ParamjitKuthala7ਚੱਲ ਮੇਰਾ ਤਾਂ ਜੋ ਹੋਊ ਦੇਖੀ ਜਾਊ, ਪਰ ਬਚਾਰੇ ਬਿੱਲੂ ...
(11 ਅਪਰੈਲ 2020)

 

“ਵੇ ਪਤਾ ਨੀ ਤੂੰ ਕਿਹੜੇ ਹਿਰਨਾਂ ਦੇ ਸਿੰਗੀਂ ਚੜ੍ਹਿਆ ਰਹਿਨਾ, ਮੈਂਨੂੰ ਪੰਜ ਦਿਨ ਹੋਗੇ ਮੁੜਦੀ ਨੂੰ …” ਚਾਚੀ ਨੰਜੋ ਹੱਥ ਵਿੱਚ ਦੂਹਰਾ ਤੀਹਰਾ ਕੀਤਾ ਪਲਾਸਟਿਕ ਦਾ ਲਿਫਾਫਾ ਫੜੀ ਸਵੇਰੇ ਸਵਖਤੇ ਹੀ ਸਾਡੇ ਘਰ ਪਹੁੰਚ ਗਈ

“ਚਾਚੀ, ਸੁਨੇਹਾ ਭੇਜ ਦਿੰਦੀ ਮੈਂ ਆਪੇ ਤੈਨੂੰ ਮਿਲਣ ਪਹੁੰਚ ਜਾਂਦਾ” ਮੈਂ ਚਾਚੀ ਦੇ ਗੋਡੀਂ ਹੱਥ ਲਾਉਂਦਿਆਂ ਉਸ ਦੇ ਬੈਠਣ ਲਈ ਕੁਰਸੀ ਅੱਗੇ ਕਰ ਦਿੱਤੀ

“ਵੇ ਪੁੱਤ! ਆਹ ਦੇਖ ਤਾਂ ...,” ਪਲਾਸਟਿਕ ਦਾ ਲਿਫਾਫਾ ਮੈਂਨੂੰ ਫੜਾਉਂਦਿਆਂ ਚਾਚੀ ਦਾ ਗੱਚ ਭਰ ਆਇਆ

‘ਚਾਚੀ ਤੂੰ ਇਹ ਕਿਉਂ ਚੁੱਕੀ ਫਿਰਦੀ ਏਂ? ਇਹ ਤਾਂ ਘਰੇ ਸਾਂਭ ਕੇ ਰੱਖਣ ਵਾਲੇ ਜ਼ਰੂਰੀ ਕਾਗਜ਼ ਨੇ?” ਮੈਂ ਮੇਜ਼ ’ਤੇ ਢੇਰੀ ਕੀਤੇ ਚਾਚੀ ਦੇ ਸਾਰੇ ਟੱਬਰ ਦੇ ਅਧਾਰ ਕਾਰਡ, ਵੋਟਰ ਕਾਰਡ ਤੇ ਹੋਰ ਕਈ ਪੁਰਾਣੀਆਂ ਰਸੀਦਾਂ, ਬਿੱਲ ਵਗੈਰਾ ਮੁੜ ਲਿਫਾਫੇ ਵਿੱਚ ਪਾਉਂਦਿਆਂ ਕਿਹਾਚਾਚੀ ਦਾ ਚਿਹਰਾ ਉੱਤਰਿਆ ਪਿਆ ਸੀ, ਜਿਵੇਂ ਉਹ ਕਈ ਦਿਨਾਂ ਤੋਂ ਸੁੱਤੀ ਨਾ ਹੋਵੇ

ਦਸ ਬਾਰਾਂ ਸਾਲ ਪਹਿਲਾਂ ਚਾਚੇ ਕੈਲੇ ਦੀ ਮੌਤ ਪਿੱਛੋਂ ਚਾਚੀ ਨੰਜੋ ਦਾ ਪਰਿਵਾਰ ਸਾਡੇ ਗਵਾਂਢ ਵਾਲਾ ਕੱਚਾ ਕੋਠੜਾ ਵੇਚਕੇ ਪਿੰਡੋਂ ਦੂਰ ਟੋਭੇ ’ਤੇ ਬਣੀ ਪੰਚਾਇਤੀ ਕਲੋਨੀ ਵਿੱਚ ਅਲਾਟ ਪੱਕੇ ਮਕਾਨ ਵਿੱਚ ਚਲਿਆ ਗਿਆ ਸੀਬਚਪਨ ਵਿੱਚ ਮਾਂ ਨਾਲੋਂ ਵੱਧ ਪਿਆਰ ਕਰਨ ਵਾਲੀ ਚਾਚੀ ਨੰਜੋ ਨਾਲ ਫਿਰ ਕਦੇ ਕਦਾਈਂ ਹੀ ਮੁਲਾਕਾਤ ਹੁੰਦੀਕੱਚੇ ਕੋਠੜੇ ਮੂਹਰੇ ਮੰਜੀ ’ਤੇ ਬੈਠਾ ਚਾਚਾ ਕੈਲਾ ਸਾਰਾ ਦਿਨ ਖਊਂ ਖਊਂ ਕਰਦਾ ਰਹਿੰਦਾਉਹਦੇ ਉੱਪਰੋਥਲੀ ਜੰਮੇ ਪੰਜ ਪੁੱਤਾਂ ਵਿੱਚੋਂ ਬੱਸ ਇਕੱਲਾ ਬਿੱਲੂ ਹੀ ਬਚਿਆ ਸੀਮੇਰੇ ਨਾਲ ਪੜ੍ਹਦਾ ਬਿੱਲੂ ਪੰਜਵੀਂ ਜਮਾਤ ਅੱਧ ਵਿਚਾਲੇ ਛੱਡ ਕੇ ਪਹਿਲਾਂ ਜੱਟਾਂ ਦੀਆਂ ਮੱਝਾਂ ਚਾਰਨ ਲੱਗ ਪਿਆ, ਫਿਰ ਕਿਸੇ ਟਰੱਕ ਵਾਲੇ ਦੇ ਢਹੇ ਚੜ੍ਹਕੇ ਕਲਕੱਤੇ ਜਾ ਵੜਿਆਵਰ੍ਹਿਆਂ ਬਾਅਦ ਜਦੋਂ ਘਰ ਮੁੜਿਆ ਤਾਂ ਕਿਸੇ ਐਕਸੀਡੈਂਟ ਵਿੱਚ ਤੁਰਨ ਫਿਰਨ ਤੋਂ ਆਰੀ ਹੋਇਆ ਪਿਉਂ ਵਾਂਗ ਸਿਰੇ ਦਾ ਅਮਲੀ ਬਣ ਚੁੱਕਿਆ ਸੀਮੇਰੀ ਮਾਂ ਚਾਚੀ ਨੰਜੋ ਨੂੰ ਆਪਣੀਆਂ ਧੀਆਂ ਵਾਂਗ ਲਾਡ ਪਿਆਰ ਕਰਦੀਨਸ਼ੇ ਦੀ ਤੋੜ ਵਿੱਚ ਚਾਚਾ ਕੈਲਾ ਅਕਸਰ ਚਾਚੀ ਨੰਜੋ ਨੂੰ ਕੁੱਟਦਾਚਾਚੀ ਨੰਜੋ ਭੱਜ ਕੇ ਮੇਰੀ ਮਾਂ ਕੋਲ ਆ ਜਾਂਦੀਮਾਂ ਨੂੰ ਉਹ ਵੀ ਸਾਡੇ ਵਾਂਗ ਹੀ ਬੇਬੇ ਜੀ ਕਹਿ ਕੇ ਬੁਲਾਉਂਦੀਆਪਣਾ ਹਰ ਦੁੱਖ ਸੁਖ ਮਾਂ ਨਾਲ ਸਾਂਝਾ ਕਰਦੀਚਾਚੀ ਨੰਜੋ ਮਿਹਨਤ ਮਜ਼ਦੂਰੀ ਕਰਕੇ ਪਹਿਲਾਂ ਚਾਚੇ ਕੈਲੇ ਨੂੰ ਸੰਭਾਲਦੀ ਰਹੀ, ਫਿਰ ਨਸ਼ੇ ਨਾਲ ਹੱਡੀਆਂ ਦੀ ਮੁੱਠ ਬਣੇ ਪੁੱਤ ਨੂੰਚੰਚੀ ਨੰਜੋ ਵਰ੍ਹਿਆਂ ਤੋਂ ਲੰਬੜਾਂ ਦੇ ਘਰ ਗੋਹਾ ਕੂੜਾ ਤੇ ਘਰੇਲੂ ਕੰਮ ਧੰਦਾ ਕਰਦੀ ਇੱਕ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦਾ ਅੰਗ ਹੀ ਬਣ ਗਈ ਸੀਤਿੰਨੇ ਵਕਤ ਦੀ ਰੋਟੀ ਤੇ ਚਾਹ ਦੁੱਧ ਸਭ ਕੁਝ ਲੰਬੜਾਂ ਦੇ ਘਰੋਂ ਚਲਦਾ

“ਨੰਜੋ ਜਦੋਂ ਕੈਲੇ ਨਾਲ ਵਿਆਹੀ ਤੀ ਤਾਂ ਲੋਕ ਖੜ੍ਹ ਖੜ੍ਹ ਦੇਖਦੇ ਤੀ, ਕਿਸੇ ਵੱਡੇ ਘਰ ਦੀ ਜਾਈ ਹੋਣੀ ਆਂ ...” ਮੇਰੀ ਮਾਂ ਨੰਜੋ ਚਾਚੀ ਬਾਰੇ ਅਕਸਰ ਦੱਸਦੀਹੱਲਿਆਂ ਦੀ ਵੱਢ ਟੁੱਕ ਵੇਲੇ ਤਿੰਨ ਚਾਰ ਕੁ ਮਹੀਨਿਆਂ ਦੀ ਮਲੂਕੜੀ ਜਿਹੀ ਨੰਜੋ ਨੂੰ ਉਸ ਦੇ ਮਾਪੇ ਕੱਪੜੇ ਵਿੱਚ ਲਪੇਟ ਨਹਿਰ ਦੇ ਪੁਲ ਕੋਲ ਖੇਤ ਵਿੱਚ ਸੁੱਟ ਗਏ ਸਨਕੱਖ ਲੈਣ ਗਈ ਬਿਸ਼ਨੀ ਵਿਲਕਦੀ ਬਲੂਰ ਨੂੰ ਛਾਤੀ ਨਾਲ ਲਾ ਕੇ ਘਰ ਲੈ ਆਈ

“ਕਿਹੜੀ ਮਾਂ ਦਾ ਜੀਅ ਕਰਦਾ ਆਪਣੀਆਂ ਆਦਰਾਂ ਦੇ ਟੋਟੇ ਨੂੰ ਇਉਂ ਸੁੱਟਣ ਨੂੰ, ... ਕੋਈ ਤਾਂ ਮਜਬੂਰੀ ਹੋਊਗੀ ਖੌਰੇ ਫਸਾਦੀ ਲੁਟੇਰਿਆਂ ਨੇ ਨੰਜੋ ਦੇ ਮਾਂ ਪਿਉ ਕਤਲ ਈ ਕਰ ਦਿੱਤੇ ਹੋਣ ਕਹਿੰਦੇ ਨਹਿਰ ਮੁਸਲਮਾਨਾਂ ਦੀਆਂ ਲਾਸ਼ਾਂ ਨਾਲ ਭਰੀ ਪਈ ਤੀ ...” ਚਾਚੀ ਨੰਜੋ ਬਾਰੇ ਦੱਸਦੀ ਮਾਂ ਦੀਆਂ ਅੱਖਾਂ ਭਰ ਆਉਂਦੀਆਂਕਹਿੰਦੇ, ਮਾਪਿਆਂ ਨੇ ਖੇਤ ਵਿੱਚ ਸੁੱਟਣ ਵੇਲੇ ਸੋਨੇ ਦੇ ਪਾਈਆ ਪੱਕੇ ਗਹਿਣਿਆਂ ਦੀ ਪੋਟਲੀ ਨੰਜੋ ਦੇ ਲੱਕ ਨਾਲ ਬੰਨ੍ਹੀ ਹੋਈ ਸੀਇਹ ਭੇਤ ਦੀ ਗੱਲ ਨੰਜੋ ਚਾਚੀ ਦੀ ਪਾਲਣਹਾਰੀ ਮਾਂ ਬਿਸ਼ਨੀ ਨੇ ਮੇਰੀ ਮਾਂ ਨੂੰ ਖੁਦ ਦੱਸੀ ਸੀ

ਗਲੀ-ਗਵਾਂਢ ਵਿੱਚ ਲੜਦੀਆਂ ਝਗੜਦੀਆਂ ਜਨਾਨੀਆਂ ਜਦੋਂ ਚਾਚੀ ਨੰਜੋ ਨੂੰ ‘ਮੁਸਲਮਾਨਣੀ’ ਕਹਿ ਕੇ ਮਿਹਣੇ ਮਾਰਦੀਆਂ

“ਭਲਾ ਬੇਬੇ ਜੀ, ਇਹਨਾਂ ਤੀਵੀਆਂ ਨੂੰ ਕੀ ਪਤਾ ਹੈ ਬਈ ਮੈਂ ਮੁਸਲਮਾਨ ਮਾਪਿਆਂ ਦੀ ਧੀ ਆਂ?” ਚਾਚੀ ਨੰਜੋ ਮੇਰੀ ਮਾਂ ਕੋਲ ਆ ਕੇ ਆਪਣੇ ਅਤੀਤ ਬਾਰੇ ਸੋਚਦੀ ਵਿਲਕਣ ਲਗਦੀ

“ਕੁੱਤੀਆਂ ਭੌਂਕਦੀਆਂ ਨੇ, ਤੂੰ ਐਵੇਂ ਨਾ ਦਿਲ ਨੂੰ ਲਾਇਆ ਕਰ ...” ਮੇਰੀ ਮਾਂ ਉਸ ਨੂੰ ਹੌਸਲਾ ਦਿੰਦੀ

“ਵੇ ਪੁੱਤ ਊਂ ਇਹ ਕਾਗਜ਼ ਤਾਂ ਠੀਕ ਨੇ? ਮੈਂਨੂੰ ਤਾਂ ਡਰ ਲੱਗੀ ਜਾਂਦਾ ਲੋਕਾਂ ਦੀਆਂ ਗੱਲਾਂ ਸੁਣ ਸੁਣ ਅਖੇ ਦੋ ਪੀੜ੍ਹੀਆਂ ਦਾ ਜੰਮਣਾ ਮਰਨਾ ਦੱਸਣਾ ਪਊ ਇੱਥੇ ਰਹਿਣ ਵਾਸਤੇ” ਚਾਚੀ ਨੰਜੋ ਬਹੁਤ ਡਰੀ ਹੋਈ ਸੀ

“ਚੱਲ ਮੇਰਾ ਤਾਂ ਜੋ ਹੋਊ ਦੇਖੀ ਜਾਊ, ਪਰ ਬਚਾਰੇ ਬਿੱਲੂ ਬਾਰੇ ਸੋਚ ਸੋਚ ਮੈਂਨੂੰ ਤਾਂ ਪੁੱਤ ਨੀਂਦ ਈ ਨੀ ਆਉਂਦੀ ਪਤਾ ਨੀ ਉਹਦਾ ਕੀ ਬਣੂ? ਲੰਬੜਾਂ ਦੀਆਂ ਕੁੜੀਆਂ ਕਹਿੰਦੀਆਂ ਬਈ ਜਿਸਦੇ ਕੋਲ ਕਾਗਜ਼ ਨਾ ਹੋਏ ਉਹਦਾ ਨਾੜ ਵਿੱਚੋਂ ਲਹੂ ਕੱਢਕੇ ਟੈਸਟ ਕਰਨਗੇ ...” ਚਾਚੀ ਨੰਜੋ ਨਾਲ ਝੇਡਾਂ ਕਰਦਿਆਂ ਲੰਬੜਾਂ ਦੀਆਂ ਕਾਲਜ ਪੜ੍ਹਦੀਆਂ ਕੁੜੀਆਂ ਵੱਲੋਂ ਕਹੀਆਂ ਗੱਲਾਂ ਜਿਵੇਂ ਉਸ ਨੂੰ ਧੁਰ ਅੰਦਰ ਤੱਕ ਹਿਲਾ ਗਈਆਂ ਸਨ

“ਚਾਚੀ, ਐਵੇਂ ਨਾ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਦਿਲ ਨੂੰ ਲਾਇਆ ਕਰ, ਕੁਛ ਨੀ ਹੁੰਦਾ ਕੋਈ ਖੂਨ ਟੈਸਟ ਨੀ ਹੋਣਾ, ਕੋਈ ਜੰਮਣਾ ਮਰਨਾ ਨੀ ਪੁੱਛਣਾ ਕਿਸੇ ਨੇ ...” ਮੈਂ ਚਾਚੀ ਨੰਜੋ ਨੂੰ ਚਾਹ ਦਾ ਕੱਪ ਫੜਾ ਕੇ ਹੌਸਲਾ ਦਿੱਤਾ

“ਪੁੱਤ, ਕਹਿੰਦੇ ਲਹੂ ਨੂੰ ਟੈਸਟ ਕਰਕੇ ਮਸ਼ੀਨਾਂ ਅਗਲੇ ਦਾ ਅੱਗਾ ਪਿੱਛਾ ਸਭ ਕੁਛ ਦੱਸ ਦਿੰਦੀਆਂ ਨੇ

“ਚਾਚੀ, ਕੁੜੀਆਂ ਨੇ ਤੈਨੂੰ ਐਵੇਂ ਛੇੜਨ ਵਾਸਤੇ ਭਕਾਈ ਮਾਰਤੀ ... ਇਉਂ ਨੀ ਹੁੰਦਾ” ਮੈਂ ਚਾਚੀ ਨੰਜੋ ਨੂੰ ਤਸੱਲੀ ਦੇਣ ਲਈ ਡੀ.ਐੱਨ.ਏ. ਟੈਸਟ ਦੀ ਵਿਆਖਿਆ ਸਮਝਾਈ

“ਚੱਲ ਪੁੱਤ, ਜੇ ਤੂੰ ਕਹਿਨੈਂ ਤਾਂ ਠੀਕ ਆ ਪਰ ...” ਚਾਚੀ ਨੰਜੋ ਆਪਣੇ ਕਾਗਜਾਂ ਵਾਲ ਲਿਫਾਫਾ ਚੁੱਕ ਕੇ ਘਰ ਨੂੰ ਚਲੀ ਗਈ

ਚਾਚੀ ਨੰਜੋ ਦੇ ਮਨ ਅੰਦਰਲੇ ਸਾਰੇ ਸ਼ੰਕੇ ਦੂਰ ਕਰਕੇ ਜਿਵੇਂ ਮੈਂਨੂੰ ਵੀ ਸੰਤੁਸ਼ਟੀ ਜਿਹੀ ਮਹਿਸੂਸ ਹੋਣ ਲੱਗੀਅਗਲੇ ਦਿਨ ਸ਼ਹਿਰ ਵਿੱਚ ਔਰਤਾਂ ਵੱਲੋਂ ਕੱਢੇ ਰੋਸ ਮੁਜਾਹਰੇ ਵਿੱਚ ਮੋਢੇ ’ਤੇ ਝੰਡਾ ਚੁੱਕੀ ਬਾਹਾਂ ਉਲਾਰ ਉਲਾਰ ਨਾਅਰੇ ਮਾਰਦੀ ਚਾਚੀ ਨੰਜੋ ਨੂੰ ਵੇਖ ਕੇ ਮੈਂਨੂੰ ਆਪਣੀ ਸੋਚ ਬੌਣੀ ਜਿਹੀ ਮਹਿਸੂਸ ਹੋਣ ਲੱਗੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2049)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Kuthala, Maler Kotla, Punjab, India.
Phone: (91 - 98153 - 47904)
Email: (kuthalaajit@gmail.com)

More articles from this author