ParamjitKuthala7ਫਿਰ ਮੇਰੇ ਭਰਾ ਨੇ ਮੈਨੂੰ ਕਦੇ ਚਿੱਠੀ ਨਹੀਂ ਲਿਖੀ। ਪਤਾ ਨਹੀਂ ਕਿਉਂ ਮੈਂ ਹੁਣ ...
(8 ਮਈ 2018)

 

ਪਹਿਲਾਂ ਛਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਹਮਲਾ ਕਰਕੇ ਕੇਂਦਰੀ ਪੁਲਿਸ ਬਲ ਦੇ ਨੌ ਜਵਾਨਾਂ ਨੂੰ ਮਾਰ ਦਿੱਤਾ। ਕੁੱਝ ਦਿਨਾਂ ਬਾਅਦ ਹੀ ਮਹਾਰਾਸਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਅਧੀਨ ਬੋਰੀਆ ਜੰਗਲ ਅੰਦਰ ਸੁਰੱਖਿਆਂ ਬਲਾਂ ਨੇ 14 ਨਕਸਲੀ ਮਾਰ ਮੁਕਾਏ। ਟੈਲੀਵਿਯਨ ਉੱਪਰ ਨਸ਼ਰ ਹੋਈਆਂ ਇਨ੍ਹਾਂ ਖਬਰਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਮਾਰੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਇੱਕ ਸਹਾਇਕ ਥਾਣੇਦਾਰ ਤੇ ਇੱਕ ਹੌਲਦਾਰ ਸਮੇਤ ਸੱਤ ਸਿਪਾਹੀ ਸ਼ਾਮਿਲ ਸਨ। ਜਦਕਿ ਸੁਰੱਖਿਆਂ ਬਲਾਂ ਵੱਲੋਂ ਮਾਰ ਮੁਕਾਏ ਨਕਸਲੀਆਂ ਵਿੱਚ ਨਕਸਲੀ ਨੇਤਾ ਸਾਈਂਨਾਥ ਸਣੇ ਕਈ ਹਥਿਆਰਬੰਦ ਨਕਸਲੀ ਔਰਤਾਂ ਸ਼ਾਮਿਲ ਦੱਸੀਆਂ ਗਈਆਂ ਟੈਲੀਵਿਯਨ ਉੱਪਰ ਪੁਲਿਸ ਜਵਾਨਾਂ ਅਤੇ ਨਕਸਲੀਆਂ ਦੀਆਂ ਲਹੂ ਲੁਹਾਣ ਲਾਸ਼ਾਂ ਵੇਖ ਕੇ ਮੇਰੀਆਂ ਅੱਖਾਂ ਸਾਹਮਣੇ ਸੀ.ਆਰ.ਪੀ. ਐੱਫ. ਵਿੱਚ ਨੌਕਰੀ ਕਰਦੇ ਰਹੇ ਵੱਡੇ ਭਰਾ ਦਾ ਚਿਹਰਾ ਘੁੰਮਣ ਲੱਗਿਆ। ਬਾਪ ਦਾ ਛਾਇਆ ਬਚਪਨ ਵਿੱਚ ਹੀ ਸਿਰ ਤੋਂ ਉੱਠ ਜਾਣ ਪਿੱਛੋਂ ਚਾਰ ਭੈਣਾਂ ਦੀ ਵੱਡੀ ਕਬੀਲਦਾਰੀ ਅਤੇ ਸੱਤ ਅੱਠ ਜੀਆਂ ਦੇ ਟੱਬਰ ਦੀ ਰੋਟੀ ਦਾ ਸਾਰਾ ਬੋਝ ਉਸ ਇਕੱਲੇ ਦੀ ਨੌਕਰੀ ਉੱਪਰ ਨਿਰਭਰ ਸੀ। ਮੈਂ ਉਦੋਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਮੈਨੂੰ ਦਾਰਜੀਲਿੰਗ ਤੇ ਮੁਕਾਮਾਘਾਟ ਆਦਿ ਥਾਵਾਂ ਤੋਂ ਹਰ ਹਫਤੇ ਚਿੱਠੀ ਲਿਖਦਾ। ਉਸਦੀਆਂ ਚਿੱਠੀਆਂ ਵਿਚ ਉਨ੍ਹਾਂ ਇਲਾਕਿਆਂ ਦੇ ਭੌਤਿਕ ਹਾਲਾਤ ਦੇ ਨਾਲ ਨਾਲ ਨਿੱਤ ਰੋਜ਼ ਨਕਸਲਬਾੜੀਆਂ ਨਾਲ ਹੁੰਦੀਆਂ ਖੂਨੀ ਝੜਪਾਂ ਦਾ ਵਿਸਥਾਰਤ ਵਰਨਣ ਹੁੰਦਾ। ਵੱਡੇ ਭਰਾ ਦੀਆਂ ਚਿੱਠੀਆਂ ਪੜ੍ਹਕੇ ਨਕਸਲਬਾੜੀਆਂ ਦਾ ਮੇਰੇ ਦਿਮਾਗ ਅੰਦਰ ਨਕਸ਼ਾ ਰਾਮ ਲੀਲਾ ਵਿਚਲੇ ਰਾਖਸ਼ਾਂ ਵਰਗਾ ਬਣਿਆ ਹੋੲਆ ਸੀ। ਫਿਰ ਇੱਕ ਦਿਨ ਪਿੰਡ ਵਿਚ ਕਾਮਰੇਡਾਂ ਦੇ ਡਰਾਮੇ ਹੋਣੇ ਸਨ। ਡਰਾਮੇ ਕਰਵਾਉਣ ਵਾਲੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਿਲ ਪਿੰਡ ਦਾ ਇੱਕ ਮਾਸਟਰ ਮੈਨੂੰ ਡਰਾਮਿਆਂ ਵਾਲੀ ਸੱਥ ਨੇੜਲੇ ਇੱਕ ਘਰ ਵਿੱਚ ਬੈਠੇ ਐਨਕਾਂ ਵਾਲੇ ਮੋਨੇ ਆਦਮੀ ਕੋਲ ਲੈ ਗਿਆ। ‘ਆ ਤੈਨੂੰ ਇੱਕ ਬਹੁਤ ਵੱਡੀ ਹਸਤੀ ਨੂੰ ਮਿਲਾਉਨਾ। ਬੱਸ ਕਿਸੇ ਕੋਲ ਗੱਲ ਨ੍ਹੀ ਕਰਨੀ। ਇਹ ਅੰਡਰ ਗਰਾਊਂਡ ਕਾਮਰੇਡ ਆ।’ ਉਸ ਨੇ ਮਿਲਣ ਤੋਂ ਪਹਿਲਾਂ ਹੀ ਉਸ ਬਾਰੇ ਸੰਖੇਪ ਜਿਹੀ ਜਾਣ ਪਛਾਣ ਦੱਸ ਦਿੱਤੀ।

‘ਕਾਮਰੇਡ, ਆਹ ਮੁੰਡਾ ਜੀਹਨੇ ਸ਼ਹੀਦਾਂ ਦਾ ਗੀਤ ਲਿਖਿਆ ਤੇ ਕਹਾਣੀਆਂ ਲਿਖਦਾ ਐ।’ ਮਾਸਟਰ ਨੇ ਮੇਰੀ ਜਾਣ ਪਛਾਣ ਕਰਾਈ।

ਗੋਰੇ ਨਿਛੋਹ ਮੋਨੇ ਕਾਮਰੇਡ ਨੇ ਬੜੇ ਹੀ ਤਪਾਕ ਨਾਲ ਹੱਥ ਮਿਲਾਇਆ।

‘ਬਹੁਤ ਵਧੀਆ ਲਿਖਦਾ, ਇਹਨੂੰ ਮੀਟਿੰਗਾਂ ਵਿਚ ਲਿਆਇਆ ਕਰੋ।’ ਕਾਮਰੇਡ ਨੇ ਮੈਨੂੰ ਥਾਪੀ ਦਿੰਦਿਆਂ ਮਾਸਟਰ ਨੂੰ ਹਦਾਇਤ ਕੀਤੀ।

ਅਸਲ ਵਿੱਚ ਸੱਤਵੀਂ ਅੱਠਵੀਂ ਵਿਚ ਪੜ੍ਹਦਿਆਂ ਪਿੰਡ ਦੇ ਸ਼ਹੀਦਾਂ ਬਾਰੇ ਲਿਖਿਆ ਮੇਰਾ ਗੀਤ ਪਿੰਡ ਵਿੱਚ ਹੁੰਦੇ ਸਮਾਗਮਾਂ ਵਿੱਚ ਪੂਰੀ ਤਰ੍ਹਾਂ ਪਰਵਾਨ ਹੋ ਚੁੱਕਿਆ ਸੀ। ਪਿੰਡ ਵਿਚ ਕਿਸੇ ਮੰਤਰੀ ਜਾਂ ਅਫਸਰ ਨੇ ਆਉਣਾ ਹੁੰਦਾ, ਦਸ ਬਾਰਾਂ ਦਿਨ ਚਲਦੀ ਰਾਮ ਲੀਲਾ ਅਤੇ ਕਾਮਰੇਡਾਂ ਦੇ ਡਰਾਮਿਆਂ ਸਮੇਤ ਪਿੰਡ ਵਿੱਚ ਹੋਣ ਵਾਲਾ ਹਰ ਸਮਾਗਮ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਮੇਰੇ ਗੀਤ ਨਾਲ ਹੀ ਸ਼ੁਰੂ ਹੁੰਦਾ। ਮਾਣਕ ਦੀ ਕਲੀ ਦੀ ਤਰਜ਼ ’ਤੇ ਜਦੋਂ ਮਰਾਸ਼ੀਆਂ ਦਾ ਮੁੰਡਾ ਦੌਲਾ ਕੰਨ ’ਤੇ ਹੱਥ ਰੱਖ ਕੇ ਗੀਤ ਦੀ ਹੇਕ ਲਾਉਂਦਾ ਤਾਂ ਜਿਵੇਂ ਸਾਰੇ ਪੰਡਾਲ ਵਿਚ ਸੰਨਾਟਾ ਛਾਅ ਜਾਂਦਾ। ਗੀਤ ਦੀਆਂ ਆਖਰੀ ਲਾਇਨਾਂ ਵਿੱਚ ਫਿੱਟ ਕੀਤੇ ਮੇਰੇ ਨਾਂ ਨੂੰ ਦੌਲਾ ਬਾਰ ਬਾਰ ਦੁਹਰਾਉਂਦਾ। ਭਰੇ ਇਕੱਠ ਵਿੱਚ ਆਪਣਾ ਨਾਂ ਸੁਣ ਕੇ ਮੈਂ ਚੌੜਾ ਹੋ ਜਾਂਦਾ। ਬੱਸ ਇਸੇ ਗੀਤ ਕਾਰਨ ਮੈਂ ਕਾਮਰੇਡਾਂ ਦੀ ਨਜ਼ਰ ਚੜ੍ਹ ਗਿਆ। ਆਲੇ ਦੁਆਲੇ ਦੇ ਪਿੰਡਾਂ ਵਿਚ ਹੁੰਦੇ ਡਰਾਮਿਆਂ ਮੌਕੇ ਕਾਮਰੇਡ ਆਗੂਆਂ ਦੀਆਂ ਤਕਰੀਰਾਂ ਧੁਰ ਅੰਦਰ ਤੱਕ ਖੌਰੂ ਪਾਉਂਦੀਆਂ। ਪਿੰਡ ਵਿਚ ਮੱਘਰੀ ਕਾਮਰੇਡ ਦੀ ਡੇਅਰੀ ਪਿੱਛੇ ਬਣੇ ਦਲਾਣ ਵਿੱਚ ਜਾਂ ਸੁਰਜੀਤ ਗਿਆਨੀ ਦੀ ਮੋਟਰ ’ਤੇ ਬਾਹਰੋਂ ਆਏ ਅਣਪਛਾਤੇ ਕਾਮਰੇਡਾਂ ਦੀਆਂ ਮੀਟਿੰਗਾਂ ਵਿੱਚ ਮੈਨੂੰ ਵੀ ਸ਼ਾਮਿਲ ਕੀਤਾ ਜਾਣ ਲੱਗਿਆ। ਕਾਮਰੇਡਾਂ ਦੇ ਬੋਝਲ ਸ਼ਬਦਾਂ, ਪ੍ਰੋਲੇਤਾਰੀ, ਬੁਰਜੁਆਜੀ ਤੇ ਕਈ ਤਰ੍ਹਾਂ ਦੇ ਵਾਦਾਂ ਦੀ ਮੈਨੂੰ ਕੋਈ ਸਮਝ ਨਾ ਲਗਦੀ। ਮਾਰਕਸ, ਐਂਗਲਜ਼, ਲੈਨਿਨ, ਸਟਾਲਿਨ ਤੇ ਮਾਓ-ਜ਼ੇ ਤੁੰਗ ਵਰਗੇ ਨਾਂ ਪਹਿਲੀ ਬਾਰ ਸੁਣਨ ਨੂੰ ਮਿਲੇ।

ਇਹ ਤਾਂ ਮੈਨੂੰ ਕਈ ਵਰ੍ਹਿਆਂ ਬਾਅਦ ਪਤਾ ਲੱਗਿਆ ਕਿ ਕਾਮਰੇਡਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਵਾਲੇ ਪਿੰਡ ਦੇ ਦੂਜੇ ਅੱਠ ਦਸ ਬੰਦਿਆਂ ਵਿੱਚੋਂ ਵੀ ਕਿਸੇ ਨੂੰ ਜਗੀਰਦਾਰੀ, ਸਰਮਾਏਦਾਰੀ ਤੇ ਸਾਮਰਾਜ ਆਦਿ ਨਾਲ ਸਬੰਧਤ ਮੁੱਦਿਆਂ ਬਾਰੇ ਕੱਖ ਸਮਝ ਨਹੀਂ ਸੀ ਆਉਂਦੀ। ਬਾਹਰੋਂ ਆਏ ਕਾਮਰੇਡ ਬੰਦੂਕ ਦੀ ਨਾਲੀ ਵਿੱਚੋਂ ਇਨਕਲਾਬ ਕੱਢਣ ਦੀਆਂ ਯੁੱਧ ਨੀਤੀਆਂ ਅਤੇ ਵਿਰੋਧਤਾਈਆਂ ਬਾਰੇ ਚਰਚਾ ਕਰਦੇ। ਮੀਟਿੰਗ ਵੇਲੇ ਚੁੱਲ੍ਹੇ ਉੱਪਰ ਚਾਹ ਦਾ ਪਤੀਲਾ ਲਗਾਤਾਰ ਚੜ੍ਹਿਆ ਰਹਿੰਦਾ। ਘੇਰਾ ਬਣਾ ਕੇ ਬੈਠੇ ਕਾਮਰੇਡਾਂ ਦੇ ਵਿਚਾਲੇ ਇੱਕ ਜੁੱਤੀ ਰੱਖ ਲਈ ਜਾਂਦੀ। ਨੀਂਦ ਨੂੰ ਰੋਕਣ ਲਈ ਬਾਹਰੋਂ ਆਏ ਕਾਮਰੇਡ ਸਮੇਤ ਦੂਜੇ ਆਦਮੀ ਵੀ ਲਗਾਤਾਰ ਬੀੜੀਆਂ ਪੀਂਦੇ ਰਹਿੰਦੇ ਅਤੇ ਬੀੜੀਆਂ ਦੇ ਟੋਟਿਆਂ ਨਾਲ ਸਵੇਰ ਤੱਕ ਜੁੱਤੀ ਭਰ ਜਾਂਦੀ। ਮਜਦੂਰਾਂ ਵਿੱਚੋਂ ਇੱਕਲਾ ਮੈਂ ਹੀ ਹੁੰਦਾ। ਮੇਰੇ ਘਰ ਦੀ ਹਾਲਤ ਜਾਣ ਕੇ ਕਾਮਰੇਡ ਮੇਰੀ ਤੁਲਨਾ ਗੋਰਕੀ ਦੇ ਨਾਵਲ ਮਾਂ ਵਿਚਲੇ ਪਾਵੇਲ ਨਾਲ ਕਰਕੇ ਮੈਨੂੰ ਵਡਿਆਉਂਦੇ। ਕਾਮਰੇਡਾਂ ਦੀਆਂ ਗੱਲਾਂ ਸੁਣ ਕੇ ਇੰਝ ਲਗਦਾ ਕਿ ਬੱਸ ਦੋ ਚਾਰ ਦਿਨਾਂ ਬਾਅਦ ਇਨਕਲਾਬ ਹੋ ਜਾਵੇਗਾ ਅਤੇ ਸਾਰੀਆਂ ਊਚ ਨੀਚਾਂ ਖਤਮ ਹੋ ਜਾਣਗੀਆਂ।

ਪਿੰਡ ਦੇ ਕਈ ਮੁੰਡੇ ਇੱਕਠੇ ਹੋ ਕੇ ਰਾਤਾਂ ਨੂੰ ਪਿੰਡ ਦੀਆਂ ਕੰਧਾਂ ਉੱਪਰ ਲਾਲ ਰੰਗ ਨਾਲ ਨਾਅਰੇ ਲਿਖਦੇ। ਕੁੱਝ ਸਮੇਂ ਬਾਅਦ ਹੀ ਪਿੰਡ ਵਿਚ ਆਮ ਲੋਕ ਸਾਨੂੰ ਲਾਲ ਸਲਾਮ ਵਾਲੇ ਕਹਿਣ ਲੱਗ ਪਏ। ਘਰ ਆ ਕੇ ਮੈਂ ਅਜੀਬ ਜਿਹੀ ਦੁਬਿਧਾ ਵਿੱਚ ਉਲਝ ਜਾਂਦਾ। ਕੇਂਦਰੀ ਪੁਲਿਸ ਵਿੱਚ ਭਰਤੀ ਵੱਡੇ ਭਰਾ ਦੀਆਂ ਚਿੱਠੀਆਂ ਵਿੱਚ ਨਕਸਲਬਾੜੀਆਂ ਨਾਲ ਹੁੰਦੇ ਮੁਕਾਬਲਿਆਂ ਦੀ ਚਰਚਾ ਮੈਨੂੰ ਬੇਚੈਨ ਕਰਦੀ ਰਹਿੰਦੀ। ਉਹ ਮੈਨੂੰ ਹੋਰ ਵਧੇਰੇ ਮਿਹਨਤ ਨਾਲ ਪੜ੍ਹਨ ਅਤੇ ਵੱਡਾ ਅਫਸਰ ਬਣਨ ਦੀਆਂ ਸਲਾਹਾਂ ਦਿੰਦਾ। ਮੈਨੂੰ ਪੂਰੀ ਤਰ੍ਹਾਂ ਯਾਦ ਹੈ ਜਦੋਂ ਛੁੱਟੀ ਕੱਟਣ ਆਏ ਭਰਾ ਨੇ ਪਹਿਲੀ ਬਾਰ ਮੇਰੀ ਕਿਤਾਬਾਂ ਵਾਲੀ ਕੋਠੜੀ ਵਿੱਚੋਂ ਖੱਬੇ ਪੱਖੀ ਕਿਤਾਬਾਂ ਤੇ ਹੋਰ ਸਾਹਿਤ ਚੁੱਕ ਕੇ ਗਲੀ ਵਿੱਚ ਅੱਗ ਲਾ ਦਿੱਤੀ ਸੀ। ਉਹ ਬਹੁਤ ਦੁਖੀ ਸੀ। ਮੈਨੂੰ ਲੱਗਿਆ ਕਿ ਮੈਂ ਉਸ ਦੇ ਸਾਰੇ ਸੁਪਨੇ ਰਾਖ ਕਰ ਦਿੱਤੇ ਸਨ।

ਮੈਨੂੰ ਕਾਮਰੇਡਾਂ ਦੀ ਵਿਚਾਰਧਾਰਾ ਨਾਲ ਜਿਵੇਂ ਇਸ਼ਕ ਹੋ ਗਿਆ ਸੀ ਪਰੰਤੂ ਘਰ ਪਰਿਵਾਰ ਨੂੰ ਪਾਲਣ ਤੇ ਭੈਣਾਂ ਭਰਾਵਾਂ ਨੂੰ ਪੜ੍ਹਾਉਣ ਵਾਲੇ ਭਰਾ ਨੂੰ ਧੋਖਾ ਵੀ ਨਹੀਂ ਦਿੱਤਾ ਜਾ ਸਕਦਾ ਸੀ। ਆਪਣੇ ਅੰਦਰਲੀ ਦੁਬਿੱਧਾ ਬਾਰੇ ਮੈਂ ਜਦੋਂ ਗੁਆਂਢੀ ਪਿੰਡ ਦੇ ਇੱਕ ਕਾਮਰੇਡ ਨਾਲ ਗੱਲ ਸਾਂਝੀ ਕੀਤੀ ਤਾਂ ਉਸ ਨੇ ਕੇਂਦਰੀ ਪੁਲਿਸ ਵਿਚ ਨੌਕਰੀ ਕਰ ਰਹੇ ਭਰਾ ਨੂੰ ਹਕੂਮਤੀ ਮਸ਼ੀਨਰੀ ਦਾ ਇੱਕ ਪੁਰਜ਼ਾ ਦੱਸਦਿਆਂ ਸਲਾਹ ਦਿੱਤੀ ਕਿ ਕਾਲਜ ਦੀ ਮੈਡੀਕਲ ਪੜ੍ਹਾਈ ਛੱਡ ਕੇ ਜੇ.ਬੀ.ਟੀ. ਦੇ ਕੋਰਸ ਵਿੱਚ ਦਾਖਲਾ ਲੈ ਲਿਆ ਜਾਵੇ ਅਤੇ ਜਲਦੀ ਅਧਿਆਪਕ ਦੀ ਨੌਕਰੀ ਹਾਸਿਲ ਕਰਕੇ ਭਰਾ ਦੀ ਨੌਕਰੀ ਉੱਪਰ ਨਿਰਭਰਤਾ ਤੋਂ ਛੁਟਕਾਰਾ ਪਾ ਲਿਆ ਜਾਵੇ।

ਪੜ੍ਹਾਈ ਵਾਲੇ ਪਾਸਿਓਂ ਮੇਰੇ ਪੈਰ ਉੱਖੜ ਗਏ। ਮੈਨੂੰ ਅਫਸਰ ਬਣਿਆਂ ਵੇਖਣ ਦੇ ਵੱਡੇ ਭਰਾ ਦੇ ਸੁਪਨੇ ਟੁੱਟ ਚੁੱਕੇ ਸਨ। ਮੈਡੀਕਲ ਦੀ ਪੜ੍ਹਾਈ ਛੱਡਕੇ ਮੈਂ ਜੇ.ਬੀ.ਟੀ. ਦੇ ਕੋਰਸ ਵਿੱਚਚ ਦਾਖਲਾ ਲੈ ਲਿਆ। ਫਿਰ ਮੇਰੇ ਭਰਾ ਨੇ ਮੈਨੂੰ ਕਦੇ ਚਿੱਠੀ ਨਹੀਂ ਲਿਖੀ। ਪਤਾ ਨਹੀਂ ਕਿਉਂ ਮੈਂ ਹੁਣ ਵੀ ਸੋਚਦਾ ਹਾਂ ਕਿ ਜੇ ਕਾਮਰੇਡਾਂ ਦੀਆਂ ਮੀਟਿੰਗਾਂ ਤੇ ਖੱਬੇਪੱਖੀ ਸਾਹਿਤ ਨਾਲ ਵਾਹ ਨਾ ਪਿਆ ਹੁੰਦਾ ਤਾਂ ਮੈਂ ਵੱਡੇ ਭਰਾ ਦੀ ਇੱਛਾ ਮੁਤਾਬਕ ਕੋਈ ਅਫਸਰ ਤਾਂ ਜ਼ਰੂਰ ਬਣ ਜਾਂਦਾ ਪਰੰਤੂ ਮੈਨੂੰ ਚੰਗੇ ਮਾੜੇ ਦੀ ਪਰਖ ਕਰਨ ਅਤੇ ਸਮਾਜ ਨੂੰ ਸਮਝਣ ਦੀ ਜੁਗਤ ਵਿਧੀ ਦਾ ਇਲਮ ਨਾ ਹੋ ਸਕਦਾ।

ਵੱਡਾ ਭਰਾ ਹੁਣ ਸੇਵਾ ਮੁਕਤ ਹੋ ਕੇ ਸਹੀ ਸਲਾਮਤ ਘਰ ਪਰਤ ਆਇਆ ਹੈ ਪਰੰਤੂ ਪਤਾ ਨਹੀਂ ਕਿਉਂ ਮੈਨੂੰ ਸੁਕਮਾ ਵਿੱਚ ਮਾਰੇ ਗਏ ਜਵਾਨਾਂ ਅਤੇ ਗੜ੍ਹ ਚਿਰੌਲੀ ਵਿੱਚ ਮਾਰੇ ਗਏ ਨਕਸਲੀਆਂ ਵਿੱਚੋਂ ਆਪਣਾ ਭਰਾ ਤੇ ਆਪਣਾ ਆਪ ਵਿਖਾਈ ਦੇ ਰਿਹਾ ਹੈ।

*****

(1144)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)