ParveenBegum5ਇੱਕ ਦਿਨ ਮੈਂ ਭੈਣ ਕੋਲ ਬੈਠਾ ਪੜ੍ਹ ਰਿਹਾ ਸੀ ਕਿ ਭੈਣ ਦੇ ਤਾਏ ਦਾ ਮੁੰਡਾ ਮੈਨੂੰ ਮਸ਼ਕਰੀਆਂ ਕਰਦਾ ਹੋਇਆ ਕਹਿਣ ਲੱਗਾ ...
(5 ਦਸੰਬਰ 2023)
ਇਸ ਸਮੇਂ ਪਾਠਕ: 265.


ਅੱਜ ਮੈਨੂੰ ਅੰਗਰੇਜ਼ੀ ਮਾਸਟਰ ਦਾ ਨਿਯੁਕਤੀ ਪੱਤਰ ਮਿਲਿਆ ਤਾਂ ਮੇਰੀ ਅਤੇ ਮੇਰੇ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ
ਮੇਰੇ ਚੇਤਿਆਂ ਵਿੱਚ ਪਿਛਲੇ ਕਈ ਸਾਲ ਘੁੰਮਣ ਲੱਗ ਪਏ ਮੈਨੂੰ ਉਹ ਦਿਨ ਅੱਜ ਵੀ ਯਾਦ ਹੈ ਜਦੋਂ ਮੈਂ ਪਹਿਲੇ-ਪਹਿਲੇ ਦਿਨ ਪ੍ਰਦੀਪ ਭੈਣ ਹੁਰਾਂ ਦੇ ਘਰ ਕੰਮ ’ਤੇ ਗਿਆਮੈਂ ਡਰਿਆ, ਸਹਿਮਿਆ ਤੇ ਕੁਝ ਝਿਪਿਆ ਜਿਹਾ ਸੀ ਮੈਨੂੰ ਭੂਆ (ਮੇਰੀ ਉਮਰ ਦੇ ਸਾਰੇ ਮੁੰਡੇ-ਕੁੜੀਆਂ ਉਸ ਨੂੰ ਭੂਆ ਹੀ ਕਹਿੰਦੇ ਸਨ) ਨੇ ਡੰਗਰਾਂ ਵਾਲਾ ਵਾੜਾ ਦਿਖਾਇਆ ਤੇ ਕਿਹਾ, “ਭਾਈ, ਇੱਥੇ ਆ ਤੇ ਟੋਕਰਾ ਚੁੱਕਮੇਰੇ ਨਾਲ ਆ ਤੂੜੀ ਕੱਢਣ ਲਈ।”

ਮੈਂ ਬਿਨਾਂ ਕੁਝ ਕਹੇ-ਸੁਣੇ ਭੂਆ ਦੇ ਪਿੱਛੇ-ਪਿੱਛੇ ਹੋ ਤੁਰਿਆ ਮੈਨੂੰ ਪਿਆਸ ਲੱਗੀ ਹੋਈ ਸੀ ਪਰ ਮੈਂ ਨਿੰਮੋਝੂਣਾ ਹੋਇਆ ਸੰਗਦਾ ਸੰਗਦਾ ਕੁਝ ਕਹਿ ਹੀ ਨਾ ਸਕਿਆਮੇਰੇ ਹਮ-ਉਮਰ ਉਹਨਾਂ ਦੇ ਜਵਾਕ ਵਿਹੜੇ ਵਿੱਚ ਖੇਡ ਰਹੇ ਸਨਉਹਨਾਂ ਦਾ ਹਾਸਾ ਠੱਠਾ ਦੇਖ ਮੇਰਾ ਮਨ ਵੀ ਬਚਪਨ ਦੀ ਖੁਸ਼ੀ ਦੇ ਵਲਵਲੇ ਛੁਹਣ ਨੂੰ ਕੀਤਾਪਰ ਮੈਨੂੰ ਲੱਗਿਆ ਸ਼ਾਇਦ ਹੁਣ ਮੇਰੀ ਜ਼ਿੰਦਗੀ ਇਹਨਾਂ ਟੋਕਰਿਆਂ-ਬੱਠਲਾਂ ਵਿੱਚ ਹੀ ਲੰਘ ਜਾਏਗੀਭੂਆ ਦਾ ਪਿੱਛੇ-ਸਰਦਾ ਪੁੱਜਦਾ ਪਰਿਵਾਰ ਸੀ, ਪਰ ਭੈਣ ਦੇ ਮਾਤਾ ਜੀ ਦਾ ਜਲਦੀ ਦਿਹਾਂਤ ਹੋਣ ਕਾਰਣ ਭੂਆ ਉਹਨਾਂ ਕੋਲ ਹੀ ਰਹਿੰਦੀ ਸੀ ਤੇ ਭੈਣ ਅਤੇ ਉਸਦੇ ਨਿੱਕੇ ਭਰਾ ਦਾ ਪਾਲਣ-ਪੋਸਣ ਕਰਦੀ ਸੀ

ਅਗਲੇ ਦਿਨ ਮੈਂ ਸਕੂਲੋਂ ਆਉਂਦਿਆਂ ਹੀ ਬਸਤਾ ਰੱਖ ਭੈਣ ਹੁਰਾਂ ਦੇ ਘਰ ਪਸ਼ੂਆਂ ਨੂੰ ਕੱਖ ਪਾਉਣ ਚਲਾ ਗਿਆਸਰਦੀ ਦੇ ਦਿਨ ਹੋਣ ਕਾਰਣ ਭੈਣ ਧੁੱਪੇ ਬੈਠੀ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹ ਰਹੀ ਸੀ ਕਿਉਂ ਜੋ ਅਗਲੇ ਦਿਨ ਉਸਦਾ ਅੰਗਰੇਜ਼ੀ ਦਾ ਪੇਪਰ ਸੀਭੂਆ ਨੇ ਕਿਹਾ, “ਇੱਧਰ ਆ ਗੁਲਜਾਰ, ਲੈ ਆਪਣੀ ਭੈਣ ਨੂੰ ਕੋਠੇ ’ਤੇ ਚਾਹ ਫੜਾ ਕੇ ਆਸਵੇਰ ਦੀ ਪੜ੍ਹਨ ਲੱਗੀ ਹੋਈ ਆ, ਥੱਕ ਗਈ ਹੋਵੇਗੀ ਮੇਰੀ ਧੀ

ਮੈਂ ਚਾਹ ਦਾ ਗਲਾਸ ਚੁੱਕ ਕੋਠੇ ’ਤੇ ਗਿਆ ਤਾਂ ਪ੍ਰਦੀਪ ਭੈਣ ਅੱਖਾਂ ਬੰਦ ਕਰਕੇ ਕਿਸੇ ਕਵਿਤਾ ਨੂੰ ਰੱਟਾ ਲਗਾ ਰਹੀ ਸੀਫਿਰ ਮੇਰੇ ਆਉਣ ਦੀ ਆਵਾਜ਼ ਸੁਣ ਉਹਨੇ ਅੱਖਾਂ ਖੋਲ੍ਹ ਕੇ ਮੈਨੂੰ ਪਿਆਰ ਨਾਲ ਕਿਹਾ, “ਥੈਂਕ ਯੂ ਰਾਜੇ

ਮੈਂ ਮੁੜਨ ਲੱਗਿਆ ਤਾਂ ਭੈਣ ਨੇ ਪੁੱਛਿਆ, “ਕਿਹੜੀ ਕਲਾਸ ਵਿੱਚ ਪੜ੍ਹਦਾਂ?”

ਮੈਂ ਨੀਵੀਂ ਪਾ ਕੇ ਕਿਹਾ, “ਅੱਠਵੀਂ ਵਿੱਚ

“ਸਕੂਲ ਜਾਨਾ ਰੋਜ?”

ਮੈਂ ਨਾਂਹ ਵਿੱਚ ਸਿਰ ਹਿਲਾਇਆਉਹਨੇ ਕਿਹਾ, ‘ਰੋਜ ਸਕੂਲ ਜਾਇਆ ਕਰ, ਪੜ੍ਹਿਆ ਕਰ, ਆਹ ਉਮਰ ਪੜ੍ਹਨ ਦੀ ਆ, ਸਮਾਂ ਬਰਬਾਦ ਕਰਨ ਦੀ ਨਹੀਂ।”

ਮੈਂ ਪੌੜੀਆਂ ਉੱਤਰਦਿਆਂ ਸੋਚ ਰਿਹਾ ਸੀ ਕਿ ਪ੍ਰਦੀਪ ਭੈਣ ਨੂੰ ਕੀ ਪਤਾ ਸਾਡੀ ਗਰੀਬਾਂ ਦੀ ਜ਼ਿੰਦਗੀ ਦੀਆਂ ਗੁਰਬਤਾਂ ਦਾ ਕਿ ਕਿਵੇਂ ਮੇਰਾ ਸ਼ਰਾਬੀ ਪਿਉ ਮੈਨੂੰ ਤੇ ਮੇਰੀ ਮਾਂ ਨੂੰ ਕੁੱਟਦਾ, ਕਿਵੇਂ ਮੇਰੀਆਂ ਛੋਟੀਆਂ ਭੈਣਾਂ ਵੀ ਖੇਤ ਮਜ਼ਦੂਰੀ ਕਰਦੀਆਂ ਹਨ ਤੇ ਕਿਵੇਂ ਅਸੀਂ ਆਪਣਾ ਢਿੱਡ ਭਰਦੇ ਹਾਂਕਿਵੇਂ ਮੇਰੀ ਮਾਂ ਥਾਇਰਾਇਡ ਦੀ ਬਿਮਾਰੀ ਨਾਲ ਇਲਾਜ ਖੁਣੋ ਜੂਝ ਰਹੀ ਹੈਮੈਂ ਭੈਣ ਦੇ ਕਹੇ ਸ਼ਬਦਾਂ ਵਲ ਕੋਈ ਧਿਆਨ ਨਾ ਦਿੱਤਾ ਤੇ ਭੂਆ ਨਾਲ ਕੰਮ ਕਰਾਉਣ ਜਾ ਲੱਗਾ

ਕੁਝ ਦਿਨਾਂ ਬਾਅਦ ਮੈਂ ਪ੍ਰਦੀਪ ਭੈਣ ਦੀ ਅੰਗਰੇਜ਼ੀ ਦੀ ਕਾਪੀ ਚੁੱਕ ਕੇ ਦੇਖਣ ਲੱਗ ਪਿਆਕੋਲ਼ ਹੀ ਇੱਕ ਅੰਗਰੇਜ਼ੀ ਦਾ ਅਖਬਾਰ ਪਿਆ ਸੀਕੋਠੇ ਉੱਪਰ ਕੋਈ ਨਾ ਹੋਣ ਕਾਰਣ ਮੈਂ ਉੱਚੀ-ਉੱਚੀ ਪੜ੍ਹਨ ਲੱਗਾਪ੍ਰਦੀਪ ਭੈਣ ਪੌੜੀਆਂ ’ਤੇ ਖੜ੍ਹੀ ਬੜੇ ਹੀ ਠਰ੍ਹੰਮੇ ਨਾਲ ਸਭ ਸੁਣ ਰਹੀ ਸੀਉਸ ਨੂੰ ਆਉਂਦਿਆਂ ਦੇਖ ਮੈਂ ਤ੍ਰਭਕ ਗਿਆਭੈਣ ਨੇ ਆਉਂਦਿਆਂ ਸਾਰ ਮੈਨੂੰ ਝੂਠੀ ਮੂਠੀ ਹੱਲਾਸ਼ੇਰੀ ਦਿੰਦਿਆਂ ਕਿਹਾ, “ਗੁਲਜਾਰ, ਤੂੰ ਤਾਂ ਸੋਹਣੀ ਅੰਗਰੇਜ਼ੀ ਪੜ੍ਹ ਲੈਨਾ

ਮੈਂ ਮੁਸਕਰਾ ਕੇ ਕਿਹਾ, “ਅੱਛਾ ਜੀ?”

“ਤੂੰ ਆਥਣੇ ਵਿਹਲਾ ਹੋ ਕੇ ਮੇਰੇ ਕੋਲ ਪੜ੍ਹਨ ਆਇਆ ਕਰ” ਭੈਣ ਜ਼ੋਸ਼ ਨਾਲ ਬੋਲੀ

ਮੈਂ ਸ਼ਰਮਿੰਦਾ ਹੋਇਆ ‘ਹਾਂ’ ਵਿੱਚ ਸਿਰ ਹਿਲਾ ਕੇ ਪੌੜੀਆਂ ਉੱਤਰ ਆਇਆ ਮੈਨੂੰ ਲੱਗਿਆ, ਯਾਰ ਆਹ ਤਾਂ ਪੜ੍ਹਨ ਵਾਲਾ ਪੰਗਾ ਹੀ ਪਾ ਲਿਆ, ਮੈਨੂੰ ਤਾਂ ਛੋਟੀ ਵੱਡੀ ਏ ਬੀ ਸੀ ਤਕ ਨਹੀਂ ਆਉਂਦੀ ਚੰਗੀ ਤਰ੍ਹਾਂ ਹਾਲੇਤਿੰਨ-ਚਾਰ ਦਿਨ ਟਾਲ-ਮਟੋਲ ਕਰਨ ਮਗਰੋਂ ਆਖਿਰ ਮੈਂ ਭੈਣ ਕੋਲ ਪੜ੍ਹਨ ਬੈਠ ਹੀ ਗਿਆ

ਉਹੀ ਗੱਲ ਹੋਈਭੈਣ ਨੇ ਕਿਹਾ, “ਵੇ ਤੈਨੂੰ ਤਾਂ ਅੰਗਰੇਜ਼ੀ ਜਮ੍ਹਾਂ ਈ ਨੀ ਆਉਂਦੀਤੂੰ ਮੈਨੂੰ ਰੋਜ਼ ਥੋੜ੍ਹਾ-ਥੋੜ੍ਹਾ ਲਿਖ ਕੇ ਦਿਖਾਇਆ ਕਰ।”

ਪ੍ਰਦੀਪ ਭੈਣ ਦੇ ਤਾਇਆ ਜੀ ਆਏ ਤੇ ਭੈਣ ਨੂੰ ਡਾਂਟਣ ਲੱਗੇ “ਅਖੇ, ਆਪ ਤਾਂ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦੀ ਹੀ ਰਹਿੰਦੀ ਹੈ, ਕਿਤੇ ਇਹਨੂੰ ਵੀ ਕੰਮ ਕਰਨੋ ਨਾ ਹਟਾ ਦੇਈਂ।”

ਫੇਰ ਬਾਬਾ ਜੀ (ਭੈਣ ਦੇ ਪਿਤਾ ਜੀ) ਨੇ ਕਿਹਾ, “ਕੋਈ ਨਾ ਜਵਾਕ ਏ, ਪੜ੍ਹਨ ਦਿਉ ਇਹਨੂੰ, ਜੇ ਪੜ੍ਹਨਾ ਚਾਹੁੰਦਾ।”

ਭੈਣ ਅਤੇ ਬਾਬਾ ਜੀ ਦੀ ਬਦੌਲਤ ਮੈਂ ਅੱਠਵੀਂ ਵਿੱਚ ਅੰਗਰੇਜ਼ੀ ਵਿੱਚੋਂ ਵੀ ਪਾਸ ਹੋ ਗਿਆ ਤੇ ਹੌਲੀ-ਹੌਲੀ ਪੜ੍ਹਾਈ ਦੀ ਇੱਕ ਚਿਣਗ ਜਿਹੀ ਮੇਰੇ ਅੰਦਰ ਧੁਖਣ ਲੱਗ ਪਈ

ਇੱਕ ਦਿਨ ਮੈਂ ਭੈਣ ਕੋਲ ਬੈਠਾ ਪੜ੍ਹ ਰਿਹਾ ਸੀ ਕਿ ਭੈਣ ਦੇ ਤਾਏ ਦਾ ਮੁੰਡਾ ਮੈਨੂੰ ਮਸ਼ਕਰੀਆਂ ਕਰਦਾ ਹੋਇਆ ਕਹਿਣ ਲੱਗਾ, “ਤੂੰ ਪੜ੍ਹ ਕੇ ਕੀ ਕਰਨਾ?”

ਮੇਰੇ ਮੂੰਹੋਂ ਸੁਤੇ ਸਿੱਧ ਨਿਕਲ ਗਿਆ, “ਮਾਸਟਰ ਲੱਗਣਾ।”

ਉਹ ਅੱਗੋਂ ਠਹਾਕਾ ਮਾਰ ਕੇ ਹੱਸਦਾ ਹੋਇਆ ਕਹਿਣ ਲੱਗਾ, “ਲੈ, ਮਾਸਟਰ ਲੱਗਣਾ ਕਿੱਤੇ ਸੌਖਾ... ਆਉਂਦਾ ਜਾਂਦਾ ਕੁਝ ਹੈ ਨਹੀਂ ਤੇ ਲੱਗਣਾ ਇਹਨੇ ਮਾਸਟਰ।”

ਬੱਸ ਇਸੇ ਗੱਲ ’ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਘਰਾਲ਼ਾਂ ਵਗਣ ਲੱਗ ਪਈਆਂ। ਮੇਰੇ ਅੰਦਰ ਧੁਖਦੀ ਚਿਣਗ, ਭਾਂਬੜ ਬਣ ਗਈ। ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਇਸ ਸਮਾਜ ਦਾ ਅੰਗ ਨਹੀਂਮੈਂ ਇਨਕਾਰੀ ਹਾਂ ਇਹਨਾਂ ਕੰਮਾਂ-ਕਾਰਾਂ ਤੋਂ ਜੋ ਮੈਨੂੰ ਅੱਗੇ ਤੁਰਨ ਤੋਂ ਰੋਕਦੇ ਹਨ

ਫਿਰ ਦਿਨ ਕੀ ਤੇ ਰਾਤ ਕੀ, ਮੈਂ ਦਸਵੀਂ, ਬਾਰ੍ਹਵੀਂ, ਬੀ.ਏ. ਕਰਦਾ ਅੰਗਰੇਜ਼ੀ ਦੀ ਐੱਮ.ਏ. ਤੇ ਬੀ.ਐੱਡ ਕਰਕੇ ਸੱਚੀਂ ਹੀ ਅੰਗਰੇਜ਼ੀ ਮਾਸਟਰ ਲੱਗ ਹੀ ਗਿਆਮੇਰਾ ਸੰਘਰਸ਼ ਸਿਰਫ ਮੈਂ ਹੀ ਜਾਣਦਾਕਿਵੇਂ ਮੈਂ ਝੋਨੇ ਦੇ ਖੇਤਾਂ ਵਿੱਚ ਦਿਹਾੜੀਆਂ ਕਰਦਿਆਂ ਨਾਲ-ਨਾਲ ਆਪਣਾ ਗੁਜ਼ਾਰਾ ਵੀ ਕੀਤਾ ਤੇ ਭੈਣਾਂ ਨੂੰ ਵੀ ਪੜ੍ਹਾਇਆ ਮਾਂ ਦਾ ਇਲਾਜ ਵੀ ਕਰਵਾਇਆ

ਅੱਜ ਮੇਰੇ ਮਾਤਾ-ਪਿਤਾ ਮੇਰੇ ਉੱਤੇ ਫਖਰ ਮਹਿਸੂਸ ਕਰਦੇ ਹਨ ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਪ੍ਰਦੀਪ ਭੈਣ ਨੇ ਮੇਰੇ ਅੰਦਰ ਅਥਾਹ ਜ਼ੋਸ਼ ਭਰਕੇ ਮੇਰਾ ਐੱਮ.ਏ. ਇੰਗਲਿਸ਼ ਦਾ ਫਾਰਮ ਭਰਿਆ ਸੀ ਤੇ ਨਾਲ ਹੀ ਤਾੜਨਾ ਵੀ ਕੀਤੀ ਸੀ, “ਗੁਲਜ਼ਾਰ, ਤੂੰ ਅੰਗਰੇਜ਼ੀ ਮਾਸਟਰ ਲੱਗਣਾ, ਹੁਣ ਤੈਨੂੰ ਪਤਾ ਤੂੰ ਕਿਵੇਂ ਲੱਗਣਾ।”

ਤੇ ਸੱਚ ਹੀ ਭੈਣ ਅਤੇ ਬਾਬਾ ਜੀ ਦੀਆਂ ਅਸੀਸਾਂ ਅਤੇ ਮਦਦ ਸਦਕਾ ਮੈਂ ਅੱਜ ਇੱਥੇ ਹਾਂਹੁਣ ਪਿੱਛੇ ਉਸ ਸੰਘਰਸ਼ ’ਤੇ ਨਜ਼ਰ ਮਾਰਦਾ ਹਾਂ ਤਾਂ ਸੱਚੀਂ ਲਗਦਾ ਹੈ ਕਿ ਮਾਸਟਰ ਲੱਗਣਾ ਸੱਚਮੁੱਚ ਹੀ ਸੌਖਾ ਨਹੀਂ ਸੀ ਪਰ ਔਕੜਾਂ ਭਰੇ ਲੰਮੇ ਸੰਘਰਸ਼ ਬਾਅਦ ਮਿਲੀ ਇਹ ਮੰਜ਼ਿਲ ਹੁਣ ਬਹੁਤ ਸੁਹਾਵਣੀ ਏ ਮੇਰੇ ਲਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4524)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਪ੍ਰਵੀਨ ਬੇਗਮ

ਡਾ. ਪ੍ਰਵੀਨ ਬੇਗਮ

Phone: (91 - 89689 - 48018)
Email: (begamparveen28@yahoo.co.in)