ParamjitKuthala7ਕਈ ਕਈ ਘੰਟੇ ਟੱਪ ਟੱਪ ਨਲਕਾ ਗੇੜਦਿਆਂ ਮੇਰੇ ਹੱਥਾਂ ਤੇ ਛਾਲੇ ਹੋ ਜਾਣੇ ਪਰ ...
(26 ਜੁਲਾਈ 2017)

 

ਆਮ ਖੇਤ ਮਜਦੂਰ ਪਰਿਵਾਰਾਂ ਦੇ ਮੁੰਡਿਆਂ ਵਾਂਗ ਮੇਰੇ ਬਾਪ ਨੂੰ ਵੀ ਜਵਾਨੀ ਵੇਲੇ ਪਰਿਵਾਰ ਦਾ ਪੇਟ ਪਾਲਣ ਲਈ ਜਿਮੀਂਦਾਰਾਂ ਨਾਲ ਸੀਰੀ ਰਲਣਾ ਪਿਆ। ਸੀਰੀ ਦੀ ਡਿਊਟੀ ਅੱਜ ਕੱਲ੍ਹ ਵਾਂਗ ਹੀ ਸਾਰਾ ਸਾਲ ਚੌਵੀ ਘੰਟੇ ਹੁੰਦੀ ਸੀ। ਉਦੋਂ ਉੱਕਾ ਪੁੱਕਾ ਰਕਮ ’ਤੇ ਸੀਰੀ ਰਲਣ ਦਾ ਰਿਵਾਜ਼ ਨਹੀਂ ਸੀ, ਸਗੋਂ ਜਿਣਸ ਦੇ ਸਤਾਰਵੇਂ, ਅਠਾਰਵੇਂ ਜਾਂ ਵੀਹਵੇਂ ਹਿੱਸੇ ਤੇ ਆਮ ਸੀਰੀ ਰਲਦੇ ਸਨ। ਸੀਰੀ ਦੇ ਨਾਲ ਹੀ ਸੀਰੀ ਦਾ ਸਾਰਾ ਪਰਿਵਾਰ ਵੀ ਜਿਮੀਂਦਾਰ ਦੇ ਘਰ ਗੋਹਾ ਕੂੜਾ ਕਰਨ ਆਦਿ ਦੀ ਡਿਊਟੀ ਸਾਂਭਦਾ ਸੀ। ਇੰਝ ਜੱਟ ਤੇ ਸੀਰੀ ਦੇ ਰਿਸ਼ਤੇ ਵਿੱਚ ਦੋਵਾਂ ਪਰਿਵਾਰਾਂ ਦੀ ਸ਼ਮੂਲੀਅਤ ਆਪਸੀ ਮੋਹ ਦੀ ਚਾਸ਼ਨੀ ਸਾਬਤ ਹੁੰਦੀ ਸੀ। ਕਈ ਦਹਾਕੇ ਬੀਤਣ ਦੇ ਬਾਵਜੂਦ ਮੇਰੇ ਪਰਿਵਾਰ ਦੇ ਉਨ੍ਹਾਂ ਜਿਮੀਂਦਾਰ ਪਰਿਵਾਰਾਂ ਨਾਲ ਅੱਜ ਵੀ ਮੋਹ ਦੇ ਰਿਸਤੇ ਜਿਉਂ ਦੇ ਤਿਉਂ ਕਾਇਮ ਹਨ।

ਜੱਟ ਦੇ ਖੇਤਾਂ ਵਿੱਚ ਖੜ੍ਹੀ ਫਸਲ ਉੱਪਰ ਸੀਰੀ ਵੀ ਜੱਟ ਜਿੰਨਾ ਹੀ ਅਧਿਕਾਰ ਸਮਝਦਾ ਸੀ ਅਤੇ ਇਸੇ ਅਧਿਕਾਰ ਦੇ ਅਹਿਸਾਸ ਵਿੱਚ ਸੀਰੀ ਆਪਣੀ ਸਰੀਰਕ ਸਮਰੱਥਾ ਨਾਲੋਂ ਵਧ ਕੇ ਦਿਨ ਰਾਤ ਕੰਮ ਵਿੱਚ ਜੁੱਟਿਆ ਰਹਿੰਦਾ ਸੀ। ਉਦੋਂ ਅਫੀਮ ਖਾਣ ਨੂੰ ਹਰ ਜਿਮੀਂਦਾਰ  ਆਪਣੀ ਸਰਦਾਰੀ ਸਮਝਦਾ ਸੀ ਅਤੇ ਵੱਧ ਕੰਮ ਦੇ ਲਾਲਚ ਵਿੱਚ  ਜਿਮੀਂਦਾਰ ਛੋਲਿਆਂ ਦੇ ਦਾਣੇ ਜਿੰਨੀ ਦਸ ਵਜੇ ਦੀ ਚਾਹ ਨਾਲ ਸੀਰੀ ਨੂੰ ਵੀ ਫੜਾ ਦਿੰਦਾ। ਬੱਸ ਇਹੀ ਛੋਲਿਆਂ ਦੇ ਦਾਣੇ ਜਿੰਨੀ ਸੀਰੀ ਦੇ ਹੱਡਾਂ ਵਿੱਚ ਰਚ ਜਾਂਦੀ ਅਤੇ ਆਖਰੀ ਉਮਰ ਵਿੱਚ ਹੱਡਾਂ ਨਾਲ ਹੀ ਜਾਂਦੀ।

ਚੜ੍ਹਦੀ ਉਮਰੇ ਅਫੀਮ ਦੀ ਲੱਗੀ ਲਤ ਨੇ ਮੇਰੇ ਬਾਪ ਨੂੰ ਹੋਰ ਸੀਰੀਆਂ ਵਾਂਗ ਪੱਕਾ ਅਮਲੀ ਬਣਾ ਦਿੱਤਾ। ਪੜ੍ਹ ਲਿਖ ਕੇ ਵੱਡੇ ਭਰਾ ਦੇ ਕੇਂਦਰੀ ਪੁਲਿਸ ਵਿੱਚ ਭਰਤੀ ਹੁੰਦਿਆਂ ਹੀ ਮੇਰੇ ਬਾਪ ਨੇ ਵੀ ਸੀਰੀਪੁਣਾ ਛੱਡ ਕੇ ਜੁੱਤੀਆਂ ਬਣਾਉਣ ਦਾ ਪਿਤਾ ਪੁਰਖੀ ਸੌਖਾ ਧੰਦਾ ਸ਼ੁਰੂ ਕਰ ਲਿਆ। ਪਰ ਜੁੱਤੀਆਂ ਬਣਾਉਣ ਦਾ ਧੰਦਾ ਉਸ ਵੇਲੇ ਐਨੀ ਕਮਾਈ ਵਾਲ ਧੰਦਾ ਨਹੀਂ ਸੀ ਜਿਸ ਨਾਲ ਉਸ ਦੀ ਰੋਜ਼ਾਨਾ ਅਫੀਮ ਦਾ ਖਰਚਾ ਨਿੱਕਲ ਸਕਦਾ। ਉਦੋਂ ਮੈਂ ਮਸਾਂ ਪੰਜਵੀਂ ਜਾਂ ਛੇਵੀਂ ਜਮਾਤ ਵਿੱਚ ਪੜ੍ਹਦਾ ਹੋਵਾਂਗਾ। ਬਾਹਰਲੀ ਫਿਰਨੀ ਤੇ ਬਣੇ ਕੋਠੜੇ ਵਿੱਚ ਮੇਰੇ ਬਾਪ ਕੋਲ ਉਸ ਦੇ ਜੁੰਡੀ ਦੇ ਯਾਰ ਜੋਗਿੰਦਰ ਭੰਦੋਹਲ, ਸੂਜਾਪੁਰੀਆ ਪਹਿਲਵਾਨ ਤੇ ਕਈ ਹੋਰ ਅਮਲੀ ਬੈਠੇ ਰਹਿੰਦੇ। ਉਹ ਦੋ ਦੋ ਦਿਨਾਂ ਵਿੱਚ ਇੱਕ ਜੁੱਤੀ ਮਸਾਂ ਤਿਆਰ ਕਰਦਾ। ਉਨ੍ਹਾਂ ਦਿਨਾਂ ਵਿੱਚ ਸੂਜਾਪੁਰੀਆ ਅਫੀਮ ਦੇ ਕਈ ਕੇਸਾਂ ਵਿੱਚ ਫੜਿਆ ਜਾ ਚੁੱਕਿਆ ਸੀ ਅਤੇ ਛੜਾ ਛਾਂਟ ਭੰਦੋਹਲ ਇਕੱਲਾ ਰਹਿੰਦਾ ਸੀ ਤੇ ਕਈ ਕਈ ਅਮਲੀ ਉਸ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ।

ਮੇਰੇ ਬਾਪ ਲਈ ਪਹਿਲਵਾਨ ਤੇ ਜੋਗਿੰਦਰ ਭੰਦੋਹਲ ਰੱਬ ਦਾ ਹੀ ਰੂਪ ਸਨ। ਕੋਠੜੀ ਵਿੱਚ ਆਇਆਂ ਦੀ ਉਹ ਪੂਰੀ ਆਓ ਭਗਤ ਕਰਦਾ, ਉਨ੍ਹਾਂ ਦੀਆਂ ਜੁੱਤੀਆਂ ਨੂੰ ਪਾਲਸ਼ ਕਰਕੇ ਚਮਕਾਉਂਦਾ ਅਤੇ ਚਾਹ ਬਣਾ ਕੇ ਪਿਲਾਉਂਦਾ। ਚਾਹ ਦੇ ਗਿਲਾਸ ਨਾਲ ਉਹ ਡੱਬੀ ਵਿੱਚੋਂ ਰੀਠੇ ਜਿੰਨੀ ਅਫੀਮ ਕੱਢ ਕੇ ਮੇਰੇ ਬਾਪ ਦੇ ਹੱਥ ਉੱਤੇ ਰੱਖ ਦਿੰਦੇ। ਚਮੜਾ ਖਰੀਦ ਕੇ ਨਵੀਂਆਂ ਜੁੱਤੀਆਂ ਬਣਾਉਣ ਨਾਲੋਂ ਮੇਰਾ ਬਾਪ ਜਿਮੀਂਦਾਰਾਂ ਦੇ ਪਰਿਵਾਰਾਂ ਦੀਆਂ ਪੁਰਾਣੀਆਂ ਜੁੱਤੀਆਂ ਗੰਢਣ ਵਿੱਚ ਬਹੁਤੀ ਰੁਚੀ ਰੱਖਦਾ ਸੀ। ਗੰਢੀਆਂ ਜੁੱਤੀਆਂ ਇੱਕ ਪਰਨੇ ਦੇ ਲੜ ਬੰਨ੍ਹ ਕੇ ਉਹ ਮੈਨੂੰ ਜਿਮੀਂਦਾਰਾਂ ਦੇ ਘਰੀਂ ਦੇਣ ਲਈ ਭੇਜਦਾ। ਜੁੱਤੀਆਂ ਫੜ ਕੇ ਜੱਟੀਆਂ ਕਣਕ, ਛੋਲਿਆਂ ਜਾਂ ਮੱਕੀ ਦਾ ਬੱਠਲ ਭਰ ਕੇ ਉਸੇ ਪਰਨੇ ਦੇ ਲੜ ਬੰਨ੍ਹ ਦਿੰਦੀਆਂ ਅਤੇ ਕਈ ਰੱਜੇ ਹੋਏ ਫਰਾਖ ਦਿੱਲ ਵਾਲੀਆਂ ਖੋਏ ਦੀਆਂ ਪਿੰਨੀਆਂ ਤੇ ਗੁੜ ਵੀ ਦੇ ਦਿੰਦੀਆਂ।

ਬਾਪ ਵੱਲੋਂ ਜਿਮੀਂਦਾਰਾਂ ਦੇ ਘਰੀਂ ਜੁੱਤੀਆਂ ਫੜਾਉਣ ਦਾ ਹੁਕਮ ਮਿਲਦਿਆਂ ਹੀ ਮੈਨੂੰ ਚਾਅ ਚੜ੍ਹ ਜਾਂਦਾ, ਪ੍ਰੰਤੂ ਸੂਜਾਪੁਰੀਏ ਪਹਿਲਵਾਨ ਤੇ ਜੋਗਿੰਦਰ ਭੰਦੋਹਲ ਦਾ ਨਾਂ ਸੁਣਦਿਆਂ ਹੀ ਮੈਨੂੰ ਕੰਬਣੀ ਛਿੜ ਪੈਂਦੀ। ਅਫੀਮ ਦੀ ਤੋਟ ਨਾਲ ਬਾਪ ਦੇ ਢਿੱਡ ਵਿੱਚ ਉੱਠਦਾ ਦਰਦ ਮੇਰੇ ਤੋਂ ਬਰਦਾਸ਼ਤ ਨਾ ਹੁੰਦਾ। ਮੱਕੀ ਦੇ ਦਾਣੇ ਜਿੰਨੀ ਅਫੀਮ ਲਈ ਮੈਨੂੰ ਪਹਿਲਾਂ ਭੰਦੋਹਲ ਕੋਲ ਫਰਿਆਦੀ ਬਣਨਾ ਪੈਂਦਾ ਫਿਰ ਪਹਿਲਵਾਨ ਦੇ ਘਰ ਜਾ ਕੇ ਬਾਪ ਦੀ ਹਾਲਤ ਦਾ ਵਾਸਤਾ ਪਾਉਣਾ ਪੈਂਦਾ। ਜੋਗਿੰਦਰ ਭੰਦੋਹਲ ਨੇ ਜਾਂਦਿਆਂ ਹੀ ਮੈਨੂੰ ਵਿਹੜੇ ਵਿੱਚ ਬੀਜੀਆਂ ਸਬਜ਼ੀਆਂ ਦੀ ਵਾੜੀ ਸਿੰਜਣ ਲਈ ਨਲਕਾ ਗੇੜਨ ਲਾ ਲੈਣਾ। ਸੱਤਰਵਿਆਂ ਵਿੱਚ ਪਾਣੀ ਉੱਪਰ ਹੋਣ ਕਰਕੇ ਚੌੜੇ ਮੂੰਹ ਤੇ ਛੋਟੀ ਡੰਡੀ ਵਾਲੇ ਪੁਰਾਣੇ ਨਲਕੇ ਹੁੰਦੇ ਸਨ। ਕਈ ਕਈ ਘੰਟੇ ਟੱਪ ਟੱਪ ਨਲਕਾ ਗੇੜਦਿਆਂ ਮੇਰੇ ਹੱਥਾਂ ਤੇ ਛਾਲੇ ਹੋ ਜਾਣੇ ਪਰ ਸਾਰੀਆਂ ਕਿਆਰੀਆਂ ਫਿਰ ਵੀ ਸਿੰਜੀਆਂ ਨਾ ਜਾਣੀਆਂ। ਅਖੀਰ ਉਸ ਨੇ ਇੱਕ ਗੰਦੀ ਜਿਹੀ ਗਾਲ ਕੱਢ ਕੇ ਮੱਕੀ ਦੇ ਦਾਣੇ ਜਿੰਨੀ ਅਫੀਮ ਮੋਮੀ  ਕਾਗਜ ਵਿੱਚ ਲਪੇਟ ਕੇ ਮੈਨੂੰ ਫੜਾ ਦੇਣੀ।

ਪਹਿਲਵਾਨ ਦੇ ਘਰ ਵੀ ਇਹੀ ਵਰਤਾਰਾ ਹੁੰਦਾ। ਪਹਿਲਵਾਨ ਦੀਆਂ ਪੰਜ ਛੇ ਮੱਝਾਂ ਨੂੰ ਨਹਾਉਣ ਲਈ ਨਲਕੇ ਦੀ ਸੇਵਾ ਮੈਨੂੰ ਸੌਂਪ ਦਿੱਤੀ ਜਾਂਦੀ। ਮੱਝਾਂ ਨੇ ਉਸੇ ਚੁਬੱਚੇ ਵਿੱਚੋਂ ਪਾਣੀ ਪੀਦੀਆਂ ਰਹਿਣਾ ਤੇ ਪਹਿਲਵਾਨ ਦੀ ਘਰ ਵਾਲੀ ਨੇ ਉਸੇ ਵਿੱਚੋਂ ਮੱਝਾਂ ਨੁਹਾਈ ਜਾਣੀਆਂ। ਪਾਣੀ ਦੇ ਛੜ੍ਹਾਕੇ ਭਰਦੀਆਂ ਮੱਝਾਂ ਮੈਨੂੰ ਵਿਹੁ ਵਰਗੀਆਂ ਲਗਦੀਆਂ। ਸਕੂਲ ਵਿੱਚ ਨਾਲ ਪੜ੍ਹਨ ਵਾਲੇ ਮੁੰਡੇ ਕੁੜੀਆਂ ਮੈਨੂੰ ਨਲਕਾ ਗੇੜਦੇ ਨੂੰ ਵੇਖ ਕੇ ਦੰਦੀਆਂ ਕੱਢਦੇ। ਮੇਰਾ ਜੀਅ ਕਰਦਾ ਕਿ ਨਲਕਾ ਛੱਡ ਕੇ ਭੱਜ ਜਾਵਾਂ ਪਰ ਅਫੀਮ ਦੀ ਤੋੜ ਨਾਲ ਤੜਫਦੇ ਬਾਪ ਲਈ ਸਭ ਕੁੱਝ ਕਰਨਾ ਮਜਬੂਰੀ ਸੀ। ਮੇਰੇ ਲਈ ਇਹ ਵਰਤਾਰਾ ਉਦੋਂ ਹੀ ਮੁੱਕਿਆ ਜਦੋਂ ਇੱਕ ਦਿਨ ਮੇਰੇ ਬਾਪ ਨੇ ਅਫੀਮ ਦੀ ਤੋਟ ਕਾਰਨ ਅੱਖਾਂ ਮੀਟ ਲਈਆਂ।

ਅੱਜ ਵੀ ਅਨੇਕਾਂ ਗਰੀਬ ਘਰਾਂ ਦੇ ਬੱਚਿਆਂ ਦਾ ਬਚਪਨ ਆਪਣੇ ਨਸ਼ੇੜੀ ਬਾਪਾਂ ਲਈ ਕਈ ਤਰ੍ਹਾਂ ਦੇ ਜ਼ੁਲਮ ਸਹਿਣ ਲਈ ਮਜਬੂਰ ਹੈ।

*****

(777)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)