ParamjitKuthala7ਮਲੇਰਕੋਟਲੇ ਫਾਟਕ ਤੋਂ ਪਹਿਲਾਂ ਹੀ ਪੁਲਿਸ ਨੇ ਬੱਸ ਨੂੰ ਰੋਕ ਲਿਆ ...
(12 ਜਨਵਰੀ 2020)

 

ਸੁਭਾਅ ਤੇ ਕਸੈਲੀ ਬੋਲਬਾਣੀ ਲਈ ਜਾਣਿਆ ਜਾਂਦਾ ਹਲਕੇ ਦਾ ਵਿਧਾਇਕ ਮੰਤਰੀ ਕਾਹਦਾ ਬਣਿਆ, ਉਹਦੇ ਨਾਲ ਤੁਰਨ ਫਿਰਨ ਵਾਲੇ ਮੇਰੇ ਵਰਗਿਆਂ ਦੀ ਵੀ ਚੜ੍ਹਾਈ ਹੋ ਗਈਮੰਤਰੀ ਨਾਲ ਨੇੜਤਾ ਕਰਕੇ ਕਈ ਅਫਸਰਾਂ ਦਾ ਮੇਰੇ ਘਰ ਵੀ ਆਉਣਾ ਜਾਣਾ ਹੋ ਗਿਆ ਸੀਇਨ੍ਹਾਂ ਅਫਸਰਾਂ ਵਿੱਚ ਬੂਟਾ ਸਿਹੁੰ ਵੀ ਸ਼ਾਮਲ ਸੀ ਜਿਹੜਾ ਪੱਚੀ ਛੱਬੀ ਵਰ੍ਹੇ ਪਹਿਲਾਂ ਮੇਰੇ ਨਾਲ ਕਾਲਜ ਵਿੱਚ ਪੜ੍ਹਦਾ ਰਿਹਾ ਸੀਉਸਦਾ ਹੁਲੀਆ ਪੂਰੀ ਤਰ੍ਹਾਂ ਬਦਲ ਚੁੱਕਿਆ ਸੀਰਹਿਣੀ ਬਹਿਣੀ ਤੋਂ ਉਹ ਕੋਈ ਵੱਡਾ ਅਮੀਰਜ਼ਾਦਾ ਲੱਗ ਰਿਹਾ ਸੀਇੱਕੋ ਬੱਸ ਵਿੱਚ ਕਾਲਜ ਆਉਣ-ਜਾਣ ਤੇ ਹਮਜਮਾਤੀ ਤੋਂ ਇਲਾਵਾ ਬਰਾਦਰੀ ਅਤੇ ਗੁਰਬਤ ਦੀ ਸਾਂਝ ਨੇ ਉਦੋਂ ਸਾਨੂੰ ਗੂਹੜੇ ਮਿੱਤਰ ਬਣਾ ਦਿੱਤਾ ਸੀਉਸ ਨੂੰ ਬੀ.ਏ. ਕਰਕੇ ਚੰਡੀਗੜ੍ਹ ਨੌਕਰੀ ਮਿਲ ਗਈਲਿਆਕਤ ਤੇ ਰਾਖਵੇਂਕਰਨ ਦੀ ਬਦੌਲਤ ਹੁਣ ਉਹ ਵੱਡਾ ਅਫਸਰ ਬਣਕੇ ਮੋਹਾਲੀ ਆਪਣੀ ਸ਼ਾਨਦਾਰ ਕੋਠੀ ਵਿੱਚ ਰਹਿ ਰਿਹਾ ਸੀ

ਇੱਕ ਵਿਭਾਗੀ ਮਾਮਲੇ ਵਿੱਚ ਬੂਟਾ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਮੁਅੱਤਲ ਸੀ ਅਤੇ ਮੰਤਰੀ ਦੀ ਸਿਫਾਰਸ਼ ਨਾਲ ਉਸ ਦੀ ਗੱਡੀ ਮੁੜ ਲੀਹ ਉੱਤੇ ਆ ਸਕਦੀ ਸੀ

ਮੇਰੀ ਮੰਤਰੀ ਨਾਲ ਨੇੜਤਾ ਸਦਕਾ ਬੂਟਾ ਸਿੰਘ ਬਹਾਲ ਹੋ ਗਿਆ ਅਤੇ ਇਸੇ ਅਹਿਸਾਨ ਹੇਠ ਉਹ ਮੇਰੀ ਲੋੜੋਂ ਵੱਧ ਆਉ ਭਗਤ ਕਰਦਾ

ਹਰ ਵੇਲੇ ਹੱਸ ਹੱਸ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬੂਟਾ ਸਿੰਘ ਅੱਜ ਪਹਿਲੀ ਬਾਰ ਕੁਰਸੀ ਉੱਤੇ ਸਿਰ ਫੜੀ ਬੈਠਾ ਮਿਲਿਆ

“ਕੀ ਗੱਲ, ਤਬੀਅਤ ਤਾਂ ਠੀਕ ਏ?” ਮੈਂ ਕੁਰਸੀ ਉੱਤੇ ਬਹਿੰਦਿਆਂ ਪੁੱਛਿਆ

“ਤਬੀਅਤ ਨੂੰ ਤਾਂ ਕੀ ਗੋਲੀ ਲੱਗਣੀ ਆ, ... ਜਿੱਡੇ ਮਰਜ਼ੀ ਅਫਸਰ ਬਣ ਜਾਈਏ, ਸਾਲਾ ਆਪਣਾ ਤਾਂ ਅਤੀਤ ਈ ਪਿੱਛਾ ਨ੍ਹੀ ਛੱਡਦਾ।” ਉਸਨੇ ਸਫਾਚੱਟ ਟੋਟਣ ਉੱਤੇ ਹੱਥ ਫੇਰਦਿਆਂ ਆਪਣੇ ਨਾਲ ਬੀਤੀ ਸੁਣਾਉਣੀ ਸ਼ੁਰੂ ਕਰ ਦਿੱਤੀ

‘ਤੈਨੂੰ ਯਾਦ ਆ, ਆਪਣੇ ਨਾਲ ਬੱਸ ਵਿੱਚ ਫਲਾਣੇ ਪਿੰਡ ਤੋਂ ਇੱਕ ਕੁੜੀ ਕਾਲਜ ਆਉਂਦੀ ਹੁੰਦੀ ਸੀਉਹ ਕੱਲ੍ਹ ਮੇਰੇ ਘਰ ਆਈ ਸੀ ਆਪਣੀ ਇੱਕ ਰਿਸ਼ਤੇਦਾਰ ਅਫਸਰ ਨੂੰ ਲੈ ਕੇਅਧਖੜ੍ਹ ਉਮਰ ਦੀ ਆਪਣੀ ਜਮਾਤਣ ਨੂੰ ਨਾ ਮੈਂ ਪਛਾਣਿਆ ਤੇ ਨਾ ਉਹ ਪਛਾਣ ਸਕੀਕਲਰਕ ਲੱਗੇ ਘਰ ਵਾਲੇ ਦੀ ਮੌਤ ਪਿੱਛੋਂ ਆਪਣੇ ਪੁੱਤ ਨੂੰ ਤਰਸ਼ ਦੇ ਅਧਾਰ ਉੱਤੇ ਕਲਰਕ ਦੀ ਨੌਕਰੀ ਚਾਹੁੰਦੀ ਸੀਡਰਾਇੰਗ ਰੂਮ ਵਿੱਚ ਕਾਲਜ ਦੀਆਂ ਲੱਗੀਆਂ ਤਸਵੀਰਾਂ ਤੋਂ ਪਛਾਣਦਿਆਂ ਉਸ ਨੇ ਹੈਰਾਨੀ ਨਾਲ ਪੁੱਛਿਆ, “ਅੱਛਾ, ... ਤੁਸੀਂ ਕੱਚੇ ਖੋਏ ਆਲੇ ਬੂਟਾ ਵੀਰ ਜੀ ਹੋ! ਮੇਰਾ ਸਿਰ ਚਕਰਾ ਗਿਆਮੇਰੀ ਅਫਸਰ ਪਤਨੀ ਨੇ ਚਾਹ ਤੇ ਡਰਾਈ ਫਰੂਟ ਦੀ ਟਰੇਅ ਮੇਜ਼ ਉੱਪਰ ਲਿਆ ਰੱਖੀਮੇਰੀ ਕੁਲੀਗ ਅਫਸਰ ਨੇ ਤਾਂ ਚਾਹ ਦਾ ਕੱਪ ਚੁੱਕ ਲਿਆ ਪ੍ਰੰਤੂ ਉਸ ਔਰਤ ਨੇ ‘ਮੈਂ ਕਦੇ ਚਾਹ ਨਹੀਂ ਪੀਤੀ’, ਕਹਿ ਕੇ ਹੱਥ ਜੋੜ ਦਿੱਤੇਮੈਂ ਉਸ ਦੇ ਚਾਹ ਨਾ ਪੀਣ ਦਾ ਕਾਰਨ ਸਮਝ ਚੁੱਕਿਆ ਸਾਂ।”

ਅਸਲ ਵਿੱਚ ਇਹ ਉਹੀ ਕੁੜੀ ਸੀ ਜਿਸ ਲਈ ਬੂਟਾ ਬੱਸ ਵਿੱਚ ਹਰ ਰੋਜ਼ ਸੀਟ ਛੱਡਿਆ ਕਰਦਾ ਸੀਉਨ੍ਹੀ ਦਿਨੀਂ ਮਲੇਰਕੋਟਲੇ ਲਈ ਸਵੇਰੇ ਬਰਨਾਲੇ ਤੋਂ ਆਉਂਦੀ ਇੱਕੋ ਸਰਕਾਰੀ ਬੱਸ ਕਾਲਜ ਦੇ ਮੁੰਡੇ ਕੁੜੀਆਂ ਨਾਲ ਉੱਪਰ ਥੱਲਿਓਂ ਤੂੜੀ ਵਾਂਗ ਲੱਦੀ ਹੁੰਦੀਬੂਟਾ ਆਪਣੇ ਪਿੰਡੋਂ ਪੰਜ ਮੀਲ ਸਾਇਕਲ ਉੱਤੇ ਆ ਕੇ ਹਮੀਦੀ ਪਿੰਡ ਤੋਂ ਬੱਸ ਚੜ੍ਹਦਾਉਸ ਦਾ ਬਾਪੂ ਤੇ ਤਾਏ ਚਾਚੇ ਜੁੱਤੀਆਂ ਬਣਾਉਣ ਦੇ ਨਾਲ ਨਾਲ ਪਿੰਡ ਵਿੱਚੋਂ ਮੁਰਦਾ ਪਸ਼ੂ ਚੁੱਕਣ ਦਾ ਧੰਦਾ ਕਰਦੇ ਸਨਬੂਟੇ ਦੇ ਗੋਰੇ ਰੰਗ ਤੇ ਤਿੱਖੇ ਨੈਣ ਨਕਸ਼ਾਂ ਤੋਂ ਹਰੇਕ ਉਸ ਨੂੰ ਕਿਸੇ ਖਾਦੇ ਪੀਂਦੇ ਜਿਮੀਂਦਾਰ ਪਰਿਵਾਰ ਦਾ ਮੁੰਡਾ ਸਮਝਦਾਬੱਸ ਵਿੱਚ ਉਹ ਪਿਛਲੀ ਤਾਕੀ ਕੋਲ ਸੀਟ ਉੱਤੇ ਬਹਿ ਕੇ ਆਉਂਦਾ ਅਤੇ ਰਸਤੇ ਵਿੱਚ ਭੀੜ ਹੋਣ ਉੱਤੇ ਕਾਲਜ ਦੀਆਂ ਕੁੜੀਆਂ ਨੂੰ ਸੀਟ ਛੱਡ ਕੇ ਆਪਣੇ ਆਪ ਨੂੰ ਤਿਆਗੀ ਤੇ ਸਾਊ ਮੁੰਡਾ ਸਾਬਿਤ ਕਰਨ ਦਾ ਯਤਨ ਕਰਦਾਉਹ ਅਕਸਰ ਹੀ ਬੱਸ ਵਿੱਚ ਆਪਣੇ ਆਪ ਨੂੰ ਜਿਮੀਂਦਾਰਾਂ ਦਾ ਕਾਕਾ ਸਾਬਤ ਕਰਨ ਲਈ ਖੇਤੀਬਾੜੀ, ਬਲਦਾਂ, ਟਰੈਕਟਰਾਂ ਤੇ ਫਸਲਾਂ ਦੀਆਂ ਉੱਚੀ ਉੱਚੀ ਗੱਲਾਂ ਕਰਦਾਮਲੇਰਕੋਟਲੇ ਕੇਲੋਂ ਗੇਟ ਬੱਸ ਰੁਕਦਿਆਂ ਹੀ ਉਹ ਕਈ ਬਾਰ ਇਸ਼ਾਰਾ ਕਰਕੇ ਮੈਂਨੂੰ ਵੀ ਹੇਠਾਂ ਉਤਾਰ ਲੈਂਦਾ ਅਤੇ ਪਿਛਲੀ ਸੀਟ ਹੇਠੋਂ ਇੱਕ ਫੌਜੀ ਪਿੱਠੂ ਵਾਲਾ ਖਾਕੀ ਬੈਗ ਖਿੱਚ ਕੇ ਹੇਠਾਂ ਲਾਹੁੰਦਾ

“ਆ ਜਾ, ਆਪਾਂ ਆਹ ਖੋਆ ਔਹ ਸਾਹਮਣੇ ਹਲਵਾਈ ਦੀ ਦੁਕਾਨ ਉੱਤੇ ਦੇ ਕੇ ਚਲਦੇ ਆਂ।” ਅਸੀਂ ਦੋਵੇਂ ਜਣੇ ਬੈਗ ਦੀਆਂ ਤਣੀਆਂ ਫੜ ਕੇ ਰੇਲਵੇ ਫਾਟਕ ਦੇ ਬਾਹਰ ਕੱਚੇ ਚੰਮ ਦੀਆਂ ਦੁਕਾਨਾਂ ਉੱਤੇ ਲਿਆ ਰੱਖਦੇਮੁਰਦਾ ਪਸ਼ੂਆਂ ਦੀਆਂ ਲੂਣ ਲਾਈਆਂ ਕੱਚੀਆਂ ਖੱਲਾਂ ਕੱਪੜੇ ਦੇ ਥਾਨਾਂ ਵਾਂਗੂ ਤਹਿ ਲਾ ਕੇ ਬੈਗ ਵਿੱਚ ਭਰੀਆਂ ਹੁੰਦੀਆਂਬੂਟੇ ਦੇ ਬਾਪੂ ਹੋਰਾਂ ਨੂੰ ਉਸ ਦੇ ਹਰ ਰੋਜ਼ ਮਲੇਰਕੋਟਲੇ ਜਾਣ ਦਾ ਫਾਇਦਾ ਹੋ ਗਿਆ ਸੀਉਨ੍ਹਾਂ ਲਈ ਕੱਚੀਆਂ ਖੱਲਾਂ ਲੂਣ ਲਾ ਕੇ ਘਰੇ ਸਾਂਭਣ ਤੇ ਹਰ ਹਫਤੇ ਤੀਹ ਕਿਲੋਮੀਟਰ ਸਾਇਕਲ ਉੱਤੇ ਲੱਦ ਕੇ ਮਲੇਰਕੋਟਲੇ ਲੈ ਜਾਣ ਦਾ ਜੱਭ ਮੁੱਕ ਗਿਆ ਸੀਉਹ ਦੂਜੇ ਚੌਥੇ ਦਿਨ ਪੰਜ ਚਾਰ ਖੱਲਾਂ ਪਿੱਠੂ ਬੈਗ ਵਿੱਚ ਤਹਿ ਲਾ ਕੇ ਬੂਟੇ ਦੇ ਸਾਇਕਲ ਉੱਤੇ ਲੱਦ ਦਿੰਦੇ ਤੇ ਉਹ ਹਮੀਦੀ ਦੇ ਅੱਡੇ ਤੋਂ ਬੱਸ ਦੀ ਪਿਛਲੀ ਸੀਟ ਹੇਠਾਂ ਬੈਗ ਧੱਕ ਕੇ ਕੰਡਕਟਰ ਨੂੰ ਕਹਿੰਦਾ, “ਬਾਈ ਕਦੇ ਪਨੀਰ ਜਾਂ ਖੋਏ ਦੀ ਲੋੜ ਹੋਈ ਤਾਂ ਦੱਸੀਂ, ਆਪਾਂ ਘਰ ਦੇ ਦੁੱਧ ਦਾ ਘਰੇ ਈ ਤਿਆਰ ਕਰੀਦਾ।” ਬੂਟੇ ਦਾ ਇਹ ਸਿਲਸਿਲਾ ਕਈ ਮਹੀਨੇ ਚਲਦਾ ਰਿਹਾਅਚਾਨਕ ਇੱਕ ਦਿਨ ਮਲੇਰਕੋਟਲੇ ਫਾਟਕ ਤੋਂ ਪਹਿਲਾਂ ਹੀ ਪੁਲਿਸ ਨੇ ਬੱਸ ਨੂੰ ਰੋਕ ਲਿਆਸਾਰੀਆਂ ਮਰਦ ਸਵਾਰੀਆਂ ਹੇਠਾਂ ਉਤਾਰ ਲਈਆਂਪੁਲਿਸ ਮੁਲਾਜ਼ਮ ਬੱਸ ਦੀ ਇੱਕ ਇੱਕ ਸੀਟ ਚੁੱਕ ਚੁੱਕ ਤਲਾਸ਼ੀ ਲੈਣ ਲੱਗੇ

“ਆਹ ਬੈਗ ਕੀਹਦਾ ਬਈ?” ਪੁਲਿਸ ਮੁਲਾਜ਼ਮ ਨੇ ਕੰਡਕਟਰ ਵੱਲ ਵੇਖਦਿਆਂ ਪੁੱਛਿਆ

“ਇਹਦੇ ਵਿੱਚ ਤਾਂ ਬਾਈ ਜੀ ਖੋਆ ਐ, ਔਹ ਹਮੀਦੀਓਂ ਆਉਂਦਾ ਪੜ੍ਹਾਵਾ ...” ਕੰਡਕਟਰ ਨੇ ਬੂਟੇ ਨੂੰ ਹਾਕ ਮਾਰਦਿਆਂ ਪੁਲਿਸ ਵਾਲੇ ਨੂੰ ਸਫਾਈ ਦਿੱਤੀ

“ਆ ਖੋਲ੍ਹ ਬਈ ਇਹਨੂੰ।” ਪੁਲਿਸ ਵਾਲੇ ਦਾ ਇਸ਼ਾਰਾ ਵੇਖਕੇ ਬੂਟੇ ਦੀ ਜੀਭ ਤਾਲੂਏ ਲੱਗ ਗਈਸੀਟ ਉੱਪਰ ਰੋਜ਼ ਵਾਂਗ ਕਾਲਜ ਦੀਆਂ ਕੁੜੀਆਂ ਬੈਠੀਆਂ ਸਨਉਹ ਕੁੜੀਆਂ ਨੂੰ ਹੇਠਾਂ ਉੱਤਰਨ ਦਾ ਇਸ਼ਾਰਾ ਕਰਕੇ ਬੈਗ ਦੀਆਂ ਬੱਧਰੀਆਂ ਖੋਲ੍ਹਣ ਲੱਗਿਆ

“ਬਾਈ ਜੀ, ਕਾਹਨੂੰ ਮੇਰਾ ਜਲੂਸ ਕੱਢਦੇ ਓਂ, ਇਹ ਤਾਂ ਕੱਚਾ ਚੰਮ ਆ, ਮਲੇਰਕੋਟਲੇ ਵੇਚਣ ਲਿਆਈਦਾ।” ਉਹ ਹੌਲਦਾਰ ਦੇ ਕੰਨ ਕੋਲ ਮੂੰਹ ਕਰਕੇ ਮਿੰਨਤਾਂ ਕਰਨ ਲੱਗਿਆ

“ਪਹਿਲਾਂ ਬੰਦੇ ਦਾ ਪੁੱਤ ਬਣਕੇ ਇਹਨੂੰ ਬਾਹਰ ਕੱਢ ...” ਹੌਲਦਾਰ ਬੈਗ ਖੋਲ੍ਹ ਕੇ ਤਲਾਸ਼ੀ ਲੈਣ ਲਈ ਅੜ ਗਿਆਬੱਸ ਦੀਆਂ ਪੌੜੀਆਂ ਵਿੱਚ ਹੀ ਉਸ ਨੇ ਬੈਗ ਦੀਆਂ ਬੱਧਰੀਆਂ ਖੋਲ੍ਹ ਦਿੱਤੀਆਂਬੈਗ ਵਿੱਚ ਕੱਚਾ ਚੰਮ ਵੇਖਦਿਆਂ ਆਲੇ ਦੁਆਲੇ ਖੜ੍ਹੀਆਂ ਕੁੜੀਆਂ ਨੇ ਨੱਕ ਬੰਦ ਕਰਕੇ ਚੁੰਨੀਆਂ ਨਾਲ ਮੂੰਹ ਲਪੇਟ ਲਏ

“ਸਾਲਾ ਘਰ ਦੇ ਖੋਏ ਦਾ, ਕੰਜਰ ਦੇ ਨੇ ਸਾਲ ਭਰ ਤੋਂ ਬੱਸ ਨੂੰ ਹੱਡਾਰੋੜੀ ਦਾ ਗੱਡਾ ਬਣਾ ਰੱਖਿਆ।” ਕੰਡਕਟਰ ਨੇ ਬੈਗ ਤਣੀਓਂ ਫੜ ਕੇ ਖਤਾਨਾਂ ਵਿੱਚ ਵਗਾਹ ਮਾਰਿਆ

ਬੱਸ ਨਿੰਮੋਝੂਣੇ ਹੋਏ ਬੂਟੇ ਨੂੰ ਉੱਥੇ ਹੀ ਖੜ੍ਹਾ ਛੱਡ ਕੇ ਚੱਲ ਪਈਮੈਂ ਚਲਦੀ ਬੱਸ ਵਿੱਚੋਂ ਛਾਲ ਮਾਰ ਕੇ ਖਤਾਨਾਂ ਵਿੱਚੋਂ ਖਿਲਰੇ ਚੰਮ ਦੀਆਂ ਕਟਾਹਲਾਂ ਇਕੱਠੀਆਂ ਕਰ ਰਹੇ ਬੂਟੇ ਕੋਲ ਜਾ ਖੜ੍ਹਿਆਸ਼ਰਮ ਦੇ ਮਾਰੇ ਬੂਟੇ ਨੇ ਮੁੜ ਕਦੇ ਵੀ ਉਸ ਬੱਸ ਵੱਲ ਮੂੰਹ ਨਾ ਕੀਤਾਕਾਲਜ ਵਿੱਚ ਕੁੜੀਆਂ ਉਸ ਨੂੰ ‘ਕੱਚੇ ਖੋਏ ਆਲਾ ਬੂਟਾ ਵੀਰਾ’ ਕਹਿ ਕੇ ਛੇੜਦੀਆਂ ਤੇ ਉਸ ਨੇ ਨਿੱਤ ਮਰ ਮਰ ਕੇ ਮਸਾਂ ਬੀ.ਏ. ਪਾਸ ਕੀਤੀ

“ਦੇਖ ਲੈ, ਕੋਠੀਆਂ, ਕਾਰਾਂ ਤੇ ਅਫਸਰੀ ... ਸਭ ਕੁੱਛ ਹੋਣ ਦੇ ਬਾਵਜੂਦ …” ਬੂਟੇ ਨੂੰ ਅੱਜ ਵੀ ਚਾਹ ਦੇ ਕੱਪ ਵਿੱਚੋਂ ਕੱਚੇ ਚੰਮ ਦਾ ਮੁਸ਼ਕ ਆਇਆ। ਉਸਦੀਆਂ ਅੱਖਾਂ ਭਰ ਆਈਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1885)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)

More articles from this author