“ਖੈਰਾਤਾਂ ਵੰਡਕੇ ਲੋਕਾਂ ਨੂੰ ਨਿਕੰਮੇ ਤੇ ਨਸ਼ੇੜੀ ਪਹਿਲਾਂ ਵਾਲਿਆਂ ਨੇ ਬਣਾਇਆ, ਜਿਨ੍ਹਾਂ ਦੀਆਂ ਹਜ਼ਾਰਾਂ ...”
(5 ਅਪਰੈਲ 2022)
ਮਹਿਮਾਨ: 257.
ਪੰਜਾਬ ਵਿਧਾਨ ਸਭਾ ਇਲੈਕਸ਼ਨ 2022 ਵਿੱਚ ਇਲੈਕਸ਼ਨ ਲੜ ਰਹੀਆਂ ਸਾਰੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਵਿੱਚ ਇੱਕ ਤੋਂ ਇੱਕ ਵਧਕੇ ਖ਼ੈਰਾਤਾ ਵੰਡਣ ਲਈ ਪੂਰੇ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਹਰ ਮੋੜ ’ਤੇ ਵੱਡੇ-ਵੱਡੇ ਫਲੈਕਸ ਬੋਰਡ ਲਾ ਕੇ ਵਾਅਦਿਆਂ ਦੀ ਝੜੀ ਹੀ ਲਾਈ ਹੋਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਇੱਕ ਵਾਰ ਸੱਤਾ ਦੀ ਕੁਰਸੀ ’ਤੇ ਕਾਬਜ਼ ਹੋ ਜਾਈਏ, ਫੇਰ ਦੇਖਾਂਗੇ ਕੀ ਬਣਦਾ ਹੈ। ਪੰਜਾਬੀਆਂ ਨੇ ਲੰਬੇ ਸਮੇਂ ਤੋਂ ਵਾਅਦਿਆਂ ਨੂੰ ਤੋੜ ਨਾ ਚੜ੍ਹਾਉਣ ਵਾਲੀਆਂ ਪਾਰਟੀਆਂ ਦੇ ਦਿੱਗਜ਼ਾਂ ਨੂੰ ਹਰਾ ਕੇ ਪੰਜਾਬ ਵਿੱਚ ਬਦਲਾਅ ਲਈ ਵੋਟਾਂ ਪਾਈਆਂ, ਤੇ ਵੱਡੀ ਵਿਧਾਨ ਸਭਾ ਦੀ ਨੁਮਾਇੰਦਿੰਗੀ ਮਾਨਾਂ ਦੇ ਮੁੰਡੇ ਹੱਥ ਸੌਂਪੀ ਹੈ।
ਇੱਕ ਅਰਸੇ ਤੋਂ ਪੰਜਾਬ ਅੰਦਰ ਬੇਰੁਜ਼ਗਾਰੀ, ਨਸ਼ੇ ਤੇ ਸਾਰੀ ਤਰ੍ਹਾਂ ਦੇ ਮਾਫ਼ੀਆ ਦਾ ਜਾਲ ਇਸ ਕਦਰ ਫੈਲਿਆ ਹੋਇਆ ਹੈ, ਲੋਕ ਡਰਦੇ ਆਪਣੀ ਜ਼ੁਬਾਨ ਖੋਲ੍ਹਦੇ ਹੀ ਨਹੀਂ, ਕਿਉਂਕਿ ਮਾਫੀਆ ਦਾ ਲੋਕਾਂ ਨੂੰ ਚੁੱਪ ਕਰਾਉਣ ਦਾ ਤਰੀਕਾ ਹਸਪਤਾਲਾਂ ਦੇ ਆਈ.ਸੀ.ਯੂ. ਵਾਰਡ ਵਿੱਚ ਭਰਤੀ ਕਰਵਾਉਣਾ ਰਿਹਾ ਹੈ। ਨਵੀਂ ਸਰਕਾਰ ਤੋਂ ਪੰਜਾਬੀਆਂ ਨੂੰ ਢੇਰ ਸਾਰੀਆਂ ਉਮੀਦਾਂ ਹਨ। ਹਰ ਘਰ ਦੇ ਨੌਜਵਾਨ ਮੁੰਡੇ-ਕੁੜੀਆਂ ਪੜ੍ਹ-ਲਿਖ ਕੇ ਡਿਗਰੀਆਂ ਕੱਛਾਂ ਵਿੱਚ ਲੈ ਕੇ ਟੈਂਕੀਆਂ ’ਤੇ ਚੜ੍ਹਕੇ, ਸੜਕਾਂ ’ਤੇ ਜਾਮ ਲਾ ਕੇ, ਰੁਜ਼ਗਾਰ ਦੀ ਖ਼ਾਤਰ ਹੁਣ ਤਕ ਪਹਿਲੀਆਂ ਸਰਕਾਰਾਂ ਤੋਂ ਆਪਣੇ ਪੁੜੇ ਸਿਕਾਉਂਦੇ ਰਹੇ ਹਨ। ਇਹ ਬਦਲਾਅ ਪੰਜਾਬੀਆਂ ਨੇ ਇਨ੍ਹਾਂ ਮੁੱਦਿਆਂ ਨੂੰ ਖਤਮ ਕਰਨ ਲਈ ਕੀਤਾ ਹੈ ਕਿ ਭਾਈ ਇੱਕ ਇਹੀ ਰਹਿ ਗਏ ਹਨ। ਇਹ ਲੰਬੇ ਸਮੇਂ ਤੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦੇ ਤੋੜ ਚੜ੍ਹਾਉਣ ਲਈ ਇੱਕ ਮੌਕਾ ਮੰਗ ਰਹੇ ਸਨ। ਪੰਜਾਬੀਆਂ ਨੇ ਤਾਂ ਕਰ ਵਿਖਾਈ!!
ਨਵੀਂ ਸਰਕਾਰ ਸਾਹਮਣੇ ਹਰ ਵਿਭਾਗ ਦੀਆਂ ਮੰਗਾਂ-ਮੁਸ਼ਕਲਾਂ, ਨਸ਼ੇ, ਮਹਿੰਗੀ ਤੇ ਫਰੀ ਦਿੱਤੀ ਜਾ ਰਹੀ ਬਿਜਲੀ, ਪੀਣਯੋਗ ਪਾਣੀ, ਪ੍ਰਦੂਸ਼ਣ ਰਹਿਤ ਹਵਾ ਤੇ ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀ ਖੜ੍ਹੇ ਹਨ। ਪੰਜਾਬੀਆਂ ਨੇ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਰੋਜ਼ਗਾਰ ਲਈ ਸੱਤ ਸਮੁੰਦਰੋਂ ਪਾਰ, ਜਿਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਹੁਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਹਿੰਦੋਸਤਾਨ ਵਿੱਚੋਂ ਕੱਢਿਆ ਸੀ, ਅੱਜ ਉਨ੍ਹਾਂ ਦੀ ਗੁਲਾਮੀ ਲਈ ਫੇਰ ਆਪਣਾ ਸਭ ਕੁਝ ਵੇਚ-ਵੱਟਕੇ ਜਹਾਜ਼ਾਂ ਦੀ ਬਾਰੀ ਨੂੰ ਹੱਥ ਪੁਆ ਟੁੱਕ ਦੀ ਖ਼ਾਤਰ ਭੇਜਕੇ ਇਸ ਵਿਗੜੇ ਸਿਸਟਮ ਤੋਂ ਖਹਿੜਾ ਛੁਡਾਉਣ ਦੇ ਰਾਹ ਲੱਭੇ ਹਨ। ਪ੍ਰੰਤੂ ਪੰਜਾਬ ਲਈ ਇਹ ਸਭ ਅੱਛਾ ਨਹੀਂ ਹੈ। ਵਿਯੋਗ ਵਿੱਚ ਬੁੱਢੇ ਮਾਪੇ ਅਖੀਰ ਨੂੰ ਸਾਹਾਂ ਦੀ ਡੋਰ ਛੱਡ ਪੁੱਤਾਂ-ਧੀਆਂ ਦਾ ਮੂੰਹ ਵੇਖਣ ਨੂੰ ਤਰਸਦੇ ਪੰਦਰਾਂ-ਪੰਦਰਾਂ ਦਿਨ ਮ੍ਰਿਤਕ ਦੇਹ ਸੰਭਾਲ ਕੇਂਦਰਾਂ ਦੇ ਫਰੀਜ਼ਰਾਂ ਵਿੱਚ ਲਾ ਦਿੱਤੇ ਜਾਂਦੇ ਹਨ। ਖੈਰ!!
ਬੇਰੁਜ਼ਗਾਰੀ ਦੇ ਦੈਂਤ ਨੂੰ ਕੁਝ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਪੰਜਾਬ ਫਿਕਰਮੰਦ ਤਾਂ ਹਨ ਪ੍ਰੰਤੂ ਦੂਜੇ ਪਾਸੇ ਪਹਿਲੀਆਂ ਸਰਕਾਰਾਂ ਦੀ ਤਰਜ਼ ’ਤੇ ਆਟਾ, ਦਾਲ, ਕਣਕ ਬਿਜਲੀ ਮੁਫ਼ਤ ਵੰਡਣ ਵਾਲੇ ਕਲਚਰ ਨੂੰ ਜਿਉਂ ਦਾ ਤਿਉਂ ਹੀ ਰੱਖਿਆ ਹੈ। ਉਸ ਤੋਂ ਵੀ ਵੱਡੀ ਗੱਲ ਸਰਕਾਰੀ ਅਫਸਰ ਹੁਣ ਘਰ-ਘਰ ਮੁਫ਼ਤ ਰਾਸ਼ਣ ਪਹੁੰਚਾਉਣਗੇ। ਮੈਂ ਨਹੀਂ ਕਹਿੰਦਾ ਰਾਸ਼ਨ ਘਰ-ਘਰ ਨਾ ਪਹੁੰਚਾਓ! ਪਹੁੰਚਾਓ!! ਪਰ ਜਿਹਨੂੰ ਲੋੜ ਹੈ, ਜੋ ਅਪਾਹਜ ਹੈ, ਬੁੱਢੇ ਬਜ਼ੁਰਗ, ਜੋ ਤੁਰ-ਫਿਰ ਨਹੀਂ ਸਕਦੇ ਤੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ। ਵਿਧਵਾ ਜੋ ਬੱਚੇ ਪਾਲਣ ਲਈ ਮਜ਼ਦੂਰੀ ਕਰਦੀ ਹੈ। ਜਿਹੜੇ ਬੱਚਿਆਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਹੈ, ਪਾਲਣ ਵਾਲਾ ਨਹੀਂ ਹੈ। ਖੈਰਾਤਾਂ ਵੰਡਕੇ ਲੋਕਾਂ ਨੂੰ ਨਿਕੰਮੇ ਤੇ ਨਸ਼ੇੜੀ ਪਹਿਲਾਂ ਵਾਲਿਆਂ ਨੇ ਬਣਾਇਆ, ਜਿਨ੍ਹਾਂ ਦੀਆਂ ਹਜ਼ਾਰਾਂ ਉਦਾਹਰਣਾਂ ਪੰਜਾਬ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪਹਿਲਾਂ ਵੀ ਬਣੀਆਂ ਤੇ ਅੱਜ ਵੀ ਬਣ ਰਹੀਆਂ ਹਨ। ਨਵਿਆਂ ਕੋਲੋਂ ਤਾਂ ਬਦਲਾਅ ਦੀ ਆਸ ਹੈ!! ਇਹਨਾਂ ਖੈਰਾਤਾਂ ਤੋਂ ਤੰਗ ਆ ਕੇ ਤਾਂ ਪੰਜਾਬੀਆਂ ਨੇ ਬਾਹਰ ਦਾ ਰੁਖ ਅਪਣਾਇਆ ਹੈ।
ਮੈਂ ਅੱਖੀਂ ਦੇਖਿਆ ਹੈ, ਡਿਪੂਆਂ ਤੋਂ ਕਣਕ ਲੈ ਕੇ ਬਹੁਤੇ ਤਾਂ ਡੀਪੂ ਦੇ ਸਾਹਮਣੇ ਵਾਲੀ ਚੱਕੀ ਤੇ ਤੁਰੰਤ ਵੇਚਕੇ ਨਸ਼ੇ ਦੇ ਵਪਾਰੀਆਂ ਨੂੰ ਅਮੀਰ ਕਰਦੇ ਹਨ। ਕਈ ਤਾਂ ਡੀਪੂ ਵਾਲੇ ਕੋਲ ਇਕੱਲਾ ਗੂਠਾ ਹੀ ਲਾਉਂਦੇ ਹਨ, ਚੱਕੀ ਵਾਲੇ ਕੋਲ ਜਾ ਤਾਂ ਡੀਪੂ ਵਾਲਾ ਭੇਜ ਦਿੰਦਾ ਹੈ, ਜਾਂ ਚੱਕੀ ਵਾਲੇ ਦਾ ਕਰਿੰਦਾ ਚੱਕ ਕੇ ਲੈ ਜਾਂਦਾ ਹੈ। ਮੁਫ਼ਤ ਕਣਕ ਲੈਣ ਵਾਲਿਆਂ ਦਾ ਹਾਲ ਮੈਂ ਇੱਕ ਦਿਨ ਆਪਣੀ ਰਿਸ਼ਤੇਦਾਰੀ ਵਿੱਚ ਅੱਖੀਂ ਦੇਖਿਆ। ਉਨ੍ਹਾਂ ਕੋਲ ਰਾਸ਼ਨ ਦਾ ਡਿਪੂ ਹੈ। ਇੱਕ ਔਰਤ ਆਈ, ਆਪਣੀ ਪਰਚੀ ’ਤੇ 30 ਕਿਲੋ ਵਾਲੇ ਤਿੰਨ ਗੱਟੇ ਲਏ ਤੇ ਉੱਥੇ ਹੀ ਰੱਖ ਗਈ। ਜਾਂਦੀ ਕਹਿ ਗਈ ਕਿ ਮੇਰੇ ਘਰ ਵਾਲੇ ਨੂੰ ਨਾ ਦੱਸੀਂ ਤੇ ਨਾ ਹੀ ਇਹ ਗੱਟੇ ਚੁਕਾਈਂ। ਮੈਂ ਆਪੇ ਆਪਣੇ ਹਿਸਾਬ ਨਾਲ ਲੈ ਜਾਵਾਂਗੀ, ਜੇਕਰ ਉਹ ਲੈ ਗਿਆ ਤਾਂ ਨਾਲ ਦੀ ਨਾਲ ਵੇਚ ਕੇ ਚਿੱਟਾ ਪੀ ਜਾਉ। ਹੁਣ ਅਸੀਂ ਮੁਫ਼ਤ ਕਣਕ ਦੇ ਕਿਸ ਨੂੰ ਰਹੇ ਹਾਂ? ਵੱਡੀ ਗਿਣਤੀ ਦਾ ਹਾਲ ਇਹੀ ਹੈ। ਲੋੜਵੰਦਾਂ ਨੂੰ ਰਾਸ਼ਨ ਮਿਲ ਨਹੀਂ ਰਿਹਾ। ਮਾਰੂਤੀ ਕਾਰਾਂ ਵਾਲੇ ਫਰੀ ਕਣਕ ਦੇ ਗੱਟੇ ਕਾਰਾ ’ਤੇ ਲੱਦਕੇ ਲਿਜਾ ਰਹੇ ਹਨ। ਪਾਰਟੀਬਾਜ਼ੀ ਕਾਰਨ ਅਸਲੀ ਹੱਕਦਾਰਾਂ ਦੇ ਕਾਰਡ ਕੱਟ ਦਿੱਤੇ ਜਾਂਦੇ ਹਨ, ਆਪਣਿਆਂ ਨੂੰ ਕੰਪਨਸੇਟ ਕਰਨ ਖਾਤਰ! ਮੈਂ ਬੈਠਾ ਹਾਂ ਕੌਣ ਪੁੱਛੂ, ਜਨਰਲ ਕੈਟਾਗਰੀ ਫਰੀ ਵਾਲੀ ਕਣਕ ਲੈ ਰਹੇ ਹਨ। ਇਸ ਕਲਚਰ ਦਾ ਗੜ੍ਹ ਤੋੜਨਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਬਹੁਤੇ ਡਿਪੂਆਂ ਦੇ ਸਾਹਮਣੇ ਆਟਾ ਚੱਕੀਆਂ ਦੀ ਭਰਮਾਰ ਹੈ। ਅੰਦਰਲੇ ਕਾਰਨ ਮੁਫ਼ਤ ਜਾਂ ਰੁਪਏ ਕਿਲੋ ਵਾਲੀ ਕਣਕ, ਚੱਕੀ ਵਾਲਾ 14 ਰੁਪਏ ਕਿਲੋ ਖਰੀਦ ਕੇ ਪੱਚੀ ਰੁਪਏ ਕਿਲੋ ਆਟਾ ਵੇਚਕੇ ਪੰਜਾਬ ਸਰਕਾਰ ਨੂੰ ਕੇਂਦਰ ਮੂਹਰੇ ਹੱਥ ਅੱਡਣ ਲਈ ਮਜਬੂਰ ਕਰ ਰਹੇ ਹਨ। ਇਸੇ ਹੀ ਤਰ੍ਹਾਂ ਨਵੀਂ ਸਰਕਾਰ ਲੋਕਾਂ ਨੂੰ ਖੇਤੀ ਸੈਕਟਰ ਤੇ ਘਰੇਲੂ ਵਰਤੋਂ ਲਈ ਬਿਜਲੀ ਫਰੀ ਦੇਣ ਦੇ ਵਾਅਦੇ ਪੁਗਾਉਣ ਲਈ ਕਾਹਲੀ ਹੈ।
ਬਿਜਲੀ ਨਾ ਤਾਂ ਸਟੋਰ ਹੁੰਦੀ ਹੈ ਤੇ ਨਾ ਹੀ ਫਰੀ ਪੈਦਾ ਹੁੰਦੀ ਹੈ। ਜੇਕਰ ਸਰਕਾਰ ਪੈਸੇ ਖਰਚਕੇ ਬਿਜਲੀ ਪੈਦਾ ਕਰਕੇ ਮੁਫ਼ਤ ਵੰਡੀ ਜਾਵੇਗੀ ਤਾਂ ਇੱਕ ਨਾ ਇੱਕ ਦਿਨ ਬਿਜਲੀ ਕਾਰਪੋਰੇਸ਼ਨਾਂ ਦਾ ਭੋਗ ਪੈ ਜਾਵੇਗਾ। ਪੁਰਾਣੇ ਖਜ਼ਾਨਾ ਮੰਤਰੀ ਨੇ ਤਾਂ ਸਾਡਾ ਬਠਿੰਡਾ ਥਰਮਲ ਬੰਦ ਕਰਕੇ ਖ਼ੂਬ ਵਾਹ-ਵਾਹ ਖੱਟੀ ਸੀ। ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਬਿਜਲੀ ਕਾਰਪੋਰੇਸ਼ਨਾਂ ਦੀ ਬਿਹਤਰੀ ਲਈ ਕਦਮ ਨਾ ਚੁੱਕੇ ਤਾਂ ਇਹ ਸਭ ਕੇਂਦਰ ਦੇ ਅਧੀਨ ਜਾਣੋ ਕੋਈ ਨਹੀਂ ਰੋਕ ਸਕੇਗਾ। ਫੇਰ ਮੁਫ਼ਤ ਤਾਂ ਛੱਡੋ, ਲੋਕਾਂ ਨੂੰ ਮੋਮਬੱਤੀਆਂ ਦੀਆਂ ਫੈਕਟਰੀਆਂ ਵਿੱਚ ਧੜਾਧੜ ਰੁਜ਼ਗਾਰ ਮਿਲੇਗਾ। ਕਾਰਨ, ਬਿਜਲੀ ਪ੍ਰਾਈਵੇਟ ਠੇਕੇਦਾਰੀ ਸਿਸਟਮ ਰਾਹੀਂ ਹੱਦੋਂ ਵੱਧ ਮਹਿੰਗੀ ਮਿਲੇਗੀ। ਬਿਜਲੀ ਕਾਰਪੋਰੇਸ਼ਨਾਂ ਨੂੰ ਜੇਕਰ ਜਿਊਂਦਾ ਰੱਖਣਾ ਹੈ ਤਾਂ ਸਭ ਤੋਂ ਪਹਿਲਾਂ ਬਿਜਲੀ ਨਾਲ ਸਬੰਧਤ ਸਾਰੀਆਂ ਸਬਸਿਡੀਆਂ ਖਤਮ ਕਰਕੇ ਸਰਕਾਰ ਸਿਮ ਵਾਲੇ ਸਮਾਰਟ ਮੀਟਰ ਲਾਵੇ ਤੇ ਬਿਜਲੀ ਕਾਰਪੋਰੇਸ਼ਨਾਂ ਅਧੀਨ ਖਾਲੀ ਪਈਆਂ ਬਿਜਲੀ ਬੋਰਡ ਵੇਲੇ ਦੀਆਂ ਬਣੀਆਂ ਲੱਖਾਂ ਅਸਾਮੀਆਂ ’ਤੇ ਸਟਾਫ ਭਰਤੀ ਕਰਕੇ ਇਸ ਬੂਟੇ ਨੂੰ ਹਰਾ ਭਰਿਆ ਕਰੇ।
ਇਸੇ ਹੀ ਤਰਜ਼ ’ਤੇ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਨੂੰ ਤੁਰੰਤ ਬੰਦ ਕਰੇ। ਮੈਂ ਇੱਕ ਦਿਨ ਬਠਿੰਡਾ ਤੋਂ ਕੋਟਕਪੂਰਾ ਆਉਣ ਲਈ ਆਪਣੀ ਪਤਨੀ ਨਾਲ ਉਸ ਦੇ ਕਹਿਣ ’ਤੇ ਸਰਕਾਰੀ ਬੱਸ ਵਿੱਚ ਚੜ੍ਹ ਗਿਆ। ਇਸਦੇ ਕਾਰਨ ਮੈਨੂੰ ਤਾਂ ਟਿਕਟ ਕਟਵਾਕੇ ਵੀ ਖੜ੍ਹਕੇ ਸਫ਼ਰ ਕਰਨਾ ਪਿਆ, ਪ੍ਰੰਤੂ ਉਸਨੇ ਮੁਫ਼ਤ ਵਿੱਚ ਸੀਟ ’ਤੇ ਬੈਠਕੇ ਸਫ਼ਰ ਕੀਤਾ। ਮੈਂ ਕੋਟਕਪੂਰਾ ਪਹੁੰਚ ਕੇ ਕੰਡਕਟਰ ਨੂੰ ਪੁੱਛਿਆ, “ਬਾਈ ਜੀ, ਸਰਕਾਰੀ ਬੱਸ ਵਿੱਚ ਔਰਤਾਂ ਤੇ ਮਰਦਾਂ ਦੇ ਸਫ਼ਰ ਕਰਨ ਦੀ ਰੇਸ਼ੋ ਕੀ ਹੈ?” ਉਹ ਤਾਂ ਵਿਚਾਰਾ ਇਸ ਕਾਰਨ ਪਹਿਲਾਂ ਹੀ ਫੋੜੇ ਵਾਂਗ ਭਰਿਆ ਪਿਆ ਸੀ। ਕਹਿੰਦਾ, “ਬਾਈ ਜੀ, ਪੁੱਛੋ ਕੁਛ ਨਾ, ਹੁਣ ਮੈਂ ਬਠਿੰਡਾ ਤੋਂ ਕੋਟਕਪੂਰਾ ਆਪਣੀ ਬੱਸ ਵਿੱਚ 115 ਸਵਾਰੀਆਂ ਲੱਦਕੇ ਲਿਆਇਆ ਹਾਂ। ਇਸ ਵਿੱਚ ਸਿਰਫ 20 ਪ੍ਰਤੀਸ਼ਤ ਹੀ ਮਰਦ ਸਨ, ਬਾਕੀ ਸਾਰੀਆਂ ਮੁਫਤ ਵਾਲੀਆਂ ਔਰਤਾਂ! ਇਸੇ ਤਰ੍ਹਾਂ ਮੁਫਤ ਖੈਰਾਤਾਂ ਵੰਡੀ ਗਏ ਤਾਂ ਦੱਸੋ, ਇਹ ਸਾਡਾ ਢਾਂਚਾ ਕਿਵੇਂ ਚੱਲੂ? ਪੈਸੇ ਕਿੱਥੋਂ ਆਉਣਗੇ? ਇੱਕ ਪਾਸੇ ਤਾਂ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਬ ਕੇਂਦਰ ਤੋਂ ਵੱਡੀ ਰਕਮ ਮੰਗ ਰਹੇ ਹਨ, ਦੂਜੇ ਪਾਸੇ ਬੋਰੀਆਂ ਦੇ ਮੂੰਹ ਖੋਲ੍ਹੀ ਬੈਠੇ ਹਨ।
ਮਾਣਯੋਗ ਮੁੱਖ ਮੰਤਰੀ ਜੀ ਜੇਕਰ ਪਹਿਲਾਂ ਵਾਲਿਆਂ ਨੇ ਗਲਤੀ ਕੀਤੀ ਹੈ ਉਸ ਨੂੰ ਨਾ ਦੁਹਰਾਈਏ। ਆਪਾਂ ਤਾਂ ਪੰਜਾਬ ਦੇ ਭਲੇ ਲਈ ਇਹ ਹੱਥੀਂ ਲੁਟਾਉਣ ਵਾਲਾ ਕਲਚਰ ਬੰਦ ਕਰਕੇ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਦੇ ਹੋਏ ਵਰਤਾਵ ਕਰੀਏ। ਕਿਸੇ ਨੂੰ ਤਾਂ ਸਭ ਕੁਝ ਵੰਡੀ ਜਾਓ ਤੇ ਕਿਸੇ ਦੀ ਬਾਤ ਹੀ ਨਾ ਪੁੱਛੋ। ਮੈਂ ਨਹੀਂ ਕਹਿੰਦਾ ਕਿ ਫਸਲਾਂ ਦਾ ਮੁਆਵਜ਼ਾ ਨਾ ਦਿਓ! ਦਿਓ!! ਪਰ ਕਿਸੇ ਦਰਮਿਆਨੇ ਤਬਕੇ ਵਾਲੇ ਦੀ ਕੁਦਰਤੀ ਸੜੀ ਦੁਕਾਨ, ਕੰਮ ਵਿੱਚ ਪਏ ਘਾਟੇ, ਰੇਹੜੀ ਵਾਲੇ ਦੇ ਹੋਏ ਨੁਕਸਾਨ, ਇਕੱਲੇ ਕਮਾਉਣ ਵਾਲੇ ਦੀ ਮੌਤ ਤੋਂ ਬਾਅਦ ਬਾਕੀਆਂ ਦੇ ਗੁਜ਼ਾਰੇ ਲਈ ਵੀ ਇੱਕ ਤਰਾਜ਼ੂ ਵਿੱਚ ਤੋਲਦੇ ਹੋਏ ਪਾਲਿਸੀ ਤਿਆਰ ਕਰਕੇ ਸਾਰਿਆਂ ਨੂੰ ਹਿੱਕ ਨਾਲ ਲਾਉ, ਨਹੀਂ ਤਾਂ ਪੰਜ ਸਾਲ ਬਹੁਤੇ ਦੂਰ ਨਹੀਂ। ਅਸੀਂ ਨਹੀਂ ਚਾਹੁੰਦੇ ਅਜਿਹਾ ਕਦਾਚਿੱਤ ਹੋਵੇ। ਰਾਸ਼ਨ ਵੰਡਣ ਵਾਲੇ ਡਿਪੂਆਂ ਦੇ ਮਾਲਕਾਂ ਵਿੱਚ ਵੀ ਕਿਸੇ ਕਿਸਮ ਦੀ ਘਾਟ ਹੋ ਸਕਦੀ ਹੈ, ਜਿਸ ਕਰਕੇ ਘਰ-ਘਰ ਰਾਸ਼ਨ ਵੰਡਣ ਦੀ ਲੋੜ ਪਈ ਹੈ। ਸਿਸਟਮ ਨੂੰ ਪਾਰਦਰਸ਼ੀ ਬਣਾਇਆ ਜਾਵੇ ਨਾ ਕਿ ਸਬੰਧਤ ਅਫਸਰਾਂ ਨੂੰ ਵੱਡੀਆਂ ਤਨਖਾਹਾਂ ਦੇ ਕੇ ਲੇਬਰ ਵਰਕ ਕਰਵਾਇਆ ਜਾਵੇ। ਇਸ ਕੰਮ ਲਈ ਤਾਂ ਮੁਕੰਮਲ ਜਾਣਕਾਰੀ ਸਬੰਧਤ ਡੀਪੂ ਹੋਲਡਰ ਕੋਲ ਪਹਿਲਾਂ ਹੀ ਮੌਜੂਦ ਹੈ। ਉਸ ਨੂੰ ਕੁਝ ਹੋਰ ਦੇ ਕੇ ਉਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ। ਅਫਸਰ ਤਾਂ ਰੈਂਡਮ ਚੈਕਿੰਗ ਕਰਕੇ ਅਫਸਰੀ ਕਰੇ ਤੇ ਆਪਣਾ ਟੂਰ ਪ੍ਰੋਗਰਾਮ ਉੱਪਰ ਭੇਜੇ।
ਅੱਜ ਪੰਜਾਬ ਨੂੰ ਖ਼ੈਰਾਤਾਂ ਤੋਂ ਵੱਧ ਰੁਜ਼ਗਾਰ ਦੀ ਜ਼ਰੂਰਤ ਹੈ। ਖ਼ੈਰਾਤਾਂ ਨੇ ਹਮੇਸ਼ਾ ਲੋਕਾਂ ਨੂੰ ਨਿਕੰਮੇ ਤੇ ਬੁਜ਼ਦਿਲ ਬਣਾਇਆ ਹੈ। ਤੰਦਰੁਸਤ ਸਮਾਜ ਪੈਦਾ ਕਰਨ ਲਈ ਕਦਮ ਚੁੱਕਣੇ ਜ਼ਰੂਰੀ ਹਨ। ਬਿਜਲੀ ਫਰੀ ਨਹੀਂ, ਸਸਤੀ ਦਿਉ। ਕਣਕ ਮੁਫ਼ਤ ਨਹੀਂ, ਕੰਮ ਦਿਉ। ਔਰਤਾਂ ਨੂੰ ਸਫ਼ਰ ਮੁਫ਼ਤ ਨਹੀਂ, ਸੁਰੱਖਿਆ ਯਕੀਨੀ ਬਣਾਓ। ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਅੰਦਰ ਡਾਵਾਂਡੋਲ ਹੈ। ਭ੍ਰਿਸ਼ਟਾਚਾਰ ਖਤਮ ਕਰਨ ਤੋਂ ਪਹਿਲਾਂ ਰੁਜ਼ਗਾਰ ਦੇ ਕੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਕੇ ਲੋਕਾਂ ਨੂੰ ਆਤਮ-ਨਿਰਭਰ ਬਣਾਓ, ਨਸ਼ੇ ਆਪੇ ਹੀ ਖਤਮ ਹੋ ਜਾਣਗੇ, ਜਦੋਂ ਲੋਕ ਪੜ੍ਹ-ਲਿਖ ਗਏ! ਪੜ੍ਹਾਈ ਕਰਵਾਉਣ ਵਾਲੇ ਮਾਸਟਰਾਂ ਨੂੰ ਛਾਪੇ ਮਾਰਕੇ ਧਮਕਾਉ ਨਾ, ਉਨ੍ਹਾਂ ਦੀਆਂ ਸਮੱਸਿਆਵਾਂ ਖ਼ਤਮ ਕਰਕੇ ਫੇਰ ਗੱਲ ਕਰੋ।
ਸਾਰੇ ਮਹਿਕਮਿਆਂ ਵਿੱਚ ਮੰਗਾਂ-ਮੁਸ਼ਕਲਾਂ ਹਨ। ਚਾਰ-ਚਾਰ ਸੀਟਾਂ ਦਾ ਕੰਮ ਇਕੱਲਾ-ਇਕੱਲਾ ਕਰਮਚਾਰੀ ਕਰ ਰਿਹਾ ਹੈ। ਉਹ ਤਾਂ ਪਹਿਲਾਂ ਹੀ ਤਪਿਆ ਪਿਆ ਹੈ। ਮੁਸ਼ਕਲਾਂ ਹੱਲ ਕਰਨ ਦੀ ਥਾਂ ਦਬਕੇ! ਦਬਕੇ ਤਾਂ ਅਫਸਰ ਮਾਰਨ, ਤੁਸੀਂ ਤਾਂ ਅਫਸਰਾਂ ਨੂੰ ਹੁਕਮ ਕਰੋ, ਮੁਸ਼ਕਿਲਾਂ ਦੂਰ ਕਰੋ।
ਬਿਜਲੀ ਕਾਰਪੋਰੇਸ਼ਨਾਂ ਅਧੀਨ, 66 ਕੇਵੀ ਬਿਜਲੀ ਘਰਾਂ ਅੰਦਰ ਚਾਰ-ਚਾਰ ਸਿਫ਼ਟ ਕਰਮਚਾਰੀਆਂ ਤੇ ਚਾਰ-ਚਾਰ ਹੈਲਪਰ ਕ੍ਰਮਚਾਰੀਆਂ ਦੀ ਥਾਂ ਸਿਰਫ਼ ਦੋ-ਦੋ ਕੰਮ ਕਰ ਰਹੇ ਹਨ। ਦਫਤਰਾਂ ਅਧੀਨ ਵੀ ਕਲੈਰੀਕਲ ਸਟਾਫ ਦੀ ਥਾਂ ਟੈਕਨੀਕਲ ਸਟਾਫ ਹੀ ਗੱਡੀ ਰੇਹੜੀ ਜਾ ਰਿਹਾ ਹੈ। ਕਿਸੇ ਦਿਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਖੁੱਲ੍ਹੀ ਗੱਲਬਾਤ ਦਾ ਸੱਦਾ ਤਾਂ ਦਿਓ!! ਸਾਰੀ ਬੇਰੁਜ਼ਗਾਰੀ ਇਕੱਲੀਆਂ ਬਿਜਲੀ ਕਾਰਪੋਰੇਸ਼ਨਾਂ ਹੀ ਖ਼ਤਮ ਕਰਕੇ ਪੰਜਾਬ ਦਾ ਮੁਹਾਂਦਰਾਂ ਬਦਲਣ ਦੀ ਯੋਗਤਾ ਰੱਖਦੀਆਂ ਹਨ। ਇਸ ਨੂੰ ਸੁਚੱਜੇ ਤਰੀਕੇ ਨਾਲ ਚਲਾਕੇ ਪੰਜਾਬ ਵਿੱਚ ਇਸਦੀ ਕਮਾਈ ਨਾਲ ਪ੍ਰਾਈਵੇਟ ਹਸਪਤਾਲਾਂ ਅਤੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਸਿਹਤ ਤੇ ਸਿੱਖਿਆ ਬਿਲਕੁਲ ਮੁਫਤ ਦਿੱਤੀ ਜਾ ਸਕਦੀ ਹੈ। ਇਹੀ ਮੁਫ਼ਤ ਕਰਨ ਦੀ ਲੋੜ ਹੈ। ਇਹੋ ਦੋਨੋ ਮਾਫ਼ੀਏ ਪੰਜਾਬ ਨੂੰ ਘੁਣ ਵਾਂਗ ਖਾ ਕੇ ਦੈਂਤ ਦਾ ਰੂਪ ਧਾਰੀ ਬੈਠੇ ਹਨ। ਜੇਕਰ ਕੋਈ ਕਹੇ ਕਿ ਇੱਕੋ ਵਕਤ ਸਾਰਾ ਕੁਝ ਕਿਵੇਂ ਹੋ ਸਕਦਾ ਹੈ? ਗੌਰਮਿੰਟ ਦਾ ਮਤਲਬ ਹੀ ਇਹੀ ਹੈ (ਗੌਰ+ਮਿੰਟ) ਜੇਕਰ ਮਿੰਟਾਂ ਵਿੱਚ ਗੌਰ ਕਰੇ ਤਾਂ ਸਭ ਪਾਲਸੀਆਂ ਨਵੀਆਂ ਬਣ ਸਕਦੀਆਂ ਹਨ। ਪ੍ਰਾਈਵੇਟ ਸਕੂਲਾਂ ਤੇ ਹਸਪਤਾਲਾਂ ਦੇ ਰੇਟ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੇ ਰੇਟਾਂ ਮੁਤਾਬਿਕ ਕੁਝ ਪ੍ਰਤੀਸ਼ਤ ਦਾ ਫਰਕ ਪਾ ਕੇ ਤੈਅ ਕੀਤੇ ਜਾ ਸਕਦੇ ਹਨ। ਨਹੀਂ ਤਾਂ ਪੰਜਾਬੀਓ! ਪੰਜਾਬ ਦਾ ਰੱਬ ਹੀ ਰਾਖਾ ਹੈ। ਸਾਨੂੰ ਖ਼ੈਰਾਤਾਂ ਨਹੀਂ ਰੋਜ਼ਗਾਰ ਦਿਉ!! ਖ਼ੈਰਾਤਾਂ ਨਹੀਂ ਰੋਜ਼ਗਾਰ ਦਿਉ!! ਮੇਰੀ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਲੰਬੀ ਉਮਰ ਤੇ ਤੰਦਰੁਸਤੀ ਦੇ ਨਾਲ-ਨਾਲ ਪੰਜਾਬ ਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਚੰਗੀ ਸੋਚ ਤੇ ਖੈਰਾਤਾਂ ਨੂੰ ਬੰਦ ਕਰਨ ਦੀ ਸ਼ਕਤੀ ਬਖਸ਼ਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3483)
(ਸਰੋਕਾਰ ਨਾਲ ਸੰਪਰਕ ਲਈ: