“ਭਵਿੱਖ ਵਿੱਚ ਭੀੜ ਵਾਲੀਆਂ ਥਾਂਵਾਂ ’ਤੇ ਕਾਬੂ ਰੱਖਣ ਲਈ ਹੁਕਮਰਾਨਾਂ ਅਤੇ ਅਧਿਕਾਰੀਆਂ ਨੂੰ ...”
(27 ਅਕਤੂਬਰ 2018)
ਹੁਕਮਰਾਨਾਂ ਵਿੱਚ ਅਨੁਸ਼ਾਸਨ ਨਾ ਹੋਵੇ ਅਤੇ ਅਧਿਕਾਰੀਆਂ ਕੋਲ ਸਮੇਂ ਦੇ ਹਾਣ ਦੇ ਹੋ ਕੇ ਚੱਲਣ ਦੀ ਲਿਆਕਤ ਨਾ ਹੋਵੇ ਤਾਂ ਧਰਤੀ ਉੱਤੇ ਰੱਬੀ ਭਾਣਿਆਂ ਦੀ ਥਾਂ ਹੁਕਮਰਾਨ ਭਾਣੇ ਅਤੇ ਅਧਿਕਾਰੀ ਭਾਣੇ ਹੋਣੇ ਰੁਕ ਨਹੀਂ ਸਕਦੇ। ਜੇ ਇਹ ਸਮੇਂ ਦੇ ਪਾਬੰਦ ਨਹੀਂ ਹੁੰਦੇ ਤਾਂ ਵਿਘਨ ਪੈਣ ਦੀ ਸੰਭਾਵਨਾ ਨਹੀਂ ਰੁਕਦੀ। ਇਹ ਆਪਣੀ ਵਡਿੱਤਣ ਕਾਰਨ ਆਪਣੀ ਪੈਂਠ ਬਣਾਈ ਰੱਖਣ ਤੋਂ ਬਾਜ਼ ਨਹੀਂ ਆਉਂਦੇ। ਇਨ੍ਹਾਂ ਦੀਆਂ ਗ਼ਲਤੀਆਂ ਦਾ ਖਮਿਆਜ਼ਾ ਉਹ ਲੋਕ ਭੁਗਤਦੇ ਹਨ, ਜਿਨ੍ਹਾਂ ਦਾ ਕਸੂਰ ਨਹੀਂ ਹੁੰਦਾ।
ਦੇਸ਼ ਵਿੱਚ ਨਿੱਤ ਵਧਦੀ ਜਾਂਦੀ ਜਨਤਾ ਕਾਰਨ ਹਰੇਕ ਥਾਂ ਭੀੜਾਂ ਦਾ ਜਮਘਟਾ ਹੁਣ ਕੋਈ ਓਪਰੀ ਗੱਲ ਨਹੀਂ ਰਹੀ, ਪਰ ਇਸ ਭੀੜਤੰਤਰ ਨੂੰ ਸੰਭਾਲਣ ਦਾ ਕੋਈ ਢੁੱਕਵਾਂ ਪ੍ਰਬੰਧ ਨਾ ਕੀਤੇ ਜਾਣ ਕਾਰਨ ਕਈ ਮੌਕਿਆਂ ’ਤੇ ਭਗਦੜ ਮਚਦੀ ਰਹੀ, ਜਿਨ੍ਹਾਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਕਿਸੇ ਤੋਂ ਛੁਪੀ ਹੋਈ ਨਹੀਂ। ਤਿਉਹਾਰਾਂ, ਮੇਲਿਆਂ ਅਤੇ ਹੋਰ ਜਨਤਕ ਥਾਂਵਾਂ ’ਤੇ ਭੀੜ-ਭੜੱਕਾ ਹੋਣਾ ਆਮ ਜਿਹੀ ਗੱਲ ਹੋ ਗਈ ਹੈ, ਜਿਹੜਾ ਦਿਨ-ਬ-ਦਿਨ ਵਧਦਾ ਹੀ ਰਹੇਗਾ, ਘਟੇਗਾ ਨਹੀਂ। ਇਸ ਵਾਸਤੇ ਜ਼ਰੂਰੀ ਹੈ ਕਿ ਹੁਕਮਰਾਨ ਅਤੇ ਅਧਿਕਾਰੀ ਜਾਗਣ ਅਤੇ ਵੇਲੇ ਸਿਰ ਜ਼ਰੂਰੀ ਪ੍ਰਬੰਧ ਕਰਨ।
ਇਹ ਆਮ ਹੀ ਦੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਅਤੇ ਉਸ ਵਿੱਚ ਵੱਡਾ ਨੁਕਸਾਨ ਹੋ ਜਾਂਦਾ ਹੈ, ਫੇਰ ਜਾਗਦੇ ਹਨ ਹੁਕਮਰਾਨ। ਕਦੇ ਵੀ ਅਜਿਹਾ ਨਹੀਂ ਹੁੰਦਾ ਕਿ ਹੋਣ ਵਾਲੇ ਨੁਕਸਾਨ ਤੋਂ ਪਹਿਲਾਂ ਹੀ ਲੋੜੀਂਦੇ ਕਦਮ ਪੁੱਟ ਲਏ ਗਏ ਹੋਣ। ਜੇ ਅਜਿਹਾ ਕਰ ਲਿਆ ਜਾਇਆ ਕਰੇ ਤਾਂ ਹਰੇਕ ਵੱਡੇ ਤੋਂ ਵੱਡੇ ਸਮਾਗਮ ਦI ਭੀੜ ’ਤੇ ਵੀ ਕਾਬੂ ਪਾਉਣਾ ਮੁਸ਼ਕਿਲ ਕੰਮ ਨਹੀਂ। ਪਹਿਲਾਂ ਪ੍ਰਬੰਧ ਕਰਨ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ, ਪਰ ਸਾਡੇ ਹੁਕਮਰਾਨ ਅਜਿਹਾ ਕਰਨੋਂ ਅਵੇਸਲੇ ਰਹਿ ਜਾਂਦੇ ਹਨ, ਅਧਿਕਾਰੀ ਵੇਲੇ ਸਿਰ ਨਹੀਂ ਬਹੁੜਦੇ।
ਭਾਣਾ ਭਾਵੇਂ ਰੱਬੀ ਹੋਵੇ, ਭਾਵੇਂ ਮਨੁੱਖੀ, ਪਰ ਉਸ ਵਿੱਚ ਹੋਏ ਨੁਕਸਾਨ ਦਾ ਬਾਅਦ ਵਿੱਚ ਬੜੀ ਬਾਰੀਕੀ ਨਾਲ ਅਧਿਐਨ ਕੀਤਾ ਜਾਂਦਾ ਹੈ ਅਤੇ ਪੜਤਾਲਾਂ ਦੇਰ ਤੱਕ ਨਹੀਂ ਰੁਕਦੀਆਂ। ਜਾਨਾਂ ਦਾ ਖੌਅ ਹੋ ਜਾਣ ਤੋਂ ਬਾਅਦ ਅਤੇ ਜਾਇਦਾਦ ਦਾ ਨੁਕਸਾਨ ਹੋ ਜਾਣ ਮਗਰੋਂ ਜਿੰਨਾ ਸਮਾਂ ਅਤੇ ਧਨ ਅੰਞਾਈਂ ਗਵਾਇਆ ਜਾਂਦਾ ਹੈ, ਉਸ ਨੂੰ ਬਚਾਉਣ ਲਈ ਪਹਿਲਾਂ ਕਦਮ ਉਠਾ ਲੈਣੇ ਜ਼ਿਆਦਾ ਬਿਹਤਰ ਹੋਣਗੇ।
ਪਹਾੜ ਦੀ ਢਿੱਗ ਡਿੱਗਣੀ, ਹੜ੍ਹ ਆਉਣੇ, ਪੁਲ ਅਤੇ ਸੜਕਾਂ ਟੁੱਟਣੀਆਂ ਕੁਦਰਤੀ ਹੈ, ਜੋ ਟਾਲੇ ਨਹੀਂ ਜਾ ਸਕਦੇ। ਬੱਦਲਾਂ ਦਾ ਫਟ ਜਾਣਾ, ਅਸਮਾਨੀ ਬਿਜਲੀ ਦਾ ਪੈਣਾ ਅਜਿਹੇ ਵਰਤਾਰੇ ਹਨ, ਜਿਨ੍ਹਾਂ ਦਾ ਪਹਿਲਾਂ ਪਤਾ ਨਹੀਂ ਲੱਗਦਾ। ਇਨ੍ਹਾਂ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ। ਇਨ੍ਹਾਂ ਵਿੱਚ ਹੋਇਆ ਨੁਕਸਾਨ ਝੱਲਣਾ ਹੀ ਪੈਂਦਾ ਹੈ, ਕਿਉਂਕਿ ਇਨ੍ਹਾਂ ਰੱਬੀ ਭਾਣਿਆਂ ਅੱਗੇ ਕੁਝ ਵੀ ਕੀਤਾ ਨਹੀਂ ਜਾ ਸਕਦਾ।
ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਪਰ ਹੁਣੇ ਜਿਹੇ ਵਾਪਰਿਆ ਰੇਲ ਹਾਦਸਾ ਮਨੁੱਖੀ ਭਾਣਾ ਹੈ, ਰੱਬੀ ਭਾਣਾ ਨਹੀਂ। ਰਾਵਣ ਨੂੰ ਸਾੜ ਦੇਣ ਵਾਲੇ ਹੁਕਮਰਾਨ ਅਤੇ ਸਾੜਨ ਲਈ ਥਾਂ ਦੇਣ ਵਾਲੇ ਅਧਿਕਾਰੀ ਜਾਂ ਫੇਰ ਆਪੇ ਥਾਂ ਮੱਲਣ ਵਾਲੇ ਧੱਕੇਸ਼ਾਹ ਲੋਕਾਂ ਨਾਲ ਧੱਕਾ ਕਰ ਗਏ, ਇਨਸਾਫ਼ ਨਹੀਂ ਕਰ ਸਕੇ। ਅਜਿਹਾ ਵਾਪਰ ਜਾਣ ਨਾਲ ਪੂਰੇ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਵੀ ਅਣਗਹਿਲੀ ਹੀ ਕਹੀ ਜਾ ਸਕਦੀ ਹੈ, ਜਿਹੜੇ ਹੁਣ ਹੋਏ-ਵਾਪਰੇ ਭਾਣੇ ਨੂੰ ਕੁਦਰਤੀ ਖਾਤੇ ਵਿੱਚ ਪਾਉਣ ਲਈ ਜਤਨ ਕਰਨਗੇ, ਪਰ ਇਹ ਰੱਬੀ ਭਾਣਾ ਨਹੀਂ।
ਹੁਕਮਰਾਨ ਤਾਂ ਅਕਸਰ ਬਦਲਦੇ ਰਹਿੰਦੇ ਹਨ, ਪਰ ਅਧਿਕਾਰੀ ਪੱਕੇ ਹੋਣ ਕਾਰਨ ਤੌਰ-ਤਰੀਕਿਆਂ ਤੋਂ ਜਾਣੂ ਹੁੰਦੇ ਹਨ, ਨਿਯਮਾਂ ਅਤੇ ਕਾਨੂੰਨਾਂ ਤੋਂ ਵੀ। ਮੇਲਿਆਂ ਅਤੇ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਅੱਖਾਂ ਸਹੀ ਦਿਸ਼ਾ ਵੱਲ ਸੇਧ ਉਨ੍ਹਾਂ ਦੇਣੀ ਹੁੰਦੀ ਹੈ ਤਾਂ ਜੁ ਕੋਈ ਨੁਕਸਾਨਦੇਹ ਘਟਨਾ ਨਾ ਵਾਪਰ ਜਾਵੇ।
ਹੁਕਮਰਾਨ ਇਹ ਕਿਉਂ ਨਹੀਂ ਸਮਝਦੇ ਕਿ ਮਰਨ ਤੋਂ ਬਾਅਦ ਸਾੜੇ ਗਏ ਵਿਦਵਾਨ ਰਾਵਣ ਨੂੰ ਵਾਰ-ਵਾਰ ਸਾੜਨਾ ਕਿਸੇ ਤਰ੍ਹਾਂ ਵੀ ਠੀਕ ਨਹੀਂ। ਉਹ ਕਾਨੂੰਨ ਬਣਾਉਣਾ ਜਾਣਦੇ ਹਨ ਤਾਂ ਫੇਰ ਇਹ ਕਾਨੂੰਨ ਕਿਉਂ ਨਹੀਂ ਬਣਾਉਂਦੇ ਕਿ ਇੱਕ ਵਾਰ ਸਾੜਿਆ ਗਿਆ ਬੰਦਾ ਪੁਤਲਿਆਂ ਦੇ ਰੂਪ ਵਿੱਚ ਵੀ ਨਹੀਂ ਸਾੜਿਆ ਜਾ ਸਕਦਾ। ਅਜਿਹਾ ਕਾਨੂੰਨ ਕਿਸੇ ਧਰਮ ਦੇ ਵਿਰੁੱਧ ਨਹੀਂ, ਸਗੋਂ ਪੁਤਲਿਆਂ ’ਤੇ ਹੁੰਦਾ ਖ਼ਰਚਾ ਬਚਾਇਆ ਜਾ ਸਕਦਾ ਹੈ ਅਤੇ ਪਟਾਕਿਆਂ ਨਾਲ ਹੁੰਦੇ ਪ੍ਰਦੂਸ਼ਣ ਤੋਂ ਵੀ ਬਚਿਆ ਜਾ ਸਕਦਾ ਹੈ।
ਸਵਾਲ ਇਹ ਵੀ ਹੈ ਕਿ ਮਨੁੱਖੀ ਗ਼ਲਤੀ ਨਾਲ ਮਾਰੇ ਗਏ ਇੰਨੇ ਬੰਦਿਆਂ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ, ਜਿਸ ਨੂੰ ਬਣਦੀ ਸਜ਼ਾ ਦਿੱਤੀ ਜਾ ਸਕੇ? ਇਹ ਬੜਾ ਵੱਡਾ ਦੁਖਾਂਤ ਹੈ, ਜਿਸਦੀ ਜ਼ਿੰਮੇਵਾਰੀ ਕਿਸੇ ਦੇ ਸਿਰ ਵੀ ਨਹੀਂ ਪੈਂਦੀ ਲੱਗਦੀ, ਕਿਉਂਕਿ ਇਸ ਦਰਦ-ਵਿੰਨ੍ਹੇ ਸਮੇਂ ’ਤੇ ਵੀ ਸਿਆਸਤ ਛਾ ਗਈ ਹੈ। ਇਹ ਸਿਆਸਤ ਸੱਚ ਨੂੰ ਬਾਹਰ ਨਹੀਂ ਆਉਣ ਦੇਵੇਗੀ, ਸਭ ਕੁਝ ਛੁਪਾ ਲਵੇਗੀ।
ਦਿਲਾਂ ਦੀਆਂ ਜੋਤਾਂ ਬੁਝ ਗਈਆਂ, ਬੋਲਦੀਆਂ ਜੀਭਾਂ ਖਾਮੋਸ਼ ਹੋ ਗਈਆਂ, ਦੌੜਦੇ-ਭੱਜਦੇ ਲੋਕ ਲਹੂ-ਲੁਹਾਣ ਹੋ ਕੇ ਆਪਣੀਆਂ ਹੀ ਹੱਡੀਆਂ ਅਤੇ ਮਾਸ ਦੇ ਲੋਥੜੇ ਲੱਭਣ ਜੋਗੇ ਹੀ ਨਾ ਰਹੇ। ਹੁਣ ਮੋਮਬੱਤੀਆਂ ਜਗਾ ਕੇ ਉਨ੍ਹਾਂ ‘ਹੈ’ ਤੋਂ ‘ਸੀ’ ਹੋ ਗਏ ਲੋਕਾਂ ਲਈ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਦਿ ਪਰਵਾਰਾਂ ਦੇ ਪਰਵਾਰ ਚਲੇ ਗਏ, ਉਨ੍ਹਾਂ ਦਾ ਘਾਟਾ ਕਦੇ ਪੂਰਾ ਨਹੀਂ ਹੋਣ ਲੱਗਾ।
ਬਾਅਦ ਵਿੱਚ ਹੀ ਸਹੀ, ਚੰਗਾ ਹੋਇਆ ਕਿ ਸੂਬੇ ਦੇ ਵੱਡੇ ਹੁਕਮਰਾਨ ਦੁਖਾਂਤ ਝੱਲਣ ਵਾਲੀ ਜਗ੍ਹਾ ਪਹੁੰਚੇ ਅਤੇ ਜ਼ਖ਼ਮੀ ਲੋਕਾਂ ਨਾਲ ਦੁੱਖ ਵੰਡਾਇਆ। ਮਾਇਕ ਸਹਾਇਤਾ ਦਾ ਵੀ ਪ੍ਰਬੰਧ ਕੀਤਾ ਗਿਆ, ਜੋ ਕਿ ਅਜਿਹੇ ਮੌਕੇ ਲੋੜੀਂਦਾ ਵੀ ਸੀ ਅਤੇ ਲਾਜ਼ਮੀ ਵੀ। ਧਾਰਮਿਕ ਅਦਾਰਿਆਂ ਨੇ ਵੀ ਮਦਦ ਦਾ ਹੱਥ ਅੱਗੇ ਵਧਾਇਆ ਅਤੇ ਦੁਖੀਆਂ ਨੂੰ ਰਾਹਤ ਦੇਣ ਦਾ ਜਤਨ ਕੀਤਾ।
ਅੰਮ੍ਰਿਤਸਰ ਦੀ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਅਤੇ ਉਸ ਦੇ ਪਤੀ ਨਵਜੋਤ ਸਿੰਘ ਸਿੱਧੂ ’ਤੇ ਉਂਗਲਾਂ ਉਠਾਈਆਂ ਜਾ ਰਹੀਆਂ ਹਨ, ਜਿਸ ਦਾ ਨਿਰਣਾ ਤਾਂ ਜਾਂਚ ਹੀ ਕਰੇਗੀ। ਚੰਗਾ ਇਹ ਹੋਇਆ ਕਿ ਨਵਜੋਤ ਸਿੰਘ ਨੇ ਦੁਰਘਟਨਾ ਵਿੱਚ ਅਨਾਥ ਅਤੇ ਬੇਸਹਾਰਾ ਹੋਏ ਸਾਰੇ ਲੋਕਾਂ ਦਾ ਤਾਉਮਰ ਹੋਣ ਵਾਲਾ ਖ਼ਰਚਾ ਆਪਣੇ ਜ਼ਿੰਮੇ ਲੈ ਲਿਆ। ਉਸ ਨੇ ਸਰਕਾਰ ਵੱਲ ਨਹੀਂ ਦੇਖਿਆ, ਸਗੋਂ ਅੰਮ੍ਰਿਤਸਰ ਦੇ ਲੋਕਾਂ ਨੂੰ ਆਪਣੇ ਪਰਵਾਰ ਵਾਂਗ ਸਮਝਦਿਆਂ ਇਹ ਕਦਮ ਉਠਾਇਆ।
ਹੁਣ ਤਾਂ ਜੋ ਹੋ ਗਿਆ ਸੋ ਹੋ ਗਿਆ, ਪਰ ਭਵਿੱਖ ਵਿੱਚ ਭੀੜ ਵਾਲੀਆਂ ਥਾਂਵਾਂ ’ਤੇ ਕਾਬੂ ਰੱਖਣ ਲਈ ਹੁਕਮਰਾਨਾਂ ਅਤੇ ਅਧਿਕਾਰੀਆਂ ਨੂੰ ਸਿਰ ਜੋੜ ਕੇ ਹੁਣ ਤੋਂ ਹੀ ਪੱਕੇ ਨਿਯਮ ਬਣਾਉਣੇ ਚਾਹੀਦੇ ਹਨ, ਤਾਂ ਜੁ ਅੰਞਾਈਂ ਜਾਂਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਅਤੇ ਵਰਤਾਏ ਜਾਂਦੇ ਮਨੁੱਖੀ ਭਾਣੇ ਰੱਬੀ ਭਾਣੇ ਨਾ ਬਣਾਏ ਜਾਣ।
ਕੀ ਹੁਣ ਸਰਕਾਰ ਦਰਿਆਵਾਂ, ਝੀਲਾਂ, ਸਾਗਰਾਂ, ਰੇਲ ਪਟੜੀਆਂ, ਵੱਡੀਆਂ ਸੜਕਾਂ ਅਤੇ ਹੋਰ ਖ਼ਤਰਨਾਕ ਥਾਂਵਾਂ ਨੇੜੇ ਭੀੜ ਨਾ ਜੁੜਨ ਦੇਣ ਦੇ ਜਤਨ ਕਰੇਗੀ? ਕੀ ਅਜਿਹਾ ਪ੍ਰਬੰਧ ਕੀਤਾ ਜਾਵੇਗਾ ਕਿ ਹਰ ਸ਼ਹਿਰ-ਪਿੰਡ ਵਿੱਚ ਕੀਤੇ ਜਾਂਦੇ ਮੇਲਿਆਂ, ਸਮਾਗਮਾਂ ’ਤੇ ਬਾਜ਼ ਨਿਗਾਹ ਰੱਖੀ ਜਾਵੇ, ਤਾਂ ਜੁ ਕਿਸੇ ਵੀ ਥਾਂ ਦੁਖਾਂਤਕ ਘਟਨਾ ਨਾ ਵਾਪਰੇ? ਉਮੀਦ ਹੈ ਕਿ ਹੁਕਮਰਾਨ ਬੀਤੇ ਤੋਂ ਸਿੱਖਣਗੇ।
ਜ਼ਰੂਰੀ ਹੈ ਕਿ ਹੁਕਮਰਾਨ ਰਾਜ ਦੇ ਸਾਰੇ ਅਧਿਕਾਰੀਆਂ ਨੂੰ ਸਮੇਂ-ਸਮੇਂ ਟਰੇਨਿੰਗ ਦੇਣ ਅਤੇ ਸਮੇਂ ਦੇ ਹਾਣ ਦੇ ਬਣਾਉਣ ਲਈ ਹਮੇਸ਼ਾ ਸਜੱਗ ਰਹਿਣ। ਹੁਣ ਸਮਾਂ ਅਵੇਸਲੇ ਰਹਿਣ ਦਾ ਨਹੀਂ, ਕਿਉਂਕਿ ਜਨਤਾ ਘਟਣੀ ਨਹੀਂ, ਸਗੋਂ ਨਿੱਤ ਦਿਨ ਹੀ ਵਧਦੀ ਰਹੇਗੀ। ਇਹ ਵੀ ਕਿ ਮਨੁੱਖੀ ਭਾਣੇ ਲਈ ਮਨੁੱਖਾਂ ਨੂੰ ਸਜ਼ਾ ਦਿੱਤੀ ਜਾਵੇ, ਰੱਬੀ ਭਾਣੇ ਲਈ ਸਾਨੂੰ ਰੱਬ ਤਾਂ ਲੱਭ ਸਕਣਾ ਸੰਭਵ ਨਹੀਂ ਜਾਪਦਾ।
ਰੇਲ ਹਾਦਸੇ ਵਿੱਚ ਲੋਕ ਵੀ ਹੁਸ਼ਿਆਰ ਨਹੀਂ ਰਹੇ। ਉਹ ਰੇਲ ਪਟੜੀ ’ਤੇ ਕਿਉਂ ਖੜ੍ਹੇ? ਗੱਡੀ ਤਾਂ ਕਿਸੇ ਵਕਤ ਵੀ ਆ ਸਕਦੀ ਹੈ, ਕਿਉਂਕਿ ਰੇਲਵੇ ਦੇ ਟਾਈਮ ਤਾਂ ਮੁਕੱਰਰ ਹਨ। ਇਹ ਤਾਂ ਆਮ ਜਾਣਕਾਰੀ ਦੀ ਗੱਲ ਹੈ ਕਿ ਸੜਕ ਦੇ ਵਿਚਕਾਰ ਨਾ ਖੜ੍ਹੇ ਹੋਈਏ, ਰੇਲ ਪਟੜੀ ’ਤੇ ਨਾ ਖੜੀਏ, ਨਾ ਹੀ ਤੁਰੀਏ ਅਤੇ ਡੂੰਘੇ ਪਾਣੀ ਵਿੱਚ ਛਾਲ ਨਾ ਮਾਰੀਏ। ਜੇ ਲੋਕ ਅਜਿਹੇ ਕੁਝ ਨੂੰ ਮੰਨਣ ਲਈ ਤਿਆਰ ਨਹੀਂ ਹੋਣਗੇ ਤਾਂ ਆਪਣੀ ਮੌਤ ਦੇ ਆਪ ਜ਼ਿੰਮੇਵਾਰ ਹੋਣਗੇ, ਜਿਵੇਂ ਕਿ ਤਾਜ਼ਾ ਰੇਲ ਹਾਦਸੇ ਵਿੱਚ ਹੋਇਆ। ਇਸ ਨੂੰ ਲੋਕ-ਭਾਣਾ ਹੀ ਕਿਹਾ ਜਾ ਸਕਦਾ ਹੈ, ਕਿਸੇ ਪਰਿਭਾਸ਼ਾ ਵਿੱਚ ਵੀ ਰੱਬੀ ਭਾਣਾ ਨਹੀਂ। ਮਰਨ ਵਾਲਿਆਂ ਵਿਚ ਵੱਖ-ਵੱਖ ਉਮਰ ਦੇ ਲੋਕ ਸ਼ਾਮਲ ਹਨ, ਜਿਹੜੇ ਜੇ ਅਕਲ ਵਰਤਦੇ ਤਾਂ ਨਾ ਮਨੁੱਖੀ ਭਾਣੇ ਦੇ ਸ਼ਿਕਾਰ ਹੁੰਦੇ ਅਤੇ ਨਾ ਹੀ ਰੱਬੀ ਭਾਣੇ ਦੇ।
*****
(1364)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)