ShamSingh7ਕੰਵਰ ਸੰਧੂ ਅਤੇ ਸੁਖਪਾਲ ਸਿੰਘ ਖਹਿਰਾ ਤੇਜ਼-ਤਰਾਰ ਵੀ ਹਨਸਪਸ਼ਟ ਅਤੇ ਮੌਲਿਕ ਵਿਚਾਰਾਂ ਵਾਲੇ ਵੀ ...
(27 ਮਈ 2017)

 


ਜਿਸ ਤੇਜ਼ੀ ਨਾਲ ਆਮ ਆਦਮੀ ਪਾਰਟੀ ਨੇ ਫੰਗ ਫੈਲਾਏ ਸਨ
, ਉਸੇ ਤੇਜ਼ੀ ਨਾਲ ਕਤਰਨੇ ਸ਼ੁਰੂ ਹੋ ਗਏ। ਕਦੇ ਲੱਗਦਾ ਸੀ ਕਿ ਬਦਲਾਅ ਆਇਆ ਕਿ ਆਇਆ ਅਤੇ ਪਾਰਟੀ ਛਾਈ ਕਿ ਛਾਈ, ਪਰ ਸੁਫ਼ਨਾ ਅਧੂਰਾ ਰਹਿ ਗਿਆ। ਪਾਰਟੀ ਨੇਤਾਵਾਂ ਅਤੇ ਕਾਰਕੁਨਾਂ ਵਿਚ ਆਪੋ-ਆਪਣੇ ਮਨੋਰਥ ਜਾਗ ਪਏ, ਆਪੋ-ਆਪਣੇ ਸਵਾਰਥ। ਜਿਸ ਆਸ਼ੇ ਦਾ ਨਾਹਰਾ ਦਿੱਤਾ ਗਿਆ ਸੀ, ਉਹ ਦਿਨੇ-ਦੀਵੀਂ ਗੁਆਚ ਕੇ ਰਹਿ ਗਿਆ। ਜ਼ਮੀਨੀ ਹਕੀਕਤਾਂ ਤੋਂ ਦੂਰ ਰਹਿ ਕੇ ਦਿੱਤੇ ਗਏ ਨਾਹਰੇ, ਉਲੀਕੇ ਗਏ ਏਜੰਡੇ, ਕੀਤੇ ਗਏ ਫੋਕੇ ਕਾਰਜ ਕੇਵਲ ਹਵਾ ਵਿੱਚ ਲਟਕ ਕੇ ਰਹਿ ਗਏ।

ਨਵੀਂ ਸੋਚ, ਨਵੇਂ ਵਿਚਾਰ ਅਤੇ ਨਵੇਂ ਅੰਦਾਜ਼ ਦੇ ਦੀਵੇ ਜਗਾਉਣ ਲਈ ਤੁਰੀ ਇਹ ਪਾਰਟੀ ਪਹਿਲਾਂ-ਪਹਿਲ ਸੱਜਰੇ ਫੁੱਲਾਂ ਵਾਂਗ ਖਿੜੀ ਅਤੇ ਟਹਿਕੀ ਨਜ਼ਰ ਆਉਂਦੀ ਸੀ, ਜਿਸ ਤੋਂ ਜਾਪਦਾ ਸੀ ਕਿ ਤਾਜ਼ੀ ਮਹਿਕ ਬਿਖਰੇਗੀ ਅਤੇ ਦੇਸ ਦਾ ਵਾਤਾਵਰਣ ਬਦਲ ਕੇ ਸੰਵਰ ਜਾਵੇਗਾ। ਦੇਸ ਦੇ ਲੋਕਾਂ ਦੇ ਮਨਾਂ ਵਿੱਚ ਸੁਫ਼ਨੇ ਜਗਾ ਦਿੱਤੇ ਗਏ ਸਨ, ਜੋ ਸਿਆਸੀ ਬਦਲਾਅ ਦੇ ਹੱਕ ਵਿੱਚ ਭੁਗਤਣ ਲਈ ਤਿਆਰ ਹੋ ਗਏ। ਇੱਕ ਅਜਿਹੀ ਆਸ ਬੱਝ ਗਈ ਸੀ ਕਿ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ।

ਕਿਸੇ ਵੇਲੇ ਕਾਂਗਰਸ ਦੀ ਗਾਂਧੀ ਟੋਪੀ ਦੇ ਹੱਕ ਵਿੱਚ ਤੁਰੇ ਦੇਸ ਵਾਸੀਆਂ ਵਾਂਗ ਲੋਕ ਆਮ ਆਦਮੀ ਪਾਰਟੀ ਦੀ ਟੋਪੀ ਮਗਰ ਤੁਰ ਪੈਣ ਨੂੰ ਤਿਆਰ ਹੋ ਗਏ। ਅਜਿਹਾ ਦੂਜੀ ਵਾਰ ਹੋਇਆ ਕਿ ਦੇਸ ਦੇ ਨੇਤਾਵਾਂ, ਉਮੀਦਵਾਰਾਂ ਅਤੇ ਕਾਰਕੁਨਾਂ ਨਾਲੋਂ ਟੋਪੀ ਵੱਧ ਹਰਮਨ-ਪਿਆਰੀ ਹੋ ਗਈ। ਕਾਰਨ ਇਹ ਸੀ ਕਿ ਟੋਪੀ ਵਾਲਿਆਂ ਆਮ ਆਦਮੀ ਅੱਗੇ ਸੁਫ਼ਨੇ ਹੀ ਨਹੀਂ ਪਰੋਸੇ, ਸਗੋਂ ਉਸ ਦੇ ਮਸਲੇ ਹੱਲ ਕਰਨ ਦਾ ਯਕੀਨ ਕਰਵਾ ਦਿੱਤਾ ਗਿਆ।

ਮਹਾਰਾਸ਼ਟਰ ਦੇ ਸਮਾਜ ਸੇਵਕ ਅੰਨਾ ਹਜ਼ਾਰੇ ਵੱਲੋਂ ਦੇਸ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਲਹਿਰ ਵਿੱਚੋਂ ਉੱਭਰੀ ਆਮ ਆਦਮੀ ਪਾਰਟੀ ਸਾਫ਼-ਸੁਥਰੇ ਕਦਮਾਂ ਨਾਲ ਤੁਰੀ ਸੀ, ਜੋ ਸੁਹਿਰਦਤਾ ਅਤੇ ਇਮਾਨਦਾਰੀ ਦੇ ਸੱਜਰੇ ਆਦਰਸ਼ਾਂ ਦੇ ਬੀਜ ਬੀਜਣਾ ਚਾਹੁੰਦੀ ਸੀ, ਪਰ ਆਪਸੀ ਫੁੱਟ, ਲੜਾਈ-ਝਗੜਿਆਂ ਅਤੇ ਹਉਮੈ ਦੀਆਂ ਸਮੱਸਿਆਵਾਂ ਨੇ ਚੰਗਾ-ਭਲਾ ਕੰਮ ਵਿਗਾੜ ਕੇ ਰੱਖ ਦਿੱਤਾ। ਕੁਝ ਦੀਆਂ ਕਲਗੀਆਂ ਖੋਹ ਲਈਆਂ, ਉਹ ਹੋਰ ਪਾਸੇ ਨੂੰ ਤੁਰ ਪਏ। ਪਾਰਟੀ ਦੀ ਟੁੱਟ-ਭੱਜ ਕਾਰਨ ਲੋਕਾਂ ਦੇ ਮਨ ਖੱਟੇ ਹੋ ਗਏ ਅਤੇ ਉਹਨਾਂ ਦੇ ਅੰਦਰ ਆਮ ਆਦਮੀ ਪਾਰਟੀ ਪ੍ਰਤੀ ਬੈਠੀ ਹਮਾਇਤ ਕਿਰਨੀ ਸ਼ੁਰੂ ਹੋ ਗਈ।

ਚੋਣਾਂ ਤੋਂ ਪਹਿਲਾਂ ਟਿਕਟਾਂ ਵੇਚਣ ਦੇ ਦੋਸ਼ ਅਤੇ ਕਈ ਕਿਸਮ ਦੇ ਹੋਰ ਦਾਗ਼ ਇਸ ਪਾਰਟੀ ਨੂੰ ਸਹਿਣੇ ਪਏ, ਜਿਸ ਕਾਰਨ ਇਸ ਦੀ ਬਣੀ-ਬਣਾਈ ਥਾਂ ਅਤੇ ਹਰਮਨ-ਪਿਆਰਤਾ ਡਿੱਗਣੀ ਸ਼ੁਰੂ ਹੋ ਗਈ। ਏਨੀ ਤੇਜ਼ੀ ਨਾਲ ਡਿੱਗੀ ਕਿ ਹਾਸਲਾਂ ਦਾ ਗਰਾਫ਼ ਬਹੁਤ ਹੀ ਹੇਠਾਂ ਡਿੱਗ ਪਿਆ। ਅਜਿਹਾ ਹੋਣ ਦੇ ਬਹੁਤ ਕਾਰਨ ਹਨ, ਜਿਨ੍ਹਾਂ ਨੂੰ ਪਾਰਟੀ ਨੇਤਾਵਾਂ ਨੇ ਅਣਗੌਲਿਆ ਕਰੀ ਰੱਖਿਆ, ਜਿਸ ਕਾਰਨ ਪਾਰਟੀ ਦੀ ਬਣੀ-ਬਣਾਈ ਹਵਾ ਖ਼ਰਾਬ ਹੋ ਕੇ ਰਹਿ ਗਈ। ਨਤੀਜੇ ਵਜੋਂ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਨਿੱਕੇ ਦਾਇਰੇ ਤੱਕ ਹੀ ਸੀਮਤ ਰਹੀ।

ਦਿੱਲੀ ਵਿੱਚ ਜਿਸ ਤਰ੍ਹਾਂ ਇਸ ਪਾਰਟੀ ਨੇ ਆਪਣੀ ਥਾਂ ਬਣਾਈ ਸੀ, ਉਸੇ ਤਰ੍ਹਾਂ ਤੇਜ਼ੀ ਨਾਲ ਗੁਆ ਲਈ। ਹੁਣ ਹਰ ਰੋਜ਼ ਪਾਰਟੀ ’ਤੇ ਕੋਈ ਨਾ ਕੋਈ ਦੋਸ਼ ਲੱਗੀ ਜਾ ਰਿਹਾ ਹੈ। ਦੋਸ਼ ਵੀ ਪਾਰਟੀ ਦੇ ਅੰਦਰਲੇ ਭੇਤ ਜਾਣਨ ਵਾਲੇ ਪਾਰਟੀ ਨਾਲ ਸੰਬੰਧਤ ਲੋਕ ਹੀ ਲਗਾ ਰਹੇ ਹਨ, ਜਿਨ੍ਹਾਂ ’ਤੇ ਯਕੀਨ ਕਰਨਾ ਔਖੀ ਗੱਲ ਨਹੀਂ। ਪਾਰਟੀ ਦੇ ਕੌਮੀ ਕਨਵੀਨਰ ’ਤੇ ਦੋ ਕਰੋੜ ਰੁਪਏ ਦੀ ਵੱਢੀ ਲੈਣ ਦੇ ਦੋਸ਼ ਲਗਾਏ ਜਾਣ ਨਾਲ ਪਾਰਟੀ ਦੇ ਅਕਸ ਨੂੰ ਬਹੁਤ ਵੱਡਾ ਖੋਰਾ ਲੱਗ ਰਿਹਾ ਹੈ। ਹਾਲਾਂਕਿ ਕਨਵੀਨਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਵੀ ਦੱਸਿਆ ਹੈ ਅਤੇ ਮਨਘੜਤ ਵੀ।

ਪਾਰਟੀ ਦੇ ਕੌਮੀ ਕਨਵੀਨਰ ’ਤੇ ਕਰੋੜਾਂ ਰੁਪਏ ਦਾ ਮਾਣਹਾਨੀ ਦਾ ਕੇਸ ਚੱਲਣਾ ਵੀ ਪਾਰਟੀ ਦੇ ਹੱਕ ਵਿੱਚ ਨਹੀਂ। ਅਜਿਹੇ ਨੇਤਾ ਨੂੰ ਕਿਸੇ ਪਾਰਟੀ, ਨੇਤਾ ਜਾਂ ਕਾਰਕੁਨ ਬਾਰੇ ਬੋਲਦਿਆਂ ਕਦੇ ਵੀ ਜ਼ੁਬਾਨ ਢਿੱਲੀ ਅਤੇ ਮੰਦੀ ਨਹੀਂ ਹੋਣ ਦੇਣੀ ਚਾਹੀਦੀ, ਕਿਉਂਕਿ ਬਦ-ਜ਼ੁਬਾਨ ਵਿਗਾੜਦੀ ਬਹੁਤ ਕੁਝ ਹੈ, ਸੰਵਾਰਦੀ ਕੁਝ ਵੀ ਨਹੀਂ। ਗੁੱਸਾ ਕੱਢਣ ਲੱਗਿਆਂ ਵੀ ਸੱਭਿਅਕ, ਸ਼ਾਲੀਨ ਅਤੇ ਸਲੀਕੇ ਵਾਲੀ ਭਾਸ਼ਾ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਦੇਸ ਦੇ ਵਿੱਤ ਮੰਤਰੀ ਵੱਲੋਂ ਕੀਤਾ ਗਿਆ ਕੇਸ ਜੇ ਆਮ ਆਦਮੀ ਪਾਰਟੀ ਦੇ ਵਿਰੁੱਧ ਭੁਗਤ ਗਿਆ ਤਾਂ ਪਾਰਟੀ ਦਾ ਹਾਲ ਚੰਗਾ ਨਹੀਂ ਰਹੇਗਾ।

ਹੁਣ ਪੰਜਾਬ ਵਿੱਚੋਂ ਪਾਰਟੀ ਨੇ ਆਪਣਾ ਆਗੂ ਹੀ ਬਦਲ ਦਿੱਤਾ ਹੈ। ਜਿਹੜਾ ਪਹਿਲਾਂ ਲਾਇਆ ਸੀ, ਉਹ ਵੀ ਕੁਝ ਨਹੀਂ ਕਰ ਸਕਿਆ ਅਤੇ ਜਿਹੜਾ ਹੁਣ ਲਾਇਆ ਹੈ, ਉਸ ਕੋਲ ਵੀ ਉਹ ਕੁਝ ਨਹੀਂ, ਜਿਸ ਨਾਲ ਪਾਰਟੀ ਅੱਗੇ ਵਧ ਸਕੇ। ਪਾਰਟੀ ਕੋਲ ਬੌਧਿਕ ਪੱਧਰ ਦੇ ਦੋ ਹੀ ਆਗੂ ਹਨ, ਜਿਹੜੇ ਅੱਗੇ ਕੀਤੇ ਜਾਣ ਤਾਂ ਪਾਰਟੀ ਦਾ ਅਕਸ ਕੁਝ ਹੱਦ ਤੱਕ ਸੁਧਰ ਸਕੇਗਾ। ਕੰਵਰ ਸੰਧੂ ਅਤੇ ਸੁਖਪਾਲ ਸਿੰਘ ਖਹਿਰਾ ਤੇਜ਼-ਤਰਾਰ ਵੀ ਹਨ, ਸਪਸ਼ਟ ਅਤੇ ਮੌਲਿਕ ਵਿਚਾਰਾਂ ਵਾਲੇ ਵੀ ਅਤੇ ਸਮੇਂ ਮੁਤਾਬਕ ਬਾਜ਼-ਅੱਖ ਵਾਲੇ ਵੀ।

ਦਿੱਲੀ ਵਾਲਿਆਂ ਨੇ ਪਾਰਟੀ ’ਤੇ ਕਾਬੂ ਰੱਖਣ ਵਾਸਤੇ ਓਹੀ ਲਾਇਆ, ਜੋ ਉਹਨਾਂ ਦੀ ਮੰਨ ਸਕੇ, ਪਰ ਇਹ ਰੁਝਾਨ ਪਾਰਟੀ ਦੀ ਸਿਹਤ ਲਈ ਠੀਕ ਨਹੀਂ। ਉਹ ਆਗੂ ਚਾਹੀਦਾ ਹੈ, ਜਿਹੜਾ ਪਾਰਟੀ ਨੂੰ ਉਸ ਦੀਆਂ ਨੀਤੀਆਂ ਮੁਤਾਬਕ ਸਮੇਂ ਦੇ ਹਾਣ ਦੀ ਬਣਾ ਕੇ ਅੱਗੇ ਲਿਜਾ ਸਕੇ। ਦੂਜੀਆਂ ਪਾਰਟੀਆਂ ਦੀ ਜੂਠ ਇਕੱਠੀ ਕਰਨ ਤੋਂ ਵੀ ਤੌਬਾ ਕਰ ਲੈਣੀ ਚਾਹੀਦੀ ਹੈ, ਤਾਂ ਕਿ ਪਾਰਟੀ ਵਿੱਚ ਨਵਾਂ ਅਤੇ ਨਰੋਆ ਕੇਡਰ ਆ ਸਕੇ।

ਭਾਜਪਾ ਸਰਕਾਰ ਦੇ ਤਿੰਨ ਸਾਲ

ਕਿਸੇ ਵੀ ਬਹੁਮੱਤ ਵਾਲੀ ਸਰਕਾਰ ਵਾਸਤੇ ਤਿੰਨ ਸਾਲ ਚੰਗੇ ਕੰਮ ਕਰਨ ਲਈ ਘੱਟ ਨਹੀਂ ਹੁੰਦੇ। ਇੰਨੇ ਸਾਲਾਂ ਵਿੱਚ ਦੇਸ ਦੀ ਤਸਵੀਰ ਬਦਲੀ ਜਾ ਸਕਦੀ ਹੈ, ਜਿਸ ਨਾਲ ਆਮ ਆਦਮੀ ਦੇ ਜੀਵਨ ਪੱਧਰ ਵਿੱਚ ਦੇਖਣ ਯੋਗ, ਜ਼ਿਕਰ ਯੋਗ ਬਦਲਾਅ ਵੀ ਆ ਸਕੇ ਅਤੇ ਉਚਾਈ ਵੀ। ਕੀ ਆਪਣੇ ਦੇਸ ਦੇ ਆਮ ਆਦਮੀ ਦੇ ਜੀਵਨ ਪੱਧਰ ਵਿੱਚ ਕੋਈ ਫ਼ਰਕ ਪਿਆ ਹੈ ਜਾਂ ਨਹੀਂ? ਇਸ ਦਾ ਜਵਾਬ ਨਾਂਹ ਵਿੱਚ ਹੀ ਹੈ, ਕਿਉਂਕਿ ਆਮ ਆਦਮੀ ਅਜੇ ਵੀ ਹਾਸ਼ੀਏ ਦੇ ਬਾਹਰ ਹੀ ਖੜ੍ਹਾ ਹੈ, ਅੰਦਰ ਦਾਖ਼ਲ ਨਹੀਂ ਹੋ ਸਕਿਆ। ਸਹੂਲਤਾਂ ਦੀ ਗੱਲ ਤਾਂ ਛੱਡੋ, ਉਸ ਨੂੰ ਆਜ਼ਾਦੀ ਦੀ ਹਵਾ ਦਾ ਅਹਿਸਾਸ ਵੀ ਨਹੀਂ ਹੋਇਆ।

ਨੋਟ-ਬੰਦੀ ਦੀ ਜਿਹੜੀ ਹਾਹਾਕਾਰ ਆਮ ਆਦਮੀ ਨੂੰ ਝੱਲਣੀ ਪਈ, ਉਹ ਅਮੀਰ ਦੇ ਤਾਂ ਨੇੜਿਉਂ ਵੀ ਨਹੀਂ ਲੰਘੀ। ਜਿਹੜੇ ਨੇਤਾ ਨੌਟੰਕੀ ਕਰ ਕੇ ਨੋਟ-ਬੰਦੀ ਦੇ ਹੱਕ ਵਿੱਚ ਬੋਲਦੇ ਰਹੇ, ਅਸਲ ਵਿੱਚ ਉਹਨਾਂ ਆਮ ਆਦਮੀ ਦੀ ਹਾਮੀ ਨਹੀਂ ਭਰੀ। ਆਮ ਆਦਮੀ ਕਤਾਰਾਂ ਦਾ ਹਿੱਸਾ ਬਣਿਆ ਰਿਹਾ। ਉਸ ਨੂੰ ਕੰਮ-ਕਾਜ ਤੋਂ ਹੱਥ ਧੋਣੇ ਪੈ ਗਏ। ਉਹ ਭੁੱਖ-ਮਰੀ ਦਾ ਸ਼ਿਕਾਰ ਹੋ ਗਿਆ। ਉਸ ਦੇ ਪੈਰ ਲੱਗਣ ਵਿੱਚ ਬਹੁਤ ਚਿਰ ਲੱਗ ਗਿਆ। ਉਸ ਕੋਲ ਜੋ ਥੋੜ੍ਹੇ-ਬਹੁਤ ਪੈਸੇ ਸਨ ਵੀ, ਉਹ ਉਸ ਸਮੇਂ ਦੌਰਾਨ ਖ਼ਤਮ ਕਰ ਲਏ ਅਤੇ ਅੱਗੋਂ ਰੁਜ਼ਗਾਰ ਬੰਦ ਹੋ ਗਿਆ।

ਬੈਂਕਾਂ ਵਿਚ ਹਿਸਾਬ ਖੋਲ੍ਹ ਦਿੱਤਾ, ਪਰ ਪੈਸੇ ਕਿੱਥੋਂ ਆਉਣਉਹ ਆਏ ਹੀ ਨਾ। ਜਿਹੜੇ ਆਉਣੇ ਸਨ, ਉਹਨਾਂ ਬਾਰੇ ਜੁਮਲਾ ਕਹਿ ਕੇ ਗੱਲ ਮੁਕਾ ਦਿੱਤੀ ਗਈ। ਮਹਿੰਗਾਈ ਦੀ ਮਾਰ ਨੇ ਸਭ ਨੂੰ ਆਪਣੀ ਲਪੇਟ ਵਿੱਚ ਲੈ ਲਿਆਆਮ ਆਦਮੀ ਦਾ ਜੀਵਨ ਹੋਰ ਵੀ ਸ਼ਿਕੰਜੇ ਵਿੱਚ ਕੱਸਿਆ ਗਿਆ। ਜਿਹੜੀਆਂ ਵਸਤੂਆਂ ਪਹਿਲਾਂ ਸਸਤੀਆਂ ਸਨ, ਉਹ ਮਹਿੰਗੀਆਂ ਹੋ ਗਈਆਂ ਅਤੇ ਲੋਕ ਵੱਡੇ ਲਪੇਟੇ ਵਿੱਚ ਆ ਕੇ ਰਹਿ ਗਏ। ਅਜਿਹਾ ਹੋਣਾ ਨਹੀਂ ਸੀ ਚਾਹੀਦਾ, ਪਰ ਹੋ ਕੇ ਹੀ ਰਹਿ ਗਿਆ।

ਹਰ ਭਾਰਤੀ ਦਾ 15 ਲੱਖ ਮਾਰਿਆ ਗਿਆ। ਭਾਜਪਾ ਅਤੇ ਇਸ ਦੀ ਕੇਂਦਰੀ ਸਰਕਾਰ ਭਾਰਤੀਆਂ ਦੀ ਕਰਜ਼ਾਈ ਹੈ, ਜਿਹੜੀ ਇਸ ਸੰਬੰਧੀ ਕਦੇ ਨਾ ਕਦੇ ਜ਼ਰੂਰ ਹੱਥ ਦਿਖਾਏਗੀ ਕਿ ਉਹਨਾਂ ਦੀ ਕਿਸਮਤ ਵਿੱਚ ਇਹ ਕਰਜ਼ਾ ਲੈਣਾ ਲਿਖਿਆ ਵੀ ਹੈ ਕਿ ਨਹੀਂ ਲਿਖਿਆ। ਨੌਕਰੀਆਂ ਦਾ ਵਾਅਦਾ ਅਜੇ ਤੱਕ ਹਵਾ ਵਿੱਚ ਲਟਕ ਰਿਹਾ ਹੈ। ਨੌਕਰੀਆਂ ਉਡੀਕਦਿਆਂ ਬਹੁਤਿਆਂ ਦੀ ਉਮਰ ਲੰਘ ਜਾਵੇਗੀ, ਪਰ ਨੌਕਰੀ ਨਹੀਂ ਮਿਲੇਗੀ। ਭਾਰਤ ਭਰ ਦਾ ਕਿਸਾਨ ਕਰਜ਼ਿਆਂ ਹੇਠਾਂ ਦੱਬਿਆ ਬੈਠਾ ਹੈ, ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕੇਵਲ ਇੱਕ ਸੂਬੇ (ਯੂ ਪੀ) ਦਾ ਮਾੜਾ-ਮੋਟਾ ਕਿਸਾਨ-ਕਰਜ਼ਾ ਮਾਫ਼ ਕਰਨ ਦਾ ਐਲਾਨ ਕਾਫ਼ੀ ਨਹੀਂ। ਉਹ ਵੀ ਕੇਂਦਰ ਨੇ ਨਹੀਂ, ਰਾਜ ਸਰਕਾਰ ਨੇ ਅੰਸ਼ਕ ਮਾਤਰ ਹੀ ਕੀਤਾ ਹੈ, ਜਿਸ ਦਾ ਬਹੁਤਿਆਂ ਨੂੰ ਕੋਈ ਫ਼ਾਇਦਾ ਨਹੀਂ।

ਭਾਜਪਾ ਨੂੰ ਚਾਹੀਦਾ ਹੈ ਕਿ ਆਪਣੇ ਚੋਣ ਮੈਨੀਫੈਸਟੋ ’ਤੇ ਨਜ਼ਰ ਫੇਰੇ, ਤਾਂ ਕਿ ਆਮ ਆਦਮੀ ਨੂੰ ਕੋਈ ਸਹਾਰਾ, ਕੋਈ ਕਿਨਾਰਾ ਮਿਲ ਸਕੇ। ਬਹੁਤਾ ਕਰ ਕੇ ਸਰਕਾਰ ਨੂੰ ਉਹਨਾਂ ਲੋਕਾਂ ਬਾਰੇ ਸੋਚਣਾ ਚਾਹਦਾ ਹੈ, ਜਿਨ੍ਹਾਂ ਕੋਲ ਕੁਝ ਵੀ ਨਾ ਹੋਵੇ, ਜਿਹੜੇ ਤਰਲੇ ਲੈਣ ਤੋਂ ਵੱਧ ਕੁਝ ਨਹੀਂ ਕਰ ਸਕਦੇ। ਮੁੱਕਦੀ ਗੱਲ, ਰਹਿੰਦੇ ਦੋ ਸਾਲ ਭਾਜਪਾ ਸਰਕਾਰ ਨੂੰ ਆਮ ਆਦਮੀ ਵੱਲ ਧਿਆਨ ਦੇਣ ਲਈ ਲਾਉਣੇ ਚਾਹੀਦੇ ਹਨ, ਤਾਂ ਕਿ ਕੀਤੇ ਵਾਅਦੇ ਸਾਰਥਿਕ ਹੋ ਸਕਣ।

ਲਤੀਫ਼ੇ ਦਾ ਚਿਹਰਾ-ਮੋਹਰਾ:

ਨਫ਼ਰਤਾਂ ਦਾ ਅਸਰ ਦੇਖੋ, ਜਾਨਵਰਾਂ ਦਾ ਬਟਵਾਰਾ ਹੋ ਗਿਆ।
ਮਾਤਾ ਗਊ ਹਿੰਦੂ ਹੋ ਗਈ, ਮੁਸਲਮਾਨ ਬੱਕਰਾ ਵਿਚਾਰਾ ਹੋ ਗਿਆ।

ਹਰਾ ਮੁਸਲਮਾਨ ਦਾ ਰੰਗ ਹੈ, ਲਾਲ ਹਿੰਦੂ ਦਾ ਹੋ ਗਿਆ।
ਸਭ ਸਬਜ਼ੀਆਂ ਉਹ ਲੈ ਗਏ ਤਾਂ ਟਮਾਟਰ ਰੋ ਪਿਆ।

ਸਮਝ ਨਹੀਂ ਲਗਦੀ ਕਿ ਤਰਬੂਜ਼ ਕਿਸ ਦੇ ਹਿੱਸੇ ਆਏਗਾ।
ਇਹ ਉੱਪਰੋਂ ਮੁਸਲਮਾਨ, ਅੰਦਰੋਂ ਹਿੰਦੂ ਹੀ ਰਹਿ ਜਾਏਗਾ।

*****

(714)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author