JagjitSkanda7ਸਰਕਾਰ ਵੱਲੋਂ ਵਿੱਦਿਆ ਦਾ ਨਿੱਜੀਕਰਣ ਹੋਣ ਕਰਕੇ ਸਾਡੇ ਪੰਜਾਬ ਤੇ ਦੇਸ਼ ਦੇ ਬਾਕੀ ...
(17 ਸਤੰਬਰ 2023)


ਪੱਥਰ ਯੁੱਗ ਦਾ ਮਨੁੱਖ ਪਹਾੜਾਂ ਦੀਆਂ ਕੁੰਦਰਾਂ ਤੇ ਗੁਫਾਵਾਂ ਵਿੱਚ ਰਹਿੰਦਾ ਸੀ
, ਜਿਨ੍ਹਾਂ ਨੂੰ ਆਪਣੇ ਤਰੀਕੇ ਜੰਗਲੀ ਜਾਨਵਰਾਂ ਤੋਂ ਬਚਣ ਲਈ ਤਿਆਰ ਕਰਕੇ ਉਨ੍ਹਾਂ ਵਿੱਚ ਜ਼ਿੰਦਗੀ ਜਿਊਣ ਲਈ ਸੁਵਿਧਾਵਾਂ ਪੈਦਾ ਕੀਤੀਆਂ ਸਨ। ਉਸ ਸਮੇਂ ਦਾ ਮਨੁੱਖ ਇੰਜਨੀਅਰਤਾ ਵਿੱਚ ਵੀ ਮਾਹਿਰ ਸੀ, ਕਿਉਂਕਿ ਉਸ ਨੇ ਆਪਣੀ ਰੱਖਿਆ ਤੇ ਭੋਜਨ ਪ੍ਰਾਪਤੀ ਦੇ ਸਾਧਨਾਂ ਲਈ ਪੱਥਰ ਦੇ ਔਜ਼ਾਰ ਤੇ ਹਥਿਆਰ ਬਣਾਏ ਸਨ, ਤੇ ਨਾਲ-ਨਾਲ ਲੱਕੜ, ਹੱਡੀਆਂ, ਪਸ਼ੂਆਂ ਦੇ ਸਿੰਗਾਂ ਤੋਂ ਔਜ਼ਾਰ ਤੇ ਬਰਤਨ ਆਦਿ ਬਨਾਉਣ ਲਈ ਇਸਤੇਮਾਲ ਕਰਕੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਸੀ। ਪੱਥਰ-ਯੁੱਗ ਦੇ ਅੰਤ ਵਿੱਚ ਇਨਸਾਨ ਨੇ ਮਿੱਟੀ ਦੇ ਬਰਤਨ ਬਣਾਉਣ ਅਤੇ ਉਨ੍ਹਾਂ ਨੂੰ ਅੱਗ ਵਿੱਚ ਪਕਾਉਣ ਦਾ ਹੁਨਰ ਵੀ ਸਿੱਖ ਲਿਆ ਸੀ। ਉਸ ਤੋਂ ਬਾਅਦ ਮਨੁੱਖ ਨੇ ਉਸ ਸਮੇਂ ਦੀ ਟੈਕਨਾਲੋਜੀ ਨੂੰ ਵਿਕਸਤ ਕਰਕੇ ਹੌਲੀ-ਹੌਲੀ ਕਾਸਾ ਯੁੱਗ ਵਿੱਚ ਪ੍ਰਵੇਸ਼ ਕੀਤਾ।

ਉਸ ਸਮੇਂ ਦੇ ਇੰਜਨੀਅਰਾਂ ਨੇ ਭਾਵ ਪੁਰਾਤਨ ਮਨੁੱਖਾਂ ਨੇ ਤਾਂਬੇ ਅਤੇ ਟਿਨ ਨੂੰ ਰਲਾ ਕੇ ਬਣੀ ਧਾਂਤ ਕਾਂਸੀ ਦੀ ਵਰਤੋਂ ਕਰਨੀ ਸਿੱਖ ਲਈ ਸੀ। ਪੱਥਰ ਯੁੱਗ ਵਿੱਚ ਮਨੁੱਖ ਕਿਸੇ ਵੀ ਧਾਤ ਨੂੰ ਖੋਜਣ ਤੋਂ ਅਸਮਰੱਥ ਸੀ। ਕਾਂਸੀ ਯੁੱਗ ਤੋਂ ਬਾਅਦ ਦੇ ਮਨੁੱਖ (ਇੰਜਨੀਅਰ) ਨੇ ਜਦੋਂ ਲੋਹਾ ਯੁੱਗ ਵਿੱਚ ਪ੍ਰਵੇਸ਼ ਕੀਤਾ ਤਾਂ ਉਹ ਤਾਂਬਾ, ਕਾਂਸੀ ਅਤੇ ਲੋਹੇ ਤੋਂ ਇਲਾਵਾ ਕਈ ਹੋਰ ਠੋਸ ਧਾਤਾਂ ਨੂੰ ਖੋਜ ਕੇ ਉਨ੍ਹਾਂ ਦੀ ਵਰਤੋਂ ਵੀ ਸਿੱਖ ਗਿਆ ਸੀ। ਇਸ ਤੋਂ ਸਪਸ਼ਟ ਹੈ ਕਿ ਆਦਿ ਮਨੁੱਖ ਇੱਕ ਮਾਹਿਰ ਤੇ ਕਾਬਲ ਇੰਜਨੀਅਰ ਸੀ। ਮੇਰਾ ਉਸ ਪੁਰਾਤਨ (ਇੰਜਨੀਅਰ) ਤੇ ਉਸ ਕਲਾ ਦੇ ਸਿਰਜਣਹਾਰ ਨੂੰ ‘ਇੰਜਨੀਅਰ ਦਿਵਸ’ ’ਤੇ ਸਲਾਮ ਹੈ।

ਇਸੇ ਹੀ ਕੜੀ ਦੇ ਤਹਿਤ 15 ਸਤੰਬਰ ਨੂੰ ਭਾਰਤ ਦੇਸ਼ ਵਿੱਚ ਇੰਜਨੀਅਰ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਾਡੇ ਭਾਰਤੀ ਇੰਜਨੀਅਰ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਾਰਿਆ ਦਾ ਜਨਮ 15 ਸਤੰਬਰ 1861 ਨੂੰ ਮੁੱਦਨਾਹਾਲੀ, ਮੈਸੂਰ ਦੇ ਇਕ ਛੋਟੇ ਜਿਹੇ ਪਿੰਡ ਮੁਡੇਨਹਾਲੀ, (ਹੁਣ ਕਰਨਾਟਕ) ਵਿੱਚ ਹੋਇਆ ਸੀ। ਉਹ ਇੱਕ ਕਾਬਲ ਤੇ ਮਾਹਿਰ ਇੰਜਨੀਅਰ, ਨੀਤੀਵਾਨ ਤੇ ਵਿਦਵਾਨ ਸਨ। ਉਨ੍ਹਾਂ ਨੇ 1912 ਤੋਂ 1918 ਤੱਕ ਮੈਸੂਰ ਦੇ ਦੀਵਾਨ ਵਜੋਂ ਵੀ ਕੰਮ ਕੀਤਾ ਸੀ, ਤੇ ਬਰਤਾਨਵੀ ਸਰਕਾਰ ਦੇ ਬਾਦਸ਼ਾਹ ਜਾਰਜ ਪੰਚਮ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੇਖਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਸੀ। 1955 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਦੇ ਕੰਮ ਦੀ ਕਦਰ ਕਰਦੇ ਹੋਏ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਸੀ। ਚਾਰ ਦਹਾਕਿਆਂ ਤਕ ਉਹਨਾਂ ਨੇ ਇੰਜਨੀਅਰ ਵਜੋਂ ਸੇਵਾ ਨਿਭਾਉਣ ਤੋਂ ਬਾਅਦ 1917 ਵਿੱਚ ਮਸ਼ਹੂਰ ਸਰਕਾਰੀ ਇੰਜਨੀਅਰਿੰਗ ਕਾਲਜ ਦੀ ਸਥਾਪਨਾ ਕੀਤੀ ਜਿਸ ਨੂੰ ਬਾਅਦ ਵਿੱਚ ਯੂਨੀਵਰਸਿਟੀ ਵਿਸ਼ਵੇਸ਼ਰੀਆ ਕਾਲਜ ਆਫ ਇੰਜਨਿਅਰਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਭਾਰਤ ਦਾ ਪੰਜਵਾਂ ਇੰਜਨੀਅਰ ਕਾਲਜ ਸੀ। ਉਨ੍ਹਾਂ ਦਾ ਜਨਮ ਦੋ ਸੰਸਕ੍ਰਿਤ ਵਿਦਵਾਨ ਮਾਪਿਆਂ ਦੇ ਘਰ ਹੋਇਆ ਸੀ। ਪਿੰਡ ਵਿੱਚ ਪ੍ਰਾਇਮਰੀ ਪਾਸ ਕਰਨ ਤੋਂ ਬਾਅਦ ਉੱਚ ਸਿੱਖਿਆ ਬੰਗਲੌਰ ਤੋਂ ਪ੍ਰਾਪਤ ਕੀਤੀ, ਕਲਾ ਦੀ ਬੈਚੁਲਰ ਪੱਧਰ ਦੀ ਪੜ੍ਹਾਈ ਕੀਤੀ ਤੇ ਭਲੀਭਾਂਤ ਜਾਣਦੇ ਸਨ ਕਿ ਉਹ ਇੱਕ ਇੰਜਨੀਅਰ ਹਨ। ਪੁਣੇ ਕਾਲਜ ਆਫ ਇੰਜਨਿਅਰਿੰਗ ਤੋਂ ਉਨ੍ਹਾਂ ਨੇ ਸਿਵਲ ਇੰਜਨੀਅਰ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸਿੰਚਾਈ ਅਤੇ ਹੜ੍ਹ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਮੁਹਾਰਤ ਹਾਸਲ ਕੀਤੀ ਤੇ ਇਸ ਖੇਤਰ ਵਿੱਚ ਨਵੇਂ ਅਧੁਨਿਕ ਸਿੰਜਾਈ ਤਰੀਕੇ ਅਤੇ ਹੜ੍ਹ ਕੰਟਰੋਲ ਨਿਪਟਾਰੇ ਲਈ ਨਵੀਆਂ ਤਕਨੀਕਾਂ ਨੂੰ ਅਪਣਾਇਆ।

ਸਰ ਮੋਕਸ਼ਗੁੰਡਮ ਵਿਸ਼ਵੇਸ਼ਵਾਰਿਆ ਇੱਕ ਕਾਬਲ ਇੰਜਨੀਅਰ ਤੇ ਸਿੱਖਿਅਕ ਤਾਂ ਸਨ ਹੀ ਪ੍ਰੰਤੂ ਮਿਹਨਤੀ ਵੀ ਬਹੁਤ ਸਨ ਜਿਸ ਕਾਰਨ ਉਹ ਬੰਗਲੌਰ ਵਿਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਬਣੇ ਤੇ ਬਾਅਦ ਵਿਚ ਟਾਟਾ ਆਇਰਨ ਐਂਡ ਸਟੀਲ ਗਵਰਨਿੰਗ ਬੋਰਡ ਦੇ ਮੈਂਬਰ ਬਣੇ। ਉਨ੍ਹਾਂ ਨੇ ਮੈਂਸੂਰ ਸਾਬਣ ਫੈਕਟਰੀ ਦੀ ਸਥਾਪਨਾ ਵੀ ਕੀਤੀ ਸੀ। ਇੰਸਟੀਚਿਊਟ ਆਫਫ ਇੰਜਨੀਅਰਿੰਗ ਇੰਡੀਆ ਦੇ ਅਨੁਸਾਰ ਸਰ ਵੀ.ਐੱਮ. ਨੂੰ ਭਾਰਤ ਵਿੱਚ ਆਰਥਿਕ ਯੋਜਨਾਬੰਦੀ ਦਾ ਪੂਰਵਗਾਮੀ ਵੀ ਕਿਹਾ ਜਾਂਦਾ ਹੈ। ਉਹਨਾਂ ਨੇ ਦੋ ਕਿਤਾਬਾਂ ਵੀ ਲਿਖੀਆਂ ਸਨ। ਇੱਕ ਭਾਰਤ ਦਾ ਪੁਨਰ ਨਿਰਮਾਣ ਤੇ ਦੂਜੀ ਯੋਜਨਾਬੱਧ ਅਰਥ ਵਿਵਸਥਾ। ਉਨ੍ਹਾਂ ਵੱਲੋਂ ਭਾਰਤ ਲਈ ‘ਆਟੋਮੈਟਿਕ ਬੈਰੀਅਰ ਵਾਟਰ ਫਲੱਡ ਗੇਟਸ’ ਨੂੰ ਡਿਜ਼ਾਇਨ ਕੀਤਾ ਸੀ, ਜੋ ਪੂਨੇ ਵਿੱਚ ਖੜਕਵਾਸਲਾ ਦਰਿਆ ਵਿੱਚ ਸਥਾਪਤ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ‘ਕ੍ਰਿਸ਼ਨਾ ਸਾਗਰ’ ਭਾਰਤ ਦੇ ਵੱਡੇ ਡੈਮ ਨੂੰ ਡਿਜ਼ਾਈਨ ਕੀਤਾ ਸੀ। ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਇੰਜਨੀਅਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ, ਜਿਸ ਵਿੱਚ ਸਿਵਲ ਇੰਜਨੀਅਰ, ਇਲੈਕਟ੍ਰੀਕਲ ਇੰਜਨੀਅਰ ਤੇ ਮਕੈਨੀਕਲ ਇੰਜਨੀਅਰ ਮੁੱਖ ਤੌਰ ਤੇ ਕੰਮ ਕਰਦੇ ਹਨ ਤੇ ਸਿਵਲ ਇੰਜਨੀਅਰ ਬੁਨਿਆਦੀ ਢਾਂਚੇ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜਿਸ ਕਾਰਨ ਸਰ ਮੋਕਸਗੁੰਡਮ ਵਿਸ਼ਵੇਸ਼ਵਰਿਆ ਦੇ ਜਨਮ ਦਿਨ ਨੂੰ ਭਾਰਤ ਵਿੱਚ ਰਾਸ਼ਟਰੀ ‘ਇੰਜਨੀਅਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

ਇਨ੍ਹਾਂ ਅੱਖਾਂ ਨਾਲ ਦਿਸਣ ਵਾਲੀ ਇੰਜਨੀਅਰਾਂ ਦੀ ਕਲਾ ਤਾਂ ਭਵਨ-ਨਿਰਮਾਣ ਹੀ ਹੈ। ਪੁਰਾਤਨ (ਇੰਜਨੀਅਰ) ਮਨੁੱਖ ਨੇ ਸ਼ੈਲਟਰ ਹੱਟ ਬਣਾਏ ਸਨ। ਅੱਜ ਦੇ ਭਵਨ ਨਿਰਮਾਤਾ ਸਿਵਲ ਇੰਜਨੀਅਰਾਂ ਨੇ ਗਗਨ ਚੁੰਭੀ ਇਮਾਰਤਾਂ ਬਣਾ ਕੇ ਇਤਿਹਾਸ ਵਿੱਚ ਆਪਣੇ ਨਾਮ ਦਰਜ ਕਰਵਾਏ ਹਨ ਜੋ ਸਭ ਦੇ ਸਾਹਮਣੇ ਹਨ।

ਇੰਜਨੀਅਰਿੰਗ ਮਨੁੱਖ ਦੀਆਂ ਲੋੜਾਂ ਵਿੱਚੋਂ ਨਿਕਲੀ ਹੈ। ਪਹੀਏ ਦੀ ਖੋਜ ਹੋਈ ਜਿਸ ਨਾਲ ਮਕੈਨੀਕਲ ਇੰਜਨੀਅਰਿੰਗ ਪੈਦਾ ਹੋਈ ਫਿਰ ਅੱਗ, ਚਾਨਣ ਦੀ ਲੋੜ ਪਈ, ਇਲੈਕਟ੍ਰੀਕਲ ਇੰਜਨੀਅਰਿੰਗ ਪੈਦਾ ਹੋਈ। ਐਰੋਸਪੇਸ ਇੰਜਨੀਅਰਿੰਗ ਨੇ ਮਨੁੱਖ ਨੂੰ ਬਿਨਾਂ ਖੰਭਾਂ ਤੋਂ ਅਸਮਾਨ ਵਿੱਚ ਉੱਚੀਆਂ ਉਡਾਰੀਆਂ ਰਾਹੀਂ ਹਜ਼ਾਰਾਂ ਕਿਲੋਮੀਟਰ ਦੂਰ ਦੂਸਰੇ ਦੇਸ਼ਾਂ ਵਿੱਚ ਪਹੁੰਚਣ ਲਈ ਮਹੀਨਿਆਂ ਦੇ ਲੰਬੇ ਪੈਂਡੇ ਨੂੰ ਘੰਟਿਆਂ ਵਿੱਚ ਨਿਬੇੜ ਕੇ ਬਿਨਾਂ ਅੱਕੇ ਤੇ ਥੱਕੇ ਬਹੁਤ ਛੋਟਾ ਕਰ ਦਿਖਾਇਆ ਹੈ।

ਅੱਜ ਦੇ ਇੰਜਨੀਅਰ ਆਪਣੇ ਆਪ ਨੂੰ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਦੇ ਸਾਹਮਣੇ ਗੱਲਾਂ ਰਾਹੀਂ ਇਹ ਦਰਸਾਉਣਾ ਚਾਹੁੰਦੇ ਹਨ ਕਿ ਮੇਰੇ ਤੋਂ ਕਾਬਲ ਕੋਈ ਹੋਰ ਨਹੀਂ ਹੈ। ਕੁਝ ਸਮਾਂ ਪਹਿਲਾਂ ਮੇਰਾ ਇੱਕ ਦੋਸਤ ਕਿਸੇ 66 ਕੇਵੀ ਬਿਜਲੀ ਘਰ ਵਿੱਚੋਂ ਰਿਟਾਇਰ ਹੋ ਚੁੱਕਾ ਹੈ, ਨੇ ਦੱਸਿਆ ਕਿ ਡਿਊਟੀ ਦੌਰਾਨ ਮੇਰੇ ਕੋਲ ਇੱਕ 220 ਕੇਵੀ ਬਿਜਲੀ ਘਰ ਤੋਂ ਓਵਰ ਟਾਇਮ ਬਣਾਉਣੇ ਸਿੱਖਣ ਲਈ ਇੱਕ ਐੱਸਐੱਸਏ ਆਇਆ। ਅਚਾਨਕ ਉਸ ਸਮੇਂ ਇੱਕ ਪ੍ਰੋਟੈਕਸ਼ਨ ਸੈੱਲ ਦੇ ਐਕਸੀਅਨ ਸਾਹਿਬ ਆ ਗਏ ਤਾਂ ਉਸ ਐਸਐਸਏ ਨੇ ਸ਼ੇਖੀ ਮਾਰਦੇ ਹੋਏ ਦੱਸਿਆ ਕਿ ਮੈਂ ਡਿਗਰੀ ਹੋਲਡਰ ਹਾਂ ਤੇ 220 ਕੇਵੀ ਬਿਜਲੀ ਘਰ ਵਿਖੇ ਬਤੌਰ ਐੱਸਐੱਸਏ ਲੱਗਾ ਹਾਂ, ਤਾਂ ਇਹ ਸੁਣਕੇ ਉਹ ਐਕਸੀਅਨ ਸਾਹਿਬ ਗੁੱਸੇ ਵਿੱਚ ਆ ਗਏ ਤੇ ਕਹਿਣ ਲੱਗੇ ਤੂੰ ਇੰਜਨੀਅਰਿੰਗ ਦੀ ਡਿਗਰੀ ਲੈ ਕੇ ਪੈਸੇ ਦੀ ਖਾਤਰ ਇੱਕ ਆਈਟੀਆਈ ਹੋਲਡਰ ਬੰਦੇ ਦੀ ਨੌਕਰੀ ਨੂੰ ਹਾਸਲ ਕਰਕੇ ਡਿਗਰੀ ਦੀ ਤੌਹੀਨ ਕੀਤੀ ਹੈ, ਤੇ ਉਸ ਨੂੰ ਸ਼ਰਮਿੰਦਾ ਹੋਣਾ ਪਿਆ, ਜੋ ਵਾਕਿਆ ਹੀ ਸੱਚ ਸੀ। ਬਿਜਲੀ ਨਿਗਮ ਨੇ ਅਨਬੰਡਲਿੰਗ ਤੋਂ ਬਾਅਦ ਇੰਜਨੀਅਰਾਂ ਦੀਆਂ 225 ਪੋਸਟਾਂ ਦੇ ਕਰੀਬ ਭਰਤੀ ਕੱਢੀ ਸੀ, ਜਿਸ ਵਿੱਚ 10 ਹਜ਼ਾਰ ਤੋਂ ਵੱਧ ਡਿਗਰੀ ਹੋਲਡਰ ਇੰਜਨੀਅਰਾਂ ਨੇ ਅਪਲਾਈ ਕੀਤਾ ਸੀ ਤੇ ਇਨ੍ਹਾਂ ਵਿੱਚੋ ਸਿਰਫ ਤੇ ਸਿਰਫ 147 ਦੇ ਕਰੀਬ ਹੀ ਪਾਸ ਹੋਏ ਸਨ। ਕਾਰਪੋਰੇਸ਼ਨ ਨੇ ਪੋਸਟਾਂ ਭਰਨ ਲਈ ਉਸ ਸਮੇਂ ਆਪਣੀ ਮੈਰਿਟ ਡਾਊਨ ਨਹੀਂ ਕੀਤੀ ਸੀ। ਇਸ ਤੋਂ ਸਾਰੀ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਸਾਡੇ ਦੇਸ਼ ਅੰਦਰ ਇੰਜਨੀਅਰਿੰਗ ਜਾਂ ਹੋਰ ਪੜ੍ਹਾਈ ਦਾ ਮਿਆਰ ਕਿਹੋ ਜਿਹਾ ਹੈ।

ਸਰਕਾਰ ਵੱਲੋਂ ਵਿੱਦਿਆ ਦਾ ਨਿੱਜੀਕਰਣ ਹੋਣ ਕਰਕੇ ਸਾਡੇ ਪੰਜਾਬ ਤੇ ਦੇਸ਼ ਦੇ ਬਾਕੀ ਸੂਬਿਆਂ ਅੰਦਰ ਖੁੰਬਾਂ ਵਾਂਗ ਪੈਦਾ ਹੋਏ ਇੰਜਨੀਅਰਿੰਗ ਕਾਲਜਾਂ ਨੇ ਸਾਡੀਆਂ ਇੰਜਨੀਅਰਿੰਗ ਦੀਆਂ ਡਿਗਰੀਆਂ ਨੂੰ ਕਾਗਜ਼ ਦਾ ਟੁਕੜਾ ਬਣਾ ਕੇ ਉਸ ਦੀ ਕੀਮਤ ਜ਼ੀਰੋ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ, ਨਾ ਕਿ ਮਾਹਿਰ ਤੇ ਕਾਬਲ ਇੰਜਨੀਅਰ ਪੈਦਾ ਕੀਤੇ ਹਨ। ਪਹਿਲਾਂ ਵਾਲੇ ਸਰਕਾਰੀ ਕਾਲਜਾਂ ਵਿੱਚੋਂ ਇੰਜਨੀਅਰਿੰਗ ਦੀ ਪੜ੍ਹਾਈ ਕਰ ਕੇ ਵਾਸਤਵ ਵਿੱਚ ਇੰਜਨੀਅਰ ਪੈਦਾ ਹੁੰਦੇ ਸਨ, ਜੋ ਡਿਗਰੀ ਲਈ ਕਾਬਲ ਹੁੰਦੇ ਸਨ। ਹੁਣ ਕਾਗ਼ਜ਼ਾਂ ਦਾ ਰੁੱਗ ਚੁੱਕੀ ਫਿਰਦੇ ਹਨ, ਉਨ੍ਹਾਂ ਵਿੱਚੋਂ ਬਹੁਤੇ ਇੰਜਨੀਅਰ ਨਹੀਂ, ਸਿਰਫ ਠੱਪਿਆਂ ਵਾਲੇ ਹਨ। ਮੇਰੇ ਇੱਕ ਦੋਸਤ ਦੇ ਬੱਚੇ ਪੰਜਾਬ ਵਿੱਚੋਂ ਇੰਜਨੀਅਰਿੰਗ ਦੀ ਐੱਮ.ਟੈੱਕ. ਕਰਕੇ ਬਾਹਰਲੇ ਮੁਲਕ ਜਾ ਉੱਥੇ ਡਰਾਇਵਰੀ ਕਰ ਰਹੇ ਹਨ। ਇੰਜਨੀਅਰਿੰਗ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਜਿਹੜੇ ਪ੍ਰਾਈਵੇਟ ਬੰਦਿਆਂ ਵੱਲੋਂ ਇੰਜਨੀਅਰਿੰਗ ਦੇ ਨਾਂ ’ਤੇ ਇੰਸਟੀਚਿਊਟ ਖ੍ਹੋਲੇ ਹਨ, ਉਨ੍ਹਾਂ ਵੱਲੋਂ ਦੇਸ਼ ਦੀ ਤਰੱਕੀ ਵਿੱਚ ਵਾਧਾ ਕਰਨਾ ਨਹੀਂ ਬਲਕਿ ਉਨ੍ਹਾਂ ਦੀ ਮਨਸ਼ਾ ਤਾਂ ਸਿਰਫ਼ ਪੈਸਾ ਇਕੱਠਾ ਕਰਕੇ ਆਪਣੇ ਘਰ ਭਰਨੇ ਹਨ, ਦੇਸ਼ ਤੇ ਦੇਸ਼ ਦੇ ਬਾਸ਼ਿੰਦੇ ਜਾਣ ਢੱਠੇ ਖੂਹ ਵਿੱਚ!! ਇਨ੍ਹਾਂ ਕਾਲਜਾਂ ਜਾਂ ਇੰਸਟੀਚਿਊਟਾਂ ਨੂੰ ਵਪਾਰਕ ਬਣਾ ਕੇ ਉਨ੍ਹਾਂ ਵੱਲੋਂ ਅੰਦਰਖਾਤੇ ਆਪਣੇ ਏਜੰਟਾਂ ਰਾਹੀਂ ਇੱਥੋਂ ਤੱਕ ਛੋਟ ਦੇ ਦਿੱਤੀ ਹੈ ਕਿ ਪੇਪਰ ਤੁਸੀਂ ਦਿਓਗੇ ਜਾਂ ਅਸੀਂ ਆਪਣਾ ਬੰਦਾ ਪੇਪਰ ਦੇਣ ਲਈ ਬਿਠਾ ਦੇਈਏ? ਵਾਧੂ ਖਰਚ ਤੁਹਾਨੂੰ ਕਰਨਾ ਪਵੇਗਾ, ਤੁਹਾਡੇ ਡਿਗਰੀ ਘਰ ਪਹੁੰਚਾ ਦੇਵਾਂਗੇ। ਜਦੋਂ ਇਸ ਤਰ੍ਹਾਂ ਡਿਗਰੀਆਂ ਵਿਕਣ ਲੱਗ ਜਾਣ ਤਾਂ ਸਾਡੇ ਦੇਸ਼ ਦਾ ਭਵਿੱਖ ਕੀ ਹੋਵੇਗਾ, ਇਹ ਤਾਂ ਰੱਬ ਹੀ ਜਾਣਦਾ ਹੈ। ਇੱਕ ਕਾਬਲ ਇੰਜਨੀਅਰ ਇੱਕ ਇੰਮਪਲਾਇਰ ਬਣ ਜਾਂਦਾ ਹੈ, ਜੋ ਸੈਂਕੜੇ ਬੇਰੁਜ਼ਗਾਰ ਬੰਦਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਸਮਰੱਥ ਹੁੰਦਾ ਹੈ।

ਅੱਜ ਦੀ ਇੰਜਨੀਅਰਿੰਗ ਸਿਰਫ ਨੌਕਰੀ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਸਰ ਵੀ. ਐੱਮ. ਦੀ ਤਰ੍ਹਾਂ ਜਾਂ ਹੋਰ ਕਾਬਲ ਤੇ ਮਾਹਰਾਂ ਦੀ ਤਰ੍ਹਾਂ ਵੱਡੇ-ਵੱਡੇ ਡੈਮਾਂ ਦੇ ਬੰਨ੍ਹ ਬਣਾਉਣ ਜਾਂ ਭਾਖੜਾ ਡੈਮ ਵਰਗੇ ਬਿਜਲੀ ਪੈਦਾ ਕਰਨ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਉਲੀਕ ਕੇ ਨੇਪਰੇ ਚਾੜ੍ਹਨ ਵਾਲੇ ਇੰਜਨੀਅਰ ਇਹ ਪ੍ਰਾਈਵੇਟ ਕਾਲਜ ਪੈਦਾ ਕਰ ਹੀ ਨਹੀਂ ਸਕਦੇ, ਕਿਉਂਕਿ ਇਨ੍ਹਾਂ ਦੇ ਟੀਚਰ ਖੁਦ ਇੰਨੇ ਕਾਬਲ ਤੇ ਮਾਹਰ ਨਹੀਂ ਹੁੰਦੇ। ਉਸ ਦਾ ਮੁੱਢਲਾ ਕਾਰਨ, ਕਾਬਲ ਤੇ ਮਾਹਿਰ ਟੀਚਰ ਜਾਂ ਪ੍ਰੋਫੈਸਰ ਤਨਖਾਹਾਂ ਲੱਖਾਂ ਰੁਪਏ ਲੈਂਦੇ ਹਨ। ਇਸ ਲਈ ਸਿਰਫ਼ ਬੁੱਤਾ ਸਾਰਕੇ ਘੱਟ ਤਨਖਾਹ ਵਾਲੇ ਟੀਚਰ ਹੀ ਰੱਖੇ ਜਾਂਦੇ ਹਨ। ਕਿਸੇ ਕਿਸਮ ਦੀ ਨਵੀਂ ਖੋਜ ਕਰਕੇ, ਕੋਈ ਨਵੀਂ ਚੀਜ਼ ਪੈਦਾ ਕਰਨ ਨੂੰ ਇੰਜਨੀਅਰ ਕਹਿੰਦੇ ਹਨ। ਮੈਂ ਕੋਈ ਇੰਜਨੀਅਰ ਨਹੀਂ ਹਾਂ ਤੇ ਨਾ ਹੀ ਇੰਜਨੀਅਰਿੰਗ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ, ਪਰ ਮੈਂ ਆਪਣੇ ਨਿੱਜੀ ਤਜਜਰਬੇ ਵਿੱਚੋਂ ਦੇਖਿਆ ਹੈ ਕਿ ਸਾਡੇ ਕਿਸੇ ਵੀ ਬਿਜਲੀ ਘਰ ਵਿੱਚ ਕਿਸੇ ਸਰਕਟ ਦਾ ਡੀਸੀ ਵੋਲਟ ਦਾ ਫਿਊਜ਼ ਉੱਡ ਜਾਵੇ ਤਾਂ ਸਾਡੇ ਉੱਥੇ ਬੈਠੇ ਇੰਜਨੀਅਰਾਂ ਨੂੰ ਇਹ ਪਤਾ ਨਹੀਂ ਲੱਗਦਾ, ਇਹ ਕਿੱਥੋਂ ਉਡਿਆ ਹੈ। ਬਾਕੀ ਵੱਡੇ ਫਾਲਟਾਂ ਦਾ ਤਾਂ ਅੱਲਾ ਬੇਲੀ। ਹੁਣ ਤਾਂ ਸਿਰਫ ਆਪਣੇ ਅਹੁਦੇ ਵਾਲੀ ਸਟੈਂਪ ਤੇ ਸਾਈਨ ਕਰਨ ਵਾਲੇ ਇੰਜਨੀਅਰਾਂ ਦਾ ਹੀ ਬੋਲਬਾਲਾ ਹੈ। ਵਿਦਿਆ ਦਾ ਵਪਾਰੀਕਰਨ ਹੋਣ ਕਾਰਨ ਮਿਆਰੀ ਪੜ੍ਹਾਈ ਖਤਮ ਹੋ ਕੇ ਇਸ ਦਾ ਪੱਧਰ ਦਿਨੋ-ਦਿਨ ਰਸਾਤਲ ਵੱਲ ਜਾਣ ਲੱਗਾ ਹੈ। ਇਨ੍ਹਾਂ ਵੱਲ ਸਰਕਾਰਾਂ ਵੱਲੋਂ ਧਿਆਨ ਦੇ ਕੇ ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾਵੇ। ਇਸ ਵਰਤਾਰੇ ਤੋਂ ਖਹਿੜਾ ਛੁਡਾਉਣ ਲਈ ਪੰਜਾਬੀ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮਹਿੰਗੇ ਮੁੱਲ ਸਟੱਡੀ ਵੀਜ਼ਿਆਂ ਤੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਆਸਟਰੇਲੀਆ ਨੂੰ ਜਾਂਦੇ ਉਡਣ-ਖਟੋਲਿਆਂ ਵਿੱਚ ਚੜ੍ਹਾਕੇ ਉਚੇਰੀ ਸਿੱਖਿਆ ਲਈ ਬਾਹਰਲੇ ਦੇਸ਼ਾਂ ਦੇ ਔਖੇ ਰਾਹਾਂ ਨੂੰ ਚੁਣਿਆ ਹੈ। ਸਾਡੀਆਂ ਸਰਕਾਰਾਂ ਅੱਜ ਗੰਭੀਰ ਨਹੀਂ ਹਨ, ਅਸੀਂ ਗਲੀਆਂ ਨਾਲੀਆਂ ਵਿੱਚ ਉਲਝਕੇ ਪਿਛਲੇ 70 ਸਾਲ ਗਵਾ ਚੁੱਕੇ ਹਾਂ। ਕਦੇ ਕਿਸੇ ਨੇ ਕਿਸੇ ਲੀਡਰ ਜਾਂ ਸਮੇਂ ਦੀਆਂ ਸਰਕਾਰਾਂ ਕੋਲ ਇਹ ਮੰਗ ਨਹੀਂ ਰੱਖੀ ਕਿ ਇੱਕੋ ਜਿਹੀ ਸਿੱਖਿਆ ਸਭ ਲਈ ਹੋਵੇ। ਇੱਕੋ ਜਿਹੇ ਹਸਪਤਾਲ ਹਰੇਕ ਦੀ ਬੀਮਾਰੀ ਲਈ ਹੋਣ। ਰੁਜ਼ਗਾਰ ਦੇ ਸਾਧਨ ਹਰੇਕ ਲਈ ਇੱਕੋ ਜਿਹੇ ਹੋਣ। ਹੁਣ ਤਾਂ ਸਾਰਿਆਂ ਨੇ ਇੱਕੋ ਹੀ ਟੀਚਾ ਮਿੱਥ ਰੱਖਿਆ ਹੈ, ਮੇਰਾ ਮੁੰਡਾ, ਮੇਰੀ ਕੁੜੀ, ਬੱਸ ਬਾਹਰ ਚਲੇ ਜਾਣ ਭਾਵੇਂ ਆਪਣੇ ਆਪ ਨੂੰ ਵੇਚਣਾ ਕਿਉਂ ਨਾ ਪਵੇ! ਆਉਣ ਵਾਲੇ ਸਮੇਂ ਵਿੱਚ ਲੱਗਦਾ ਹੈ ਸਰਕਾਰ ਸਾਡੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਆਪਣੀ ਗਰੰਟੀ ਦੇ ਕੇ ਬੈਂਕਾਂ ਤੋਂ ਸਾਨੂੰ ਲੋਨ ਵੀ ਦੁਆ ਦੇਵੇਗੀ।

ਜੇਕਰ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ’ਤੇ ਲੈ ਕੇ ਜਾਣਾ ਹੈ ਤਾਂ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। ਮਿਆਰੀ ਸਿੱਖਿਆ ਨਾਲ ਇੰਜਨੀਅਰ ਪੈਦਾ ਕੀਤੇ ਜਾਣ। ਵਿੱਦਿਆ ਦਾ ਵਪਾਰੀਕਰਣ ਪੱਕੇ ਤੌਰ ’ਤੇ ਬੰਦ ਕਰਨਾ ਪਵੇਗਾ ਕਿਉਂਕਿ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਟੀਚਰਾਂ ਦਾ ਚਾਰ-ਚਾਰ ਕਾਲਜਾਂ ਵਿੱਚ ਨਾਂ ਚੱਲਦਾ ਹੁੰਦਾ ਹੈ। ਸਾਰੀਆਂ ਡਿਗਰੀਆਂ ਸਸਤੇ ਟੀਚਰਾਂ ਨੇ ਕਿਸ ਤਰੀਕੇ ਹਾਸਲ ਕੀਤੀਆਂ ਹਨ, ਇਹ ਦੱਸਣ ਦੀ ਲੋੜ ਨਹੀਂ ਹੈ। ਸਾਡੀਆਂ ਸਰਕਾਰਾਂ ਨੇ ਗ਼ਰੀਬ ਮਾਪਿਆਂ ਲਈ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫ਼ੇ ਦੀ ਸਹੂਲਤ ਵੀ ਦੇ ਰੱਖੀ ਹੈ। ਜਾਂ ਤਾਂ ਵਜ਼ੀਫ਼ੇ ਕਾਲਜਾਂ ਨੂੰ ਮਿਲਦੇ ਨਹੀਂ, ਜਾਂ ਉਨ੍ਹਾਂ ਦੀ ਦੁਰ-ਵਰਤੋਂ ਹੁੰਦੀ ਹੈ। ਫਿਰ ਇੰਜਨੀਅਰ ਨਹੀਂ ਸਿਰਫ ਕਾਗ਼ਜ਼ੀ ਇੰਜਨੀਅਰ ਹੀ ਪੈਦਾ ਹੋਣਗੇ।

ਸਾਡੇ ਦੇਸ਼ ਅੰਦਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ। ਵਿੱਦਿਆ ਦੇ ਮਿਆਰੀ ਕਾਲਜ ਜਾਂ ਇੰਸਟੀਚਿਊਟ ਵੀ ਹਨ ਪ੍ਰੰਤੂ ਉਨ੍ਹਾਂ ਦੀਆਂ ਫ਼ੀਸਾਂ ਆਮ ਵਿਅਕਤੀ ਦੇ ਵੱਸ ਤੋਂ ਬਾਹਰ ਹਨ। ਜਿੰਨੀ ਉਨ੍ਹਾਂ ਦੀ ਸਲਾਨਾ ਫੀਸ ਹੁੰਦੀ ਹੈ ਓਨੀ ਆਮ ਵਿਅਕਤੀ ਦੀ ਸਾਲਾਨਾ ਆਮਦਨ ਵੀ ਨਹੀਂ ਹੁੰਦੀ। ਫਿਰ ਕਾਬਲ ਇੰਜਨੀਅਰ ਤਾਂ ਅਮੀਰਾਂ ਦੇ ਬੱਚੇ ਹੀ ਬਣਨਗੇ, ਉਹ ਸਾਡੇ ਦੇਸ਼ ਵਿੱਚ ਰਹਿਣਾ ਪਸੰਦ ਨਹੀਂ ਕਰਦੇ। ਉਨ੍ਹਾਂ ਨੂੰ ਬਾਹਰਲੇ ਮੁਲਕਾਂ ਦੀਆਂ ਵੱਡੀਆਂ ਕੰਪਨੀਆਂ, ਜੋ ਬਾਹਰਲੇ ਮੁਲਕਾਂ ਦੇ ਬਾਸ਼ਿੰਦਿਆਂ ਦੀਆਂ ਹਨ, ਸਾਲਾਨਾ ਪੈਕੇਜ ਹੀ ਇੰਨਾ ਵੱਡਾ ਦਿੰਦੀਆਂ ਹਨ, ਜਿਸ ਕਰਕੇ ਉਹ ਇੱਥੇ ਰਹਿਣਾ ਪਸੰਦ ਹੀ ਨਹੀਂ ਕਰਦੇ। ਸਾਡੇ ਪੰਜਾਬ ਦੇ ਪ੍ਰਾਈਵੇਟ ਇੰਸਟੀਚਿਊਟਾਂ ਦੀ ਇੰਜਨੀਅਰਿੰਗ ਦੀ ਪੜ੍ਹਾਈ ਦਾ ਪੱਧਰ ਆਈਆਈਟੀ ਦੀਆਂ ਹਦਾਇਤਾਂ ਅਨੁਸਾਰ ਮਾਪਦੰਡਾਂ ’ਤੇ ਖਰਾ ਉੱਤਰਦਾ ਹੀ ਨਹੀਂ। ਇਸ ਨੂੰ ਠੀਕ ਕਰਨਾ ਆਮ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਸਰਕਾਰਾਂ ਹੀ ਇਸ ਨੂੰ ਸੁਧਾਰਕੇ ਸਾਡੇ ਦੇਸ਼ ਜਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਰਾਹੀਂ ਕਾਬਲ ਅਤੇ ਮਾਹਿਰ ਇੰਜਨੀਅਰ ਬਣਾ ਕੇ ਪੰਜਾਬ ਤੋਂ ਵਿਦੇਸ਼ ਜਾ ਰਹੇ ਜਹਾਜ਼ਾਂ ਵਿਚਲੀ ਨਵੀਂ ਪੀੜ੍ਹੀ ਦੀ ਭੀੜ ਨੂੰ ਘੱਟ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਫਿਰ ਤੋਂ ਇਸ ਨੂੰ ਸੋਨੇ ਦੀ ਚਿੜੀ ਬਣਾ ਸਕਦੀਆਂ ਹਨ। ਆਓ ਸਾਰੇ ਰਲ ਮਿਲ ਕੇ ਇਸ ਸਾਲ ਦੇ ‘ਇੰਜਨੀਅਰ ਦਿਵਸ’ ’ਤੇ ਪ੍ਰਣ ਕਰੀਏ ਕਿ ਸਰ ਵੀ.ਐੱਮ. ਦੇ ਪਾਏ ਪੂਰਨਿਆਂ ’ਤੇ ਚਲਦੇ ਹੋਏ ਉਨ੍ਹਾਂ ਦੇ ਉਲੀਕੇ ਕਾਰਜਾਂ ਨੂੰ ਸਿਰੇ ਚਾੜ੍ਹਦੇ ਹੋਏ ਘਰ-ਘਰ ਇੱਕ ਕਾਬਲ ਤੇ ਮਾਹਿਰ ਇੰਜਨੀਅਰ ਪੈਦਾ ਕਰਕੇ ਉਸ ਪੁਰਾਤਨ ਮਨੁੱਖ (ਇੰਜਨੀਅਰ) ਨੂੰ ਸ਼ਰਧਾਂਜਲੀ ਭੇਟ ਕਰੀਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4226)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author