JagjitSkanda7ਵੱਡੀ ਭੈਣ ਦੇ ਦਿਲਾਸਾ ਦੇਣ ’ਤੇ ਉਸ ਨੇ ਇਸ ਸਾਰੀ ਸਥਿਤੀ ਤੋਂ ਆਪਣੇ ਇਲਾਕੇ ਦੇ ਡੀ.ਐੱਸ.ਪੀ. ਸਾਹਿਬ ਨੂੰ ...
(7 ਨਵੰਬਰ 2017)

 

Jagjit Amanpreet 2ਪਿਛਲੇ ਦਿਨੀਂ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਪੁਲਿਸ ਥਾਨਾ ਜੋਧਾ ਵਿਖੇ ਇੱਕ ਮਹਿਲਾ ਕਾਂਸਟੇਬਲ ਨੇ ਰਾਤ ਵੇਲੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਤੜਕਸਾਰ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਪੂਰੇ ਇਲਾਕੇ ਵਿੱਚ ਫੈਲ ਗਈ। ਮੌਕੇ ’ਤੇ ਪਹੁੰਚੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਆਮ ਲੋਕਾਂ ਨੇ ਦੇਖਿਆ ਕੇ ਮਹਿਲਾ ਕਾਂਸਟੇਬਲਾਂ ਵਾਲੇ ਰੈਸਟ ਰੂਮ ਵਿੱਚ ਲਟਕਦੀ ਲਾਸ਼ ਤੋਂ ਬਿਨਾਂ ਦੋ ਮਰਦਾਨਾ ਪੁਲਿਸ ਪੱਗਾਂ ਤੇ ਕਮੀਜ਼ਾਂ ਵੀ ਇੱਕ ਨੁੱਕਰੇ ਪਈਆਂ ਸਨ। ਲਟਕਦੀ ਲਾਸ਼ ਦੇ ਪੈਰਾਂ ਤੇ ਧਰਤੀ ਵਿਚਾਲੇ ਕੁਝ ਵੀ ਫਾਸਲਾ ਨਹੀਂ ਸੀ ਤੇ ਇੱਕ ਆਰਾਮ ਕਰਨ ਵਾਲਾ ਮੰਜਾ ਵੀ ਬਿਲਕੁੱਲ ਲਟਕਦੀ ਉਸ ਬੱਚੀ ਦੀ ਲਾਸ਼ ਦੇ ਐਨ ਨੇੜੇ ਸੀ। ਇਸ ਤੋਂ ਇਹ ਸਾਰਾ ਮਾਮਲਾ ਸ਼ੱਕੀ ਤੇ ਸਾਜ਼ਿਸ਼ ਭਰਭੂਰ ਜਾਪਣ ਲੱਗਾ। ਹਰ ਕੋਈ ਜਾਣਦਾ ਹੈ ਕਿ ਜਦ ਕਿਸੇ ਵੀ ਮਨੁੱਖ ਦੀ ਜਾਨ ’ਤੇ ਬਣਦੀ ਹੈ ਤਾਂ ਉਹ ਬਚਾਅ ਲਈ ਹੱਥ ਪੈਰ ਮਾਰਦਾ ਹੈ। ਉਸ ਕਮਰੇ ਵਿੱਚ ਤਾਂ ਆਰਾਮ ਕਰਨ ਵਾਲਾ ਮੰਜਾ ਲਟਕਦੀ ਲਾਸ਼ ਦੇ ਐਨ ਕੋਲੇ ਸੀ। ਇਸ ਸਾਰੇ ਦ੍ਰਿਸ਼ ਨੂੰ ਦੇਖ ਕੇ ਇੱਕ ਅਣਜਾਣ ਬੰਦਾ ਵੀ ਇਹ ਅੰਦਾਜ਼ਾ ਲਗਾ ਸਕਦਾ ਹੈ ਕਿ ਇਹ ਆਤਮ ਹੱਤਿਆ ਹੈ ਜਾਂ ਕਾਨੂੰਨ ਦੇ ਰਖਵਾਲਿਆਂ ਵੱਲੋਂ ਕੀਤੀ ਗਈ ਹੱਤਿਆ।

ਉਸ ਬੱਚੀ ਅਮਨਪ੍ਰੀਤ ਨੇ ਅਜਿਹਾ ਕਿਉਂ ਕੀਤਾ, ਇਹ ਇੱਕ ਵੱਡੀ ਬੁਝਾਰਤ ਵਰਗੀ ਚੁਨੌਤੀ ਮੇਰੇ ਜ਼ਿਹਨ ਵਿੱਚ ਲਗਾਤਾਰ ਕਈ ਦਿਨ ਚਲਦੀ ਰਹੀ ਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਗੱਲ ਸਾਡੇ ਦੇਸ਼ ਦੇ ਉਸ ਹਰ ਮਾਂ-ਬਾਪ ਦੇ ਹਿਰਦੇ ਦੇ ਕਿਸੇ ਕੋਨੇ ਵਿੱਚ ਅੱਜ ਵੀ ਉਸ ਨੂੰ ਧੁੜਧੁੜੀ ਦਿਵਾਉਂਦੀ ਹੋਵੇਗੀ, ਜਿੰਨ੍ਹਾਂ ਦੀਆਂ ਬੱਚੀਆਂ ਅਮਨਦੀਪ ਦੀ ਤਰ੍ਹਾਂ ਨੌਕਰੀਪੇਸ਼ਾ ਹਨ।

ਅਮਨਪ੍ਰੀਤ ਦੇ ਪਰਿਵਾਰ ਦੀ ਹਾਲਤ ਬਾਰੇ ਜਦ ਦੇਖਿਆ ਗਿਆ ਕਿ ਪਿਤਾ ਦੀ ਨੌਕਰੀ ਦੌਰਾਨ ਮੌਤ ਹੋ ਜਾਣ ਕਾਰਨ ਬਾਪ ਦਾ ਸਾਇਆ ਜਦੋਂ ਸਿਰ ਤੋਂ ਉੱਠ ਗਿਆ, ਉਸ ਦੀ ਜਗਾਹ ਅਮਨਪ੍ਰੀਤ ਦੀ ਮਾਤਾ ਨੂੰ ਨੌਕਰੀ ਮਿਲ ਗਈ। ਸਮੇਂ ਤੇ ਕਿਸਮਤ ਦੇ ਗੇੜ ਨੇ ਫਿਰ ਮਾਂ ਨੂੰ ਬੱਚਿਆ ਤੋਂ ਖੋਹ ਲਿਆ। ਕੁਝ ਸੰਭਲਣ ਦਾ ਮੌਕਾ ਮਿਲਿਆ ਤਾਂ ਪੰਜਾਬ ਪੁਲਿਸ ਵਿੱਚ ਅਮਨਪ੍ਰੀਤ ਨੂੰ ਮਹਿਲਾ ਕਾਂਸਟੇਬਲ ਦੇ ਤੌਰ ’ਤੇ ਨੌਕਰੀ ਮਿਲ ਗਈ।

ਅਮਨਪ੍ਰੀਤ ਨੂੰ ਜੋਧਾਂ ਥਾਣੇ ਦਾ ਮੁਨਸ਼ੀ ਨਿਰਭੈ ਸਿੰਘ ਕਿਸੇ ਹੋਰ ਨਜ਼ਰ ਨਾਲ ਦੇਖਣ ਲੱਗ ਪਿਆ। ਸਾਡੇ ਸਾਮਾਜ ਅੰਦਰ ਨਿਰਭੈ ਸਿੰਘ ਵਰਗੀਆਂ ਗਿਰਝਾਂ ਹਰ ਗਲੀ ਮੁੱਹਲੇ ਤੇ ਚੌਰਾਹੇ ਵਿੱਚ ਬਿਨਾਂ ਭਾਲਣ ਤੋਂ ਮਿਲ ਜਾਂਦੀਆਂ ਹਨ। ਨਿਰਭੈ ਸਿੰਘ ਵੱਲੋਂ ਦਿੱਤੀ ਜਾਂਦੀ ਮਾਨਸਿਕ ਪੀੜ ਜਦੋਂ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਅਮਨਪ੍ਰੀਤ ਨੇ ਸਾਰੀ ਗੱਲ ਆਪਣੀ ਵੱਡੀ ਭੈਣ ਨੂੰ ਦੱਸ ਦਿੱਤੀ। ਅਮਨਪ੍ਰੀਤ ਵਾਸਤਵ ਵਿੱਚ ਇੱਕ ਮਜ਼ਬੂਤ ਇਰਾਦੇ ਵਾਲੀ, ਹਰ ਹਾਲਾਤ ਨਾਲ ਨਜਿੱਠਣ ਵਾਲੀ ਬਹਾਦਰ ਕੁੜੀ ਸੀ। ਵੱਡੀ ਭੈਣ ਦੇ ਦਿਲਾਸਾ ਦੇਣ ’ਤੇ ਉਸ ਨੇ ਇਸ ਸਾਰੀ ਸਥਿਤੀ ਤੋਂ ਆਪਣੇ ਇਲਾਕੇ ਦੇ ਡੀ.ਐੱਸ.ਪੀ. ਸਾਹਿਬ ਨੂੰ ਰੂ-ਬਰੂ ਹੋ ਕੇ ਇਸ ਘਟਨਾ ਤੋਂ ਚਾਰ ਦਿਨ ਪਹਿਲਾਂ ਹੀ ਜਾਣੂ ਕਰਵਾਇਆ ਸੀ ਤੇ ਉਹਨਾਂ ਭਰੋਸਾ ਦਿੱਤਾ ਸੀ ਕਿ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।

ਇਸ ਸਾਰੇ ਘਟਨਾ ਕ੍ਰਮ ਵਿੱਚਲਾ ਫਾਸਲਾ ਲਗਾਤਾਰ ਵਧਦਾ ਗਿਆ। ਇਸ ਮਰਦ ਪ੍ਰਧਾਨ ਸਾਮਾਜ ਅੰਦਰ ਅੱਜ ਵੀ ਔਰਤ ਆਪਣੇ-ਆਪ ਨੂੰ ਛੁਪਾਉਣਾ ਹੀ ਬੇਹਤਰ ਸਮਝਦੀ ਹੈ। ਨਿਰਭੈ ਸਿੰਘ ਨੇ ਇਸ ਚੁੱਪ ਜਾਂ ਸਮਝਦਾਰੀ ਨੂੰ ਸਮਝਣ ਦੀ ਬਜਾਏ ਆਪਣੀ ਗੰਦੀ ਸੋਚ ਨੂੰ ਅਜਿਹਾ ਘਿਨਾਉਣਾ ਜੁਰਮ ਕਰਨ ਲਈ ਹੋਰ ਪ੍ਰਫੁਲਤ ਕਰ ਲਿਆ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਮਨਪ੍ਰੀਤ ਜਦ ਬਹਾਦਰ ਲੜਕੀ ਸੀ ਤਾਂ ਉਸ ਨੇ ਆਤਮ ਹੱਤਿਆ ਕਿਉਂ ਕੀਤੀ? ਉਸ ਮਹਿਲਾ ਰੈਸਟ ਰੂਮ ਵਾਲੇ ਕਮਰੇ ਦੇ ਹਾਲਾਤ ਦੀ ਵੀਡੀਓ ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਸ ਮਹਿਲਾ ਕਾਸਟੇਬਲਾਂ ਵਾਲੇ ਕਮਰੇ ਵਿੱਚ ਮਰਦ ਕਾਸਟੇਬਲਾਂ ਦੀਆਂ ਪਗੜੀਆਂ ਤੇ ਕਮੀਜ਼ਾਂ ਤੋਂ ਇਹ ਭਲੀਭਾਂਤ ਜਾਪਦਾ ਹੈ ਕਿ ਨਿਰਭੈ ਸਿੰਘ ਦੇ ਨਾਲ ਉਸ ਦਾ ਕੋਈ ਹੋਰ ਸਾਥੀ ਵੀ ਸੀ। ਹਾਲਾਤ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਸ ਬੱਚੀ ਨਾਲ ਨਿਰਭੈ ਸਿੰਘ ਤੇ ਹੋਰਨਾਂ ਵੱਲੋਂ ਕੋਈ ਗੰਦੀ ਹਰਕਤ ਕੀਤੀ ਤੇ ਆਪਣੀ ਇਸ ਗਲਤੀ ਨੂੰ ਛੁਪਾਉਣ ਲਈ ਬਾਅਦ ਵਿੱਚ ਅਮਨਪ੍ਰੀਤ ਦਾ ਕਤਲ ਕਰਕੇ ਲਾਸ਼ ਨੂੰ ਉਸ ਦੀ ਚੁੰਨੀ ਨਾਲ ਛੱਤ ਵਾਲੇ ਪੱਖੇ ਨਾਲ ਲਟਕਾ ਦਿੱਤਾ ਗਿਆ।

ਮੁਨਸ਼ੀ ਨਿਰਭੈ ਸਿੰਘ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਇਸ ਨੂੰ ਹੋਰ ਡੂੰਘਿਆਈ ਨਾਲ ਸੋਚਣ ਦੀ ਲੋੜ ਹੈ। ਇਨਸਾਨ ਕੋਈ ਵੀ ਬੱਜਰ ਗਲਤੀ ਪਹਿਲੀ ਵਾਰ ਨਹੀਂ ਕਰਦਾ। ਪਹਿਲਾਂ ਉਹ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ, ਜਦੋਂ ਅੱਗੇ ਤੋਂ ਕੋਈ ਵਿਰੋਧ ਨਾ ਹੋਵੇ ਜਾਂ ਅਮਨਪ੍ਰੀਤ ਦੀ ਤਰ੍ਹਾਂ ਆਪਣੀ ਇੱਜ਼ਤ ਨੂੰ ਚੁੱਪ ਰਹਿ ਕੇ ਆਪਣੇ ਹੱਥ ਰੱਖਣ ਵਰਗੀਆਂ ਗੱਲਾਂ ਨੂੰ ਹਾਂ ਸਮਝਣ ਨਾਲ ਨਿਰਭੈ ਸਿੰਘ ਵਰਗੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ। ਇਹ 100% ਸੱਚ ਹੈ ਕਿ ਨਾਲ ਦੀ ਨਾਲ ਅਜਿਹੇ ਅਪਰਾਧੀ ਕਿਸਮ ਦੇ ਲੋਕਾਂ ਦਾ ਮੁਨਸ਼ੀ ਦੀ ਪੋਸਟ ’ਤੇ ਲੱਗ ਕੇ ਕਿਸੇ ਰਾਜਨੇਤਾ ਨਾਲ ਗੂੜ੍ਹਾ ਸਬੰਧ ਹੋਣਾ ਵੀ ਅਜਿਹੀ ਗੰਦੀ ਸੋਚ ਨੂੰ ਜਨਮ ਦਿੰਦਾ ਹੈ। ਭਾਵੇਂ ਰਾਜਨੇਤਾ ਨੂੰ ਤਾਂ ਇਸ ਗੱਲ ਦਾ ਲੇਸ ਮਾਤਰ ਵੀ ਪਤਾ ਨਹੀਂ ਹੁੰਦਾ ਕਿ ਅਜਿਹਾ ਆਦਮੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਇਨ੍ਹਾਂ ਸਬੰਧਾਂ ਕਾਰਨ ਕੀ ਗੁੱਲ ਖਿਲਾ ਰਿਹਾ ਹੈ। ਸਾਡੇ ਦੇਸ਼ ਵਿੱਚ ਬਾਹਰਲੇ ਮੁਲਕਾਂ ਦੇ ਮੁਕਾਬਲੇ ਰਾਜਨੇਤਾ ਦਾ ਰੁਤਬਾ ਬਹੁਤ ਵੱਡਾ ਹੈ। ਸਾਰਾ ਤੰਤਰ ਉਹਨਾਂ ਦੇ ਪਿੱਛੇ ਊਰੀ ਦੀ ਤਰ੍ਹਾਂ ਘੁੰਮਦਾ ਹੈ, ਫਿਰ ਨਿਰਭੈ ਸਿੰਘ ਤਾਂ ਇਸ ਪੂਰੇ ਤਾਣੇ ਬਾਣੇ ਦਾ ਇੱਕ ਪੁਰਜਾ ਸੀ।

ਹੁਣ ਗੱਲ ਇਹ ਹੈ ਕਿ ਬੱਚੀ ਅਮਨਪ੍ਰੀਤ ਨੂੰ ਜਾਂ ਤਾਂ ਬਲਾਤਕਾਰ ਕਰਨ ਤੋਂ ਬਾਅਦ ਮਾਰਿਆ ਗਿਆ ਹੈ ਤੇ ਜਾਂ ਉਸ ਨੂੰ ਮਾਨਸਿਕ ਪੀੜਾ ਦੇ ਕੇ ਮਰਨ ਲਈ ਮਜਬੂਰ ਕੀਤਾ ਗਿਆ ਹੈ। ਇਹ ਸਾਰਾ ਮਾਮਲਾ ਹੁਣ ਜਾਂਚ ਅਧੀਨ ਹੈ। ਇੰਨਵੈਸਟੀਗੇਸ਼ਨ ਦੇ ਨਾਂ ’ਤੇ ਅਜਿਹੇ ਕੇਸਾਂ ਨੂੰ ਲਮਕ ਅਵਸਥਾ ਵਿੱਚ ਪਾ ਕੇ ਅਪਰਾਧੀ ਨੂੰ ਦੋਸ਼ ਮੁਕਤ ਹੋਣ ਲਈ ਸਮਾਂ ਦਿੱਤਾ ਜਾਂਦਾ ਹੈ। ਅਜਿਹੇ ਕੇਸਾਂ ਵਿੱਚ ਪੀੜਤ ਪਰਿਵਾਰ ਅੱਜ ਦੀ ਇਸ ਦੌੜ-ਭੱਜ ਵਾਲੀ ਜ਼ਿੰਦਗੀ, ਥਾਣੇ ਤੇ ਅਦਾਲਤਾਂ ਦੇ ਲੰਮੇ ਪ੍ਰੌਸੈੱਸ ਕਾਰਨ ਖੱਜਲ ਹੋ ਕੇ ਟੁੱਟ ਜਾਂਦਾ ਹੈ। ਦੋਸ਼ੀ ਧਿਰ ਵੱਲੋਨ ਅਜਿਹੇ ਮੌਕਿਆਂ ਦਾ ਭਰਪੂਰ ਫਾਇਦਾ ਉਠਾਇਆ ਜਾਂਦਾ ਹੈ। ਆਪਣੇ ਸਮਝੌਤਾ ਕਰਵਾਉਣ ਵਾਲੇ ਦਲਾਲਾਂ ਨੂੰ ਅਜਿਹੇ ਸਮੇਂ ਵਰਤ ਕੇ ਪੀੜਤ ਪਰਿਵਾਰ ਦੇ ਹੌਸਲੇ ਜੋ ਪਹਿਲਾਂ ਹੀ ਅੱਧ-ਪਚੱਧੇ ਟੁੱਟ ਚੁੱਕੇ ਹੁੰਦੇ ਹਨ, ਨੂੰ ਬਿਲਕੁਲ ਪਸਤ ਕਰਕੇ ਦਲੀਲਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਪੀੜਿਤ ਪਰਿਵਾਰ ਹਾਰ ਮੰਨਕੇ ਸਮਝੌਤੇ ਵਾਲੇ ਪਾਸੇ ਤੁਰ ਪੈਂਦੇ ਹਨ। ਜ਼ਿਆਦਾਤਰ ਕੇਸਾਂ ਵਿੱਚ ਅਜਿਹਾ ਹੀ ਹੁੰਦਾ ਹੈ।

ਅਦਾਲਤੀ ਪ੍ਰੌਸੈੱਸ ਬਹੁਤ ਹੀ ਠੰਢੇ ਤੇ ਲੰਮੇ ਹੁੰਦੇ ਹਨ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ੍ਰੀ ਨਰਿੰਦਰ ਮੋਦੀ ਜੀ ਨੂੰ ਚਾਹੀਦਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਦੇ ਇਹ ਕਾਲੇ ਕਾਨੂੰਨ ਬਦਲ ਕੇ ਫਾਸਟ ਟਰੈਕ ਲਾਈਵ ਇਨਵੈਸਟੀਗੇਸ਼ਨਾਂ, ਲਾਈਵ ਅਦਾਲਤਾਂ ਲਗਾ ਕੇ ਨਿਰਭੈ ਸਿੰਘ ਵਰਗੇ ਅਪਰਾਧੀਆਂ ਨੂੰ ਲਾਈਵ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਇਹ ਸਾਰਾ ਕੁਝ ਲਾਈਵ ਦੇਖਣ ਨਾਲ ਅਪਰਾਧਿਕ ਮਾਨਸਿਕਤਾ ਵਾਲੇ ਆਦਮੀਆਂ ਨੂੰ ਮਜਬੂਰਨ ਅਪਰਾਧ ਛੱਡਣਾ ਪਵੇਗਾ, ਕਿਉਂ ਜੋ ਉਹ ਭਲੀਭਾਂਤ ਜਾਣੂ ਹੋ ਜਾਣਗੇ ਕਿ ਸਾਡੇ ਨਾਲ ਵੀ ਅਜਿਹਾ ਹੀ ਹੋਵੇਗਾ।

ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਦੋਸਤੋ ਫਿਰ ਬਚੇਗਾ ਕੀ? ਮੈਂ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਸਾਡੇ ਪੰਜਾਬ ਅੰਦਰ ਜੇਕਰ ਕਿਸੇ ਚੀਜ ਦੀ ਲੋੜ ਹੈ ਤਾਂ ਸਿਰਫ ਅਪਰਾਧਿਕ ਮਾਮਲਿਆਂ ਨੂੰ ਠੱਲ੍ਹ ਪਾਉਣ ਦੇ ਨਾਲ-ਨਾਲ ਇਹਨਾਂ ਨੂੰ ਫਾਸਟ ਟਰੈਕ ਲਾਈਵ ਅਦਾਲਤਂ ਰਾਹੀਂ ਜਲਦੀ ਤੋਂ ਜਲਦੀ ਨਿਪਟਾਉਣਾ। ਔਰਤਾਂ ਲਈ ਵਿਸੇਸ਼ ਅਤੇ ਗੁਪਤ ਸ਼ਿਕਾਇਤ ਕੇਂਦਰ ਬਾਹਟਲੇ ਮੁਲਕਾਂ ਦੀ ਤਰਜ਼ ’ਤੇ ਬਣਾਏ ਜਾਣ, ਜਿਸ ਨਾਲ ਸਾਡੇ ਸਮਾਜ ਅੰਦਰ ਘਰ ਕਰੀ ਬੈਠੇ ਨਿਰਭੈ ਸਿੰਘ ਵਰਗੇ ਤੱਤਾਂ ਨੂੰ ਸਾਮਾਜ ਵਿੱਚੋਂ ਉਖਾੜ ਕੇ ਸੁੱਟਿਆ ਜਾਵੇ।

ਸਾਡੀਆਂ ਧਾਰਮਿਕ ਤੇ ਸਿੱਖਿਆ ਸੰਸਥਾਵਾਂ ਅੰਦਰ ਕਰੈਕਟਰ ਨੂੰ ਉੱਚਾ ਚੁੱਕਣ ਤੇ ਸਵੈ ਰੱਖਿਆ ਜਿਹੇ ਵਿਸ਼ੇ ਪੜ੍ਹਾਉਣੇ ਬਹੁਤ ਜ਼ਰੂਰੀ ਹਨ।

ਅਮਨਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਮਾਜਿਕ ਸੰਸਥਾਵਾਂ ਇੱਕਠੀਆਂ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ।

*****

(888)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author