾ ਕਿ ਕਿਸੇ ਰੁਕਸਾਨਾ ਦਾ ਮਲੇਰਕੋਟਲੇ ਤੋਂ ਫੋਨ ਆਇਆ ਹੈ। ਇੱਕ-ਯਕ ਮੈਂ ਹੈਰਾਨ ਹੋਈ, ਪਰ ਨਾਲ ਹੀ ਚੇਤਿਆਂ ਵਿੱਚ ਬਚਪਨ ਅਤੇ ਪਿਛਲੇ 30 ਸਾਲ ਘੁੰਮ ਗਏ।
ਰੁਕਸਾਨਾ ਮੇਰੀ ਭੂਆ ਦੀ ਪੋਤੀ ਏ। ਮੇਰੀ ਮਾਂ ਦੀ ਬਿਮਾਰੀ ਕਾਰਣ ਮੈਂ ਉਹਨਾਂ ਨਾਲ ਹੀ ਖੇਡੀ ਅਤੇ ਵੱਡੀ ਹੋਈ। ਉਹ ਬਹੁਤ ਹੀ ਰੱਜ ਕੇ ਸੋਹਣੀ, ਗੋਰੀ-ਚਿੱਟੀ, ਸੁਰਮਈ ਅੱਖਾਂ ਪਰ ਮੈਂ ਸਾਂਵਲੇ ਤੋਂ ਵੀ ਸਾਂਵਲੇ ਰੰਗ ਦੀ। ਮੇਰਾ ਮਜ਼ਾਕ ਸੋਹਣੀ ਨਾ ਹੋਣ ਕਾਰਣ ਅਕਸਰ ਘਰ ਵਿੱਚ ਬਣਦਾ ਰਹਿੰਦਾ ਸੀ ਤੇ ਮੇਰੀ ਮਾਂ ਨੂੰ ਵੀ ਅਕਸਰ ਫਿਕਰ ਰਹਿੰਦਾ ਸੀ ਕਿ ਇਸਦਾ ਤਾਂ ਵਿਆਹ ਵੀ ਚੰਗੇ ਘਰ ਨਹੀਂ ਹੋਣਾ। ਉਹ ਖੁਸ਼ ਰਹਿੰਦੀਆਂ, ਮੈਂ ਘੁੱਟੀ-ਵੱਟੀ ਰਹਿੰਦੀ। ਮੇਰੇ ਅੰਦਰ ਅੰਬਰੀਂ ਉੱਡਣ ਅਤੇ ਅਸਮਾਨ ਛੂਹਣ ਦੀ ਸ਼ਕਤੀ ਦਾ ਅਥਾਹ ਭੰਡਾਰ ਸੀ ਪਰ ਮਨਾਹੀਆਂ ਅਤੇ ਵਲਗਣਾਂ ਦੇ ਵਾਤਾਵਰਣ ਨੇ ਮੈਨੂੰ ਕਾਫੀ ਸਾਲਾਂ ਤੱਕ ਜਕੜੀ ਰੱਖਿਆ।
ਗੱਲ ਇੱਕ ਵਿਆਹ ਦੀ ਹੈ, ਜਿਸ ਵਿਆਹ ਵਿੱਚ ਅਸੀਂ ਸਾਰੇ ਇਕੱਠੇ ਗਏ। ਸਾਰੇ ਉੱਥੇ ਇੱਕ ਦਿਨ ਬਾਦ ਰਹਿ ਗਏ। ਮੈਂ ਵੀ ਰਹਿਣਾ ਚਾਹੁੰਦੀ ਸੀ ਪਰ ਸਕੂਲ ਵਿੱਚ ਪੇਪਰ ਚੱਲਦੇ ਹੋਣ ਕਾਰਣ ਮੈਨੂੰ ਇੱਕ ਨਸੀਹਤ ਦਿੱਤੀ ਗਈ, “ਤੇਰਾ ਪੜ੍ਹੇ ਬਿਨਾਂ ਨਹੀਂ ਸਰਨਾ।” ਉਸ ਨਸੀਹਤ ਨੇ ਮੇਰੇ ਅੰਦਰ ਉਹ ਅਥਾਹ ਜੋਸ਼ ਭਰ ਦਿੱਤਾ, ਇੱਕ ਅਜਿਹੀ ਸੇਧ ਦਿੱਤੀ ਕਿ ਮੈਂ ਆਪਣੀ ਜ਼ਿੰਦਗੀ ਦੇ ਡਾਵਾਂਡੋਲ ਰਸਤਿਆਂ ’ਤੇ ਚੱਲਦਿਆਂ ਪਰਿਵਾਰ ਦੇ ਕੁੜੀਆਂ ਪ੍ਰਤੀ ਰੀਤੀ ਰਿਵਾਜ਼ਾਂ ਨੂੰ ਬਦਲਦਿਆਂ ਉਸ ਮੁਕਾਮ ’ਤੇ ਪਹੁੰਚੀ ਹਾਂ ਕਿ ਹੁਣ ਸੱਚੀ ਇਹੀ ਲੱਗਦਾ ਹੈ ਕਿ ਮੇਰਾ ਪੜ੍ਹੇ ਬਿਨਾਂ ਸਰਨਾ ਹੀ ਨਹੀਂ ਸੀ।
ਮੈਂ ਸਾਂਵਲੇ ਜਿਹੇ ਰੰਗ ਦੀ ਕੁੜੀ ਪੀ. ਐੱਚਡੀ ਕਰਕੇ ਰਾਜਨੀਤੀ-ਸ਼ਾਸਤਰ ਦੀ ਸਕੂਲ ਲੈਕਚਰਾਰ ਹਾਂ ਅਤੇ ਮੇਰੇ ਪਤੀ ਪ੍ਰੋਫੈਸਰ ਹਨ। ਮੇਰੇ ਪਿਤਾ ਜੀ ਮੇਰੇ ਉੱਤੇ ਪੁੱਤਾਂ ਨਾਲੋਂ ਵੱਧ ਫਖ਼ਰ ਮਹਿਸੂਸ ਕਰਦੇ ਹਨ। ਪਰਿਵਾਰ ਅਤੇ ਸਮਾਜ ਤੋਂ ਅਗਾਂਹ ਹੋ ਕੇ ਚੱਲਣ ਲਈ ਮੈਨੂੰ ਕਾਫ਼ੀ ਕਸ਼ਮਕਸ਼ ਕਰਨੀ ਪਈ ਅਤੇ ਨਫ਼ਰਤ ਵੀ ਝੱਲਣੀ ਪਈ। ਪਰ ਮੇਰੀਆਂ ਸੁਰਮਈ ਅੱਖਾਂ ਵਾਲੀਆਂ ਪਰੀਆਂ ਵਰਗੀਆਂ ਭੈਣਾਂ ਜਿੰਦਗੀ ਦੀਆਂ ਕਈ ਤਰ੍ਹਾਂ ਦੀਆਂ ਗੁਰਬਤਾਂ ਝੱਲਦੀਆਂ ਉਸੇ ਸਮਾਜ ਦਾ ਅੰਗ ਹਨ, ਜਿੱਥੇ ਮਨਾਹੀਆਂ ਹਨ, ਵਲਗਣਾਂ ਹਨ ਅਤੇ ਉਹਨਾਂ ਪਰੀਆਂ ਦਾ ਇੱਕ ਅਲੱਗ ਹੀ ਦੇਸ਼ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4409)
(ਸਰੋਕਾਰ ਨਾਲ ਸੰਪਰਕ ਲਈ: (