“ਸਾਰਾ ਦੋਸ਼ ਸਰਕਾਰਾਂ ਸਿਰ ਮੜ੍ਹਨ ਦੀ ਬਜਾਏ ਕਿਤੇ ਨਾ ਕਿਤੇ ਅਸੀਂ ਖੁਦ ਵੀ ...”
(19 ਮਈ 2021)
ਅੱਜ ਜਿੱਥੇ ਇਨਫਰਮੇਸ਼ਨ ਟੈਕਨਾਲੋਜੀ ਤੇਜ਼ ਹੋਈ ਹੈ ਉੱਥੇ ਨਾਲ ਨਾਲ ਵਾਇਰਸ ਦੀ ਆਵਾਜਾਈ ਵੀ ਵਧੀ ਹੈ। ਇਸਦਾ ਮੁੱਢਲਾ ਕਾਰਨ ਲੋਕਾਂ ਵਲੋਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਪਰਵਾਸ ਹੈ। ਕੁਦਰਤ ਨਾਲ ਅਸੀਂ ਛੇੜਛਾੜ ਕਰਕੇ ਅਸੀਂ ਰੁੱਖਾਂ ਤੇ ਪਸ਼ੂ-ਪੰਛੀਆਂ ਦੀਆਂ ਬਹੁਤ ਨੁਕਸਾਨ ਪਹੁੰਚਾਇਆ ਹੈ। ਅੱਜ ਪਸ਼ਚਾਤਾਪ ਕਰਕੇ ਦੁਬਾਰਾ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ। ਜਾਤਾਂ ਧਰਮਾਂ ਦੇ ਧੜਿਆਂ ਵਿੱਚ ਵੰਡ ਕੇ ਇਨਸਾਨ ਨੇ ਮਨੁੱਖਤਾ ਨੂੰ ਚੀਰਿਆ ਹੈ। ਹੁਣ ਚਿੰਤਨ ਕਰਕੇ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਸਾਰੀ ਦੁਨੀਆਂ ਦੀ ਜਾਣਕਾਰੀ ਤਾਂ ਸੁਬ੍ਹਾ ਉੱਠਣ ਤੋਂ ਬਾਅਦ ਸਿਰਫ 15 ਮਿੰਟਾਂ ਵਿੱਚ ਲਈ ਜਾ ਸਕਦੀ ਹੈ। ਸਾਰੀ ਦਿਹਾੜੀ ਸੁਬ੍ਹਾ ਤੋਂ ਰਾਤ ਤਕ ਆਪ ਹੀ ਬਣਾਏ ਨਿਊਜ਼ ਚੈਨਲਾਂ ਦੇ ਆਪੂੰ ਬਣੇ ਪੱਤਰਕਾਰਾਂ ਦੀਆਂ ਬੇਤੁਕੀਆਂ ਤੇ ਭੜਕਾਊ ਵੀਡੀਓ, ਨਕਾਰਾਤਮਕ ਤੇ ਮਨਘੜਤ ਕਹਾਣੀਆਂ ਘਟੀਆ ਵਿਚਾਰ ਪੈਦਾ ਕਰਦੀਆਂ ਹਨ। ਅਸੀਂ ਜਾਣਕਾਰੀ ਦੇ ਤੌਰ ’ਤੇ ਇੱਕ ਦੂਜੇ ਨੂੰ ਬਿਨਾਂ ਸਮਝੇ ਸੋਚੇ ਕੁਝ ਨਾ ਕੁਝ ਹਰ ਸਮੇਂ ਭੇਜੀ ਜਾਣ ਵਿੱਚ ਅਪਣਾ ਸਮਾਂ ਬਰਬਾਦ ਕਰ ਰਹੇ ਹਾਂ। ਇਸ ਨਾਲ ਸਰੀਰਕ ਊਰਜਾ ਘਟਦੀ ਹੈ ਅਤੇ ਬਿਮਾਰੀਆਂ ਨਾਲ ਜੂਝਣ ਦੀ ਸਮਰੱਥਾ ਵੀ ਘਟਦੀ ਹੈ। ਅਜਿਹਾ ਕਰਕੇ ਅਸੀਂ ਸਮਾਜ ਲਈ ਖ਼ਤਰਾ ਪੈਦਾ ਕਰਦੇ ਹਾਂ। ਲੋੜ ਹੈ ਚੰਗੇ ਨਾਗਰਿਕ ਬਣਨ ਦੀ ਤਾਂ ਜੁ ਆਪਣੇ ਪੰਜਾਬ ਦਾ ਕੁਝ ਨਾ ਕੁਝ ਸਵਾਰ ਸਕੀਏ।
ਕਰੋਨਾ ਵਾਇਰਸ ਇੰਨਾ ਡਰ ਜਾਂ ਉਤੇਜਨਾ ਪੈਦਾ ਨਹੀਂ ਕਰ ਰਿਹਾ, ਜਿੰਨਾ ਅਸੀਂ ਸੋਸ਼ਲ ਮੀਡੀਆ ਰਾਹੀਂ ਖੁਦ ਇੱਕ ਦੂਸਰੇ ਨੂੰ ਗਲਤ ਤੇ ਬੇਤੁਕੇ ਸੰਦੇਸ਼ ਭੇਜ ਕੇ ਸਮਾਜ ਵਿੱਚ ਹਲਚਲ ਪੈਦਾ ਕਰ ਰਹੇ ਹਾਂ। ਕਰੋਨਾ ਪਹਿਲਵਾਨ ਨਾਲ ਨਜਿੱਠਣ ਲਈ ਸਾਨੂੰ ਸਰੀਰ ਤੰਦਰੁਸਤ ਤੇ ਮਨ ਬਲਵਾਨ ਚਾਹੀਦਾ ਹੈ। ਪ੍ਰੰਤੂ ਸੋਸ਼ਲ ਮੀਡੀਆ ਦੇ ਨੈਗੇਟਿਵ ਸੰਦੇਸ਼ਾਂ ਦਾ ਅਦਾਨ ਪ੍ਰਦਾਨ ਸਾਡੇ ਮਨ ਨੂੰ ਨਿਸ਼ਾਨਾ ਬਣਾ ਰਿਹਾ ਹੈ, ਸਾਡੇ ਸਰੀਰਕ ਪ੍ਰਣਾਲੀ ਨੂੰ ਨਿਸ਼ਾਨਾ ਬਣਾ ਰਿਹਾ ਹੈ। ਨਤੀਜਨ ਜਦੋਂ ਸਾਡਾ ਮਨ ਤੇ ਸਰੀਰ ਬਲਵਾਨ ਨਾ ਰਹੇ ਤਾਂ ਕਰੋਨਾ ਪਹਿਲਵਾਨ ਸਾਨੂੰ ਪਟਕਾ ਦੇਵੇਗਾ। ਇਸ ਲਈ ਸਭ ਤੋਂ ਵੱਡੀ ਸੂਚਨਾ ਇਹੀ ਹੈ ਕਿ ਗਲਤ ਤੇ ਮਨਘੜਤ ਸੂਚਨਾਵਾਂ ਦਾ ਅਦਾਨ ਪ੍ਰਦਾਨ ਬੰਦ ਕੀਤਾ ਜਾਵੇ।
ਮਹਾਂਮਾਰੀ ਕਾਰਨ ਇਸ ਸਮੇਂ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਾਇਰਸ ਦੇ ਖ਼ਤਰਨਾਕ ਰੂਪ ਧਾਰਨ ਕਰਨ ਨਾਲ ਨੌਜਵਾਨ ਵੀ ਮੌਤ ਦੀ ਆਗੋਸ਼ ਵਿੱਚ ਲਗਾਤਾਰ ਜਾ ਰਹੇ ਹਨ। ਬਾਕੀਆਂ ਦਾ ਹਾਲ ਤਾਂ ਚੌਵੀ ਘੰਟੇ ਨਿਊਜ਼ ਚੈਨਲ ਦੱਸ ਹੀ ਰਹੇ ਹਨ। ਇਸਦਾ ਮੁੱਢਲਾ ਕਾਰਨ ਸਾਡਾ ਵਾਇਰਸ ਪ੍ਰਤੀ ਜਾਗਰੂਕ ਨਾ ਹੋਣਾ ਅਤੇ ਅਣਗਹਿਲੀ ਹੈ। ਅਕਸਰ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਕਰੋਨਾ ਵੈਕਸੀਨ ਲਗਵਾਉਣ ਨਾਲ ਇਨਸਾਨ ਨੂੰ ਆਉਣ ਵਾਲੇ ਸਮੇਂ ਵਿੱਚ ਭਿਆਨਕ ਸਮੱਸਿਆਵਾਂ ਜਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੇ ਨਕਾਰਾਤਮਿਕ ਆਡੀਓ ਅਤੇ ਵੀਡੀਓ ਸੰਦੇਸ਼ ਸੁਣਨ ਤੇ ਦੇਖਣ ਨੂੰ ਮਿਲ ਰਹੇ ਹਨ। ਇੱਕ ਸੱਜਣ ਤਾਂ ਇੱਥੋਂ ਤਕ ਕਹਿ ਰਿਹਾ ਸੀ ਕਿ ਪੂਰੀ ਦੁਨੀਆਂ ਦੀ ਆਬਾਦੀ ਘਟਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਉਹ ਉਸ ਮੀਟਿੰਗ ਦਾ ਹਿੱਸਾ ਹੋਵੇ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਹੋਵੇ। ਉਹ ਗ਼ਲਤ ਅਫਵਾਹ ਫੈਲਾ ਰਿਹਾ ਸੀ।
ਕਰੋਨਾ ਦੇ ਮੁੱਢਲੇ ਲੱਛਣ ਖ਼ੁਦ ਨੁੰ ਪਤਾ ਹੋਣ ਦੇ ਬਾਵਜੂਦ ਮਾਹਿਰ ਡਾਕਟਰਾਂ ਜਾ ਹਸਪਤਾਲਾਂ ਵਿੱਚ ਦਵਾਈ ਲੈਣ ਜਾਂ ਚੈੱਕ ਕਰਵਾਉਣ ਤੋਂ ਲੋਕ ਕੰਨੀ ਕਤਰਾਉਂਦੇ ਹਨ। ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਹਸਪਤਾਲ ਵਿੱਚ ਦਾਖ਼ਲ ਕਰਕੇ ਉਹ ਸਾਨੂੰ ਮਾਰ ਦੇਣਗੇ, ਜਦਕਿ ਅਜਿਹਾ ਬਿਲਕੁਲ ਨਹੀਂ ਹੈ। ਤੁਹਾਡੇ ਕਰੋਨਾ ਪੌਜ਼ੇਟਿਵ ਆਉਣ ’ਤੇ ਤੁਹਾਨੂੰ ਗੰਭੀਰ ਸਥਿਤੀ ਨਾ ਆਉਣ ਤਕ ਘਰ ਵਿੱਚ ਅਲੱਗ ਰਹਿ ਕੇ ਸਰਕਾਰ ਵੱਲੋਂ ਤਿਆਰ ਕੀਤੀ ‘ਫਤਿਹ ਕਿੱਟ’ ਦੇ ਕੇ ਜਲਦੀ ਠੀਕ ਹੋਣ ਲਈ ਨੁਕਤੇ ਦੱਸੇ ਜਾਂਦੇ ਹਨ। ਲੋਕ ਮੁੱਢਲੇ ਲੱਛਣ ਹੋਣ ਦੇ ਬਾਵਜੂਦ ਅਣਜਾਣ ਡਾਕਟਰਾਂ ਜਾਂ ਹਕੀਮਾਂ ਤੋਂ ਓਹੜ-ਪੋਹੜ ਕਰਵਾਉਂਦੇ ਹਨ। ਝੋਲਾ ਛਾਪ ਡਾਕਟਰ ਵੀ ਆਪਣਾ ਬਿਜਨੈੱਸ ਚੱਲਦਾ ਰੱਖਣ ਖ਼ਾਤਰ ਲੋਕਾਂ ਨੂੰ ਲਗਾਤਾਰ ਗੁਮਰਾਹ ਕਰ ਰਹੇ ਹਨ ਕਿ ਸਰਕਾਰੀ ਹਸਪਤਾਲ ਨਾ ਜਾਇਓ, ਉੱਥੋਂ ਤਾਂ ਪੈਕ ਕਰਕੇ ਸਿੱਧਾ ਸਿਵਿਆਂ ਵਿੱਚ ਹੀ ਭੇਜਣਗੇ। ਜਦੋਂ ਅਸੀਂ ਇੱਧਰ-ਉੱਧਰ ਜਾ ਕੇ ਸਮਾਂ ਬਰਬਾਦ ਕਰ ਦਿੰਦੇ ਹਾਂ, ਅੱਠ-ਦਸ ਦਿਨਾਂ ਵਿੱਚ ਸਥਿਤੀ ਗੰਭੀਰ ਹੋ ਜਾਂਦੀ ਹੈ। ਫੇਫੜੇ ਇਨਫੈਕਸ਼ਨ ਨਾਲ ਬਿਲਕੁਲ ਬੰਦ ਹੋ ਜਾਂਦੇ ਹਨ। ਆਕਸੀਜਨ ਦਾ ਪੱਧਰ ਫਿਰ ਦੁਬਾਰਾ ਪੂਰਾ ਹੁੰਦਾ ਹੀ ਨਹੀਂ। ਜਦੋਂ ਅਸੀਂ ਮਰੀਜ਼ ਨੂੰ ਅਖੀਰਲੇ ਦਿਨ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਦਾਖਲ ਕਰਵਾਉਂਦੇ ਹਾਂ ਤਾਂ ਨਤੀਜਾ ਭਿਆਨਕ ਨਿੱਕਲਦਾ ਹੈ। ਸਾਡੀ ਇਸ ਅਣਗਹਿਲੀ ਕਾਰਨ ਹੀ ਮੌਤ ਦਰ ਵਧ ਰਹੀ ਹੈ। ਜੇਕਰ ਪਹਿਲੇ ਦਿਨ ਹੀ ਟੈਸਟ ਕਰਵਾਕੇ ਸਰਕਾਰੀ ਹਸਪਤਾਲ ਤੋਂ ਦਵਾਈ ਲਈ ਜਾਵੇ ਤਾਂ ਵੱਧ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਮੇਰੇ ਬੇਟੇ ਨੂੰ ਅਚਾਨਕ ਇੱਕ ਦਿਨ ਗਲੇ ਵਿੱਚ ਖਰਾਸ਼ ਮਹਿਸੂਸ ਹੋਈ। ਅਸੀਂ ਤੁਰੰਤ ਸਰਕਾਰੀ ਹਸਪਤਾਲ ਜਾ ਕੇ ਟੈਸਟ ਕਰਵਾਇਆ ਤੇ ਹਦਾਇਤਾਂ ਦਾ ਪਾਲਣ ਉਸੇ ਦਿਨ ਤੋਂ ਕੀਤਾ। ਰਿਪੋਰਟ ਪੌਜ਼ੇਟਿਵ ਆਈ। ਸਤਾਰਾਂ ਦਿਨ ਫ਼ਤਿਹ ਕਿੱਟ ਵਰਤੀ। ਅੱਜ ਉਹ ਤੰਦਰੁਸਤ ਆਪਣੇ ਬੱਚਿਆਂ ਵਿੱਚ ਹੈ। ਇਸ ਲਈ ਸਾਰਾ ਦੋਸ਼ ਸਰਕਾਰਾਂ ਸਿਰ ਮੜ੍ਹਨ ਦੀ ਬਜਾਏ ਕਿਤੇ ਨਾ ਕਿਤੇ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ। ਸਰਕਾਰਾਂ ਕੋਲ ਸਾਧਨਾਂ ਦੀ ਕਮੀ ਜ਼ਰੂਰ ਹੈ, ਇਹ ਵਾਇਰਸ ਹੈ ਹੀ ਅਜਿਹਾ, ਆਪਣੇ ਰੂਪ ਲਗਾਤਾਰ ਬਦਲ ਰਿਹਾ ਹੈ।
ਬਾਹਰਲੇ ਕਈ ਮੁਲਕਾਂ ਨੇ ਵੀ ਇਸ ਅੱਗੇ ਗੋਡੇ ਟੇਕੇ ਹਨ। ਸਾਡਾ ਦੇਸ਼ ਵੱਧ ਅਬਾਦੀ, ਵੱਧ ਗਰੀਬੀ ਤੇ ਵੱਧ ਅਨਪੜ੍ਹਤਾ ਵਾਲਾ ਮੁਲਕ ਹੈ। ਜਾਗਰੂਕਤਾ ਦੀ ਵੀ ਵੱਡੀ ਕਮੀ ਹੈ। ਬੱਸ ਲੋੜ ਹੈ ਕਿਸੇ ਨੂੰ ਉਲਾਂਭਾ ਦੇਣ ਦੀ ਬਜਾਏ ਸੰਜਮ ਅਤੇ ਚੌਕਸੀ ਰੱਖੋ ਨਾ ਕਿ ਥਾਪੀਆਂ ਮਾਰਦੇ ਫਿਰੋ ਕਿ ਮੇਰੇ ਕੋਲ ਆਵੇ ਕਰੋਨਾ, ਮੈਂ ਦੇਖਾਂਗਾ। ਇਹ ਵਹਿਮ ਕਰੋਨਾ ਪਹਿਲਵਾਨ ਨੇ ਵੱਡਿਆਂ-ਵੱਡਿਆਂ ਦੇ ਕੱਢ ਕੇ ਧੋਬੀ ਪਟਕੇ ਮਾਰੇ ਹਨ। ਮਾਹਿਰ ਡਾਕਟਰਾਂ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ, ਜੋ ਬਹੁਤ ਹੀ ਸਪਸ਼ਟ ਤੇ ਸੌਖੇ ਤਰੀਕੇ ਮਿਲ ਰਹੀਆਂ ਹਨ। ਅਸੀਂ ਕਿਉਂ ਸਮਾਜ ਦੇ ਦੁਸ਼ਮਣ ਬਣੇ ਬੈਠੇ ਹਾਂ, ਸਾਨੂੰ ਇਹ ਇਜਾਜ਼ਤ ਕਿਸ ਨੇ ਦਿੱਤੀ ਹੈ ਕਿ ਅਸੀਂ ਲੋਕਾਂ ਨੂੰ ਕੁਰਾਹੇ ਪਾਈਏ।
ਇਨਸਾਨ ਆਪਣੀ ਹਊਮੈਂ ਵਿੱਚ ਚੂਰ ਹੋਇਆ ਕੁਦਰਤ ਤੋਂ ਸਿੱਖਿਆ ਨਹੀਂ ਲੈਂਦਾ, ਬਲਕਿ ਇਸਦੇ ਤੋੜ ਲੱਭਣ ਵਿੱਚ ਆਪਣਾ ਸਮਾਂ ਵਿਅਰਥ ਕਰਦਾ ਹੈ। ਲੋਕ ਅੱਜ ਮਤਲਬ ਪ੍ਰਸਤ ਬਿਰਤੀ ਦੇ ਮਾਲਕ ਬਣਕੇ ਜ਼ਿੰਦਗੀ ਜੀਣ ਲਈ ਪੈਸਾ ਨਹੀਂ ਕਮਾਉਂਦੇ, ਬਲਕਿ ਪੈਸਾ ਕਮਾਉਣ ਲਈ ਜਿਉਂਦੇ ਹਨ। ਦੇਖਣ ਤੇ ਸੁਣਨ ਵਿੱਚ ਆਇਆ ਹੈ ਕਿ ਲੋੜਵੰਦ ਲੋਕਾਂ ਨੂੰ ਲੁੱਟਣ ਲਈ ਅੱਜ ਸਾਡੇ ਹੀ ਸਮਾਜ ਦੇ ਕੁਝ ਅਨਸਰ ਚਾਰ ਚੁਫੇਰੇ ਦਲਾਲ ਬਣਕੇ ਸਰੇਆਮ ਘੁੰਮ ਰਹੇ ਹਨ। ਉਨ੍ਹਾਂ ਦੇ ਅੰਦਰੋਂ ਇਨਸਾਨੀਅਤ ਖੰਭ ਲਾਕੇ ਉੱਡ ਗਈ ਹੈ, ਜ਼ਮੀਰਾਂ ਮਰ ਚੁੱਕੀਆਂ ਹਨ। ਅੱਜ ਲਾਸ਼ਾਂ ਦਾ ਮੁੱਲ ਵੱਟਿਆ ਜਾ ਰਿਹਾ ਹੈ। ਬਹੁਤ ਜਗ੍ਹਾ ਦੁਨੀਆਂ ਵਿੱਚ ਅੱਜ ਵੀ ਇਨਸਾਨੀਅਤ ਜ਼ਿੰਦਾ ਹੈ। ਇਸਦੀਆਂ ਤਾਜ਼ਾ ਮਿਸਾਲਾਂ ਕਰਫਿਊ ਦੌਰਾਨ ਦੇਖਣ ਨੂੰ ਮਿਲੀਆਂ ਹਨ “ਨਰ ਸੇਵਾ, ਨਰਾਇਣ ਸੇਵਾ” ਦੇ ਤਹਿਤ ਆਮ ਲੋਕ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਗੁਪਤ ਦਾਨੀ ਆਦਿ ਲੋਕਾਂ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋੜਵੰਦ ਲੋਕਾਂ ਨੂੰ ਘਰੇਲੂ ਜ਼ਰੂਰਤਾਂ ਦਾ ਸਮਾਨ ਵੰਡ ਰਹੇ ਹਨ। ਅਜਿਹੇ ਕਾਰਜਾਂ ਨੂੰ ਕਰਨ ਲਈ ਪੰਜਾਬੀਆਂ ਦਾ ਨਾਮ ਮੁਹਰਲੀਆਂ ਕਤਾਰਾਂ ਵਿੱਚ ਪਹਿਲੇ ਨੰਬਰ ’ਤੇ ਆਉਂਦਾ ਹੈ। ਪੰਜਾਬੀ ਕਿਸੇ ਨੂੰ ਦੁੱਖ ਦਰਦ ਵਿੱਚ ਤੜਫਦਾ ਦੇਖ ਕੇ ਮਦਦ ਕਰਨੋ ਰਹਿ ਨਹੀਂ ਸਕਦੇ। ਇਨ੍ਹਾਂ ਨੂੰ ਗੁੜ੍ਹਤੀ ਵਿੱਚ ਇਹ ਸਿੱਖਿਆ ਮਿਲੀ ਹੈ। ਇਸੇ ਕਰਕੇ ਕੋਈ ਰਾਸ਼ਨ ਵੰਡ ਰਿਹਾ ਹੈ, ਕੋਈ ਦਵਾਈਆਂ, ਕੋਈ ਮਾਸਕ, ਕੋਈ ਸੈਨੇਟਾਇਜ਼ਰ ਆਦਿ ਚੀਜ਼ਾਂ ਵੰਡ ਕੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਦੇ ਕਾਬਿਲ ਬਣਾ ਰਿਹਾ ਹੈ।
ਧਰਤੀ ’ਤੇ ਰੱਬ ਦਾ ਦੂਜਾ ਰੂਪ ਕਹੇ ਜਾਣ ਵਾਲੇ ਸਾਡੇ ਸਨਮਾਨ ਯੋਗ ਫਰੰਟ ਲਾਈਨ ਵਾਰੀਅਰਜ਼- ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ, ਸਫਾਈ ਕਰਮਚਾਰੀ ਚਾਰ ਚੁਫੇਰੇ ਘੁੰਮ ਰਹੀ ਡਰਾਉਣੀ ਮੌਤ ਦੀ ਪਰਵਾਹ ਕੀਤੇ ਬਿਨਾਂ ਸਮੁੱਚੀ ਇਨਸਾਨੀਅਤ ਨੂੰ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਦਿਨ-ਰਾਤ ਇੱਕ ਕਰਕੇ ਲੱਗੇ ਹੋਏ ਹਨ। ਸਾਡੀਆਂ ਸਨਮਾਨਯੋਗ ਸਰਕਾਰਾਂ ਨੂੰ ਇਹਨਾਂ ਦੀ ਸਿਹਤ ਤੇ ਇਹਨਾਂ ਦੇ ਪਰਿਵਾਰ ਵੱਲ ਖਾਸ ਤਵੱਜੋ ਦੇਣ ਦੀ ਲੋੜ ਹੈ ਕਿਉਂਕਿ ਇਹ ਅਮਲਾ ਚੌਵੀ ਘੰਟੇ ਮੌਤ ਦੇ ਸਾਏ ਹੇਠ ਤਤਪਰ ਰਹਿੰਦਾ ਹੈ। ਸਾਨੂੰ ਸਾਰਿਆਂ ਨੂੰ ਵੀ ਇਹਨਾਂ ਪ੍ਰਤੀ ਹਮਦਰਦੀ ਤੇ ਸਨਮਾਨ ਕਾਇਮ ਰੱਖਣਾ ਅਤੀ ਜ਼ਰੂਰੀ ਹੈ। ਸਾਡੇ ਵੱਲੋਂ ਭੇਜੀਆਂ ਗਲਤ ਸੂਚਨਾਵਾਂ ਦੇ ਆਦਾਨ ਪ੍ਰਦਾਨ ਨਾਲ ਜੇਕਰ ਮਹਾਂਮਾਰੀ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ ਤਾਂ ਯੂਪੀ ਦੇ ਸ਼ਾਇਰ ਮੁਜ਼ੱਫਰ ਇਸਲਾਮ ਰਜ਼ਮੀ ਦੇ ਸ਼ੇਅਰ ਦੀਆਂ ਇਹ ਸਤਰਾਂ ਪੂਰੀਆਂ ਢੁੱਕਦੀਆਂ ਨਜ਼ਰ ਆਉਣਗੀਆਂ- “ਵੋਹ ਵਕਤ ਭੀ ਦੇਖਾ ਹੈ ਤਾਰੀਖ਼ ਕੀ ਘੜੀਓਂ ਨੇ, ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।”
ਅੱਜ ਜ਼ਰੂਰਤ ਹੈ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ। ਕੀ ਵੱਡੇ, ਕੀ ਛੋਟੇ, ਸਭ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ! ਆਸ ਹੈ ਕਿ ਇਹ ਤਰਾਹ ਕੱਢਣ ਵਾਲਾ ਸਮਾਂ ਛੇਤੀ ਮੁੱਕ ਜਾਵੇਗਾ, ਫੁੱਲਾਂ ਵਾਂਗ ਖਿੜੀ ਤੇ ਮਹਿਕਦੀ ਸਵੇਰ ਜਲਦੀ ਮੁੜ ਆਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2790)
(ਸਰੋਕਾਰ ਨਾਲ ਸੰਪਰਕ ਲਈ: