ParamjitKuthala7ਢਾਬਾ ਮਾਲਕ ਨੇ ਉਸ ਨੂੰ ਪੁੱਤ ਬਣਾ ਕੇ ਆਪਣੀ ਰਿਸ਼ਤੇਦਾਰੀ ਵਿੱਚ ਹੀ ...
(15 ਸਤੰਬਰ 2021)

 

ਦਿੱਲੀ ਲਈ ਚਾਲੇ ਪਾਉਣ ਤੋਂ ਪਹਿਲਾਂ ਜੇ ਫੋਨ ਨਾ ਕਰਦਾ ਤਾਂ ਚਾਚੇ ਸੋਮੀ ਨੂੰ ਆਖਰੀ ਬਾਰ ਨਾ ਮਿਲ ਸਕਣ ਦਾ ਝੋਰਾ ਸਾਰੀ ਉਮਰ ਰਹਿਣਾ ਸੀਹਸਪਤਾਲ ਵਿੱਚ ਬੈੱਡ ’ਤੇ ਉਹ ਜਮਾਂ ਹੀ ਕਮਜ਼ੋਰ ਹੋਇਆ ਪਿਆ ਸੀ

“ਭਈਆ, ਪਾਪਾ ਤੋਂ ਤੀਨ ਰੋਜ਼ ਸੇ ਬੋਲ ਬੀ ਨਹੀਂ ਰਹੇ” ਇਹ ਦੱਸਦਿਆਂ ਚਾਚੇ ਦੇ ਛੋਟੇ ਮੁੰਡੇ ਰਵੀ ਦੀਆਂ ਅੱਖਾਂ ਭਰ ਆਈਆਂ

ਅੱਜ ਤੋਂ ਵੀਹ ਕੁ ਦਿਨ ਪਹਿਲਾਂ ਜਦੋਂ ਆਪਣੇ ਦੋ ਮਿੱਤਰਾਂ ਨਾਲ ਮੈਂ ਚਾਚੇ ਦੇ ਹੋਟਲ ਪਹੁੰਚਿਆ ਸਾਂ ਤਾਂ ਚਾਚਾ ਜੱਫੀ ਪਾ ਕੇ ਮਿਲਿਆ ਸੀਉਸ ਤੋਂ ਚਾਅ ਚੁੱਕਿਆ ਨਹੀਂ ਸੀ ਜਾਂਦਾਉਸ ਨੇ ਹੋਟਲ ਦੀ ਬਜਾਏ ਸਾਨੂੰ ਆਪਣੇ ਘਰ ਰੱਖਿਆ ਸੀਚਾਚੇ ਸੋਮੀ ਦੇ ਪਰਿਵਾਰ ਨੇ ਤਿੰਨ ਰਾਤਾਂ ਸਾਡੀ ਅੱਡੀਆਂ ਚੁੱਕ ਕੇ ਸੇਵਾ ਕੀਤੀ, ਜਿਵੇਂ ਸਦੀਆਂ ਦੇ ਵਿਛੜੇ ਮਸਾਂ ਮਿਲੇ ਹੋਈਏਤਿੰਨ ਦਿਨ ਚਾਚਾ ਸੋਮੀ ਟਿਕਰੀ ਬਾਰਡਰ ’ਤੇ ਮੋਰਚੇ ਵਿੱਚ ਵੀ ਪਰਛਾਵੇਂ ਵਾਂਗ ਸਾਡੇ ਨਾਲ ਹੀ ਰਿਹਾਚਾਚੇ ਦੇ ਹੁੰਦਿਆਂ ਮੈਂਨੂੰ ਦਿੱਲੀ ਨਾਨਕਿਆਂ ਵਰਗੀ ਲਗਦੀ ਸੀ

“ਇਹ ਘਰ, ਹੋਟਲ ਸਭ ਥੋਡਾ ਆਪਣਾ ਏ, ਜਦੋਂ ਮਰਜ਼ੀ ਆਓ” ਪਿੰਡ ਵਾਪਸ ਤੁਰਨ ਲੱਗਿਆਂ ਚਾਚੇ ਨੇ ਬੁੱਕਲ ਵਿੱਚ ਲੈ ਕੇ ਭਰੇ ਮਨ ਨਾਲ ਕਿਹਾ

ਚਾਚੇ ਸੋਮੀ ਨਾਲ ਮੇਰੀ ਪਹਿਲੀ ਬਾਰ ਮੁਲਾਕਾਤ ਵੀ ਇੱਕ ਮੌਕਾ ਮੇਲ ਹੀ ਸੀਆਪਣੇ ਮਿੱਤਰ ਇੱਕ ਸਾਬਕਾ ਮੰਤਰੀ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਚੋਣ ਪਟੀਸ਼ਨ ਅਪੀਲ ਦੀ ਪੈਰਵਾਈ ਕਰਦਿਆਂ ਮੈਂਨੂੰ ਅਕਸਰ ਦਿੱਲੀ ਜਾਣਾ ਪੈਂਦਾ ਸੀਕਾਂਗਰਸੀ ਉਮੀਦਵਾਰ ਨੇ ਹਾਈਕੋਰਟ ਵਿੱਚ ਚੋਣ ਪਟੀਸ਼ਨ ਦਾਇਰ ਕਰਕੇ ਉਸ ਦੀ ਵਿਧਾਇਕੀ ਰੱਦ ਕਰਵਾ ਦਿੱਤੀ ਸੀਕਾਮਨਵੈਲਥ ਖੇਡਾਂ ਤੋਂ ਪਹਿਲਾਂ ਦਿੱਲੀ ਪੰਜਾਬ ਭਵਨ ਅਤੇ ਨਾਭਾ ਹਾਊਸ ਦੀ ਮੁਰੰਮਤ ਚੱਲਦੀ ਹੋਣ ਕਰਕੇ ਸਾਨੂੰ ਰਹਿਣ ਲਈ ਕਮਰਾ ਨਹੀਂ ਮਿਲਿਆ ਸੀਅਸੀਂ ਪਹਾੜਗੰਜ ਦੇ ਇੱਕ ਹੋਟਲ ਵਿੱਚ ਦੋ ਕਮਰੇ ਲੈ ਲਏਆਪਣੇ ਮਿੱਤਰ ਵਿਧਾਇਕ ਤੇ ਤਿੰਨੇ ਗੰਨਮੈਨਾਂ ਨੂੰ ਦੂਜੀ ਮੰਜ਼ਿਲ ’ਤੇ ਕਮਰਿਆਂ ਵਿੱਚ ਛੱਡ ਕੇ ਮੈਂ ਨਾਂ ਪਤੇ ਦਰਜ ਕਰਵਾਉਣ ਲਈ ਹੇਠਾਂ ਕਾਊਂਟਰ ’ਤੇ ਆ ਗਿਆਮੇਰਾ ਤੇ ਵਿਧਾਇਕ ਦਾ ਪਤਾ ਰਜਿਸਟਰ ਵਿੱਚ ਲਿਖਦਿਆਂ ਚਿੱਟੀਆਂ ਮੁੱਛਾਂ ਵਾਲੇ ਰੋਅਬਦਾਰ ਬਜ਼ੁਰਗ ਨੇ ਮੋਟੇ ਸ਼ੀਸ਼ੇ ਦੀਆਂ ਐਨਕਾਂ ਦੇ ਉੱਪਰੋਂ ਮੇਰੇ ਵੱਲ ਗਹੁ ਨਾਲ ਵੇਖਿਆ ਤੇ ਬੋਲਿਆ, “ਤੁਹਾਡੇ ਪਿੰਡ ਦਾ ਥਾਣਾ ਸ਼ੇਰਪੁਰ ਨੀ ਸੀ ਹੁੰਦਾ?”

“ਹਾਂ ਜੀ, ਪਹਿਲਾਂ ਸ਼ੇਰਪੁਰ ਹੀ ਸੀ ਪਰ ਹੁਣ … ਪਰ ਤੁਹਾਨੂੰ ਕਿਵੇਂ ਪਤੈ?” ਮੈਂ ਹੈਰਾਨੀ ਨਾਲ ਪੁੱਛਿਆਦਿੱਲੀ ਵਰਗੇ ਸ਼ਹਿਰ ਵਿੱਚ ਕਿਸੇ ਹੋਟਲ ਮਾਲਕ ਮਹਾਜਨ ਦੀ ਆਪਣੇ ਪਿੰਡ ਅਤੇ ਇਲਾਕੇ ਬਾਰੇ ਜਾਣਕਾਰੀ ਸੱਚਮੁੱਚ ਮੇਰੇ ਲਈ ਹੈਰਾਨੀਜਨਕ ਸੀਉਸ ਨੇ ਮੇਰੇ ਦੋਵੇਂ ਹੱਥ ਫੜ ਕੇ ਪਹਿਲਾਂ ਚੁੰਮੇ ਤੇ ਫਿਰ ਮੱਥੇ ਨੂੰ ਲਾ ਲਏ

“ਉੱਥੇ ਕਿਹੜੇ ਲਾਣੇ ’ਚੋਂ ...?” ਉਸ ਦੀਆਂ ਅੱਖਾਂ ਭਰ ਆਈਆਂ

ਲਾਣਾ ਲੂਣਾ ਤਾਂ ਕੋਈ ਨੀ ਜੀ, ਮੈਂ ਤਾਂ ਵਿਹੜੇ ਵਿੱਚੋਂ ਫਲਾਣਾ ਸਿਹੁੰ ਦਾ ਮੁੰਡਾਂ, ਨਾਲੇ ਤੁਸੀਂ ਕਿਵੇਂ ਜਾਣਦੇ ਓ?”

ਮੈਂਨੂੰ ਬਾਪ, ਦਾਦੇ, ਘਰ, ਪਿੰਡ ਦੀਆਂ ਗਲੀਆਂ, ਸੱਥਾਂ, ਪਿੱਪਲਾਂ, ਬਰੋਟਿਆਂ ਤੇ ਆਲੇ ਦੁਆਲੇ ਬਾਰੇ ਲਗਾਤਾਰ ਸਵਾਲ ਪੁੱਛਦਿਆਂ ਉਸ ਦਾ ਗਲਾ ਭਰ ਆਇਆਉਸ ਨੇ ਮੈਂਨੂੰ ਘੁਟ ਕੇ ਬੁੱਕਲ ਵਿੱਚ ਲੈ ਲਿਆ ਉਹ ਮੇਰੇ ਬਾਪੂ, ਸਮੇਤ ਆਂਢ ਗੁਆਂਢ ਤੇ ਪਿੰਡ ਦੇ ਸਾਰੇ ਪੁਰਾਣੇ ਬਜ਼ੁਰਗਾਂ ਤੇ ਥਾਂਵਾਂ ਨੂੰ ਜਾਣਦਾ ਸੀ

ਪਿੰਡ ਤਾਂ ਮੇਰਾ ਵੀ ਉਹੀ ਹੈ, ਬੱਸ ਕਿਸਮਤ ਇੱਥੇ ਲੈ ਆਈਪਿੰਡ ਤੋਂ ਦਿੱਲੀ ਤਕ ਦੇ ਸਫਰ ਬਾਰੇ ਦੱਸਦਿਆਂ ਉਹ ਬਾਰ ਬਾਰ ਅੱਖਾਂ ਪੂੰਝਦਾ

ਉਹ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਦਮੇਂ ਦਾ ਮਰੀਜ਼ ਬਾਪ ਚੜ੍ਹਾਈ ਕਰ ਗਿਆਵਿਧਵਾ ਮਾਂ ਨੇ ਇਕਲੌਤੇ ਪੁੱਤ ਦੇ ਸਿਰ ’ਤੇ ਵਕਤ ਕੱਟ ਲਿਆਉਸ ਨੂੰ ਸਕੂਲੋਂ ਹਟਾ ਕੇ ਜਿਮੀਂਦਾਰਾਂ ਨਾਲ ਡੰਗਰ ਚਾਰਨ ਲਾ ਦਿੱਤਾਮਾਂ ਸਾਰਾ ਦਿਨ ਪਿੰਡ ਵਿੱਚ ਲੋਕਾਂ ਦੇ ਘਰੀਂ ਗੋਹਾ ਕੂੜਾ ਕਰਦੀਉਦੋਂ ਉਸ ਦੀ ਉਮਰ ਮਸਾਂ ਅਠਾਰਾਂ ਕੁ ਸਾਲ ਦੀ ਹੋਵੇਗੀ ਜਦੋਂ ਉਨ੍ਹਾਂ ਦੇ ਗੁਆਂਢ ਚੁਬਾਰੇ ਵਿੱਚ ਬਠਿੰਡੇ ਵੱਲ ਤੋਂ ਰਹਿੰਦੇ ਇੱਕ ਮਾਸਟਰ ਨੇ ਆਪਣੇ ਕੋਲ ਠਹਿਰੇ ਇੱਕ ਮੋਨੇ ਬੰਦੇ ਨੂੰ ਸਾਇਕਲ ’ਤੇ ਜਿੱਤਵਾਲ ਦੇ ਸਟੇਸ਼ਨ ਤਕ ਛੱਡਣ ਲਈ ਉਸ ਨੂੰ ਸਵਖਤੇ ਹੀ ਭੇਜ ਦਿੱਤਾਇਹ ਤਾਂ ਉਸ ਨੂੰ ਬਹੁਤ ਚਿਰ ਬਾਅਦ ਪਤਾ ਲੱਗਿਆ ਕਿ ਉੇਹ ਮੋਨਾ ਆਦਮੀ ਨੇੜਲੇ ਪਿੰਡ ਗੰਡੇਵਾਲ ਦੇ ਇੱਕ ਘਰ ਵਿੱਚ ਚੱਲ ਰਹੀ ਨਕਸਲੀਆਂ ਦੀ ਮੀਟਿੰਗ ਨੂੰ ਪਏ ਪੁਲਿਸ ਘੇਰੇ ਵਿੱਚੋਂ ਬਚ ਨਿਕਲ ਕੇ ਮਾਸਟਰ ਕੋਲ ਠਹਿਰਿਆ ਸੀਉਸੇ ਰਾਤ ਪੁਲਿਸ ਨੇ ਮਾਸਟਰ ਨੂੰ ਫੜਨ ਲਈ ਛਾਪਾ ਮਾਰ ਲਿਆਮਾਸਟਰ ਤਾਂ ਪੁਲਿਸ ਦੇ ਹੱਥ ਨਾ ਲੱਗਿਆ ਪਰ ਪੁਲਿਸ ਨੇ ਮਾਸਟਰ ਕੋਲ ਬੈਠਣ ਵਾਲੀ ਸਾਰੀ ਮੁੰਡੀਹਰ ਇਕੱਠੀ ਕਰ ਲਈਪੁਲਿਸ ਤੋਂ ਡਰਦਾ ਉਹ ਪਿੰਡੋਂ ਫਰਾਰ ਹੋ ਗਿਆ ਕੁਝ ਸਮਾਂ ਲੁਧਿਆਣੇ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰਦਿਆਂ ਉਸ ਨੂੰ ਪਤਾ ਲੱਗਿਆ ਕਿ ਪੁਲਿਸ ਦੀ ਤੰਗ ਕੀਤੀ ਤੇ ਪੁੱਤ ਦੇ ਵਿਛੋੜੇ ਵਿੱਚ ਤੜਫਦੀ ਮਾਂ ਚੜ੍ਹਾਈ ਕਰ ਗਈਕੱਚਾ ਕੋਠੜਾ ਸ਼ਰੀਕਾਂ ਨੇ ਸਾਂਭ ਲਿਆ

ਰੇਲ ਗੱਡੀ ਫੜ ਉਹ ਦਿੱਲੀ ਰੇਲਵੇ ਸਟੇਸ਼ਨ ’ਤੇ ਜਾ ਉੱਤਰਿਆਰੇਲਵੇ ਸਟੇਸ਼ਨ ਨੇੜੇ ਤਾਂਗਿਆਂ ਦੇ ਅੱਡੇ ’ਤੇ ਘੋੜਿਆਂ ਦੀ ਲਿੱਦ ਚੁੱਕਣ ਤੋਂ ਲੈ ਕੇ ਰਾਜ ਮਿਸਤਰੀਆਂ ਨਾਲ ਕੰਮ ਕਰਦਿਆਂ ਉਹ ਪਹਾੜਗੰਜ ਦੇ ਇੱਕ ਢਾਬੇ ’ਤੇ ਮਜ਼ਦੂਰੀ ਕਰਨ ਲੱਗ ਪਿਆ ਕੋਈ ਅੱਗਾ ਪਿੱਛਾ ਨਾ ਹੋਣ ਕਰਕੇ ਇਹ ਢਾਬਾ ਉਸ ਦੀ ਦੁਨੀਆ ਬਣ ਗਿਆਉਸ ਨੇ ਮਾਲਕ ਤੋਂ ਕਦੇ ਤਨਖਾਹ ਵੀ ਨਾ ਮੰਗੀਕਈ ਵਰ੍ਹਿਆਂ ਪਿੱਛੋਂ ਉਸ ਦਾ ਨਾਂ ਵੀ ਢਾਬਾ ਮਾਲਕ ਦੇ ਪੁੱਤਰ ਵਜੋਂ ਰਾਸ਼ਨ ਕਾਰਡ ਵਿੱਚ ਲਿਖ ਲਿਆ ਗਿਆ

“ਬੱਸ ਆਹ ਹੋਟਲ ਤੇ ਮਕਾਨ ਸਭ ਉਸ ਮਾਲਕ ਦੀ ਦੇਣ ਐਂ ...।” ਉਸ ਨੇ ਸਾਹਮਣੀ ਕੰਧ ’ਤੇ ਲਟਕਦੀ ਫੁੱਲਾਂ ਦੇ ਹਾਰ ਵਾਲੀ ਫੋਟੋ ਵੱਲ ਹੱਥ ਜੋੜਦਿਆਂ ਕਿਹਾਢਾਬਾ ਮਾਲਕ ਨੇ ਉਸ ਨੂੰ ਪੁੱਤ ਬਣਾ ਕੇ ਆਪਣੀ ਰਿਸ਼ਤੇਦਾਰੀ ਵਿੱਚ ਹੀ ਇੱਕ ਨੇਪਾਲਨ ਕੁੜੀ ਨਾਲ ਵਿਆਹ ਦਿੱਤਾਢਾਬੇ ਤੋਂ ਹੋਟਲ ਅਤੇ ਸ਼ਾਨਦਾਰ ਮਕਾਨ ਦਾ ਮਾਲਕ ਬਣ ਚੁੱਕਿਆ ਸੋਮ ਲਾਲ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਖੁਸ਼ ਸੀ ਦੋ ਦਿਨ ਹੋਟਲ ਵਿੱਚ ਰਹਿਣ ਦੇ ਬਾਵਜੂਦ ਉਸ ਨੇ ਸਾਡੇ ਕੋਲੋਂ ਇੱਕ ਪੈਸਾ ਵੀ ਨਹੀਂ ਲਿਆਅਗਲੇ ਦਿਨ ਜਦੋਂ ਅਸੀਂ ਉਸ ਦੇ ਘਰ ਚਾਹ ਪੀਣ ਲਈ ਗਏ ਤਾਂ ਉਸ ਦੇ ਪੋਤਰੇ ਪੋਤਰੀਆਂ ਨੂੰ ਧੱਕੇ ਨਾਲ ਸ਼ਗਨ ਦੇ ਕੇ ਆਏਫਿਰ ਜਦੋਂ ਵੀ ਦਿੱਲੀ ਜਾਣਾ ਤਾਂ ਰਾਤ ਦਾ ਠਿਕਾਣਾ ਚਾਚੇ ਸੋਮੀ ਦੇ ਹੋਟਲ ਜਾਂ ਘਰੇ ਹੋਣਾ

ਤਿੰਨ ਦਿਨ ਟਿਕਰੀ ਬਾਰਡਰ ’ਤੇ ਚਾਚਾ ਸੋਮੀ ਮੋਰਚੇ ਦੀ ਸਟੇਜ ਤੋਂ ਆਗੂਆਂ ਦੇ ਭਾਸਣ ਪੂਰੇ ਗਹੁ ਨਾਲ ਸੁਣਦਾ ਰਿਹਾਉਹ ਹਰ ਨਾਅਰੇ ਦਾ ਬਾਂਹ ਚੁੱਕ ਕੇ ਜਵਾਬ ਦਿੰਦਾ। ਘਰ ਪਰਤਦਿਆਂ ਰਸਤੇ ਵਿੱਚ ਵੀ ਸਰਕਾਰ ਨੂੰ ਬੁਰਾ ਭਲਾ ਕਹਿੰਦਾ ਉਹ ਮੈਂਨੂੰ ਦਿੱਲੀ ਵਿੱਚ ਆਪਣੀ ਜਨਮ ਭੋਏਂ ਦੇ ਕਿਰਤੀਆਂ ਦਾ ਦੂਤ ਜਾਪਦਾ

ਉਸ ਦੇ ਮੁੰਡੇ ਰਵੀ ਨੇ ਦੱਸਿਆ ਕਿ ਮੋਰਚੇ ਤੋਂ ਸਾਡੇ ਵਾਪਸ ਪਰਤ ਆਉਣ ਪਿੱਛੋਂ ਵੀ ਉਹ ਅਕਸਰ ਮੋਰਚੇ ਵਿਚ ਗੇੜਾ ਮਾਰਦਾ ਰਿਹਾ ਸੀਡਾਕਟਰਾਂ ਮੁਤਾਬਿਕ ਉਸ ਦਾ ਬਲੱਡ ਪ੍ਰੈੱਸ਼ਰ ਵਧਣ ਕਰਕੇ ਅਧਰੰਗ ਦਾ ਅਟੈਕ ਹੋ ਗਿਆ

ਮੈਂਨੂੰ ਸਾਹਮਣੇ ਵੇਖ ਕੇ ਚਾਚੇ ਸੋਮੀ ਦੀਆਂ ਅੱਖਾਂ ਵਿੱਚੋਂ ਪਾਣੀ ਸਿੰਮ ਆਇਆਮੈਂ ਦੋਵੇਂ ਹੱਥਾਂ ਵਿੱਚ ਉਸ ਦਾ ਸੱਜਾ ਹੱਥ ਫੜ ਕੇ ਘੁੱਟਣਾ ਸ਼ੁਰੂ ਕਰ ਦਿੱਤਾ

“ਭਈਆ ਲਗਤਾ ਹੈ ਆਪ ਕੇ ਆਨੇ ਸੇ ਅਬ ਪਾਪਾ ਠੀਕ ਹੋ ਜਾਏਂਗੇ” ਚਾਚੇ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਵੇਖ ਕੇ ਕੋਲ ਖੜ੍ਹੇ ਰਵੀ ਦੇ ਚਿਹਰੇ ’ਤੇ ਵੀ ਰੌਣਕ ਆ ਗਈ

ਚਾਚੇ ਨੇ ਅੱਖਾਂ ਬੰਦ ਕਰਕੇ ਕੰਬਦੇ ਬੁੱਲ੍ਹਾਂ ਨਾਲ ਮੂੰਹ ਖੋਲ੍ਹਣ ਦਾ ਯਤਨ ਕੀਤਾਮੇਰੇ ਹੱਥ ਆਪਣਾ ਵਿੱਚੋਂ ਹੱਥ ਛੁਡਾ ਕੇ ਮੁੱਕਾ ਵੱਟਿਆ

“ ... … ਜ਼ਿੰਦਾਬਾਦ!” ਪੂਰੇ ਜ਼ੋਰ ਨਾਲ ਬਾਂਹ ਉੱਪਰ ਚੁੱਕ ਕੇ ਮਾਰਿਆ ਨਾਅਰਾ ਉਸ ਦੇ ਗਲੇ ਵਿੱਚ ਹੀ ਅਟਕ ਗਿਆ ਤੇ ਉਸ ਦਾ ਸਿਰ ਇੱਕ ਪਾਸੇ ਲਟਕ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3006)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)

More articles from this author