ShamSingh7ਚੰਗਾ ਹੋਵੇ ਜੇ ਸਿਆਸਤਦਾਨ ਮੁੱਦਿਆਂ ਅਤੇ ਮਸਲਿਆਂ ਦੀ ਗੱਲ ਕਰਨ ...
(13 ਜਨਵਰੀ 2017)

 

ਜਾਤ ਨੂੰ ਪੀਰ-ਫ਼ਕੀਰ ਵੀ ਰੱਦ ਕਰਦੇ ਹਨ ਅਤੇ ਗੁਰੂ-ਪੈਗ਼ੰਬਰ ਵੀ, ਕਿਉਂਕਿ ਇਸ ਦਾ ਆਧਾਰ ਹੀ ਕੋਈ ਨਹੀਂ। ਮਾਨਵ ਅੱਲ੍ਹਾ ਦੀ ਜਾਤ ਹੈ, ਜਿਸ ਨੂੰ ਕੋਈ ਰੱਦ ਨਹੀਂ ਕਰ ਸਕਦਾ। ਜਾਤ ਨੂੰ ਸੰਵਿਧਾਨ ਵੀ ਨਹੀਂ ਮੰਨਦਾ, ਸ਼ੁਰੂ ਵਿੱਚ ਹੀ ਨਾਕਾਰਦਾ ਹੈ, ਪਰ ਸਮਾਜ ਅਜਿਹਾ ਹੈ ਕਿ ਇਸ ਨੂੰ ਛੱਡਦਾ ਹੀ ਨਹੀਂ। ਅਖੌਤੀ ਉੱਚ ਵਰਗ ਦੇ ਲੋਕ ਇਸ ਜਾਤ-ਪਾਤੀ ਪ੍ਰਣਾਲੀ ਨੂੰ ਖ਼ਤਮ ਕਰਨ ਦੇ ਹੱਕ ਵਿੱਚ ਨਹੀਂ। ਸਿਆਸੀ ਲੋਕ ਤਾਂ ਇਸ ਨੂੰ ਵਰਤ ਕੇ ਅੱਗੇ ਵਧਣ ਤੋਂ ਗੁਰੇਜ਼ ਨਹੀਂ ਕਰਦੇ। ਸਰਕਾਰਾਂ ਸਵਾਰਥ-ਪੂਰਤੀ ਕਾਰਨ ਇਸ ਤੋਂ ਮੁਨਕਰ ਨਹੀਂ ਹੁੰਦੀਆਂ, ਦੋਗਲੀ ਨੀਤੀ ਉੱਤੇ ਚੱਲਦੀਆਂ ਹਨ, ਜਿਸ ਕਾਰਨ ਇੱਕ ਪਾਸੇ ਜਾਤ-ਪਾਤ ਦੇ ਵਿਰੁੱਧ ਹੋਣ ਦਾ ਪੈਂਤੜਾ ਲੈਂਦੀਆਂ ਹਨ, ਦੂਜੇ ਪਾਸੇ ਇਸ ਨੂੰ ਸਰਪ੍ਰਸਤੀ ਦੇਣ ਤੋਂ ਬਾਜ਼ ਨਹੀਂ ਆਉਂਦੀਆਂ। ਰਾਖਵੇਂਕਰਨ ਦੀ ਨੀਤੀ ਨੇ ਵੀ ਇਸ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੂੰ ਨਿਤਾਣਿਆਂ ਦੀ ਮਦਦ ਲਈ ਹੁਣ ਹੋਰ ਮੋੜ ਅਤੇ ਰੂਪ ਦਿੱਤਾ ਜਾਵੇ ਤਾਂ ਬਿਹਤਰ ਹੋਵੇਗਾ। ਜਾਤ-ਪਾਤ ਨੂੰ ਸਿਆਸਤ ਲਈ ਵਰਤਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ, ਕਿਉਂਕਿ ਲੋਕਤੰਤਰ ਦੀ ਭਾਵਨਾ ਅਜਿਹਾ ਕਰਨ ਦੇ ਹੱਕ ਵਿੱਚ ਨਹੀਂ।

ਧਰਮ ਹਰ ਮਨੁੱਖ ਦਾ ਜ਼ਾਤੀ ਮਸਲਾ ਹੈ, ਜਿਸ ਨੂੰ ਉਹ ਆਪ ਹੀ ਚੁਣਦਾ ਹੈ ਅਤੇ ਆਪ ਹੀ ਮੰਨਦਾ। ਜਿਹੜੇ ਸਮਝਦੇ ਹਨ ਕਿ ਧਰਮ ਸਮੂਹਿਕ ਹੁੰਦਾ ਹੈ, ਉਸ ਵਿੱਚ ਵੀ ਪ੍ਰਾਪਤੀ ਨਿੱਜੀ ਹੁੰਦੀ ਹੈ, ਸਮੂਹਿਕ ਨਹੀਂ। ਧਰਮ ਨੂੰ ਸਿਆਸਤ ਤੋਂ ਵੱਖਰਾ ਰੱਖਣ ਦੀ ਵਿਵਸਥਾ ਹੈ, ਇਸ ਨੂੰ ਧਰਮ ਵਿੱਚ ਰਲਗੱਡ ਨਹੀਂ ਕੀਤਾ ਜਾ ਸਕਦਾ। ਸਿਆਸਤਦਾਨ ਧਰਮ ਦਾ ਰਸਤਾ ਅਪਣਾ ਕੇ ਧਰਮ ਦੇ ਸਮੂਹ ਨੂੰ ਆਪਣੇ ਲਈ ਵਰਤੇ ਤਾਂ ਅਜਿਹਾ ਕਰਨ ਦੀ ਖੁੱਲ੍ਹ ਨਹੀਂ। ਭਾਵੇਂ ਧਰਮ ਨੂੰ ਚੰਗੇ ਪਾਸੇ ਜਾਣ ਦਾ ਮਾਰਗ ਮੰਨਿਆ ਜਾਂਦਾ ਹੈ, ਪਰ ਕਿਸੇ ਵੀ ਧਰਮ ਦੀ ਕੱਟੜਤਾ ਬਹੁਤ ਵਾਰੀ ਮਾਰੂ ਅਤੇ ਖ਼ਤਰਨਾਕ ਹੋਣ ਤੋਂ ਵੀ ਘੱਟ ਨਹੀਂ ਹੁੰਦੀ। ਇਸ ਲਈ ਜ਼ਰੂਰੀ ਹੈ ਕਿ ਧਰਮ ’ਤੇ ਸੰਵਿਧਾਨਕ ਸਰਪ੍ਰਸਤੀ ਰਹੇ, ਤਾਂ ਕਿ ਇਸ ਦੇ ਪੈਰੋਕਾਰ ਬੇਲਗਾਮ ਹੋ ਕੇ ਵਿਸ਼ਵਾਸ ਅਤੇ ਸ਼ਰਧਾ ਦੀ ਆੜ ਹੇਠ ਮਨਮਰਜ਼ੀ ਨਾ ਕਰਨ ਲੱਗ ਪੈਣ, ਉਹ ਸਮੁੱਚੇ ਸਮਾਜ ਨੂੰ ਪ੍ਰਵਾਨ ਨਹੀਂ ਹੋ ਸਕਦੇ।

ਭਾਸ਼ਾ ਸੰਚਾਰ ਦਾ ਸਾਧਨ ਹੈ ਅਤੇ ਮਨੁੱਖਾਂ ਵਿਚਕਾਰ ਸਾਂਝ ਦਾ ਸੂਤਰ, ਜਿਸ ਬਿਨਾਂ ਮੇਲ-ਮਿਲਾਪ ਹੀ ਨਹੀਂ ਹੋ ਸਕਦਾ। ਭਾਸ਼ਾ ਭਾਈਚਾਰਕ ਏਕਤਾ ਦੀ ਪ੍ਰਤੀਕ ਹੈ, ਜਿਸ ਨੂੰ ਮਨਫੀ ਕਰਨਾ ਉੱਕਾ ਹੀ ਠੀਕ ਨਹੀਂ। ਆਮ ਤੌਰ ’ਤੇ ਭਾਸ਼ਾ ਨੂੰ ਸਹਿਜ ਵਰਤਾਰਾ ਸਮਝਿਆ ਜਾਣਾ ਚਾਹੀਦਾ ਹੈ, ਪਰ ਇਸ ’ਤੇ ਕਿਸੇ ਖੇਤਰ ਵਿੱਚ ਵੀ ਪਾਬੰਦੀ ਠੀਕ ਨਹੀਂ। ਹੁਣ ਜੇ ਇਸ ’ਤੇ ਕਾਨੂੰਨ ਦਾ ਕੁੰਡਾ ਲਾ ਦਿੱਤਾ ਹੈ ਤਾਂ ਇਸ ’ਤੇ ਬਹਿਸ ਜ਼ਰੂਰ ਹੋਵੇਗੀ। ਸ਼ਾਇਦ ਉੱਚ ਅਦਾਲਤ ਨੇ ਇਸ ਕਰ ਕੇ ਇਸ ਦੀ ਸਿਆਸਤ ਲਈ ਮਨਾਹੀ ਕੀਤੀ ਹੋਵੇ ਕਿਉਂਕਿ ਇਸ ਨਾਲ ਬਣਿਆ ਮਾਨਵੀ ਏਕਾ ਹਵਾ ਦਾ ਰੁਖ਼ ਪਲਟ ਸਕਦਾ ਹੈ, ਇਸ ਲਈ ਇਸ ਨੂੰ ਸਿਆਸਤ ਲਈ ਵਰਤਣ ’ਤੇ ਪਾਬੰਦੀ ਲਾਉਣੀ ਸਿਆਸਤ ਦੀ ਨਿਰਪੱਖਤਾ ਨੂੰ ਕਾਇਮ ਰੱਖਣ ਦਾ ਜਤਨ ਵੀ ਹੈ ਅਤੇ ਇਸ਼ਾਰਾ ਵੀ।

ਜਾਤ, ਧਰਮ ਅਤੇ ਭਾਸ਼ਾ ਸਿਆਸਤ ਵਿੱਚ ਕਿਸੇ ਦੇ ਵੀ ਬਾਜ਼ੀ ਮਾਰਨ ਵਿੱਚ ਸਹਾਈ ਹੋ ਸਕਦੇ ਹਨ, ਇਸ ਲਈ ਇਹਨਾਂ ਦੀ ਮਨਾਹੀ ਕਰ ਦਿੱਤੀ ਗਈ ਹੈ, ਤਾਂ ਜੁ ਲੋਕਤੰਤਰ ਦੇ ਮੁਹਾਂਦਰੇ ਨੂੰ ਦਾਗ਼ੀ ਹੋਣ ਤੋਂ ਬਚਾਇਆ ਜਾ ਸਕੇ। ਖ਼ਾਸ ਕਰ ਕੇ ਕਿਸੇ ਤਰ੍ਹਾਂ ਦੀਆਂ ਚੋਣਾਂ ਵਿੱਚ ਵੀ ਇਹਨਾਂ ਤਿੰਨਾਂ ਦਾ ਹੀ ਦਖ਼ਲ ਸੰਬੰਧਤ ਤਬਕਿਆਂ ਦੇ ਲੋਕਾਂ ਨੂੰ ਪ੍ਰਭਾਵਤ ਕਰ ਸਕਦਾ ਹੈ, ਜਿਸ ਕਾਰਨ ਚੋਣਾਂ ਦੌਰਾਨ ਇਹਨਾਂ ਦੀ ਕਿਸੇ ਤਰ੍ਹਾਂ ਦੀ ਵਰਤੋਂ ਨੂੰ ਮਨ੍ਹਾ ਕਰ ਕੇ ਦੇਸ ਦੀ ਉੱਚਤਮ ਅਦਾਲਤ ਸੁਪਰੀਮ ਕੋਰਟ ਨੇ ਨਿਰਪੱਖਤਾ ਦੇ ਹੱਕ ਵਿੱਚ ਵੋਟ ਪਾਈ ਹੈ, ਤਾਂ ਕਿ ਕੋਈ ਵੀ ਇਹਨਾਂ ਤਿੰਨਾਂ ਦੀ ਸਹਾਇਤਾ ਨਾਲ ਵੋਟ ਹਾਸਲ ਨਾ ਕਰ ਸਕੇ।

ਅਦਾਲਤਾਂ ਅਤੇ ਸਰਕਾਰਾਂ ਇਸ ਵੱਡੇ ਫ਼ੈਸਲੇ ’ਤੇ ਪਹਿਰਾ ਦੇਣ, ਤਾਂ ਹੀ ਇਹ ਅਮਲ ਵਿੱਚ ਸਫ਼ਲਤਾ ਨਾਲ ਲਾਗੂ ਹੋ ਸਕਦਾ ਹੈ, ਨਹੀਂ ਤਾਂ ਇਹ ਕਾਨੂੰਨ ਦੀਆਂ ਕਿਤਾਬਾਂ ਦਾ ਸ਼ਿਕਾਰ ਹੋ ਕੇ ਰਹਿ ਜਾਵੇਗਾ। ਹਾਂ, ਇਸ ਗੱਲ ਉੱਤੇ ਖੁੱਲ੍ਹੇ ਦਿਲ ਨਾਲ ਬਹਿਸ ਹੋਣੀ ਚਾਹੀਦੀ ਹੈ ਕਿ ਕੀ ਭਾਸ਼ਾ ਨੂੰ ਧਰਮ ਅਤੇ ਜਾਤ ਦੀ ਜਮਾਤ ਵਿੱਚ ਗਿਣਿਆ ਜਾਣਾ ਚਾਹੀਦਾ ਹੈ ਜਾਂ ਇਹ ਉਹਨਾਂ ਤੋਂ ਵੱਖਰੀ ਹੈ, ਜਿਸ ’ਤੇ ਪਾਬੰਦੀ ਨਹੀਂ ਸੀ ਲਾਈ ਜਾਣੀ ਚਾਹੀਦੀ। ਇਸ ਦੀ ਵਿਆਖਿਆ ਹੋਵੇ ਤਾਂ ਬਿਹਤਰ ਹੋਵੇਗਾ।

ਦੇਸ ਵਿੱਚ ਅਨਪੜ੍ਹਤਾ, ਮੁੱਦਿਆਂ ਤੋਂ ਅਣਜਾਣਤਾ, ਮਸਲਿਆਂ ਤੋਂ ਅਣਭਿੱਜਤਾ ਅਤੇ ਮਨੋਰਥਾਂ ਤੋਂ ਅਗਿਆਨਤਾ ਕਰ ਕੇ ਲੋਕਤੰਤਰ ਦੀ ਸੁਤੰਤਰਤਾ, ਨਿਰਪੱਖਤਾ ਅਤੇ ਬੇਲਾਗਤਾ ਨੂੰ ਕਾਇਮ ਰੱਖਣ ਲਈ ਹੋਰ ਕਈ ਅਲਾਤਮਾਂ ਤੋਂ ਵੀ ਬਚਾਇਆ ਜਾ ਸਕੇ ਤਾਂ ਇਸ ਦੇ ਸਰੂਪ ਨੂੰ ਹੋਰ ਸੰਵਾਰਿਆ ਵੀ ਜਾ ਸਕਦਾ ਹੈ ਅਤੇ ਨਿਖਾਰਿਆ ਵੀ। ਅਜਿਹੀ ਮੁਲਕ ਨੂੰ ਜ਼ਰੂਰਤ ਵੀ ਹੈ, ਕਿਉਂਕਿ ਲੋਕਤੰਤਰ ਦੀ ਜੋ ਸ਼ਾਨੋ-ਸ਼ੌਕਤ, ਠੁੱਕ ਅਤੇ ਵੱਕਾਰ ਹੋਣਾ ਚਾਹੀਦਾ ਹੈ, ਉਹ ਬਣ ਨਹੀਂ ਸਕਿਆ। ਦੇਸ ਦੇ ਨੇਤਾਵਾਂ ਨੂੰ ਸਿਆਸਤ ਵਿੱਚ ਰਹਿੰਦਿਆਂ ਇਸ ਨਾਲ ਖਿਲਵਾੜ ਨਹੀਂ ਕਰਦੇ ਰਹਿਣਾ ਚਾਹੀਦਾ, ਸਗੋਂ ਇਸ ਦੀਆਂ ਉੱਚ ਕਦਰਾਂ-ਕੀਮਤਾਂ ਨੂੰ ਬਹਾਲ ਕਰਨ ਵੱਲ ਵੀ ਝੁਕਾਅ ਬਣਾਉਣਾ ਚਾਹੀਦਾ ਹੈ ਅਤੇ ਰੁਝਾਨ ਵੀ।

ਚੰਗਾ ਹੋਵੇ, ਜੇ ਸਿਆਸਤਦਾਨ ਮੁੱਦਿਆਂ ਅਤੇ ਮਸਲਿਆਂ ਦੀ ਗੱਲ ਕਰਨ, ਲੋਕ ਬਿਹਤਰੀ ਦੀਆਂ ਨੀਤੀਆਂ ਅਪਣਾਉਣ ਅਤੇ ਦੇਸ ਦੇ ਵਿਕਾਸ ਨੂੰ ਲੀਹੇ ਪਾਈ ਰੱਖਣ ਵਾਸਤੇ ਨਿਰੰਤਰ ਜੁੱਟੇ ਰਹਿਣ। ਅਜਿਹਾ ਹੋਣ ਨਾਲ ਦੇਸ ਦਾ ਵੀ ਭਲਾ ਹੋਵੇਗਾ ਅਤੇ ਸਿਆਸਤ ਦੇ ਘਸਮੈਲੇ ਅੰਬਰ ’ਤੇ ਵੀ ਨਿੰਬਲ ਹੋ ਜਾਵੇਗਾ। ਵਕਤ ਦੀ ਵੀ ਜ਼ਰੂਰਤ ਹੈ, ਕਿਉਂਕਿ ਪਿੱਛੇ ਨੂੰ ਜਾ ਰਹੇ ਲੋਕਤੰਤਰ ਦਾ ਨਿਘਾਰ ਰੁਕ ਸਕੇ। ਉਹਨਾਂ ਸਿਖ਼ਰਾਂ ਵੱਲ ਵਧ ਸਕੇ, ਜਿਹੜੀਆਂ ਦੂਜੇ ਦੇਸਾਂ ਨੇ ਵਿਕਸਤ ਹੋਣ ਕਰ ਕੇ ਸਰ ਵੀ ਕਰ ਲਈਆਂ ਹਨ ਅਤੇ ਆਉਣ ਵਾਲੇ ਸਮਿਆਂ ਵਾਸਤੇ ਸਥਾਪਤ ਵੀ।

ਸਿਆਸਤ ਵਿਚ ਘਾਲਾ-ਮਾਲਾ

ਪੰਜਾਬ ਦੀ ਸਿਆਸਤ ਵਿਚ ਕਾਫ਼ੀ ਘਾਲਾ-ਮਾਲਾ ਹੈ, ਜਿਸ ਕਾਰਨ ਸਿਆਸੀ ਪਾਰਟੀਆਂ ਦੇ ਆਗੂਆਂ ਵਿੱਚ ਇੱਕ ਦੂਜੀ ਪਾਰਟੀ ਵਿੱਚ ਜਾਣ ਦਾ ਰੁਝਾਨ ਕਾਫ਼ੀ ਜ਼ੋਰ ਫੜੀ ਬੈਠਾ ਹੈ, ਜਿਸ ਨੂੰ ਰੋਕਣਾ ਆਸਾਨ ਨਹੀਂ। ਹਰ ਕੋਈ ਆਪੋ ਆਪਣੇ ਸਵਾਰਥਾਂ ਦੀ ਪੂਰਤੀ ਲਈ ਉਸ ਪਾਰਟੀ ਵੱਲ ਜਾ ਰਿਹਾ ਹੈ, ਜਿੱਥੋਂ ਉਸ ਨੂੰ ਆਪਣੇ ਲਈ ਕੁਝ ਹਾਸਲ ਹੋ ਸਕੇ ਅਤੇ ਮਨ ਦੀ ਤਸੱਲੀ ਵੀ। ਪਾਰਟੀਆਂ ਦਾ ਵੀ ਘੜਮੱਸ ਮਚ ਗਿਆ ਹੈ। ਹਰੇਕ ਸਿਆਸੀ ਪਾਰਟੀ ਜਿੱਤ ਦਾ ਦਾਅਵਾ ਇੰਜ ਕਰੀ ਜਾਂਦੀ ਹੈ, ਜਿਵੇਂ ਜਿੱਤੀ ਹੀ ਪਈ ਹੋਵੇ। ਹਰ ਕੋਈ ਜਾਣਦਾ ਹੈ ਕਿ ਸਰਕਾਰ ਬਣਾਉਣ ਲਈ ਤਾਂ ਇੱਕ-ਦੋ ਪਾਰਟੀਆਂ ਹੀ ਜਿੱਤ ਸਕਦੀਆਂ ਹਨ, ਹਰ ਇੱਕ ਨਹੀਂ। ਵਾਅਦੇ ਇੰਜ ਕਰੀ ਜਾ ਰਹੀਆਂ ਹਨ, ਜਿਵੇਂ ਹਰੇਕ ਵੋਟਰ ਉਹਨਾਂ ਮਗਰ ਦੌੜ ਕੇ ਹੀ ਰਹਿ ਜਾਵੇ।

ਸਿਆਸੀ ਮਹਿਰਾਂ ਦਾ ਮੰਨਣਾ ਹੈ ਕਿ ਮੁਕਾਬਲਾ ਤਿੰਨ ਧਿਰਾਂ ਵਿੱਚ ਹੈ, ਜਿਨ੍ਹਾਂ ਵਿੱਚ ਕਾਂਗਰਸ, ਆਪ ਅਤੇ ਅਕਾਲੀ-ਭਾਜਪਾ ਗੱਠਜੋੜ ਸ਼ਾਮਲ ਹਨ। ਬਾਕੀ ਸਿਆਸੀ ਪਾਰਟੀਆਂ ਦਾਅਵੇ ਭਾਵੇਂ ਕਰੀ ਜਾਣ, ਉਮੀਦਵਾਰ ਜਿੰਨੇ ਮਰਜ਼ੀ ਖੜ੍ਹੇ ਕਰੀ ਜਾਣ, ਦਮਗਜ਼ੇ ਜਿੰਨੇ ਮਰਜ਼ੀ ਮਾਰੀ ਜਾਣ, ਪਰ ਉਹਨਾਂ ਦੇ ਹੱਥ-ਪੱਲੇ ਸ਼ਾਇਦ ਹੀ ਕੁਝ ਪੈ ਸਕੇ। ਜਿਨ੍ਹਾਂ ਸਿਆਸੀ ਪਾਰਟੀਆਂ ਨੇ ਲੋਕਾਂ ਨਾਲ ਰਾਬਤਾ ਬਣਾਈ ਰੱਖਿਆ, ਜੋ ਲੋਕਾਂ ਨਾਲ ਖੜ੍ਹੀਆਂ ਰਹੀਆਂ, ਦੁੱਖ-ਸੁਖ ਵਿੱਚ ਉਹਨਾਂ ਦੀ ਆਵਾਜ਼ ਬਣਦੀਆਂ ਰਹੀਆਂ, ਲੋਕ ਉਹਨਾਂ ਨਾਲ ਹੀ ਖੜ੍ਹਨਗੇ।

ਪਾਰਟੀਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਜੋ ਨਾਹਰੇ ਮਾਰਨੇ ਸ਼ੁਰੂ ਕੀਤੇ ਹੋਏ ਹਨ, ਉਹ ਸਭ ਘਾਲਾ-ਮਾਲਾ ਹੋਣ ਦੀ ਗਵਾਹੀ ਤੋਂ ਵੱਧ ਕੁਝ ਨਹੀਂ। ਜਿਹੜੇ ਵਿਕਾਊ ਚੈਨਲਾਂ, ਏਜੰਸੀਆਂ ਨੇ ਹੁਣੇ ਹੀ ਸੀਟਾਂ ਦੀ ਗਿਣਤੀ ਦੇ ਸਰਵੇ ਕਰ ਕੇ ਪ੍ਰਚਾਰ ਦਿੱਤੇ, ਉਹ ਗੁੰਮਰਾਹ ਕਰਨ ਵਾਲੇ ਵੀ ਹਨ ਅਤੇ ਘਾਲੇ-ਮਾਲੇ ਵਿੱਚ ਵਾਧਾ ਕਰਨ ਵਾਲੇ ਵੀ। ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਅਜਿਹੇ ਸਰਵੇ ਕਰਨ ਵਾਲਿਆਂ ਅਤੇ ਫੇਰ ਉਹਨਾਂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਤੁਰਤ ਰੋਕੇ, ਕਿਉਂਕਿ ਇਹ ਸਭ ਘਾਲਾ-ਮਾਲਾ ਹੈ, ਬਿਨਾਂ ਕਿਸੇ ਆਧਾਰ ਦੇ।

*****

(561)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author