“ਪੁਰਾਣੀ ਸਿੱਖਿਆ ਵਿਧੀ ਨੂੰ ਬਦਲ ਕੇ ਸਰਕਾਰਾਂ ਵੱਲੋਂ ਵਪਾਰੀਕਰਨ ਕਰ ਦਿੱਤਾ ਗਿਆ ਹੈ, ਜਿਸ ਕਰਕੇ ...”
(5 ਸਤੰਬਰ 2023)
ਸਮੇਂ ਦੇ ਮੌਜੂਦਾ ਦੌਰ ਵਿਚ ਨੈਤਿਕ ਕਦਰਾਂ-ਕੀਮਤਾਂ ਸਾਡੇ ਸਮਾਜ ਵਿੱਚੋਂ ਕਿਧਰੇ ਖੰਭ ਲਾ ਕੇ ਉੱਡ ਗਈਆਂ ਹਨ। ਇਨ੍ਹਾਂ ਨੈਤਿਕ ਕਦਰਾਂ ਕੀਮਤਾਂ ਨੂੰ ਜੇਕਰ ਕੋਈ ਸਾਡੇ ਸਮਾਜ ਵਿੱਚ ਪੈਦਾ ਕਰ ਸਕਦਾ ਹੈ ਤਾਂ ਉਹ ਇੱਕ ਅਧਿਆਪਕ ਹੀ ਹੈ। ਇਸ ਲਈ ਹੀ ਤਾਂ ਅਧਿਆਪਕ ਨੂੰ ਨਰੋਏ ਸਮਾਜ ਦਾ ਨਿਰਮਾਤਾ ਕਹਿੰਦੇ ਹਨ। ਸੱਚਾ ਅਧਿਆਪਕ ਇੱਕ ਚੰਗਾ ਦੋਸਤ, ਦਾਰਸ਼ਨਿਕ ਤੇ ਰਾਹ ਦਸੇਰਾ ਹੁੰਦਾ ਹੈ। ਅਧਿਆਪਕ ਹੀ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਰੌਸ਼ਨੀ ਪ੍ਰਦਾਨ ਕਰਦਾ ਹੈ। ਅਧਿਆਪਕ ਇੱਕ ਸ਼ਿਲਪਕਾਰ ਦੀ ਤਰ੍ਹਾਂ ਸਾਡੇ ਸਮਾਜ ਨੂੰ ਤਰਾਸ਼ ਕੇ ਨਰੋਏ ਸਮਾਜ ਦੀ ਸਿਰਜਣਾ ਕਰਦਾ ਹੈ। ਪਿਆਰ, ਸਤਿਕਾਰ, ਪ੍ਰਸ਼ੰਸਾ, ਕਦਰ ਅਤੇ ਸਨਮਾਨ ਦੀ ਮੂਰਤ ਸਾਬਕਾ ਰਾਸ਼ਟਰਪਤੀ ਸਵਰਗੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਸਮੁੱਚੇ ਭਾਰਤ ਵਿੱਚ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਸਹੀ ਮਾਰਗ ਦਰਸ਼ਨ ਬਣਨ ਲਈ ਧੰਨਵਾਦ ਕਰਦੇ ਹੋਏ ਇਸ ਨੂੰ ਮਨਾਉਂਦੇ ਹਨ।
ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦਾ ਜਨਮ 5 ਸਤੰਬਰ 1888 ਨੂੰ ਦੱਖਣ ਭਾਰਤ ਦੇ ਛੋਟੇ ਜਿਹੇ ਕਸਬੇ ਤਿਰੂਤਾਣੀ (ਬਰਤਾਨਵੀ ਰਾਜ ਹੁਣ ਭਾਰਤ) ਵਿਖੇ ਹੋਇਆ ਸੀ, ਜੋ ਚੇਨਈ ਤੋਂ 64 ਕਿਲੋਮੀਟਰ ਉੱਤਰ-ਪੂਰਬ ਵਿੱਚ ਹੈ। ਆਪ ਜੀ ਦੇ ਪਿਤਾ ਜੀ ਇਕ ਗਰੀਬ ਬ੍ਰਾਹਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜ਼ਿਮੀਂਦਾਰਾਂ ਕੋਲ ਸਧਾਰਨ ਕਰਮਚਾਰੀ ਦੇ ਤੌਰ ਤੇ ਕੰਮ ਕਰਦੇ ਸਨ। ਆਪ ਜੀ ਚਾਰ ਭਰਾਵਾਂ ਅਤੇ ਇੱਕ ਭੈਣ ਵਿੱਚੋਂ ਆਪਣੇ ਮਾਤਾ ਪਿਤਾ ਦੀ ਦੂਜੀ ਸੰਤਾਨ ਸਨ। ਅੱਠ ਮੈਂਬਰੀ ਪ੍ਰੀਵਾਰ ਦੀ ਆਮਦਨ ਦੇ ਸਾਧਨ ਬਹੁਤ ਹੀ ਸੀਮਤ ਸਨ। ਘੱਟ ਆਮਦਨ ਵਿੱਚ ਵੀ ਆਪ ਜੀ ਨੇ ਇਹ ਸਿੱਧ ਕਰਕੇ ਦਿਖਾਇਆ ਕਿ ਤੁਹਾਡੇ ਅੰਦਰਲੇ ਹੁਨਰ ਨੂੰ ਜੇਕਰ ਤੁਸੀਂ ਚਾਹੋ ਤਾਂ ਕੋਈ ਰੋਕ ਨਹੀਂ ਸਕਦਾ। ਆਪ ਜੀ ਨੇ ਮਹਾਨ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਸਰਵਉੱਚ ਅਹੁਦੇ ਰਾਸ਼ਟਰਪਤੀ ਦੇ ਪਦ ’ਤੇ ਵੀ ਬਿਰਾਜਮਾਨ ਹੋਏ। ਆਪਣੇ ਵਿਦਿਆਰਥੀ ਜੀਵਨ ਵਿੱਚ ਆਪ ਜੀ ਵੱਲੋਂ ਬਾਈਬਲ ਦੇ ਮਹੱਤਵਪੂਰਨ ਅੰਸ਼ ਯਾਦ ਕਰਨ ਕਰਕੇ ਸਨਮਾਨ ਹਾਸਿਲ ਕੀਤਾ ਤੇ ਵੀਰ ਸਾਵਰਕਰ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਆਦਰਸ਼ਾਂ ਦਾ ਵੀ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ। ਸੰਨ 1902 ਵਿੱਚ ਆਪ ਜੀ ਨੇ ਬਹੁਤ ਚੰਗੇ ਅੰਕਾਂ ਨਾਲ ਮੈਟ੍ਰਿਕ ਪਾਸ ਕੀਤੀ। ਕਲਾ ਫੈਕਲਟੀ ਦੀ ਬੈਚੂਲਰ ਪੱਧਰ ਦੀ ਪ੍ਰੀਖਿਆ ਵਿੱਚ ਪਹਿਲੇ ਨੰਬਰ ’ਤੇ ਆਏ, ਫਿਲਾਸਫੀ ਵਿੱਚ ਗ੍ਰੈਜੂਏਸ਼ਨ ਕੀਤੀ ਤੇ ਮਦਰਾਸ ਰੈਜ਼ੀਡੈਂਸੀ ਕਾਲਜ ਵਿੱਚ ਫਲਾਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋਏ। ਡਾਕਟਰ ਰਾਧਾ ਕ੍ਰਿਸ਼ਨਨ ਜੀ ਨੇ 40 ਸਾਲ ਇਕ ਅਧਿਆਪਕ ਦੇ ਰੂਪ ਵਿੱਚ ਬਿਤਾਏ। ਉਹ ਇੱਕ ਆਦਰਸ਼ਵਾਦੀ ਅਧਿਆਪਕ ਸਨ।
ਆਪ ਜੀ ਦੀ ਯੋਗਤਾ ਅਤੇ ਲਗਨ ਨੂੰ ਦੇਖਦੇ ਹੋਏ ਸੰਵਿਧਾਨ ਨਿਰਮਾਣ ਸਭਾ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਪਦ ’ਤੇ ਨਿਯੁਕਤੀ ਹੋਈ। ਸੰਸਦ ਦੇ ਸਾਰੇ ਮੈਬਰਾਂ ਵੱਲੋਂ ਆਪ ਜੀ ਦੇ ਕੰਮਾਂ ਤੇਅ ਵਿਵਹਾਰ ਨੂੰ ਕਾਫੀ ਸਰਾਹਿਆ ਗਿਆ। ਸੰਨ 1962 ਵਿੱਚ ਸ੍ਰੀ ਰਾਜਿੰਦਰ ਪ੍ਰਸ਼ਾਦ ਜੀ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਡਾਕਟਰ ਰਾਧਾ ਕ੍ਰਿਸ਼ਨਨ ਜੀ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਗਿਆ। ਸਿੱਖਿਆ ਦੇ ਨਾਲ-ਨਾਲ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਹੋਣ ਕਾਰਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਤਿਕਾਰ ਯੋਗ ਰਾਜਿੰਦਰ ਪ੍ਰਸ਼ਾਦ ਜੀ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਭਾਰਤ ਰਤਨ ਨਾਲ ਨਵਾਜਿਆ। 17 ਅਪ੍ਰੈਲ 1975 ਨੂੰ ਡਾਕਟਰ ਰਾਧਾ ਕ੍ਰਿਸ਼ਨਨ ਜੀ ਨੇ ਲੰਬੀ ਬਿਮਾਰੀ ਤੋਂ ਬਾਅਦ ਆਪਣੀ ਦੇਹ ਤਿਆਗੀ। ਅਮਰੀਕੀ ਸਰਕਾਰ ਵੱਲੋਂ ਟ੍ਰੈਪਲਟਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਜੋ ਕਿ ਧਰਮ ਖੇਤਰ ਦੇ ਕਲਿਆਣ ਲਈ ਪ੍ਰਦਾਨ ਕੀਤਾ ਜਾਂਦਾ ਹੈ। ਸਿੱਖਿਆ ਜਗਤ ਦੇ ਕੰਮਾਂ ਪ੍ਰਤੀ ਯੋਗਦਾਨ ਕਾਰਨ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
ਸੰਨ 1962 ਵਿੱਚ ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਉਣ ਦੀ ਇੱਛਾ ਜ਼ਾਹਿਰ ਕੀਤੀ। ਡਾਕਟਰ ਰਾਧਾ ਕ੍ਰਿਸ਼ਨਨ ਜੀ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਆਪਾਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ ਜੋ ਉਨ੍ਹਾਂ ਦੇ ਅਧਿਆਪਨ ਕਿੱਤੇ ਲਈ ਪਿਆਰ ਤੇ ਸਨੇਹ ਦਾ ਪ੍ਰਤੀਕ ਹੈ। ਇਸੇ ਕਰਕੇ ਹਰ ਸਾਲ 5 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
ਕਿਸੇ ਵੀ ਬੱਚੇ ਦੇ ਪਹਿਲੇ ਅਧਿਆਪਕ ਮਾਪੇ ਹੁੰਦੇ ਹਨ। ਉਹ ਜੋ ਵੀ ਸਿਖਾਉਣਗੇ, ਬੱਚਾ ਉਸੇ ਤਰ੍ਹਾਂ ਹੀ ਕਰੇਗਾ। ਫਿਰ ਉਸ ਤੋਂ ਬਾਅਦ ਸਕੂਲੀ ਅਧਿਆਪਕ ਦਾ ਯੋਗਦਾਨ ਸ਼ੁਰੂ ਹੁੰਦਾ ਹੈ ਜੋ ਬੱਚੇ ਦੀ ਬੁੱਧੀ ਦਾ ਅਧਿਐਨ ਕਰਨ ਤੋਂ ਬਾਅਦ ਉਸਨੂੰ ਆਪਣੇ ਗਿਆਨ ਦੀ ਭੱਠੀ ਵਿੱਚ ਢਾਲਕੇ ਸਮਾਜਿਕ ਤੌਰ ’ਤੇ ਦੁਨੀਆਂ ਵਿੱਚ ਵਿਚਰਨ ਲਈ ਊਰਜਾ ਪ੍ਰਦਾਨ ਕਰਦਾ ਹੈ। ਸੱਚਾ ਅਧਿਆਪਕ ਜਦ ਪਰਉਪਕਾਰੀ ਤਰੀਕੇ ਨਾਲ ਸਿਖਿਆਰਥੀਆਂ ਨੂੰ ਦੇਸ਼ ਦੇ ਭਵਿੱਖ ਲਈ ਤਿਆਰ ਕਰਦਾ ਹੈ ਤਾਂ ਭਵਿੱਖਘਾੜਾ ਅਖਵਾਉਂਦਾ ਹੈ. ਜਿਸ ਨਾਲ ਉਸ ਵੱਲੋਂ ਦਿੱਤੀ ਹੌਸਲਾ ਅਫਜ਼ਾਈ ਅਤੇ ਚੰਗੀ ਸਿੱਖਿਆ ਨਾਲ ਵਿਦਿਆਰਥੀ ਇੱਕ ਆਦਰਸ਼ ਡਾਕਟਰ, ਇੰਜਨੀਅਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਬਣਦਾ ਹੈ। ਪੁਰਾਣੇ ਸਮਿਆਂ ਵਿੱਚ ਵਿਦਿਆਰਥੀਆਂ ਨੂੰ ਮਦਰੱਸਿਆਂ ਜਾਂ ਗੁਰਦਵਾਰਿਆਂ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਸਮਾਂ ਬਦਲ ਗਿਆ, ਸਿੱਖਿਆ ਲਈ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ ਜਨਮ ਲਿਆ। ਪਹਿਲਾਂ ਪੁਰਾਣੇ ਸਮਿਆਂ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਸਕੂਲ ਪਹੁੰਚਣ ਵੇਲੇ, ਛੁੱਟੀ ਵੇਲੇ ਬੱਚੇ ਅਧਿਆਪਕ ਦੇ ਪੈਰਾਂ ਛੂੰਹਦੇ ਸਨ। ਉਸ ਦਾ ਅਸਲ ਕਾਰਨ ਮਨ ਵਿੱਚ ਨਿਮਰਤਾ ਪੈਦਾ ਕਰਨਾ ਸੀ। ਜੋ ਓਹਨਾਂ ਸਮਿਆਂ ਵਿੱਚ ਦੇਖਣ ਨੂੰ ਮਿਲਦੀ ਸੀ। ਸਕੂਲ ਟਾਈਮ ਤੋਂ ਬਾਅਦ ਜੇਕਰ ਕਿਧਰੇ ਅਧਿਆਪਕ ਮਿਲ ਜਾਂਦਾ ਤਾਂ ਤੁਰੰਤ ਝੁਕ ਕੇ ਉਹਦੇ ਪੈਰ ਛੂਹੇ ਜਾਂਦੇ ਸਨ। ਮੈਂ ਅੱਜ ਵੀ ਅਜਿਹਾ ਹੀ ਕਰਦਾ ਹਾਂ। ਮੇਰਾ ਸਕੂਲੀ ਅਧਿਆਪਕ ਜੇਕਰ ਕਿਧਰੇ ਮਿਲਦਾ ਹੈ ਤਾਂ ਮੈ ਹੁਣ ਵੀ ਝੁਕ ਕੇ ਸਤਿਕਾਰ ਸਹਿਤ ਉਸਦੇ ਪੈਰਾਂ ਨੂੰ ਛੂਹ ਕੇ ਮੱਥੇ ਨਾਲ ਲਾਉਂਦਾ ਹਾਂ।
ਜ਼ਮਾਨਾ ਬਦਲ ਗਿਆ ਹੈ, ਵਿਗਿਆਨਕ ਯੁਗ ਸ਼ੁਰੂ ਹੈ। ਪੁਰਾਣੀ ਸਿੱਖਿਆ ਵਿਧੀ ਨੂੰ ਬਦਲ ਕੇ ਸਰਕਾਰਾਂ ਵੱਲੋਂ ਵਪਾਰੀਕਰਨ ਕਰ ਦਿੱਤਾ ਗਿਆ ਹੈ, ਜਿਸ ਕਰਕੇ ਨੈਤਿਕਤਾ ਅੱਜ ਦੇ ਮਾਡਰਨ ਅਧਿਆਪਕਾਂ ਦੇ ਜ਼ਿਹਨ ਵਿੱਚੋਂ ਖੰਭ ਲਾ ਕੇ ਉੱਡ ਗਈ ਹੈ। ਅਧਿਆਪਕ ਦਾ ਸਹੀ ਕੰਮ ਵਿਦਿਆਰਥੀ ਦੇ ਅੰਦਰਲੇ ਹੁਨਰ ਨੂੰ ਬਾਹਰ ਕੱਢ ਕੇ ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ, ਇਹ ਸਿਖਾਉਣਾ ਵੀ ਹੁੰਦਾ ਹੈ। ਨਵੇਂ ਜ਼ਮਾਨੇ ਦੇ ਸੋਸ਼ਲ ਮੀਡੀਆ, ਇੰਟਰਨੈੱਟ ਕਾਰਨ ਅੱਜ ਇਹਨਾਂ ਤੇ ਕਿਤਾਬਾਂ ਵਿਚਲੇ ਸਹੀ ਅਤੇ ਗਲਤ ਦੇ ਫ਼ਰਕ ਨੂੰ ਸਮਝਾਉਣਾ ਵੀ ਇੱਕ ਚੁਣੌਤੀ ਹੈ। ਇਸ ਦਾ ਸਾਹਮਣਾ ਸਿਰਫ ਕਦਰਾਂ-ਕੀਮਤਾਂ ਨਾਲ ਭਰਪੂਰ ਸਿੱਖਿਆ ਪ੍ਰਣਾਲੀ ਹੀ ਕਰ ਸਕਦੀ ਹੈ। ਇਕ ਚੰਗੇ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਅੰਦਰ ਵਿਸ਼ਿਆਂ ਸਬੰਧੀ ਦਿਲਚਸਪੀ ਪੈਦਾ ਕਰਨ ਦਾ ਗਿਆਨ ਹੋਣ ਦੇ ਨਾਲ-ਨਾਲ ਨੈਤਿਕਤਾ ਵੀ ਜ਼ਰੂਰੀ ਹੈ। ਅਧਿਆਪਕ ਇੱਕ ਅਜਿਹਾ ਦੀਵਾ ਹੈ ਜੋ ਬਲਣ ਉਪਰੰਤ ਰੌਸ਼ਨੀ ਹੀ ਨਹੀਂ ਕਰਦਾ ਬਲਕਿ ਬਾਕੀ ਦੀਵਿਆਂ ਨੂੰ ਵੀ ਬਾਲ ਕੇ ਵਿਦਿਆਰਥੀਆਂ ਦੇ ਜੀਵਨ ਹਨੇਰੇ ਤੋਂ ਚਾਨਣ ਵੱਲ ਲੈ ਜਾਂਦਾ ਹੈ। ਅੱਜ ਦੇ ਨਵੇਂ ਜ਼ਮਾਨੇ ਦੇ ਅਧਿਆਪਕਾਂ ਦੇ ਮਨਾਂ ਵਿਚ ਇਹ ਧਾਰਨਾ ਘਰ ਕਰ ਚੁੱਕੀ ਹੈ ਕਿ ਵਿਦਿਆਰਥੀ ਸੌ ਫ਼ੀਸਦੀ ਅੰਕ ਹੀ ਹਾਸਲ ਕਰੇ। ਉਹ ਵਿਦਿਆਰਥੀਆਂ ਨੂੰ ਜੀਵਨ ਜਿਊਣ ਦੇ ਢੰਗ ਸਿਖਾਉਣ ਵਾਲੀਆਂ ਰਿਪੋਰਟਾਂ ਤਿਆਰ ਕਰਨ ਦੀ ਬਜਾਏ ਬੱਚਿਆਂ ਦੇ ਅੰਕਾਂ ਵਾਲੇ ਰਿਪੋਰਟ ਕਾਰਡਾਂ ਵਿੱਚ ਪ੍ਰਤੀਸ਼ਤਤਾ ਵਧਾਉਣ ਲਈ ਹੱਥਕੰਡੇ ਅਪਣਾਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਪੁਰਾਣੇ ਟੀਚਰਾਂ ਜਾਂ ਗੁਰੂਆਂ ਦੀ ਤਰ੍ਹਾਂ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਜਿੰਦਗੀ ਜਿਉਣ ਦੇ ਢੰਗ ਤਰੀਕੇ ਸਿਖਾਕੇ ਬੱਚਿਆਂ ਅੰਦਰ ਇਨਸਾਨੀਅਤ ਦੇ ਗੁਣ ਪੈਦਾ ਕੀਤੇ ਜਾਣ, ਨੈਤਿਕਤਾ ਸਿਖਾਈ ਜਾਵੇ ਕਿ ਇੱਕ ਚੰਗਾ ਪੁਲਿਸ ਅਫਸਰ, ਚੰਗਾ ਪ੍ਰਸ਼ਾਸ਼ਨਿਕ ਅਧਿਕਾਰੀ, ਚੰਗਾ ਜੱਜ, ਵਕੀਲ ਤੇ ਇੱਕ ਚੰਗਾ ਅਧਿਆਪਕ ਕਿਸ ਤਰ੍ਹਾਂ ਬਣਨਾ ਹੈ। ਇਹ ਸਭ ਤਾਂ ਹੀ ਸੰਭਵ ਹੋਵੇਗਾ ਜੇਕਰ ਅੱਜ ਦਾ ਅਧਿਆਪਕ ਖੁਦ ਨੈਤਿਕਤਾ ਨਾਲ ਭਰਪੂਰ ਹੋਵੇਗਾ।
ਵਿੱਦਿਆ ਦੇ ਵਪਾਰੀਕਰਨ ਨੇ ਸਾਡੇ ਸਮਾਜ ਵਿਚ ਅਨੈਤਿਕਤਾ ਫੈਲਾਈ ਹੈ। ਜੇਕਰ ਕਿਸੇ ਵੀ ਬੱਚੇ ਦੀ ਅੰਕਾਂ ਦੀ ਪ੍ਰਸੈਂਟੇਜਜ ਘਟਦੀ ਹੈ ਤਾਂ ਉਹ ਆਤਮ-ਹੱਤਿਆ ਕਰ ਲੈਂਦਾ ਹੈ। ਅਜਿਹਾ ਸਾਨੂੰ ਹਰ ਸਾਲ ਰਿਜ਼ਲਟ ਆਉਣ ਸਮੇਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲਦਾ ਹੈ। ਇਸ ਦਾ ਮੁੱਖ ਕਾਰਨ ਅਧਿਆਪਕਾਂ ਦਾ ਵਿਦਿਆਰਥੀਆਂ ਉੱਤੇ ਵੱਧ ਫੀਸਦੀ ਅੰਕ ਹਾਸਲ ਕਰਨ ਦਾ ਦਬਾਓ ਹੁੰਦਾ ਹੈ। ਇਹੀ ਦਬਾਓ ਜੇਕਰ ਚੰਗਾ ਇਨਸਾਨ ਬਣਨ ਲਈ ਪਾਇਆ ਹੋਵੇ ਤਾਂ ਇਸਦੇ ਨਤੀਜੇ ਸਾਰਥਕ ਨਿਕਲਣਗੇ। ਅਸਲ ਵਿੱਚ ਤਾਂ ਨੈਤਿਕ ਕਦਰਾਂ ਕੀਮਤਾਂ ਹੀ ਤੈਅ ਕਰਦੀਆਂ ਹਨ ਕਿ ਬੱਚਾ ਵੱਡਾ ਹੋ ਕੇ ਕਿਹੋ ਜਿਹਾ ਇਨਸਾਨ ਬਣੇਗਾ। ਜਿਵੇਂ ਕਿ ਡਾਕਟਰ ਰਾਧਾ ਕ੍ਰਿਸ਼ਨਨ ਜੀ ਨੇ ਇਹ ਸਭ ਕਰਕੇ ਦਿਖਾਇਆ, ਜਿਸ ਵਿੱਚ ਉਨ੍ਹਾਂ ਦੇ ਅਧਿਆਪਕਾਂ ਦਾ ਵੱਡਮੁੱਲਾ ਯੋਗਦਾਨ ਸੀ। ਉਸ ਸਮੇਂ ਜਾਂ ਅੱਜ ਉਨ੍ਹਾਂ ਦੇ ਰਿਪੋਰਟ ਕਾਰਡ ਅਖਬਾਰਾਂ ਵਿੱਚ ਨਹੀਂ ਛਪਦੇ ਬਲਕਿ ਉਨ੍ਹਾਂ ਦੇ ਪੜ੍ਹਾਈ ਸਬੰਧੀ ਤਰੀਕਿਆਂ ਨੂੰ ਕਿਤਾਬਾਂ ਵਿੱਚ ਛਾਪਿਆ ਗਿਆ ਹੈ ਤਾਂ ਕਿ ਵਿਦਿਆਰਥੀ ਇਨ੍ਹਾਂ ਨੂੰ ਅਪਣਾ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਕੇ ਸਮਾਜ ਲਈ ਕੁਝ ਕਰ ਸਕੇ। ਉਨ੍ਹਾਂ ਨੇ ਜੀਵਨ ਦਾ ਵੱਡਾ ਹਿੱਸਾ, ਲੱਗਭਗ 40 ਸਾਲ ਅਧਿਆਪਕ ਦੇ ਤੌਰ ’ਤੇ ਹੀ ਕੁਰਬਾਨ ਕੀਤੇ।
ਅੱਜ ਦੇ ਅਧਿਆਪਕਾਂ ਨੂੰ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੀ ਕਿਸੇ ਲਈ ਚਾਨਣ-ਮੁਨਾਰਾ ਬਣ ਸਕਣ। ਅੱਜ ਦੀ ਮਹਿੰਗੀ ਪੜ੍ਹਾਈ ਵਿਦਿਆਰਥੀ ਦੇ ਜੀਵਨ ਵਿੱਚ ਸਮਾਜਿਕ ਤੌਰ ਕਿਤੇ ਵੀ ਕੰਮ ਨਹੀਂ ਆਉਂਦੀ, ਉਸ ਲਈ ਤਾਂ ਅਧਿਆਪਕ ਦਾ ਖ਼ੁਦ ਦਾ ਤਜ਼ਰਬਾ ਹੋਣਾ ਵੀ ਲਾਜ਼ਮੀ ਹੈ।
ਅੱਜ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਇਸ ਸਾਰੇ ਵਰਤਾਰੇ ਪ੍ਰਤੀ ਅਧਿਆਪਕ ਜ਼ਿਮੇਵਾਰ ਹੈ ਤਾਂ ਮੌਜ਼ੂਦਾ ਸਮਾਜਿਕ ਢਾਂਚੇ ਦੇ ਖਿਲਰੇ ਤਾਣੇ-ਬਾਣੇ ਲਈ ਬੱਚੇ ਤੇ ਉਨ੍ਹਾਂ ਦੇ ਮਾਪੇ ਵੀ ਜ਼ਿੰਮੇਵਾਰ ਹਨ। ਮਾਪਿਆਂ ਨੇ ਬੱਚਿਆਂ ਨੂੰ ਪੈਸੇ ਤੇ ਹੋਰ ਕਈ ਤਰ੍ਹਾਂ ਦੀਆਂ ਖੁੱਲਾਂ ਦੇ ਕੇ ਵਿਗਾੜਿਆ ਹੈ ਜਿਸ ਨਾਲ ਪਿਛਲੇ ਸਮੇਂ ਦੌਰਾਨ ਬੱਚਿਆਂ ਵੱਲੋਂ ਆਪਣੇ ਅਧਿਆਪਕਾਂ ਦਾ ਕੁੱਟਮਾਰ ਕਰਕੇ ਬੇਇੱਜ਼ਤੀ ਕਰਨ ਕਰਕੇ ਵਿਦਿਆਰਥੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਫਿਰ ਅਜਿਹੀ ਸਥਿਤੀ ਵਿੱਚ ਅਧਿਆਪਕਾਂ ਨੇ ਇਹ ਸੋਚਿਆ ਕਿ ਕਿਸੇ ਨੂੰ ਕੁੱਝ ਵੀ ਕਹਿਣਾ ਬੰਦ ਕਰ ਦਿਓ ਕੋਈ ਪੜ੍ਹੇ ਜਾਂ ਨਾ ਪੜ੍ਹੇ! ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਪੈਦਾ ਕਰਨ ਵਿੱਚ ਵਿਦਿਆਰਥੀਆਂ ਦੇ ਇਸ ਗਾਊਡਰਪੁਣੇ ਦਾ ਵੱਡਾ ਯੋਗਦਾਨ ਹੈ। ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜਿਸ ਕਾਰਨ ਅੱਜ ਵਿੱਦਿਆ ਦਾ ਵਪਾਰੀਕਰਨ ਹੋਣ ਕਰਕੇ ਫਰੀ ਦਿੱਤੀ ਜਾਣ ਵਾਲੀ ਸਿੱਖਿਆ ਲੱਖਾਂ ਵਿੱਚ ਮਿਲਦੀ ਹੈ। ਕਿਉਂਕਿ ਬਦਕਿਸਮਤੀ ਨਾਲ ਸਾਡੀਆਂ ਸਰਕਾਰਾਂ ਨੇ ਵੀ ਅਧਿਆਪਨ ਕਿੱਤੇ ਦੀ ਬਹੁਤੀ ਕਦਰ ਨਹੀਂ ਪਾਈ ਜਿਸ ਕਾਰਨ ਉਹ ਵੀ ਨਿੱਤ ਦਿਹਾੜੇ ਡੰਡੇ ਖਾਣ ਤੋਂ ਬਾਅਦ ਕਮਰਸੀਅਲ ਬਣ ਗਏ ਪ੍ਰੰਤੂ ਦੇਸ਼ ਦੇ ਕਈ ਰਾਜਾਂ ਵਿੱਚ ਅੱਜ ਵੀ ਸਰਕਾਰਾਂ ਦੇ ਚੰਗੇ ਯੋਗਦਾਨ ਕਾਰਨ ਅਧਿਆਪਕ ਤੇ ਵਿਦਿਆਰਥੀ ਉੱਚੀਆਂ ਕਦਰਾਂ-ਕੀਮਤਾਂ ਵੱਲ ਵਧ ਰਹੇ ਹਨ ਤੇ ਜ਼ਿਆਦਾਤਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਰਾਜਾਂ ਦੇ ਹੀ ਸਿਲੈਕਟ ਹੋ ਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾ ਕੇ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਪੱਖੋਂ ਸਾਡਾ ਪੰਜਾਬ ਪਛੜ ਗਿਆ ਹੈ। ਬਾਰਵੀਂ ਪਾਸ ਕਰਨ ਤੋਂ ਬਾਅਦ ਅੱਜ ਲੱਖਾਂ ਬੱਚੇ ਵਿਦੇਸ਼ਾਂ ਵਿੱਚ ਸਟੱਡੀ ਵੀਜੇ ਤੇ ਜਾ ਰਹੇ ਹਨ। ਇਸ ਦਾ ਮੁਢਲਾ ਕਾਰਨ ਸਾਡੇ ਰਾਜ ਵਿੱਚ ਰਿਸ਼ਵਤਖੋਰੀ, ਅਨਪੜ੍ਹਤਾ, ਨਸ਼ੇ, ਗੈਗਵਾਰ ਦਾ ਲਗਾਤਾਰ ਵਾਧਾ ਹੋਣਾ ਹੈ। ਜੇਕਰ ਸਾਡੀਆਂ ਸਰਕਾਰਾਂ ਇਸ ਨੂੰ ਠੱਲ੍ਹ ਪਾਉਣ ਲਈ ਵਚਨਬੱਧ ਹੋਣ ਤਾਂ ਵੀ ਸਾਡੇ ਬੱਚਿਆਂ ਅੰਦਰ ਨੈਤਿਕਤਾ ਦੇ ਗੁਣ ਪੈਦਾ ਹੋਣ ਲਈ ਕਈ ਸਾਲ ਲੱਗ ਜਾਣਗੇ।
ਇਸ ਤੋਂ ਦੂਜਾ ਪੱਖ ਸਾਡੇ ਦੇਸ਼ ਵਿਚ ਹਰੇਕ ਧਰਮ ਦੇ ਲੋਕ ਰਹਿੰਦੇ ਹਨ, ਸਾਰੇ ਧਰਮਾਂ ਦਾ ਇੱਕ ਦੂਜੇ ਵੱਲੋਂ ਸਤਿਕਾਰ ਕੀਤਾ ਜਾਂਦਾ ਹੈ। ਧਾਰਮਿਕ ਗੁਰੂਆਂ, ਪੀਰਾਂ, ਫਕੀਰਾਂ ਦਾ ਵੀ ਨਰੋਏ ਸਮਾਜ ਨੂੰ ਸਿਰਜਣ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਜੇਕਰ ਉਸ ਮੁਤਾਬਿਕ ਢਾਲਿਆ ਜਾਵੇ ਤਾਂ ਸਾਡਾ ਇਹ ਪੰਜਾਬ ਫਿਰ ਤੋਂ ਆਪਸੀ ਸਾਂਝ ਦੀਆਂ ਮਹਿਕਾਂ ਵੰਡਦਾ ਨਜ਼ਰ ਆਵੇਗਾ। ਕਿਉਂਕਿ "ਗੁਰੂ ਬਿਨ ਗਿਆਨ ਨਹੀਂ" ਮਤਲਬ ਜੇ ਗੁਰੂ ਨਹੀਂ ਹੈ ਤਾਂ ਤੁਸੀਂ ਕਦੇ ਵੀ ਗਿਆਨ ਪ੍ਰਾਪਤ ਕਰਕੇ ਗਿਆਨੀ ਨਹੀਂ ਬਣ ਸਕਦੇ। ਅਧਿਆਪਕ ਵਿਦਿਆਰਥੀਆਂ ਨੂੰ ਚੰਗੇ ਰਾਹਾਂ ਦਾ ਪਾਂਧੀ ਬਣਾਉਂਦਾ ਹੈ। ਇਸ ਲਈ ਇੰਨੀ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਇੱਕ ਦਿਨ ਸਮਰਪਿਤ ਕਰਨਾ ਜ਼ਰੂਰੀ ਹੈ। ਇੱਕ ਜਪਾਨੀ ਕਹਾਵਤ ਹੈ " ਮਹਾਨ ਅਧਿਆਪਕ ਦੇ ਚਰਨਾਂ ਵਿੱਚ ਗੁਜ਼ਾਰਿਆ ਇੱਕ ਦਿਨ ਪੋਥੀਆਂ ਪੜ੍ਹਨ ਵਿੱਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ"।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4199)
(ਸਰੋਕਾਰ ਨਾਲ ਸੰਪਰਕ ਲਈ: (