ParamjitKuthala7ਪੁਲਿਸ ਦੀ ਕੁੱਟ ਦੇ ਡਰ ਕਾਰਨ ਜੀਅ ਕੀਤਾ ਕਿ ਬੱਸ ਵਿੱਚੋਂ ਨਹਿਰ ਵਿੱਚ ਛਾਲ ਮਾਰ ਦਿਆਂ ...
(20 ਅਪਰੈਲ 2018)

 

ਕੁੱਝ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ ਵਿੱਚ ਛਪੇ ਮੇਰੇ ਲੇਖ ਬਾਰੇ ਦਿੱਲੀ ਤੋਂ ਆਏ ਇੱਕ ਫੋਨ ਨੇ ਤੀਹ ਪੈਂਤੀ ਵਰ੍ਹੇ ਪੁਰਾਣੇ ਜ਼ਖ਼ਮ ਮੁੜ ਹਰੇ ਕਰ ਦਿੱਤੇਫੋਨ ਕਰਨ ਵਾਲਾ ਪੁਲਿਸ ਅਧਿਕਾਰੀ ਉਦੋਂ ਥਾਣਾ ਸ਼ੇਰਪੁਰ ਦਾ ਐੱਸ.ਐੱਚ.ਓ. ਹੁੰਦਾ ਸੀ“ਤੂੰ ਉਹੀ ਹੈਂ ਨਾ, ਮਾਫੀ ਆਲਾ?” ਫੋਨ ਕਰਨ ਵਾਲੇ ਨੇ ਆਪਣੀ ਪਛਾਣ ਦੱਸਦਿਆਂ ਮੈਨੂੰ ਪੁੱਛਿਆ

ਲੈ ਪਹਿਲਾਂ ਸਰਦਾਰਨੀ ਨਾਲ ਗੱਲ ਕਰ।’ ਉਸ ਨੇ ਫੋਨ ਆਪਣੇ ਘਰ ਵਾਲੀ ਨੂੰ ਫੜਾ ਦਿੱਤਾਮੈਂ ਬੀਬੀ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈਉਸ ਤੋਂ ਜਵਾਬ ਨਾ ਦਿੱਤਾ ਗਿਆਉਸ ਦਾ ਗਲਾ ਭਰਿਆ ਹੋਇਆ ਸੀ‘ਬੇਟਾ ਤੇਰੀ ਕਹਾਣੀ ਪੜ੍ਹ ਕੇ ਮਨ ਭਰ ਆਇਆ।’

ਸਰਦਾਰਨੀ ਨੇ ਮੇਰਾ ਤੇ ਮੇਰੇ ਪਰਿਵਾਰ ਦਾ ਹਾਲ ਚਾਲ ਪੁੱਛਦਿਆਂ ਦੱਸਿਆ ਕਿ ਸਰਦਾਰ ਜੀ ਦੇ ਕਈ ਵਰ੍ਹੇ ਪਹਿਲਾਂ ਪੁਲਿਸ ਵਿੱਚ ਵੱਡੇ ਅਹੁਦੇ ਤੋਂ ਰਟਾਇਰ ਹੋਣ ਪਿੱਛੋਂ ਸਾਰਾ ਪਰਿਵਾਰ ਵੱਡੇ ਅਫਸਰ ਬੇਟੇ ਤੇ ਨੂੰਹ ਨਾਲ ਦਿੱਲੀ ਰਹਿ ਰਿਹਾ ਹੈਡਾਕਟਰ ਬੇਟੀ ਅਮਰੀਕਾ ਵਿਆਹੀ ਹੋਈ ਹੈਉਨ੍ਹਾਂ ਆਪਣਾ ਅਡਰੈਸ ਪਤਾ ਲਿਖਾਉਂਦਿਆਂ ਦਿੱਲੀ ਜ਼ਰੂਰ ਆਉਣ ਲਈ ਕਿਹਾਕਈ ਦਹਾਕੇ ਪਹਿਲਾਂ, ਚੌਦਾਂ ਪੰਦਰਾਂ ਸਾਲ ਦੀ ਉਮਰ ਵਿਚ, ਥਾਣੇਦਾਰ ਦੇ ਪਰਿਵਾਰ ਨਾਲ ਮਜਬੂਰੀ ਵੱਸ ਬਿਤਾਏ ਦੋ ਹਫਤੇ ਮੇਰੀਆਂ ਅੱਖਾਂ ਮੂਹਰੇ ਇੱਕ ਫਿਲਮ ਵਾਂਗ ਘੁੰਮ ਗਏਉਦੋਂ ਪਿੰਡ ਦੀ ਨੌਜਵਾਨ ਸਭਾ ਵਾਲੇ ਕਾਮਰੇਡ ਮੁੰਡੇ ਜਿਨ੍ਹਾਂ ਨੂੰ ਲੋਕ ‘ਲਾਲ ਸਲਾਮ’ ਵਾਲੇ ਕਿਹਾ ਕਰਦੇ ਸਨ, ਮੇਰੀ ਲਿਖਾਈ ਖੂਬਸੂਰਤ ਹੋਣ ਕਾਰਨ ਮੈਨੂੰ ਰਾਤ ਵੇਲੇ ਕੰਧਾਂ ਉੱਪਰ ਇਨਕਲਾਬੀ ਨਾਅਰੇ ਲਿਖਣ ਲਈ ਲੈ ਜਾਂਦੇ ਸਨਲੋਹੇ ਦੇ ਪੁਰਾਣੇ ਡੱਬਿਆਂ ਵਿੱਚ ਲਾਲ ਹਿਰਮਚੀ ਘੋਲ ਕੇ ਬਣਾਏ ਰੰਗ ਨਾਲ ਵੋਟਾਂ ਵਾਲੀਆਂ ਸਿਆਸੀ ਪਾਰਟੀਆਂ ਖਿਲਾਫ ਅਤੇ ਸ਼ਹੀਦਾਂ ਨੂੰ ਲਾਲ ਸਲਾਮ ਵਾਲੇ ਇਨਕਲਾਬੀ ਨਾਅਰੇ ਲਿਖਣਾ ਸਾਡੇ ਲਈ ਵੱਡਾ ਇਨਕਲਾਬੀ ਕਾਰਜ ਹੁੰਦਾਨਾਅਰੇ ਲਿਖਣ ਲਈ ਡੱਕਿਆਂ ’ਤੇ ਲਪੇਟੀ ਲੀਰ ਤੋਂ ਬੁਰਸ਼ ਦਾ ਕੰਮ ਲਿਆ ਜਾਂਦਾਉਹਨੀਂ ਦਿਨੀਂ ਮੇਰੇ ਦਸਵੀਂ ਜਮਾਤ ਦੇ ਸਾਲਾਨਾ ਪੇਪਰ ਹੋ ਰਹੇ ਸਨਪਿੰਡ ਵਿਚ ਕਈ ਘਰਾਂ ਦੀਆਂ ਕੰਧ ਉੱਪਰ ਕਿਸੇ ਨੇ ਕਾਲੇ ਤੇਲ ਨਾਲ ਇੱਕ ਰਸੂਖਦਾਰ ਬੰਦੇ ਖਿਲਾਫ ਗਾਲੀ ਗਲੋਚ ਤੇ ਅਸ਼ਲੀਲ ਗੱਲਾਂ ਲਿਖ ਦਿੱਤੀਆਂਰਸੂਖਦਾਰ ਬੰਦੇ ਖਿਲਾਫ ਲਿਖੇ ਅਸ਼ਲੀਲ ਸ਼ਬਦਾਂ ਨਾਲ ਭਾਵੇਂ ਸਾਡੇ ਵਿੱਚੋਂ ਕਿਸੇ ਦਾ ਵੀ ਕੋਈ ਲੈਣਾ ਦੇਣਾ ਨਹੀਂ ਸੀ ਪਰੰਤੂ ਪਿੰਡ ਦੇ ਵੱਡੇ ਲੋਕਾਂ ਨੇ ਇਕੱਠੇ ਹੋ ਕੇ ਲਾਲ ਸਲਾਮ ਵਾਲੇ ਸਾਰੇ ਮੁੰਡਿਆਂ ਨੂੰ ਤਲਬ ਕਰ ਲਿਆਸਾਰੇ ਇਨਕਲਾਬੀ ਨੌਜਵਾਨ ਇੱਕ ਇੱਕ ਕਰਕੇ ਉਸ ਗਲਤੀ ਦੀ ਬਿਨਾਂ ਸ਼ਰਤ ਮਾਫੀ ਵੀ ਮੰਗ ਆਏ, ਜਿਹੜੀ ਉਨ੍ਹਾਂ ਨੇ ਕੀਤੀ ਹੀ ਨਹੀਂ ਸੀਮੈਨੂੰ ਨਾ ਗਲਤੀ ਦਾ ਪਤਾ ਸੀ, ਨਾ ਮਾਫੀ ਦਾ, ਪਰੰਤੂ ਦੁਪਹਿਰੇ ਪੁਲਿਸ ਦੇ ਦੋ ਸਿਪਾਹੀ ਮੇਰੇ ਘਰ ਆ ਕੇ ਮੇਰੀ ਮਾਂ ਨੂੰ ਗੰਦੀਆਂ ਗਾਲ਼ਾਂ ਕੱਢਦੇ ਹੁਕਮ ਦੇ ਗਏ ਕਿ ਮੁੰਡੇ ਨੂੰ ਕੱਲ੍ਹ ਤੱਕ ਸ਼ੇਰਪੁਰ ਥਾਣੇ ਪੇਸ਼ ਕਰੋ ਨਹੀਂ ਸਾਰੇ ਟੱਬਰ ਨੂੰ ਬੰਨ੍ਹ ਕੇ ਲੈ ਜਾਵਾਂਗੇ

ਸਕੂਲੋਂ ਪੇਪਰ ਦੇ ਕੇ ਘਰ ਪਰਤਦਿਆਂ ਰਸਤੇ ਵਿਚ ਮੈਨੂੰ ਘਰੇ ਪੁਲਿਸ ਆਉਣ ਦਾ ਪਤਾ ਲੱਗਿਆਡਰ ਦਾ ਮਾਰਿਆ ਘਰ ਜਾਣ ਦੀ ਬਜਾਏ ਮੈਂ ਤਲਾਅ ਵਾਲੇ ਸੰਤਾਂ ਦੇ ਡੇਰੇ ਚਲਿਆ ਗਿਆਅਗਲੇ ਦਿਨ ਛੁੱਟੀ ਸੀ ਤੇ ਮੈਂ ਬਿਨਾਂ ਕਿਸੇ ਨੂੰ ਦੱਸਿਆਂ ਡੇਰੇ ਹੀ ਲੁਕਿਆ ਰਿਹਾਕਈ ਬਾਰ ਦਿਲ ਕੀਤਾ ਕਿ ਤਲਾਅ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਵਾਂ ਪਰ ਪਿੱਛੇ ਪਰਿਵਾਰ ਦਾ ਚੇਤਾ ਕਰਕੇ ਇਹ ਵਿਚਾਰ ਤਿਆਗਦਾ ਰਿਹਾਤੀਸਰੇ ਦਿਨ ਸਵੇਰੇ ਪਤਾ ਲੱਗਿਆ ਕਿ ਪੁਲਿਸ ਵਾਲੇ ਮੇਰੇ ਸੱਤਵੀਂ ਜਮਾਤ ਵਿਚ ਪੜ੍ਹਦੇ ਛੋਟੇ ਭਰਾ ਨੂੰ ਥਾਣੇ ਲੈ ਗਏ ਹਨਪਿੰਡ ਦਾ ਇੱਕ ਕਾਂਗਰਸੀ ਆਗੂ ਮੈਨੂੰ ਨਾਲ ਲੈ ਕੇ ਧੂਰੀ ਰਹਿੰਦੇ ਇੱਕ ਕਾਂਗਰਸੀ ਲੀਡਰ ਜੋਗਿੰਦਰ ਸਿੰਘ ਬੋਤੀ ਵਾਲਾ ਦੇ ਘਰ ਲੈ ਗਿਆ, ਜਿੱਥੋਂ ਉਹ ਸਾਡੇ ਨਾਲ ਹੀ ਬੱਸ ਚੜ੍ਹ ਕੇ ਸ਼ੇਰਪੁਰ ਥਾਣੇ ਚਲਾ ਗਿਆ

ਰਸਤੇ ਵਿੱਚ ਮੇਰੀਆਂ ਅੱਖਾਂ ਮੂਹਰੇ ਪੁਲਿਸ ਵਾਲੇ ਭੂਤਾਂ ਵਾਂਗ ਘੁੰਮਦੇ ਰਹੇਜਹਾਂਗੀਰ ਦਾ ਪੁਲ ਲੰਘਦਿਆਂ ਪੁਲਿਸ ਦੀ ਕੁੱਟ ਦੇ ਡਰ ਕਾਰਨ ਜੀਅ ਕੀਤਾ ਕਿ ਬੱਸ ਵਿੱਚੋਂ ਨਹਿਰ ਵਿੱਚ ਛਾਲ ਮਾਰ ਦਿਆਂਸ਼ੇਰਪੁਰ ਦੇ ਅੱਡੇ ’ਤੇ ਉੱਤਰਦਿਆਂ ਹੀ ਇੱਕ ਬਾਰ ਤਾਂ ਭੱਜ ਜਾਣ ਦਾ ਮਨ ਵੀ ਬਣਿਆ ਪਰ ਥਾਣੇ ਵਿੱਚ ਫੜੇ ਛੋਟੇ ਭਰਾ ਦਾ ਚੇਤਾ ਕਰਕੇ ਸਿੱਧਾ ਥਾਣੇ ਵੱਲ ਤੁਰ ਪਿਆ

ਪਹਿਲੀ ਬਾਰ ਸ਼ੇਰਪੁਰ ਦਾ ਕਿਲਾ ਨੁਮਾ ਥਾਣਾ ਵੇਖਿਆਡਿਊਢੀ ਲੰਘਦਿਆਂ ਹੀ ਖੱਬੇ ਪਾਸੇ ਮੇਰਾ ਛੋਟਾ ਭਰਾ ਦੋ ਹੋਰ ਬੰਦਿਆਂ ਨਾਲ ਨਲਕਾ ਲਾਉਣ ਲਈ ਰੱਸਾ ਖਿੱਚ ਰਿਹਾ ਸੀਜੋਗਿੰਦਰ ਸਿੰਘ ਬੋਤੀ ਵਾਲਾ ਮੈਨੂੰ ਥਾਣੇਦਾਰ ਸਾਹਮਣੇ ਲੈ ਗਿਆਡਰਾਉਣੀਆਂ ਮੁੱਛਾਂ ਤੇ ਲਾਲ ਸੁਰਖ ਅੱਖਾਂ ਵਾਲੇ ਰੋਅਬਦਾਰ ਥਾਣੇਦਾਰ ਨੇ ਮੈਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇਮੈਂ ਡਰਦਿਆਂ ਡਰਦਿਆਂ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਤਾਂ ਦਿੱਤੇ ਪਰ ਥਾਣੇਦਾਰ ਮੈਨੂੰ ਛੱਡਣ ਲਈ ਨਾ ਮੰਨਿਆਉਹ ਇਹ ਤਾਂ ਮੰਨਦਾ ਸੀ ਕਿ ਕੰਧਾਂ ਉੱਪਰ ਲਿਖੀਆਂ ਅਸ਼ਲੀਲ ਗਾਲ਼ਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਪਰੰਤੂ ਉਹ ਬਾਰ ਬਾਰ ਮੈਨੂੰ ਲਿਖਾਈ ਪਛਾਨਣ ਲਈ ਜੋਰ ਦੇ ਰਿਹਾ ਸੀਸਵੇਰੇ ਮੇਰਾ ਡਰਾਇੰਗ ਦਾ ਪੇਪਰ ਹੋਣ ਕਰਕੇ ਮੈਂ ਛੱਡ ਦੇਣ ਦੇ ਤਰਲੇ ਵੀ ਕੀਤੇ ਪਰੰਤੂ ਥਾਣੇਦਾਰ ਨੇ ਪਹਿਲਾਂ ਪਿੰਡ ਦੇ ਮੋਹਤਬਰਾਂ ਅੱਗੇ ਮਾਫੀ ਮੰਗਣ ਦੀ ਸ਼ਰਤ ਰੱਖ ਦਿੱਤੀਥਾਣੇ ਦੇ ਦਹਿਸਤ ਭਰੇ ਮਹੌਲ ਵਿੱਚ ਡਰਦਿਆਂ ਡਰਦਿਆਂ ਮੈਂ ਮਾਫੀ ਮੰਗਣ ਤੋਂ ਨਾਂਹ ਕਰ ਦਿੱਤੀਸ਼ਾਇਦ ਮੈਨੂੰ ਪੇਸ਼ ਕਰਨ ਆਏ ਜੋਗਿੰਦਰ ਸਿੰਘ ਬੋਤੀ ਵਾਲਾ ਦੀ ਸਿਫਾਰਿਸ਼ ਕਾਰਨ ਥਾਣੇਦਾਰ ਨੇ ਮੈਨੂੰ ਥਾਣੇ ਦੇ ਸਾਹਮਣੀ ਡਿਊਢੀ ’ਤੇ ਬਣੇ ਚੁਬਾਰੇ ਵਿੱਚ ਆਪਣੇ ਬੱਚਿਆਂ ਕੋਲ ਭੇਜ ਦਿੱਤਾ

ਮੇਰੇ ਜਮਾਤ ਦਾ ਮਨੀਟਰ ਹੋਣ ਬਾਰੇ ਥਾਣੇਦਾਰ ਨੂੰ ਪਹਿਲਾਂ ਹੀ ਜਾਣਕਾਰੀ ਸੀਮੈਨੂੰ ਥਾਣੇਦਾਰ ਦੀ ਛੇਵੀਂ ਜਮਾਤ ਵਿਚ ਪੜ੍ਹਦੀ ਬੇਟੀ ਅਤੇ ਚੌਥੀ ਜਮਾਤ ਵਿਚ ਪੜ੍ਹਦੇ ਬੇਟੇ ਨੂੰ ਪੜ੍ਹਾਉਣ ਦਾ ਕੰਮ ਦੇ ਦਿੱਤਾ ਗਿਆਥਾਣੇਦਾਰ ਦੀ ਪਤਨੀ ਨੇ ਆਪਣੇ ਬੱਚਿਆਂ ਦੇ ਨਾਲ ਹੀ ਮੈਨੂੰ ਵੀ ਖਾਣਾ ਦੇ ਦਿੱਤਾ ਅਤੇ ਮੈਂ ਰਾਤ ਨੂੰ ਉੱਥੇ ਹੀ ਸੁੱਤਾ

ਸਵੇਰਸਾਰ ਦੋ ਪੁਲਿਸ ਵਾਲੇ ਮੈਨੂੰ ਮੋਟਰ ਸਾਇਕਲ ’ਤੇ ਪੇਪਰ ਦੇਣ ਲਈ ਮੇਰੇ ਪਿੰਡ ਸਕੂਲ ਲਿਆਏਸਾਰਾ ਸਕੂਲ ਮੇਰੇ ਵੱਲ ਅਚੰਭੇ ਨਾਲ ਵੇਖ ਰਿਹਾ ਸੀਆਪਣੇ ਸਭ ਤੋਂ ਹੁਸ਼ਿਆਰ ਵਿਦਿਆਰਥੀ ਨਾਲ ਕੀਤੇ ਜਾ ਰਹੇ ਇਸ ਧੱਕੇ ਤੋਂ ਦੁਖੀ ਸਕੂਲ ਦੇ ਮਾਸਟਰ ਪਿੰਡ ਦੇ ਮੋਹਤਬਰਾਂ ਤੇ ਪੁਲਿਸ ਅੱਗੇ ਬੇਵੱਸ ਸਨਉਨ੍ਹਾਂ ਮੈਨੂੰ ਘਰ ਦੀ ਗਰੀਬੀ ਤੇ ਭਵਿੱਖ ਦਾ ਚੇਤਾ ਕਰਾਉਂਦਿਆਂ ਮਾਫੀ ਮੰਗ ਕੇ ਮਾਮਲਾ ਖਤਮ ਕਰਨ ਦਾ ਸੁਝਾਅ ਦਿੱਤਾ ਪਰੰਤੂ ਮੇਰੀ ਅੰਤਰ ਆਤਮਾ ਬਿਨਾਂ ਕਿਸੇ ਗਲਤੀ ਤੋਂ ਮਾਫੀ ਮੰਗਣ ਲਈ ਤਿਆਰ ਨਹੀਂ ਸੀਪੁਲਿਸ ਵਾਲੇ ਮੈਨੂੰ ਪੇਪਰ ਕਰਵਾ ਕੇ ਵਾਪਸ ਥਾਣੇ ਲੈ ਗਏ ਅਤੇ ਦੋ ਦਿਨ ਪ੍ਰੈਕਟੀਕਲ ਲਈ ਵੀ ਸਕੂਲ ਲਿਆਉਂਦੇ ਰਹੇ

ਤਕਕਰੀਬ ਚੌਦਾਂ ਦਿਨ ਥਾਣੇ ਵਿੱਚ ਥਾਣੇਦਾਰ ਦੇ ਪਰਿਵਾਰ ਨਾਲ ਰਹਿਣ ਕਾਰਨ ਜਿਵੇਂ ਥਾਣੇਦਾਰ ਦੀ ਪਤਨੀ ਤੇ ਬੱਚਿਆਂ ਦਾ ਮੇਰੇ ਨਾਲ ਮੋਹ ਜਿਹਾ ਹੋ ਗਿਆਥਾਣੇ ਵਿਚ ਮੇਰਾ ਕੋਈ ਵੀ ਰਿਸ਼ਤੇਦਾਰ ਨਾ ਮਿਲਣ ਆਇਆ ਨਾ ਕਿਸੇ ਨੇ ਕੋਈ ਸਾਰ ਲਈਅਖੀਰ ਇੱਕ ਦਿਨ ਰਾਤ ਦੇ ਕਰੀਬ ਅੱਠ ਕੁ ਵਜੇ ਥਾਣੇਦਾਰ ਆਪਣੀ ਪਤਨੀ ਤੇ ਦੋਵਾਂ ਬੱਚਿਆਂ ਸਮੇਤ ਮੈਨੂੰ ਆਪਣੀ ਫੀਏਟ ਕਾਰ ਵਿੱਚ ਬਿਠਾ ਕੇ ਮੇਰੇ ਘਰ ਲੈ ਆਇਆਤੰਗ ਗਲੀਆਂ ਦੇ ਬਾਹਰ ਕਾਰ ਖੜ੍ਹੀ ਕਰਕੇ ਥਾਣੇਦਾਰ ਦਾ ਸਾਰਾ ਪਰਿਵਾਰ ਮੇਰੇ ਕੱਚੇ ਘਰ ਦੇ ਬੂਹੇ ਅੱਗੇ ਆ ਖੜ੍ਹਿਆਮੇਰੀ ਮਾਂ ਗਲੀ ਵਿੱਚ ਬਣਾਏ ਚੁੱਲ੍ਹੇ ’ਤੇ ਰੋਟੀਆਂ ਪਕਾ ਰਹੀ ਸੀਮੇਰਾ ਘਰ ਦੇਖ ਕੇ ਥਾਣੇਦਾਰ ਦੀ ਪਤਨੀ ਦੀਆਂ ਅੱਖਾਂ ਭਰ ਆਈਆਂ

“ਮਾਤਾ ਜੀ, ਆਹ ਸਾਂਭੋ ਆਪਣਾ ਮੁੰਡਾ, ਇਹ ਨੂੰ ਆਪਣੇ ਪੁੱਤਾਂ ਵਾਂਗੂ ਰੱਖਿਆ ਆਪਣੇ ਘਰ।’ ਥਾਣੇਦਾਰ ਨੇ ਮੇਰੀ ਮਾਂ ਨੂੰ ਹੌਂਸਲਾ ਦਿੱਤਾਮੈਂ ਗਲੀ ਵਿੱਚ ਮੰਜਾ ਡਾਹ ਦਿੱਤਾਥਾਣੇਦਾਰ ਤੇ ਉਸ ਦਾ ਪਰਿਵਾਰ ਮੰਜੇ ਉੱਪਰ ਬਹਿ ਗਿਆਮੇਰੇ ਘਰ ਥਾਣੇਦਾਰ ਤੇ ਉਸ ਦੇ ਬੱਚਿਆਂ ਨੂੰ ਖਵਾਉਣ ਪਿਲਾਉਣ ਲਈ ਕੁੱਝ ਵੀ ਨਹੀਂ ਸੀ ਪਰੰਤੂ ਉਹ ਪਾਣੀ ਦਾ ਗਿਲਾਸ ਪੀ ਕੇ ਵਾਪਿਸ ਪਰਤਦੇ ਹੋਏ ਇੱਕ ਵੱਡਾ ਲਿਫਾਫਾ ਮੇਰੀ ਮਾਂ ਨੂੰ ਫੜਾ ਗਏਲਿਫਾਫੇ ਵਿੱਚ ਮੇਰੇ ਵਾਸਤੇ ਦੋ ਸੂਟ ਅਤੇ ਇੱਕ ਬੂਟਾਂ ਦਾ ਜੋੜਾ ਸੀ

“ਬੇਬੇ, ਇਸ ਨੂੰ ਪੜ੍ਹਨੋ ਨਾ ਹਟਾਈਂ।” ਜਾਂਦੀ ਹੋਈ ਥਾਣੇਦਾਰ ਦੀ ਪਤਨੀ ਨੇ ਮੇਰੀ ਮਾਂ ਦਾ ਮੋਢਾ ਥਾਪੜਦਿਆਂ ਮੈਨੂੰ ਵੀ ਹੌਂਸਲਾ ਦਿੱਤਾ ਕਿ ਕਿਸੇ ਤੋਂ ਕੋਈ ਮਾਫੀ ਨਹੀਂ ਮੰਗਣੀ

ਅਗਲੇ ਦਿਨ ਮੈਂ ਜੇਤੂ ਜਰਨੈਲ ਵਾਂਗ ਸਾਇਕਲ ਚੁੱਕ ਕੇ ਟੌਹਰ ਨਾਲ ਪਿੰਡ ਉੱਪਰੋਂ ਗੇੜਾ ਲਾਇਆ

*****

(1119)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)