ShamSingh7ਛੱਟਾ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿਚ    ਲੱਖਾਂ ਕਿਰਨਾਂ ਬਖੇਰੀਆਂ ਸਵੇਰਿਆਂ ਦੇ ਵਿਚ ....
(4 ਨਵੰਬਰ 2017)

 

ਗੁਰੂ ਨਾਨਕ ਜਨਮ ਤੋਂ ਹੀ ਦੈਵੀ ਪੁਰਸ਼ ਹੋਣ ਕਰਕੇ ਅਤੇ ਗਿਆਨਵਾਨ ਹੋਣ ਕਾਰਨ ਸਮਾਜਕ ਹਾਲਤ ਬਾਰੇ ਵੀ ਜਾਣਦੇ ਸਨ ਅਤੇ ਰੂਹਾਨੀ ਸੁਰਾਂ ਬਾਰੇ ਵੀ। ਉਨ੍ਹਾਂ ਆਪਣੇ ਗਿਆਨ ਦਾ ਚਾਨਣਾ ਸ਼ੁਰੂ ਕਰਦਿਆਂ ਅਗਿਆਨ ਅਤੇ ਹਨੇਰੇ ਨੂੰ ਹਰ ਥਾਂ ਤੋਂ ਭਜਾਇਆ। ਹਰ ਥਾਂ ਤੱਥਾਂ ਅਤੇ ਸਬੂਤਾਂ ਦੀ ਗਵਾਹੀ ਭਰੀ।

ਉਨ੍ਹਾਂ ਦੇ ਜੀਵਨ-ਸਫਰ ਦੇ ਵੱਖ ਵੱਖ ਪੜਾਵਾਂ ਸਮੇਂ ਜੋੜੇ ਗਏ ਪ੍ਰਸੰਗਾਂ ਦੀ ਇਤਿਹਾਸਕ ਸਚਾਈ ਤਾਂ ਇਤਿਹਾਸਕਾਰ ਜਾਨਣ ਪਰ ਜੋ ਜੋ ਕਥਾ ਕਹਾਣੀਆਂ ਇਨ੍ਹਾਂ ਪ੍ਰਸੰਗਾਂ ਨਾਲ ਜੁੜੀਆਂ ਹੋਈਆਂ ਹਨ ਉਹ ਅਰਥਪੂਰਨ ਵੀ ਹਨ ਅਤੇ ਸੱਚ ਦਾ ਸਰੂਪ ਵੀ। ਉਨ੍ਹਾਂ ਆਪਣੀਆਂ ਟਿੱਪਣੀਆਂ ਵਿੱਚ ਧਾਰਮਿਕ ਰਸਮਾਂ-ਰਿਵਾਜਾਂ, ਜਾਤਪਾਤ ਅਤੇ ਧਰਮ ਖੇਤਰ ਅੰਦਰ ਬੈਠੇ ਮੋਹਰੀਆਂ ਦੇ ਪਾਖੰਡਾਂ ਅਤੇ ਕਰਨੀਆਂ ਬਾਰੇ ਜੋ ਕਹਿ ਦਿੱਤਾ, ਉਹ ਰੋਸ਼ਨੀ ਦਾ ਅਜਿਹਾ ਝਲਕਾਰਾ ਹੈ ਜੋ ਜਗਤ ਭਰ ਵਿਚ ਮਨੁੱਖੀ-ਮਨਾਂ ਦੇ ਹਨੇਰੇ ਸਫਿਆਂ ਤੇ ਗਿਆਨ ਦਾ ਚਾਨਣ ਵੀ ਹੈ ਅਤੇ ਜਿੰਦਗੀ ਦੇ ਮਨੋਰਥ ਦਾ ਖੁਲਾਸਾ ਵੀ।

ਗੁਰੂ ਨਾਨਕ ਦੇਵ ਸੱਚ ਦਾ ਪ੍ਰਕਾਸ਼ ਸਨ ਅਤੇ ਪੂਰਨ ਕਰਮਯੋਗੀ। ਤਰਕ ਨਾਲ ਆਪਣੀ ਗੱਲ ਨੂੰ ਜ਼ੋਰਦਾਰ ਬਣਾਉਂਦੇ ਹੋਏ ਸਾਹਮਣੇ ਵਾਲੇ ਲਈ ਅਜਿਹੀ ਹਾਲਤ ਪੈਦਾ ਕਰ ਦਿੰਦੇ ਕਿ ਉਹ ਜਾਂ ਤਾਂ ਗੱਲ ਮੰਨ ਲੈਣ ਜਾਂ ਢੁੱਕਵਾਂ ਜਵਾਬ ਦੇਣ। ਉਨ੍ਹਾਂ ਦੀਆਂ ਦਲੀਲਾਂ ਦੀ ਰੋਸ਼ਨੀ ਨੇ ਤਾਂ ਸਿੱਧਾਂ-ਨਾਥਾਂ ਦੇ ਮੱਥਿਆਂ ਵਿਚ ਅਜਿਹੇ ਤਾਰੇ ਚਾੜ੍ਹੇ ਕਿ ਉਹ ਪ੍ਰਭਾਵਿਤ ਵੀ ਹੋ ਗਏ ਅਤੇ ਨਿਰਉੱਤਰ ਵੀ ਇਹ ਸਾਰਾ ਸੰਵਾਦ ਗੁਰਬਾਣੀ ਦਾ ਮੁੱਖ ਹਿੱਸਾ ਹੈ, ਜਿਸ ਨੂੰ ਪੜ੍ਹ ਸੁਣ ਕੇ ਪ੍ਰਸ਼ਨ ਉੱਤਰ ਦੇ ਸਿਲਸਿਲੇ ਵਿੱਚ ਮਾਣਦਿਆਂ ਬੌਧਿਕ ਹੁਸਨ ਦੀਆਂ ਉਡਾਰੀਆਂ ਵੀ ਭਰੀਆਂ ਜਾ ਸਕਦੀਆਂ ਹਨ ਅਤੇ ਮਿਆਰੀ ਸੰਵਾਦ ਦਾ ਆਨੰਦ ਵੀ ਮਾਣਿਆ ਜਾ ਸਕਦਾ ਹੈ। ਇਹ ਸਾਰਾ ਕੁੱਝ ਇਸ ਤਰ੍ਹਾਂ ਪ੍ਰਤੀਤ ਹੁੰਦਾ ਲਗਦਾ ਹੈ:

ਛੱਟਾ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿਚ।
ਲੱਖਾਂ ਕਿਰਨਾਂ ਬਖੇਰੀਆਂ ਸਵੇਰਿਆਂ ਦੇ ਵਿਚ।

ਸਿੱਧਾਂ ਜੋਗੀਆਂ ਦੇ ਮੱਥਿਆਂ ਚ ਤਾਰੇ ਚਾੜ੍ਹ ਦਿੱਤੇ,
ਲੋਅ ਫੇਰ ਵੀ ਨਾ ਹੋਈ ਸਾਡੇ ਡੇਰਿਆਂ ਦੇ ਵਿਚ।

ਗੁਰੂ ਨਾਨਕ ਦੇਵ ਸਮਾਜਿਕ ਜ਼ਿੰਮੇਵਾਰੀ ਲਈ ਮੌਲਿਕ ਅਤੇ ਵਿਲੱਖਣ ਸੋਚ ਰੱਖਣ ਵਾਲੇ ਅਜਿਹੇ ਸਿਰਜਕ ਸਨ, ਜਿਨ੍ਹਾਂ ਨੇ ਆਪਣੇ ਵਿਚਾਰਾਂ ਵਿਚ ਉੱਚ ਕਦਰਾਂ ਕੀਮਤਾਂ ਨੂੰ ਅਹਿਮ ਥਾਂ ਦੇ ਕੇ ਸਮਾਜ ਨੂੰ ਸਾਫ ਸੁਥਰੇ ਰਾਹਾਂ ਤੇ ਤੋਰਨ ਲਈ ਸੂਝਬੂਝ ਭਰੇ ਨੁਸਖੇ ਦਿੱਤੇ। ਉਨ੍ਹਾਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਆਪਸੀ ਵਖਰੇਵੇਂ ਦੂਰ ਕਰਨ ਵਾਸਤੇ ਸਾਂਝਾਂ ਦੇ ਮਜ਼ਬੂਤ ਪੁਲ ਉਸਾਰ ਕੇ ਮਨੁੱਖੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦਾ ਸਪਸ਼ਟ ਅਤੇ ਉੱਚਾ ਹੋਕਾ ਦਿੱਤਾ।

ਉਹ ਮਜ੍ਹਬਾਂ ਦੇ ਗਲਤ ਵਰਤਾਰਿਆਂ ਅਤੇ ਪਾਖੰਡਾਂ ਅੱਗੇ ਸਵਾਲ ਬਣਕੇ ਖੜ੍ਹੇ ਹੋਏ ਜਿਸ ਕਾਰਨ ਸਮਿਆਂ ਤੋਂ ਚਲੀਆਂ ਆ ਰਹੀਆਂ ਬੇਅਰਥ ਰੀਤਾਂ ਤੋਂ ਸਾਫ ਮੁਨਕਰ ਹੋ ਗਏ। ਦਲੀਲ ਦਾ ਪ੍ਰਕਾਸ਼ ਕਰਨ ਲਈ ਉਨ੍ਹਾਂ ਪਾਣੀ ਕਰਤਾਰਪੁਰ ਦੇ ਖੇਤਾਂ ਨੂੰ ਪਹੁੰਚਾਉਣ ਦਾ ਜਤਨ ਕਰਦਿਆਂ ਸੂਰਜ ਤੱਕ ਪਾਣੀ ਪਹੁੰਚਾਏ ਜਾਣ ਦੇ ਦਾਅਵੇ ਨੂੰ ਆਸਾਨੀ ਨਾਲ ਗਲਤ ਦੱਸਦਿਆਂ ਰੱਦ ਕਰ ਦਿੱਤਾ।

ਗੁਰੂ ਨਾਨਕ ਦੇਵ ਨੇ ਅਗਿਆਨ ਦੇ ਸਮਿਆਂ ਵਿੱਚ ਅਜਿਹਾ ਗਿਆਨ ਵੰਡਿਆ ਜਿਸ ਨਾਲ ਘਰ ਘਰ ਵੀ ਲੋਅ ਹੋ ਗਈ ਅਤੇ ਮਨੋਂ-ਮਨੀਂ ਵੀ। ਉਨ੍ਹਾਂ ਕੇਵਲ ਪ੍ਰਵਚਨ ਹੀ ਨਹੀਂ ਕੀਤੇ, ਜਿੱਥੇ ਲੋੜ ਪਈ ਸੰਵਾਦ ਵੀ ਰਚਾਇਆ। ਵਿਚਾਰਾਂ ਤੇ ਅਮਲ ਕਰਨ ਨੂੰ ਪਹਿਲ ਦੇ ਕੇ ਗੱਲ ਸਿਰੇ ਲਾ ਕੇ ਛੱਡੀ।

ਉਹ ਅਜਿਹੇ ਸੰਤ, ਫਕੀਰ ਅਤੇ ਸੱਚੇ ਮਾਰਗ ਦੇ ਪਾਂਧੀ ਸਨ, ਜਿਨ੍ਹਾਂ ਕਿਰਤ ਕਰਨ ਨੂੰ ਤਰਜੀਹ ਦਿੱਤੀ ਅਤੇ ਵੰਡ ਛਕਣ ਦੀ ਪਿਰਤ ਪਾਈ ਉਹ ਅਮੀਰ ਗਰੀਬ ਦੇ ਪਾੜੇ ਨੂੰ ਖੂਬ ਸਮਝਣ ਦੇ ਨਾਲ ਹੀ ਇਸ ਨੂੰ ਖਤਮ ਕਰਨ ਦੇ ਹੱਕ ਵਿਚ ਸਨ। ਇੱਥੇ ਭਾਈ ਲਾਲੋ ਅਤੇ ਮਲਕ ਭਾਗੋ ਦੀ ਕਹਾਣੀ ਨੂੰ ਯਾਦ ਕਰਨਾ ਹੀ ਠੀਕ ਰਹੇਗਾ। ਹੁਣ ਗੱਲ ਉਲਟ ਹੋ ਕੇ ਰਹਿ ਗਈ ਕਿ ਬਹੁਤ ਸਾਰੇ ਗੁਰੂ ਨਾਨਕ ਨਾਮ ਲੇਵਾ ਮਲਕ ਭਾਗੋ ਹੀ ਬਣਨਾ ਚਾਹੁੰਦੇ ਹਨ ਭਾਈ ਲਾਲੋ ਨਹੀਂ। ਇਹ ਦੌੜ ਬੰਦ ਵੀ ਨਹੀਂ ਹੋ ਰਹੀ।

ਅੱਜ ਹਾਲਾਤ ਇਹ ਹਨ ਕਿ ਜਿਨ੍ਹਾਂ ਉੱਤੇ ਸਮਾਜ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਹੈ ਉਹ ਹੀ ਸਹੀ ਰਾਹ ਤੇ ਨਹੀਂ ਚੱਲ ਰਹੇ। ਕਥਨੀ ਅਤੇ ਕਰਨੀ ਵਿਚ ਪਾੜਾ ਵਧਣ ਕਾਰਨ ਗੁਰਬਾਣੀ ਦੀ ਜਗਮਗ ਕਰਦੀ ਰੋਸ਼ਨੀ ਤੋਂ ਲਾਹਾ ਨਹੀਂ ਲਿਆ ਜਾ ਰਿਹਾ। ਜੇ ਕਿਤੇ ਇਹ ਰੋਸ਼ਨੀ ਮਨਾਂ ਵਿਚ ਅਪਣਾ ਲਈ ਜਾਵੇ ਤਾਂ ਸਭ ਵਿਤਕਰੇ ਦੂਰ ਹੋ ਜਾਣਗੇ ਅਤੇ ਸਿੱਖ ਸਮਾਜ ਜਗਮਗ ਜਗਮਗ ਕਰਨ ਲੱਗ ਪਵੇਗਾ ਜੋ ਸੰਸਾਰ ਭਰ ਦੇ ਲੋਕਾਂ ਲਈ ਇਕ ਮਿਸਾਲ ਬਣ ਜਾਵੇਗਾ।

ਗੁਰੂ ਨਾਨਕ ਦੇਵ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਚ ਜਨਮ ਲੈ ਕੇ ਉੱਥੇ ਦੇ ਹੋ ਕੇ ਹੀ ਨਹੀਂ ਰਹੇ ਸਗੋਂ ਆਪਣੀ ਵਿਲੱਖਣ ਹਸਤੀ, ਇਨਕਲਾਬੀ ਸੋਚ ਅਤੇ ਵਿਸ਼ਾਲਤਾ ਭਰੇ ਵਰਤਾਰੇ ਨਾਲ ਸਮੁੱਚੇ ਜਗਤ ਦੀ ਸਾਰ ਲੈਣ ਵਾਲੇ ਬਣੇ ਜਿਨ੍ਹਾਂ ਨੇ ਸਾਂਝੀਵਾਲਤਾ ਅਤੇ ਬਰਾਬਰੀ ਦੇ ਸਰੋਕਾਰਾਂ ਨਾਲ ਸਾਰੀ ਮਾਨਵਤਾ ਨੂੰ ਗਲਵਕੜੀ ਵਿਚ ਲੈ ਲਿਆ। ਅਜਿਹੀ ਆਰਤੀ ਰਚ ਦਿੱਤੀ ਜਿਸ ਨੂੰ ਵਿਸ਼ਵ ਦਾ ਰੂਹਾਨੀ ਗੀਤ ਮੰਨਿਆ ਜਾ ਸਕਦਾ ਹੈ। ਇਸ ਨੂੰ ਬੋਲਦਿਆਂ ਜਾਂ ਗਾਉਂਦਿਆਂ ਸਾਰਾ ਬ੍ਰਹਿਮੰਡ ਮਨ ਵਿਚ ਆ ਜਾਂਦਾ ਹੈ ਅਤੇ ਮਨ ਵੀ ਬ੍ਰਹਿਮੰਡ ਨਾਲ ਯਾਤਰਾ ਕੀਤੇ ਬਿਨਾਂ ਨਹੀਂ ਰਹਿੰਦਾ।

ਗੁਰੂ ਨਾਨਕ ਦੇਵ ਨੇ ਸਮੇਂ ਦੀ ਧਾਰਾ ਨੂੰ ਗਹਿਰਾਈ ਤੱਕ ਸਮਝ ਕੇ ਨਵੀਂ ਦਿਸ਼ਾ ਵਲ ਮੋੜਿਆ ਕਿ ਅਕਾਲ ਪੁਰਖ ਨੂੰ ਲੱਭਣ ਲਈ ਮਨ ਅੰਦਰ ਝਾਕਣ ਦੀ ਲੋੜ ਹੈ ਤਾਂ ਕਿ ਮਨ ਤੇ ਕਾਬੂ ਹੋ ਜਾਏ ਤਾਂ ਜਗਤ ਆਪੇ ਜਿੱਤਿਆ ਜਾਵੇਗਾ। ਉਨ੍ਹਾਂ ਭੇਖ ਨੂੰ ਛੱਡ ਕੇ ਰੂਹ ਦੇ ਪਾਰ ਉਤਾਰੇ ਦੀ ਗੱਲ ਕੀਤੀ। ਨਵਾਂ ਜੀਵਨ ਫਲਸਫਾ ਦਿੱਤਾ ਅਤੇ ਨਵੀਂ ਜੀਵਨ ਜਾਚ।

ਉਨ੍ਹਾਂ ਬਾਣੀ ਕੇਵਲ ਗਾਇਣ ਕਰਨ ਵਾਸਤੇ ਹੀ ਨਹੀਂ ਉਚਾਰੀ ਸਗੋਂ ਜੀਵਨ ਵਿਚ ਉਚਾਰਨ ਲਈ ਕਿਹਾ ਹੈ ਤਾਂ ਕਿ ਮਨੁੱਖ ਦੇ ਜੀਵਨ-ਵਿਹਾਰ ਵਿਚ ਹਾਂ-ਪੱਖੀ ਬਦਲਾਅ ਆ ਸਕੇ। ਜੀਵਨ ਵਿੱਚ ਸੰਤੁਸ਼ਟੀ ਵੱਡਿਆਂ ਮਗਰ ਦੌੜ ਕੇ ਨਹੀਂ ਹੋ ਸਕਦੀ ਸਗੋਂ ਆਪੇ ਵਿਚ ਸੰਤੁਸ਼ਟੀ ਅਤੇ ਸ਼ਾਂਤ ਰਿਹਾ ਜਾਵੇ ਤਾਂ ਸਿਖਰਾਂ ਦੂਰ ਨਹੀਂ ਰਹਿੰਦੀਆਂ।

ਉਹ ਸਮਾਜਕ ਵਰਤਾਰੇ ਤੇ ਵੀ ਟਿੱਪਣੀਆਂ ਕਰਦੇ ਹਨ ਅਤੇ ਧਰਮ ਦੇ ਖੇਤਰ ਵਿਚ ਹੋ ਰਹੇ ਅਡੰਬਰਾਂ ਬਾਰੇ ਵੀ ਉਨ੍ਹਾਂ ਜੀਵਨ ਦਾ ਸਰਲ ਸਾਧਾਰਨ ਫਲਸਫਾ ਦਿੱਤਾ ਜਿਸ ਦੇ ਅਧਾਰ ਤੇ ਅਜਿਹਾ ਧਰਮ ਪੈਦਾ ਹੋ ਗਿਆ ਜਿਸ ਨਾਲ ਮਨੁੱਖ ਦੇ ਜੀਵਨ ਵਿਚ ਬਦਲਾਅ ਵੀ ਹੋ ਸਕਦਾ ਹੈ ਅਤੇ ਵਿਕਾਸ ਵੀ।

ਉਨ੍ਹਾਂ ਸਪਸ਼ਟ ਟਿੱਪਣੀਆਂ ਰਾਹੀਂ ਧਰਮਾਂ ਵਾਲਿਆਂ ਨੂੰ ਵੀ ਸਮਝਾਉਣ ਦਾ ਸਫਲ ਜਤਨ ਕੀਤਾ, ਧਰਮ ਦੀ ਗਹਿਰਾਈ ਅਤੇ ਅਸਲੀ ਰੂਹ ਦੇ ਦਰਸ਼ਨ ਕਰਵਾਏ ਤਾਂ ਕਿ ਮਨੁੱਖ ਫਜ਼ੂਲ ਦੇ ਵਖਰੇਵਿਆਂ ਨੂੰ ਛੱਡ ਕੇ ਸਮਾਜ ਵਿਚ ਰਹਿੰਦਿਆਂ ਰੂਹ ਦਾ ਸਫਰ ਕਰੇ।

ਆਓ ਸਾਰੇ ਸੋਚ ਦੀ ਵੱਡ ਆਕਾਰੀ ਅਤੇ ਅਮਲਾਂ ਦੀ ਮਿਆਰੀ ਹਸਤੀ ਅੱਗੇ ਨਤਮਸਤਕ ਹੋਈਏ ਅਤੇ ਉਨ੍ਹਾਂ ਦੇ 548ਵੇਂ ਪ੍ਰਕਾਸ਼ ਉਤਸਵ ਤੇ ਪ੍ਰਣ ਕਰੀਏ ਕਿ ਉਨ੍ਹਾਂ ਦੇ ਦਾਰਸ਼ਨਿਕ ਅਤੇ ਸਮਾਜਕ ਵਿਚਾਰਾਂ ਨੂੰ ਅਪਣਾਵਾਂਗੇ, ਕਿਰਤ ਕਰਾਂਗੇ, ਵੰਡ ਕੇ ਛਕਾਂਗੇ ਅਤੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਤੇ ਹਰ ਸੂਰਤ ਪਹਿਰਾ ਦੇਵਾਂਗੇ।

*****

(884)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

 

ਕਵਿਤਾ: ਬਾਬਾ ਨਾਨਕ ਗੁਰਦੁਆਰੇ ਵਿਚ ਨਹੀਂ ਸੀ --- ਡਾ. ਹਰਜਿੰਦਰ ਸਿੰਘ ਦਿਲਗੀਰ

ਕੱਲ੍ਹ ਵੀ ਮੈਂ ਗੁਰਦੁਆਰੇ ਗਿਆ ਸੀ,
ਪਰ ਮੁੜ ਆਇਆ ਸੀ।

ਅੱਜ ਵੀ ਮੈਂ ਗੁਰਦੁਆਰੇ ਗਿਆ
ਮੁੜ ਆਇਆ ਹਾਂ।
ਉੱਥੇ ਬੈਠ ਨਹੀਂ ਸਕਿਆ
ਰੁਕ ਹੀ ਨਹੀਂ ਸਕਿਆ;
ਬਾਬਾ ਨਾਨਕ ਗੁਰਦੁਆਰੇ ਨਹੀਂ ਸੀ।
ਉੱਥੇ ਕਰਮ ਕਾਂਡੀ ਪੁਜਾਰੀ
ਤੇ ਜਥੇਦਾਰ ਨਜ਼ਰ ਆਏ।
ਭਾਈ ਸਾਹਿਬ, ਸਿੰਘ ਸਾਹਿਬ
ਤੇ ਪੰਥ ਰਤਨ ਮੌਜੂਦ ਪਾਏ।

ਉੱਥੇ ਸ੍ਰੀ ਚੰਦ ਦੇ ਚੇਲੇ
ਮੱਥੇ ਟਿਕਾਉਂਦੇ ਫਿਰਦੇ ਸਨ।
ਤੇ ਕਈ ਢਿੱਡਲੀਆਂ ਵਾਲੇ
ਕਵਿਤਾਵਾਂ ਗਾਉਂਦੇ ਦਿਸਦੇ ਸਨ।

ਉੱਥੇ ਨਵੇਂ ਸੱਜਣ ਠੱਗਾਂ
ਤੇ ਮਲਕ ਭਾਗੋਆਂ ਦਾ ਟੋਲਾ ਸੀ।
ਮਸੰਦਾਂ, ਮਹੰਤਾਂ ਤੇ ਵਿਭਚਾਰੀਆਂ ਦਾ ਮੇਲਾ ਸੀ।

ਉੱਥੇ ਪੈਸਿਆਂ ਨਾਲ ਸਿਰੋਪੇ ਮਿਲਦੇ ਤੱਕੇ।
ਤੇ ਕੀਤੇ ਕਰਾਏ ‘ਖੰਡ ਪਾਠ’ ਵਿਕਦੇ ਤੱਕੇ।

ਉੱਥੇ ਜੋਤਾਂ ਜਗਦੀਆਂ ਸਨ
ਖ਼ੂਬਸੂਰਤ ਚੰਦੋਏ ਸਨ।
ਤੇ ਗੁਰੁ ਗ੍ਰੰਥ ਸਾਹਿਬ
ਸੋਲ੍ਹਾਂ ਰੁਮਾਲਿਆਂ ਵਿਚ ਲੁਕੋਏ ਸਨ।

ਉੱਥੇ ਸੋਨੇ ਦੀ ਪਾਲਕੀ ਸੀ
ਸੰਗਮਰਮਰ ਦੇ ਫ਼ਰਸ਼ ਸਨ
ਤੇ ਕੰਧਾਂ ਉੱਚੀਆਂ ਸਨ।
ਲਾਲੋ ਦਾ ਲੰਗਰ ਨਹੀਂ
ਉੱਥੇ ਛੱਤੀ ਕਿਸਮ ਦੇ ਪਕਵਾਨ
ਪੂੜੀਆਂ, (...) ਸਨ।

ਉੱਥੇ ਮਾਤਾ ਖੀਵੀ ਨਹੀਂ
ਮਾਤਾ ਗੁਜਰੀ ਨਹੀਂ
ਨਾ ਬੀਬੀਆਂ ਨਾ ਮਾਈਆਂ ਸਨ।
ਤੀਵੀਆਂ ਸ਼ਾਇਦ ਕੱਪੜਿਆਂ
ਤੇ ਗਹਿਣਿਆਂ ਦੀ ਨੁਮਾਇਸ਼
ਕਰਨ ਆਈਆਂ ਸਨ।

ਉੱਥੇ ਸੰਤ, ਸਾਧ
ਬਾਬੇ ਤੇ ਬ੍ਰਹਮ ਗਿਆਨੀ ਸਨ
ਤੇ ਪ੍ਰਧਾਨ, ਸਕੱਤਰ ਤੇ ਟਰਸਟੀ ਸਨ।
ਉੱਥੇ ਭਾਈ ਮੰਞ
ਫੇਰੂ ਤੇ ਘਨਈਆ ਨਹੀਂ ਸਨ
ਡਾਂਗਾਂ ਵਾਲੇ
ਮਾਫ਼ੀਆ ਵਾਲੇ ਤੇ ਭਰਸ਼ਟੀ ਸਨ।

ਉੱਥੇ ਧਾਲੀਵਾਲ
ਸਿੱਧੂ, ਸੰਧੂ, ਬਰਾੜ ਲੱਭੇ।
ਉਸ ਦੀਵਾਨ ਵਿਚ ਜੈਤਾ
ਤੇ ਰੂਪਾ ਤੇ ਮਨਸੁਖ ਨਹੀਂ ਫੱਬੇ।

ਉੱਥੇ ਧੰਨ ਧੰਨ ਬਾਬਾ
ਦੀਪ ਸਿੰਘ ਦੇ ਨਾਅਰੇ ਸਨ।
ਪਰ ਬੰਦਾ ਸਿੰਘ ਬਹਾਦਰ
ਤੇ ਭਾਈ ਮਨੀ ਸਿੰਘ ਵਿਚਾਰੇ ਸਨ।

ਮੈਨੂੰ ਗੁਰਦੁਆਰਾ ਨਹੀਂ
ਇਕ ਇਮਾਰਤ ਨਜ਼ਰ ਆਈ ਸੀ।
ਜਿੱਥੇ ਬਾਬਾ ਨਾਨਕ ਤਾਂ ਨਹੀਂ ਸੀ
ਪਰ ਉਸ ਦੇ ਨਾਂ ਦੀ ਦੁਹਾਈ ਸੀ।

ਹਾਂ! ਬਾਬਾ ਨਾਨਕ ਗੁਰਦੁਆਰੇ ਵਿੱਚ ਨਹੀਂ ਸੀ॥

** (...) ਇਹ ਸ਼ਬਦ ਸਾਨੂੰ ਬਾਕੀ ਕਵਿਤਾ ਦੇ ਮਿਆਰ ਤੋਂ ਹੇਠਾਂ ਹੋਣ ਕਾਰਨ ਸਾਨੂੰ ਕੱਟਣਾ ਪਿਆ --- ਸੰਪਾਦਕ)

ਕਿਸੇ ਨੇ ਲਿਖਿਆ ਹੈ:

ਜਿਸ ਦੁਕਾਨ ’ਤੇ ਗੁਰੂ ਨਾਨਕ ਬੈਠੇ, ਉਹ ਗੁਰਦੁਆਰਾ ਬਣ ਗਈ।
ਜਿਸ ਗੁਰਦੁਆਰੇ ਅਸੀਂ ਜਾ ਬੈਠੇ, ਉਹ ਦੁਕਾਨ ਬਣ ਗਿਆ।

**

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author