“ਫਿਰ ਮੈਂ ਸੋਚਦਾ, ਮੇਰਾ ਉਦੇਸ਼ ਇਹਨਾਂ ਵਿਹਲੜ ਲੋਕਾਂ ਦੀਆਂ ਸੜੀਆਂ-ਗਲੀਆਂ ਸੋਚਾਂ ਅਤੇ ਤਾਅਨਿਆਂ-ਮਿਹਣਿਆਂ ਤੋਂ ...”
(25 ਜੁਲਾਈ 2024)
ਕੱਲ੍ਹ ਸ਼ਾਮੀਂ ਮੈਂ ਅਤੇ ਮੇਰੇ ਪਤੀ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੀ ਸੈਰ ਲਈ ਯੂਨੀਵਰਸਿਟੀ ਗਏ ਤਾਂ ਸਾਨੂੰ ਦੂਰੋਂ ਦੇਖ ਕੇ ਹੀ ਕਿਸੇ ਨੇ ਸਿਰ ਨੀਵਾਂ ਕਰਕੇ ਫਤਿਹ ਬੁਲਾਈ। ਉਹ ਥੋੜ੍ਹਾ ਨੇੜੇ ਆਇਆ ਤਾਂ ਦੇਖਿਆ ਕਿ ਇਹ ਤਾਂ ਸਾਡਾ ਉਹ ਦੋਸਤ ਹੈ ਜੋ ਹੁਣੇ ਹੁਣੇ ਪੰਜਾਬ ਜੁਡੀਸ਼ੀਅਲ ਸਿਵਲ ਸਰਵਿਸਜ਼ ਵਿੱਚ ਜੱਜ ਚੁਣਿਆ ਗਿਆ ਹੈ। ਉਸਨੂੰ ਦੇਖ ਸਾਡੀ ਰੂਹ ਖ਼ੁਸ਼ ਹੋ ਗਈ। ਲਾਲ ਸੂਹੇ ਰੰਗ ਦੀ ਦਸਤਾਰ ਬੰਨ੍ਹੀ ਹੋਈ, ਜਾਣੋ ਉਸਦਾ ਚਿਹਰਾ ਗੁਲਾਬ ਵਾਂਗ ਖਿੜ੍ਹਿਆ ਪਿਆ ਸੀ। ਰਸਮੀਂ ਤੌਰ ’ਤੇ ਗੱਲਾਂਬਾਤਾਂ ਸ਼ੁਰੂ ਹੁੰਦਿਆਂ ਹੀ ਉਸਨੇ ਦੱਸਿਆ ਕਿ ਉਸਦੀ ਟ੍ਰੇਨਿੰਗ ਪਟਿਆਲੇ ਹੀ ਲੱਗੀ ਹੈ।
ਅਸੀਂ ਹਾਲੇ ਗੱਲਾਂਬਾਤਾਂ ਕਰ ਹੀ ਰਹੇ ਸੀ ਕਿ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਦੋ ਹੋਰ ਸਾਡੇ ਬਹੁਤ ਹੀ ਅਜੀਜ਼ ਵਿਦਿਆਰਥੀ ਉੱਥੇ ਆ ਖਲੋਤੇ। ਜੱਜ ਸਾਹਿਬ ਨਾਲ ਮੇਰੇ ਪਤੀ ਨੇ ਉਹਨਾਂ ਦਾ ਤਾਅਰੁਫ਼ ਕਰਵਾਇਆ। ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਉਹ ਕਾਫ਼ੀ ਸਾਲਾਂ ਤੋਂ ਇਸ ਪੇਪਰ ਦੀ ਤਿਆਰੀ ਵਿੱਚ ਦਿਨ ਰਾਤ ਸਿਰ ਸੁੱਟ ਕੇ ਲੱਗੇ ਹੋਏ ਸਨ ਤੇ ਅੱਜ ੳਹ ਸਫ਼ਲ ਵੀ ਹੋ ਗਏ। ਇਹ ਸੁਣਦਿਆਂ ਅਸੀਂ ਜੱਜ ਸਾਹਿਬ ਦੇ ਚਿਹਰੇ ’ਤੇ ਉਦਾਸੀ ਅਤੇ ਖ਼ੁਸ਼ੀ ਦੇ ਰਲੇ ਮਿਲੇ ਭਾਵ ਦੇਖ ਰਹੇ ਸੀ ਤੇ ਉਹ ਦੱਸਦੇ ਗਏ, “ਬਹੁਤ ਮਿਹਨਤ ਤੇ ਬਹੁਤ ਤਿਆਗ ਕਰਨੇ ਪਏ ਹਨ, ਇੱਥੋਂ ਤੱਕ ਪਹੁੰਚਣ ਲਈ। ਮੈਂ ਇਹ ਪ੍ਰੀਖਿਆ ਪਾਸ ਕਰਨ ਵਾਲਾ ਉਮਰ ਵਿੱਚ ਵੱਡਾ ਪ੍ਰੀਖਿਆਰਥੀ ਹੋ ਸਕਦਾ ਹਾਂ ਪਰ ਮੈਨੂੰ ਇਸ ਗੱਲ ਨਾਲ ਕੋਈ ਵੀ ਮਤਲਬ ਨਹੀਂ, ਕਿਉਂਕਿ ਜੇ ਕੁਝ ਮੈਨੂੰ ਹੁਣ ਮਿਲਿਆ, ਉਹ ਮੇਰੀ ਬਾਕੀ ਸਾਰੀ ਜ਼ਿੰਦਗੀ ਲਈ ਖ਼ੁਸ਼ਨੁਮਾ ਫੁੱਲਾਂ ਦੀ ਤਰ੍ਹਾਂ ਹੈ। ਹਾਂ, ਮੈਂ ਆਪਣੇ ਇਸ ਸਫ਼ਰ ਦੌਰਾਨ ਆਲੇ-ਦੁਆਲੇ ਦੇ ਲੋਕਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣ ਚਿੰਤਾਤੁਰ ਵੀ ਹੋ ਜਾਂਦਾ ਸੀ। ਫਿਰ ਮੈਂ ਸੋਚਦਾ, ਮੇਰਾ ਉਦੇਸ਼ ਇਹਨਾਂ ਵਿਹਲੜ ਲੋਕਾਂ ਦੀਆਂ ਸੜੀਆਂ-ਗਲੀਆਂ ਸੋਚਾਂ ਅਤੇ ਤਾਅਨਿਆਂ-ਮਿਹਣਿਆਂ ਤੋਂ ਕਿਤੇ ਵੱਡਾ ਹੈ। ਮੈਂ ਢਹਿੰਦੀ ਕਲਾ ਵਿੱਚ ਜਾਣ ਤੋਂ ਖ਼ੁਦ ਨੂੰ ਰੋਕੀ ਰੱਖਿਆ। ਪੇਂਡੂ ਪਿਛੋਕੜ ਤੇ ਸਹੂਲਤਾਂ ਦੀ ਘਾਟ ਹੋਣ ਕਾਰਣ ਮੈਨੂੰ ਸਮਾਂ ਤਾਂ ਭਾਵੇਂ ਵੱਧ ਲੱਗ ਗਿਆ ਪਰ ਮੈਂ ਕਦੇ ਕੋਈ ਬਹਾਨਾ ਆਪਣੇ ਜੱਜ ਬਣਨ ਦੇ ਜਨੂੰਨ ਸਾਹਮਣੇ ਨਾ ਚੱਲਣ ਦਿੱਤਾ। ਬਹੁਤ ਹੀ ਸ਼ਾਂਤਚਿੱਤ ਹੋ ਕੇ ਮੈਂ ਆਪਣੇ ਆਹਰੇ ਲੱਗਾ ਰਹਿੰਦਾ, ਨਤੀਜਾ ਅੱਜ ਦੁਨੀਆਂ ਦੇ ਸਾਹਮਣੇ ਹੈ। ਦੁਨੀਆਂ ਸਿਰਫ਼ ਨਤੀਜੇ ਦੇਖਦੀ ਹੈ, ਤੁਹਾਡੇ ਹਾਲਾਤ, ਤਿਆਗ ਤੇ ਤੁਹਾਡੀਆਂ ਕੋਸ਼ਿਸ਼ਾਂ ਕਿਸੇ ਲਈ ਕੋਈ ਮਾਅਨੇ ਨਹੀਂ ਰੱਖਦੀਆਂ। ਉਹ ਲੋਕ ਤੁਹਾਡੇ ਤੇ ਤੰਜ ਕੱਸਦੇ ਹਨ, ਜਿਨ੍ਹਾਂ ਨੇ ਖ਼ੁਦ ਕਦੇ ਇਹੋ ਜਿਹੇ ਪੇਪਰਾਂ ਬਾਰੇ ਪੜ੍ਹਿਆ ਸੁਣਿਆ ਨਹੀਂ ਹੁੰਦਾ ਜਾਂ ਉਹ ਲੋਕ ਜਿਹੜੇ ਇਹਨਾਂ ਔਖੇ ਰਾਹਾਂ ’ਤੇ ਤੁਰਨ ਤੋਂ ਡਰਦੇ ਹਨ। ਮੈਂ ਹੁਣ ਇਹਨਾਂ ਲੋਕਾਂ ਦੀ ਸੰਗਤ ਵਿੱਚੋਂ ਨਿਕਲ ਕੇ ਉਹਨਾਂ ਹਜ਼ਾਰਾਂ ਵਿਅਕਤੀਆਂ ਵਿੱਚ ਸ਼ਾਮਿਲ ਹੋਇਆ ਹਾਂ, ਜਿਹੜੇ ਦੇਸ਼ ਦੀ ਨਿਆਂ-ਵਿਵਸਥਾ ਦੇ ਥੰਮ੍ਹ ਹਨ।”
ਉਸਨੇ ਬੋਲਣਾ ਜਾਰੀ ਰੱਖਿਆ, “ਮੈਂ ਜਿੰਨੀ ਹੋ ਸਕੇ ਲੁਕਾਈ ਦੀ ਸੇਵਾ ਕਰਨੀ ਏ। ਤਨਖਾਹਾਂ ਬਥੇਰੀਆਂ ਹਨ। ਕਦੇ ਭ੍ਰਿਸ਼ਟਾਚਾਰ ਦੇ ਰਸਤੇ ’ਤੇ ਚੱਲਣ ਬਾਰੇ ਸੋਚਣਾ ਵੀ ਨਹੀਂ। ਕਿਉਂ ਜੋ ਮੈਂ ਬਥੇਰੀਆਂ ਗੁਰਬਤਾਂ ਸਹਿ ਕੇ ਇੱਥੋਂ ਤੱਕ ਪਹੁੰਚਿਆ ਹਾਂ।”
ਅਸੀਂ ਸਾਰੇ ਬੜੇ ਹੀ ਧਿਆਨ ਨਾਲ ਮੰਤਰ ਮੁਗਧ ਹੋਏ ਉਹਦੇ ਸਫ਼ਰ ਦੌਰਾਨ ਬੀਤੇ ਉਹਦੇ ਦਿਲ ਦੇ ਉਹ ਅਹਿਸਾਸ ਸੁਣ ਰਹੇ ਸਾਂ, ਜੋ ਉਸਨੇ ਹੰਢਾਏ ਸਨ। ਉਸਦੀਆਂ ਗੱਲਾਂ ਸੁਣ ਮੇਰੇ ਪਤੀ ਬੋਲੇ, “ਸੱਚ ਮੁੱਚ ਹੀ ਇਹ ਇੱਕਲਿਆਂ ਦਾ ਉਹ ਕਫਲਾ ਹੈ, ਜੋ ਤੁਸੀਂ ਖ਼ੁਦ ਹੀ ਬਿਨਾਂ ਕਿਸੇ ਦੁਨਿਆਵੀ ਸਹਾਰੇ ਤੋਂ ਸਰ ਕਰਨਾ ਹੁੰਦਾ ਹੈ। ਦੁਨੀਆਂ ਤੁਹਾਡੇ ਨਾਲ ਚੰਗੇ ਹਾਲਾਤਾਂ ਵਿੱਚ ਖੜ੍ਹਦੀ ਹੈ, ਤੁਹਾਡੇ ਗੁਰਬਤਾਂ ਮਾਰੇ ਸਮਿਆਂ ਵਿੱਚ ਤਾਂ ਹਰ ਬੰਦਾ ਤੁਹਾਨੂੰ ਨਾਲਾਇਕ ਤੇ ਮੂਰਖ ਸਾਬਿਤ ਕਰਦਾ ਹੈ। ਮੰਜ਼ਿਲ ’ਤੇ ਪਹੁੰਚਣ ਲਈ ਤੁਹਾਡੇ ਵੱਲੋਂ ਨੀਂਦ ਦਾ ਤਿਆਗ ਕਰਕੇ ਝਾਕੀਆਂ ਰਾਤਾਂ ਜਾਂ ਹੋਰ ਤਿਆਗ ਸਿਰਫ਼ ਤੁਸੀਂ ਹੀ ਜਾਣਦੇ ਹੋ।”
ਉਸ ਨਵੇਂ ਬਣੇ ਜੱਜ ਦੀਆਂ ਗੱਲਾਂ ਸੁਣਕੇ ਨਾਲ ਖੜ੍ਹੇ ਤਿਆਰੀ ਕਰ ਰਹੇ ਮੁੰਡਿਆਂ ਦਾ ਮਿਹਨਤ ਕਰਨ ਦਾ ਉਤਸ਼ਾਹ ਹੋਰ ਵਧ ਗਿਆ।
ਇਹ ਸਿਰਫ਼ ਸਾਡੇ ਅਜੀਜ਼ ਦੋਸਤ ਦੀ ਮਿਹਨਤ ਦੀ ਕਹਾਣੀ ਹੀ ਨਹੀਂ ਬਲਕਿ ਉਹਨਾਂ ਹਜ਼ਾਰਾਂ ਪ੍ਰੀਖਿਆਰਥੀਆਂ ਦੇ ਸੰਘਰਸ਼ ਦੀ ਕਹਾਣੀ ਹੈ ਜੋ ਜ਼ਿੰਦਗੀ ਦੇ ਕਈ-ਕਈ ਸਾਲ ਇਹਨਾਂ ਪ੍ਰੀਖਿਆਵਾਂ ਦੇ ਲੇਖੇ ਲਗਾ ਦਿੰਦੇ ਹਨ, ਕਿਉਂ ਜੋ ਉਹਨਾਂ ਦੇ ਅੰਦਰ ਭੀੜ ਤੋਂ ਹਟ ਕੇ ਕੁਝ ਕਰਨ ਦੀ ਤਾਂਘ ਹੁੰਦੀ ਹੈ।
ਪਿੱਛੇ ਜਿਹੇ ਰਿਲੀਜ਼ ਹੋਈ ‘ਬਾਰ੍ਹਵੀਂ ਪਾਸ’ ਫ਼ਿਲਮ ਨੇ ਆਈ.ਪੀ.ਐੱਸ ਮਨੋਜ ਸ਼ਰਮਾ ਦੇ ਸੰਘਰਸ਼ਮਈ ਜੀਵਨ ਨੂੰ ਬਹੁਤ ਬਾਖ਼ੂਬੀ ਬਿਆਨ ਕੀਤਾ ਹੈ। ਜੇਕਰ ਭੀੜਾਂ ਤੋਂ ਹਟ ਕੇ ਜ਼ਿੰਦਗੀ ਵਿੱਚ ਕੁਝ ਵੱਖਰਾ ਕਰਨਾ ਹੈ ਤਾਂ ਭੀੜਾਂ ਦੇ ਰੌਲੇ-ਗੌਲੇ ਦੀ ਪਰਵਾਹ ਕਰਨੀ ਛੱਡਕੇ ਆਪਣੇ ਰਾਹ ’ਤੇ ਚੱਲਦੇ ਜਾਓ। ਤੁਸੀਂ ਕੀ ਕਰ ਸਕਦੇ ਹੋ, ਸਿਰਫ਼ ਤੁਹਾਨੂੰ ਪਤਾ ਹੈ, ਨਾ ਕਿ ਉਹਨਾਂ ਲੋਕਾਂ ਨੂੰ, ਜਿਹਨਾਂ ਵਿੱਚ ਕਾਬਲੀਅਤ ਨਾ ਦੇ ਬਰਾਬਰ ਹੁੰਦੀ ਹੈ। ਕਿਉਂਕਿ ਉਹ ਲੋਕ, ਜਿਹੜੇ ਤੁਹਾਨੂੰ ਦੌੜ ਕੇ ਨਹੀਂ ਹਰਾ ਸਕਦੇ, ਉਹ ਤੁਹਾਨੂੰ ਅੰਦਰੋਂ ਤੋੜ ਕੇ ਹਰਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਸੋ ਇੱਕਲੇ ਹੀ ਆਪਣੇ ਕਾਫ਼ਲੇ ਵਿੱਚ ਉਦੋਂ ਤੱਕ ਚਲਦੇ ਰਹੋ, ਜਦੋਂ ਤੱਕ ਸਫ਼ਲਤਾ ਦੀ ਟੀਸੀ ’ਤੇ ਨਹੀਂ ਪਹੁੰਚ ਜਾਂਦੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5160)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.