ShamSingh7ਕਿਸੇ ਵੀ ਖਿੱਤੇ ਦੇ ਲੋਕਾਂ ’ਤੇ ਭਾਸ਼ਾਧਰਮ ਅਤੇ ਸੱਭਿਆਚਾਰ ਲੱਦਣ ਦਾ ਜਤਨ ਨਾ ਕੀਤਾ ਜਾਵੇ ...
(22 ਜੂਨ 2017)

 

ਹਵਾ ਦਾ ਰੁਖ਼ ਕਦੋਂ ਬਦਲ ਜਾਏ, ਇਸ ਦਾ ਪਤਾ ਹੀ ਨਹੀਂ ਲੱਗਦਾ। ਕੁਦਰਤ ਦੇ ਹੱਥ ਮੰਨੀ ਜਾਂਦੀ ਹੈ ਇਸ ਦੀ ਡੋਰ। ਆਮ ਤਰੀਕੇ ਨਾਲ ਸਮਝਿਆ ਜਾਵੇ ਤਾਂ ਜਿੱਧਰ ਨੂੰ ਦਬਾਅ ਵਧ ਜਾਵੇ, ਹਵਾ ਓਧਰ ਨੂੰ ਜਾਣ ਤੋਂ ਨਹੀਂ ਰੁਕਦੀ। ਹਵਾ ਦੇ ਆਪਣੇ ਹੱਥ ਕੁਝ ਨਹੀਂ ਹੁੰਦਾ, ਇਹ ਜਿੱਧਰ ਦੀ ਬਣ ਜਾਏ, ਉੱਧਰ ਜਾਣੋਂ ਇਸ ਨੂੰ ਕੋਈ ਰੋਕ ਨਹੀਂ ਸਕਦਾ। ਏਦਾਂ ਦਾ ਵਰਤਾਰਾ ਦੇਰ ਤੋਂ ਹੁੰਦਾ ਆਇਆ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਹੋਣ ਤੋਂ ਰੁਕ ਨਹੀਂ ਸਕਦਾ।

ਹਵਾ ਦਾ ਰੁਖ਼ ਸਿਰਫ਼ ਵਗਦੀ ਹਵਾ ਤੱਕ ਹੀ ਸੀਮਤ ਨਹੀਂ, ਸਗੋਂ ਸਮਾਜ ਦੇ ਵਰਤਾਰੇ ਵਿੱਚ ਵੀ ਹੁੰਦਾ ਹੈ, ਜਿਸ ਨੂੰ ਬਾਰੀਕ ਨਜ਼ਰ ਵਾਲੇ ਦੇਖ ਵੀ ਸਕਦੇ ਹਨ ਅਤੇ ਪਰਖ ਵੀ। ਸਮਾਜ ਵਿੱਚ ਹਵਾ ਕਿਸ ਤਰ੍ਹਾਂ ਵਗਦੀ ਹੈ, ਕਿਸ ਤਰ੍ਹਾਂ ਆਪਣੀ ਥਾਂ ਬਣਾਉਂਦੀ ਹੈ, ਇਸ ਨੂੰ ਸਮਝਣਾ ਵੀ ਕੋਈ ਆਸਾਨ ਨਹੀਂ। ਜਦੋਂ ਕਿਸੇ ਦੇ ਮਨ ਵਿੱਚ ਓਪਰੀ, ਉਲਟੀ ਅਤੇ ਜ਼ਹਿਰੀਲੀ ਹਵਾ ਵਗਦੀ ਹੈ ਤਾਂ ਉਸ ਦਾ ਅਸਰ ਅਜਿਹੀ ਰਫ਼ਤਾਰ ਨਾਲ ਫੈਲਦਾ ਹੈ ਕਿ ਉਸ ਦੀ ਮਾਰ ਤੋਂ ਸਮਾਜ ਦਾ ਕੋਈ ਕੋਨਾ ਬਚਿਆ ਨਹੀਂ ਰਹਿ ਸਕਦਾ। ਹੁੰਦਾ ਹੈ ਨੁਕਸਾਨ-ਦਰ-ਨੁਕਸਾਨ।

ਕਦੇ ਦੇਸ ਵਿੱਚ ਗ਼ੁਲਾਮੀ ਦੀ ਘੁਟਣ ਸੀ, ਜਿਸ ਨੂੰ ਮਹਿਸੂਸਦਿਆਂ ਜਿਨ੍ਹਾਂ ਨੇ ਆਜ਼ਾਦੀ ਦੀ ਹਵਾ ਚਲਾਈ, ਉਹਨਾਂ ਨੇ ਤਸੀਹੇ ਝੱਲੇ ਅਤੇ ਕੁਰਬਾਨੀਆਂ ਕੀਤੀਆਂ, ਪਰ ਉਹ ਆਪਣੇ ਮਿੱਥੇ ਮਿਸ਼ਨ ਵਿੱਚ ਕਾਮਯਾਬ ਰਹੇ। ਇਹ ਹਵਾ ਦਾ ਰੁਖ਼ ਹੀ ਸੀ, ਜਿਸ ਨੂੰ ਬਹਾਦਰੀ ਵੱਲ ਦੇ ਰੁਖ਼ ਮੋੜ ਕੇ ਅਜਿਹਾ ਵਾਤਾਵਰਣ ਬਣਾ ਦਿੱਤਾ ਗਿਆ ਕਿ ਭਾਰਤੀ ਸੂਰਮਿਆਂ ਨੇ ਦੁਨੀਆ ਦੀ ਵੱਡੀ ਤਾਕਤ ਨਾਲ ਮੱਥਾ ਡਾਹ ਕੇ ਉਹਨਾਂ ਨੂੰ ਮੁਲਕ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ।

ਦੇਸ਼ ਨੂੰ ਆਜ਼ਾਦੀ ਤਾਂ ਮਿਲੀ, ਪਰ ਦੋ ਟੋਟੇ ਹੋ ਗਏ। ਵੰਡ ਵੇਲੇ ਇੰਨਾ ਖ਼ੂਨ-ਖ਼ਰਾਬਾ ਹੋਇਆ ਕਿ ਖ਼ੂਨ ਦੀਆਂ ਨਦੀਆਂ ਵਹਿ ਗਈਆਂ। ਭਾਈ ਭਾਈ ਦਾ ਵੈਰੀ ਹੋ ਗਿਆ। ਤੰਗ-ਦਿਲੀ ਦੀਆਂ ਹਵਾਵਾਂ ਚੱਲੀਆਂ ਤਾਂ ਲੋਕ ਉਸ ਦਾ ਸ਼ਿਕਾਰ ਹੋ ਕੇ ਰਹਿ ਗਏ। ਸਿਆਣੇ ਨੇਤਾਵਾਂ ਨੇ ਮੌਕਾ ਸੰਭਾਲਿਆ ਤਾਂ ਦੇਸ ਨੂੰ ਸੂਝ-ਬੂਝ ਅਤੇ ਵਿਕਾਸ ਦੇ ਰਾਹ ’ਤੇ ਤੋਰਿਆ। ਰਿਆਸਤਾਂ ਤੋਂ ਮੁਕਤ ਹੋ ਕੇ ਦੇਸ ਇੱਕ ਹੋ ਗਿਆ ਅਤੇ ਸਾਰੇ ਲੋਕ ਦੇਸ ਦੀ ਟੁੱਟ-ਭੱਜ ਨੂੰ ਜੋੜਨ ਅਤੇ ਸੰਵਾਰਨ ਵਿੱਚ ਲੱਗ ਗਏ। ਮਾੜੀ ਹਵਾ ਚਲਾਉਣ ਵਾਲੇ ਫੇਰ ਵੀ ਬਾਜ਼ ਨਾ ਆਏ।

ਕਦੇ ਧਰਮਾਂ ਵਿਚਕਾਰ ਝਗੜੇ ਅਤੇ ਕਦੇ ਫ਼ਿਰਕਿਆਂ ਵਿੱਚਕਾਰ। ਤਾਮਿਲ ਭਾਸ਼ਾ ਦੇ ਸਵਾਲ ’ਤੇ ਏਨਾ ਜ਼ੋਰਦਾਰ ਤੂਫ਼ਾਨ ਉੱਠਿਆ ਕਿ ਉਹ ਅੰਗਰੇਜ਼ੀ ਅਤੇ ਹਿੰਦੀ ਅੱਗੇ ਡਟ ਖੜੋਤੇ। ਭਾਸ਼ਾ ਖ਼ਾਤਰ ਕੁਰਬਾਨੀਆਂ ਦੇ ਕੇ ਆਪਣੀ ਮਾਂ-ਬੋਲੀ ਭਾਸ਼ਾ ਨੂੰ ਬਚਾਇਆ। ਹੁਣ ਗੋਰਖਾਲੈਂਡ ਦੀ ਮੰਗ ਕਰਨ ਵਾਲੇ ਨੇਪਾਲੀ ਅਤੇ ਹਿੰਦੀ ਨੂੰ ਛੱਡ ਕੇ ਬੰਗਾਲੀ ਭਾਸ਼ਾ ਸਿੱਖਣ ਤੋਂ ਸਾਫ਼ ਮੁਨਕਰ ਹੋ ਗਏ। ਜਿਸ ਨੇ ਵੀ ਭਾਸ਼ਾ ਦਾ ਰੁਖ਼ ਮੋੜਨ ਦੀ ਸੋਚੀ ਹੈ, ਉਹ ਇਹ ਭੁੱਲ ਗਏ ਕਿ 5 ਸਾਲ ਲਈ ਹਕੂਮਤ ਕਰਨ ਆਏ ਸਦੀਆਂ ਦਾ ਰੁਖ਼ ਕਿਵੇਂ ਮੋੜਨ ਲੱਗ ਪਏ?

ਲੋਕਤੰਤਰ ਵਿੱਚ ਕਿਸੇ ਪ੍ਰਧਾਨ ਮੰਤਰੀ ਜਾਂ ਰਾਜ ਦੇ ਮੁੱਖ ਮੰਤਰੀ ਨੂੰ ਇਹ ਹੱਕ ਨਹੀਂ ਕਿ ਉਹ ਲੋਕਾਂ ਦਾ ਧਰਮ, ਭਾਸ਼ਾ ਅਤੇ ਸਭਿਆਚਾਰ ਬਦਲਣ ਲਈ ਹਵਾ ਦਾ ਰੁਖ਼ ਮੋੜਨ ਦਾ ਜਤਨ ਕਰੇ। ਲੋਕਾਂ ਨੇ ਕਿਹੜੀ ਭਾਸ਼ਾ ਸਿੱਖਣੀ ਹੈ, ਬੋਲਣੀ ਹੈ, ਇਸ ਬਾਰੇ ਹਕੂਮਤ ਨੂੰ ਹੱਕ ਨਹੀਂ। ਲੋਕਾਂ ਨੇ ਕੀ ਪਹਿਨਣਾ ਹੈ, ਕੀ ਖਾਣਾ ਹੈ, ਇਹ ਉਹਨਾਂ ਦੀ ਮਰਜ਼ੀ। ਧਰਮ ਕਿਹੜਾ ਹੋਵੇ, ਕਿਸ ਇਸ਼ਟ ਨੂੰ ਕੋਈ ਮੰਨੇ, ਇਸ ਬਾਰੇ ਸਰਕਾਰਾਂ ਨੂੰ ਕਿਸੇ ਕਿਸਮ ਦਾ ਦਖ਼ਲ ਨਹੀਂ ਦੇਣਾ ਚਾਹੀਦਾ।

ਹਵਾ ਦਾ ਰੁਖ਼ ਮੋੜਨ ਵਾਲੇ ਬਹੁਤੇ ਨਹੀਂ ਹੁੰਦੇ। ਜਦੋਂ ਭਾਜਪਾ ਪੂਰੀ ਚੜ੍ਹਾਈ ਕਰਦਿਆਂ ਦੇਸ ’ਤੇ ਛਾ ਗਈ ਤਾਂ ਬਿਹਾਰ ਦੀ ਜਨਤਾ ਨੇ ਹਵਾ ਦਾ ਰੁਖ਼ ਮੋੜ ਕੇ ਦਿਖਾ ਦਿੱਤਾ। ਜਿਹੜੀ ਦਿੱਲੀ ਉੱਥੇ ਹੀ ਭਾਰੂ ਹੋਣ ਨੂੰ ਫਿਰਦੀ ਸੀ, ਮੂੰਹ-ਭਾਰ ਡਿੱਗ ਪਈ ਅਤੇ ਉਸ ਰਾਜ ਨਾਲ ਕੀਤੇ ਵੱਡੇ ਲਾਲਚੀ ਵਾਅਦੇ ਵੀ ਭੁੱਲ ਗਈ। ਫੇਰ ਨਵੀਂ ਦਿੱਲੀ ਵਿੱਚ ਵੀ ਲੋਕਾਂ ਦੇ ਮਨਾਂ ਵਿੱਚ ਅਜਿਹੀ ਹਵਾ ਝੁੱਲੀ ਕਿ ਉਹਨਾਂ ਦੇਸ ਦੀ ਵੱਡੀ ਪਾਰਟੀ ਨੂੰ ਦਿਨੇ ਹੀ ਅਜਿਹੇ ਤਾਰੇ ਦਿਖਾਏ ਕਿ ਉਹ ਸਿਆਸੀ ਤੌਰ ’ਤੇ ਚਿੱਤ ਹੋ ਕੇ ਰਹਿ ਗਈ।

ਪੰਜਾਬ ਵਿੱਚ ਦਸ ਸਾਲ ਰਾਜ ਕਰਨ ਵਾਲੀ ਪਾਰਟੀ ਸੱਤਾ ਤੋਂ ਵੱਖ ਹੋਈ ਤਾਂ ਸੱਤਾਧਾਰੀ ਪਾਰਟੀ ਤੋਂ ਏਨੀ ਛੇਤੀ ਮੰਗਾਂ ਕਰਨ ਲੱਗ ਪਈ ਕਿ ਹੱਦ ਹੀ ਹੋ ਗਈ। ਜਿਸ ਪਾਰਟੀ ਨੇ ਦਸ ਸਾਲ ਵਿੱਚ ਬਹੁਤਾ ਕੁਝ ਆਪਣੇ ਅਤੇ ਆਪਣਿਆਂ ਲਈ ਹੀ ਕੀਤਾ, ਉਹ ਦਸ ਦਿਨਾਂ ਅੰਦਰ ਹੀ ਮੰਗਾਂ ਮਨਾਉਣ ਬਾਰੇ ਸ਼ੋਰ-ਸ਼ਰਾਬਾ ਕਰਨ ਲੱਗ ਪਈ, ਹਾਲਾਂਕਿ ਲੋਕਾਂ ਨੇ ਦਸਾਂ ਸਾਲਾਂ ਦੇ ‘ਰਾਜਿਆਂ’ ਨੂੰ ਏਨੀ ਬੁਰੀ ਤਰ੍ਹਾਂ ਨਕਾਰ ਕੇ ਰੱਖ ਦਿੱਤਾ ਕਿ ਉਹ ਵਿਰੋਧੀ ਧਿਰ ਵਿੱਚ ਵੀ ਨਾ ਆ ਸਕੇ।

ਨਵੀਂ ਬਣੀ ਹਕੂਮਤ ਪੰਜਾਬ ਦਾ ਰੁਖ਼ ਲੋਕ-ਹਿਤ ਵੱਲ ਕਰਨ ਲਈ ਤੱਤਪਰ ਹੈ, ਜਿਸ ਦੀ ਮਿਸਾਲ ਉਸ ਵੱਲੋਂ ਲਏ ਫ਼ੈਸਲਿਆਂ ਤੋਂ ਵੀ ਮਿਲ ਜਾਂਦੀ ਹੈ ਅਤੇ ਬਿਆਨਾਂ ਤੋਂ ਵੀ। ਜੇ ਨਵੀਂ ਹਕੂਮਤ ਲੋਕ-ਹਿੱਤ ਦੇ ਕੰਮ ਕਰਨ ਲੱਗ ਪਈ ਅਤੇ ਕਰਦੀ ਰਹੀ ਤਾਂ ਹਵਾ ਦਾ ਰੁਖ਼ ਇਸ ਦੇ ਹੱਕ ਵਿੱਚ ਮੁੜਨ ਤੋਂ ਕੋਈ ਨਹੀਂ ਰੋਕ ਸਕਦਾ। ਹੁਣੇ ਜਿਹੇ ਇੱਕ ਮੰਤਰੀ ਨੇ ਜਲ-ਬੱਸ ਨੂੰ ਬਰੇਕਾਂ ਲਾ ਕੇ ਸੈਰ-ਸਪਾਟੇ ਦੇ ਰੁਖ਼ ਨੂੰ ਮਹਿੰਗੀ ਬੱਸ ਤੋਂ ਕਿਸ਼ਤੀਆਂ ਵੱਲ ਮੋੜ ਕੇ ਰੱਖ ਦਿੱਤਾ।

ਸਰਕਾਰਾਂ ਕੇਵਲ ਪੰਜ ਸਾਲ ਲਈ ਚੁਣੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਇਸ ਸਮੇਂ ਤੋਂ ਆਰ-ਪਾਰ ਪੈਰ ਨਹੀਂ ਪਸਾਰਨੇ ਚਾਹੀਦੇ। ਪੰਜ ਸਾਲ ਤੱਕ ਦੇ ਫ਼ੈਸਲੇ ਹੀ ਲੈਣ, ਸਦੀਆਂ ਤੱਕ ਅਸਰ ਪਾਉਣ ਵਾਲੇ ਮੁੱਦਿਆਂ ਅਤੇ ਮਸਲਿਆਂ ਨੂੰ ਹੱਥ ਪਾ ਕੇ ਦਾਰਜੀਲਿੰਗ ਵਰਗੇ ਇਲਾਕੇ ਨੂੰ ਅੱਗ ਦੇ ਤੂਫ਼ਾਨ ਵਰਗੇ ਝੱਖੜ ਵਿੱਚ ਨਾ ਝੁਲਸਣ। ਕਿਸੇ ਵੀ ਖਿੱਤੇ ਦੇ ਲੋਕਾਂ ’ਤੇ ਭਾਸ਼ਾ, ਧਰਮ ਅਤੇ ਸੱਭਿਆਚਾਰ ਲੱਦਣ ਦਾ ਜਤਨ ਨਾ ਕੀਤਾ ਜਾਵੇ, ਸਗੋਂ ਆਜ਼ਾਦ ਦੇਸ ਵਿੱਚ ਇਹ ਕੁਝ ਮਰਜ਼ੀ ਨਾਲ ਚੁਣਨ ਲਈ ਆਜ਼ਾਦੀ ਵਰਤਣ ਦੀ ਖੁੱਲ੍ਹ ਦਿੱਤੀ ਜਾਵੇ।

ਚੰਡੀਗੜ੍ਹ ਵਿੱਚ ਇੱਕ ਫ਼ੀਸਦੀ ਲੋਕ ਵੀ ਅੰਗਰੇਜ਼ੀ ਨਹੀਂ ਬੋਲ ਸਕਦੇ, ਸ਼ੁੱਧ ਅੰਗਰੇਜ਼ੀ ਅੱਧਾ ਫ਼ੀਸਦੀ ਵੀ ਨਹੀਂ, ਫੇਰ ਵੀ ਇੱਥੇ ਪਹਿਲੀ ਭਾਸ਼ਾ ਦਾ ਦਰਜਾ ਅੰਗਰੇਜ਼ੀ ਨੂੰ ਦਿੱਤਾ ਹੋਇਆ ਹੈ, ਜਿਸ ਨੂੰ ਲੋਕ ਪ੍ਰਵਾਨਗੀ ਦੇਣ ਲਈ ਤਿਆਰ ਨਹੀਂ। ਪੰਜਾਬੀ ਇਲਾਕੇ ’ਤੇ ਵਸਿਆ ਇਹ ਸ਼ਹਿਰ ਬਾਵਜੂਦ ਧਰਨਿਆਂ ਅਤੇ ਸੰਘਰਸ਼ਾਂ ਦੇ, ਆਪਣੇ ਲੋਕਾਂ ਦੀ ਮਾਂ-ਬੋਲੀ ਨੂੰ ਅਪਣਾ ਨਹੀਂ ਸਕਿਆ। ਬੰਗਾਲ ਦੇ ਹਾਕਮਾਂ ਅਤੇ ਚੰਡੀਗੜ੍ਹ (ਕੇਂਦਰ ਸਰਕਾਰ) ਦੇ ਹਾਕਮਾਂ ਨੂੰ ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਲੋਕਾਂ ਦੀ ਬੋਲੀ ਅਤੇ ਸੱਭਿਆਚਾਰ ਖੋਹੇ ਨਹੀਂ ਜਾ ਸਕਦੇ, ਕਿਉਂਕਿ ਜਾਗਦੀਆਂ ਜ਼ਮੀਰਾਂ ਵਾਲੇ ਸੂਰਮੇ ਅਤੇ ਬੁੱਧੀਜੀਵੀ ਆਪਣਾ ਆਪਾ ਗੁਆਚ ਜਾਣ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਦੇ। ਜ਼ਰੂਰੀ ਹੈ ਕਿ ਹਾਕਮ ਆਪਣੀ ਤਾਕਤ ਅਤੇ ਥਾਂ ਸਮਝਣ। ਲੋਕ-ਮਨਾਂ ਦੀ ਹਵਾ ਦਾ ਰੁਖ਼ ਤਾਨਾਸ਼ਾਹੀ ਨਾਲ ਬਦਲਣ ਤੋਂ ਬਾਜ਼ ਆਉਣ।

**

ਕਵਿਤਾ ਦਾ ਰੁਖ਼

ਪੰਜਾਬੀ ਦਾ ਕੋਈ-ਕੋਈ ਕਵੀ ਹੀ ਹੈ, ਜਿਸ ਨੂੰ ਲੋਕ/ਪਾਠਕ ਪੜ੍ਹਨਾ ਵੀ ਚਾਹੁੰਦੇ ਹਨ ਅਤੇ ਸੁਣਨਾ ਵੀ। ਪੜ੍ਹਨ ਲਈ ਤਾਂ ਕਵਿਤਾ ਬਹੁਤ ਲਿਖੀ ਜਾ ਰਹੀ ਹੈ, ਪਰ ਸੁਣਨ ਅਤੇ ਮਾਨਣ ਵਾਲੀ ਬਹੁਤ ਘੱਟ। ਰੋਸ਼ਨੀ ਕਰਨ ਅਤੇ ਰਾਹ-ਦਸੇਰਾ ਬਣਨ ਵਾਲੀ ਉਸ ਤੋਂ ਵੀ ਘੱਟ।

ਕੇਵਲ ਮਨ ਦੀ ਭੜਾਸ ਕੱਢਣੀ ਕਵਿਤਾ ਨਹੀਂ ਹੁੰਦੀ। ਵਾਕ ਤੋੜ-ਮਰੋੜ ਕੇ ਲਿਖਣ ਨਾਲ ਵੀ ਕਵਿਤਾ ਨਹੀਂ ਬਣਦੀ। ਕਵਿਤਾ ਵਿੱਚ ਕੋਈ ਵਿਚਾਰ ਹੋਵੇ, ਕਾਵਿਕਤਾ ਅਤੇ ਲੈਅ ਹੋਵੇ, ਤਾਂ ਹੀ ਕਵਿਤਾ ਕਾਵਿਕ ਬਣ ਸਕੇਗੀ। ਹੁਣ ਖੁੱਲ੍ਹ ਕੇ ਖੇਡ ਰਹੀ ਕਵਿਤਾ ਬਹੁਤ ਹੀ ਖੁੱਲ੍ਹੀ ਹੋ ਕੇ ਰਹਿ ਗਈ, ਜਿਸ ਕਾਰਨ ਕਵੀਆਂ ਦੀ ਤਾਂ ਘਾਟ ਨਹੀਂ ਰਹੀ, ਪਰ ਕਵਿਤਾ ਘਟ-ਘਟ ਕੇ ਬਹੁਤ ਹੀ ਘਟ ਕੇ ਰਹਿ ਗਈ।

ਉਰਦੂ ਦੇ ਮੁਸ਼ਾਇਰੇ ਅਜੇ ਵੀ ਸੁਣੇ ਜਾਂਦੇ ਹਨ, ਜਿਨ੍ਹਾਂ ਨੂੰ ਸੁਣਨ ਲਈ ਕਵੀ ਆਉਂਦੇ ਹਨ ਅਤੇ ਲੋਕ ਵੀ। ਪੰਜਾਬੀ ਮੁਸ਼ਾਇਰਿਆਂ ਵਿੱਚ ਜਿੰਨੇ ਕਵੀ ਉੰਨੇ ਹੀ ਸਰੋਤੇ, ਯਾਨੀ ਬਹੁਤਾ ਕਰ ਕੇ ਕਵੀ ਹੀ ਕਵੀਆਂ ਨੂੰ ਸੁਣਦੇ ਹਨ, ਲੋਕ ਨਹੀਂਕਵੀ ਸਿਰ ਜੋੜ ਕੇ ਜ਼ਰੂਰ ਸੋਚਣ ਕਿ ਲੋਕ ਉਹਨਾਂ ਵੱਲ ਖਿੱਚੇ ਆਉਣ, ਉਹਨਾਂ ਹੱਥ ਕਾਪੀ ਦੇਖ ਕੇ ਦੂਰ ਨਾ ਭੱਜਣ। ਕਵਿਤਾ ਦਾ ਰੁਖ਼ ਲੋਕਾਂ ਵੱਲ, ਕਾਵਿਕਤਾ ਵੱਲ ਹੋਵੇ ਤਾਂ ਹੀ ਚੰਗਾ।

*****

(740)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author