“ਆਲੀਸ਼ਾਨ ਕੋਠੀਆਂ ਦਾ ਮਾਲਕ ਹੋਣ ਦੇ ਨਾਲ-ਨਾਲ ਬੇਈਮਾਨੀ ਨਾਲ ਕਮਾਏ ਪੈਸੇ ਨੂੰ ਪੈਰਾਂ ਨਾਲ ...”
(11 ਜਨਵਰੀ 2018)
ਕਿਸੇ ਸਮੇਂ ਪੰਜਾਬ ਦੇ ਨੌਜਵਾਨ ਚੌੜੀਆਂ ਛਾਤੀਆਂ ਅਤੇ ਭਰਵੇਂ ਜੁੱਸਿਆਂ ਵਾਲੇ ਹੁੰਦੇ ਸਨ। ਭਾਰਤੀ ਫੌਜ ਵਿਚ ਵੀ ਪੰਜਾਬ ਦੇ ਜਵਾਨਾਂ ਦੀਆਂ ਧੁੰਮਾਂ ਪੈਂਦੀਆਂ ਸਨ। ਪ੍ਰੰਤੂ ਬੜੇ ਦੁੱਖ ਤੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਵਿਚ ਅੱਜ ਅਜਿਹਾ ਕੁੱਝ ਵੀ ਨਹੀਂ ਹੈ। ਚਾਰ-ਚੁਫੇਰੇ ਬੇਈਮਾਨੀ ਤੇ ਮਿਲਾਵਟਖੋਰੀ ਕਾਰਨ ਅੱਜ ਪੰਜਾਬ ਵਿਚ ਦੁੱਧ ਤੇ ਘਿਉ ਨੂੰ ਖਾਣ ਪੀਣ ਤੋਂ ਡਾਕਟਰ ਮਨ੍ਹਾ ਕਰ ਰਹੇ ਹਨ। ਇਸ ਦਾ ਇਕ ਕਾਰਨ, ਕੁਝ ਪੈਸੇ ਦੇ ਪੁੱਤਾਂ ਨੇ ਮਿਲਾਵਟਖੋਰੀ ਨੂੰ ਆਪਣਾ ਬਿਜਨੈਸ ਬਣਾ ਲਿਆ ਹੈ। ਮਿਲਾਵਟਖੋਰਾਂ ਨੇ ਅਸਲੀ ਦੁੱਧ ਤੇ ਦੇਸੀ ਘਿਉ ਦੀ ਜਗਾਹ ਕੈਮੀਕਲਾਂ ਰਾਹੀਂ ਨਕਲੀ ਦੁੱਧ ਤੇ ਘਿਉ ਤਿਆਰ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਸਾਡੀਆਂ ਸਰਕਾਰਾਂ ਤੇ ਬਿਊਰੋਕਰੇਟ ਭਲੀ ਭਾਂਤ ਜਾਣਦੇ ਹੋਏ ਵੀ ਅੱਖਾਂ ਮੀਚੀ ਬੈਠੇ ਹਨ।
ਅੱਜ ਪੰਜਾਬ ਅੰਦਰ ਛੋਟੇ ਕਸਬੇ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਜਗਾਹ ਬਨਾਉਟੀ, ਕੈਮੀਕਲਾਂ ਰਾਹੀਂ ਮਿਲਾਵਟਖੋਰੀ ਵਾਲਾ ਨਕਲੀ ਦੁੱਧ ਤੇ ਦੇਸੀ ਘਿਉ ਧੜਾ-ਧੜ ਸਿਹਤ ਵਿਭਾਗ ਦੇ ਨੱਕ ਧੱਲੇ ਵਿਕ ਰਿਹਾ ਹੈ। ਉਂਝ ਤਾਂ ਇਹ ਮਿਲਾਵਟਖੋਰੀ ਦਾ ਧੰਦਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ ਧੜੱਲੇ ਨਾਲ ਸਿਹਤ ਵਿਭਾਗ ਵਿੱਚ ਕੁਝ ਕਾਲੀਆਂ ਭੇਡਾਂ ਦੀ ਸਰਪ੍ਰਸਤੀ ਹੇਠ ਲੈ ਦੇ ਕੇ ਚੱਲ ਰਿਹਾ ਹੈ ਪ੍ਰੰਤੂ ਬਠਿੰਡਾ, ਬਰਨਾਲਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਅੰਦਰ ਤਾਂ ਮਿਲਾਵਟਖੋਰਾਂ ਵੱਲੋਂ ਆਪਣੇ ਪੱਕੇ ਅੱਡੇ ਬਣਾ ਕੇ ਪੂਰੇ ਪੰਜਾਬ ਵਿੱਚ ਮਿਲਾਵਟ ਖੋਰੀ ਤੇ ਕੈਮੀਕਲਾਂ ਨਾਲ ਬਣਾਈ ਹੋਈ ਮਠਿਆਈ, ਦੁੱਧ, ਦੇਸੀ ਘਿਉ ਤੇ ਪਨੀਰ ਸਪਲਾਈ ਕੀਤਾ ਜਾਂਦਾ ਹੈ।
ਸਿਹਤ ਵਿਭਾਗ ਵੱਲੋਂ ਆਪਣੀ ਹਾਜ਼ਰੀ ਦਰੁਸਤ ਕਰਨ ਲਈ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਿਹਤ ਵਿਭਾਗ ਜਾਗਦਾ ਹੈ ਸੁੱਤਾ ਨਹੀਂ, ਕਾਫੀ ਜਗਾਹ ਛਾਪੇਮਾਰੀ ਕਰਕੇ ਨਕਲੀ ਦੁੱਧ-ਘਿਉ ਤੇ ਇਨ੍ਹਾਂ ਤੋਂ ਬਣਦੇ ਹੋਰ ਸਾਮਾਨ ਦੇ ਮਿਲਾਵਟਖੋਰਾਂ ਨੂੰ ਫੜਿਆ ਵੀ ਜਾਂਦਾ ਹੈ ਪ੍ਰੰਤੂ ਮੈਂ ਕਦੇ ਕਿਸੇ ਅਖਬਾਰ ਜਾਂ ਟੀ.ਵੀ. ਚੈਨਲ ’ਤੇ ਅੱਜ ਤਕ ਇਹ ਖਬਰ ਪੜ੍ਹੀ ਜਾਂ ਸੁਣੀ ਨਹੀਂ ਕਿ ਫਲਾਣੇ ਮਿਲਾਵਟਖੋਰ ਨੂੰ ਸਿਹਤ ਵਿਭਾਗ ਨੇ ਇੰਨੀ ਤਾਰੀਖ ਨੂੰ ਫੜਿਆ ਸੀ ਤੇ ਮਾਣਯੋਗ ਕੋਰਟ ਨੇ ਅੱਜ ਉਸ ਨੂੰ ਫਲਾਣੀ ਸਜ਼ਾ ਦੇ ਦਿੱਤੀ ਹੈ, ਜਿਸ ਨੂੰ ਪੜ੍ਹ ਜਾਂ ਸੁਣ ਕੇ ਬਾਕੀ ਮਿਲਾਵਟਖੋਰ ਅੱਗੇ ਤੋਂ ਅਜਿਹਾ ਕਰਨ ਲਈ ਸੋ ਵਾਰ ਸੋਚਣਗੇ ਤੇ ਅਜਿਹੇ ਮਿਲਾਵਟਖੋਰੀ ਵਾਲੇ ਧੰਦੇ ਤੋਂ ਤੋਬਾ ਕਰਨਗੇ।
ਮੈਂ ਤਾਂ ਬਲਕਿ ਇੱਥੋਂ ਤੱਕ ਦੇਖਿਆ ਹੈ ਕਿ ਇਕ ਸ਼ਹਿਰ ਵਿੱਚ ਇੱਕ ਦੁੱਧ ਘਿਉ ਦੀ ਡੇਅਰੀ ਚਲਾਉਣ ਵਾਲੇ ਨੂੰ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਮਿਲਾਵਟਖੋਰੀ ਕਰਦੇ ਨੂੰ ਰੰਗੇ ਹੱਥੀਂ ਫੜਿਆ। ਸੈਂਪਲ ਟੈੱਸਟ ਲਈ ਭੇਜੇ ਗਏ। ਮੈਂ ਸੋਚਿਆ ਕਿ ਇਸ ਬੰਦੇ ਨੂੰ ਹੁਣ ਲਾਜ਼ਮੀ ਸਜ਼ਾ ਹੋਵੇਗੀ ਤੇ ਇਸਦਾ ਬੇਈਮਾਨੀ ਵਾਲਾ ਕਾਰੋਬਾਰ ਵੀ ਖਤਮ ਹੋ ਜਾਵੇਗਾ। ਲੋਕਾਂ ਦੀ ਸਿਹਤ ਨਾਲ ਲਗਾਤਾਰ ਹੋ ਰਿਹਾ ਖਿਲਵਾੜ ਬੰਦ ਹੋ ਜਾਵੇਗਾ। ਪ੍ਰੰਤੂ ਨਤੀਜੇ ਉਲਟ ਨਿੱਕਲੇ। ਉਸ ਆਦਮੀ ਨੇ ਪਤਾ ਨਹੀਂ ਕੀ ਤਿਕੜਮ ਲੜਾਇਆ ਕਿ ਮਿਲਾਵਟਖੋਰੀ ਵਾਲੇ ਕੇਸ ਵਿੱਚੋਂ ਸਾਫ਼ ਬਚਕੇ ਨਿੱਕਲ ਗਿਆ ਤੇ ਪਹਿਲਾਂ ਨਾਲੋਂ ਵੀ ਕਈ ਗੁਣਾਂ ਵੱਡਾ ਦੁੱਧ ਦਾ ਕਾਰੋਬਾਰ ਕਰ ਰਿਹਾ ਹੈ ਤੇ ਆਲੀਸ਼ਾਨ ਕੋਠੀਆਂ ਦਾ ਮਾਲਕ ਹੋਣ ਦੇ ਨਾਲ-ਨਾਲ ਬੇਈਮਾਨੀ ਨਾਲ ਕਮਾਏ ਪੈਸੇ ਨੂੰ ਪੈਰਾਂ ਨਾਲ ਰੋਲਦਾ ਫਿਰਦਾ ਹੈ। ਇਹ ਹੈ ਮੇਰੇ ਦੇਸ਼ ਦਾ ਕਾਨੂੰਨ ਤੇ ਇਸ ਦੇ ਅਫ਼ਸਰਾਂ ਦੀ ਜ਼ਮੀਰ ... ਤੇ ਉਹ ਆਦਮੀ ਬੇਫਿਕਰੀ ਨਾਲ ਹੋਰ ਵੱਡਾ ਠੱਗ ਬਣ ਗਿਆ ਹੈ।
ਇਹ ਤਾਂ ਕਹਾਣੀ ਇੱਕ ਸ਼ਹਿਰ ਦੇ ਇੱਕ ਛੋਟੇ ਬੇਈਮਾਨ ਠੱਗ ਦੀ ਹੈ। ਇਸ ਤਰ੍ਹਾਂ ਦੇ ਅਨੇਕਾਂ ਮਿਲਾਵਟਖੋਰ ਠੱਗਾਂ ਦੀ ਕਾਲੀ ਸੂਚੀ ਪੰਜਾਬ ਵਿਚ ਬਹੁਤ ਲੰਬੀ ਹੈ।
ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਕਿ ਜੋ ਸਿਹਤ ਵਿਭਾਗ ਦੀ ਟੀਮ ਕਿਸੇ ਵੀ ਜਗਾਹ ਛਾਪਾਮਾਰੀ ਕਰਨ ਜਾਂਦੀ ਹੈ ਤਾਂ ਉਹ ਸੈਂਪਲ ਭਰ ਕੇ ਉੱਪਰ ਸੈਂਪਲ ਟੈੱਸਟ ਕਰਨ ਵਾਲੀ ਲੈਬ ਵਿੱਚ ਸੈਂਪਲ ਭੇਜਦੀ ਹੈ ਤੇ ਬਾਕੀ ਬਚੇ ਮਾਲ ਨੂੰ ਸੀਲ ਕਰਦੀ ਹੈ। ਜੇਕਰ ਉਸ ਟੀਮ ਕੋਲ ਉੱਚ ਕੁਆਲਟੀ ਦੀ ਮੋਬਾਇਲ ਟੈਸਟਿੰਗ ਲੈਬ ਹੋਵੇ ਤਾਂ ਅਜਿਹੇ ਮਿਲਾਵਟਖੋਰੀ ਦੇ ਕੇਸ ਨੂੰ ਤੁਰੰਤ ਹੀ ਨਬੇੜਿਆ ਜਾ ਸਕਦਾ ਹੈ ਤੇ ਦੋਸ਼ੀ ਨੂੰ ਮੌਕੇ ’ਤੇ ਗ੍ਰਿਫਤਾਰ ਕਰਕੇ ਜਲਦੀ ਸਜ਼ਾ ਦਿੱਤੀ ਜਾ ਸਕਦੀ ਹੈ। ਨਹੀਂ ਤਾਂ ਦੋਸ਼ੀ ਕਿਸੇ ਤਰੀਕੇ ਆਪਣੇ ਸੈਂਪਲ ਪਾਸ ਕਰਵਾਕੇ ਦੁੱਧ ਧੋਤਾ ਬਣਨ ਦੇ ਨਾਲ-ਨਾਲ ਅੱਗੇ ਤੋਂ ਵਧ-ਚੜ੍ਹ ਕੇ ਬੁਲੰਦ ਹੌਸਲੇ ਨਾਲ ਮਿਲਾਵਟਖੋਰੀ ਕਰਨ ਲਈ ਸਕੀਮਾਂ ਘੜਨ ਲੱਗਦਾ ਹੈ।
ਸਿਹਤ ਵਿਭਾਗ ਵਿੱਚ ਅਫਸ਼ਰਾਂ ਦੀ ਭਰਤੀ ਮੌਕੇ ਆਦਮੀ ਦਾ ਬਕਾਇਦਾ ਪਰਿਵਾਰਿਕ ਪਿਛੋਕੜ ਖੰਘਾਲਿਆ ਜਾਵੇ ਤੇ ਸਿਹਤ ਵਿਭਾਗ ਦੀ ਭਰਤੀ ਮਾਣਯੋਗ ਹਾਈਕੋਰਟ ਦੇ ਰਿਟਾਇਰ ਜੱਜਾਂ ਦੀ ਬਣਾਈ ਹੋਈ ਟੀਮ ਕਰੇ ਤਾਂ ਜੋ ਸਿਹਤ ਵਿਭਾਗ ਵਿੱਚ ਵੱਧ ਤੋਂ ਵੱਧ ਇਮਾਨਦਾਰ ਪਿਛੋਕੜ ਵਾਲੇ ਅਫ਼ਸਰ ਭਰਤੀ ਕਰਕੇ ਇਸ ਮਿਲਾਵਟਖੋਰੀ ਵਾਲੇ ਧੰਦੇ ਨੂੰ ਜੜ੍ਹੋਂ ਉਖਾੜ ਕੇ ਸੁੱਟਿਆ ਜਾ ਸਕੇ।
ਦੋਸ਼ੀਆਂ ਵਿਰੁੱਧ ਫੈਸਲੇ ਤੇ ਸਜ਼ਾਵਾਂ ਤੁਰੰਤ ਹੋਣ ਤੇ ਅਜਿਹੇ ਦੋਸ਼ੀਆਂ ਦੀਆਂ ਜਾਇਦਾਦਾਂ ਜਾਂ ਧਨ ਤੁਰੰਤ ਜ਼ਬਤ ਹੋਵੇ।
ਮਿਲਾਵਟਖੋਰੀ ਕਰਕੇ ਨਕਲੀ ਦੁੱਧ, ਦੇਸੀ ਘਿਉ, ਪਨੀਰ ਤੇ ਖੋਆ ਬਣਾਉਣ ਲਈ ਜ਼ਿਆਦਾਤਰ ਮਿਲਾਵਟਖੋਰ ਯੂਰੀਆ ਖਾਦ, ਸ਼ੈਂਪੂ, ਪਸ਼ੂਆਂ ਦੀ ਚਰਬੀ ਤੋਂ ਬਣਿਆ ਇੱਕ ਪੇਸਟ ਜਾ ਹੋਰ ਕਈ ਤਰ੍ਹਾਂ ਦੇ ਆਪੋ-ਆਪਣੇ, ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲਾਂ ਵਾਲੇ ਅਪਣਾਏ ਜਾਂਦੇ ਤਰੀਕਿਆਂ ਨਾਲ ਖਾਣ-ਪੀਣ ਦਾ ਇਹ ਸਾਰਾ ਸਾਮਾਨ ਤਿਆਰ ਕਰਦੇ ਹਨ। ਆਮ ਆਦਮੀ ਨੂੰ ਤਾਂ ਇਸ ਤਰ੍ਹਾਂ ਦੇ ਨਕਲੀ ਬਣੇ ਹੋਏ ਦੁੱਧ-ਘਿਉ ਦੀ ਪਛਾਣ ਵੀ ਨਹੀਂ ਹੁੰਦੀ। ਸਾਰੇ ਸ਼ਹਿਰਾਂ ਤੇ ਖਾਸ ਕਰਕੇ ਵੱਧ ਅਬਾਦੀ ਵਾਲੇ ਸ਼ਹਿਰਾਂ ਤੇ ਮਹਾਨਗਰਾਂ ਵਿੱਚ ਇਸ ਨੂੰ ਘੋਖਣ ਦਾ ਕਿਸੇ ਕੋਲ ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੌਰਾਨ ਟਾਈਮ ਵੀ ਨਹੀਂ ਹੈ। ਜੇਕਰ ਕੋਈ ਗੱਲ ਵੀ ਕਰਦਾ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ, ‘ਬਾਬੂ ਜੀ ਕਹੀਂ ਔਰ ਸੇ ਲੇ ਲੋ।’ ਕੋਈ ਕਰੇ ਤਾਂ ਕੀ ਕਰੇ।
ਨਕਲੀ ਦੇਸੀ ਘਿਉ ਬਣਾਉਣ ਵਾਲੇ ਮਿਲਾਵਟਖੋਰਾਂ ਨੇ ਘਿਉ ਦੀ ਪੈਕਿੰਗ ਉੱਪਰ ਮਾਰਕੇ ਵਾਲੀ ਜਗਾਹ ਕਾਨੂੰਨੀ ਅੜਚਣਾਂ ਤੋਂ ਬਚਣ ਲਈ ਸੁੱਧ ਦੇਸ਼ੀ ਘਿਉ ਲਿਖਣ ਦੀ ਬਜਾਏ ਸੁੱਧ ਘੀ ਲਿਖ ਕੇ ਆਪਣੇ ਆਪ ਨੂੰ ਤਾਂ ਬਚਾ ਲਿਆ ਪਰੰਤੂ ਜੋ ਉਸ ਨੂੰ ਖਾਂਦਾ ਹੈ ਜਾਂ ਜੋ ਨਕਲੀ ਕੈਮੀਕਲਾਂ ਨਾਲ ਬਣਾਇਆ ਦੁੱਧ ਪੀਂਦਾ ਹੈ, ਮਰਦਾਂ ਨੂੰ ਪੇਟ ਦਾ ਕੈਂਸਰ, ਲਿਵਰ ਦਾ ਕੈਂਸਰ, ਕਾਲਾ ਪੀਲੀਆ ਆਦਿ ਦੇ, ਤੇ ਔਰਤਾਂ ਨੂੰ ਬੱਚੇਦਾਨੀ ਦੀਆਂ ਰਸੌਲੀਆਂ ਤੇ ਬਾਅਦ ਵਿੱਚ ਬੱਚੇਦਾਨੀ ਦਾ ਕੈਂਸਰ ਆਦਿ ਤੇ ਅਨੇਕਾਂ ਹੋਰ ਬਿਮਾਰੀਆਂ ਆ ਘੇਰਦੀਆਂ ਹਨ ਜੋ ਬਾਅਦ ਵਿੱਚ ਲਾਇਲਾਜ ਬਣਦੀਆਂ ਹਨ। ਇਸ ਨਾਲ ਸਾਡੇ ਸਮਾਜ ਦੇ ਲੋਕ ਲਗਾਤਾਰ ਰੋਗ ਗ੍ਰਸਤ ਹੋ ਰਹੇ ਹਨ। ਜੇਕਰ ਅਸੀਂ ਅੱਜ ਇਸ ਮਿਲਾਵਟ ਖੋਰੀ ਵਾਲੇ ਧੰਦੇ ਨੂੰ ਨੱਥ ਨਾ ਪਾਈ ਤਾਂ ਇਸ ਦਾ ਖਮਿਆਜਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭਿਆਨਕ ਰੂਪ ਵਿੱਚ ਭੁਗਤਣਾ ਪਵੇਗਾ।
ਇਕ ਹੋਰ ਵਰਤਾਰਾ ਸਾਡੇ ਪੰਜਾਬ ਵਿਚ ਇਸ ਨਾਲ ਮਿਲਦੀ ਜੁਲਦਾ ਚੱਲ ਰਿਹਾ ਹੈ। ਸਾਡੀ ਸਰਕਾਰੀ ਦੁੱਧ ਇਕੱਠਾ ਕਰਨ ਵਾਲੀ ਕੰਪਨੀ ਤੋਂ ਇਲਾਵਾ ਬਾਹਰਲੀਆਂ ਦੋ ਕੰਪਨੀਆਂ ਨੈਸਲੇ ਤੇ ਨਿਉਟਰੀ ਏਸ਼ੀਆ ਵੀ ਪੰਜਾਬ ਵਿੱਚੋਂ ਆਪਣੇ ਦੁੱਧ ਇਕੱਠਾ ਕਰਨ ਵਾਲੇ ਸੈਟਰਾਂ ਰਾਹੀਂ ਦੁੱਧ ਇਕੱਠਾ ਕਰਦੀਆਂ ਹਨ। ਪਿਛਲੇ ਦਿਨਾਂ ਤੋਂ ਜਦ ਇਹਨਾਂ ਪ੍ਰਾਈਵੇਟ ਬਾਹਰਲੀਆਂ ਕੰਪਨੀਆਂ ਨੇ ਆਪਣੀਆਂ ਲੈਬਾਂ ਅੰਦਰ ਦੁੱਧ ਦੀਆਂ ਬਾਰੀਕੀਆਂ ਦੇ ਸੈਂਪਲ ਟੈੱਸਟ ਕੀਤੇ, ਦੁੱਧ ਵਿੱਚ ਵੱਡੀ ਮਾਤਰਾ ਵਿੱਚ ਜ਼ਹਿਰੀਲੀ (ਫੰਗਸ) ਦੀ ਮਿਕਦਾਰ ਆਉਣ ਕਾਰਨ ਇਹਨਾਂ ਵਿਦੇਸ਼ੀ ਕੰਪਨੀਆਂ ਨੇ ਆਪਣੇ ਦੁੱਧ ਇਕੱਠਾ ਕਰਨ ਵਾਲੇ ਸੈਂਕੜੇ ਸੈਂਟਰਾਂ ਤੋਂ ਇਕਦਮ ਦੁੱਧ ਲੈਣਾ ਬੰਦ ਕਰ ਦਿੱਤਾ, ਜਿਸ ਕਾਰਨ ਹਜ਼ਾਰਾਂ ਲੀਟਰ ਦੁੱਧ ਅਚਾਨਕ ਸੈਟਰਾਂ ਵਾਲਿਆਂ ਲਈ ਘਾਟੇ ਦਾ ਸੌਦਾ ਬਣ ਗਿਆ। ਇਸ ਫੰਗਸ ਵਾਲੇ ਦੁੱਧ ਤੋਂ ਬਣੇ ਬੇਬੀ ਫੀਡ ਵਾਲੇ ਪ੍ਰਾਡਕਟ ਅੰਤਰ-ਰਾਸ਼ਟਰੀ ਮੰਡੀ ਵਿੱਚ ਮਾਪ-ਦੰਡਾ ’ਤੇ ਖਰੇ ਨਹੀਂ ਉੱਤਰਦੇ ਜਿਸ ਕਰਕੇ ਇਨ੍ਹਾਂ ਵਿਦੇਸ਼ੀ ਕੰਪਨੀਆਂ ਨੇ ਆਪਣੇ ਦੁੱਧ ਇੱਕਠਾ ਕਰਨ ਵਾਲੇ ਸੈਟਰਾਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਹੈ।
ਇਸ ਸਾਰੇ ਨਕਲੀ ਤੇ ਕੈਮੀਕਲਾਂ ਵਾਲੇ ਦੁੱਧ ਘਿਉ, ਪਨੀਰ ਤੇ ਮਠਿਆਈਆਂ ਦੇ ਨਾਲ-ਨਾਲ ਸਰਕਾਰ ਸਾਹਮਣੇ ਅੱਜ ਫੰਗਸ (ਉੱਲੀ ਜ਼ਹਿਰ) ਵਾਲੇ ਪੈਦਾ ਹੋ ਰਹੇ ਦੁੱਧ ਸਬੰਧੀ ਵੱਡੀਆਂ ਚੁਣੌਤੀਆਂ ਹਨ। ਸਿਹਤ ਵਿਭਾਗ ਤੇ ਡੇਅਰੀ ਵਿਭਾਗ ਇਨ੍ਹਾਂ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਵੇ ਤੇ ਮਿਲਾਵਟ ਖੋਰੀ ਕਰਨ ਵਾਲੇ ਲੋਕਾਂ ’ਤੇ ਫੌਰੀ ਕਾਰਵਾਈ ਕਰਨ ਲਈ ਛਾਪੇਮਾਰੀ ਕਰਕੇ ਮਿਲਾਵਟ ਖੋਰਾਂ ਨੂੰ ਬਣਦੀਆਂ ਸਜ਼ਾਵਾਂ ਦਿਵਾਵੇ। ਉੱਲੀ ਵਾਲੇ ਦੁੱਧ ਸਬੰਧੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਕੰਮ ਲਈ ਮੀਡੀਆ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ।
*****
(966)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































