ShamSingh7ਜੇ ਨੇਤਾ ਖ਼ੁਦ ਨਾ ਸੁਧਰਨ ਅਤੇ ਲੋਕ ਹਿੱਤ ਦਾ ਕੰਮ ਨਾ ਕਰਨ ਤਾਂ ਲੋਕ ਉਨ੍ਹਾਂ ਨੂੰ ਸਬਕ ਸਿਖਾਉਣ ਦਾ ...
(31 ਮਾਰਚ 2018)

 

ਰਾਜਨੀਤਕ ਪਾਰਟੀ ਕੋਈ ਵੀ ਹੋਵੇ, ਭ੍ਰਿਸ਼ਟ ਨੇਤਾਵਾਂ ਨੂੰ ਨੇੜੇ ਨਾ ਲੱਗਣ ਦੇਵੇ। ਇਸ ਲਈ ਕਿ ਭ੍ਰਿਸ਼ਟ ਨੇਤਾ ਦੂਜਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਣ ਤੋਂ ਬਾਜ਼ ਨਹੀਂ ਆਉਂਦਾ। ਹੌਲੀ-ਹੌਲੀ ਭ੍ਰਿਸ਼ਟ ਨੇਤਾਵਾਂ ਦੀ ਵਧਦੀ ਗਿਣਤੀ ਕਾਰਨ ਰਾਜਸੀ ਪਾਰਟੀ ’ਤੇ ਭ੍ਰਿਸ਼ਟਾਚਾਰ ਦੇ ਛਿੱਟਿਆਂ ਦੇ ਦਾਗ਼ ਲੱਗਣੇ ਦੂਰ ਦੀ ਗੱਲ ਨਹੀਂ ਰਹਿੰਦੀ। ਪਾਰਟੀ ਦਾਗ਼ਦਾਰ ਹੋਈ ਤਾਂ ਮੁਲਕ ਦਾਗ਼ਦਾਰ ਹੋਣੋਂ ਨਹੀਂ ਬਚਦਾ। ਜਿਹੜ ਨੇਤਾ ਆਪਣੇ ਦਾਗ਼ਦਾਰ ਕਾਰਨਾਮਿਆਂ ਨਾਲ ਦੇਸ਼ ਨੂੰ ਬਦਨਾਮ ਕਰ ਦਿੰਦਾ ਹੈ, ਉਹ ਦੇਸ਼ ਮੁੜ ਦੁੱਧ-ਧੋਤਾ ਹੋਣ ਲਈ ਆਸਾਨੀ ਨਾਲ ਮੈਦਾਨ ਵਿੱਚ ਨਹੀਂ ਨਿੱਤਰ ਸਕਦਾ।

ਅੱਜ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਸੁਹਿਰਦ ਹੋ ਕੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਉਹ ਆਪਣੀ ਬਣਦੀ ਅਤੇ ਲੋੜੀਂਦੀ ਭੂਮਿਕਾ ਨਿਭਾ ਰਹੀਆਂ ਹਨ ਕਿ ਨਹੀਂ? ਜੇ ਇਸ ਸਵਾਲ ਦਾ ਉੱਤਰ ਹਰ ਪਾਰਟੀ ਲੱਭਣ ਲੱਗ ਪਵੇ ਤਾਂ ਕੁਝ ਸਾਰਥਿਕ ਸਿੱਟੇ ਨਿਕਲਣੇ ਦੂਰ ਦੀ ਗੱਲ ਨਹੀਂ ਰਹੇਗੀ, ਪਰ ਅਜਿਹਾ ਹੁੰਦਾ ਨਹੀਂ। ਸਾਰੀਆਂ ਪਾਰਟੀਆਂ ਇਹ ਤਾਂ ਸੋਚਦੀਆਂ ਹਨ ਕਿ ਆਪਣੀ-ਆਪਣੀ ਪਾਰਟੀ ਦੇ ਭ੍ਰਿਸ਼ਟ ਨੇਤਾ ਦੀ ਰੱਖਿਆ ਲਈ ਕਿਹੜੇ ਕਦਮ ਉਠਾਏ ਜਾ ਸਕਦੇ ਹਨ, ਪਰ ਇਹ ਨਹੀਂ ਸੋਚਦੀਆਂ ਕਿ ਉਨ੍ਹਾਂ ਤੋਂ ਦੇਸ਼ ਨੂੰ ਕਿਵੇਂ ਬਚਾਇਆ ਜਾਏ।

ਕਿਹੜੀ-ਕਿਹੜੀ ਰਾਜਸੀ ਪਾਰਟੀ ਤੋਂ ਦੇਸ਼ ਮੁਕਤ ਹੋਵੇ, ਨੁਕਤਾ ਇਹ ਅਹਿਮ ਨਹੀਂ, ਅਹਿਮ ਨੁਕਤਾ ਇਹ ਹੈ ਕਿ ਹਰ ਰਾਜਸੀ ਪਾਰਟੀ ਭ੍ਰਿਸ਼ਟ ਨੇਤਾਵਾਂ ਤੋਂ ਜ਼ਰੂਰ ਸੁਰਖਰੂ ਅਤੇ ਮੁਕਤ ਹੋਵੇ। ਜੇ ਭ੍ਰਿਸ਼ਟ ਨੇਤਾਵਾਂ ਦਾ ਪਾਰਟੀਆਂ ਵਿੱਚ ਦਾਖ਼ਲਾ ਅਤੇ ਦਖ਼ਲ ਬੰਦ ਹੋ ਜਾਵੇ ਤਾਂ ਦੇਸ਼ ਦੀ ਰਾਜਨੀਤੀ ਵਿੱਚ ਨਿਖਾਰ ਹੋ ਸਕਦਾ ਹੈ ਅਤੇ ਉੱਚੇ ਮਿਆਰ ਦੂਰ ਨਹੀਂ ਰਹਿ ਸਕਦੇ। ਸਿਆਸਤ ਦੇ ਅਸਮਾਨ ’ਤੇ ਤਾਰੇ ਤਾਂ ਹੀ ਚੜ੍ਹ ਸਕਦੇ ਹਨ ਅਤੇ ਦਿਖਾਈ ਦੇ ਸਕਦੇ ਹਨ, ਜੇ ਭ੍ਰਿਸ਼ਟ ਨੇਤਾ ਆਪਣੇ ਸਵਾਰਥਾਂ ਲਈ ਭ੍ਰਿਸ਼ਟਾਚਾਰ ਦੀ ਧੁੰਦ ਨਾ ਖਿਲਾਰਨ।

ਭਾਰਤ ਵਿੱਚ ਸ਼ਾਇਦ ਹੀ ਕੋਈ ਅਜਿਹੀ ਰਾਜਸੀ ਪਾਰਟੀ ਹੋਵੇ, ਜਿਹੜੀ ਦੋਸ਼-ਮੁਕਤ ਹੋਵੇ। ਹਰ ਪਾਰਟੀ ’ਤੇ ਦੋਸ਼ ਲੱਗਦੇ ਰਹਿੰਦੇ ਹਨ, ਪਰ ਪਾਰਟੀ ਉਨ੍ਹਾਂ ਦੀ ਪਰਵਾਹ ਨਹੀਂ ਕਰਦੀ। ਪਾਰਟੀਆਂ ਦੇ ਨੇਤਾਵਾਂ ’ਤੇ ਦੋਸ਼ ਲੱਗਦੇ ਰਹਿੰਦੇ ਹਨ, ਪਰ ਜ਼ੋਰ ਉਨ੍ਹਾਂ ਨੂੰ ਬਚਾਉਣ ਲਈ ਲਾਇਆ ਜਾਂਦਾ ਹੈ, ਸਜ਼ਾ ਦੇਣ ਲਈ ਨਹੀਂ। ਇਹ ਪਿਰਤ ਹਰ ਪਾਰਟੀ ਵਿੱਚ ਹੀ ਏਨੀ ਆਮ ਹੋ ਗਈ ਹੈ ਕਿ ਭ੍ਰਿਸ਼ਟ ਨੇਤਾ ਪਾਰਟੀਆਂ ਵਿੱਚੋਂ ਕੱਢੇ ਹੀ ਨਹੀਂ ਜਾਂਦੇ। ਇਹੀ ਕਾਰਨ ਹੈ ਕਿ ਭ੍ਰਿਸ਼ਟਾਚਾਰ ਕਿਸੇ ਨਾ ਕਿਸੇ ਰੂਪ ’ਚ ਹੁੰਦਾ ਰਹਿੰਦਾ ਹੈ, ਕਦੇ ਰੁਕਦਾ ਨਹੀਂ।

ਅੱਜ ਜ਼ਰੂਰਤ ਹੈ ਕਿ ਰਾਜਸੀ ਪਾਰਟੀਆਂ ਆਪਣੀ ਪੀੜ੍ਹੀ, ਮੰਜੇ ਅਤੇ ਕੁਰਸੀਆਂ ਹੇਠ ਸੋਟਾ ਫੇਰਨ ਅਤੇ ਉਨ੍ਹਾਂ ਨੇਤਾਵਾਂ ਨੂੰ ਬਾਹਰ ਦਾ ਰਾਹ ਦਿਖਾਉਣ, ਜਿਹੜੇ ਭ੍ਰਿਸ਼ਟਾਚਾਰੀ ਸਰਗਰਮੀਆਂ ਵਿੱਚ ਸਰਗਰਮ ਰਹੇ ਹੋਣ। ਦੂਜਾ, ਉਨ੍ਹਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਕਦੇ ਸੋਚਣ ਵੀ ਨਾ। ਦੂਜੀਆਂ ਪਾਰਟੀਆਂ ਵਾਲੇ ਵੀ ਅਜਿਹੇ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਤੱਤ-ਫੱਟ ਹਾਰ ਫੜ ਕੇ ਨਾ ਖੜ੍ਹ ਜਾਣ, ਕਿਉਂਕਿ ਉਨ੍ਹਾਂ ਦੇ ਦਾਖ਼ਲੇ ਨਾਲ ਦਾਗ਼ ਲੱਗ ਜਾਣਗੇ।

ਅੱਜ ਭਾਰਤ ਨੂੰ ਕੇਵਲ ਨੇਤਾਵਾਂ ਅਤੇ ਵਰਕਰਾਂ ਦੀ ਲੋੜ ਨਹੀਂ, ਸਗੋਂ ਹਰ ਵਰਗ ਵਿੱਚ ਮਿਸ਼ਨਰੀਆਂ ਦੀ ਲੋੜ ਹੈ, ਤਾਂ ਕਿ ਉਹ ਸਿਆਸੀ ਖੇਤਰ ਵਿੱਚ ਪਏ ਗੰਦ-ਮੰਦ ਨੂੰ ਸਾਫ਼ ਕਰਨ ਦੀ ਭੂਮਿਕਾ ਨਿਭਾ ਸਕਣ। ਅਜਿਹਾ ਕਾਰਜ ਮਿਸ਼ਨਰੀਆਂ ਬਿਨਾਂ ਨਹੀਂ ਹੋਣਾ, ਕਿਉਂਕਿ ਮਿਸ਼ਨਰੀ ਹੀ ਹਨ, ਜਿਹੜੇ ਨਿਰ-ਸਵਾਰਥ ਹੋ ਕੇ ਉੱਜਲੇ ਅਤੇ ਉੱਤਮ ਕੰਮ ਕਰ ਕੇ ਦੂਜਿਆਂ ਵਾਸਤੇ ਮਿਸਾਲ ਵੀ ਬਣ ਸਕਦੇ ਹਨ ਅਤੇ ਹਰ ਖੇਤਰ ਵਿੱਚ ਰਾਹ-ਦਸੇਰੇ ਵੀ।

ਰਾਜਸੀ ਪਾਰਟੀਆਂ ਨੇ ਦੇਸ਼ ਦੇ ਚਾਲਕ ਬਣ ਕੇ ਦੇਸ਼ ਚਲਾਉਣਾ ਹੁੰਦਾ ਹੈ, ਜਿਸ ਕਾਰਨ ਚਾਲਕ ਦੇ ਆਸਣ ’ਤੇ ਮਾੜੇ ਬੰਦੇ ਨਹੀਂ ਬਿਠਾਏ ਜਾ ਸਕਦੇ। ਹਰ ਪਾਰਟੀ ਹੀ ਪੂਰੀ ਬਾਰੀਕੀ ਨਾਲ ਪੁਣ-ਛਾਣ ਕਰ ਕੇ ਮੈਂਬਰ ਨੂੰ ਦਾਖ਼ਲਾ ਦੇਵੇ। ਫ਼ਿਰਕੇ, ਵਰਗ ਅਤੇ ਜਾਤ-ਪਾਤ ਦੇਖ ਕੇ ਦਾਖ਼ਲ ਨਾ ਕਰੇ। ਪ੍ਰਸਿੱਧੀ ਦੇਖ ਕੇ ਵੀ ਨਹੀਂ। ਵੋਟ ਬੈਂਕ ਕਰ ਕੇ ਵੀ ਦਾਖ਼ਲਾ ਨਾ ਦੇਵੇ। ਕੇਵਲ ਉਸ ਨੂੰ ਹੀ ਪਾਰਟੀ ਵਿੱਚ ਸ਼ਾਮਲ ਕਰੇ, ਜਿਹੜਾ ਦੇਸ਼ ਨੂੰ ਲੁੱਟਣ ਲਈ ਨਾ ਆਵੇ, ਸਗੋਂ ਦੇਸ਼ ਲਈ ਕੁਝ ਕਰਨ ਲਈ ਆਵੇ। ਜੇਕਰ ਸਿਆਸੀ ਪਾਰਟੀਆਂ ਸੇਵਾ ਦੀ ਭਾਵਨਾ ਦਾ ਖ਼ਿਆਲ ਰੱਖਣ ਅਤੇ ਦੇਸ਼ ਨੂੰ ਵਿਕਸਤ ਕਰਨ ਦਾ ਮਨੋਰਥ ਬਣਾਉਣ, ਤਾਂ ਸਾਡਾ ਦੇਸ਼ ਦੁਨੀਆ ਦੇ ਬਹੁਤ ਦੇਸ਼ ਦਾ ਮੁਕਾਬਲਾ ਵੀ ਕਰ ਸਕਦਾ ਹੈ ਅਤੇ ਕਈਆਂ ਦੇਸ਼ ਤੋਂ ਅੱਗੇ ਵੀ ਨਿਕਲ ਸਕਦਾ ਹੈ। ਕੀ ਸਿਆਸੀ ਪਾਰਟੀਆਂ ਆਪਣੀ ਰਿਵਾਇਤੀ ਚਾਲ ਛੱਡ ਕੇ ਕੁਝ ਨਵੇਂ ਪੈਂਤੜੇ ਲੈਣ ਬਾਰੇ ਸੋਚਣ ਅਤੇ ਕਰਨ ਲਈ ਤਿਆਰ ਹੋਣ ਦਾ ਜਤਨ ਕਰਨਗੀਆਂ? ਜੇ ਕਰਨ ਤਾਂ ਭਾਰਤ ਨੂੰ ਵਿਸ਼ਵ ਦੇ ਨਕਸ਼ੇ ’ਤੇ ਚਮਕਾਇਆ ਜਾ ਸਕਦਾ ਹੈ।

ਦੇਸ਼ ਦੇ ਹਿੱਤ ਵਿੱਚ ਸੋਚਣ ਵਾਲੇ ਨੇਤਾ ਵੀ ਅਜਿਹਾ ਕਰਨ ਲਈ ਅੱਗੇ ਆਉਣ ਅਤੇ ਵਰਕਰ ਵੀ, ਤਾਂ ਕਿ ਸਿਰਫ਼ ਨਿੱਜ ਬਾਰੇ ਕੁਝ ਕਰਨ ਦੀ ਬਜਾਏ ਦੂਜਿਆਂ ਲਈ ਕੁਝ ਕੀਤਾ ਜਾ ਸਕੇ। ਅਜਿਹਾ ਕਰਨ ਨਾਲ ਦੇਸ਼ ਦੇ ਲੋਕਾਂ ਦਾ ਭਲਾ ਵੀ ਕੀਤਾ ਜਾ ਸਕਦਾ ਹੈ ਅਤੇ ਦੇਸ਼ ਦਾ ਵੀ। ਜ਼ਰੂਰੀ ਹੈ ਕਿ ਨੇਤਾਗਿਰੀ ਦੇ ਕਾਫ਼ਲੇ ਵਿੱਚ ਪੜ੍ਹੇ-ਲਿਖੇ ਅਤੇ ਸੂਝਵਾਨ ਲੋਕ ਵੀ ਸ਼ਾਮਲ ਹੋਣ, ਜੋ ਨਵੇਂ ਖ਼ਿਆਲਾਂ ਦੀ ਤਾਜ਼ਗੀ ਨਾਲ ਦੇਸ਼ ਭਰ ਵਿੱਚੋਂ ਭ੍ਰਿਸ਼ਟਾਚਾਰ ਵੀ ਖ਼ਤਮ ਕਰ ਸਕਦੇ ਹਨ ਅਤੇ ਭ੍ਰਿਸ਼ਟਾਚਾਰੀ ਨੇਤਾਜਨ ਵੀ।

ਦੇਸ਼ ਦੇ ਹਾਕਮੋ, ਚਾਲਕੋ, ਨੇਤਾਉ ਅਤੇ ਸਿਆਸੀ ਪਾਰਟੀਆਂ ਦੇ ਵਰਕਰੋ, ਦੇਸ਼ ਦੇ ਲੋਕਾਂ ’ਤੇ ਰਹਿਮ ਕਰੋ ਅਤੇ ਕਦੇ ਭੁੱਲ ਕੇ ਵੀ ਉਨ੍ਹਾਂ ਦੀ ਬਦਹਾਲੀ ਲਈ ਨਾ ਸੋਚੋ। ਸਗੋਂ ਉਨ੍ਹਾਂ ਦੀ ਖ਼ੁਸ਼ਹਾਲੀ ਅਤੇ ਬਿਹਤਰੀ ਵਾਸਤੇ ਕੰਮ ਕਰੋ, ਤਾਂ ਕਿ ਤੁਹਾਡੇ ਵੱਲੋਂ ਸਿਰਜੀ ਵਧੀਆ ਪ੍ਰਣਾਲੀ ਦਾ ਜਨਤਾ ਪੂਰਾ ਲੁਤਫ਼ ਲੈ ਸਕੇ। ਜ਼ਰੂਰੀ ਹੈ ਕਿ ਚਾਲਕ, ਯਾਨੀ ਨੇਤਾ ਸੁਧਰਨ। ਨਾਲ ਦੀ ਨਾਲ ਆਮ ਜਨਤਾ ਵੀ ਸਮੇਂ-ਸਮੇਂ ਆਪਣੀ ਭੂਮਿਕਾ ਨਿਭਾ ਕੇ ਨੇਤਾਵਾਂ ਨੂੰ ਇਸ ਗੱਲ ਲਈ ਮਜਬੂਰ ਕਰਦੀ ਰਹੇ ਕਿ ਉਹ ਲੋਕਾਂ ਦੀ ਨਬਜ਼ ਮੁਤਾਬਿਕ ਹੀ ਕੰਮ ਕਰਦੇ ਰਹਿਣ।

ਭਵਿੱਖ ਦੇ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਵਾਸਤੇ ਦੇਸ਼ ਦਾ ਹਰ ਨਾਗਰਿਕ ਸੋਚੇ, ਸਮਝੇ ਅਤੇ ਕਦਮ ਪੁੱਟੇ। ਜੇ ਨੇਤਾ ਖ਼ੁਦ ਨਾ ਸੁਧਰਨ ਅਤੇ ਲੋਕ ਹਿੱਤ ਦਾ ਕੰਮ ਨਾ ਕਰਨ ਤਾਂ ਲੋਕ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਕੰਮ ਕਰਨ। ਅਜਿਹਾ ਹੁੰਦਾ ਰਹੇ ਤਾਂ ਸੌ ਯਤਨ ਕਰਨ ’ਤੇ ਵੀ ਨੇਤਾ ਲੋਕ ਜਨਤਾ ਵਿੱਚ ਫ਼ਿਰਕੂ ਆਧਾਰ ’ਤੇ ਵੰਡੀਆਂ ਪਾਉਣ ਵਿੱਚ ਸਫ਼ਲ ਨਹੀਂ ਹੋ ਸਕਦੇ। ਲੋਕ ਵੀ ਕੇਵਲ ਆਪਣੇ ਹਿੱਤ ਲਈ ਨਹੀਂ, ਸਗੋਂ ਦੇਸ਼ ਦੇ ਹਿੱਤ ਅਤੇ ਵਿਕਾਸ ਲਈ ਸੋਚਣ ਅਤੇ ਆਪਣੀ ਸਮਰੱਥਾ ਮੁਤਾਬਿਕ ਭੂਮਿਕਾ ਵੀ ਨਿਭਾਉਣ।

*****

(1088)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author