ShamSingh7ਅੱਜ ਬਹੁਤ ਸਖ਼ਤ ਜ਼ਰੂਰਤ ਹੈ ਕਿ ਸਮੁੱਚਾ ਸਮਾਜ ਹੀ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਲਈ ...
(9 ਮਈ 2018)

 

ਚਿੰਤਾ ਵਾਲੀ ਗੱਲ ਇਹ ਹੈ ਕਿ ਅੱਜ ਮਨੁੱਖ ਵਿੱਚੋਂ ਮਨੁੱਖ ਹੀ ਗੁਆਚ ਰਿਹਾ ਹੈ। ਆਦਮੀ ਵਿੱਚੋਂ ਆਦਮੀ ਨਹੀਂ ਲੱਭਦਾ। ਉੱਚੀਆਂ ਕਦਰਾਂ-ਕੀਮਤਾਂ ਛੱਡ ਕੇ ਉਹ ਮੁੜ ਜਾਂਗਲੀ ਹੋਈ ਜਾ ਰਿਹਾ ਹੈ। ਪਸ਼ੂਪੁਣੇ ਦੀਆਂ ਲੀਹਾਂ ’ਤੇ ਪੈ ਕੇ ਬਜ਼ੁਰਗਾਂ ਵੱਲੋਂ ਉਸਾਰੀ ਸੱਭਿਅਤਾ ਨੂੰ ਕਲੰਕਤ ਕਰ ਕੇ ਜਾਂਗਲੀ ਮਨੁੱਖ ਅਨਮੋਲ ਵਿਰਸੇ ਨੂੰ ਮਿੱਟੀ ਵਿੱਚ ਰੋਲਣ ਦੇ ਜਤਨ ਵੀ ਕਰ ਰਿਹਾ ਅਤੇ ਅਸਲੋਂ ਹੀ ਖ਼ਤਮ ਕਰਨ ਦੇ ਜਤਨ ਵੀ। ਇਸ ਅਮੀਰ ਵਿਰਸੇ ਨੂੰ ਹੋਰ ਉਚਾਈਆਂ ਵੱਲ ਲਿਜਾਏ ਜਾਣ ਦੀ ਲੋੜ ਹੈ, ਪਰ ਮਾਨਵਤਾ ਦੇ ਦੁਸ਼ਮਣ ਅਜਿਹਾ ਨਹੀਂ ਹੋਣ ਦੇ ਰਹੇ।

ਜੇ ਵਿਦਿਆਲਿਆਂ ਦੀ ਪੜ੍ਹਾਈ ਅਤੇ ਸਿੱਖਿਆ ਵਿਦਿਆਰਥੀਆਂ ਦੀ ਸੋਚ ਦੇ ਸਾਂਚਿਆਂ ਨੂੰ ਇਨਸਾਨ ਦੇ ਢਾਂਚਿਆਂ ਵਿੱਚ ਨਹੀਂ ਬਦਲਦੇ ਤਾਂ ਵਿਦਿਆਲਿਆਂ ਦੀ ਭੂਮਿਕਾ ਸਹੀ ਅਤੇ ਲਾਭਕਾਰੀ ਨਹੀਂ ਮੰਨੀ ਜਾ ਸਕਦੀ। ਵਿਦਿਆਲਿਆਂ ਦੀ ਸਿੱਖਿਆ ਜੇ ਸਹੀ ਹੋਵੇ ਅਤੇ ਰੂਹ ਵਿੱਚ ਉੱਤਰ ਜਾਵੇ ਤਾਂ ਇਨਸਾਨ ਪੈਦਾ ਹੋਣ ਦੀ ਗੱਲ ਦੂਰ ਨਹੀਂ ਰਹਿ ਸਕਦੀ। ਇਸ ਲਈ ਜ਼ਰੂਰੀ ਹੈ ਕਿ ਵਿੱਦਿਆ ਦਾ ਉਹ ਸਰੂਪ ਪੜ੍ਹਾਇਆ ਜਾਵੇ, ਜਿਸ ਨਾਲ ਉੱਚ ਕਦਰਾਂ ਵਾਲਾ ਇਨਸਾਨ ਸਿਰਜਿਆ ਜਾ ਸਕੇ। ਜੇ ਸਮਾਜ ਦਾ ਮਨੋਰਥ ਅਜਿਹਾ ਹੋਵੇ ਤਾਂ ਇਹ ਮੁਸ਼ਕਿਲ ਗੱਲ ਨਹੀਂ।

ਵਿਦਿਆਲਿਆਂ ਦਾ ਕੰਮ ਗਿਆਨ ਅਤੇ ਜਾਣਕਾਰੀ ਦੇ ਸੋਮੇ ਬਣਨਾ ਵੀ ਹੈ ਅਤੇ ਅਸਲੀ ਸੱਚੇ-ਸੁੱਚੇ ਇਨਸਾਨ ਘੜਨ ਦੀਆਂ ਟਕਸਾਲਾਂ ਬਣਨਾ ਵੀ। ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਵਿਦਿਆਲਿਆਂ ਦੇ ਪ੍ਰਬੰਧਕਾਂ ਦੇ ਸੁਪਨੇ ਵੱਡੇ ਅਤੇ ਮਨੋਰਥ ਵਿਸ਼ਾਲ ਹੋਣ। ਛੋਟੇ-ਛੋਟੇ ਦਾਇਰਿਆਂ ਅਤੇ ਦਿਸਹੱਦਿਆਂ ਵਿੱਚ ਘਿਰੇ ਪ੍ਰਬੰਧਕ ਛੋਟੀਆਂ ਸੋਚਾਂ ਤੱਕ ਸੀਮਤ ਹੋਣ ਕਾਰਨ ਨਾ ਸਹੀ ਅਧਿਆਪਕਾਂ ਦੀ ਚੋਣ ਕਰ ਸਕਦੇ ਹਨ ਅਤੇ ਨਾ ਪੜ੍ਹਨ ਵਾਲੇ ਚੰਗੇ ਪਾੜ੍ਹਿਆਂ ਦੀ। ਅਜਿਹਾ ਨਾ ਹੋ ਸਕਣ ਕਾਰਨ ਸਫ਼ਲਤਾ ਹਾਸਲ ਨਹੀਂ ਹੋ ਸਕਦੀ।

ਵਿਦਿਆਲੇ ਸਮੁੱਚੇ ਸਮਾਜ ਨੂੰ ਨਾਲ ਲੈ ਕੇ ਤੁਰਨੇ ਚਾਹੀਦੇ ਹਨ, ਤਾਂ ਕਿ ਅਕਾਦਮਿਕਤਾ ਫੋਕੀ ਲਿਫ਼ਾਫ਼ੇਬਾਜ਼ੀ ਨਾ ਹੋ ਕੇ ਰਹਿ ਜਾਵੇ। ਵਿਦਿਆਲੇ ਸਮੁੱਚੇ ਸਮਾਜ ਦੀ ਅਗਵਾਈ ਕਰਨ, ਰੋਸ਼ਨੀ ਦੇਣ, ਤਾਂ ਹੀ ਉਨ੍ਹਾਂ ਦੀ ਮੁੱਲਵਾਨ ਸਾਰਥਿਕਤਾ ਹੋ ਸਕਦੀ ਹੈ, ਜਿਹੜੀ ਲਾਭਕਾਰੀ ਹੋਣ ਕਾਰਨ ਅਵੱਸ਼ ਸਲਾਹੀ ਜਾਵੇਗੀ। ਇਸ ਤਰ੍ਹਾਂ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਹੋ ਕੇ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਣ ਦਾ ਜਤਨ ਕਰੇਗੀ, ਜਿਸ ਸਦਕਾ ਦੇਸ਼ ਦੂਜਿਆਂ ਮੁਲਕਾਂ ਨਾਲ ਬਰ ਮੇਚ ਸਕੇਗਾ।

ਧਰਮਾਂ ਦੇ ਗ੍ਰੰਥ ਵੀ ਅਕਲ, ਗਿਆਨ ਅਤੇ ਰੋਸ਼ਨੀ ਦੇ ਸੋਮੇ ਮੰਨੇ ਜਾਂਦੇ ਹਨ, ਜਿਨ੍ਹਾਂ ਮਗਰ ਲੋਕ ਜ਼ਿਆਦਾ ਕਰ ਕੇ ਸ਼ਰਧਾ ਵੱਸ ਲੱਗਦੇ ਹਨ ਅਤੇ ਬਹੁਤਾ ਕੁਝ ਪ੍ਰਾਪਤ ਕਰਨ ਦਾ ਜਤਨ ਨਹੀਂ ਕਰਦੇ। ਪ੍ਰਵਚਨਾਂ ਦੀ ਸੱਚਾਈ ਅਤੇ ਉਚਾਈ ਮਨੁੱਖਾਂ ਦੀ ਰੂਹ ਵਿੱਚ ਨਾ ਉੱਤਰਨ ਕਰ ਕੇ ਅਤੇ ਜੀਵਨ ਦੇ ਅਮਲ ਵਿੱਚ ਦਾਖ਼ਲ ਨਾ ਹੋਣ ਕਾਰਨ ਧਰਮ ਦੀ ਭੂਮਿਕਾ ਵੱਖ-ਵੱਖ ਰੰਗਾਂ ਅਤੇ ਭੇਖਾਂ ਦੇ ਚੋਲਿਆਂ ਤੋਂ ਵੱਧ ਕੁਝ ਨਹੀਂ ਲੱਗਦੀ। ਸਿਧਾਂਤ ਅਮਲ ਬਿਨਾਂ ਸਜੀਵ ਨਹੀਂ ਹੁੰਦਾ।

ਧਰਮ ਨਾਲ ਸੰਬੰਧਤ ਧਾਰਮਿਕ ਸਥਾਨਾਂ ਨੂੰ ਰੱਬੀ ਇਬਾਦਤ ਅਤੇ ਸ਼ੁਭ ਕਰਮਾਂ ਦੀ ਪਵਿੱਤਰ ਭੂਮੀ ਸਮਝਿਆ ਜਾਂਦਾ ਹੈ, ਜਿੱਥੇ ਮਨ ਨੂੰ ਚੈਨ ਮਿਲਦਾ ਹੈ ਅਤੇ ਰੂਹ ਨੂੰ ਟਿਕਾਅ, ਪਰ ਜੇ ਉਨ੍ਹਾਂ ਸਥਾਨਾਂ ’ਤੇ ਵਿਭਚਾਰ ਅਤੇ ਅਨਾਚਾਰ ਹੋਣ ਲੱਗ ਪੈਣ ਤਾਂ ਸ਼ਰਧਾਵਾਨ ਲੋਕਾਂ ਦਾ ਵਿਸ਼ਵਾਸ ਵੀ ਤਿੜਕ ਜਾਵੇਗਾ। ਅੱਜ ਕੱਲ੍ਹ ਜੋ ਇਨ੍ਹਾਂ ਸਥਾਨਾਂ ਵਿੱਚ ਹੋਣ ਲੱਗ ਪਿਆ ਹੈ, ਉਸ ਦਾ ਵਰਨਣ ਕਰਨਾ ਵੀ ਮੁਨਾਸਿਬ ਨਹੀਂ ਲੱਗਦਾ। ਕਿਸੇ ਧਾਰਮਿਕ ਸਥਾਨ ’ਤੇ ਹੇਰਾ-ਫੇਰੀ, ਫਰੇਬ, ਚੋਰੀ ਅਤੇ ਬਲਾਤਕਾਰ ਜਿਹੀਆਂ ਘਟਨਾਵਾਂ ਹੋਣ ਲੱਗ ਪੈਣ ਤਾਂ ਇਹ ਕਿਸੇ ਲਈ ਵੀ ਮੁਆਫ਼ੀਯੋਗ ਨਹੀਂ।

ਧਾਰਮਿਕ ਸਥਾਨ ਵਹਿਮ-ਭਰਮ ਪਾਲਣ ਦੇ ਸਥਾਨ ਨਹੀਂ। ਜੇ ਉਨ੍ਹਾਂ ਵਿੱਚ ਸਵਰਗ ਦੇ ਲਾਰੇ ਲਟਕਾਉਣੇ ਹਨ ਅਤੇ ਹੋਰ ਲਾਲਚਾਂ ਦੇ ਲਾਲੀਪਾਪ ਦਿਖਾਉਣੇ ਹਨ ਤਾਂ ਇਹ ਲੋਕਾਂ ਨਾਲ ਧਰੋਹ ਹੈ। ਗਿਆਨ ਅਤੇ ਸੂਝ-ਬੂਝ ਦੀਆਂ ਗੱਲਾਂ ਹੀ ਹੋਣੀਆਂ ਚਾਹੀਦੀਆਂ ਹਨ, ਨਾ ਕਿ ਫ਼ਜ਼ੂਲ ਦੀਆਂ ਬੇਸਿਰ-ਬੇਪੈਰ ਦੀਆਂ ਕਥਾ-ਕਹਾਣੀਆਂ। ਧਾਰਮਿਕ ਅਚਾਰੀਆਂ ਅਤੇ ਪੁਜਾਰੀਆਂ ਦੀ ਫ਼ੌਜ ਨੂੰ ਅੱਜ ਦੇ ਸਾਰੇ ਖੇਤਰਾਂ ਦੀ ਜਾਣਕਾਰੀ ਨਾ ਹੋਈ ਤਾਂ ਲੋਕ ਗੁੰਮਰਾਹ ਹੀ ਹੋਣਗੇ ਅਤੇ ਉਨ੍ਹਾਂ ਦਾ ਯੋਗਦਾਨ ਸਿਫ਼ਰ ਦੀ ਪਰਿਕਰਮਾ ਹੀ ਹੋਵੇਗੀ।

ਰਾਜਨੀਤਕ ਆਗੂ ਲੋਕਾਂ ਨੂੰ ਆਪਣੇ ਸਵਾਰਥਾਂ ਲਈ ਵੰਡਦੇ ਹਨ, ਤਾਂ ਕਿ ਆਪਣੇ ਮੰਤਵ ਵਿੱਚ ਸਫ਼ਲ ਹੋ ਸਕਣ। ਉਨ੍ਹਾਂ ਦਾ ਤਾਂ ਮਿਸ਼ਨ ਹੋਣਾ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਭਾਈਚਾਰਿਆਂ ਵਿੱਚ ਨਿੱਘ ਪੈਦਾ ਕਰਨ। ਉਹ ਥੋੜ੍ਹ-ਚਿਰੀ ਸੋਚ ਨਾਲ ਆਪਣੇ ਕੰਮ ਵਿੱਚ ਤਾਂ ਸਫ਼ਲ ਹੋ ਜਾਂਦੇ ਹਨ, ਪਰ ਇਸ ਨਾਲ ਮੁਲਕ ਦਾ ਕੋਈ ਫਾਇਦਾ ਨਹੀਂ ਹੁੰਦਾ। ਲੋਕਾਂ ਦੀ ਆਪਸੀ ਫੁੱਟ ਨਾਲ ਨਾ ਸਮਾਜ ਵਿਕਾਸ ਕਰ ਸਕਦਾ ਹੈ, ਨਾ ਹੀ ਦੇਸ਼।

ਅੱਜ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼, ਗੁਜਰਾਤ, ਜੰਮੂ-ਕਸ਼ਮੀਰ, ਕਰਨਾਟਕ, ਹਰਿਆਣਾ, ਨਵੀਂ ਦਿੱਲੀ ਅਤੇ ਪੰਜਾਬ ਵਿੱਚ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਨੇ ਮਨੁੱਖਤਾ ਨੂੰ ਕਲੰਕਤ ਕਰ ਦਿੱਤਾ ਹੈ, ਜਿਨ੍ਹਾਂ ਕਾਰਨ ਲੋਕ ਦਹਿਸ਼ਤ ਵਿੱਚ ਹਨ ਅਤੇ ਆਪਣੇ ਆਪ ਨੂੰ ਮਹਿਫ਼ੂਜ਼ ਨਹੀਂ ਸਮਝਦੇ। ਸਿਆਸੀ ਪਾਰਟੀਆਂ ਦੇ ਨੇਤਾ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਹੋਣ ਕਾਰਨ ਕੋਈ ਵੀ ਸਰਕਾਰ ਸਖ਼ਤੀ ਨਾਲ ਕਦਮ ਭਰਦੀ ਨਜ਼ਰ ਨਹੀਂ ਆਉਂਦੀ।

ਅੱਜ ਬਹੁਤ ਸਖ਼ਤ ਜ਼ਰੂਰਤ ਹੈ ਕਿ ਸਮੁੱਚਾ ਸਮਾਜ ਹੀ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਲਈ ਜ਼ੋਰਦਾਰ ਆਵਾਜ਼ ਉਠਾਵੇ, ਤਾਂ ਕਿ ਹਾਕਮਾਂ ਦੇ ਬੋਲੇ ਕੰਨ ਵੀ ਇਹ ਸੁਣ ਸਕਣ ਅਤੇ ਹਰ ਵਰਗ ਦੀਆਂ ਔਰਤਾਂ ਦੀ ਇੱਜ਼ਤ-ਆਬਰੂ ਬਚਾਉਣ ਲਈ ਫ਼ੌਰੀ ਕਦਮ ਉਠਾਉਣ। ਸਰਕਾਰਾਂ ਦੀ ਅਣਗਹਿਲੀ ਸਮਾਜ ਵਿੱਚ ਫੈਲ ਰਹੀ ਦਹਿਸ਼ਤ ਨੂੰ ਹੋਰ ਵਧਾਉਣ ਵਿੱਚ ਹਿੱਸਾ ਪਾਵੇਗੀ ਅਤੇ ਫੇਰ ਦੇਸ਼ ਵਿੱਚ ਵਧ ਰਹੀ ਬੇਚੈਨੀ ਅਤੇ ਅਰਾਜਿਕਤਾ ਵੀ ਨਹੀਂ ਰੋਕ ਸਕੇਗੀ।

ਵਿਕਸਤ ਦੇਸ਼ਾਂ ਤੋਂ ਸਿੱਖਣ ਕਿ ਉਨ੍ਹਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੀ ਕਦਮ ਉਠਾਏ ਹਨ ਅਤੇ ਭਾਰਤ ਵਿੱਚ ਇਹ ਕਿਵੇਂ ਰੁਕਣਗੀਆਂ। ਇਸ ਵਕਤ ਸਾਰੀਆਂ ਸਿਆਸੀ ਧਿਰਾਂ ਨੂੰ ਸ਼ਰਮਸਾਰ ਹੋ ਕੇ ਇਨ੍ਹਾਂ ਘਟਨਾਵਾਂ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਨਾ ਕਿ ਰਾਜਨੀਤੀ ਕਰਨੀ ਚਾਹੀਦੀ ਹੈ। ਸਖ਼ਤੀ ਨਾਲ ਕਾਬੂ ਪਾਉਣ ਲਈ ਸਭ ਨੂੰ ਸਾਥ ਦੇਣਾ ਪਵੇਗਾ।

*****

(1145)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author