“ਅਸੀਂ ਉਸ ਚੀਜ਼ ਨੂੰ ਭੁੱਲ ਭੁਲਾ ਗਏ ਤੇ ਕਦੇ ਕਿਸੇ ਨੇ ਕੋਸ਼ਿਸ਼ ਹੀ ਨਾ ਕੀਤੀ ਕਿ ਉਸ ਵਿੱਚ ਕੀ ਹੈ। ਬੇਬੇ ਦੇ ਫੌਤ ਹੋਣ ...”
(21 ਸਤੰਬਰ 2024)
ਪਿਛਲੇ ਦਿਨੀਂ ਮੈਂ ਦੋ ਦਿਨ ਰਹਿਣ ਲਈ ਪਿੰਡ ਗਈ। ਮੀਹਾਂ ਦਾ ਮੌਸਮ ਚਲਦੇ ਹੋਣ ਕਰਕੇ ਘਰ ਵਿੱਚ ਮੈਨੂੰ ਚਾਰੇ ਪਾਸੇ ਇੱਕ ਸਿੱਲ੍ਹ ਜਿਹੀ ਮਹਿਸੂਸ ਹੋਈ। ਮੈਨੂੰ ਲੱਗਾ ਕਿ ਕਿਉਂ ਨਾ ਸਾਰੇ ਘਰ ਦੀ ਸਫਾਈ ਕੀਤੀ ਜਾਵੇ। ‘ਅਖੇ ਔਰਤਾਂ ਬਿਨਾਂ ਕਾਹਦੇ ਘਰ’ ਮੇਰੀ ਮਾਂ ਦੀ ਮੌਤ ਮਗਰੋਂ ਘਰ ਜ਼ਿਆਦਾਤਰ ਬੰਦ ਹੀ ਰਹਿੰਦਾ। ਇੱਕ ਬੰਦ ਘਰ ਵਿਚਲੀ ਵੈਰਾਨਗੀ ਤੇ ਵਿਹੜੇ ਵਿੱਚ ਉੱਗੇ ਹੋਏ ਖੱਬਲ਼ਾਂ ਦਾ ਇੱਕ ਅਲੱਗ ਹੀ ਤਰ੍ਹਾਂ ਦਾ ਅਹਿਸਾਸ ਮੈਨੂੰ ਹੋ ਰਿਹਾ ਸੀ। ਮੇਰਾ ਦਿਲ ਕਾਹਲਾ ਪਈ ਜਾ ਰਿਹਾ ਸੀ ਕਿ ਇਹ ਉਹੀ ਘਰ ਹੈ, ਜਿੱਥੇ ਕਦੇ ਸਾਰਾ ਟੱਬਰ ਇੱਕੋ ਛੱਤ ਥੱਲੇ ਰਹਿੰਦਾ ਸੀ। ਖੈਰ, ਮੈਂ ਘਰ ਦੀ ਸਫਾਈ ਸ਼ੁਰੂ ਕਰ ਦਿੱਤੀ। ਮੈਂ ਦੋ ਤਿੰਨ ਕਮਰੇ ਸਾਫ ਕਰਨ ਮਗਰੋਂ ਕੱਪੜਾ ਲੀੜਾ ਸੁਕਾਉਣ ਲਈ ਬਾਹਰ ਮੰਜੇ ਡਾਹ ਕੇ ਪਾ ਦਿੱਤਾ। ਫਿਰ ਮੈਂ ਪੇਟੀਆਂ ਵਾਲਾ ਕਮਰਾ ਖੋਲ੍ਹਿਆ ਜਿੱਥੇ ਮੇਰੀ ਮਾਂ ਦੀਆਂ ਪੇਟੀਆਂ ਅਤੇ ਬੇਬੇ ਦਾ ਸੰਦੂਕ ਪਿਆ ਹੋਇਆ ਸੀ। ਪੇਟੀ ਫਰੋਲੀ ਤਾਂ ਬਹੁਤ ਸਾਰੀਆਂ ਯਾਦਾਂ ਨਿਕਲੀਆਂ, ਸਲਾਈ ਕਢਾਈ ਦਾ ਸਮਾਨ, ਮਾਂ ਦੀਆਂ ਮੋਰ ਤੋਤਿਆਂ ਵਾਲੀ ਕਢਾਈ ਦੀਆਂ ਚਾਦਰਾਂ ਤੇ ਹੋਰ ਪਤਾ ਨਹੀਂ ਕੀ ਕੀ। ਫਿਰ ਵਾਰੀ ਆਈ ਬੇਬੇ ਦੇ ਸੰਦੂਕ ਦੀ। ਸੰਦੂਕ ਕਾਹਦਾ, ਸੱਚੀਂ ਇੱਕ ਸਦੀ ਸਮੋਈ ਬੈਠਾ ਸੀ ਖੁਦ ਅੰਦਰ। ਉਸ ਸੰਦੂਕ ਨੂੰ ਬਹੁਤਾ ਗੁਹ ਨਾਲ ਖੋਲ੍ਹ ਕੇ ਮੈਂ ਕਦੇ ਅੱਜ ਤਕ ਵੇਖਿਆ ਨਹੀਂ ਸੀ। ਖੋਲ੍ਹਿਆ ਤਾਂ ਸੰਦੂਕ ਦੇ ਜੰਗ ਲੱਗੇ ਤਖਤਿਆਂ ਨੇ ਚੀਂ ਚੀਂ ਦੀ ਇੱਕ ਚੰਘਿਆੜ ਜਿਹੀ ਮਾਰੀ। ਕਾਲੀ ਸੂਫ ਦੇ ਬਹੁਤ ਹੀ ਪੁਰਾਣੇ ਇੱਕ ਦੋ ਘੱਗਰੇ, ਭੂਆ ਹੁਰਾਂ ਦੀਆਂ ਕਈ ਫੁਲਕਾਰੀਆਂ, ਕੁਝ ਪੱਖੀਆਂ, ਪਿੱਤਲ ਤੇ ਕਾਂਸੇ ਦੇ ਭਾਂਡੇ ਤੇ ਹੋਰ ਨਿਕਸੁਕ। ਮੈਂ ਦੇਖ-ਦੇਖ ਹੈਰਾਨ ਹੋਈ ਜਾਵਾਂ ਕਿ ਇਹ ਸਭ ਚੀਜ਼ਾਂ ਆਖਿਰ ਮੇਰੀਆਂ ਅੱਖਾਂ ਤੋਂ ਪਰੇ ਰਹਿ ਕਿਵੇਂ ਗਈਆਂ।
ਖੈਰ, ਚੀਜ਼ਾਂ ਕੱਢਦੇ ਕਢਾਉਂਦੇ ਚਾਦਰਾਂ ਦੇ ਥੱਲਿਓਂ ਮੈਨੂੰ ਇੱਕ ਕਾਲੇ ਰੰਗ ਦਾ ਫਟੇਹਾਲ ਜਿਹਾ ਬੈਗ ਮਿਲਿਆ। ਮੈਂ ਬੜੀ ਹੀ ਉਤਸੁਕਤਾ ਨਾਲ ਉਹ ਬੈਗ ਖੋਲ੍ਹਣ ਲੱਗੀ ਤਾਂ ਉਸਦੀ ਜਿਪ ਨੂੰ ਜੰਗ ਲੱਗੀ ਹੋਣ ਕਾਰਨ ਉਹ ਮਸਾਂ ਹੀ ਖੁੱਲ੍ਹਿਆ। ਉਸ ਵਿੱਚ ਕਾਫੀ ਸਾਰੇ ਪੁਰਾਣੇ ਕਾਗਜ਼ ਪੱਤਰ ਸਨ। ਮੈਂ ਬਾਹਰ ਲਿਆ ਕੇ ਪਹਿਲਾਂ ਉਹ ਸਾਰੇ ਕਾਗਜ਼ ਪੱਤਰ ਮੰਜੇ ’ਤੇ ਖਿੰਡਾ ਦਿੱਤੇ ਕਿ ਰਤਾ ਹਵਾ ਲੱਗ ਜਾਵੇ। ਜਦੋਂ ਮੈਂ ਧਿਆਨ ਨਾਲ ਉਹਨਾਂ ਨੂੰ ਫੋਲ ਰਹੀ ਸੀ ਤਾਂ ਮੈਂ ਦੇਖਿਆ ਕਿ ਇਹ ਤਾਂ ਬੇਬੇ ਦੀਆਂ ਉਹੀ ਉਰਦੂ ਤੇ ਪਾਕਿਸਤਾਨੀ ਪੰਜਾਬੀ ਵਿੱਚ ਲਿਖੀਆਂ ਚਿੱਠੀਆਂ ਹਨ, ਜਿਹੜੀਆਂ ਬੇਬੇ ਦੇ ਪੇਕਿਆਂ ਵੱਲੋਂ ਆਖਰੀ ਸਾਹ ਤਕ ਬੇਬੇ ਨੂੰ ਆਉਂਦੀਆਂ ਰਹੀਆਂ। ਇੱਕ ਦਮ ਚੇਤਿਆਂ ਵਿੱਚ ਉਹ ਸਾਲ ਘੁੰਮਣ ਲੱਗੇ।
ਮੇਰੀ ਦਾਦੀ, ਜਿਸ ਨੂੰ ਅਸੀਂ ਬੇਬੇ ਕਹਿੰਦੇ ਸੀ, ਸਾਡੇ ਟੱਬਰ ਦਾ ਧੁਰਾ ਸੀ। ਇਕੱਠਾ ਟੱਬਰ ਹੋਣ ਕਾਰਨ ਬੇਬੇ ਦੀ ਬਥੇਰੀ ਚਲਦੀ ਸੀ। ਮਜ਼ਾਲ ਸੀ ਕਿ ਮੇਰੀ ਬੜੀ ਅੰਮੀ, ਮੇਰੀ ਛੋਟੀ ਬੀਬੀ ਜਾਂ ਫਿਰ ਮੇਰੀ ਮਾਂ ਬੇਬੇ ਅੱਗੇ ਸਾਹ ਕੱਢ ਸਕਦੀਆਂ। ਪਰ ਅਸੀਂ ਘਰ ਦੇ ਸਾਰੇ ਜਵਾਕਾਂ ਨੇ ਜਦੋਂ ਦੀ ਸੁਰਤ ਸੰਭਾਲੀ, ਬੇਬੇ ਨੂੰ ਇੱਕ ਅੰਦਰਲੀ ਵੇਦਨਾ ਨਾਲ ਕੁਰਲਾਉਂਦੇ ਹੋਏ ਦੇਖਿਆ ਸੀ। ਜਦੋਂ ਬੇਬੇ ਨੂੰ ਕਦੇ ਭਾਰਤ-ਪਾਕਿਸਤਾਨ ਵੰਡ ਵਿੱਚ ਵਿਛੜੇ ਆਪਣੇ ਭੈਣ ਭਰਾਵਾਂ ਦੀ ਯਾਦ ਆਉਂਦੀ ਤਾਂ ਉਹ ਸੱਚੀਂ ਅਲਾਹੁਣੀਆਂ ਪਾਉਂਦੀ। ਅਸੀਂ ਨਿੱਕੇ ਨਿੱਕੇ ਜਵਾਕ, ਬੇਬੇ ਦੇ ਅੰਦਰ ਧੁਖਦੇ ਵਿਛੋੜੇ ਦੇ ਭਾਂਬੜ ਨੂੰ ਉਦੋਂ ਸਮਝ ਨਹੀਂ ਸਕਦੇ ਸੀ। ਬੇਬੇ ਸਾਨੂੰ ਪੋਹ ਮਾਘ ਦੀਆਂ ਠੰਢੀਆਂ ਤੇ ਨਿੱਘੀਆਂ ਰਾਤਾਂ ਵਿੱਚ ਅਕਸਰ ਹੀ ਬਾਤਾਂ ਦੀ ਜਗ੍ਹਾ ਭਾਰਤ ਪਾਕਿਸਤਾਨ ਵੰਡ ਦਾ ਉਹ ਦੁਖਾਂਤ ਸੁਣਾਉਂਦੀ, ਜਿਹੜਾ ਉਸਨੇ ਪਿੰਡੇ ’ਤੇ ਹੰਢਾਇਆ ਸੀ, ਜਿਸਦੇ ਜਖਮ ਉਸ ਦੇ ਅੰਦਰ ਅੱਜੇ ਵੀ ਅੱਲੇ ਸਨ ਤੇ ਉਹਨਾਂ ਵਿੱਚੋਂ ਰੱਤ ਵਹਿੰਦੀ ਰਹਿੰਦੀ ਸੀ। ਕਈ ਵਾਰੀ ਤਾਂ ਅਸੀਂ ਸੁਣਦੇ ਸੁਣਦੇ ਰੋ ਪੈਂਦੇ ਤੇ ਰਾਤਾਂ ਨੂੰ ਸੁਪਨੇ ਵੀ ਵੰਡ ਵੇਲੇ ਦੀ ਉਸ ਮਾਰ ਧਾੜ ਦੇ ਆਉਂਦੇ। ਕਈ ਵਾਰੀ ਵੱਡੀ ਬੀਬੀ, ਬੇਬੇ ਨੂੰ ਹਿੰਮਤ ਜਿਹੀ ਕਰਕੇ ਇਸ ਗੱਲੋਂ ਰੋਕਦੀ ਕਿ ਉਹ ਛੋਟੇ ਛੋਟੇ ਬਾਲੜਿਆਂ ਨੂੰ ਇਹ ਦੁਖਾਂਤ ਨਾ ਸੁਣਾਵੇ, ਕਿਤੇ ਉਹਨਾਂ ਦੇ ਬਾਲ ਮਨਾਂ ਤੇ ਇਹਨਾਂ ਗੱਲਾਂ ਦਾ ਕੋਈ ਗਹਿਰਾ ਅਸਰ ਨਾ ਹੋ ਜਾਵੇ। ਫਿਰ ਮੈਨੂੰ ਬੇਬੇ ਦੇ ਝੁਰੜੀਆਂ ਵਾਲੇ ਚਿਹਰੇ ’ਤੇ ਇੱਕ ਅਜੀਬ ਜਿਹੀ ਉਦਾਸੀ ਤੇ ਨਿਰਾਸ਼ਾ ਨਜ਼ਰ ਆਉਂਦੀ। ਮੈਂ ਕਈ ਵਾਰ ਬੇਬੇ ਨਾਲ ਸੌਣ ਦੀ ਜ਼ਿਦ ਕਰਦੀ ਤਾਂ ਕਿ ਮੈਂ ਬੇਬੇ ਦੇ ਮਨ ਦੇ ਭਾਰ ਨੂੰ ਹੌਲਾ ਕਰ ਸਕਾਂ। ਮੈਨੂੰ ਬੇਬੇ ਨਾਲ ਲੋਹੜਿਆਂ ਦੀ ਹਮਦਰਦੀ ਸੀ ਤੇ ਮੈਂ ਬੇਬੇ ਦੇ ਅੰਦਰ ਵਸੀ ਹੋਈ ਅਕਹਿ ਪੀੜਾ ਤੋਂ ਚੰਗੀ ਤਰ੍ਹਾਂ ਜਾਣੂ ਸੀ।
ਬੇਬੇ ਅਕਸਰ ਆਪਣੀ ਭੈਣ ਹਸ਼ਮਤੇ ਅਤੇ ਭਤੀਜੇ ਨਿਆਮਤ ਨੂੰ ਯਾਦ ਕਰ ਕਰ ਕੀਰਨੇ ਪਾ ਪਾ ਰੋਂਦੀ। ਪਤਾ ਨਹੀਂ ਕਿਉਂ ਇਹ ਨਾਮ ਮੇਰੇ ਜ਼ਿਹਨ ਵਿੱਚ ਕਿਤੇ ਇਸ ਤਰ੍ਹਾਂ ਘਰ ਕਰ ਗਏ ਹਨ ਕਿ ਜਿਵੇਂ ਮੇਰਾ ਇਹਨਾਂ ਨਾਂਵਾਂ ਨਾਲ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੋਵੇ। ਮੈਨੂੰ ਯਾਦ ਹੈ ਇੱਕ ਵੇਰਾਂ ਜਦੋਂ ਅਸੀਂ ਸਕੂਲੋਂ ਪੰਦਰਾਂ ਅਗਸਤ ਮਨਾ ਕੇ ਘਰ ਭੁੱਜੇ ਤਾਂ ਬੇਬੇ ਹਾਲੋਂ ਬੇਹਾਲ ਹੋਈ ਸੀ ਰੋ ਰੋ ਕੇ। ਉਨ੍ਹਾਂ ਨੂੰ ਆਜ਼ਾਦੀ ਦਾ ਨਾ ਮਤਲਬ ਪਤਾ ਸੀ, ਨਾ ਸਮਝ ਸੀ। ਉਨ੍ਹਾਂ ਲਈ ਆਜ਼ਾਦੀ ਦਾ ਭਾਵ ਸੀ ਆਪਣਿਆਂ ਦਾ ਵਿਛੋੜਾ। ਬੇਬੇ ਅਕਸਰ ਦੱਸਦੀ ਹੁੰਦੀ ਸੀ ਕਿ ਹਾਲੇ ਦੋ ਦਿਨ ਪਹਿਲਾਂ ਹੀ ਬੇਬੇ ਦਾ ਭਰਾ ਆਜ਼ਾਦੀ ਬਾਰੇ ਦੱਸ ਕੇ ਗਿਆ ਸੀ ਅਤੇ ਇਹ ਕਹਿ ਗਿਆ ਸੀ ਕਿ ਹੁਣ ਅੰਗਰੇਜ਼ ਭਾਰਤ ਵਿੱਚੋਂ ਹਮੇਸ਼ਾ ਲਈ ਚਲੇ ਜਾਣਗੇ ਤੇ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਵਾਂਗੇ ਕਿਉਂਕਿ ਬੇਬੇ ਦਾ ਭਰਾ ਆਜ਼ਾਦੀ ਸੰਗਰਾਮ ਵਿੱਚ ਕਿਵੇਂ ਨਾ ਕਿਵੇਂ ਸਰਗਰਮ ਸੀ। ਉਸ ਪਿੱਛੋਂ ਉਹ ਕਦੀ ਨਾ ਆਇਆ। ਬੇਬੇ ਨੂੰ ਇਸ ਗੱਲ ਦਾ ਹਮੇਸ਼ਾ ਪਛਤਾਵਾ ਰਿਹਾ ਕਿ ਜਦੋਂ ਉਸਦੇ ਪੇਕੇ ਪਿੰਡੋਂ ਬੇਬੇ ਨੂੰ ਸੁਨੇਹਾ ਆਇਆ ਸੀ ਕਿ ਅਸੀਂ ਕੱਲ੍ਹ ਆਥਣ ਵੇਲੇ ਮਲੇਰਕੋਟਲੇ ਲਈ ਚਾਲੇ ਪਾ ਦੇਵਾਂਗੇ ਤੇ ਉੱਥੇ ਹੀ ਦੱਸੀ ਜਗ੍ਹਾ ਅਨੁਸਾਰ ਇਕੱਠੇ ਹੋਵਾਂਗੇ। ਪਰ ਬਦਕਿਸਮਤੀ ਨੂੰ ਉਸੇ ਰਾਤ ਸਾਡੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਹੱਲੇ ਪੈਣੇ ਸ਼ੁਰੂ ਹੋ ਗਏ। ਬੇਬੇ ਅਤੇ ਉਸਦੇ ਪਰਿਵਾਰ ਨੂੰ ਪਿੰਡ ਦੇ ਹੀ ਭਲੇਮਾਣਸ ਲੋਕਾਂ ਨੇ ਆਪਣੇ ਕਮਾਦ ਵਿੱਚ ਲੁਕੋ ਕੇ ਉਹਨਾਂ ਦੀਆਂ ਜਾਨਾਂ ਬਚਾਈਆਂ। ਜਦੋਂ ਅਸੀਂ ਪੁੱਛਦੇ ਕਿ ਬੇਬੇ ਉਹ ਲੋਕ ਕੌਣ ਸਨ ਜਿਹੜੇ ਇੱਕ ਦੂਜੇ ਦੀਆਂ ਜਾਨਾਂ ਦੇ ਦੁਸ਼ਮਣ ਬਣ ਗਏ ਤਾਂ ਬੇਬੇ ਹਉਕਾ ਜਿਹਾ ਭਰ ਕੇ ਦੱਸਦੇ, “ਖੋਰੇ ਕੌਣ ਸਨ ਉਹ, ਕਿੱਧਰੋਂ ਆਏ, ਕਿਉਂ ਉਹਨਾਂ ਨੇ ਮਾਰ ਧਾੜ ਕੀਤੀ, ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ।” ਕਿਉਂ ਜੋ ਪਿੰਡਾਂ ਵਿੱਚ ਵਸਦੇ ਲੋਕ ਤਾਂ ਉਹਨਾਂ ਦੇ ਆਪਣੇ ਹੀ ਸਨ। ਬੇਬੇ ਅਕਸਰ ਭਰੀਆਂ ਅੱਖਾਂ ਨਾਲ ਦੱਸਦੀ, “ਲੋਕ ਮਾੜੇ ਨਹੀਂ ਸਨ, ਵਕਤ ਹੀ ਮਾੜਾ ਸੀ, ਪਤਾ ਨਹੀਂ ਕਿਹੋ ਜਿਹੀ ਖੂਨੀ ਹਵਾ ਵਗੀ ਸੀ ਉਹ।”
ਕੁਝ ਦਿਨਾਂ ਬਾਅਦ ਮਾਹੌਲ ਕੁਝ ਸ਼ਾਂਤ ਹੋਇਆ ਤਾਂ ਬੇਬੇ ਦੱਸਦੀ ਕਿ ਮੇਰੇ ਆਪਣੇ, ਮੇਰੇ ਤੋਂ ਹਮੇਸ਼ਾ ਲਈ ਕੰਡਿਆਲੀ ਤਾਰ ਦੇ ਉਸ ਪਾਸੇ ਬਗਾਨੇ ਅਤੇ ਦੂਸਰੇ ਦੇਸ਼ ਦੇ ਵਾਸੀ ਬਣ ਚੁੱਕੇ ਸਨ। ਬੇਬੇ ਹਉਕਾ ਲੈ ਕੇ ਦੱਸਦੀ ‘ਵੇਲਾ ਲੰਘ ਚੁੱਕਾ ਸੀ।’ ਉਹਨਾਂ ਦੇ ਕੋਰੇ ਤੇ ਸਿਆਸਤਾਂ ਦੇ ਪ੍ਰਭਾਵ ਤੋਂ ਸੱਖਣੇ ਮਨ ਸਿਰਫ ਆਪਣਿਆਂ ਦੇ ਹਮੇਸ਼ਾ ਲਈ ਦੂਰ ਹੋ ਜਾਣ ਕਾਰਨ ਕੁਰਲਾ ਰਹੇ ਸਨ। ਬੇਬੇ ਦੱਸਦੀ-ਦੱਸਦੀ ਰੋ ਪੈਂਦੀ। ਮੈਨੂੰ ਸੁਣ ਕੇ ਹੀ ਕਾਲਜੇ ਅੰਦਰ ਇੱਕ ਖੋਹ ਜਿਹੀ ਪੈਣ ਲੱਗ ਜਾਂਦੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਜਾਂਦੇ। ਮੈਂ ਬੇਬੇ ਨੂੰ ਹੌਸਲਾ ਦੇ ਕੇ ਚੁੱਪ ਕਰਾਉਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰਦੀ।
ਮੇਰੇ ਪਿਤਾ ਜੀ ਵੱਲੋਂ ਹਿੰਮਤ ਕਰਨ ਸਦਕਾ ਸਨ ਉੱਨੀ ਸੌ ਪਚਾਸੀ ਵਿੱਚ ਬੇਬੇ ਨੂੰ ਪਹਿਲੀ ਵਾਰ ਪਾਕਿਸਤਾਨ ਆਪਣੇ ਪੇਕਿਆਂ ਕੋਲ ਜਾਣ ਦਾ ਮੌਕਾ ਮਿਲਿਆ। ਬੇਬੇ ਕਹਿੰਦੀ ਮੈਂ ਵਾਹੋ-ਦਾਅ ਭੱਜੀ ਗਈ ਸੀ। ਇੰਨੇ ਵਕਫੇ ਦਾ ਵਿਛੋੜਾ ਕੋਈ ਥੋੜ੍ਹਾ ਨਹੀਂ ਸੀ। ਜਿਨ੍ਹਾਂ ਦੇ ਜਿਉਂਦੇ ਰਹਿਣ ਦੀ ਵੀ ਖਬਰ ਸਾਰ ਨਹੀਂ ਸੀ, ਉਹਨਾਂ ਨੂੰ ਸਾਡੀ ਬੇਬੇ ਅੱਜ ਮਿਲਣ ਜਾ ਰਹੀ ਸੀ। ਫਿਰ ਬੇਬੇ ਕਈ ਵਾਰ ਰੋਂਦੇ ਕੁਰਲਾਉਂਦੇ ਦੱਸਦੀ ਕਿ ਉਸਦੀ ਪਿਆਰੀ ਭੈਣ ਹਸ਼ਮਤੇ ਤੇ ਭਤੀਜਾ ਨਿਆਮਤ ਤਾਂ ਕਦੋਂ ਦੇ ਫੌਤ ਹੋ ਚੁੱਕੇ ਸਨ। ਜਦੋਂ ਬੇਬੇ ਪਾਕਿਸਤਾਨ ਤੋਂ ਵਾਪਸ ਆਈ ਤਾਂ ਧਾਹਾਂ ਮਾਰ ਮਾਰ ਰੋਂਦੀ ਉਹਨਾਂ ਨੂੰ ਯਾਦ ਕਰਕੇ। ਖੈਰ ਫਿਰ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਬੇਬੇ ਸਾਲ ਛੇ ਮਹੀਨੇ ਪਿੱਛੋਂ ਆਪਣੇ ਛੋਟੇ ਭਾਈ ਨੂੰ ਚਿੱਠੀਆਂ ਪਾ ਸੁੱਖ ਸਾਂਦ ਪੁੱਛਦੀ ਰਹਿੰਦੀ ਤੇ ਆਪਣੀ ਸੁੱਖ ਸਾਂਦ ਵੀ ਦੱਸਦੀ।
ਮੈਨੂੰ ਯਾਦ ਹੈ ਜਦੋਂ ਮਰਨ ਤੋਂ ਦੋ ਤਿੰਨ ਕੁ ਸਾਲ ਪਹਿਲਾਂ ਬੇਬੇ ਪਾਕਿਸਤਾਨ ਗਈ ਤਾਂ ਮੁੜਦੇ ਹੋਏ ਉਹ ਉਦਾਸ ਦਿਸੀ। ਬੇਬੇ ਨੇ ਦੱਸਿਆ ਕਿ ਉਹ ਦੋ ਤਿੰਨ ਦਿਨ ਲਾਹੌਰ ਆਪਣੇ ਭਤੀਜਿਆਂ ਕੋਲੋਂ ਰੁਕੀ ਤੇ ਆਪਣੇ ਪਸੰਦ ਦੀਆਂ ਕਈ ਚੀਜ਼ਾਂ ਉਸਨੇ ਉੱਥੋਂ ਲਈਆਂ। ਮੇਰੇ ਕੋਲ ਬੇਬੇ ਦਾ ਪਾਕਿਸਤਾਨ ਤੋਂ ਲਿਆਂਦਾ ਨਮਾਜ਼ ਤੋਂ ਪਹਿਲਾਂ ਵੁਜ਼ੂ ਕਰਨ ਵਾਲਾ ਇੱਕ ਪਿੱਤਲ ਦਾ ਲੋਟਾ ਅੱਜ ਵੀ ਸਾਂਭਿਆ ਪਿਆ ਹੈ। ਉਮਰ ਦੇ ਹਿਸਾਬ ਨਾਲ ਬੇਬੇ ਦਾ ਹੁਣ ਇਹ ਆਪਣਿਆਂ ਨੂੰ ਮਿਲਣ ਦਾ ਆਖਰੀ ਮੌਕਾ ਸੀ। ਵਾਪਸ ਆ ਕੇ ਉਸ ਨੇ ਕੁਝ ਲਿਫਾਫੇ ਵਿੱਚ ਲਪੇਟਿਆ ਹੋਇਆ ਮੇਰੀ ਮਾਂ ਨੂੰ ਫੜਾ ਕੇ ਕਿਹਾ, “ਸੰਭਾਲ ਕੇ ਰੱਖਦੇ ਸੰਦੂਕ ਵਿੱਚ, ਕਿਸੇ ਦੇ ਨਾਪਾਕ ਹੱਥ ਨਾ ਲੱਗ ਜਾਣ।”
ਘਰ ਵਿੱਚ ਵੱਡਿਆਂ ਨੂੰ ਪਤਾ ਸੀ ਕਿ ਉਸ ਚਿੱਟੇ ਕੱਪੜੇ ਵਿੱਚ ਕੀ ਲਪੇਟਿਆ ਹੋਇਆ ਸੀ, ਪਰ ਜਵਾਕਾਂ ਨੂੰ ਇਸ ਬਾਰੇ ਨਾ ਦੱਸਿਆ ਗਿਆ। ਅਸੀਂ ਉਸ ਚੀਜ਼ ਨੂੰ ਭੁੱਲ ਭੁਲਾ ਗਏ ਤੇ ਕਦੇ ਕਿਸੇ ਨੇ ਕੋਸ਼ਿਸ਼ ਹੀ ਨਾ ਕੀਤੀ ਕਿ ਉਸ ਵਿੱਚ ਕੀ ਹੈ। ਬੇਬੇ ਦੇ ਫੌਤ ਹੋਣ ਉਪਰੰਤ ਉਹੀ ਲਿਫਾਫਾ ਜਦੋਂ ਮੇਰੀ ਵੱਡੀ ਬੀਬੀ ਨੇ ਸੰਦੂਕ ਵਿੱਚੋਂ ਕੱਢ ਕੇ ਲਿਆਂਦਾ ਤਾਂ ਮੈਂ ਦੇਖਣ ਲਈ ਬਹੁਤ ਹੀ ਉਤਸੁਕ ਸੀ ਕਿ ਉਸ ਵਿੱਚ ਆਖਿਰ ਅਜਿਹਾ ਕੀ ਸੀ। ਦੇਖਿਆ ਤਾਂ ਮੇਰਾ ਤਰਾਹ ਨਿਕਲ ਗਿਆ। ਉਸ ਲਿਫਾਫੇ ਵਿੱਚ ਬੇਬੇ ਦਾ ਕੱਫਣ ਤੇ ਹੋਰ ਨਿਕ ਸੁੱਖ ਤੇ ਜਨਾਜ਼ੇ ਦਾ ਸਮਾਨ ਸੀ। ਮੈਂ ਬੇਬੇ ਦੇ ਜਨਾਜ਼ੇ ਕੋਲ ਬੈਠੀ ਰੋਂਦੀ ਰਹੀ, ਮੈਨੂੰ ਬੇਬੇ ਦੇ ਅੰਦਰ ਦੀ ਪੀੜਾ ਆਪਣੇ ਅੰਦਰ ਮੈਂ ਮਹਿਸੂਸ ਹੋ ਰਹੀ ਸੀ। ਆਪਣੇ ਹੰਝੂ ਰੋਕਣੇ ਮੁਸ਼ਕਿਲ ਹੋ ਗਏ ਸਨ। ਹਾਏ! ਕਿਵੇਂ ਮੇਰੀ ਬੇਬੇ ਆਪਣਿਆਂ ਦੇ ਵਿਛੋੜੇ ਦਾ ਦੁਖਾਂਤ ਢਿੱਡ ਵਿੱਚ ਹੀ ਲੈ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਈ ਸੀ।
ਬੇਬੇ ਆਪਣੇ ਪੇਕਿਆਂ ਦੇ ਕੱਫਣ ਵਿੱਚ ਲਿਪਟ ਹਮੇਸ਼ਾ ਲਈ ਵੰਡ ਦੇ ਦੁਖਾਂਤ ਦੀ ਤੜਫ ਤੋਂ ਛੁਟਕਾਰਾ ਪਾ ਚੁੱਕੀ ਸੀ। ਅੱਜ ਜਦੋਂ ਬੇਬੇ ਦਾ ਜਨਾਜ਼ਾ ਘਰੋਂ ਚੁੱਕਣ ਦੀ ਤਿਆਰੀ ਹੋ ਰਹੀ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਤਾਂ ਬੇਬੇ ਦਾ ‘ਕੱਫਣ ਸੀ ਲਾਹੌਰ ਤੋਂ’ ਜੋ ਬੇਬੇ ਦੇ ਭਤੀਜਿਆਂ ਨੇ ਬੇਬੇ ਨੂੰ ਲਾਹੌਰੋਂ ਲੈ ਕੇ ਤੋਰਿਆ ਸੀ। ਬੇਬੇ ਦੇ ਗੁਜ਼ਰਨ ਤੋਂ ਮਹੀਨੇ ਬਾਅਦ ਬੇਬੇ ਦੇ ਭਤੀਜੇ ਦੀ ਚਿੱਠੀ ਆਈ ਕਿ ‘ਭੂਆ ਜੀ ਦੇ ਫੌਤ ਹੋਣ ਦੀ ਖਬਰ ਸੁਣ ਕੇ ਦਿਲ ਨੂੰ ਗਹਿਰਾ ਸਦਮਾ ਲੱਗਾ। ਸਾਨੂੰ ਲੱਗਾ ਕਿ ਜਿਵੇਂ ਸਾਡੀ ਸਰਹੱਦੋਂ ਪਾਰ ਇੱਕ ਸਾਂਝ ਖਤਮ ਹੋ ਚੁੱਕੀ ਹੈ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਜਿਉਂਦੇ ਜੀ ਆਪਣਾ ਕੱਫਣ ਲਾਹੌਰ ਤੋਂ ਖ਼ੁਦ ਆਪਣੇ ਹੱਥੀਂ ਲੈ ਗਏ ਸੀ।”
ਅੱਜ ਜਦੋਂ ਮੈਂ ਉਹ ਅੱਧਭੁਰੀ ਜਿਹੀ ਚਿੱਠੀ ਕੰਬਦੇ ਹੱਥਾਂ ਨਾਲ ਫਿਰ ਤੋਂ ਪੜ੍ਹੀ ਤਾਂ ਮੇਰੇ ਪਰਲ-ਪਰਲ ਕਰਦੇ ਹੰਝੂ ਮੇਰੀਆਂ ਗੱਲ੍ਹਾਂ ਤੋਂ ਚੋ ਕੇ ਸਿਸਕੀਆਂ ਵਿੱਚ ਤਬਦੀਲ ਹੋ ਗਏ ਸਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5302)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.