ParamjitKuthala7ਚੰਗੇ ਭਲੇ ਟਿਕੇ ਟਿਕਾਏ ਮਹੌਲ ਵਿੱਚ ਫਿਰ ਰੌਲਾ ਪੈ ਗਿਆ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ...
(3 ਜੂਨ 2018)

 

ਗੱਲ ਲੰਘੀ ਸਦੀ ਦੇ ਅੱਠਵੇਂ ਦਹਾਕੇ ਦੀ ਹੈ। ਐਵੇਂ ਮਾਮੂਲੀ ਜਿਹੀ ਗੱਲ ’ਤੇ ਵਿਹੜੇ ਵਿਚ ਅਜਿਹਾ ਕਲੇਸ਼ ਵਧਿਆ ਕਿ ਧਰਮਸਾਲਾ ਨੂੰ ਜਿੰਦਾ ਲਾਉਣਾ ਪੈ ਗਿਆ। ਦੇਗ ਵੰਡਣ ਵੇਲੇ ਆਪਣੇ ਤੇ ਬਿਗਾਨੇ ਜੁਆਕਾਂ ਨਾਲ ਵਿਤਕਰਾ ਹੁੰਦਾ ਵੇਖ ਕੇ ਬੰਤੂ ਬੁੜ੍ਹੇ ਤੋਂ ਰਿਹਾ ਨਾ ਗਿਆ, “ਆਪਦਿਆਂ ਨੂੰ ਬੁੱਕ ਭਰ ਭਰ ਕੇ, ਸਾਡੇ ਜੁਆਕਾਂ ਵੇਲੇ ਚੁੱਟਕੀਆਂ ਨਾਲ … ਚੰਦਿਆ, ਢਾਲ ਬਰਾਬਰ ਦਿੱਤੀ ਆ ... ਦੇਗ ਵੀ ਬਰਾਬਰ ਦੇਣੀ ਪਊ।”

ਬੰਤੂ ਬੁੜ੍ਹਾ ਖੜ੍ਹਾ ਹੋ ਕੇ ਦੇਗ ਵੰਡਦੇ ਚੰਦਾ ਸਿਹੁੰ ਦੇ ਗਲ ਪੈ ਗਿਆ। ਤੂੰ-ਤੂੰ ਮੈਂ-ਮੈਂ ਵਿੱਚ ਗੱਲ ਵਧ ਗਈ। ਚੰਦਾ ਸਿਹੁੰ ਨੇ ਦੇਗ ਵਾਲਾ ਥਾਲ ਬੰਤੂ ਬੁੜ੍ਹੇ ਦੇ ਮੂੰਹ ’ਤੇ ਵਗਾਹ ਮਾਰਿਆ। ਚੀਕ ਚਿਹਾੜੇ ਵਿੱਚ ਤੀਵੀਆਂ ਆਪੋ ਆਪਣੇ ਜੁਆਕ ਚੁੱਕ ਕੇ ਧਰਮਸ਼ਾਲਾ ਵਿੱਚੋਂ ਭੱਜਣ ਲੱਗੀਆਂ। ਵਿਹੜੇ ਦੇ ਸਿਆਣੇ ਬੰਦਿਆਂ ਨੇ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਗੱਲ ਹੱਥੋਪਾਈ ਤੱਕ ਪਹੁੰਚ ਗਈ। ਅਸਲ ਵਿੱਚ ਹਰ ਸਾਲ ਵਾਂਗ ਵਿਹੜੇ ਵਾਲਿਆਂ ਨੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਧਰਮਸ਼ਾਲਾ ਵਿੱਚ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਸਨ। ਜਨਮ ਦਿਹਾੜੇ ਲਈ ਦੋ ਚਾਰ ਪੜ੍ਹੇ ਲਿਖੇ ਨੌਜਵਾਨ ਅੱਗੇ ਲੱਗ ਕੇ ਵਿਹੜੇ ਦੇ ਹਰ ਘਰ ਤੋਂ ਢਾਲ ਇਕੱਠੀ ਕਰਦੇ। ਘਰ ਵਿੱਚ ਮਰਦ ਮੈਂਬਰਾਂ ਦੀ ਗਿਣਤੀ ਮੁਤਾਬਕ ਪੰਜ ਰੁਪਏ ਪ੍ਰਤੀ ਪੱਗ ਉਗਰਾਹੀ ਕੀਤੀ ਜਾਂਦੀ। ਰਾਤ ਨੂੰ ਹੱਥ ਵਿੱਚ ਕਾਪੀ ਫੜ ਕੇ ਹਰੇਕ ਘਰੋਂ ਢਾਲ ਇਕੱਠੀ ਕਰਨੀ ਨਵੇਂ ਮੁੰਡਿਆਂ ਦਾ ਕੰਮ ਹੁੰਦਾ। ਖੇਤਾਂ ਵਿੱਚ ਦਿਨ ਰਾਤ ਮੁਸ਼ੱਕਤ ਕਰਦੇ ਵਿਹੜੇ ਵਾਲੇ ਖੁਸ਼ ਹੋ ਕੇ ਪੱਗਾਂ ਮੁਤਾਬਕ ਢਾਲ ਦਿੰਦੇ। ਜਨਮ ਦਿਹਾੜੇ ਤੋਂ ਪਹਿਲਾਂ ਪ੍ਰਬੰਧਕ ਮੁੰਡੇ ਬਿਨਾਂ ਪਲੱਸਤਰ ਤੇ ਕੱਚੇ ਫਰਸ਼ ਵਾਲੀ ਧਰਮਸ਼ਾਲਾ ਦੀ ਸਫਾਈ ਕਰਦੇ। ਪਾਠ ਪ੍ਰਕਾਸ਼ ਕਰਨ ਤੋਂ ਪਹਿਲਾਂ ਲੋੜੀਂਦੀ ਸਮੱਗਰੀ (ਸੀਧਾ) ਲਿਖਾਉਣ ਅਤੇ ਪਾਠ ਦੀ ਭੇਟਾ ਤੈਅ ਕਰਨ ਲਈ ਵਿਹੜੇ ਦੇ ਪੰਜ ਸੱਤ ਬੰਦੇ ਮਹੰਤ ਅਮਰ ਦਾਸ ਕੋਲ ਜਾਂਦੇ। ਪਾਠ ਮੌਕੇ ਲੋਕਾਂ ਵੱਲੋਂ ਮੱਥਾ ਟੇਕੀ ਜਾਂਦੀ ਮਾਇਆ ਬਾਰੇ ਵੀ ਪਹਿਲਾਂ ਹੀ ਗੱਲ ਨਿਬੇੜ ਲਈ ਜਾਂਦੀ।

ਮਹੰਤਾ, ਗੱਲ ਪਹਿਲਾਂ ਹੀ ਨਿਬੇੜੀ ਠੀਕ ਰਹਿੰਦੀ ਆ, ਚੜ੍ਹਾਵਾ ਅਸੀਂ ਰੱਖਾਂਗੇ ਤੇ ਤੈਨੂੰ ਉੱਕਾ ਪੁੱਕਾ ਐਨੀ ਰਕਮ ਦਿਆਂਗੇ ਪਾਠ ਦੀ ਜੇ ਤੈਂ ਚੜ੍ਹਾਵਾ ਰੱਖਣਾ ਤਾਂ ਐਨੀ ਭੇਟਾ ਮਿਲੂਗੀ” ਵਿਹੜੇ ਦਾ ਇੱਕ ਸਿਆਣਾ ਬੰਦਾ ਮਹੰਤ ਅਮਰ ਦਾਸ ਨਾਲ ਅਖੰਡ ਪਾਠ ਕਰਨ ਦਾ ਸੌਦਾ ਤੈਅ ਕਰਦਾ। ਮਹੰਤ ਅਮਰ ਦਾਸ ਮੇਰੇ ਪਿੰਡ ਵਿਆਹਿਆ ਹੋਣ ਕਰਕੇ ਸਾਰਾ ਵਿਹੜਾ ਉਸ ਨੂੰ ਫੁੱਫੜ ਜੀ ਕਹਿ ਕੇ ਬੁਲਾਉਂਦਾ ਸੀ ਵਿਹੜੇ ਦੇ ਸਾਰੇ ਘਰਾਂ ਵਿੱਚ ਜੰਮਣ, ਮਰਨ ਤੇ ਵਿਆਹ ਆਦਿ ਮੌਕੇ ਧਾਰਮਿਕ ਕਾਰਜਾਂ ਦੀ ਸਾਰੀ ਜ਼ਿੰਮੇਵਾਰੀ ਉਹ ਹੀ ਨਿਭਾਉਂਦਾ। ਫੁੱਫੜ ਮਹੰਤ ਦੇ ਘਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੀੜਾਂ ਪੂਰੀ ਸ਼ਰਧਾ ਨਾਲ ਸੰਭਾਲੀਆਂ ਹੁੰਦੀਆਂ। ਪਿੰਡ ਦੇ ਗੁਰਦੁਆਰਿਆਂ ਵਿੱਚੋਂ ਉਸ ਵੇਲੇ ਵਿਹੜੇ ਵਾਲਿਆਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੀੜ ਨਹੀਂ ਦਿੱਤੀ ਜਾਂਦੀ ਸੀ। ਉਦੋਂ ਭਗਤ ਰਵਿਦਾਸ ਦਾ ਜਨਮ ਦਿਹਾੜਾ ਹੀ ਵਿਹੜੇ ਵਾਲਿਆਂ ਲਈ ਸਭ ਤੋਂ ਵੱਡਾ ਸਮਾਗਮ ਹੁੰਦਾ ਸੀ। ਅਖੰਡ ਪਾਠ ਦੇ ਵਿਚਕਾਰਲੇ ਦਿਨ ਪਿੰਡ ਵਿੱਚ ਬਾਕਾਇਦਾ ਨਗਰ ਕੀਰਤਨ ਕੱਢਿਆ ਜਾਂਦਾ। ਸਾਰਾ ਵਿਹੜਾ ਸ੍ਰੀ ਗੁਰੂ ਗਰੰਥ ਸਾਹਿਬ ਵਾਲੀ ਪਤੰਗੀਆਂ ਨਾਲ ਸਜਾਈ ਪਾਲਕੀ ਵਾਲੇ ਟਰੈਕਟਰ ਟਰਾਲੀ ਪਿੱਛੇ ਪੈਦਲ ਤੁਰ ਕੇ ਸਾਰੇ ਪਿੰਡ ਦਾ ਚੱਕਰ ਲਾਉਂਦਾ। ਪਿੰਡ ਦੇ ਲੋਕ ਵਿਹੜੇ ਵਾਲਿਆਂ ਦੇ ਨਗਰ ਕੀਰਤਨ ਵਿੱਚ ਆਪ ਤਾਂ ਸ਼ਾਮਿਲ ਨਾ ਹੁੰਦੇ ਪਰੰਤੂ ਕਾਪੀਆਂ ਚੁੱਕੀ ਫਿਰਦੇ ਮੇਰੇ ਵਰਗੇ ਵਿਹੜੇ ਦੇ ਮੁੰਡਿਆਂ ਨੂੰ ਇੱਕ ਤੋਂ ਪੰਜ ਰੁਪਈਆਂ ਤੱਕ ਦਾਨ ਦੇ ਕੇ ਆਪਣਾ ਨਾਂ ਦਰਜ ਕਰਵਾਉਂਦੇ।

ਤਿੰਨ ਦਿਨ ਵਿਹੜੇ ਦੀ ਮੁੰਡੀਹਰ ਧਰਮਸ਼ਾਲਾ ਵਿੱਚ ਸੇਵਾ ਕਰਦੀ ਅਤੇ ਦੇਸ਼ੀ ਘਿਓ ਦਾ ਤੜਕਾ ਲਾ ਕੇ ਬਣਾਈ ਮੋਠਾਂ ਦੀ ਦਾਲ ਦੇ ਸਵਾਦ ਦੀਆਂ ਗੱਲਾਂ ਮਹੀਨਾ ਮਹੀਨਾ ਭਰ ਹੁੰਦੀਆਂ ਰਹਿੰਦੀਆਂ। ਵਿਹੜੇ ਵਿੱਚਲੀ ਸ਼ਰੀਕੇਬਾਜੀ ਕਾਰਨ ਭੋਗ ਵਾਲੇ ਦਿਨ ਹਰ ਸਾਲ ਹੀ ਝਗੜਾ ਹੋਣ ਦਾ ਡਰ ਬਣਿਆ ਰਹਿੰਦਾ। ਕਦੇ ਚਾਹ ਪਿੱਛੇ, ਕਦੇ ਰੋਟੀ ਖਾਣ ਪਿੱਛੇ, ਕਦੇ ਜੁਆਕਾਂ ਨੂੰ ਦੇਗ ਘੱਟ ਵੱਧ ਦੇਣ ਪਿੱਛੇ ਅਤੇ ਕਦੇ ਭੋਗ ਪੈਣ ਪਿੱਛੋਂ ਹਿਸਾਬ ਕਿਤਾਬ ਕਰਨ ਵੇਲੇ ਵਿਹੜੇ ਵਾਲੇ ਆਪਸ ਵਿੱਚ ਸਿੰਗ ਫਸਾ ਹੀ ਲੈਂਦੇ। ਬੱਸ ਉਸ ਸਾਲ ਵੀ ਅਜਿਹਾ ਹੀ ਹੋਇਆ। ਬੰਤੂ ਬੁੜ੍ਹੇ ਤੇ ਚੰਦਾ ਸਿਹੁੰ ਦੇ ਲਾਣੇ ਦੀ ਆਪਸੀ ਖਹਿਬਾਜੀ ਬਾਬੇ ਰਵਿਦਾਸ ਦੇ ਭੋਗ ਮੌਕੇ ਧਮਾਕਾਖੇਜ਼ ਹੋ ਗਈ। ਜੁਆਕਾਂ ਨੂੰ ਘੱਟ ਵੱਧ ਦੇਗ ਵਰਤਾਉਣ ਪਿੱਛੇ ਹੋਇਆ ਝਗੜਾ ਪੰਚਾਇਤ ਵਿੱਚ ਚਲਿਆ ਗਿਆ। ਸ੍ਰੀ ਗੁਰੂ ਗਰੰਥ ਸਾਹਿਬ ਦੀ ਤਾਬਿਆ ਬੈਠੇ ਮਹੰਤ ਅਮਰਦਾਸ ਨੇ ਮਰਿਆਦਾ ਦਾ ਧਿਆਨ ਰੱਖਣ ਦਾ ਬਥੇਰਾ ਰੌਲਾ ਪਾਇਆ ਪਰੰਤੂ ਉਸ ਦੀ ਕਿਸੇ ਨਾ ਸੁਣੀ।

ਅਖੀਰ ਪਿੰਡ ਦੇ ਮੋਹਤਬਰਾਂ ਨੇ ਸਮਝੌਤਾ ਕਰਵਾ ਦਿੱਤਾ। ਕੜਾਹ ਪ੍ਰਸ਼ਾਦ ਦਾ ਇੱਕ ਕੜਾਹਾ ਹੋਰ ਤਿਆਰ ਕਰਕੇ ਵਿਹੜੇ ਦੇ ਹਰੇਕ ਘਰ ਦੇ ਜੀਆਂ ਦੀ ਗਿਣਤੀ ਮੁਤਾਬਕ ਪ੍ਰਤੀ ਜੀਅ ਪਾਈਆ ਦੇਗ ਤੋਲ ਕੇ ਦੇਣ ਦਾ ਫੈਸਲਾ ਹੋ ਗਿਆ। ਦੁਪਹਿਰ ਤੱਕ ਕੜਾਹ ਪ੍ਰਸ਼ਾਦ ਦਾ ਕੜਾਹਾ ਤਿਆਰ ਹੋ ਗਿਆ। ਜੀਆਂ ਮੁਤਾਬਕ ਕੜਾਹ ਤੋਲ ਕੇ ਹਰ ਘਰ ਦੇ ਮੁਖੀ ਨੂੰ ਵੰਡਿਆ ਜਾਣ ਲੱਗਿਆ।

ਲਿਆ ਦਸ ਜੀਆਂ ਦੀ ਤੋਲ ਭਾਈ …ਬੰਤੂ ਬੁੜ੍ਹੇ ਨੇ ਆਪਣੇ ਟੱਬਰ ਦੀ ਗਿਣਤੀ ਦੱਸੀ।

ਇਹਦੇ ਨੌਂ ਜੀਅ ਨੇ ਬਈ ..” ਚੰਦਾ ਸਿਹੁੰ ਖੜ੍ਹਾ ਹੋ ਗਿਆ।

ਚੰਗੇ ਭਲੇ ਟਿਕੇ ਟਿਕਾਏ ਮਹੌਲ ਵਿੱਚ ਫਿਰ ਰੌਲਾ ਪੈ ਗਿਆ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਬੰਤੂ ਬੁੜ੍ਹੇ ਦੀ ਨੂੰਹ ਕੋਲ ਰਾਤੀਂ ਕੁੜੀ ਹੋਈ ਸੀ।

ਭਲਾ ਪਿੰਡ ਵਾਲਿਓ ਦੱਸੋ, ਬਈ ਰਾਤ ਦੀ ਜੰਮੀ ਬਲੂਰ ਕੁੜੀ ਪਾਈਆ ਕੜਾਹ ਕਿਵੇਂ ਖਾ ਲਊ?ਚੰਦਾ ਸਿਹੁੰ ਬੰਤੂ ਬੁੱੜ੍ਹ ਨੂੰ ਨੌ ਜੀਆਂ ਦਾ ਹੀ ਕੜਾਹ ਦੇਣ ’ਤੇ ਅੜ ਗਿਆ।

ਸਿਆਣੇ ਬੰਦਿਆਂ ਨੇ ਅਸੂਲ ਦੀ ਗੱਲ ਕਰਦਿਆਂ ਬੰਤੂ ਬੁੱੜ੍ਹੇ ਨੂੰ ਦਸ ਜੀਆਂ ਦਾ ਕੜਾਹ ਤੋਲ ਕੇ ਮਸਲਾ ਨਿਬੇੜ ਦਿੱਤਾ।

ਕਈ ਦਹਾਕੇ ਪਹਿਲਾਂ ਵਾਪਰੀ ਇਸ ਘਟਨਾ ਨੂੰ ਪੰਜਾਬ ਅੰਦਰ ਡੇਰਿਆਂ ਦੀ ਉਤਪਤੀ ਤੇ ਸਥਾਪਤੀ ਬਾਰੇ ਛਿੜੀਆਂ ਬਹਿਸਾਂ ਦੇ ਸੰਦਰਭ ਵਿੱਚ ਵਾਚਣ ਦਾ ਯਤਨ ਕਰੀਦਾ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਜਾਤਾਂ ਦੇ ਸੰਤਾਪ ਨੇ ਸਿੱਖ ਰਹਿਤ ਮਰਿਆਦਾ ਤੋਂ ਅਣਜਾਣ ਗਰੀਬ ਤੇ ਅਨਪੜ੍ਹ ਦਲਿਤਾਂ ਦੀ ਸਿੱਖ ਧਰਮ ਅੰਦਰ ਆਸਥਾ ਨੂੰ ਕਦੇ ਵੀ ਛੋਟਾ ਨਹੀਂ ਹੋਣ ਦਿੱਤਾ। ਪਿੰਡਾਂ ਵਿਚ ਅੰਤਾਂ ਦੇ ਜਾਤ ਪਾਤੀ ਵਿਤਕਰੇ ਦੇ ਬਾਵਜੂਦ ਦਲਿਤਾਂ ਤੇ ਜਿਮੀਂਦਾਰਾਂ ਦਰਮਿਆਨ ਮੋਹ ਦੇ ਰਿਸ਼ਤਿਆਂ ਦਾ ਨਿੱਘ ਮੈਨੂੰ ਹੁਣ ਵੀ ਰੂਹ ਤੱਕ ਮਹਿਸੂਸ ਹੁੰਦਾ ਹੈ।

*****

(1174)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)