“ਪੁੱਤ ਤੈਨੂੰ ਪਤਾ ਈ ਐ, ਤੇਰੇ ਤਾਏ ਦਾ ਤਾਂ ਡਮਾਕ ਈ ਹੁਣ ਕੰਮ ਨੀ ਕਰਦਾ, ਰੁੜ੍ਹ ਜਾਣੇ ’ਲਾਜ ਕਰਾਉਣ ਦੇ ਬਹਾਨੇ ...”
(6 ਜੂਨ 2023)
ਇਹ ਜੱਜ ਦੇ ਮਨ ਪਈ ਮਿਹਰ ਸੀ ਜਾਂ ਅਨਪੜ੍ਹ ਗਵਾਹਾਂ ਵੱਲੋਂ ਦਿੱਤੀਆਂ ਝੂਠੀਆਂ ਗਵਾਹੀਆਂ ਵਿੱਚੋਂ ਦਿਖਦੇ ਸੱਚ ਦਾ ਕ੍ਰਿਸ਼ਮਾ ਕਿ ਜੱਜ ਨੇ ਇਰਾਦਾ ਕਤਲ ਦੇ ਇਸਤਗਾਸੇ ਦੀ ਸਾਢੇ ਤਿੰਨ ਸਾਲ ਚੱਲੀ ਸੁਣਵਾਈ ਪਿੱਛੋਂ ਮੈਨੂੰ ਬਰੀ ਕਰ ਦਿੱਤਾ। ਜ਼ਿੰਦਗੀ ਵਿੱਚ ਕਦੇ ਕੁੱਤੇ ਦੇ ਵੀ ਸੋਟੀ ਨਹੀਂ ਸੀ ਮਾਰੀ ਪਰ ਅਗਲਿਆਂ ਨੇ ਇਰਾਦਾ ਕਤਲ ਦਾ ਇਲਜ਼ਾਮ ਲਾ ਕੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਸੀ। ਇਸਤਗਾਸਾ ਰੱਦ ਕਰਨ ਦਾ ਹੁਕਮ ਦਿੰਦਿਆਂ ਮੁਸਕੜੀਏਂ ਹੱਸਦੇ ਜੱਜ ਸਾਹਿਬ ਨੇ ਇੱਕ ਬਾਰ ਫਿਰ ਮੇਰੇ ਵਕੀਲ ਨੂੰ ਸਲਾਹ ਦਿੱਤੀ, “ਸਰਕਾਰੀ ਮੁਲਾਜ਼ਮ ਨੂੰ ਐਹੋ ਜਿਹੀ ਪਾਰਟੀਬਾਜ਼ੀ ਵਿੱਚ ਨਹੀਂ ਪੈਣਾ ਚਾਹੀਦਾ, ਬੈਠ ਕੇ ਸੁਲਾਹ ਸਫਾਈ ਕਰਵਾ ਦਿਓ, ਨਹੀਂ ਇਹਦਾ ਨੁਕਸਾਨ ਕਰ ਦੇਣਗੇ ਇਹ।”
ਕਈ ਵਰ੍ਹਿਆਂ ਤੋਂ ਇਸੇ ਅਦਾਲਤ ਵਿੱਚ ਚਲਦੇ ਕਈ ਕੇਸਾਂ ਵਿੱਚ ਤਰੀਕਾਂ ਭੁਗਤਦਿਆਂ ਜੱਜ ਸਾਹਿਬ ਮੈਨੂੰ ਨਿੱਜੀ ਤੌਰ ’ਤੇ ਜਾਨਣ ਲੱਗ ਪਏ ਸਨ। ਦੁਆਬੇ ਦੇ ਜਿਮੀਂਦਾਰ ਪਰਿਵਾਰ ਨਾਲ ਸਬੰਧਤ ਜੱਜ ਕਾਲਜ ਅਤੇ ਯੂਨੀਵਰਸਿਟੀ ਪੜ੍ਹਦਿਆਂ ਵਿਦਿਆਰਥੀ ਜਥੇਬੰਦੀ ਦਾ ਮੈਂਬਰ ਰਿਹਾ ਹੋਣ ਕਰਕੇ ਖੱਬੇ ਪੱਖੀ ਸਿਆਸਤ ਨੂੰ ਪੂਰੀ ਤਰ੍ਹਾਂ ਸਮਝਦਾ ਸੀ। ਸਾਰੇ ਕੇਸਾਂ ਦੀ ਸੁਣਵਾਈ ਦੌਰਾਨ ਜੱਜ ਮੇਰੇ ਖਿਲਾਫ ਕੀਤੇ ਜਾ ਰਹੇ ਕੇਸਾਂ ਦੀ ਹਕੀਕਤ ਅਤੇ ਮੇਰੇ ਜੀਵਨ ਬਾਰੇ ਸਭ ਕੁਝ ਜਾਣ ਚੁੱਕਾ ਸੀ।
“ਕੇਸ ਦੀ ਬੁਨਿਆਦ ਗਵਾਹੀਆਂ ਹੁੰਦੀਆਂ ਨੇ, ਜੇ ਗਵਾਹੀਆਂ ਸਹੀ ਹੋ ਗਈਆਂ ਤਾਂ ਸਜ਼ਾ ਪੱਕੀ ਹੈ।” ਮੇਰਾ ਵਕੀਲ ਅਕਸਰ ਮੈਨੂੰ ਸੁਚੇਤ ਕਰਦਾ ਰਹਿੰਦਾ। ਇਰਾਦਾ ਕਤਲ ਦਾ ਕੇਸ ਦਰਜ ਕਰਵਾਉਣ ਲਈ ਇਸਤਗਾਸਾ ਪਾਉਣ ਵਾਲੇ ਤਾਏ ਬੰਤੇ ਨਾਲ ਮੇਰਾ ਕਦੇ ਕੋਈ ਝਗੜਾ ਨਹੀਂ ਸੀ ਹੋਇਆ ਅਤੇ ਨਾ ਹੀ ਝੂਠੀ ਗਵਾਹੀ ਦੇਣ ਵਾਲੇ ਦੋਵਾਂ ਗਵਾਹਾਂ ਨਾਲ ਮੇਰਾ ਕੋਈ ਰੌਲ਼ਾ ਸੀ। ਕਿੰਨ੍ਹੇ ਵਰ੍ਹਿਆਂ ਤੋਂ ਉਨ੍ਹਾਂ ਦੇ ਪਸ਼ੂਆਂ ਦਾ ਇਲਾਜ ਵੀ ਮੈਂ ਬਾਕੀ ਘਰਾਂ ਵਾਂਗ ਮੁਫਤ ਕਰਦਾ ਆ ਰਿਹਾ ਸਾਂ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਨਕਲਾਬ ਲਈ ਇਕੱਠਿਆਂ ਪੋਸਟਰ ਲਾਉਣ ਤੇ ਨਾਅਰੇ ਲਿਖਣ ਵਾਲੇ ਸਾਥੀ ਮੇਰੇ ਦੁਸ਼ਮਣ ਕਿਉਂ ਬਣ ਬੈਠੇ। ਸਕੂਲਿੰਗ ਲਈ ਬਾਹਰੋਂ ਆਏ ਇੱਕ ਕਾਮਰੇਡ ਵੱਲੋਂ ਮੀਟਿੰਗ ਦੌਰਾਨ ਕੀਤੀਆਂ ਮੇਰੀਆਂ ਸਿਫਤਾਂ ਮੇਰੀਆਂ ਜੜ੍ਹਾਂ ਵਿੱਚ ਬਹਿ ਗਈਆਂ ਸਨ।
“ਹੁਣ ਆਹ ਕੱਲ੍ਹ ਦਾ ਜੁਆਕ ਸਾਨੂੰ ਸਿਖਾਊਗਾ ਮਾਰਕਸਵਾਦ ਦੇ ਪੇਚ।” ਮੀਟਿੰਗ ਪਿੱਛੋਂ ਪਿੰਡ ਦੇ ਇੱਕ ਮਾਸਟਰ ਵੱਲੋਂ ਮੇਰੀ ਬਾਂਹ ਫੜ ਕੇ ਮਾਰਿਆ ਨਿਹੋਰਾ ਮੈਨੂੰ ਭਵਿੱਖ ਬਾਰੇ ਆਗਾਹ ਕਰ ਗਿਆ ਸੀ। ਥੋੜ੍ਹੇ ਸਮੇਂ ਬਾਅਦ ਹੀ ਉਹ ਸਾਰੇ ਵੱਡੇ ਘਰਾਂ ਦੇ ਕਾਕੇ ਉਨ੍ਹਾਂ ਹੀ ਰਵਾਇਤੀ ਪਾਰਟੀਆਂ ਦੇ ਅਹੁੱਦੇਦਾਰ ਬਣ ਕੇ ਵੋਟ ਸਿਆਸਤ ਦੇ ਮੋਹਰੀ ਬਣ ਗਏ ਜਿਨ੍ਹਾਂ ਪਾਰਟੀਆਂ ਨੂੰ ਪਾਣੀ ਪੀ ਪੀ ਕੋਸਦੇ ਰਹੇ ਸਨ। ਪਿੰਡ ਵਿਚਲੀ ਹਰ ਘਟਨਾ ਨੂੰ ਉਹ ਮੇਰੇ ਨਾਂ ਮੜ੍ਹ ਕੇ ਮੈਨੂੰ ਫਸਾਉਣ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ। ਜਿਵੇਂ ਮੈਂ ਇਕੱਲਾ ਹੀ ਰਹਿ ਗਿਆ ਸਾਂ ਅਤੇ ਮੇਰੇ ਪਿੰਡ ਨੂੰ ਪੀਕਿੰਗ ਦੱਸਣ ਵਾਲੇ ਬਾਹਰਲੇ ਕਾਮਰੇਡ ਵੀ ਇੱਕ ਦੋਂਹ ਤੋਂ ਬਿਨਾਂ ਪਿੰਡ ਦਾ ਖਹਿੜਾ ਹੀ ਛੱਡ ਗਏ। ਇਸ ਕੇਸ ਵਿੱਚ ਵੀ ਅਜਿਹਾ ਹੀ ਹੋਇਆ ਸੀ। ਭਾਦੋਂ ਦੇ ਮਹੀਨੇ ਅਸਮਾਨੀਂ ਚੜ੍ਹੀਆਂ ਘਟਾਵਾਂ ਵੇਖ ਤਾਈ ਸਿਆਮੋ ਮੰਜੇ ’ਤੇ ਬੈਠੇ ਤਾਏ ਬੰਤੇ ਨੂੰ ਰੋਟੀ ਫੜਾ ਕੇ ਕੋਠੇ ’ਤੇ ਪਰਨਾਲਾ ਸਾਫ ਕਰਨ ਚੜ੍ਹੀ ਤਾਂ ਭਾਰੇ ਸਰੀਰ ਕਾਰਨ ਛੱਤ ਦਾ ਬਾਲਾ ਟੁੱਟ ਗਿਆ। ਤਾਈ ਸਿਆਮੋ ਦੀ ਇੱਕ ਲੱਤ ਕੋਠੇ ਦੇ ਅੰਦਰ ਲਮਕ ਗਈ ਅਤੇ ਟੁੱਟੇ ਹੋਏ ਬਾਲੇ ਦੀ ਕਲਮ ਛੱਤ ਹੇਠਾਂ ਮੰਜੇ ’ਤੇ ਬੈਠੇ ਰੋਟੀ ਖਾਂਦੇ ਤਾਏ ਬੰਤੇ ਦੇ ਗੰਜੇ ਸਿਰ ਨੂੰ ਕੰਨ ਤਕ ਪਾੜ ਗਈ। ਤਾਈ ਸਿਆਮੋ ਦੀਆਂ ਚੀਕਾਂ ਸੁਣ ਕੇ ਆਂਢ ਗੁਆਂਢ ਦੇ ਲੋਕਾਂ ਨੇ ਉਸ ਨੂੰ ਮਸਾਂ ਖਿੱਚ ਕੇ ਛੱਤ ਉੱਪਰੋਂ ਲਾਹਿਆ ਅਤੇ ਹੇਠਾਂ ਤਾਇਆ ਬੰਤਾ ਲਹੂ ਲੁਹਾਣ ਹੋਇਆ ਮੰਜੇ ’ਤੇ ਲੁੜ੍ਹਕਿਆ ਪਿਆ ਸੀ। ਤਾਈ ਸਿਆਮੋਂ ਦਾ ਚੂਲਾ ਟੁੱਟ ਗਿਆ ਅਤੇ ਤਾਏ ਬੰਤੇ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਘਟਨਾ ਦੇ ਅਗਲੇ ਦਿਨ ਪਿੰਡ ਦੇ ਚੌਕੀਦਾਰ ਤੋਂ ਪਤਾ ਲੱਗਿਆ ਕਿ ਤਾਏ ਬੰਤੇ ਦੇ ਸਿਰ ਵਿੱਚ ਬਾਲਾ ਮਾਰਕੇ ਜਾਨੋਂ ਮਾਰ ਦੇਣ ਦੀ ਕੋਸ਼ਿਸ਼ ਵਿੱਚ ਮੇਰੇ ਖਿਲਾਫ ਇਰਾਦਾ ਕਤਲ ਦਾ ਪਰਚਾ ਹੋ ਰਿਹਾ ਹੈ। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸ਼ਕ ਗਈ। ਸਿੱਧਾ ਤਾਏ ਬੰਤੇ ਦੇ ਘਰ ਪਹੁੰਚਿਆ ਤਾਂ ਤਾਈ ਸਿਆਮੋ ਸੱਜੀ ਲੱਤ ਨੂੰ ਖਿੱਚ ਲਵਾ ਕੇ ਇੱਟਾਂ ਲਮਕਾਈ ਮੰਜੇ ’ਤੇ ਪਈ ਸੀ। ਤਾਈ ਨੇ ਕੋਠੇ ਚੜ੍ਹਨ, ਬਾਲਾ ਟੁੱਟ ਕੇ ਤਾਏ ਬੰਤੇ ਦੇ ਸਿਰ ਵਿੱਚ ਲੱਗਣ ਅਤੇ ਜਖਮੀ ਹੋਣ ਵਾਲੀ ਸਾਰੀ ਕਹਾਣੀ ਦੱਸੀ। ਮੈਨੂੰ ਚੌਕੀਦਾਰ ਵੱਲੋਂ ਦੱਸੀ ਗੱਲ ਝੂਠੀ ਲੱਗੀ।
ਤਾਏ ਬੰਤੇ ਦਾ ਪਤਾ ਲੈਣ ਜਿਉਂ ਹੀ ਮੈਂ ਸ਼ਹਿਰ ਦੇ ਸਰਕਾਰੀ ਹਸਪਤਾਲ ਪਹੁੰਚਿਆ ਤਾਂ ਸਭ ਕੁਛ ਸਮਝ ਆ ਗਿਆ। ਵਾਰਡ ਵਿੱਚ ਜਖਮੀ ਪਏ ਤਾਏ ਬੰਤੇ ਦੁਆਲੇ ਕੁਝ ਪੁਲਿਸ ਮੁਲਾਜ਼ਮ ਅਤੇ ਉਹੀ ਲੋਕ ਬੈਠੇ ਸਨ, ਜਿਹੜੇ ਕੁਝ ਵਰ੍ਹੇ ਪਹਿਲਾਂ ਤਕ ਮੇਰੇ ਨਾਲ ਹੀ ਇਨਕਲਾਬ - ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ ਸਨ। ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਮੈਂ ਇੱਕ ਵਕੀਲ ਦੋਸਤ ਦੀ ਮਦਦ ਨਾਲ ਡੀ.ਐੱਸ.ਪੀ. ਨੂੰ ਮਿਲਕੇ ਸਾਰੀ ਕਹਾਣੀ ਦੱਸੀ। ਭਲਾ ਹੋਵੇ ਉਸ ਥਾਣੇਦਾਰ ਦਾ ਜੀਹਨੇ ਡੀ.ਐੱਸ.ਪੀ. ਦੇ ਹੁਕਮਾਂ ’ਤੇ ਤਾਏ ਬੰਤੇ ਦੇ ਘਰ ਤਾਈ ਸਿਆਮੋ ਅਤੇ ਆਂਢ ਗੁਆਂਢ ਤੋਂ ਬਿਆਨ ਦਰਜ ਕਰਕੇ ਮੇਰੇ ਖਿਲਾਫ ਝੂਠਾ ਮਾਮਲਾ ਦਰਜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਜੇ ਪੁਲਿਸ ਮਾਮਲਾ ਦਰਜ ਕਰ ਦਿੰਦੀ ਤਾਂ ਘੱਟੋ ਘੱਟ ਛੇ ਮਹੀਨੇ ਮੇਰੀ ਜ਼ਮਾਨਤ ਨਹੀਂ ਸੀ ਹੋਣੀ ਤੇ ਨੌਕਰੀ ਤੋਂ ਮੁਅੱਤਲੀ ਪੱਕੀ ਸੀ। ਪੁਲਿਸ ਕੋਲ ਗੱਲ ਨਾ ਬਣਦੀ ਵੇਖ ਅਗਲਿਆਂ ਤਾਏ ਬੰਤੇ ਵੱਲੋਂ ਅਦਾਲਤ ਵਿੱਚ ਇਸਤਗਾਸ਼ਾ ਦਾਇਰ ਕਰਵਾ ਦਿੱਤਾ।
“ਪੁੱਤ ਤੈਨੂੰ ਪਤਾ ਈ ਐ, ਤੇਰੇ ਤਾਏ ਦਾ ਤਾਂ ਡਮਾਕ ਈ ਹੁਣ ਕੰਮ ਨੀ ਕਰਦਾ, ਰੁੜ੍ਹ ਜਾਣੇ ’ਲਾਜ ਕਰਾਉਣ ਦੇ ਬਹਾਨੇ ਚੱਕ ਕੇ ਲੈਗੇ। ਮਾਪਿਆਂ ਦੀ ਸਹੁੰ, ਸਾਨੂੰ ਨੀ ਪਤਾ ਤੀ ਬਈ ਇਹ ਤੇਰੇ ਗਲ਼ ਪਾ ਦੇਣਗੇ, ਚੱਲ ਕੋਈ ਨੀ, ਤੂੰ ਐਵੇਂ ਗੁੱਸਾ ਨਾ ਕਰੀਂ।” ਤਾਈ ਸਿਆਮੋ ਬਾਅਦ ਵਿੱਚ ਗਲੀ ਵਿੱਚੋਂ ਲੰਘਦਿਆਂ ਮੇਰਾ ਸਕੂਟਰ ਘੇਰ ਕੇ ਤਾਏ ਬੰਤੇ ਨੂੰ ਕੋਸਦੀ ਰਹੀ।
“ਸ਼ੇਰਾ ਐਵੇਂ ਦਿਲ ਨੂੰ ਨਾ ਲਾਈਂ, ਬੱਸ ਗਰੀਬ ਆਦਮੀ ਨੂੰ ਮਜਬੂਰੀਆਂ ਕਰਕੇ ਝੂਠ ਸੱਚ ਬੋਲਣਾ ਪੈਂਦਾ ਹੈ। ਵੇਲੇ ਕੁਵੇਲੇ ਪੈਸੇ, ਟੁੱਕਰ ਦਾ ਡੰਗ ਸਾਰਦੇ ਨੇ, ਨਾਲੇ ਮੈਨੂੰ ਤਾਂ ਪਤਾ ਈ ਤੀ ਬਈ ਤੇਰਾ ਅਗਲੇ ਕੱਖ ਨੀ ਬਗਾੜ ਸਕਦੇ।” ਘਰਾਂ ਵਿੱਚੋਂ ਚਾਚਾ ਲਗਦਾ ਕੈਲਾ ਮੇਰੇ ਖਿਲਾਫ ਝੂਠੀ ਗਵਾਹੀ ਦੇਣ ਪਿੱਛੋਂ ਅਗਲੇ ਦਿਨ ਮੇਰੇ ਘਰ ਆ ਕੇ ਸਫਾਈਆਂ ਦੇ ਰਿਹਾ ਸੀ। ਚਾਚੇ ਕੈਲੇ ਨੂੰ ਅਗਲਿਆਂ ਨੇ ਪਿੰਡ ਦੇ ਇੱਕ ਨੰਬਰਦਾਰ ਸਮੇਤ ਝੂਠੀ ਗਵਾਹੀ ਦੇਣ ਲਈ ਤਿਆਰ ਕਰ ਲਿਆ ਸੀ।
“ਜੱਜ ਸਾਅਬ, ਇਹ ਦਸ ਸਾਲਾਂ ਤੋਂ ਸਾਡੇ ਪਿੰਡ ਵਿੱਚ ਡੰਗਰ ਪਸ਼ੂਆਂ ਦਾ ’ਲਾਜ ਕਰਦਾ, ਕਦੇ ਧੇਲੀ ਨੀ ਲਈ ਇਹਨੇ ਕਿਸੇ ਤੋਂ। ਬੱਸ ਆਹ ਲਾਲ ਸਲਾਮ ਆਲਿਆਂ ਨਾਲ ਰਲਕੇ ਐਵੇਂ ਪਾਰਟੀਬਾਜ਼ੀ ਵਿੱਚ ਪੈ ਗਿਆ। ਦੱਸੋ ਇਹਨੇ ਕੀ ਲੈਣਾ ... ਇਹਦੀ ਮਾਂ ਨੇ ਗੋਹਾ ਕੂੜਾ ਕਰਕੇ ਮਸਾਂ ਪੜ੍ਹਾਇਆ … ਇਹਤੋਂ ’ਰਾਮ ਨਾਲ ਨੌਕਰੀ ਨੀ ਕੀਤੀ ਜਾਂਦੀ।” ਦੂਜਾ ਗਵਾਹ ਨੰਬਰਦਾਰ ਗਾਤਰੇ ਪਾਈ ਕਿਰਪਾਨ ਨੂੰ ਠੀਕ ਕਰਦਾ ਝੂਠੀ ਗਵਾਹੀ ਦਿੰਦਾ ਵੀ ਮੇਰੇ ਭਵਿੱਖ ਦੀ ਚਿੰਤਾ ਕਰ ਰਿਹਾ ਸੀ।
“ਨੰਬਰਦਾਰਾ, ਜੇ ਇਹ ਐਨਾ ਹੀ ਚੰਗਾ ਤਾਂ ਤੂੰ ਝੂਠੀ ਗਵਾਹੀ ਕਿਉਂ ਦਿੰਨੈ ਇਹਦੇ ਖਿਲਾਫ?” ਮੇਰੇ ਵਕੀਲ ਨੇ ਸਵਾਲ ਕੀਤਾ।
“ਦੇਖੋ ਜੀ ਜੱਜ ਸਾਅਬ! ਝੂਠੀ ਮੰਨੋ ਚਾਹੇ ਸੱਚੀ … ਗਵਾਹੀ ਤਾਂ ਦੇਣੀ ਈ ਪੈਣੀ ਆਂ ਜੀ … ਪਿੰਡ ਵਿੱਚ ਆਪਣੀ ਪਾਲਟੀ ਨਾਲ ਰਹਿਣਾ ਪੈਂਦਾ ਐ … ਨਾਲੇ ਕਹਿੰਦੇ ਹੁੰਦੇ ਨੇ ਧਰਮ ਨਾਲੋਂ ਧੜਾ ਪਿਆਰਾ ਹੁੰਦਾ ਜੀ।” ਨੰਬਰਦਾਰ ਗਵਾਹੀ ਦਾ ਸੱਚ ਬਿਆਨ ਕਰ ਗਿਆ।
ਅਦਾਲਤ ਵੱਲੋਂ ਬਰੀ ਕਰ ਦੇਣ ਦੇ ਬਾਵਜੂਦ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਖੁਸ਼ ਹੋਇਆ ਜਾਵੇ ਜਾਂ ਰੋਇਆ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4071)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)