JagjitSkanda7ਪਿਛਲੇ ਸਾਲ ਮਈ ਮਹੀਨੇ ਵਿੱਚ ਸੂਰਤ ਸ਼ਹਿਰ ਦੇ ਵਪਾਰਕ ਕੰਪਲੈਕਸ ਵਿੱਚ ...
(2 ਮਾਰਚ 2020)

 

ਰੇਲਵੇ ਹਾਦਸਿਆਂ ਦੇ ਮੁੱਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਈ ਵੀ ਸੁਧਾਰ ਨਾ ਹੁੰਦਾ ਵੇਖ ਜੇਕਰ ਗੱਲ ਕਰੀਏ ਮਿਤੀ 29-02-2020 ਦੀ ਸ਼ਾਮ ਨੂੰ ਅੱਠ ਵਜੇ ਦੇ ਕਰੀਬ ਲੁਧਿਆਣਾ ਦੇ ਗਿਆਸਪੁਰਾ ਰੇਲਵੇ ਫਾਟਕ ਦੀ ਤਾਂ ਮੌਕੇ ’ਤੇ ਕਿਸੇ ਵਿਅਕਤੀ ਵੱਲੋਂ ਆਪਣੇ ਮੁਬਾਇਲ ਨਾਲ ਬਣਾਈ ਗਈ ਵੀਡੀਓ ਨੂੰ ਦੇਖਣ ਤੋਂ ਸਾਫ ਪਤਾ ਚੱਲਦਾ ਹੈ ਕਿ ਇਹ ਗਲਤੀ ਕਿਸੇ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਦੀ ਨਹੀਂ ਹੈ ਬਲਕਿ ਜਨਤਾ ਵੱਲੋਂ ਬੰਦ ਫਾਟਕ ਨੂੰ ਪਾਰ ਕਰਨ ਦੀ ਕੋਸ਼ਿਸ਼ ਵਿੱਚ ਖੁਦ ਆਪਣੀਆਂ ਕੀਮਤੀ ਜਾਨਾਂ ਨੂੰ ਅਜਾਈਂ ਗਵਾ ਲਿਆ ਗਿਆ ਹੈ ਜਦਕਿ ਦਿੱਲੀ-ਸ੍ਰੀ ਅੰਮ੍ਰਿਤਸਰ ਸਾਹਿਬ ਰੇਲਵੇ ਟ੍ਰੈਕ ਤੇ ਲੁਧਿਆਣਾ ਦਾ ਗਿਆਸਪੁਰਾ ਰੇਲਵੇ ਫਾਟਕ ਬੰਦ ਸੀ। ਲੋਕਾਂ ਦਾ ਭਾਰੀ ਇਕੱਠ ਆਪਣੇ ਵਾਹਨਾਂ ਸਮੇਤ ਇਸ ਨੂੰ ਕਾਨੂੰਨਾਂ ਦੇ ਉਲਟ ਪਾਰ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਸੀ ਤਾਂ ਦੂਰੋਂ ਹਾਰਨ ਵਜਾਉਂਦੀ ਆ ਰਹੀ ਸ਼ਤਾਬਦੀ ਐਕਸਪ੍ਰੈੱਸ ਗੱਡੀ ਦੀ ਲੋਕਾਂ ਵੱਲੋਂ ਪ੍ਰਵਾਹ ਨਹੀਂ ਕੀਤੀ ਗਈ, ਆਪਣੀਆਂ ਅਨਮੋਲ ਜ਼ਿੰਦਗੀਆਂ ਨੂੰ ਦਾਅ ਤੇ ਲੱਗਾ ਦਿੱਤਾ ਗਿਆ। ਫਲਸਵਰੂਪ ਨਤੀਜਾ ਭਿਆਨਕ ਨਿਕਲਿਆ।

ਇਸ ਹਾਦਸੇ ਵਿੱਚ ਮੌਕੇ ’ਤੇ ਹੀ ਤਿੰਨ ਜ਼ਿੰਦਗੀਆਂ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ ਤੇ ਕਈ ਲੋਕ ਜ਼ਖਮੀ ਹੋਏ, ਕਈ ਵਾਹਨਾਂ ਦੀ ਟੁੱਟ ਭੱਜ ਹੋਈ। ਚਸ਼ਮਦੀਦਾਂ ਮੁਤਾਬਿਕ ਜੇਕਰ ਟਰੇਨ ਮੌਤੇ ’ਤੇ ਨਾ ਰੁਕਦੀ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਜੀ. ਆਰ. ਪੀ. ਅਫਸਰ ਸ੍ਰੀ ਬਲਬੀਰ ਸਿੰਘ ਮੁਤਾਬਿਕ ਲਗਭਗ ਪੰਜ ਵਿਅਕਤੀ ਹਰ ਮਹੀਨੇ ਇਸੇ ਤਰ੍ਹਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਜਦ ਰੇਲ ਗੱਡੀ ਆ ਜਾਂ ਜਾ ਰਹੀ ਹੁੰਦੀ ਹੈ ਰੇਲਵੇ ਫਾਟਕ ਦੇ ਗੇਟਮੈਨ ਫਾਟਕ ਨੂੰ ਬੰਦ ਕਰ ਦਿੰਦੇ ਹਨ ਪ੍ਰੰਤੂ ਬਹੁਤ ਸਾਰੇ ਲੋਕ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਫਾਟਕ ਦੇ ਹੇਠਾਂ ਤੋਂ ਪੈਦਲ, ਸਾਈਕਲ, ਸਕੂਟਰ, ਮੋਟਰ ਸਾਈਕਲ ਟੇਢੇ ਕਰਕੇ ਲੰਘਾਉਂਦੇ ਆਮ ਦੇਖੇ ਜਾ ਸਕਦੇ ਹਨ। ਇਸ ਮੌਕੇ ਤਾਂ ਕਈ ਵਡੇਰੀ ਉਮਰ ਦੇ ਬਜ਼ੁਰਗ ਵੀ ਨੌਜੁਆਨ ਨੂੰ ਪਿੱਛੇ ਛੱਡਦੇ ਹੋਏ ਉਹਨਾਂ ਤੋਂ ਪਹਿਲਾ ਫਾਟਕ ਦੇ ਥੱਲਿਓਂ ਲੰਘਣ ਲਈ ਕਾਹਲੇ ਹੋ ਕੇ ਲੰਘਦੇ ਹਨ, ਜਿਵੇਂ ਕਿਤੇ ਮੈਂ ਕਿਸੇ ਗੱਲੋਂ ਪਿੱਛੇ ਨਾ ਰਹਿ ਜਾਵਾਂ।

19 ਅਕਤੂਬਰ 2018 ਦੀ ਮਨਹੂਸ ਸ਼ਾਮ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਜੌੜੇ ਫਾਟਕਾਂ ਦੇ ਕੋਲ ਲੱਗੇ ਦੁਸਹਿਰੇ ਦੇ ਤਿਉਹਾਰ ਸਮੇਂ ਸ਼ਾਮ ਸੱਤ ਵਜੇ ਦੇ ਕਰੀਬ ‘ਨੇਕੀ ਦੀ ਬਦੀ .ਤੇ ਜਿੱਤ’ ਦੇ ਜਸ਼ਨ ਮਨਾਉਂਦੇ ਸਮੇਂ ਰਾਵਣ ਦੇ ਪੁਤਲੇ ਨੂੰ ਅਜੇ ਅਗਨੀ ਭੇਟ ਹੀ ਕੀਤਾ ਸੀ ਜਿਸ ਨਾਲ ਰਾਵਣ ਦੇ ਪੁਤਲੇ ਅੰਦਰ ਭਰੇ ਪਟਾਕਿਆਂ ਦੇ ਚੱਲਣ ਦੀ ਆਵਾਜ਼ ਵਿੱਚ ਸੱਠ ਤੋਂ ਵੱਧ ਇਨਸਾਨੀ ਜਿੰਦਗੀਆਂ ਦੀਆਂ ਅਵਾਜਾਂ ਇੱਕ ਭਿਆਨਕ ਦਰਦਨਾਕ ਰੇਲ ਹਾਦਸੇ ਕਾਰਨ ਰੇਲਵੇ ਟਰੈਕ ’ਤੇ ਕਿਧਰੇ ਗੁਆਚ ਕੇ ਸਦਾ ਲਈ ਗੁੰਮ ਹੋ ਗਈਆਂ।

ਇਸ ਹਾਦਸੇ ਪ੍ਰਤੀ ਕੋਈ ਵੀ ਟਿੱਪਣੀ ਕਰਨ ਨੂੰ ਦਿਲ ਤਾਂ ਨਹੀਂ ਕਰਦਾ ਪ੍ਰੰਤੂ ਸਾਡੇ ਦੇਸ਼ ਨੂੰ ਜੇਕਰ ਹਾਦਸਿਆਂ ਦਾ ਦੇਸ਼ ਕਹਿ ਦਿੱਤਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ ਕਿਉਂਕਿ ਅੱਜ ਸਾਡੇ ਦੇਸ਼ ਅੰਦਰ ਲੱਖਾਂ ਲੋਕ ਸਾਲਾਨਾ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਕੀਮਤੀ ਜਾਨਾਂ ਅਜਾਈਂ ਗਵਾ ਰਹੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਸੜਕੀ ਹਾਦਸਿਆਂ ਦੀ ਵੀ ਆਉਂਦੀ ਹੈ। ਮੌਜੂਦਾ ਸਥਿਤੀ ਅਨੁਸਾਰ ਪੰਜਾਬ ਅੰਦਰ ਅਵਾਰਾ ਪਸ਼ੂਆਂ ਨਾਲ ਹਾਦਸਿਆਂ ਦੀ ਗਿਣਤੀ ਵਧਣ ਦੇ ਕਾਰਨ ਇਨਸਾਨੀ ਜ਼ਿੰਦਗੀਆਂ ‘ਅਜਾਈਂ’ ਜਾ ਰਹੀਆਂ ਹਨ, ਜਿਨ੍ਹਾਂ ਲਈ ਸਾਡੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਉੱਪਰ ‘ਗਊ ਸੈੱਸ’ ਵਰਗੇ ਟੈਕਸ ਲਗਾਉਣ ਦੇ ਬਾਵਜੂਦ ਅਵਾਰਾ ਗਊਆਂ ਦੀ ਗਿਣਤੀ ਦਾ ਸੜਕਾਂ ਉੱਪਰ ਲਗਾਤਾਰ ਵਾਧਾ ਹੋ ਰਿਹਾ ਹੈ।

ਮੇਰੇ ਇੱਕ ਦੋਸਤ ਦੇ ਚਾਚਾ ਜੀ ਬਾਹਰਲੇ ਮੁਲਕ ਵਿੱਚੋਂ ਇੰਡੀਆ ਆਏ ਤੇ ਆਉਂਦੇ ਸਮੇਂ ਉੱਥੋਂ ਇੱਕ ਅੰਗਰੇਜ਼ ਔਰਤ ਜੋ ਉਹਨਾਂ ਨਾਲ ਰਿਸ਼ਤੇਦਾਰੀ ਵਾਂਗੂ ਵਰਤਦੀ ਸੀ, ਇੰਡੀਆ ਨਾਲ ਆ ਗਈ। ਦਿੱਲੀ ਤੋਂ ਟਰੇਨ ਰਾਹੀਂ ਜਦੋਂ ਆਪਣੇ ਸ਼ਹਿਰ ਕੋਟਕਪੂਰਾ ਉੱਤਰੇ ਤਾਂ ਸ਼ਹਿਰ ਦੇ ਦੂਸਰੇ ਪਾਸੇ ਜਾਣ ਲਈ ਇੱਕ ਪੁਲ ਸੀ ਤੇ ਲੋਕ ਪੁਲ ਚੜ੍ਹਨ ਦੀ ਬਜਾਏ ਅਕਸਰ ਥੱਲੇ ਰੇਲਵੇ ਲਾਈਨਾਂ ਕਰਾਸ ਕਰਕੇ ਦੂਜੇ ਪਾਸੇ ਚਲੇ ਜਾਂਦੇ ਸਨ। ਉਦੋਂ ਉਹਨਾਂ ਲਾਈਨਾਂ ਤੇ ਛੋਟੀ ਜਿਹੀ ਪੱਕੀ ਪਗਡੰਡੀ ਬਣਾਈ ਹੋਈ ਸੀ। ਮੇਰਾ ਦੋਸਦ ਜਦੋਂ ਉਹਨਾਂ ਨੂੰ ਇਸ ਪਗਡੰਡੀ ਵਾਲੇ ਰਸਤਿਓ ਲੈ ਕੇ ਜਾਣ ਲੱਗਾ ਤਾਂ ਉਹ ਅੰਗਰੇਜ਼ ਔਰਤ ਰੁਕ ਗਈ ਤੇ ਕਹਿਣ ਲੱਗੀ ਕਿ ਮੈਂ ਰੇਲਵੇ ਲਾਈਨਾਂ ਕਰਾਸ ਨਹੀਂ ਕਰਾਂਗੀ। ਉਸ ਤੋਂ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਮੈਂਨੂੰ ਰੇਲਵੇ ਵਿਭਾਗ ਜੁਰਮਾਨਾ ਕਰ ਦੇਵੇਗਾ ਕਿਉਂਕਿ ਬਾਹਰਲੇ ਮੁਲਕਾਂ ਵਿੱਚ ਅਜਿਹੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ। ਰੇਲਵੇ ਕਾਨੂੰਨ ਤਾਂ ਇੰਡੀਆ ਵਿੱਚ ਵੀ ਅਜਿਹਾ ਹੀ ਹੈ ਪ੍ਰੰਤੂ ਸਾਡੇ ਦੇਸ਼ ਦੇ ਲੋਕ ਇਹਨਾਂ ਕਾਨੂੰਨਾਂ ਦੀ ਉਲੰਘਣਾ ਹੀ ਨਹੀਂ ਕਰਦੇ, ਬਲਕਿ ਧੱਜੀਆਂ ਉਡਾਉਂਦੇ ਹਰੇਕ ਸ਼ਹਿਰ ਕਸਬੇ ਵਿੱਚ ਆਮ ਦੇਖੇ ਜਾਂਦੇ ਹਨ।

ਅੱਜ ਦੇ ਹਾਈਟੈੱਕ ਜ਼ਮਾਨੇ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਅਡਵਾਂਸ ਦੱਸਦੇ ਹਾਂ ਤੇ ਦੇਸ਼ ਅੰਦਰ ਸਾਇੰਸ ਲਗਾਤਾਰ ਤਰੱਕੀ ਕਰ ਰਹੀ ਹੈ, ਪ੍ਰੰਤੂ ਉੱਪਰਲੀਆਂ ਘਟਨਾਵਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸੀਂ ਇੱਕੀਵੀਂ ਸਦੀ ਵਿੱਚ ਹਾਂ ਜਾਂ ਇਸ ਤੋਂ ਬਹੁਤ ਪਿੱਛੇ ਅੰਧ-ਵਿਸ਼ਵਾਸ ਦੀ ਨਦੀ ਵਿੱਚ ਗਲ-ਗਲ ਤੱਕ ਡੁੱਬ ਚੁੱਕੇ ਹਾਂ? ਇਤਿਹਾਸ ਗਵਾਹ ਹੈ ਕਿ ਰਾਵਣ ਚਾਰੇ ਵੇਦਾਂ ਦਾ ਟੀਕਾਕਾਰ, ਪੰਡਿਤ ਤੇ ਨਾਲ-ਨਾਲ ਸਾਇੰਸਦਾਨ ਵੀ ਸੀ, ਜਿਸ ਦੀ ਰਸੋਈ ਵਿੱਚ ਖਾਣਾ ਸੂਰਜ ਦੀ ਜਗ੍ਹਾ ਚੰਦਰਮਾ ਦੀ ਰੋਸ਼ਨੀ ਨਾਲ ਪਕਾਇਆ ਜਾਂਦਾ ਸੀ। ਦੂਜੇ ਪਾਸੇ ਚੀਨ ਨੇ ਰਾਤ ਸਮੇਂ ਆਪਣੇ ਸ਼ਹਿਰਾਂ ਨੂੰ ਜਗਮਗਾਉਂਦਾ ਕਰਨ ਲਈ ਸਟਰੀਟ ਲਾਈਟਾਂ ਦੇ ਖਰਚੇ ਤੋਂ ਬਚਣ ਲਈ ਨਕਲੀ ਚੰਦ ਅਸਮਾਨੀ ਚੜ੍ਹਾ ਦਿੱਤਾ ਹੈ, ਨਕਲੀ ਸੂਰਜ ਚੜ੍ਹਾਉਣ ਦੀਆਂ ਯੋਜਨਾਵਾਂ ਉੱਤੇ ਰਿਸਰਚ ਕਰ ਰਿਹਾ ਹੈ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ?

ਪਿਛਲੇ ਸਾਲ ਮਈ ਮਹੀਨੇ ਵਿੱਚ ਸੂਰਤ ਸ਼ਹਿਰ ਦੇ ਵਪਾਰਕ ਕੰਪਲੈਕਸ ਵਿੱਚ ਚੱਲ ਰਹੇ ਕੋਚਿੰਗ ਸੈਂਟਰ ਵਿੱਚ ਲਗਭਗ 20 ਬੱਚਿਆਂ ਦੀ ਅੱਗ ਵਿੱਚ ਝੁਲਸਣ ਕਾਰਣ ਮੌਤ ਹੋ ਗਈ। ਕਾਰਨ, ਸਾਡੇ ਕੋਲ ਉੱਚੀਆਂ ਇਮਾਰਤਾਂ ਵਿੱਚ ਅੱਗ ਬੁਝਾਉਣ ਲਈ ਸਾਧਨ ਨਹੀਂ ਹਨ। ਜੂਨ 2019 ਵਿੱਚ ਫਰੀਦਾਬਾਦ ਦੇ ਇੱਕ ਨਿੱਜੀ ਸਕੂਲ ਵਿੱਚ ਲੱਗੀ ਭਿਆਨਕ ਅੱਗ ਕਾਰਨ 3 ਮੌਤਾਂ ਹੋ ਗਈਆਂ, ਤੇ ਇਸੇ ਮਹੀਨੇ ਹੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ ਨੰਨੇ ਫਤਿਹਵੀਰ ਦੇ 140 ਫੁੱਟ ਡੂੰਘੇ ਬੋਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ, ਜਿਸ ਨੂੰ ਟੈਕਨੌਲੋਜੀ ਤੇ ਸਾਧਨਾਂ ਦੀ ਘਾਟ ਕਾਰਨ ਬਚਾਇਆ ਨਹੀਂ ਜਾ ਸਕਿਆ। ਇਸ ਸਾਲ 16 ਫਰਵਰੀ ਨੂੰ ਮਨੁੱਖੀ ਅਣਗਹਿਲੀ ਕਾਰਨ ਲੌਂਗੋਵਾਲ ਵਿਖੇ ਚਾਰ ਮਾਸੂਮ ਬੱਚੇ ਸਕੂਲੀ ਵੈਨ ਵਿੱਚ ਅੱਗ ਲੱਗਣ ਕਾਰਨ ਜਿੰਦਾ ਸੜ ਗਏ ਅਤੇ ਚੰਡੀਗੜ੍ਹ ਦੇ ਨਾਜਾਇਜ਼ ਚੱਲ ਰਹੇ ਪੀ.ਜੀ. ਵਿੱਚ ਅੱਗ ਲੱਗਣ ਕਾਰਨ ਤਿੰਨ ਹੋਣਹਾਰ ਬੱਚੀਆਂ ਦੀ ਦਰਦਨਾਕ ਮੌਤ ਹੋ ਗਈ। ਗੱਲਾਂ ਅਸੀਂ ਬੁਲਟ ਟਰੇਨ ਚਲਾਉਣ ਦੀਆਂ ਕਰ ਰਹੇ ਹਾਂ। ਇਸ ਤਰ੍ਹਾਂ ਦੇ ਹਜ਼ਾਰਾਂ ਹਾਦਸੇ ਹਰ ਸਾਲ ਲਗਾਤਾਰ ਵਾਪਰ ਰਹੇ ਹਨ, ਜਿਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਜਿਹੜੇ ਲੋਕ ਇਹਨਾਂ ਰੇਲ ਹਾਦਸੇ ਦੀ ਲਪੇਟ ਵਿੱਚ ਆ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ ਉਹਨਾਂ ਦੀ ਪਰਿਵਾਰ ਤੇ ਜਿਹੜੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਹਨ ਅੱਜ ਉਹਨਾਂ ਨੂੰ ਦੁਨੀਆਂਦਾਰੀ ਲਈ ਪੈਸੇ ਦੀ ਸਖਤ ਜ਼ਰੂਰਤ ਹੈ, ਸਾਨੂੰ ਉਹਨਾਂ ਲਈ ਕੁਝ ਕਰਨ ਦੀ ਜ਼ਰੂਰਤ ਹੈ ਤੇ ਇਸ ਤੋਂ ਸਿੱਖਿਆ ਲੈ ਕੇ ਦੇਸ਼ ਵਾਸੀਆਂ ਨੂੰ ਅਪੀਲ ਹੈ, ਪ੍ਰਣ ਕਰੀਏ ਕਿ ਆਉਣ ਵਾਲੇ ਅਜਿਹੇ ਤਿਉਹਾਰਾਂ ਸਮੇਂ ਪੈਸੇ ਦੀ ਬਰਬਾਦੀ ਕਰਕੇ ਪਟਾਕੇ ਚਲਾਉਣ ਵਾਲੇ ਤੇ ਅਜਿਹੇ ਇਕੱਠਾਂ ਵਾਲੇ ਕਲਚਰ ਨੂੰ ਤਿਆਗ ਕੇ ਆਪਣੀਆਂ ਆਪਸੀ ਰੰਜਿਸ਼ਾਂ ਛੱਡ ਕੇ, ਸਿਆਸਤ ਤੋਂ ਉੱਪਰ ਉੱਠ ਕੇ ਇੱਕ ਭਾਈਚਾਰਕ ਸਾਂਝ ਪੈਦਾ ਕਰੀਏ। ਜੋ ਪੈਸਾ ਅਜਿਹੇ ਸਮੇਂ ਬਰਬਾਦ ਕੀਤਾ ਜਾਂਦਾ ਹੈ, ਉਸ ਦੀ ਯੋਗ ਵਰਤੋਂ ਗਰੀਬ ਲੜਕੀਆਂ ਦੀ ਸ਼ਾਦੀ, ਗਰੀਬ ਬੱਚਿਆਂ ਦੀ ਪੜ੍ਹਾਈ, ਜਰੂਰਤਮੰਦਾਂ ਵਾਸਤੇ ਮਕਾਨ ਬਣਾਉਣ ਲਈ, ਬਿਮਾਰਾਂ ਦੇ ਇਲਾਜ ਲਈ ਪੈਸਾ ਖਰਚ ਕਰਨਾ ਤੇ ਬੇ-ਸਹਾਰਾ, ਜਿਨ੍ਹਾਂ ਦਾ ਕੋਈ ਕਮਾਈ ਵਾਲਾ ਸਾਧਨ ਨਾ ਹੋਵੇ, ਲਈ ਰੋਟੀ ਕੱਪੜੇ ਦਾ ਇੰਤਜ਼ਾਮ ਕਰਕੇ ਦਸਹਿਰੇ ਅਤੇ ਦੀਵਾਲੀਆਂ ਮਨਾਈਏ ਨਾ ਕਿ ਪਟਾਕੇ ਤੇ ਰਾਵਣ ਜਲਾ ਕੇ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰੀਆਂ ਜਾਣ। ਅੱਜ ਸੀਤਾ ਨੂੰ ਉਸ ਮਰ ਚੁੱਕੇ ਰਾਵਣ ਤੋਂ ਖਤਰਾ ਨਹੀਂ ਹੈ, ਅੱਜ ਤਾਂ ਖਤਰਾ ਕਠੂਆ ਰੇਪ ਕਾਂਡ ਤੇ ਨਿਰਭਯਾ ਕਾਂਡ ਵਰਗੇ ਵਹਿਸ਼ੀ ਕਾਰੇ ਕਰਕੇ ਕਰਕੇ ਸਮਾਜ ਨੂੰ ਪਲੀਤ ਕਰਨ ਵਾਲੇ ਲੋਕਾਂ ਤੋਂ ਹੈ।

ਹੁਣ ਹਾਦਸਾ ਵਾਪਰਨ ਪਿੱਛੋਂ ਅਸੀਂ ਆਪੋ-ਆਪਣੀਆਂ ਜਿੰਮੇਵਾਰੀਆਂ ਇੱਕ ਦੂਜੇ ਦੇ ਸਿਰ ਮੜ੍ਹ ਰਹੇ ਹਾਂ, ਬਜਾਏ ਇਸਦੇ ਕਿ ਅਸੀਂ ਸਾਰਿਆਂ ਨੇ ਹੀ ਸਮੁੱਚੀ ਮਾਨਵਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਹੋਇਆ ਹੈ। ਇਸਦਾ ਇੱਕ ਵੱਡਾ ਕਾਰਨ ਅੱਜ ਦੇ ਸਮੇਂ ਦਾ ਸਾਡਾ ਸਮਾਰਟ ਫੋਨ ਵੀ ਹੈ, ਜਿਸ ਦੀ ਸੁਚੱਜੀ ਵਰਤੋਂ ਦੀ ਲੋੜ ਹੈ। ਜਿਸ ਆਦਮੀ ਨੂੰ ਇਸਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ, ਉਹ ਵੀ ਕੰਨ ਵਿੱਚ ਹੈੱਡ-ਫੋਨ ਲੱਗਾ ਕੇ ਆਪਣੀ ਸੁੱਧ-ਬੁੱਧ ਖੋਹ ਕੇ ਸੜਕ ’ਤੇ ਲੰਘ ਰਿਹਾ ਹੁੰਦਾ ਹੈ। ਆਓ ਸਾਰੇ ਰਲ-ਮਿਲ ਪ੍ਰਣ ਕਰੀਏ ਕਿ ਅਸੀਂ ਆਪਣੀਆਂ ਕੀਮਤੀ ਜਾਨਾਂ ਨੂੰ ਕਦੇ ਵੀ ਜੋਖਮ ਵਿੱਚ ਨਹੀਂ ਪਾਵਾਂਗੇ। ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਇੱਕ ਚੰਗੇ ਸ਼ਹਿਰੀ ਦੀ ਤਰ੍ਹਾਂ ਨਿਭਾਵਾਂਗੇ। ਸਾਡੀਆਂ ਸਰਕਾਰਾਂ ਨੂੰ ਵੀ ਅਜਿਹੇ ਹਾਦਸਿਆਂ ਤੋਂ ਸਬਕ ਲੈ ਕੇ ਭਵਿੱਖ ਲਈ ਕੁਝ ਸਿੱਖ ਕੇ ਕਰਨ ਦੀ ਲੋੜ ਹੈ। ਆਓ ਅਸੀਂ ਸਾਰੇ ਰਲ਼ ਕੇ ਪੰਜਾਬ ਦੇ ਲੋਕਾਂ ਲਈ ਕੁਝ ਚੰਗਾ ਕਰ ਸਕੀਏ ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਅਜਿਹੀਆਂ ਘਾਟਾਂ ਨੂੰ ਦੇਖਦੇ ਹੋਏ ਵਿਦੇਸ਼ਾਂ ਵੱਲ ਆਪਣਾ ਰੁਖ ਕਰ ਚੁੱਕੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1967)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author