“ਅੱਜ ਜ਼ਮਾਨੇ ਦੇ ਨਾਲ-ਨਾਲ ਪਿੰਡਾਂ ਦਾ ਮੁਹਾਂਦਰਾ ਬਦਲ ਚੁੱਕਿਆ ਹੈ, ਜਿਸ ਨਾਲ ਸਾਡੇ ਮਨਾਂ ਵਿੱਚੋਂ ...”
(3 ਨਵੰਬਰ 2024)
ਇੱਕ ਸਮਾਂ ਸੀ ਜਦੋਂ ਲੋਕ ਆਮ ਹੀ ਕਹਿੰਦੇ ਸੁਣੇ ਜਾਂਦੇ ਸੀ ਕਿ ਪਿੰਡਾਂ ਵਿੱਚ ਰੱਬ ਵਸਦਾ ਹੈ। ਪੇਂਡੂ ਲੋਕਾਂ ਦਾ ਆਪਸੀ ਮੋਹ-ਪਿਆਰ ਹੱਦੋਂ ਵੱਧ ਹੁੰਦਾ ਸੀ। ਕਿਸੇ ਦੀ ਧੀ, ਭੈਣ ਨੂੰ ਪੂਰੇ ਪਿੰਡ ਦੀ ਧੀ, ਭੈਣ ਸਮਝਿਆ ਜਾਂਦਾ ਸੀ। ਕਿਸੇ ਦੇ ਘਰ ਆਏ ਜਵਾਈ ਭਾਈ ਨੂੰ ਸਾਰੇ ਪਿੰਡ ਵਾਲੇ ਆਪਣਾ ਰਿਸ਼ਤੇਦਾਰ ਸਮਝਦੇ ਸੀ ਤੇ ਆਂਢ-ਗੁਆਂਢ ਦੇ ਨੇੜਲੇ ਘਰ ਪ੍ਰਾਹੁਣੇ ਲਈ ਗੜਵੀ-ਗੜਵੀ ਦੁੱਧ ਦੀ ਦੇ ਕੇ ਜਾਂਦੇ ਸਨ। ਜੇਕਰ ਕੋਈ ਬਾਹਰਲੇ ਪਿੰਡੋਂ ਆਇਆ ਬੰਦਾ ਸੱਥ ਵਿੱਚੋਂ ਕਿਸੇ ਦਾ ਘਰ ਪੁੱਛਦਾ ਤਾਂ ਇੱਕ ਜਣਾ ਉਸ ਨੂੰ ਉਸ ਘਰੇ ਛੱਡਣ ਜਾਂਦਾ ਸੀ। ਇਹ ਸਾਡੇ ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਸੀ। ਪਿੰਡਾਂ ਦੇ ਲੋਕ ਸ਼ਹਿਰਾਂ ਤੋਂ ਵੱਧ ਇੱਕ ਦੂਜੇ ਨਾਲ ਦੁੱਖ-ਸੁਖ ਵਿੱਚ ਸਾਂਝ ਨਿਭਾਉਂਦੇ ਸਨ, ਜੋ ਅੱਜ ਪੈਸੇ ਦੀ ਦੌੜ ਵਿੱਚ ਕਿਧਰੇ ਖੰਭ ਲਾਕੇ ਉਡ ਗਈ ਹੈ। ਜੇਕਰ ਆਂਢ-ਗਵਾਂਢ ਕਿਸੇ ਦੇ ਘਰ ਕੋਈ ਜੀ ਰੱਬ ਨੂੰ ਪਿਆਰਾ ਹੋ ਜਾਂਦਾ ਤਾਂ ਭੋਗ ਤਕ ਨਾ ਤਾਂ ਉਸ ਨੂੰ ਚੁੱਲ੍ਹੇ ਅੱਗ ਪਾਉਣ ਦਿੰਦੇ ਸੀ ਤੇ ਉਦੋਂ ਤਕ ਰਾਤ ਨੂੰ ਉਹਨਾਂ ਦੇ ਘਰ ਵਾਰੀ-ਵਾਰੀ ਸਾਰੇ ਗੁਆਂਢੀ ਰਾਤਾਂ ਕਟਵਾਉਂਦੇ ਸਨ। ਵਿਸ਼ਵੀਕਰਨ ਨੇ ਸਾਡਾ ਉਹ ਆਪਸੀ ਨਿੱਘ ਪਤਾ ਨਹੀਂ ਕਿਹੜੇ ਡੂੰਘੇ ਖੂਹ ਵਿੱਚ ਦੱਬ ਦਿੱਤਾ ਹੈ।
ਪਿੰਡਾਂ ਦੇ ਲੋਕ ਸਵੇਰ ਤੋਂ ਆਥਣ ਤਕ ਸੱਥਾਂ ਵਿੱਚ ਰੱਖੇ ਖੁੰਢਾਂ ’ਤੇ ਬਹਿ ਕੇ ਖੁੰਢ ਚਰਚਾ ਕਰਦੇ ਹੋਏ ਇੱਕ ਦੂਜੇ ਨਾਲ ਦੁੱਖ-ਸੁਖ ਫੋਲਕੇ ਉਦਾਸ ਮਨ ਨੂੰ ਖੁਸ਼ੀਆਂ ਤੇ ਖੇੜੇ ਨਾਲ ਭਰ ਦਿੰਦੇ ਸਨ। ਇਹ ਖੁੰਡ ਚਰਚਾ ਆਪਸੀ ਭਾਈਚਾਰਕ ਸਾਂਝ ਨੂੰ ਜਿੱਥੇ ਮਜ਼ਬੂਤ ਕਰਦੀ ਸੀ, ਉੱਥੇ ਬਹੁਤ ਲੋਕਾਂ ਦੇ ਸਵਾਲਾਂ ਅਤੇ ਮਸਲਿਆਂ ਦਾ ਹੱਲ ਵੀ ਕੱਢ ਕੇ ਦਿੰਦੀ ਸੀ। ਰਸਮ ਰਿਵਾਜ਼ਾਂ ਵਿੱਚ ਬਹੁਤ ਨੇੜਤਾ ਵਾਲੀ ਸਾਂਝ ਹੁੰਦੀ ਸੀ। ਆਪਣੇ ਬੇਗਾਨੇ ਦੀ ਕੋਈ ਪਛਾਣ ਹੀ ਨਹੀਂ ਹੁੰਦੀ ਸੀ। ਕਿਸੇ ਧੀ, ਭੈਣ ਦਾ ਸਾਹਾ ਹੁੰਦਾ ਤਾਂ ਸਾਰੇ ਪਿੰਡ ਦੀ ਰੋਟੀ ਇੱਕੋ ਥਾਂ ਸਾਹੇ ਵਾਲੇ ਘਰ ਪੱਕਦੀ ਸੀ। ਸਾਰਾ ਪਿੰਡ ਮਿਲਜੁਲ ਕੇ ਹੱਥ ਵਟਾਉਂਦੇ ਦਨ। ਅੱਜ ਵਾਂਗ ਮਹਿੰਗੇ ਮੈਰਿਜ ਪੈਲਸ ਨਹੀਂ ਹੁੰਦੇ ਸਨ, ਪਿੰਡ ਦੀ ਧਰਮਸ਼ਾਲਾ ਹੀ ਮੈਰਿਜ ਪੈਲਸ ਹੁੰਦੀ ਸੀ। ਬਰਾਤ ਕਈ-ਕਈ ਦਿਨ ਪਹਿਲਾਂ ਢੁਕਦੀ ਸੀ। ਧਰਮਸ਼ਾਲਾ ਵਿੱਚ ਹੀ ਮੰਜੇ ਡਾਹ ਕੇ ਉੱਪਰ ਦਰੀਆਂ ਅਤੇ ਚਿੱਟੀਆਂ ਚਾਦਰਾਂ ਵਿਛਾਈਆਂ ਜਾਂਦੀਆਂ ਸਨ। ਉੱਥੇ ਹੀ ਕੜਾਹਿਆਂ ਵਿੱਚ ਨਹਾਉਣ ਲਈ ਗਰਮ ਜਾਂ ਠੰਢਾ ਪਾਣੀ ਹੁੰਦਾ ਸੀ। ਖਾਣ ਲਈ ਅੱਜ ਵਾਂਗ ਤਰ੍ਹਾਂ-ਤਰ੍ਹਾਂ ਦੀਆਂ ਬਜ਼ਾਰੂ ਨਕਲੀ ਮਠਿਆਈਆਂ ਨਹੀਂ ਹੁੰਦੀਆਂ ਸਨ। ਗੁੜ੍ਹ ਦਾ ਕੜਾਹ, ਲੱਡੂ, ਜਲੇਬੀਆਂ, ਪਕੌੜੀਆਂ, ਮਖਾਣੇ, ਸ਼ੱਕਰਪਾਰੇ, ਬਾਲੋਸ਼ਾਈਆਂ ਆਦਿ ਤੇ ਰੋਟੀ-ਟੁੱਕ ਸਾਦਾ, ਸਾਫ ਅਤੇ ਸਿਹਤ ਵਰਧਕ ਹੁੰਦਾ ਸੀ। ਲੋਕ ਵਿਆਹ ਤੋਂ ਇੱਕੀ ਦਿਨ ਪਹਿਲਾਂ ਮੁੰਡੇ ਜਾਂ ਕੁੜੀ ਦੇ ਗਾਨਾ ਬੰਨ੍ਹ ਦਿੰਦੇ, ਮੁੰਡੇ ਦੇ ਵਿਆਹ ਵਿੱਚ ਰਾਤ ਨੂੰ ਰੋਜ਼ਾਨਾ ਘੋੜੀਆਂ ਤੇ ਕੁੜੀ ਦੇ ਵਿਆਹ ਵਿੱਚ ਸੁਹਾਗ ਗਾਏ ਜਾਂਦੇ ਸੀ। ਵਿਆਹਾਂ ਵਿੱਚ ਬੰਬੀਹੇ ਬੁਲਾਏ ਜਾਂਦੇ ਸੀ ਤੇ ਨਾਨਕੇ ਮੇਲ ਦੀ ਵਾਹਵਾ ਚੜ੍ਹਾਈ ਹੁੰਦੀ ਸੀ। ਮਾਮੀ ਮੇਲਣ ਬਣਕੇ ਜਾਗੋ ਚੱਕਦੀ ਸੀ ਤੇ ਛੱਜ ਕੁੱਟੇ ਜਾਂਦੇ ਸਨ। ਨਾਨਕੇ ਤੇ ਦਾਦਕਿਆਂ ਵੱਲੋਂ ਸਿੱਠਣੀਆਂ ਗਾਈਆਂ ਜਾਂਦੀਆਂ ਸਨ। ਨਾਨਕਾ ਪਰਿਵਾਰ ਵਿਆਹ ਤੋਂ ਕਈ-ਕਈ ਦਿਨ ਪਹਿਲਾਂ ਹੀ ਆ ਜਾਂਦਾ ਸੀ। ਅੱਜ-ਕੱਲ੍ਹ ਦੀ ਪੀੜ੍ਹੀ ਤਾਂ ਇਹਨਾਂ ਸਭ ਰਸਮ, ਰਿਵਾਜ਼ਾਂ ਨੂੰ ਭੁੱਲ ਚੁੱਕੀ ਹੈ। ਕਿਸੇ ਨਾਨਕੇ, ਦਾਦਕੇ ਕੋਲ ਟਾਈਮ ਹੀ ਨਹੀਂ ਹੈ। ਮੈਰਿਜ ਪੈਲਸ ਵਿੱਚ ਕੁਝ ਹੀ ਕੁਝ ਘੰਟਿਆਂ ਵਿੱਚ ਵਿਆਹ ਸੰਪੂਰਨ ਕਰ ਦਿੱਤਾ ਜਾਂਦਾ ਹੈ। ਘਰ ਵਾਲੇ ਤੋਂ ਬਿਨਾਂ ਬਾਕੀ ਸਾਰੇ ਰਿਸ਼ਤੇਦਾਰ ਮੈਰਿਜ ਪੈਲਸ ਵਿੱਚ ਟਾਈਮ ’ਤੇ ਮਸਾਂ ਹੀ ਪਹੁੰਚਦੇ ਹਨ, ਬਹੁਤੇ ਤਾਂ ਡੋਲੀ ਤੁਰਨ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਕੂਚ ਕਰ ਜਾਂਦੇ ਹਨ। ਘੋੜੀਆਂ ਅਤੇ ਸੁਹਾਗ ਤਾਂ ਬੀਤੇ ਦੀਆਂ ਕਹਾਣੀਆਂ ਬਣ ਗਏ ਹਨ। ਵਿਆਹਾਂ ਵਿੱਚ ਬਹੁਤੇ ਖਾਣ ਵਾਲੇ ਪਦਾਰਥ ਜਾਂ ਤਾਂ ਨਕਲੀ ਤੇ ਕੈਮੀਕਲਾਂ ਤੋਂ ਬਣੇ ਹੋਏ ਹੁੰਦੇ ਹਨ ਜਾਂ ਬਹੁਤੇ ਕੈਮੀਕਲ ਯੁਕਤ ਘਿਓ ਵਿੱਚ ਤਲੇ ਤੇ ਤੜਕੇ ਹੁੰਦੇ ਹਨ।
ਪੰਜਾਬ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਦੇ ਘਰ ਉਦੋਂ ਵੱਡੇ ਤੇ ਕੱਚੇ ਹੁੰਦੇ ਸਨ ਪਰ ਲੋਕ ਦਿਲਾਂ ਦੇ ਸੱਚੇ ਹੁੰਦੇ ਸਨ। ਤਕਰੀਬਨ ਸਾਰੇ ਹੀ ਪਰਿਵਾਰ ਸੰਯੁਕਤ ਰੂਪ ਵਿੱਚ ਰਹਿੰਦੇ ਸਨ। ਲੋਕ ਇੱਕ ਦੂਜੇ ਦੀ ਦਿਲੋਂ ਬਿਨਾਂ ਕਿਸੇ ਸਵਾਰਥ ਤੋਂ ਮਦਦ ਕਰਦੇ ਸਨ। ਘਰ ਲੋੜਾਂ ਦੇ ਮੁਤਾਬਿਕ ਹੀ ਬਣਾਏ ਜਾਂਦੇ ਸਨ, ਵੱਡਾ ਵੇਹੜਾ, ਸਬਾਤ, ਚੁੱਲ੍ਹਾ ਚੌਂਕਾ, ਝਲਾਣੀ, ਪਸ਼ੂਆਂ ਵਾਲਾ ਵਾੜਾ ਆਦਿ। ਅੱਜ ਦੇ ਪੂੰਜੀਵਾਦੀ ਯੁਗ ਵਿੱਚ ਘਰ ਪੱਕੇ ਅਤੇ ਆਕਾਰ ਛੋਟਾ ਹੋਣ ਦੇ ਨਾਲ-ਨਾਲ ਸਾਡੇ ਅੰਦਰਲਾ ਪਹਿਲਾਂ ਵਾਲਾ ਪਿਆਰ ਸੁੰਗੜ ਗਿਆ ਹੈ। ਅਸੀਂ ਮਤਲਬ ਪ੍ਰਸਤ ਹੋ ਗਏ ਹਾਂ ਕੋਈ ਸੜਕ ’ਤੇ ਡਿਗਿਆ ਪਿਆ ਹੋਵੇ ਤਾਂ ਪਤਾ ਲੱਗਣ ਦੇ ਬਾਵਜੂਦ ਭੋਲੇ ਬਣਕੇ ਚਲਾਕੀ ਨਾਲ ਨਿਕਲ ਜਾਂਦੇ ਹਾਂ, ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਮੇਰੇ ਅੱਖੀਂ ਦੇਖਣ ਦੀ ਇੱਕ ਘਟਨਾ ਯਾਦ ਆ ਗਈ। ਕਿਸੇ ਜਗ੍ਹਾ ਐਕਸੀਡੈਂਟ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਦੁਆਲੇ ਸੜਕ ’ਤੇ ਵਾਹਵਾ ਇਕੱਠ ਹੋਇਆ ਪਿਆ ਸੀ। ਅਚਾਨਕ ਉਸ ਦਾ ਸਕਾ ਭਰਾ ਕੋਲ ਦੀ ਲੰਘ ਗਿਆ ਤੇ ਉਸਨੇ ਸੋਚਿਆ ਆਪਾਂ ਕੀ ਲੈਣਾ, ਕੋਈ ਵੀ ਹੋਵੇ, ਕੁਝ ਮਿੰਟਾਂ ਬਾਅਦ ਉਹ ਘਰ ਪਹੁੰਚਿਆ ਤਾਂ ਉਸ ਨੂੰ ਘਰੋਂ ਪਤਾ ਲੱਗਾ ਕਿ ਭਾਈ, ਤੇਰੇ ਭਰਾ ਦੀ ਫਲਾਣੀ ਜਗ੍ਹਾ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ ਹੈ। ਫਿਰ ਉਹ ਦੁਬਾਰਾ ਉੱਥੇ ਪਹੁੰਚ ਕੇ ਬਹੁਤ ਪਛਤਾਇਆ। ਹੁਣ ਪਛਤਾਉਣ ਨਾਲ ਕੀ ਬਣਦਾ, ਭਾਵੇਂ ਉਸਦੇ ਰੁਕਣ ਨਾਲ ਉਸਨੇ ਬਚਣਾ ਤਾਂ ਨਹੀਂ ਸੀ, ਪਰ ਦਿਲ ਅੰਦਰ ਇੱਕ ਟੀਸ ਸਾਰੀ ਉਮਰ ਰਹੇਗੀ? ਅੱਜ ਲੋਕਾਂ ਦੇ ਲਹੂ ਸਫੈਦ ਹੋ ਗਏ ਹਨ, ਕੀਤਾ ਕੀ ਜਾਵੇ?
ਉਦੋਂ ਪਿੰਡਾਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੁੰਦਾ ਸੀ। ਫਸਲ ਖਾਣ ਜੋਗੀ ਬੀਜੀ ਜਾਂਦੀ ਸੀ। ਉਦੋਂ ਹਲਾਂ ਅਤੇ ਨਗੌਰੀ ਬਲਦਾਂ ਦੀਆਂ ਜੋੜੀਆਂ ਦਾ ਖਾਸ ਹੀ ਮਹੱਤਵ ਹੁੰਦਾ ਸੀ। ਘਰ-ਘਰ ਵਿੱਚ ਦੁੱਧ ਲਈ ਪਸ਼ੂਆਂ ਦੀ ਭਰਮਾਰ ਹੁੰਦੀ ਸੀ। ਖੂਹਾਂ ਤੋਂ ਪਾਣੀ ਭਰਦੀਆਂ ਮੁਟਿਆਰਾਂ ਤੇ ਮਜਾਜਣਾਂ ਦਾ ਇਕੱਠੇ ਹੋ ਕੇ ਜਾਣਾ ਬਹੁਤ ਹੀ ਚੰਗਾ ਲਗਦਾ ਸੀ। ਅੱਜ ਅਸੀਂ ਵਿਹਲੜ ਬਣਕੇ ਸਾਰਾ ਦਿਨ ਇੱਧਰ-ਉੱਧਰ ਘੁੰਮ ਕੇ ਵਕਤ ਗੁਜ਼ਾਰ ਕਰ ਰਹੇ ਹਾਂ, ਪੈਲੀ ਠੇਕੇ ਤੇ ਦੇਕੇ ਆਪਣੇ-ਆਪ ਨੂੰ ਸੁਰਖ਼ਰੂ ਮਹਿਸੂਸ ਕਰ ਰਹੇ ਹਾਂ। ਉਦੋਂ ਮਿਹਨਤ ਕਰਨ ਕਰਕੇ ਬਿਮਾਰੀਆਂ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਸੀ ਤੇ ਅੱਜ ਸਾਨੂੰ ਭਿਆਨਕ ਲਾ-ਇਲਾਜ ਬਿਮਾਰੀਆਂ ਦੇ ਨਾਮ ਹੀ ਯਾਦ ਨਹੀਂ ਰਹਿੰਦੇ, ਬਿਮਾਰੀਆਂ ਇੰਨੀਆਂ ਵਧ ਚੁੱਕੀਆਂ ਹਨ। ਘਰਾਂ ਦੀਆਂ ਕੱਚੀਆਂ ਕੰਧਾਂ ਅਤੇ ਕੰਧੋਲੀਆਂ ’ਤੇ ਵੇਲ ਬੂਟੇ, ਮੋਰਾਂ, ਤੋਤਿਆਂ, ਬੱਤਖਾਂ ਆਦਿ ਦੇ ਚਿੱਤਰ ਬਣਾ ਕੇ ਉੱਤੇ ਪਾਂਡੂ ਦਾ ਪੋਚਾ ਫੇਰਨ ਨਾਲ ਕਲਾਕਾਰੀ ਦਾ ਅਨੋਖਾ ਨਮੂਨਾ ਪੇਸ਼ ਹੁੰਦਾ ਸੀ, ਉਹ ਅੱਜ ਦੇ ਮਹਿੰਗੇ ਰੰਗਾਂ ਤੇ ਮਸ਼ੀਨੀ ਪੇਂਟ ਨੂੰ ਮਾਤ ਪਾਉਂਦਾ ਸੀ। ਚੁੱਲ੍ਹੇ ਨੂੰ ਰੋਜ਼ਾਨਾ ਸਵਖਤੇ ਉੱਠ ਕੇ ਪਰੋਲਾ ਫੇਰਿਆ ਜਾਂਦਾ ਸੀ, ਇਉਂ ਲਗਦਾ ਸੀ ਇਹ ਰੋਜ਼ ਹੀ ਨਵਾਂ ਗੱਡਿਆ ਹੋਵੇ। ਇਹ ਸਭ ਅੱਜ ਦੇ ਮਸ਼ੀਨੀ ਯੁਗ ਦੀ ਭੇਂਟ ਚੜ੍ਹਕੇ ਮਹਿੰਗੀਆਂ ਰਸੋਈਆਂ ਵਿੱਚ ਬਦਲ ਚੁੱਕਾ ਹੈ, ਜਿਸ ਕਾਰਨ ਪਿੰਡਾਂ ਵਿੱਚੋਂ ਪਸ਼ੂ ਧਨ ਬਹੁਤ ਘਟ ਗਿਆ ਹੈ ਤੇ ਅਸੀਂ ਸਾਰੇ ਰੋਜ਼ਾਨਾ ਲੱਖਾਂ ਲੀਟਰ ਨਕਲੀ ਦੁੱਧ ਤੇ ਡੇਅਰੀ ਪ੍ਰੋਡਕਟ ਖਾ ਪੀ ਕੇ ਕੈਂਸਰ ਟਰੇਨ ਦੇ ਡੱਬਿਆਂ ਨੂੰ ਵਧਾ ਰਹੇ ਹਾਂ।
ਵਿਆਹ-ਸ਼ਾਦੀਆਂ ਵਿੱਚ ਖੁਸ਼ੀਆਂ ਮਨਾਉਣ ਲਈ ਮਨੋਰੰਜਨ ਦੇ ਸਾਧਨ ਲਾਊਡ ਸਪੀਕਰ ਰਾਹੀਂ ਤਵਿਆਂ ਵਾਲੀਆਂ ਮਸ਼ੀਨਾਂ ’ਤੇ ਰਿਕਾਰਡ ਬਜਾਏ ਜਾਂਦੇ ਸੀ ਤੇ ਬਰਾਤਾਂ ਨਾਲ ਢੱਡ ਸਰੰਗੀ ਵਾਲੇ ਕਵੀਸ਼ਰ ਜਾਂਦੇ ਸਨ। ਸਰੰਗੀ ਦੀ ਲੈਅ ’ਤੇ ਵਾਰਾਂ ਗਾਈਆਂ ਜਾਂਦੀਆਂ ਸਨ। ਕਈ-ਕਈ ਬਰਾਤਾਂ ਵਿੱਚ ਮਨੋਰੰਜਨ ਲਈ ਉਦੋਂ ਨਚਾਰ ਵੀ ਜਾਂਦੇ ਸਨ। ਅੱਜ ਇਹ ਸਭ ਆਧੁਨਿਕ ਜ਼ਮਾਨੇ ਦੀ ਤਰੱਕੀ ਵਾਲੇ ਦੈਂਤ ਨੇ ਨਿਗਲ ਲਿਆ ਹੈ। ਮਨੋਰੰਜਨ ਦੇ ਸਾਧਨ ਬਦਲ ਗਏ ਹਨ। ਵੱਡੇ-ਵੱਡੇ ਬਕਸਿਆਂ ਵਾਲੇ ਸਪੀਕਰਾਂ ਰਾਹੀਂ ਕੰਨ ਪਾੜਵੀਆਂ ਆਵਾਜ਼ ਵਿੱਚ ਅੱਧ ਨੰਗੀਆਂ ਲੜਕੀਆਂ ਨੂੰ ਨਚਾਕੇ ਵਿਆਹ ਵਾਲੇ ਮੈਰਿਜ ਪੈਲਸ ਵਿੱਚ ਡੀਜੇ ਦੀ ਉੱਚੀ ਬੀਟ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ।
ਉਹਨਾਂ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਸੀਮਤ ਤੇ ਵੱਖਰੀ ਕਿਸਮ ਦੇ ਹੁੰਦੇ ਸੀ। ਪਿੰਡਾਂ ਦੇ ਲੋਕ ਆਮ ਹੀ ਗੱਡਿਆਂ, ਬੋਤਿਆਂ ’ਤੇ ਸਫਰ ਕਰਦੇ ਸਨ। ਥੋੜ੍ਹੇ ਸਰਦੇ ਘਰ ਘੋੜੀਆਂ ਰੱਖਦੇ ਸੀ। ਬਰਾਤਾਂ ਵੀ ਅਕਸਰ ਹੀ ਬੋਤਿਆਂ ਅਤੇ ਬਲਦਾਂ ਨੂੰ ਸ਼ਿੰਗਾਰ ਕੇ ਗੱਡਿਆਂ ’ਤੇ ਹੀ ਜਾਂਦੀਆਂ ਸਨ। ਲੰਬੀਆਂ ਵਾਟਾਂ ’ਤੇ ਜਾਣ ਵਾਲੇ ਓਪਰੇ ਰਾਹੀਗੀਰ ਨੂੰ ਪਿੰਡਾਂ ਦੇ ਲੋਕ ਲੱਸੀ ਆਦਿ ਖੁਦ ਪਿਆਉਂਦੇ ਤੇ ਹਾਜ਼ਰੀ ਰੋਟੀ ਖਵਾਉਂਦੇ। ਉਨ੍ਹਾਂ ਨਾਲ ਗੱਲੀਂ ਪੈਕੇ ਨੇੜਤਾ ਵਾਲੀ ਸਾਂਝ ਪਾ ਲੈਂਦੇ, ਧੀ-ਪੁੱਤ ਦੇ ਵਿਆਹਾਂ ਵਿੱਚ ਆਪਣਿਆਂ ਵਾਂਗ ਵਰਤਦੇ ਤੇ ਕਈ ਵਾਰੀ ਨੇੜਲੀ ਰਿਸ਼ਤੇਦਾਰੀ ਵੀ ਪਾ ਲੈਂਦੇ ਸਨ। ਅੱਜ ਭਾਵੇਂ ਆਵਾਜਾਈ ਦੇ ਸਾਧਨਾਂ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਪ੍ਰੰਤੂ ਆਪਸੀ ਭਾਈਚਾਰਕ ਸਾਂਝ ਤੇ ਆਪਣਾਪਨ ਓਨੀਂ ਹੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਮਨੁੱਖ ਵੱਲੋਂ ਕੀਤੀ ਤਰੱਕੀ ਨਾਲ ਰਾਤੋ-ਰਾਤ ਸੱਤ ਸਮੁੰਦਰੋਂ ਪਾਰ ਜਾਇਆ ਜਾ ਸਕਦਾ ਹੈ।
ਉਦੋਂ ਲੋਕ ਪੇਂਡੂ ਖੇਡਾਂ ਤਕ ਸੀਮਤ ਸਨ ਤੇ ਉਹ ਮਾਨਸਿਕ ਤੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਸਨ। ਮਾਂ ਖੇਡ ਕਬੱਡੀ, ਖੋ-ਖੋ, ਪਹਿਲਵਾਨਾਂ ਦੇ ਘੋਲ ਆਦਿ ਰਾਹੀਂ ਮੱਲ ਪੀਪਿਆਂ ਦੇ ਪੀਪੇ ਦੇਸੀ ਘਿਓ ਖਾ ਜਾਂਦੇ ਸਨ। ਅੱਜ ਘਰ ਦਾ ਸ਼ੁੱਧ ਦੇਸੀ ਘਿਓ ਮਿਲਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਨਾ ਹੀ ਲੋਕਾਂ ਨੂੰ ਪਚਦਾ ਹੈ। ਆਧੁਨਿਕ ਟੈਕਨਾਲੋਜੀ ਦੀਆਂ ਕਾਢਾਂ ਐਲਸੀਡੀ, ਕੰਪਿਊਟਰ, ਮੋਬਾਇਲ ਤੇ ਇੰਟਰਨੈੱਟ ਨੇ ਪਿੰਡਾਂ ਦੇ ਬੱਚਿਆਂ ਦੀ ਸੋਚ ਨੂੰ ਜਕੜ ਕੇ ਆਪਣਾ ਗੁਲਾਮ ਬਣਾ ਲਿਆ ਹੈ। ਮਾਨਸਿਕਤਾ ਨੂੰ ਵਿਗਾੜਿਆ ਹੈ। ਅੱਜ ਕੱਲ੍ਹ ਦੇ ਬੱਚੇ ਇੰਨਡੋਰ ਖੇਡਾਂ ਹੀ ਪਸੰਦ ਕਰਦੇ ਹਨ। ਘਰ ਤੋਂ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਖਸ਼ਦੀਆਂ ਹਨ। ਮੋਬਾਇਲ ਨੇ ਤਾਂ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਬਿਮਾਰ ਹੀ ਕਰ ਦਿੱਤਾ ਹੈ।
ਪਹਿਲਾਂ ਬੱਚੇ ਨਾਨਕੇ ਜਾਣ ਲਈ ਜਿੱਥੇ ਛੁੱਟੀਆਂ ਦਾ ਇੰਤਜ਼ਾਰ ਕਰਦੇ ਹੋਏ ਗਾਉਂਦੇ ਸਨ, “ਨਾਨੀ ਕੋਲ ਜਾਵਾਂਗੇ, ਦੁੱਧ ਮਲਾਈਆਂ ਖਾਵਾਂਗੇ, ਮੋਟੇ ਹੋ ਕੇ ਆਵਾਂਗੇ।” ਮੋਬਾਇਲ ਦੇ ਯੁਗ ਨੇ ਬੱਚਿਆਂ ਨੂੰ ਨਾਨਕੇ ਹੀ ਭੁਲਾ ਦਿੱਤੇ ਹਨ। ਪਹਿਲਾਂ ਲੋਕ ਕਿਸੇ ਨੂੰ ਗੁੱਸੇ ਨਾਲ ਅਕਸਰ ਹੀ ਕਹਿੰਦੇ ਸਨ ਕਿ ਸੁਧਰ ਜਾ, ਨਹੀਂ ਤਾਂ “ਨਾਨੀ ਚੇਤੇ ਕਰਾਦੂੰ” ਅੱਜ ਬੱਚਿਆਂ ਨੂੰ ਇਸ ਮੁਹਾਵਰੇ ਦੇ ਅਰਥ ਹੀ ਨਹੀਂ ਪਤਾ।
ਪੰਜਾਬ ਦੇ ਪਿੰਡਾਂ ਦਾ ਖਾਣ-ਪੀਣ ਅੱਜ ਦੇ ਆਧੁਨਿਕ ਯੁਗ ਨਾਲੋਂ ਬਹੁਤ ਹੀ ਸਿਹਤ ਵਰਧਕ ਤੇ ਜੈਵਿਕ ਸੀ। ਉਦੋਂ ਸਿਆਲਾਂ ਵਿੱਚ ਲੋਕ ਮੱਕੀ, ਬਾਜਰੇ ਦੀ ਰੋਟੀ ਸਾਗ ਵਿੱਚ ਮੱਖਣ ਜਾਂ ਘਿਓ ਪਾ ਕੇ ਲੱਸੀ ਨਾਲ ਖਾਂਦੇ ਸੀ। ਮੋਠ-ਬਾਜਰੇ ਦੀ ਖਿਚੜੀ ਸਿਆਲਾਂ ਵਿੱਚ ਘਿਉ ਪਾ ਕੇ ਖਾਣ ਨਾਲ ਸਰੀਰ ਸਰਦੀ ਝੱਲਣ ਦੇ ਕਾਬਲ ਬਣਦਾ ਸੀ ਤੇ ਅਜਿਹੇ ਸਿਹਤ ਵਰਧਕ ਖਾਣੇ ਲੋਕ ਸ਼ੌਕ ਤੇ ਪਿਆਰ ਨਾਲ ਖਾਂਦੇ ਸਨ। ਗਰਮੀਆਂ ਵਿੱਚ ਦਲੀਆ ਆਦਿ ਤੇ ਜੌਂਆਂ ਦੇ ਸੱਤੂ ਪੀਂਦੇ ਸਨ। ਵਿਆਹ ਸ਼ਾਦੀਆਂ ਵਿੱਚ ਕੜਾਹ ਪ੍ਰਸ਼ਾਦ, ਖੀਰ ਹੋਰ ਮੋਕਿਆਂ ’ਤੇ ਪੂੜੇ, ਗੁਲਗੁਲੇ ਲੱਡੂਆਂ ਆਦਿ ਦੀ ਸਰਦਾਰੀ ਹੁੰਦੀ ਸੀ। ਸਾਰੇ ਲੋਕ ਰੋਟੀ ਤੋਂ ਬਾਅਦ ਗੁੜ ਜ਼ਰੂਰ ਖਾਂਦੇ ਸਨ। ਸ਼ਾਮ ਸਮੇਂ ਮੱਕੀ, ਛੋਲਿਆਂ ਦੇ ਦਾਣੇ ਭੱਠੀ ਤੋਂ ਭੁਨਾ ਕੇ ਹੋਲਾਂ ਅਤੇ ਕਣਕ ਦੇ ਮਰੂੰਡੇ ਲੋਕ ਸ਼ੌਕ ਨਾਲ ਖਾਂਦੇ ਸਨ। ਸਮੇਂ ਦੇ ਨਾਲ ਪਿੰਡਾਂ ਦੇ ਲੋਕਾਂ ਦਾ ਖਾਣ-ਪੀਣ ਦਾ ਮੁਹਾਂਦਰਾ ਬਦਲਦਾ ਗਿਆ। ਅੱਜ ਲੋਕ ਫਾਸਟ ਫੂਡ ਨੂੰ ਪਹਿਲ ਦਿੰਦੇ ਹਨ, ਜਿਨ੍ਹਾਂ ਵਿੱਚ ਪੀਜ਼ਾ, ਬਰਗਰ, ਹੌਟ ਡੌਗ, ਕੁਲਚੇ ਆਦਿ ਬੜੇ ਚਾਅ ਨਾਲ ਖਾਂਦੇ ਹਨ। ਮੱਕੀ, ਬਾਜਰੇ ਦੀ ਰੋਟੀ ਤੇ ਸਾਗ ਦੀ ਜਗ੍ਹਾ ਚੌਲ਼, ਪੂਰੀਆਂ, ਨਾਨ, ਅਚਾਰ ਤੇ ਆਈਸਕ੍ਰੀਮਾਂ ਨੇ ਮੱਲ ਲਈ ਹੈ।
ਪੁਰਾਣੇ ਸਮਿਆਂ ਵਿੱਚ ਪਿੰਡਾਂ ਦੇ ਲੋਕ ਘਰ ਦੇ ਬਣੇ ਹੋਏ ਸੂਤੀ ਖੱਦਰ ਦੇ ਬੁਣੇ ਹੋਏ ਕੱਪੜੇ ਪਾਉਂਦੇ ਸਨ। ਮੁਟਿਆਰਾਂ ਸੂਤੀ ਕੁੜਤੀਆਂ, ਘੱਗਰੇ ਤੇ ਫੁਲਕਾਰੀ ਪਹਿਨਦੀਆਂ ਸਨ। ਸਮਾਂ ਪਾ ਕੇ ਮਲਮਲ, ਲੱਠਾ, ਕਰੇਵ, ਪਾਪਲੀਨ, ਟੈਰੀਕਾਟ ਤੇ ਸਿਲਕੀ ਸੂਟ ਚੱਲ ਪਏ। ਪੱਛਮੀ ਸੱਭਿਅਤਾ ਦਾ ਪ੍ਰਭਾਵ ਸਾਡੇ ਪਹਿਰਾਵੇ ਤੇ ਵੱਧ ਪਿਆ। ਮੁੰਡੇ-ਕੁੜੀਆਂ ਨਵੇਂ ਫੈਸ਼ਨ ਦੇ ਮੁਰੀਦ ਹੋ ਗਏ। ਜਿੱਥੇ ਕੁੜੀਆਂ ਜੀਨ, ਟੌਪ, ਤੰਗ ਪਜਾਮੀ ਤੇ ਔਰਤਾਂ ਸਾੜੀ ਦੀਆਂ ਗੁਲਾਮ ਹੋਈਆਂ ਉੱਥੇ ਮਰਦ ਸ਼ਰਟ, ਟੀ ਸ਼ਰਟ, ਕੋਟ ਪੈਂਟਾਂ ਨੂੰ ਅਪਣਾਉਣ ਲੱਗੇ। ਪੁਰਾਤਨ ਸੂਫ ਦਾ ਘੱਗਰਾ ਤੇ ਸੂਤੀ ਕੁੜਤੀ ਤਾਂ ਕਿਸੇ ਦੇ ਘਰੋਂ ਲੱਭਦੀ ਹੀ ਨਹੀਂ। ਗਹਿਣੇ ਔਰਤਾਂ ਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਪਹਿਨਣ ਦਾ ਸ਼ੌਕ ਸੀ, ਜਿਵੇਂ ਸੱਗੀ ਫੁੱਲ, ਚੌਂਕ ਚੰਦ, ਸ਼ਿੰਗਾਰ ਪੱਟੀ, ਟਿੱਕਾ, ਲੋਟਣ, ਤੁੰਗਲ, ਪਿੱਪਲ ਪੱਤੀਆਂ, ਬੁਜ਼ਲੀਆਂ, ਟੌਪਸ, ਕੰਡੀ, ਝੁਮਕੇ, ਡੰਡੀਆਂ, ਬਹਾਦਰਨੀਆਂ, ਲੌਂਗ, ਕੋਕਾ, ਮਛਲੀ, ਨੁਕਰਾ, ਮੇਖਾਂ, ਗਾਨੀ, ਗੁਲੂਬੰਦ, ਮਾਲਾ, ਕੰਠੀ, ਮਟਰ ਮਾਲਾ, ਤੱਗਾ, ਹਮੇਲ, ਲੋਕਟ ਪੈਂਡਲ, ਬੁਗਤੀਆਂ, ਰਾਣੀਹਾਰ, ਚੂੜੀਆਂ, ਗਜ਼ਰੇ, ਗੁਖੜੂ, ਕੰਗਣ, ਘੜੀ, ਬਾਂਕਾਂ, ਛਾਪਾਂ, ਛੱਲੇ, ਕਲੀਚੜੀਆਂ, ਬਿਛੂਏ, ਗੁਠੜੇ, ਆਦਿ ਪਹਿਨਣ ਦਾ ਰਿਵਾਜ਼ ਸੀ। ਅੱਜ ਇਹਨਾਂ ਗਹਿਣਿਆਂ ਦੇ ਨਾਂਵਾਂ ਨੂੰ ਨਵੀਂ ਪੀੜ੍ਹੀ ਮਨੋ ਵਿਸਾਰ ਚੁੱਕੀ ਹੈ। ਇਹਨਾਂ ਵਿੱਚੋਂ ਕੁਝ ਕੁ ਬਣਾਉਟੀ ਗਹਿਣੇ ਗਿੱਧੇ ਤੇ ਭੰਗੜੇ ਵਾਲੀਆਂ ਟੀਮਾਂ ਦੇ ਪਾਏ ਦਿਖਾਈ ਦਿਖਾਈ ਦਿੰਦੇ ਹਨ।
ਪਿੰਡਾਂ ਵਿੱਚ ਅੱਜ ਦੇ ਇਨਫਰਮੇਸ਼ਨ ਟੈਕਨਾਲੋਜੀ ਵਾਲੇ ਜ਼ਮਾਨੇ ਦੀ ਹਰ ਸੁੱਖ ਸਹੂਲਤ ਮੌਜੂਦ ਹੈ। ਪਿੰਡਾਂ ਦੀਆਂ ਫਿਰਨੀਆਂ ਤੇ ਖੁੱਲ੍ਹੀਆਂ ਦੁਕਾਨਾਂ ਸ਼ਹਿਰ ਦੇ ਬਾਜ਼ਾਰਾਂ ਦਾ ਭੁਲੇਖਾ ਪਾਉਂਦੀਆਂ ਹਨ। ਕਿਸੇ ਸਮੇਂ ਘਰੇਲੂ ਵਰਤੋਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਰਾ ਸਮਾਨ ਸ਼ਹਿਰੋਂ ਲਿਆਉਣਾ ਪੈਂਦਾ ਸੀ। ਪਰ ਅੱਜ ਜ਼ਮਾਨੇ ਦੇ ਨਾਲ-ਨਾਲ ਪਿੰਡਾਂ ਦਾ ਮੁਹਾਂਦਰਾ ਬਦਲ ਚੁੱਕਿਆ ਹੈ, ਜਿਸ ਨਾਲ ਸਾਡੇ ਮਨਾਂ ਵਿੱਚੋਂ ਆਪਸੀ ਭਾਈਚਾਰਕ ਸਾਂਝ ਖੰਭ ਲਾ ਕੇ ਕਿਧਰੇ ਉਡ ਗਈ ਹੈ ਕਿਉਂਕਿ ਇਸਦਾ ਮੁਢਲਾ ਕਾਰਨ ਸਾਡੀ ਨੌਜਵਾਨ ਪੀੜ੍ਹੀ ਦਾ ਤਰੱਕੀ ਦੀ ਭੁੱਖ, ਬੇਰੁਜ਼ਗਾਰੀ ਦੀ ਮਾਰ ਸਦਕਾ ਵਿਦੇਸ਼ਾਂ ਵੱਲ ਪ੍ਰਵਾਸ ਕਰਨਾ ਹੈ। ਪੰਜਾਬ ਵਿੱਚ ਥਾਂ ਖਾਲੀ ਹੋ ਰਹੀ ਹੈ, ਜਿਸ ਨੂੰ ਪੁਰ ਕਰਨ ਲਈ ਵੱਖ-ਵੱਖ ਖਿੱਤਿਆਂ ਵਿੱਚੋਂ ਲੋਕ ਪੰਜਾਬ ਵਿੱਚ ਆ ਕੇ ਵਸ ਰਹੇ ਹਨ। ਸ਼ਾਲਾ ਮੇਰਾ ਉਹ ਪੁਰਾਤਨ ਪੰਜਾਬ ਫਿਰ ਤੋਂ ਅਬਾਦ ਹੋਵੇ ਤੇ ਕਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟਰੇਲੀਆ ਵਾਲੇ ਜਹਾਜ਼ਾਂ ਦੀ ਭੀੜ ਘੱਟ ਹੋਵੇ, ਕਿਧਰੇ ਇਹ ਸੁਪਨਾ ਬਣ ਕੇ ਨਾ ਰਹਿ ਜਾਵੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5414)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)