ParamjitKuthala7ਬੇਬੇ ਜੀ ਗੁੱਸੇ ਨਾ ਹੋਵੋ, ਆਹ ਚੱਕੋ ਥੋਡੀ ਅਮਾਨਤ ...
(12 ਜਨਵਰੀ 2019)

 

ਗਲੀ ਵਿੱਚ ਰੌਲਾ ਸੁਣ ਕੇ ਮੈਂ ਬਾਹਰ ਦੇਖਿਆਵੱਡੇ ਲਾਣੇ ਵਾਲਿਆਂ ਦੀ ਤਾਈ ਬਿਸ਼ਨ ਕੁਰ ਗੁਆਂਢੀਆਂ ਦੇ ਦਰਾਂ ਵਿੱਚ ਖੜ੍ਹੀ ਉੱਚੀ ਉੱਚੀ ਮੰਦਾ ਚੰਗਾ ਬੋਲ ਰਹੀ ਸੀ

“ਤਾਈ ਜੀ ਭਲਾ ਐਵੇਂ ਗਰੀਬਾਂ ਨਾਲ ਕਿਉਂ ਲੜੀ ਜਾਨੀ ਐਂ? ਆ ਜੋ …” ਮੈਂ ਤਾਈ ਨੂੰ ਹਾਕ ਮਾਰ ਕੇ ਆਪਣੇ ਘਰ ਬੁਲਾ ਲਿਆਕਈ ਵਰ੍ਹਿਆਂ ਤੋਂ ਪਸ਼ੂਆਂ ਦਾ ਇਲਾਜ ਕਰਦਾ ਹੋਣ ਕਰਕੇ ਉਹ ਮੇਰੀ ਕਾਫੀ ਇੱਜ਼ਤ ਕਰਦੀ ਸੀ

“ਪੁੱਤ ਤੈਨੂੰ ਨੀ ਪਤਾ, ਮੁੰਡਾ ਫੌਜ ਵਿੱਚ ਕਾਹਦਾ ਭਰਤੀ ਹੋ ਗਿਆ, ਇਹਦਾ ਤਾਂ ਡਮਾਕ ਹੀ ’ਸਮਾਨੀ ਚੜ੍ਹ ਗਿਐ, ਅਖੇ ਮੈਂ ਨੀ ਹੁਣ ਕੰਮ ਕਰਨਾ” ਤਾਈ ਨੇ ਗਾਤਰੇ ਪਾਈ ਕਿਰਪਾਨ ਨੂੰ ਸੰਭਾਲਦਿਆਂ ਮੇਰੀ ਘਰਾਂ ਵਿੱਚੋਂ ਚਾਚੀ ਲੱਗਦੀ ਗੁਆਂਢਣ ਦਲੀਪੋ ਖਿਲਾਫ ਭੜਾਸ ਕੱਢਣੀ ਸ਼ੁਰੂ ਕਰ ਦਿੱਤੀਅਸਲ ਵਿੱਚ ਚਾਚੀ ਦਲੀਪੋ ਕਈ ਦਹਾਕਿਆਂ ਤੋਂ ਪਿੰਡ ਵਿੱਚ ਵੱਢ ਖਾਣਿਆਂ ਦੇ ਲਾਣੇ ਸਮੇਂਤ ਜਿਮੀਂਦਾਰਾਂ ਦੇ ਕਈ ਘਰੀਂ ਗੋਹਾ ਕੁੜਾ ਕਰਕੇ ਆਪਣਾ ਟੱਬਰ ਪਾਲ ਰਹੀ ਸੀਜੱਟਾਂ ਨਾਲ ਸੀਰੀ ਰਲਦੇ ਉਸਦੇ ਘਰ ਵਾਲੇ ਚਾਚੇ ਜੈਲੇ ਦੀ ਦਸ ਪੰਦਰਾਂ ਸਾਲ ਪਹਿਲਾਂ ਮੋਟਰ ਦੀ ਖੂਹੀ ਵਿੱਚ ਗੈਸ ਚੜ੍ਹਨ ਨਾਲ ਮੌਤ ਹੋ ਗਈ ਸੀਚਾਚੀ ਦਲੀਪੋ ਨੇ ਗੋਹਾ ਕੂੜਾ ਕਰਕੇ ਸਕੂਲ ਪੜ੍ਹਦੇ ਦੋਵੇਂ ਧੀਆਂ ਤੇ ਇੱਕ ਪੁੱਤ ਨੂੰ ਬਾਰ੍ਹਵੀਂ ਤੱਕ ਪੜ੍ਹਾਇਆਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਉਸਦੀਆਂ ਧੀਆਂ ਆਪਣੀ ਮਾਂ ਨਾਲ ਇੱਕ ਦੋ ਘਰਾਂ ਦੇ ਗੋਹੇ ਕੂੜੇ ਦਾ ਕੰਮ ਕਰਵਾ ਕੇ ਜਾਂਦੀਆਂਸਕੂਲੋਂ ਆ ਕੇ ਭੈਣ ਭਰਾ ਆਪਣੀ ਮਾਂ ਨਾਲ ਖੇਤਾਂ ਵਿੱਚੋਂ ਕੱਖ ਲੈਣ ਜਾਂਦੇਇਉਂ ਦਲੀਪੋ ਚਾਚੀ ਹਰ ਸਾਲ ਇੱਕ ਦੋ ਮੱਝਾਂ ਪਾਲ ਕੇ ਵੇਚ ਦਿੰਦੀਦਿਨ ਰਾਤ ਮਿਹਨਤ ਮੁਸ਼ੱਕਤ ਕਰਕੇ ਉਸ ਨੇ ਦੋਵੇਂ ਧੀਆਂ ਵੀ ਵਿਆਹ ਦਿੱਤੀਆਂਬਾਰਾਂ ਜਮਾਤਾਂ ਪਾਸ ਮੁੰਡਾ ਕੁਝ ਮਹੀਨੇ ਪਹਿਲਾਂ ਫੌਜ ਵਿੱਚ ਭਰਤੀ ਹੋ ਗਿਆਭਰਤੀ ਹੋਏ ਪੁੱਤ ਦਾ ਚਾਅ ਦਲੀਪੋ ਨੂੰ ਜਿਵੇਂ ਬੀਤੀ ਜ਼ਿੰਦਗੀ ਦੇ ਸਾਰੇ ਦੁੱਖ ਦਰਦ ਭੁਲਾ ਗਿਆਉਸ ਨੇ ਅੱਜ ਸਾਰੇ ਘਰਾਂ ਨੂੰ ਗੋਹੇ ਕੂੜੇ ਤੋਂ ਜਵਾਬ ਦੇ ਦਿੱਤਾ ਸੀ

ਭਰੀ ਪੀਤੀ ਬੈਠੀ ਤਾਈ ਬਿਸ਼ਨ ਕੁਰ ਨੂੰ ਸ਼ਾਂਤ ਕਰਦਿਆਂ ਮੈਂ ਬੈਠ ਕੇ ਗੱਲ ਕਰਨ ਲਈ ਚਾਚੀ ਦਲੀਪੋ ਨੂੰ ਆਪਣੇ ਘਰ ਬੁਲਾ ਲਿਆਕੁਰਸੀ ’ਤੇ ਬੈਠੀ ਤਾਈ ਬਿਸ਼ਨ ਕੁਰ ਨੂੰ ਵੇਖ ਕੇ ਉਹ ਫਰਸ਼ ’ਤੇ ਭੁੰਜੇ ਹੀ ਬੈਠ ਗਈਬਾਰ ਬਾਰ ਕੁਰਸੀ ’ਤੇ ਬੈਠਣ ਲਈ ਕਹਿਣ ਦੇ ਬਾਵਜੂਦ ਉਹ ਭੁੰਜੇ ਹੀ ਬੈਠੀ ਰਹੀ

“ਨਾ ਪੁੱਤ, ਮੈਂ ਬੇਬੇ ਜੀ ਦੇ ਬਰਾਬਰ ਨੀ ਬਹਿਣਾ” ਚਾਚੀ ਦਲੀਪੋ ਨੇ ਦੋਵੇਂ ਹੱਥਾਂ ਨਾਲ ਚੁੰਨੀ ਦਾ ਲੜ ਫੜ ਕੇ ਤਾਈ ਬਿਸ਼ਨ ਕੁਰ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ

“ਬੱਸ ਬੱਸ ਰਹਿਣ ਦੇ ਖੇਖਣਾਂ ਨੂੰ” ਤਾਈ ਬਿਸ਼ਨ ਕੁਰ ਦਾ ਪਾਰਾ ਹਾਲੇ ਵੀ ਚੜ੍ਹਿਆ ਹੋਇਆ ਸੀ

“ਦੇਖ ਬੇਬੇ ਜੀ, ਸਾਰੀ ਉਮਰ ਥੋਡੇ ਘਰ ਕੰਮ ਕਰਦਿਆਂ ਮੈਂ ਗਰੀਬਣੀ ਨੇ ਆਪਣੇ ਜੁਆਕ ਪਾਲ ਲਏ, ਹੁਣ ਮੁੰਡਾ ਨੀਂ ਮੰਨਦਾਮੈਂ ਕਿਹੜੇ ਖੂਹ ਵਿੱਚ ਜਾਵਾਂ? ” ਚਾਚੀ ਦਲੀਪੋ ਤਰਲਾ ਜਿਹਾ ਕਰਦਿਆਂ ਤਾਈ ਬਿਸ਼ਨ ਕੁਰ ਮੂਹਰੇ ਹੱਥ ਜੋੜੀ ਬੈਠੀ ਸੀ

“ਲੈ ਮੰਨਦਾ ਨੀ ਇਹਦਾ ਮੁੰਡਾ, ਵੱਡਾ ਠਾਣੇਦਾਰ ਲੱਗਿਐ, ਚੱਲ ਨਹੀਂ ਮੰਨਦਾ ਨਾ ਮੰਨੇ, ਤੂੰ ਸਾਡਾ ਹਿਸਾਬ ਕਰਦੇ, ਅਸੀਂ ਗੋਹੇ ਕੂੜੇ ਕਿਸੇ ਨੂੰ ਹੋਰ ਲਾ ਲਾਂਗੇ” ਤਾਈ ਬਿਸ਼ਨ ਕੁਰ ਇੱਕ ਪਾਸਾ ਕਰਨ ’ਤੇ ਅੜੀ ਹੋਈ ਸੀ

“ਦੇਖ ਪੁੱਤ, ਇਹ ਨੂੰ ਮਹੀਨੇ ਦੇ 15 ਰੁਪਈਏ ਪਸ਼ੂ ਦੇ ਹਿਸਾਬ ਸਾਲ ਭਰ ਦੇ ਪੈਸੇ ਪਹਿਲਾਂ ਦਿੱਤੇ ਹੋਏ ਨੇ, ਰੋਜ਼ ਦਾ ਪਾਈਆਂ ਦੁੱਧ ਤੇ ਇੱਕ ਵੇਲੇ ਦੀ ਰੋਟੀ ਅੱਡ ਦਿੰਨੇ ਆਂ” ਵੇਲੇ ਕੁਵੇਲੇ ਹਰੇ ਚਾਰੇ ਤੂੜੀ ਤੱਪੇ ਤੋਂ ਇਹਨੂੰ ਕਦੇ ਜਵਾਬ ਨੀ ਦਿੱਤਾ” ਤਾਈ ਬਿਸਨ ਕੁਰ ਨੇ ਸਾਰਾ ਵਹੀ ਖਾਤਾ ਸੁਣਾ ਦਿੱਤਾ

“ਦੇਖ ਬੇਬੇ ਜੀ, ਮੈਂ ਕਿਹੜਾ ਪੈਸੇ ਦੱਬੀ ਜਾਨੀ ਆਂ, ਸਾਲ ਦੇ ਦੋ ਮਹੀਨੇ ਲੰਘ ਗੇ, ਬਾਕੀ ਦਸਾਂ ਮਹੀਨਿਆਂ ਦੇ ਬਣਦੇ ਪੈਸੇ ਪਾਈ ਪਾਈ ਮੋੜ ਦਿਆਂਗੀ, ਪੁੱਤ ਤੂੰ ਲਾ ਦੇ ਹਿਸਾਬ ...” ਚਾਚੀ ਦਲੀਪੋ ਥੋੜ੍ਹੀ ਜਿਹੀ ਜੁਰਅਤ ਨਾਲ ਬੋਲੀ

“ਚੱਲ ਤਾਈ ਜੀ, ਜੇ ਚਾਚੀ ਦੀ ਬੇਵਸੀ ਹੈ ਤਾਂ ਤੁਸੀਂ ਗੋਹੇ ਕੂੜੇ ਦਾ ਕੋਈ ਹੋਰ ਹੱਲ ਕਰ ਲਓਜਿਹੜਾ ਲੈਣ ਦੇਣ ਹੈ, ਉਹ ਬਹਿ ਕੇ ਨਿਬੇੜ ਲੈਨੇ ਆਂ” ਮੈਂ ਹਿਸਾਬ ਕਿਤਾਬ ਲਾਉਣ ਲਈ ਪੈੱਨ ਕਾਗਜ਼ ਚੁੱਕ ਕੇ ਚਾਚੀ ਦਲੀਪੋ ਵੱਲ ਨਿੱਕਲਦੀ ਰਕਮ ਦੱਸ ਦਿੱਤੀ

“ਚੱਲ ਲਿਆ ਨੀ ਫੜਾ ਹੁਣੇ ...” ਤਾਈ ਬਿਸ਼ਨ ਕੁਰ ਨੇ ਖੂੰਡੀ ਫਰਸ਼ ਨਾਲ ਖੜਕਾਉਂਦਿਆਂ ਚਾਚੀ ਦਲੀਪੋ ਨੂੰ ਘਰੋਂ ਜਾ ਕੇ ਪੈਸੇ ਲਿਆਉਣ ਦਾ ਇਸ਼ਾਰਾ ਕੀਤਾਹੌਸਲਾ ਜਿਹਾ ਕਰਕੇ ਚਾਚੀ ਦਲੀਪੋ ਉੱਠ ਕੇ ਖੜ੍ਹੀ ਹੋ ਗਈਭਰੀ ਪੀਤੀ ਚੱਕਵੇਂ ਪੈਰੀਂ ਕਮਰੇ ਵਿੱਚੋਂ ਨਿੱਕਲ ਗਈਮੈਨੂੰ ਉਸ ਉੱਪਰ ਤਰਸ ਆ ਰਿਹਾ ਸੀਕੇਵਲ 15 ਰੁਪਏ ਮਹੀਨੇ ਦੇ ਹਿਸਾਬ 25-30 ਪਸ਼ੂਆਂ ਦਾ ਗੋਹਾ-ਮੁਤਰ੍ਹਾਲ ਹੱਥਾਂ ਨਾਲ ਹੂੰਝ ਕੇ ਟੋਕਰੇ ਭਰ ਭਰ ਰੂੜੀਆਂ ’ਤੇ ਸੁੱਟਣ ਦਾ ਬੇਹੱਦ ਕਠਿਨ ਕੰਮ ਉਹ ਮਾੜਕੂ ਜਿਹੀ ਔਰਤ ਇਕੱਲੀ ਕਿਵੇਂ ਕਰਦੀ ਹੋਵੇਗੀ

“ਵੇ ਦੇਖ ਤਾਂ ਪੁੱਤ, ਕਿੱਧਰ ਨੂੰ ਚਲੀ ਗਈ? ” ਮੈਨੂੰ ਤਾਈ ਬਿਸ਼ਨ ਕੁਰ ਚਾਚੀ ਦਲੀਪੋ ਦੇ ਅਚਾਨਕ ਬਦਲੇ ਰਵੱਈਏ ਤੋਂ ਭੈਅ ਭੀਤ ਜਿਹੀ ਲੱਗੀ

ਚਾਚੀ ਦਲੀਪੋ ਖੋਟੇ ਪੈਸੇ ਵਾਂਗੂ ਵਾਪਸ ਪਰਤ ਆਈਉਸ ਨੇ ਦੋਵੇਂ ਹੱਥਾਂ ਨਾਲ ਪੰਜ ਪੰਜ ਸੌ ਦੇ ਨੋਟ ਤਾਈ ਬਿਸ਼ਨ ਕੁਰ ਦੀ ਬੁੱਕਲ ਵਿੱਚ ਰੱਖ ਦਿੱਤੇ

“ਬੇਬੇ ਜੀ ਗੁੱਸੇ ਨਾ ਹੋਵੋ, ਆਹ ਚੱਕੋ ਥੋਡੀ ਅਮਾਨਤ, ਮੈਂ ਵੇਲੇ ਕੁਵੇਲੇ ਹੁਣ ਵੀ ਕੰਮ ਕਾਰ ਕਰਵਾਉਂਦੀ ਰਹੂੰਗੀ, ਸਾਰੀ ਉਮਰ ਉਸੇ ਘਰ ਵਿੱਚ ਲੰਘਾਈ ਆ, ਹੁਣ ਮੇਰੀ ਮਜਬੂਰੀ ਆ, ਮੁੰਡਾ ਹਰ ਰੋਜ ਫੌਜ ਵਿੱਚੋਂ ਫੋਨ ਕਰਕੇ ਕਹਿੰਦਾ, ਬਈ ਮਾਂ ਤੈਂ ਬਥੇਰਾ ਕੰਮ ਕਰ ਲਿਆ ਪਰ ਹੁਣ ਤੂੰ ਗੋਹੇ ਕੂੜੇ ਨੂੰ ਨਾ ਜਾਈਂ ...” ਚਾਚੀ ਦਲੀਪੋ ਨੇ ਅੱਖਾਂ ਭਰ ਲਈਆਂਤਾਈ ਬਿਸ਼ਨ ਕੁਰ ਨੇ ਮੋਟੇ ਸ਼ੀਸ਼ੇ ਦੀਆਂ ਐਨਕਾਂ ਹੇਠਾਂ ਪਰਲ ਪਰਲ ਵਗਦੀਆਂ ਅੱਖਾਂ ਪੂੰਝਦਿਆਂ ਕੁਰਸੀ ਤੋਂ ਉੱਠ ਕੇ ਚਾਚੀ ਦਲੀਪੋ ਨੂੰ ਬੁੱਕਲ ਵਿੱਚ ਲੈ ਲਿਆ

“ਨਾ ਹੁਣ ਤੂੰ ਵੱਡੀ ਪੈਸਿਆਂ ਆਲੀ ਹੋ ਗੀ, ਆਹ ਚੱਕ ਰੁਪਈਏ, ਮੈਨੂੰ ਨੀ ਲੋੜ ... ਬੱਸ ਤੂੰ ਘਰੇ ਆਉਂਦੀ ਜਾਂਦੀ ਰਹੀਂ, ਤੇਰੇ ਬਗੈਰ ਤਾਂ ਬਹੂਆਂ ਕੱਲ੍ਹ ਦੀਆਂ ਮੂੰਹ ਲਮਕਾਈ ਫਿਰਦੀਆਂ ਨੇਆ ਜੀਂ ... ਗੇੜਾ ਮਾਰ ਆਈਂ, ਤੇਰਾ ਆਪਣਾ ਘਰ ਆਂ” ਤਾਈ ਬਿਸ਼ਨ ਕੁਰ ਚਾਚੀ ਦਲੀਪੋ ਦੇ ਮੋਢੇ ਦਾ ਸਹਾਰਾ ਲੈਂਦੀ ਕਮਰੇ ਵਿੱਚੋਂ ਬਾਹਰ ਚਲੀ ਗਈ

ਤਾਈ ਬਿਸ਼ਨ ਕੁਰ ਤੇ ਚਾਚੀ ਦਲੀਪੋ ਦਰਮਿਆਨ ਗੋਹੇ ਕੂੜੇ ਦੀ ਸਾਂਝ ਦਾ ਰਿਸ਼ਤਾ ਇੰਨਾ ਭਾਵੁਕ ਹੋਵੇਗਾ, ਮੇਰੇ ਲਈ ਅੰਦਾਜ਼ਾ ਲਾਉਣਾ ਔਖਾ ਸੀ

*****

(1458)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Kuthala, Maler Kotla, Punjab, India.
Phone: (91 - 98153 - 47904)
Email: (kuthalaajit@gmail.com)

More articles from this author