JagjitSkanda7ਸਾਡੇ ਦੇਸ਼ ਵਿੱਚ ਰੋਜ਼ਾਨਾ ਅਜਿਹੀਆਂ ਰਿਸ਼ਵਤਖੋਰੀ ਦੀਆਂ ਘਟਨਾਵਾਂ ...
(2 ਦਸੰਬਰ 2017)

 

ਇਤਿਹਾਸ ਅਨੁਸਾਰ ਭਾਰਤ ਦੇਸ਼ ਦੇ ਸਰਮਾਏ ਨੂੰ ਲੁੱਟਣ ਲਈ ਪਹਿਲਾਂ ਤਾਂ ਧਾੜਵੀ ਬਾਹਰੋਂ ਆਉਂਦੇ ਹੁੰਦੇ ਸਨ ਪਰੰਤੂ ਅੱਜ ਅਥਿਤੀ ਬਿਲਕੁਲ ਵਿਪਰੀਤ ਹੈ ਲੁੱਟਣ ਵਾਲੇ ਬੇਗਾਨੇ ਨਹੀਂ ਸਗੋਂ ਆਪਣੇ ਹੀ ਹਨ, ਜੋ ਜੋਕਾਂ ਦੀ ਤਰ੍ਹਾਂ ਦੇਸ਼ ਨੂੰ ਚਿੰਬੜੇ ਹੋਏ ਹਨ ਠੀਕ ਉਸੇ ਤਰ੍ਹਾਂ ਜਿਵੇਂ ਜੋਕ ਖੂਨ ਚੂਸ-ਚੂਸ ਕੇ ਜਦੋਂ ਕਾਫੀ ਮੋਟੀ ਹੋ ਜਾਂਦੀ ਹੈ ਤਦ ਹੀ ਆਦਮੀ ਨੂੰ ਪਤਾ ਲੱਗਦਾ ਹੈ, ਉਦੋਂ ਤੱਕ ਉਹ ਇੱਕ ਜਖਮ ਬਣਾ ਚੁੱਕੀ ਹੁੰਦੀ ਹੈ।

ਬਾਹਰ ਵਾਲੇ ਜਦੋਂ ਲੁੱਟਣ ਆਉਂਦੇ ਸਨ ਤਾਂ ਲੋਕਾਂ ਵਿੱਚ ਹਾਹਾਕਾਰ ਮੱਚ ਜਾਂਦੀ ਸੀ ਪਰੰਤੂ ਇਹ ਲੁਟੇਰੇ ਸਮਝਦਾਰੀ ਨਾਲ ਲੁੱਟਦੇ ਹਨਇਹ ਦੋ ਕੰਮ ਕਰਦੇ ਹਨ, ਪਹਿਲਾਂ ਲੁੱਟਦੇ ਹਨ, ਫਿਰ ਕੁੱਟਦੇ ਹਨ; ਤੀਜਾ ਇਹ ਰੋਣ ਵੀ ਨਹੀਂ ਦਿੰਦੇ ਲੋਕੋ! ਬੰਦਾ ਕਰੇ ਤਾਂ ਕਰੇ ਕੀ? ਮਦਦ ਕਰਨ ਵਾਲੇ ਵਿਰਲੇ ਹੀ ਹਨ ਰਿਸ਼ਵਤਖੋਰਾਂ ਦਾ ਪੂਰੇ ਭਾਰਤਵਰਸ਼ ਅੰਦਰ ਅੱਜ ਬੋਲਬਾਲਾ ਹੈ ਕਾਰਨ? ਅਮੀਰਾਂ ਕੋਲ ਪੈਸਾ ਬੇਹਿਸਾਬਾ ਹੈ, ਮੱਧ ਵਰਗ ਅਮੀਰ ਹੋਣ ਦੇ ਚੱਕਰ ਵਿੱਚ ਲਟਕ ਰਿਹਾ ਹੈਮੱਧ ਵਰਗ ਨਾ ਤਾਂ ਖੁਦ ਰਿਸ਼ਵਤ ਖੋਰਾਂ ਕੋਲੋਂ ਬਚ ਸਕਦਾ ਹੈ ਤੇ ਨਾ ਹੀ ਕਿਸੇ ਨੂੰ ਬਚਾ ਸਕਦਾ ਹੈ ਰਹੀ ਗੱਲ ਗਰੀਬ ਦੀ, ਕੋਈ ਨੇੜੇ ਹੀ ਨਹੀਂ ਲੱਗਣ ਦਿੰਦਾ ਸਰਕਾਰੀ ਦਫਤਰਾਂ ਅੰਦਰ ਗਰੀਬਾਂ ਦੀਆਂ ਫਾਇਲਾਂ ਨੂੰ ਮੈਂ ਖੁਦ ਦੇਖਿਆ ਹੈ, ਚਾਰ ਅੱਖਰ ਲਿਖਣ ਦੀ ਬਜਾਏ ਕਲਰਕ ਪਾਤਸ਼ਾਹ ਵਗਾਹ ਵਗਾਹ ਕੇ ਮਾਰਦੇ ਹਨ, ਆਹ ਨਹੀਂ ਲਿਖਿਆ, ਔਹ ਨਹੀਂ ਕਰਾਇਆ ਕੋਈ ਪੁੱਛੇ, ਸਰਕਾਰ ਨੇ ਤੈਨੂੰ ਕਿਸ ਕੰਮ ਲਈ ਕੁਰਸੀ ਦਿੱਤੀ ਹੈ? ਬੱਸ ਫਿਰ ਕੋਈ ਜਵਾਬ ਨਹੀਂ। ਗੱਲ ਸਿਰਫ ਮਾਇਆ ਦੀ ਹੈ ਸਾਰੇ ਸਬਰ ਤੇ ਬੰਨ੍ਹ ਪੈਸੇ ਦੇ ਲਾਲਚ ਵਿੱਚ ਟੁੱਟ ਗਏ ਹਨ।

ਇਹ ਸਾਰੀਆਂ ਰਿਸ਼ਵਤਖੋਰੀ ਦੀਆਂ ਕੰਧਾਂ ਉੱਪਰਲੇ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਉੱਸਰ ਕੇ ਮਜ਼ਬੂਤ ਹੋ ਰਹੀਆਂ ਹਨ ਇਸ ਹਮਾਮ ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਭ ਨੰਗੇ ਹਨ ‘ਕੌਣ ਆਖੇ ਰਾਣੀ ਅੱਗਾ ਢਕ’ ਜਿਹੜਾ ਅੱਗਾ ਢਕਣ ਨੂੰ ਕਹਿ ਦਿੰਦਾ ਹੈ, ਉਸ ਨੂੰ ਘੱਟੋ ਘੱਟ ਇੱਕ ਝੂਠੇ ਪਰਚੇ ਦੇ ਇਨਾਮ ਨਾਲ ਨਿਵਾਜਿਆ ਜਾਂਦਾ ਹੈ ਜੇਕਰ ਉਹ ਸਾਰੇ ਪਾਸਿਓਂ ਜਰਵਾਣਾ ਹੈ ਤਾਂ ਇਹ ਸੁਣਨ ਨੂੰ ਮਿਲਦਾ ਹੈ - ਤੁਸੀ ਕੰਮ ਦਸੋ ਜੀ, ਹੁਣੇ ਕਰਕੇ ਦਿੰਦੇ ਹਾਂ ਇਹ ਤਾਂ ਜੀ ਅਨਪੜ੍ਹ ਹਨ, ਇਨ੍ਹਾਂ ਨੂੰ ਕੁਝ ਪਤਾ ਨਹੀਂ ਹੈ। ਅੱਜ ਗੱਲ ਰਿਸ਼ਵਤਖੋਰੀ ਦੇ ਨਾਲ-ਨਾਲ ਵਕਤ ਦੀ ਵੀ ਹੈ ਜਿਹੜਾ ਵਿਅਕਤੀ ਸਮਾਜ ਲਈ ਦਿਲੋਂ ਕੁਝ ਕਰਨਾ ਚਾਹੁੰਦਾ ਹੈ, ਉਸ ਕੋਲ ਸਮੇਂ ਦੀ ਬਹੁਤ ਘਾਟ ਹੈ, ਸਮਾਜ ਸੁਧਾਰਕ ਤਾਂ 24 ਘੰਟੇ ਵਿਹਲਾ ਹੋ ਹੀ ਨਹੀਂ ਸਕਦਾ।

ਇੱਥੇ ਮੈਂ ਇੱਕ ਸੱਚੀ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਮੈਂ ਇੱਕ ਦਿਨ ਕਿਸੇ ਦੋਸਤ ਕੋਲ ਆਪਣਾ ਆਰਟੀਕਲ ਟਾਈਪ ਕਰਵਾਉਣ ਗਿਆ ਉੱਥੇ ਇੱਕ ਬਜ਼ੁਰਗ ਫਾਈਲ ਲੈ ਕੇ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਮੇਰੇ ਰਾਸ਼ਨ ਕਾਰਡ ਵਿੱਚ ਮੇਰੀ ਲੜਕੀ ਦਾ ਨਾਮ ਦਰਜ ਕਰ ਦੇ ਉਸ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਰ ਸਕਦਾ ਪਰੰਤੂ ਅਸਲ ਵਿੱਚ ਇਸਦਾ ਕਾਰਨ ਕੀ ਹੈ? ਬਜ਼ੁਰਗ ਨੇ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਨਾਮ ਨਵੇਂ ਰਾਸ਼ਨ ਕਾਰਡ ਵਿੱਚ ਕਿਸੇ ਕਾਰਨ ਦਰਜ ਕਰਵਾਉਣਾ ਭੁੱਲ ਗਿਆ ਹੁਣ ਹਫਤਾ ਪਹਿਲਾਂ ਮੈਂ ਉਸਦੀ ਸ਼ਾਦੀ ਕਰ ਦਿੱਤੀ ਹੈ ਤੇ ਸ਼ਗਨ ਸਕੀਮ ਤਹਿਤ ਸਰਕਾਰ ਵੱਲੋਂ ਪੈਸੇ ਲੈਣੇ ਹਨ।  ਦਫਤਰਾਂ ਵਿੱਚ ਕਈ ਚੱਕਰ ਕੱਟ ਕੇ ਥੱਕ ਚੁੱਕਾ ਹਾਂ। ਕੋਈ ਕਿਸੇ ਪਾਸੇ ਭੇਜ ਦਿੰਦਾ ਹੈ, ਤੇ ਕੋਈ ਕਿਸੇ ਪਾਸੇ। ਅਸਲ ਗੱਲ ਵਿੱਚੋਂ ਕੁਝ ਹੋਰ ਹੈ ਇੱਕ ਦਫਤਰ ਵਿੱਚ ਦਲਾਲ ਟਾਈਪ ਬੰਦਾ ਮਿਲਿਆ ਸੀ ਤੇ ਕਹਿੰਦਾ, ਬਾਪੂ, ਐਨੇ ਰੁਪਏ ਲੱਗਣਗੇ, ਸਗਨ ਸਕੀਮ ਤਾਂ ਤੇਰੇ ਘਰ ਭੱਜੀ ਆਊ ਮੈਂ ਕਿਹਾ, ਪੁੱਤਰਾ, ਕੁੜੀ ਦਾ ਵਿਆਹ ਤਾਂ ਕਰਜਾ ਚੁੱਕ ਕੇ ਕੀਤਾ ਹੈ, ਮੇਰੇ ਕੋਲ ਪੈਸੇ ਕਿੱਥੇ? ਉਹ ਕਹਿੰਦਾ, ਤਾਂ ਫਿਰ ਤੁਰਿਆ ਫਿਰ।

ਗੱਲ ਕੀ, ਹਰ ਪਾਸੇ ਹਰੇਕ ਦਫਤਰ ਵਿੱਚ ਹੇਠੋਂ ਲੈ ਕੇ ਉੱਪਰ ਤੱਕ, ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਬੱਸ ਇੱਕੋ ਹੀ ਗੱਲ ਰਿਸ਼ਵਤਖੋਰੀ ਨਾਲ ਰੁਪਏ ਕਿੱਦਾਂ ਬਣਾਏ ਜਾਣ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਜਦੋਂ ਸਾਡੇ ਆਧਾਰ ਕਾਰਡ ਨੂੰ ਹਰੇਕ ਚੀਜ਼ ਨਾਲ ਲਿੰਕ ਕਰ ਦਿੱਤਾ ਤਾਂ ਮੈਂ ਸਮਝਦਾ ਹਾਂ ਕਿ ਹੋਰ ਕਿਸੇ ਆਈ.ਡੀ. ਪਰੂਫ ਦੀ ਅੱਜ ਦੇ ਸਮੇਂ ਅੰਦਰ ਜ਼ਰੂਰਤ ਤਕਰੀਬਨ ਖਤਮ ਹੀ ਹੋ ਗਈ ਹੈ ਸ਼ਗਨ ਸਕੀਮ ਲਈ ਵੈਸੇ ਵੀ ਰਾਸ਼ਨ ਕਾਰਡ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੈ ਫਿਰ ਵੀ ਜੇਕਰ ਕੋਈ ਲੋੜ ਪੈਂਦੀ ਹੈ ਤਾਂ ਉਸ ਆਦਮੀ ਕੋਲੋਂ ਹਲਫੀਆ ਬਿਆਨ ਜਾਂ ਸਵੈ-ਘੋਸ਼ਣਾ ਪੱਤਰ ਲਿਆ ਜਾ ਸਕਦਾ ਹੈ ਅਜਿਹਾ ਇਸ ਲਈ ਨਹੀਂ ਕੀਤਾ ਜਾਂਦਾ ਕਿ ਦਫਤਰ ਆਏ ਹੋਏ ਆਦਮੀ ਦੀ ਜੇਬ ’ਤੇ ਡਾਕਾ ਫਿਰ ਕਿਵੇਂ ਵੱਜੇਗਾ? ਰਿਸ਼ਵਤ ਖੋਰੀ ਅੱਜ ਦੇ ਸਮੇਂ ਅੰਦਰ ਸਾਡੀ ਨਸ-ਨਸ ਵਿੱਚ ਧਸ ਚੁੱਕੀ ਹੈ, ਜਿਸ ਨਾਲ ਅਸੀਂ ਦੂਸਰੇ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਪੈਸੇ ਲੈਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਣ ਲੱਗ ਪਏ ਹਾਂ।

ਇਹ ਤਾਂ ਸੀ ਸਿਰਫ ਇੱਕ ਦਫਤਰ ਤੇ ਇੱਕ ਬਜ਼ੁਰਗ ਦੀ ਕਹਾਣੀ, ਸਾਡੀ ਰੋਜ਼ਮਰਾ ਦੀ ਜ਼ਿੰਦਗੀ ਅੰਦਰ ਸਾਡੇ ਦੇਸ਼ ਵਿੱਚ ਰੋਜ਼ਾਨਾ ਅਜਿਹੀਆਂ ਰਿਸ਼ਵਤਖੋਰੀ ਦੀਆਂ ਘਟਨਾਵਾਂ ਲੱਖਾਂ ਦੀ ਤਾਦਾਦ ਵਿੱਚ ਵਾਪਰ ਰਹੀਆਂ ਹਨ ਸਾਡੀਆਂ ਸਰਕਾਰਾਂ ਸੁਬਾਹ ਤੋਂ ਸ਼ਾਮ ਤੱਕ ਰਿਸ਼ਵਤਖੋਰੀ ਦੇ ਖਿਲਾਫ ਸਿਰਫ ਆਪਣੇ ਫੋਕੇ ਬਿਆਨ ਦਾਗਣ ਵਿੱਚ ਮਸਰੂਫ ਹਨ, ਪਰੰਤੂ ਭ੍ਰਿਸ਼ਟਾਚਾਰ ਉਹਨਾਂ ਦੇ ਨੱਕ ਥੱਲੇ ਲਗਾਤਾਰ ਵੇਲ ਵਾਂਗੂ ਵਧ ਫੁੱਲ ਰਿਹਾ ਹੈ ਇਸ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਸਾਡੇ ਕਾਫੀ ਨੇਤਾ ਲੋਕ ਗਲ ਤੱਕ ਡੁੱਬ ਚੁੱਕੇ ਹਨ ਅੱਜ ਮੇਰੇ ਦੇਸ਼ ਦੀ ਨੌਜਵਾਨ ਪੀੜ੍ਹੀ ਜੋ ਕਿ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਦੇ ਨੈੱਟਵਰਕ ਨੂੰ ਸਰਚ ਕਰਨ ਵਿੱਚ ਖਰਾਬ ਕਰਕੇ ਆਪਣੇ ਆਪ ਨੂੰ ਬਹੁਤ ਪੜ੍ਹੇ ਲਿਖੇ ਤੇ ਅਗਾਂਹ ਵਧੂ ਸੋਚ ਰੱਖਣ ਵਾਲੀ ਦੱਸਣ ਲਈ ਖਰਚ ਕਰ ਰਹੀ ਹੈ, ਨੂੰ ਇਸ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਦੇਸ਼ ਵਿਆਪੀ ਲਹਿਰ ਚਲਾ ਕੇ ਉਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਸਖਤ ਜ਼ਰੂਰਤ ਹੈ ਨਾਲ-ਨਾਲ ਮੈਂ ਆਪਣੇ ਦੇਸ਼ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦਾ ਹਾਂ ਕਿ ਜਦ ਤੱਕ ਅਸੀਂ ਇਸ ਭ੍ਰਿਸ਼ਟਾਚਾਰ ਦੀਆਂ ਮਜ਼ਬੂਤ ਕੰਧਾਂ ਨੂੰ ਆਪਣਾ ਯੋਗਦਾਨ ਪਾ ਕੇ ਢਾਹੁੰਦੇ ਨਹੀਂ ਤਾਂ ਅਸੀਂ ਵੀ ਸਭ ਇਸ ਲਈ ਜ਼ਿੰਮੇਵਾਰ ਹਾਂ।

ਜੇਕਰ ਅੱਜ ਅਸੀਂ ਆਪਣੇ ਦੇਸ਼  ਨੂੰ ਰਿਸ਼ਵਤਖੋਰੀ ਦੇ ਚੁੰਗਲ ਵਿੱਚੋਂ ਕੱਢਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਰਤ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੋਵੇਗਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਮੈਨੂੰ ਮੇਰੇ ਲਿਖਣ ਦੀ ਕਲਾ ਦੇ ਉਸਤਾਦ ਕੋਲੋਂ ਸੁਣਨ ਨੂੰ ਮਿਲੀ ਉਹਨਾਂ ਦੇ ਸਕੇ ਤਾਏ ਦਾ ਲੜਕਾ ਕਾਫੀ ਸਮੇਂ ਤੋਂ ਅਮਰੀਕਾ ਵਿੱਚ ਪੱਕੇ ਤੌਰ ’ਤੇ ਰਹਿ ਰਿਹਾ ਸੀ ਤੇ ਉਸ ਦੇ ਬੱਚੇ ਅਮਰੀਕਾ ਦੇ ਜੰਮਪਲ ਹਨ ਜਦੋਂ ਉਸ ਲੜਕੇ ਦਾ ਬਾਪ ਅਮਰੀਕਾ ਆਪਣੇ ਲੜਕੇ ਦੇ ਪ੍ਰੀਵਾਰ ਨੂੰ ਮਿਲਣ ਗਿਆ ਤਾਂ ਇੱਕ ਦਿਨ ਉਸ ਦੀ ਪੋਤਰੀ ਆਪਣੇ ਦਾਦਾ ਜੀ ਨੂੰ ਬਜ਼ਾਰੋ ਸਾਮਾਨ ਖਰੀਦਣ ਇਸ ਲਈ ਨਾਲ ਲੈ ਕੇ ਗਈ ਕਿ ਮੈਂ ਤੁਹਾਨੂੰ ਬਾਜ਼ਾਰ ਦੀ ਸੈਰ ਕਰਵਾਂਵਾਗੀ ਉਸ ਪੋਤਰੀ ਦੀ ਉਮਰ ਤਕਰੀਬਨ 10-12 ਸਾਲ ਹੀ ਸੀ।

ਸਟੋਰ ਵਿੱਚੋਂ ਉਹਨਾਂ ਨੇ ਇੱਕ ਟਮਾਟੋ ਸੋਸ ਦੀ ਬੋਤਲ ਖਰੀਦਣੀ ਸੀ ਦਾਦਾ ਜੀ ਥੋੜ੍ਹੇ ਬਜ਼ੁਰਗ ਹੋਣ ਕਰਕੇ ਉਹਨਾਂ ਕੋਲੋਂ ਬੋਤਲ ਦੇਖਣ ਲੱਗਿਆਂ ਫਰਸ਼ ’ਤੇ ਡਿੱਗ ਕੇ ਟੁੱਟ ਗਈ ਉਹਨਾਂ ਦੀ ਪੋਤਰੀ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਤੁਰੰਤ ਪਹਿਲਾਂ ਟੁੱਟੀ ਬੋਤਲ ਦੇ ਪੈਸੇ ਕੈਸ਼ ਕਾਊਟਰ ’ਤੇ ਜਮ੍ਹਾਂ ਕਰਵਾਓ ਪਰੰਤੂ ਦਾਦਾ ਭਾਰਤੀ ਕਲਚਰ ਦਾ ਹੋਣ ਕਰਕੇ ਕਹਿਣ ਲੱਗਾ ਕਿ ਬਾਅਦ ਵਿੱਚ ਸਾਰੇ ਸਾਮਾਨ ਦੇ ਨਾਲ ਇਕੱਠੇ ਜਮ੍ਹਾਂ ਕਰਵਾ ਦਿਆਂਗੇ ਪਰੰਤੂ ਪੋਤਰੀ ਦੀ ਸਿੱਖਿਆ ਪ੍ਰਣਾਲੀ ਦਾ ਸਾਡੇ ਮੁਲਕ ਨਾਲੋਂ ਅੰਤਰ ਹੋਣ ਕਰਕੇ ਉਸ ਨੇ ਕਿਹਾ ਕਿ ਦਾਦਾ ਜੀ ਤੁਸੀਂ ਚੀਟਿੰਗ ਕਰ ਰਹੇ ਹੋ ਦੋਸਤੋ, ਇੱਕਲਾ ਮੈਂ ਨਹੀਂ ਚਾਹੁੰਦਾ ਕਿ ਸਿੱਖਿਆ ਪ੍ਰਣਾਲੀ ਬਾਹਰਲੇ ਮੁਲਕਾਂ ਦੀ ਤਰਜ਼ ’ਤੇ ਹੋਵੇ, ਸਾਰੇ ਦੇਸ਼ ਦੇ ਨਾਗਰਿਕ ਚਾਹੁੰਦੇ ਹਨ ਗੱਲ ਫਿਰ ਮੁੜ ਕੇ ਆਉਂਦੀ ਹੈ ‘ਬਿੱਲੀ ਦੇ ਗਲ ਟੱਲੀ ਬੰਨ੍ਹੇ ਕੌਣ’ ਜੇਕਰ ਅਸੀਂ ਸਾਰੇ ਰਲ ਮਿਲ ਕੇ ਬਿੱਲੀ ਦੇ ਗੱਲ ਟੱਲੀ ਬੰਨ੍ਹਣ ਵਿੱਚ ਕਾਮਯਾਬ ਹੋ ਗਏ ਤਾਂ ਸਮਝੋ ਉਹ ਦਿਨ ਦੂਰ ਨਹੀਂ ਹਦੋਂ ਸਾਡਾ ਇਹ ਦੇਸ਼ ਭ੍ਰਿਸ਼ਟਾਚਾਰ ਦੇ ਇਸ ਦ੍ਰਖਤ ਨੂੰ ਜੜ੍ਹੋਨ ਪੱਟਣ ਵਿੱਚ ਦੇਰ ਨਹੀਂ ਲਾਵੇਗਾ।

ਇਸ ਭ੍ਰਿਸ਼ਟਾਚਾਰ ਦੇ ਦੈਂਤ ਦੇ ਸਧਣ-ਫੁੱਲਣ ਲਈ ਸਾਡੇ ਦੇਸ਼ ਦੇ ਰਾਜਨੇਤਾ ਤੇ ਬਿਉਰੋਕਰੇਟ ਰਲ ਕੇ ਆਪਣਾ ਯੋਗਦਾਨ ਪਾ ਰਹੇ ਹਨ, ਜਿਸ ਨੂੰ ਸਮਝਣ ਲਈ ਅਸੀਂ ਬਹੁਤ ਦੇਰ ਕਰ ਚੁੱਕੇ ਹਾਂ। ਮੈਂ ਮਾਣਯੋਗ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਅਪੀਲ ਕਰਦਾ ਹਾਂ ਕਿ ਭ੍ਰਿਸ਼ਟਾਚਰੀਆਂ ਦੀਆਂ ਜੱਦੀ ਤੇ ਬਾਅਦ ਵਿੱਚ ਟੇਡੇ ਢੰਗ ਨਾਲ ਰਲ ਮਿਲ ਕੇ ਬਣਾਈਆਂ ਜਾਇਦਾਦਾਂ ਦੇ ਅੰਕੜੇ ਮੰਗ ਕੇ ਯੋਗ ਕਾਰਵਾਈ ਕਰਦੇ ਹੋਏ ਸਾਰ ਸੱਚ ਦੇਸ਼ ਦੀ ਜਨਤਾ ਸਾਹਮਣੇ ਜਨਤਕ ਕਰਨ, ਤਾਂ ਜੋ ਅੱਗੇ ਤੋਂ ਕੋਈ ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ ਕਰਨ ਬਾਰੇ ਸੌ ਵਾਰ ਸੋਚੇ।

ਅੱਜ ਦੇ ਇਸ ਹਾਈਟੈੱਕ ਜ਼ਮਾਨੇ ਅੰਦਰ ਮੇਰੇ ਦੇਸ਼ ਦਾ ਚੌਥਾ ਸਤੰਬ ਕਿਹਾ ਜਾਣ ਵਾਲਾ ਮੀਡੀਆ ਇਸ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਜੇਕਰ ਦੇਸ਼ ਦੇ ਆਵਾਮ ਨਾਲ ਰਲ ਕੇ ਦਿਲੋਂ ਦੇਸ਼ ਪਿਆਰ ਦੀ ਸੰਹੁ ਚੁੱਕ ਕੇ ਆਪਣਾ ਕੰਮ ਇਹਨਾਂ ਸਿਆਸਤਾਨਾਂ ਦੇ ਚੁੰਗਲ ਵਿੱਚੋਂ ਬਾਹਰ ਨਿੱਕਲ ਕੇ, ਆਜ਼ਾਦ ਹੋ ਕੇ ਕਰੇ ਤਾਂ ਮੈਂ ਸਮਝਦਾ ਹਾਂ ਉਹ ਦਿਨ ਦੂਰ ਨਹੀਂ ਹੋਣਗੇ ਜਦੋਂ ਇਹ ਦੇਸ਼ ਭਗਤ ਸਿੰਘ, ਰਾਜਗੁਰ, ਸੁਖਦੇਵ ਤੇ ਕਰਤਾਰ ਸਿੰਘ ਸਰਾਭੇ ਦੇ ਸੁਪਨਿਆਂ ਦਾ ਦੇਸ਼ ਬਣ ਜਾਵੇਗਾ।

ਆਓ ਮੇਰੇ ਦੇਸ਼ ਵਾਸੀਓ, ਆਪਾਂ ਸਾਰੇ ਰਲ ਮਿਲਕੇ ਆਪਣੇ ਇਸ ਦੇਸ਼ ਨੂੰ ਰਿਸ਼ਵਤਖੋਰੀ ਦੇ ਕਲੰਕ ਤੋਂ ਮੁਕਤੀ ਦਿਵਾਉਣ ਲਈ ਆਪਣਾ ਯੋਗਦਾਨ ਪਾਈਏ।

*****

(916)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author