“ਹਮੇਸ਼ਾ ਆਪਣੀ ਚਾਦਰ ਵੇਖ ਕੇ ਪੈਰ ਪਸਾਰਨ ਨੂੰ ਮੁੱਖ ਰੱਖਦੇ ਹੋਏ ਥੋੜ੍ਹੀ ਥੋੜ੍ਹੀ ਬੱਚਤ ...”
(28 ਜਨਵਰੀ 2022)
ਕਿਸੇ ਸਮੇਂ ਸਾਡੇ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਉਸ ਸਮੇਂ ਲੋਕ ਹੱਥੀਂ ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। ਉਦੋਂ ਆਮਦਨੀ ਦੇ ਸਾਧਨ ਵੀ ਸੀਮਤ ਸਨ, ਪਰੰਤੂ ਫੇਰ ਵੀ ਉਹ ਉਸੇ ਵਿੱਚੋਂ ਕਬੀਲਦਾਰੀਆਂ ਨੂੰ ਕਿਓਂਟ, ਕੁੱਝ ਨਾ ਕੁੱਝ ਔਖੇ ਸਮੇਂ ਵਾਸਤੇ ਜੋੜ ਲੈਂਦੇ ਸੀ। ਇੰਨਫਰਮੇਸ਼ਨ ਟੈਕਨਾਲੋਜੀ ਦੇ ਵਿਸ਼ਵੀਕਰਨ ਨਾਲ ਲੋਕਾਂ ਦੇ ਮਨਾਂ ਅੰਦਰ ਜਿਸ ਤਰ੍ਹਾਂ ਪੈਸੇ ਖਰਚ ਕਰਨ ਦੀ ਹੋੜ ਲੱਗੀ ਹੈ, ਉਸਦੇ ਮੁਕਾਬਲੇ ਅੱਜ ਮਹਿੰਗਾਈ ਦੇ ਦੌਰ ਵਿੱਚ ਆਮਦਨੀ ਬਹੁਤ ਘਟ ਗਈ ਹੈ। ਲੋਕ ਬਾਹਰਲੇ ਮੁਲਕਾਂ ਦੇ ਬਾਸ਼ਿੰਦਿਆਂ ਦੀ ਤਰ੍ਹਾਂ ਸਹੂਲਤਾਂ ਮਾਣਕੇ ਖੁਦ ਵੀ ਉਸੇ ਤਰ੍ਹਾਂ ਦਾ ਹੀ ਦਿਸਣਾ ਚਾਹੁੰਦੇ ਹਨ ਜਦਕਿ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਤੇ ਸਾਡੇ ਦੇਸ਼ ਦੇ ਸਿਆਸੀ ਢਾਂਚੇ ਦਾ ਆਪਸ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਪੁਰਾਣੇ ਸਮਿਆਂ ਵਿੱਚ ਜੇਕਰ ਲੋਕਾਂ ਦੀ ਆਮਦਨ ਘੱਟ ਸੀ, ਜਾਂ ਆਮਦਨੀ ਦੇ ਸਾਧਨ ਸੀਮਤ ਸਨ ਤਾਂ ਉਸ ਸਮੇਂ ਲੋਕਾਂ ਅੰਦਰ ਸਹਿਣਸ਼ੀਲਤਾ, ਦਿਆਨਤਦਾਰੀ ਤੇ ਸਿਆਣਪ ਕਾਰਨ ਉਨ੍ਹਾਂ ਦੀਆਂ ਜ਼ਰੂਰਤਾਂ ਵੀ ਸੀਮਤ ਸਨ। ਪਰ ਅੱਜ ਅਸੀਂ ਹੋਰ-ਹੋਰ, ਸੁਖ-ਸਹੂਲਤਾਂ ਮਾਨਣ ਦੇ ਲਾਲਚ ਵੱਸ ਘੱਟ ਆਮਦਨ ਹੋਣ ਦੇ ਬਾਵਜੂਦ ਲਗਾਤਾਰ ਵੱਧ ਖਰਚ ਕਰਕੇ ਸਿਰ ਦੇ ਵਾਲਾਂ ਨਾਲੋਂ ਵੱਧ ਕਰਜ਼ੇ ਚੁੱਕੀ ਜਾ ਰਹੇ ਹਾਂ। ਇਸ ਕਰਕੇ ਆਮਦਨ ਅਠੱਨੀ ਖ਼ਰਚ ਰੁਪਈਏ ਵਾਲ਼ੀ ਸਥਿਤੀ ਵਿੱਚ ਗਲ-ਗਲ ਤੱਕ ਡੁੱਬ ਚੁੱਕੇ ਹਾਂ। ਪਹਿਲਾਂ ਲੋਕ ਬੱਚਿਆਂ ਲਈ ਘਰ ਵਿੱਚ ਖੀਰ, ਪੂੜੇ, ਗੁਲਗੁਲੇ, ਮੱਠੀਆਂ, ਕੜਾਹ, ਦਲੀਆ, ਖਿਚੜੀ ਆਦਿ ਬਣਾ ਕੇ ਅਨੰਦ ਲੈਂਦੇ ਸਨ, ਜਿਸ ਨਾਲ ਸਿਹਤ ਵੀ ਤੰਦਰੁਸਤ ਰਹਿੰਦੀ ਸੀ। ਪ੍ਰੰਤੂ ਹੁਣ ਲੋਕ ਮਾਲ ਤੇ ਮਹਿੰਗੇ ਰੈਸਟੋਰੈਂਟਾਂ ਵਿੱਚ ਬੱਚਿਆਂ ਨਾਲ ਫਾਸਟਫੂਡ ਪੀਜ਼ਾ, ਬਰਗਰ, ਮੈਗੀ ਤੇ ਅਨੇਕਾਂ ਪ੍ਰਕਾਰ ਦੇ ਤਲੇ ਹੋਏ ਭੋਜਨ ਪਸੰਦ ਕਰਦੇ ਹਨ, ਜਿਨ੍ਹਾਂ ਨਾਲ ਜੇਬ ਤਾਂ ਢਿੱਲੀ ਹੁੰਦੀ ਹੀ ਹੈ, ਨਾਲ-ਨਾਲ ਇਹ ਮਸਾਲਿਆਂ ਵਾਲੇ ਭੋਜਨ ਸਾਡੀ ਸਿਹਤ ਉੱਤੇ ਵੀ ਬੁਰਾ ਅਸਰ ਪਾਉਂਦੇ ਹਨ।
ਸਿਆਣੇ ਕਹਿੰਦੇ ਹਨ ਬੂੰਦ-ਬੂੰਦ ਨਾਲ ਸਮੁੰਦਰ ਭਰ ਜਾਦਾ ਹੈ। ਜੇਕਰ ਫਜ਼ੂਲ ਖਰਚੀਆਂ ਬੰਦ ਕਰਾਂਗੇ ਤਾਂ ਔਖੇ ਵੇਲੇ ਕਿਸੇ ਅੱਗੇ ਹੱਥ ਨਹੀਂ ਅੱਡਣਾ ਪਵੇਗਾ। ਬੈਂਕਾਂ ਤੋਂ ਲੋਨ ਨਹੀਂ ਲੈਣੇ ਪੈਣਗੇ। ਮਹਿੰਗੇ ਮੈਰਿਜ ਪੈਲੇਸਾਂ ਵਿੱਚ ਵਿਆਹ ਕਰਕੇ ਵੇਖਾ-ਵੇਖੀ ਲੋਕ ਇੱਕ ਦੂਜੇ ਤੋਂ ਵਧਕੇ, ਅੱਡੀਆਂ ਚੁੱਕ ਕੇ ਫਾਹੇ ਲੈ ਰਹੇ ਹਨ। ਇੱਕ ਗਵਾਂਢੀ ਜੇਕਰ ਮੋਟਰਸਾਇਕਲ ਨਵਾਂ ਲੈ ਆਵੇ ਤਾਂ ਦੂਜਾ ਬਿਨਾਂ ਜ਼ਰੂਰਤ ਝੱਟ ਫਾਇਨਾਂਸ ਕੰਪਨੀ ਤੋਂ ਲੋਨ ਲੈ ਕੇ ਆਥਣ ਨੂੰ ਉਸ ਤੋਂ ਵੀ ਵੱਡਾ ਮੋਟਰਸਾਈਕਲ ਲਈ ਪਟਾਕੇ ਪਾਉਂਦਾ ਆਉਂਦਾ ਹੈ। ਇਹ ਸਭ ਦੂਸਰਿਆਂ ਪ੍ਰਤੀ ਸਾਡੇ ਅੰਦਰਲੀ ਕਸਕ ਦੇ ਕਾਰਨ ਹੋ ਰਿਹਾ ਹੈ। ਇੱਥੋਂ ਤੱਕ ਵਰਤਾਰਾ ਵਾਪਰ ਰਿਹਾ ਹੈ ਲੋਕ ਇੱਕ ਲੋਨ ਨੂੰ ਲਾਹੁਣ ਲਈ ਦੂਜਾ-ਤੀਜਾ ਲੋਨ ਲੈ ਰਹੇ ਹਨ। ਮੋਬਾਇਲ ਕਲਚਰ ਨੇ ਸਾਨੂੰ ਵੀ ਬਰੈਂਡਡ ਬਣਾ ਦਿੱਤਾ ਹੈ। ਬ੍ਰੈਂਡ ਨੂੰ ਅਸੀਂ ਜ਼ਿੰਦਗੀ ਵਿੱਚ ਸ਼ਾਮਿਲ ਕਰ ਲਿਆ ਹੈ। ਅਸੀਂ ਆਪਣੇ ਤਨ ਮਨ ਦੀ ਖੂਬਸੂਰਤੀ ਦੀ ਜਗ੍ਹਾ ਮਹਿੰਗੇ ਬਰੈਂਡਡ ਕੱਪੜੇ, ਬੂਟ ਤੇ ਮੋਬਾਇਲ ਨਾਲ ਆਪਣੀ ਦਿੱਖ ਸਵਾਰ ਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਾਂ, ਜਿਸ ਕਾਰਨ ਸਾਨੂੰ ਵਿੱਤੀ ਪੱਖੋਂ ਵੱਡਾ ਨੁਕਸਾਨ ਹੋ ਰਿਹਾ ਹੈ। ਅਸੀਂ ਬਰੈਂਡ ਤਾਂ ਉੱਚੇ ਤੋਂ ਉੱਚਾ ਵਰਤ ਰਹੇ ਹਾਂ ਪਰੰਤੂ ਆਪਣੀ ਸੋਚ ਨੂੰ ਲਗਾਤਾਰ ਹੋਰ ਵੀ ਨੀਵਾਂ ਕਰੀ ਜਾ ਰਹੇ ਹਾਂ। ਸ਼ਾਨੋ-ਸ਼ੌਕਤ ਨੂੰ ਹੋਰ ਉੱਚਾ ਦਿਖਾਉਣ ਲਈ ਵੱਡੀਆਂ ਕੋਠੀਆਂ ਪਾ ਕੇ ਉਨ੍ਹਾਂ ਵਿੱਚ ਮਹਿੰਗੇ ਫਰਨੀਚਰ, ਏਸੀ, ਐੱਲਸੀਡੀ, ਟੌਪ ਬਰੈਂਡ ਦਾ ਕਿਚਨ ਤੇ ਬਾਥਰੂਮ ਦਾ ਸਮਾਨ ਲਾ ਕੇ ਆਮਦਨ ਅਠੱਨੀ ਖ਼ਰਚ ਰੁਪੱਈਏ ਵਾਲੀ ਕਹਾਵਤ, ਲੱਖਾਂ ਕਰੋੜਾਂ ਰੁਪਏ ਲੋਨ ਲੈ ਕੇ ਸੱਚ ਕਰ ਰਹੇ ਹਾਂ, ਜਦ ਕਿ ਸਾਦੇ ਢੰਗ ਨਾਲ, ਸਾਦੇ ਘਰਾਂ ਵਿੱਚ ਵੀ ਜੀਵਨ ਨਿਰਬਾਹ ਬਹੁਤ ਵਧੀਆ ਤਰੀਕੇ ਅਤੇ ਨੈਤਿਕਤਾ ਭਰਪੂਰ ਹੋ ਸਕਦਾ ਹੈ। ਗਾਇਕਾ ਜਗਮੋਹਨ ਕੌਰ ਦਾ ਕਈ ਦਹਾਕੇ ਪਹਿਲਾਂ ਗਾਇਆ ਗੀਤ “ਸ਼ਾਹਾਂ ਦਾ ਕਰਜ਼ ਬੁਰਾ” ਪੂਰਾ ਢੁੱਕਦਾ ਹੈ। ਲੋਨ ਜਾਂ ਕਰਜ਼ੇ ਨੂੰ ਹਿੰਦੀ ਵਿੱਚ ਲੋਨਾ ਕਹਿੰਦੇ ਹਨ ਜਿਸ ਦਾ ਅੱਖਰੀ ਅਰਥ (ਲੋ+ਨਾ) ਹੈ ਭਾਵ ਕਰਜ਼ਾ ਨਾ ਲਵੋ ਜਿਸ ਲਈ ਕਰਜ਼ਾ ਲੈਣ ਸਮੇਂ ਆਪਣੀ ਸੋਚ ਤੇ ਪ੍ਰੀਵਾਰਿਕ ਸਹਿਮਤੀ ਤੋਂ ਬਿਨਾਂ ਕੋਈ ਕਦਮ ਨਾ ਚੁੱਕਿਆ ਜਾਵੇ। ਕਰਜ਼ਾ ਕਦੇ ਵੀ ਐਸ਼ਪ੍ਰਸਤੀ ਦਾ ਸਮਾਨ ਖਰੀਦਣ ਵਾਸਤੇ ਨਾ ਲਵੋ। ਕਰਜ਼ਾ ਲੈ ਕੇ ਜੇਕਰ ਉਸ ਦੀ ਯੋਗ ਵਰਤੋਂ ਕਰਕੇ ਸਮੇਂ ਸਿਰ ਕਿਸ਼ਤਾਂ ਮੋੜੀਆਂ ਜਾਣ ਫੇਰ ਹੀ ਜ਼ਲਦੀ ਕਰਜ਼ਾ ਮੁਕਤ ਹੋਇਆ ਜਾ ਸਕਦਾ ਹੈ। ਸਿਆਣੇ ਕਹਿੰਦੇ ਹਨ, ਭਾਈ ਹਮੇਸ਼ਾ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ।
ਸਾਡੇ ਖੁਦ ਦੇ ਖ਼ਰਚੀਲੇ ਸੁਭਾਅ ਦਾ ਅਸਰ ਬੱਚਿਆਂ ’ਤੇ ਵੀ ਪੈਂਦਾ ਹੈ। ਦੇਖਾ ਦੇਖੀ ਬੱਚੇ ਮਹਿੰਗੇ ਮੋਬਾਇਲ ਫੋਨਾਂ ਵੱਲ ਆਕਰਸ਼ਿਤ ਹੋ ਬਹੁਤ ਜਲਦੀ ਪੁਰਾਣਿਆਂ ਨੂੰ ਬਦਲਣ ਦੀ ਜ਼ਿਦ ਕਰਦੇ ਹਨ, ਤੇ ਮਾਪੇ ਵੀ ਝੱਟ ਕਿਸ਼ਤਾਂ ਰਾਹੀਂ ਮੋਬਾਇਲ ਵੇਚਣ ਵਾਲੀਆਂ ਕੰਪਨੀਆਂ ਰਾਹੀਂ ਕਰਜ਼ਾ ਚੱਕ-ਚੱਕ ਕੇ ਸਾਰਾ ਟੱਬਰ ਪੰਜ-ਪੰਜ ਫੋਨ ਚੱਕੀ, ਆਥਣ-ਸਵੇਰ ਇਕੱਠੇ ਬਹਿਕੇ ਪਰਿਵਾਰਿਕ ਗੱਲਾਂ ਕਰਨ ਦੀ ਬਜਾਏ ਆਪੋ ਆਪਣੇ ਫੋਨਾਂ ’ਤੇ ਉਂਗਲ਼ਾਂ ਘਸਾਉਂਦੇ ਹੋਏ ਅੱਡੋ-ਅੱਡੀ ਸਿਰ ਨੀਵਾਂ ਕਰ ਕੇ ਪਤਾ ਨਹੀਂ ਵਿੱਚੋਂ ਕੀ ਲੱਭਦੇ ਰਹਿੰਦੇ ਹਨ। ਪਰ ਟਾਇਮ ਖਰਾਬ ਕਰਨ ਤੋਂ ਬਿਨਾਂ ਕੁਝ ਪੱਲੇ ਨਹੀਂ ਪੈਂਦਾ। ਹਾਂ, ਕਰਜ਼ਾ ਜ਼ਰੂਰ ਪੱਲੇ ਪੈਂਦਾ ਹੈ, ਕਿਉਂਕਿ ਕਿਸੇ ਵੀ ਪਰਿਵਾਰ ਨੂੰ ਐਨੇ ਫੋਨ ਦੀ ਲੋੜ ਕਦੇ ਵੀ ਨਹੀਂ ਹੁੰਦੀ। ਸਿਰਫ ਝੂਠੀ ਸ਼ਾਨੋ-ਸ਼ੌਕਤ ਕਾਰਨ ਹੀ ਅਸੀਂ ਇੱਕ-ਦੂਜੇ ਦੀ ਦੇਖਾ-ਦੇਖੀ ਕਰਜ਼ੇ ਦੀਆਂ ਪੰਡਾਂ ਸਿਰ ਚੁੱਕੀ ਫਿਰਦੇ ਹਾਂ।
ਅੱਜ ਹਰ ਘਰ ਵਿੱਚ ਹਰ ਜੀ ਕੋਲ ਮਹਿੰਗੇ ਕੱਪੜਿਆਂ ਤੇ ਬੂਟਾਂ ਦੀਆਂ ਅਨੇਕਾਂ ਜੋੜੀਆਂ ਰੁਲਦੀਆਂ ਫਿਰਦੀਆਂ ਹਨ। ਬਹੁਤੇ ਕੱਪੜਿਆਂ ਨੂੰ ਤਾਂ ਅਸੀਂ ਸਾਲ ਵਿੱਚ ਇੱਕ ਵਾਰ ਹੀ ਪਾਉਂਦੇ ਹਾਂ। ਉਨ੍ਹਾਂ ਦੀ ਵਾਰੀ ਹੀ ਨਹੀਂ ਆਉਂਦੀ ਜਾਂ ਸਾਡੇ ਮਨੋਂ ਉਂਝ ਹੀ ਲੱਥ ਜਾਂਦੇ ਹਨ। ਜਦਕਿ ਅਜਿਹਾ ਕਰਨਾ ਵੀ ਫਜ਼ੂਲ ਖਰਚੀ ਦੇ ਵਿੱਚ ਹੀ ਆਉਂਦਾ ਹੈ। ਮਹਿੰਗੇ ਕੱਪੜੇ ਜਾਂ ਬੂਟ ਪਾਉਣ ਨਾਲ ਸਾਡੀ ਸ਼ਖਸ਼ੀਅਤ ਨਿੱਖਰਦੀ ਨਹੀਂ, ਉਹ ਤਾਂ ਸਾਡੇ ਸੁਭਾਅ ਨਾਲ ਲੋਕਾਂ ਵਿੱਚ ਵਿੱਚਰਕੇ ਹੀ ਨਿੱਖਰਦੀ ਹੈ। ਜੇਕਰ ਸਾਡਾ ਸੁਭਾਅ ਕਸਕ ਜਾਂ ਗੁੱਸੇ ਭਰਿਆ ਹੈ, ਫਿਰ ਸਾਨੂੰ ਕੋਈ ਮੂੰਹ ਨਹੀਂ ਲਾਉਂਦਾ, ਉਲਟਾ ਲੋਕ ਦੂਰ ਰਹਿਣਾ ਪਸੰਦ ਕਰਦੇ ਹਨ, ਭਾਵੇਂ ਅਸੀਂ ਸਿਰ ਤੋਂ ਪੈਰਾਂ ਤੱਕ ਬਰੈਂਡ ਚੱਕੀ ਫਿਰਦੇ ਹੋਈਏ। ਕੋਈ ਬੰਦਾ, ਜਿਸਨੇ ਕੱਪੜੇ ਭਾਵੇਂ ਸਸਤੇ ਪਾਏ ਹੋਣ, ਸਭ ਨੂੰ ਹੱਸਕੇ ਜੀ ਕਹਿਕੇ ਬੁਲਾਉਂਦਾ ਹੋਵੇ, ਉਸ ਨੂੰ ਸਾਰੇ ਪਿਆਰ ਕਰਦੇ ਹਨ। ਇਸ ਲਈ ਸਾਨੂੰ ਰੱਬ ਦੀਆਂ ਬਖ਼ਸ਼ਿਸ਼ਾਂ ਵਿੱਚੋਂ ਵੀ ਕੁਝ ਨਾ ਕੁਝ ਦੂਜਿਆਂ ਦੇ ਭਲੇ ਲਈ ਵੀ ਖਰਚਣਾ ਜ਼ਰੂਰੀ ਹੈ, ਨਾ ਕਿ ਫਾਲਤੂ ਖ਼ਰਚ ਕਰਕੇ ਪੈਸਾ ਪਾਣੀ ਵਾਂਗੂੰ ਰੋੜ੍ਹਿਆ ਜਾਵੇ। ਜੇਕਰ ਅਸੀਂ ਖ਼ੁਦ ਆਪਣੇ ਖਰਚਿਆਂ ’ਤੇ ਲਗਾਮ ਲਾਵਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਜੇਬ ਖ਼ਰਚੀ ਵਿੱਚੋਂ ਬੱਚਤ ਕਰਨ ਦੀ ਆਦਤ ਪਾਵਾਂਗੇ। ਫਿਰ ਹੀ ਅੱਜ ਦੀ ਬੱਚਤ ਕੱਲ੍ਹ ਦੀ ਮੁਸਕਾਨ ਵਜੋਂ ਕੰਮ ਆਵੇਗੀ। ਬੱਚੇ ਵੱਡਿਆਂ ਨੂੰ ਦੇਖ ਕੇ ਹੀ ਹਰ ਗੱਲ ਨੂੰ ਸਿੱਖਦੇ ਦਿੰਦੇ ਹਨ। ਕਈ ਵਾਰੀ ਸਾਡੇ ਲਾਡ-ਪਿਆਰ ਨਾਲ ਵਿਗੜੇ ਬੱਚੇ ਵੀ ਜ਼ਿਦ ਕਰਕੇ ਸਾਨੂੰ ਮਹਿੰਗੇ ਕਰਜ਼ਿਆਂ ਥੱਲੇ ਦੱਬ ਦਿੰਦੇ ਹਨ। ਇਸ ਲਈ ਸਾਨੂੰ ਹਮੇਸ਼ਾ ਹੀ ਆਪਣੀ ਔਕਾਤ ਤੋਂ ਬਾਹਰ ਜਾ ਕੇ ਫਜ਼ੂਲ-ਖਰਚੀ ਤੋਂ ਪਾਸਾ ਵੱਟ ਕੇ ਸਾਦਾ ਜੀਵਨ ਜਿਊਂਣ ਬਾਰੇ ਬੱਚਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ, ਨਾ ਕਿ ਗਵਾਂਢੀ ਨੂੰ ਦੇਖ ਕੇ ਅੱਡੀਆ ਚੁੱਕ ਕੇ ਫਾਹਾ ਲੈਣਾ ਚਾਹੀਦਾ ਹੈ।
ਕਿਸੇ ਸਮੇਂ ਬਿਮਾਰੀ ਅਚਾਨਕ ਆ ਘੇਰਦੀ ਹੈ ਤਾਂ ਡਾਕਟਰ ਕਹਿੰਦਾ ਹੈ ਕਿ ਹੁਣ ਫਲਾਣੇ ਹਸਪਤਾਲ ਫਲਾਨਾ ਅਪ੍ਰੇਸ਼ਨ ਕਰਨਾ ਪਵੇਗਾ। ਫੇਰ ਯਾਰਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਕੋਲੋਂ ਪੈਸੇ ਲਈ ਹੱਥ ਅੱਡਦੇ ਫਿਰਦੇ ਹਾਂ। ਜੇਕਰ ਕੋਈ ਦੋਸਤ ਜਾਂ ਰਿਸ਼ਤੇਦਾਰ ਪੈਸਿਆਂ ਤੋਂ ਜਵਾਬ ਦੇ ਦੇਵੇ, ਰਿਸ਼ਤੇ ਤੜੱਕ ਕਰਕੇ ਟੁੱਟ ਜਾਂਦੇ ਹਨ। ਜਿਹੜਾ ਪੈਸਾ ਦੇ ਦੇਵੇ, ਉਹਦੇ ਪੈਸੇ ਮੁੜਦੇ ਨਹੀਂ। ਉਹ ਸੋਚਦਾ ਹੈ, “ਟਕੇ ਦੀ ਹਾਂਡੀ ਗਈ, ... ਪਛਾਣੀ ਗਈ।” ਇਸ ਲਈ ਕਦੇ ਵੀ ਫੁਕਰੇ ਨਾ ਬਣੋ। ਸਿਆਣੇ ਤੇ ਸੂਝਵਾਨ ਬੰਦਿਆਂ ਦੀਆਂ ਗੱਲਾਂ ’ਤੇ ਅਮਲ ਕਰਕੇ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਹੀ ਕਰਜ਼ੇ ਤੋਂ ਮੁਕਤ ਰੱਖਕੇ ਜੀਵੋ।
ਕਬੂਤਰ ਦੀ ਤਰ੍ਹਾਂ ਅੱਜ ਹਰ ਦੂਜਾ ਆਦਮੀ ਕਰਜ਼ੇ ਦੇ ਜਾਲ਼ ਵਿੱਚ ਫਸਕੇ ਇਕੱਲਾ ਤੁਰਿਆ ਜਾਂਦਾ ਇਉਂ ਗੱਲਾਂ ਮਾਰਦਾ ਜਾਂਦਾ ਹੈ ਜਿਵੇਂ ਕਿਸੇ ਨਾਲ ਗੱਲਾਂ ਕਰਦਾ ਹੋਵੇ। ਨਹੀਂ ਭਾਈ, ਉਹ ਤਾਂ ਆਪਣੇ ਕਰਜ਼ੇ ਨਾਲ ਗੱਲਾਂ ਕਰਦਾ ਜਾਂਦਾ ਹੁੰਦਾ ਹੈ ਕਿ ਮੇਰਾ ਖਹਿੜਾ ਕਦੋਂ ਛੱਡੇਗਾ? ਕਈ ਵਾਰ ਇੱਕ ਪੀੜ੍ਹੀ ਸਿਰ ਚੜ੍ਹਿਆ ਕਰਜ਼ਾ ਲੈ ਕੇ ਹੀ ਇਹ ਸੰਸਾਰ ਛੱਡ ਜਾਂਦੀ ਹੈ ਤੇ ਦੂਜੀ ਪੀੜ੍ਹੀ ਨੂੰ ਲੋਕ ਮਿਹਣੇ ਮਾਰਦੇ ਰਹਿੰਦੇ ਹਨ ਕਿ ਫਲਾਣਿਆਂ ਤੇਰੇ ਪਿਉ ਨੇ ਮੇਰੇ ਪੈਸੇ ਨਹੀਂ ਦਿੱਤੇ ਸਨ। ਅਜਿਹੀਆਂ ਘਟਨਾਵਾਂ ਅੱਜ ਸਮਾਜ ਵਿਚ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਹਨ। ਫੋਕੀ ਟੌਹਰ ਤੇ ਦੇਖਾ ਦੇਖੀ ਨੂੰ ਛੱਡ ਕੇ ਸਾਦਾ ਜੀਵਨ ਨਿਰਬਾਹ ਕਰਨ ਨੂੰ ਪਹਿਲ ਦੇ ਕੇ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੀ ਸਿੱਖਿਆ ਰਾਹੀਂ ਨੈਤਿਕਤਾ ਨੂੰ ਅਪਨਾਉਣ ਲਈ ਹਮੇਸ਼ਾ ਚੰਗਾ ਸਾਹਿਤ ਪੜ੍ਹਨ ਤੇ ਪੜ੍ਹਾਉਣ ਨੂੰ ਤਰਜੀਹ ਦੇਣ ਨਾਲ ਇਸ ਸਮਾਜ ਦੇ ਵਿਗੜ ਚੁੱਕੇ ਢਾਂਚੇ ਨੂੰ ਬਦਲਣ ਲਈ ਸਾਨੂੰ ਆਪਣੇ ਤੋਂ ਹੀ ਪਹਿਲ ਕਰਨੀ ਪਵੇਗੀ। ਫੇਰ ਹੀ ਅਸੀਂ ਸਮਾਜ ਨੂੰ ਚੰਗੀ ਸੇਧ ਦੇ ਕੇ ਬਦਲਣ ਲਈ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਹਮੇਸ਼ਾ ਆਪਣੀ ਚਾਦਰ ਵੇਖ ਕੇ ਪੈਰ ਪਸਾਰਨ ਨੂੰ ਮੁੱਖ ਰੱਖਦੇ ਹੋਏ ਥੋੜ੍ਹੀ ਥੋੜ੍ਹੀ ਬੱਚਤ ਆਪਣੇ ਭਵਿੱਖ ਲਈ ਜੋੜ ਕੇ ਰੱਖਣ ਨਾਲ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ ਤੇ ਅੱਜ ਦੀ ਬਚਤ ਕੱਲ੍ਹ ਦੀ ਮੁਸਕਾਨ ਬਣੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3314)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)