“ਸਾਡੇ ਵੀ ਕੁਝ ਆਪੂੰ ਬਣੇ ਘੜੰਮ ਚੌਧਰੀ ਲੀਡਰ ਆਪਣੀਆਂ ਰੋਟੀਆਂ ਸੇਕਣ ਲਈ ਇਸ ਮਸਲੇ ...”
(6 ਜੁਲਾਈ 2021)
ਸੰਯੁਕਤ ਕਿਸਾਨ ਮੋਰਚੇ ਨੂੰ ਅੱਜ ਦਿੱਲੀ ਦੇ ਬਾਰਡਰਾਂ ’ਤੇ ਲੱਗੇ ਨੂੰ ਸੱਤ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਇਸ ਵਿੱਚ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਰਾਜਾਂ ਦੀਆਂ ਜਥੇਬੰਦੀਆਂ ਵੱਲੋਂ ਤਨ, ਮਨ ਅਤੇ ਧਨ ਨਾਲ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੋਰਚੇ ਵਿੱਚ ਪੰਜਾਬ ਦੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਵੀ ਤਨ, ਮਨ ਤੇ ਧਨ ਨਾਲ ਆਪਣਾ ਬਣਦਾ ਯੋਗਦਾਨ ਪਾ ਕੇ, ਬਿਜਲੀ ਕਾਮਿਆਂ ਦੇ ਕਿਸਾਨਾਂ ਨਾਲ ਨਹੁੰ-ਮਾਸ ਵਾਲੇ ਰਿਸ਼ਤੇ ਨੂੰ ਸੁਰਜੀਤ ਰੱਖਦੇ ਹੋਏ ਆਪਣੇ ਧਰਮ ਨੂੰ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਪਿੱਠ ਦਿਖਾਉਣ ਲਈ ਮਨ ਵਿੱਚ ਕੋਈ ਖੋਟ ਹੈ।
ਜੇਕਰ ਪਿਛਲੇ ਬੀਤ ਚੁੱਕੇ ਲੰਬੇ ਅਰਸੇ ਵੱਲ ਝਾਤ ਮਾਰੀਏ ਤਾਂ ਬਿਜਲੀ ਕਾਰਪੋਰੇਸ਼ਨ ਦੀਆਂ ਜਥੇਬੰਦੀਆਂ ਵੱਲੋਂ ਅੱਜ ਤਕ ਵੀ ਕਿਧਰੇ ਅਜਿਹੀ ਕੋਈ ਕੁਤਾਹੀ ਨਹੀਂ ਕੀਤੀ ਗਈ ਜਿਸ ਨਾਲ ਇਹ ਨਹੁੰ-ਮਾਸ ਦਾ ਰਿਸ਼ਤਾ ਤੋੜਨ ਵਿੱਚ ਪਹਿਲ ਕਦਮੀ ਕੀਤੀ ਗਈ ਹੋਵੇ। ਬਲਕਿ ਬਹੁਤੇ ਘੋਲ, ਭਾਵੇਂ ਉਹ ਸਰਕਾਰਾਂ ਜਾਂ ਜ਼ੁਲਮ ਕਰਨ ਵਾਲੇ ਜਾਬਰਾਂ ਦੇ ਵਿਰੁੱਧ ਹੋਣ, ਇਕੱਠੇ ਇੱਕੋ ਪਲੇਟਫਾਰਮ ’ਤੇ ਲੜਕੇ ਜਿੱਤਾਂ ਨੂੰ ਹਾਸਲ ਕੀਤਾ ਗਿਆ ਹੈ। ਇਸ ਗੱਲ ਦਾ ਇਤਿਹਾਸ ਗਵਾਹ ਹੈ।
ਸਾਡੀਆਂ ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂ, ਲੋਕ ਹਿਤਾਂ ਨੂੰ ਭਲੀ ਭਾਂਤ ਜਾਣਦੇ ਤੇ ਸਮਝਦੇ ਹਨ, ਇਸੇ ਲਈ ਤਾਂ ਉਹ ਮੂਹਰਲੀਆਂ ਸਫਾਂ ਵਿੱਚ ਅੱਗੇ ਹੋ ਕੇ ਆਪਣੇ ਜਾਨ-ਮਾਲ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਮੋਰਚੇ ਦੀ ਯੋਗ ਅਗਵਾਈ ਕਰ ਰਹੇ ਹਨ। ਦਸ ਜੂਨ ਵੀਹ ਸੌ ਇੱਕੀ ਤੋਂ ਪੰਜਾਬ ਵਿੱਚ ਪੈਡੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਬਿਜਲੀ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾਂ ਤੇ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਐਲਾਨ ਕੀਤਾ ਗਿਆ ਹੈ। ਪ੍ਰੰਤੂ ਪੰਜਾਬ ਵਿੱਚ ਇਸ ਪੈਡੀ ਦੌਰਾਨ ਇਨ੍ਹਾਂ ਦਿਨਾਂ ਵਿੱਚ ਰੋਜ਼ਾਨਾ ਚੌਦਾਂ ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਹੈ। ਬਿਜਲੀ ਦੀ ਪੈਦਾਵਾਰ ਘੱਟ ਹੋਣ ਕਾਰਨ ਪਾਵਰ ਕੰਟਰੋਲਰ ਪਟਿਆਲਾ ਵੱਲੋਂ ਉੱਤਰੀ ਗਰਿੱਡ ਨੂੰ ਫੇਲ ਹੋਣ ਤੋਂ ਬਚਾਉਣ ਲਈ ਪਾਵਰ ਕੱਟ ਦਾ ਸਹਾਰਾ ਲਿਆ ਜਾਂਦਾ ਹੈ। ਨਹੀਂ ਤਾਂ ਦਿੱਲੀ ਤਕ ਦੀ ਬਿਜਲੀ ਗੁੱਲ ਹੋ ਕੇ ਦੇਸ਼ ਦਾ ਕਾਫੀ ਵੱਡਾ ਹਿੱਸਾ ਹਨੇਰੇ ਵਿੱਚ ਡੁੱਬ ਸਕਦਾ ਹੈ। ਜਿਸ ਨੂੰ ਦੁਬਾਰਾ ਚਲਾਉਣ ਲਈ ਹੋ ਸਕਦਾ ਹੈ ਦੋ ਦਿਨ ਵੀ ਲੱਗ ਜਾਣ, ਜਿਸ ਕਾਰਨ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਅੱਠ ਘੰਟੇ ਦੀ ਬਜਾਏ ਛੇ ਘੰਟੇ ਜਾਂ ਇਸ ਤੋਂ ਵੀ ਘੱਟ ਬਿਜਲੀ ਮਿਲਦੀ ਹੈ।
ਬਿਜਲੀ ਘੱਟ ਮਿਲਣ ਕਾਰਨ ਪਿੰਡਾਂ ਦੇ ਕਿਸਾਨਾਂ ਵੱਲੋਂ ਵੱਡੇ ਇਕੱਠ ਕਰਕੇ ਬਿਜਲੀ ਘਰਾਂ ਨੂੰ ਘੇਰਾ ਪਾ ਕੇ ਗਰਿੱਡ ਸਟਾਫ ਨਾਲ ਦੁਰਵਿਵਹਾਰ ਕਰਕੇ ਬੁਰਾ ਸਲੂਕ ਕਰਦੇ ਹੋਏ ਇੱਥੋਂ ਤਕ ਵੀ ਕਿ ਉਸ ਭੀੜ ਵਿਚਲੇ ਕੁਝ ਲੋਕਾਂ ਵੱਲੋਂ ਸ਼ਿਫਟ ਡਿਊਟੀ ਸਟਾਫ ਦੀ ਕੁੱਟਮਾਰ ਕਰਕੇ ਬਿਜਲੀ ਘਰਾਂ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਆਪਣੇ ਆਪ ਹੀ ਫੀਡਰਾਂ ਨੂੰ ਚਲਾ ਦਿੱਤਾ ਜਾਂਦਾ ਹੈ, ਜਾਂ ਉੱਥੇ ਮੌਜੂਦ ਬਿਜਲੀ ਕਰਮਚਾਰੀ ਨੂੰ ਦਹਿਸ਼ਤਜ਼ਦਾ ਕਰਕੇ ਬਿਜਲੀ ਚਲਾਉਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਸਾਡੇ ਪੰਜਾਬ ਅਤੇ ਇਨਸਾਨੀਅਤ ਦੇ ਵਿਰੁੱਧ ਗੁੰਡਾਗਰਦੀ ਦਾ ਨੰਗਾ ਨਾਚ ਕਰਕੇ ਇਸ ਸਾਰੇ ਕਾਰੇ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਆਪਣੀ ਜਿੱਤ ਦੇ ਝੰਡੇ ਗੱਡੇ ਜਾਂਦੇ ਹਨ। ਪੰਜਾਬ ਦੇ ਲੋਕਾਂ ਨੂੰ ਉਕਸਾਉਣ ਵਾਲੀ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਬੱਸ ਨਹੀਂ ਕੀਤੀ ਜਾਂਦੀ ਬਲਕਿ ਇਸ ਨੂੰ ਅੱਗੇ ਤੋਂ ਪਾਵਰ ਕੱਟ ਨਾ ਲਾਉਣ ਬਾਰੇ ਧਮਕੀਆਂ ਦੇ ਕੇ ਬਦਲੀਆਂ ਕਰਵਾਉਣ ਦੀ ਜਾਂ ਭੁਗਤ ਸੰਵਾਰਨ ਦੀਆਂ ਗੱਲਾਂ ਕਰਕੇ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਹ ਬਿਜਲੀ ਘਰਾਂ ਦੇ ਕਰਮਚਾਰੀ ਕਿਸੇ ਦੁਸ਼ਮਣ ਮੁਲਕ ਦੇ ਵਾਸੀ ਹੋਣ। ਅਜਿਹਾ ਕਰਨ ਦੀ ਹੋੜ ਵਿੱਚ ਦੇਖਾ ਦੇਖੀ ਸਾਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਵੱਖ-ਵੱਖ ਬਿਜਲੀ ਘਰਾਂ ਨੂੰ ਘੇਰ ਕੇ ਲਗਾਤਾਰ ਕੀਤਾ ਜਾ ਰਿਹਾ ਹੈ। ਬਿਜਲੀ ਘਰਾਂ ਦੇ ਕਾਮਿਆਂ ਨੂੰ ਕੁੱਟਣ ਨਾਲ ਉੱਥੋਂ ਦੀਆਂ ਕੰਧਾਂ ’ਤੇ ਸ਼ੀਸ਼ਿਆਂ ਦੀ ਤੋੜ-ਭੰਨ ਕਰਨ ਨਾਲ ਨਾ ਤਾਂ ਪਾਵਰ ਕੱਟ ਖਤਮ ਹੋਣੀ ਹੈ ਤੇ ਨਾ ਹੀ ਬਿਜਲੀ ਦੀ ਪੈਦਾਵਾਰ ਵਧਣੀ ਹੈ। ਤੁਸੀਂ ਇਹ ਭਲੀ-ਭਾਂਤ ਜਾਣਦੇ ਹੋ ਕਿ ਝੋਨੇ ਦੇ ਸੀਜ਼ਨ ਲਈ ਬਿਜਲੀ ਦਾ ਪ੍ਰਬੰਧ ਪੰਜਾਬ ਸਰਕਾਰ ਕਰਦੀ ਹੈ ਤੇ ਇਸਦੀ ਖਪਤ ਦਾ ਏਜੰਡਾ ਬਿਜਲੀ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾਂ ਤਿਆਰ ਕਰਦੀਆਂ ਹਨ। ਬਿਜਲੀ ਮੁੱਲ ਖ਼ਰੀਦੀ ਜਾਂਦੀ ਹੈ ਤੇ ਕਿਸਾਨਾਂ ਨੂੰ ਪੰਜਾਬ ਸਰਕਾਰ ਮੁਫ਼ਤ ਦਿੰਦੀ ਹੈ, ਜਿਸਦਾ ਬਿਜਲੀ ਕਾਮੇ ਨੂੰ ਕੋਈ ਇਤਰਾਜ਼ ਨਹੀਂ ਹੈ।
ਜੇਕਰ ਅੱਜ ਕਿਸਾਨੀ ਸੰਘਰਸ਼ ਨੂੰ ਜਿੱਤ ਦੀਆਂ ਬਰੂਹਾਂ ’ਤੇ ਖੜ੍ਹਾ ਕਰਨਾ ਹੈ ਤਾਂ ਸੰਯੁਕਤ ਮੋਰਚੇ ਦੇ ਜ਼ਿੰਮੇਵਾਰ ਆਗੂਆਂ ਨੂੰ ਪੰਜਾਬ ਵਿੱਚ ਕਿਸਾਨਾਂ ਦੇ ਇਕੱਠਾਂ ਵਾਲੀ ਭੀੜ ਵਿੱਚਲੇ ਉਹ ਲੋਕ ਜੋ ਬਿਜਲੀ ਕਾਮਿਆਂ ਦੀ ਕੁੱਟ-ਮਾਰ ਕਰਕੇ ਨਾਢੂ-ਖਾਂ ਬਣੇ ਬੈਠੇ ਹਨ, ਉਨ੍ਹਾਂ ਨੂੰ ਵੀ ਨੱਥ ਪਾਉਣੀ ਪਵੇਗੀ। ਕਿਉਂਕਿ ਪੰਜਾਬ ਦੇ ਬਿਜਲੀ ਕਾਮੇ ਵੀ ਕਿਸੇ ਬਦਲਾਅ ਦੇ ਇੰਤਜ਼ਾਰ ਵਿੱਚ ਸਮੇਤ ਪ੍ਰਵਾਰ ਜੋ ਲੱਖਾਂ ਦੀ ਗਿਣਤੀ ਵਿੱਚ ਹਨ, ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਕਿਤੇ ਇਹ ਨਾ ਹੋਵੇ ਕਿ ਤੁਹਾਡੇ ਮੋਢੇ ਨਾਲ ਕੋਈ ਹੋਰ ਹੀ ਸਹਾਰਾ ਦੇ ਕੇ ਆਪ ਕਿਧਰੇ ਹੋਰ ਪਾਸੇ ਖਿਸਕ ਜਾਣ। ਲੋਕਾਂ ਨੂੰ ਨਾਲ ਲੈ ਕੇ, ਭਾਵ ਬਿਜਲੀ ਕਾਮਿਆਂ ਜਾਂ ਹੋਰ ਦੂਜੀਆਂ ਜਥੇਬੰਦੀਆਂ ਦੇ ਸਹਾਰੇ ਨਾਲ ਇਹ ਕਿਸਾਨੀ ਮੋਰਚਾ ਜਲਦੀ ਜਿੱਤ ਹਾਸਲ ਕਰੇਗਾ। ਸਾਡੇ ਦਿਲ ਦੀ ਵੀ ਇਹੀ ਆਵਾਜ਼ ਹੈ। ਅੱਜ ਬਿਜਲੀ ਕਾਮੇ ਤਨ, ਮਨ ਤੇ ਧਨ ਨਾਲ ਕਿਸਾਨ ਮੋਰਚੇ ਦੇ ਹੱਕ ਵਿੱਚ ਹਨ। ਕਿਧਰੇ ਇਹ ਨਾ ਹੋਵੇ ਕਿ ਤੁਹਾਨੂੰ ਪਤਾ ਹੀ ਨਾ ਲੱਗੇ, ਕੀ ਹੋ ਰਿਹਾ ਹੈ ਤੇ ਕੀ ਹੋ ਗਿਆ ਹੈ। ਤੁਹਾਨੂੰ ਹੁਸ਼ਿਆਰ ਰਹਿ ਕੇ ਪਹਿਰੇਦਾਰੀ ਕਰਨੀ ਪਵੇਗੀ। ਇਹ ਤਾਂ ਨਹੀਂ ਹੋ ਰਿਹਾ ਕਿ ਕਿਧਰੇ ਕੋਈ ਸਾਜ਼ਿਸ਼ ਦੇ ਤਹਿਤ ਅਜਿਹਾ ਤੁਹਾਡੇ ਨਾਲ ਮਿੱਠਾ ਰਹਿ ਕੇ ਕਰ ਰਿਹਾ ਹੋਵੇ। ਸੋਚਣ, ਵਿਚਾਰਨ ਦਾ ਵਿਸ਼ਾ ਹੈ। ਸਾਥੀਓ ਸਮਾਂ ਅਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ।
ਬਿਜਲੀ ਕਰਮਚਾਰੀਆਂ ਦੇ ਮਨਾਂ ਅੰਦਰ ਗੁੱਸੇ ਦੀ ਲਹਿਰ ਜਾਗ ਚੁੱਕੀ ਹੈ ਪ੍ਰੰਤੂ ਫੇਰ ਵੀ ਬਿਜਲੀ ਕਾਮੇ ਆਪਣੀ ਸੂਝਬੂਝ ਕਾਰਨ ਸ਼ਾਂਤ ਹਨ। ਸਾਡੇ ਇਸ ਨਹੁੰ ਮਾਸ ਦੇ ਰਿਸ਼ਤੇ ਨੂੰ ਕਿਸਾਨਾਂ ਵੱਲੋਂ ਹੀ ਲੀਰੋ-ਲੀਰ ਕਰਕੇ ਨਾਤਾ ਤੋੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਬਿਜਲੀ ਘੱਟ ਮਿਲਣ ਕਾਰਨ ਕੀਤੀਆਂ ਜਾ ਰਹੀਆਂ ਹਨ, ਜਿਸ ਪ੍ਰਤੀ ਪੂਰੇ ਪੰਜਾਬ ਦੇ ਬਿਜਲੀ ਘਰਾਂ ਦੇ ਕਰਮਚਾਰੀ ਬਿਲਕੁਲ ਵੀ ਰੱਤੀ ਭਰ ਜ਼ਿੰਮੇਵਾਰ ਨਹੀਂ ਹਨ। ਪੂਰੀ ਜ਼ਿੰਮੇਵਾਰੀ ਮੈਨੇਜਮੈਂਟਾਂ ਅਤੇ ਸਰਕਾਰਾਂ ਦੀ ਹੈ, ਜੋ ਸਭ ਕੁਝ ਜਾਣਦੇ ਹੋਏ ਅੱਖੋਂ ਪਰੋਖੇ ਕਰ ਰਹੀਆਂ ਹਨ। ਬਿਜਲੀ ਕਰਮਚਾਰੀ ਭਾਵੇਂ ਘੱਟ ਤਾਦਾਦ ਵਿੱਚ ਹਨ, ਪ੍ਰੰਤੂ ਫਿਰ ਵੀ ਬਿਜਲੀ ਸਪਲਾਈ ਨੂੰ ਬਹਾਲ ਰੱਖਣ ਲਈ ਦਿਨ ਰਾਤ ਘੱਟ ਸਟਾਫ ਹੋਣ ਦੇ ਬਾਵਜੂਦ ਵੀ ਲੱਗੇ ਹੋਏ ਹਨ। ਜੇਕਰ ਬਿਜਲੀ ਕਾਮੇ ਕਿਸਾਨਾਂ ਵੱਲੋਂ ਇਸ ਘਟੀਆ ਤਰੀਕੇ ਕੀਤੀ ਗਈ ਕੁੱਟਮਾਰ ਦੇ ਬਦਲੇ ਹੜਤਾਲ ’ਤੇ ਚਲੇ ਗਏ ਤਾਂ ਫਿਰ ਸਥਿਤੀ ਟਕਰਾਅ ਵਾਲੀ ਪੈਦਾ ਹੋ ਜਾਵੇਗੀ, ਤੇ ਇਸ ਦੀ ਜ਼ਿੰਮੇਵਾਰੀ ਵੀ ਕਿਸਾਨ ਜਥੇਬੰਦਿਆਂ ਸਿਰ ’ਤੇ ਹੀ ਪਵੇਗੀ। ਫਿਰ ਮਸਲਾ ਛੇਤੀ ਕੀਤਿਆਂ ਹੱਲ ਨਹੀਂ ਹੋਵੇਗਾ, ਕਿਉਂਕਿ ਜੇਕਰ ਅਸੀਂ ਕਿਸੇ ਦਾ ਸਬਰ ਪਰਖਾਂਗੇ ਤਾਂ ਅਖੀਰ ਉਸਦੇ ਸਬਰ ਦੇ ਸਾਰੇ ਬੰਨ੍ਹ ਟੁੱਟ ਜਾਣਗੇ। ਫਿਰ ਕੋਈ ਸਿਉਨੇ ਦਾ ਬਣਿਆ ਫਿਰੇ, ਇਤਬਾਰ ਨਹੀਂ ਕੀਤਾ ਜਾ ਸਕਦਾ। ਇਹ ਪੁਰਾਣੀਆਂ ਸਾਂਝਾਂ ਟੁੱਟ ਕੇ ਕੱਚ ਦੀ ਤਰ੍ਹਾਂ ਖਿੱਲਰ ਜਾਣਗੀਆਂ, ਇੱਕ ਦੂਜੇ ਨੂੰ ਦੁਸ਼ਮਣ ਸਮਝਿਆ ਜਾਵੇਗਾ। ਪਰਮਾਤਮਾ ਆਪਾਂ ਸਾਰਿਆਂ ਨੂੰ ਅਜਿਹੇ ਵਕਤ ਤੋਂ ਬਚਾਵੇ। ਸਾਡੀਆਂ ਸਾਂਝ ਦੀਆਂ ਗੰਢਾਂ ਹੋਰ ਵੀ ਪੀਡੀਆਂ ਹੋਣ, ਰੱਬ ਅੱਗੇ ਇਹੀ ਦੁਆ ਹੈ!! ਪਰ ਕੁਝ ਲੋਕ ਵਾਸਤਵ ਵਿੱਚ ਟਕਰਾਅ ਦੀ ਸਥਿਤੀ ਪੈਦਾ ਕਰਨੀ ਚਾਹੁੰਦੇ ਹ, ਕਿ ਇਹ ਬਿਜਲੀ ਕਾਮੇ ਤੇ ਕਿਸਾਨ ਇੱਕ ਥਾਲੀ ਵਿੱਚ ਰੋਟੀ ਕਿਉਂ ਖਾਂਦੇ ਹਨ। ਸਾਡੀ ਪੁਰਾਣੀ ਪ੍ਰਾਇਮਰੀ ਦੀ ਕਿਤਾਬ ਵਿਚਲੀ ‘ਦੋ ਬਿੱਲੀਆਂ ਤੇ ਬਾਂਦਰ’ ਵਾਲੀ ਕਹਾਣੀ ਨੂੰ ਅੱਜ ਫਿਰ ਦੁਹਰਾਉਣ ਦੀ ਤਾਕ ਵਿੱਚ ਕੁਝ ਸਾਡੇ ਆਪਣੇ ਹੀ ਸ਼ਹਿ ਲਾਈ ਬੈਠੇ ਹਨ। ਤੁਸੀਂ ਸਮਝਦਾਰ ਹੋ, ਠਰ੍ਹੰਮੇ ਨਾਲ ਇਸ ਪੈਦਾ ਹੋ ਚੁੱਕੇ ਮਸਲੇ ਨੂੰ ਖਤਮ ਕਰਨ ਲਈ ਤੁਰੰਤ ਬਿਆਨ ਜਾਰੀ ਕਰਕੇ, ਬਿਜਲੀ ਕਾਰਪੋਰੇਸ਼ਨਾਂ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਦਿਨੋ ਦਿਨ ਵਿਗੜਦੀ ਜਾ ਰਹੀ ਸਥਿਤੀ ਨੂੰ ਕਾਬੂ ਕਰਕੇ ਇਸਦਾ ਸਾਰਥਕ ਹੱਲ ਕੱਢ ਸਕਦੇ ਹੋ, ਨਹੀਂ ਤਾਂ ਸਾਡੇ ਵੀ ਕੁਝ ਆਪੂੰ ਬਣੇ ਘੜੰਮ ਚੌਧਰੀ ਲੀਡਰ ਆਪਣੀਆਂ ਰੋਟੀਆਂ ਸੇਕਣ ਲਈ ਇਸ ਮਸਲੇ ਥੱਲੇ ਸੁੱਕੀਆਂ ਲੱਕੜਾਂ ਉੱਪਰ ਪੈਟਰੋਲ ਛਿੜਕ ਕੇ ਲਾਂਬੂ ਲਾਉਣ ਲਈ ਤੱਤੇ ਹੋਏ ਬੈਠੇ ਹਨ, ਜਿਹੜੇ ਬਿਜਲੀ ਘਰਾਂ ਦੇ ਕਾਮਿਆਂ ਨੂੰ ਇਹ ਕਹਿ ਕੇ ਆਪਣੇ ਪਿੱਛੇ ਲਾਉਣ ਲਈ ਮੁੱਠੀਆਂ ਵਿੱਚ ਥੁੱਕੀ ਬੈਠੇ ਹਨ - ਇਹ ਵੇਖੋ, ਮੈਂ ਫਲਾਣੇ-ਫਲਾਣੇ ਕਿਸਾਨ ’ਤੇ ਐੱਫ ਆਈ ਆਰ ਦਰਜ ਕਰਾ ਕੇ ਅੰਦਰ ਸੁੱਟਿਆ ਹੈ।
ਆਪਾਂ ਸਾਰੇ ਪਿੰਡਾਂ ਵਿੱਚ ਰਹਿਣ ਵਾਲੇ ਹਾਂ। ਸਾਡੇ ਵਿੱਚੋਂ ਵੀ ਬਹੁਤੇ ਕਿਸਾਨਾਂ ਦੇ ਪੁੱਤ ਹਨ। ਕਿਸਾਨ ਦੀ ਅੱਜ ਵਾਲੀ ਸਥਿਤੀ ਨੂੰ ਭਲੀ-ਭਾਂਤ ਸਮਝਦੇ ਹੋਏ ਸਹਿਣਸ਼ੀਲਤਾ ਨੂੰ ਅਪਣਾਈ ਬੈਠੇ ਹਾਂ। ਜਿਹੜੇ ਤੁਹਾਨੂੰ ਇਸ ਭਰਾ-ਮਾਰੂ ਜੰਗ ਦੀ ਭੱਠੀ ਵਿੱਚ ਝੋਕਣ ਲਈ ਜ਼ੋਰ ਲਾ ਰਹੇ ਹਨ, ਉਨ੍ਹਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ। ਅਸੀਂ ਨਹੀਂ ਕਹਿੰਦੇ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ ਜਾਵੇ। ਬਿਜਲੀ ਕਾਮੇ ਲਗਾਤਾਰ ਪੈਨਸ਼ਨ ਪਾ ਕੇ ਘਰਾਂ ਨੂੰ ਜਾ ਰਹੇ ਹਨ। ਇਹ ਸਾਰਾ ਬਿਜਲੀ ਬੋਰਡ ਪਬਲਿਕ ਸੈਕਟਰ ਦਾ ਅਦਾਰਾ ਸੀ, ਇਸ ਨੂੰ ਸਾਡੀਆਂ ਸਰਕਾਰਾਂ ਵੱਲੋਂ ਵੱਡੀ ਤਾਦਾਦ ਵਿੱਚ ਤਾਂ ਪ੍ਰਾਈਵੇਟ ਸੈਕਟਰ ਨੂੰ ਵੇਚ ਕੇ ਬਿੱਲੇ ਲਾ ਦਿੱਤਾ, ਬਾਕੀ ਰਹਿੰਦੇ ਕੁਝ ਹਿੱਸੇ ਨੂੰ ਆਉਣ ਵਾਲੇ ਸਮੇਂ ਵਿੱਚ ਖਤਮ ਕਰਨ ਦੀਆਂ ਸਾਰੀਆਂ ਤਜਵੀਜ਼ਾਂ ਪਾਸ ਕਰ ਕੇ ਅਟੈਚੀਆਂ ਵਿੱਚ ਬੰਦ ਕਰ ਰੱਖੀਆਂ ਹਨ। ਜਿਸ ਦਿਨ ਉਹ ਵੀ ਵੇਚ ਦਿੱਤਾ ਗਿਆ, ਯਾਦ ਰੱਖਿਓ ਇਹ ਮੁਫ਼ਤ ਵਾਲੀ ਬਿਜਲੀ ਜਿਸ ਨੂੰ ਵੀ ਮਿਲਦੀ ਹੈ, ਮੁੱਲ ਲੈਣ ਲਈ ਵੀ ਵੱਡੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨੀਆਂ ਪੈਣਗੀਆਂ। ਮੋਟਰਾਂ ਅਤੇ ਘਰਾਂ ਦੇ ਬਿਜਲੀ ਵਾਲੇ ਮੀਟਰਾਂ ਵਿੱਚ ਮੋਬਾਇਲ ਦੀ ਤਰ੍ਹਾਂ ਸਿਮ ਪੈਣਗੇ ਜੋ ਪ੍ਰੀਪੇਡ ਰੀਚਾਰਜ ਕਰਵਾਉਣੇ ਪੈਣਗੇ। ਜਿਵੇਂ ਅੱਜ ਅਸੀਂ ਮੋਬਾਇਲ ਨੂੰ ਸਮਾਂ ਰਹਿੰਦੇ ਰੀਚਾਰਜ ਕਰਵਾਉਂਦੇ ਹਾਂ, ਉਵੇਂ ਹੀ ਬਿਜਲੀ ਰੀਚਾਰਜ ਹੋ ਕੇ ਚੱਲੇਗੀ।
ਅੱਜ ਕਿਸਾਨਾਂ ਵੱਲੋਂ ਬਿਜਲੀ ਘਰਾਂ ਦੇ ਮੁਲਾਜ਼ਮਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਯਾਦ ਰੱਖਿਓ, ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਸਿਆਸਤਦਾਨਾਂ ਹੱਥੋਂ ਜ਼ਲੀਲ ਹੋਣਾ ਪਵੇਗਾ। ਹਰੇਕ ਆਉਣ ਵਾਲੀ ਪਾਰਟੀ ਨੇ ਸਾਨੂੰ ਭਿਖਾਰੀ ਸਮਝ ਰੱਖਿਆ ਹੈ। ਜੋ ਵੀ ਗੱਲ ਕਰਦਾ ਹੈ, ਬਿਜਲੀ ਮੁਫ਼ਤ, ਕਣਕ ਦਾਲ ਤੇ ਪਤਾ ਨਹੀਂ ਕੀ ਕੁਝ ਮੁਫ਼ਤ ਦੇਣ ਦੀ ਗੱਲ ਕਰਦਾ ਹੈ। ਕੋਈ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਨਹੀਂ ਕਹਿੰਦਾ ਕਿ ਮੈਂ ਸੱਤਾ ਵਿੱਚ ਆ ਕੇ ਬੇਰੁਜ਼ਗਾਰੀ ਖਤਮ ਕਰਾਂਗਾ, ਪੜ੍ਹਾਈ ਸਭ ਲਈ ਇੱਕੋ ਜਿਹੀ ਸਰਕਾਰੀ ਤੌਰ ’ਤੇ ਦੇਵਾਂਗਾ, ਪ੍ਰਾਈਵੇਟ ਸਕੂਲਾਂ ਦੀ ਲੁੱਟ ਬੰਦ ਕਰਾਂਗਾ, ਸਿਹਤ ਸਹੂਲਤਾਂ ਸਰਕਾਰੀ ਤੌਰ ’ਤੇ ਸਭ ਲਈ ਇੱਕੋ ਜਿਹੀਆਂ ਦੇਵਾਂਗਾ, ਪ੍ਰਾਈਵੇਟ ਡਾਕਟਰਾਂ ਦੀ ਲੁੱਟ ਬੰਦ ਕਰਕੇ ਸਰਕਾਰੀ ਹਸਪਤਾਲਾਂ ਦੀ ਤਰਜ਼ ’ਤੇ ਰੇਟ ਫਿਕਸ ਕਰਾਂਗਾ, ਸਾਰਿਆਂ ਨੂੰ ਪੀਣ ਲਈ ਸ਼ੁੱਧ ਪਾਣੀ ਦਾ ਇੰਤਜ਼ਾਮ ਕਰਾਂਗਾ। ਉਹ ਹੋ, ਮੈਂ ਭੁਲੇਖੇ ਨਾਲ ਗੱਲ ਹੋਰ ਪਾਸੇ ਹੀ ਲੈ ਗਿਆ ਸੀ।
ਬਿਜਲੀ ਨੂੰ ਕੱਟ ਲਾਉਣਾ ਜਾਂ ਛੱਡਣ ਬਾਰੇ ਮੈਂ ਅਧਿਕਾਰਤ ਨਹੀਂ ਹਾਂ। ਇਹ ਸਭ ਕੁਝ ਪਾਵਰ ਕੰਟਰੋਲਰ ਪਟਿਆਲਾ ਦੇ ਹੁਕਮਾਂ ਤਹਿਤ ਮੇਰੇ ਵੱਲੋਂ ਕੀਤਾ ਜਾਂਦਾ ਹੈ, ਕਿਉਂਕਿ ਮੈਂਨੂੰ ਤਨਖਾਹ ਹੀ ਇਸ ਕੰਮ ਦੀ ਮਿਲਦੀ ਹੈ। ਭਾਵ ‘ਜਿਸ ਦੀ ਖਾਈਏ ਬਾਜਰੀ, ਉਸ ਦੀ ਭਰੀਏ ਹਾਜਰੀ।’
ਸੋ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਾਥੀਆਂ ਨੂੰ ਮੇਰੇ ਵੱਲੋਂ ਭਾਵ ਨਿਮਾਣੇ ਬਿਜਲੀ ਕਰਮਚਾਰੀ ਵੱਲੋਂ ਬੇਨਤੀ ਹੈ ਕਿ ਅੱਜ ਮੈਂਨੂੰ ਕਿਸਾਨਾਂ ਵੱਲੋਂ ਬਿਨਾਂ ਮਤਲਬ ਜ਼ਲੀਲ ਕਰਕੇ ਬੇਇੱਜ਼ਤ ਕੀਤਾ ਜਾ ਰਿਹਾ ਹੈ, ਜਿਸ ਨੂੰ ਰੋਕਣਾ ਅਤੀ ਜ਼ਰੂਰੀ ਹੈ। ਜੇਕਰ ਤੁਹਾਡੇ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਭਰਾ ਮਾਰੂ ਜੰਗ ਵਿੱਚ ਮੇਰਾ ਕਤਲ ਵੀ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਮੈਂ ਕਿਸ ਦੇ ਸਿਰ ਕਹਾਂ ਹੋਵੇਗੀ? ਤੁਸੀਂ ਸਮਝਦਾਰ ਹੋ, ਖੁਦ ਹੀ ਸਭ ਕੁਝ ਜਾਣਦੇ ਹੋ।
ਮੇਰੀ ਇਹ ਆਖਰੀ ਚਿੱਠੀ ਹੈ! ਜੇਕਰ ਜਿਊਂਦਾ ਰਿਹਾ ਤਾਂ ਹੋ ਸਕਦਾ ਹੈ ਦਿੱਲੀ ਦੇ ਕਿਸੇ ਬਾਰਡਰ ਤੇ ਮਿਲਾਂ, ਨਹੀਂ ਤਾਂ ਰੱਬ ਰਾਖਾ! ਜਿਊਂਦੇ ਵਸਦੇ ਰਹੋ! ਮੈਂ ਚਿੱਠੀ ਲਿਖਣ ਵੇਲੇ ਭਾਵੁਕ ਸੀ। ਕੋਈ ਗੁਸਤਾਖ਼ੀ ਹੋ ਗਈ ਹੋਵੇ ਤਾਂ ਛੋਟਾ ਭਰਾ ਸਮਝ ਕੇ, ਗਲ ਨਾਲ ਲਾ ਲੈਣਾ!
**
(ਇੰਜ. ਜਗਜੀਤ ਸਿੰਘ ਕੰਡਾ ਕੋਟਕਪੂਰਾ। ਮੋਬਾਇਲ: 96462 – 00468)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2883)
(ਸਰੋਕਾਰ ਨਾਲ ਸੰਪਰਕ ਲਈ: