ShamSingh7ਮੈਨੂੰ ਘਬਰਾਹਟ ਹੋਣ ਲੱਗ ਪਈ ਕਿ ਇੰਨੇ ਲੰਮੇ ਸਮੇਂ ਦੌਰਾਨ ਸਵਾਲਾਂ ਦੇ ਜਵਾਬ ਕਿਵੇਂ ਦੇਵਾਂਗਾ ...
(8 ਸਤੰਬਰ 2016)



ਬਰਜਿੰਦਰ ਸਿੰਘ ਹਮਦਰਦ ਅਜਿਹਾ ਸ਼ਖਸ ਹੈ ਜਿਹੜਾ ਦਫਤਰ ਵਿਚ ਬੈਠਿਆਂ ਵੀ ਹੱਸ ਸਕਦਾ ਹੈ ਅਤੇ ਮਿੱਤਰਾਂ ਦੀ ਢਾਣੀ ਵਿਚ ਖੜ੍ਹਕੇ ਵੀ ਖੁੱਲ੍ਹ ਕੇ ਹੱਸ ਸਕਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦਾ। ਉਸਦਾ ਹਾਸਾ ਸਹੀ ਸਮੇਂ
ਤੇ ਸ਼ੁਰੂ ਹੋ ਕੇ ਢੁੱਕਵੇਂ ਸਮੇਂ ਬੰਦ। ਇਸ ਤਰ੍ਹਾਂ ਦੇ ਹਾਸੇ ਦਾ ਕਾਰਨ ਅਤੇ ਪਿਛੋਕੜ ਤਾਂ ਓਹੀ ਜਾਣੇ ਪਰ ਉਸ ਦੇ ਹਾਸੇ ਦੀ ਮਹਿਕ ਦਫਤਰਾਂ ਦੇ ਕਮਰਿਆਂ ਅੰਦਰ ਵੀ ਟਹਿਕ ਰਹੀ ਹੈ ਅਤੇ ਉਸਦੇ ਆਲੇ ਦੁਆਲੇ ਦੇ ਲੋਕਾਂ ਦੇ ਮਨਾਂ ਅੰਦਰ ਵੀ। ਉਸਦੇ ਹਾਸੇ ਦੇ ਕਈ ਰੰਗ ਹੋ ਸਕਦੇ ਨੇ, ਕਈ ਤਰ੍ਹਾਂ ਦੇ ਅਰਥ ਕੱਢੇ ਜਾ ਸਕਦੇ ਹਨ ਪਰ ਮੇਰੇ ਵਰਗਾ ਉਨ੍ਹਾਂ ਰੰਗਾਂ, ਅਰਥਾਂ ਦੀ ਵਿਆਖਿਆ ਨਹੀਂ ਕਰ ਸਕਦਾ।

ਸਾਧੂ ਸਿੰਘ ਹਮਦਰਦ ਵਲੋਂ ਅਜੀਤ ਦੇ ਦਫਤਰ ਵਿਚ ਸਜਾਈਆਂ ਜਾਂਦੀਆਂ ਸਾਹਿਤਕ ਮਹਿਫਲਾਂ ਸਮੇਂ ਉਹ ਤਿਆਰੀਆਂ ਕਰਦਾ ਬੜਾ ਸਾਊ, ਸਾਧਾਰਨ ਅਤੇ ਸਿੱਧੜ ਜਿਹਾ ਲਗਦਾ। ਦ੍ਰਿਸ਼ਟੀ’ ਕੱਢਣ ਤੋਂ ਪਹਿਲਾਂ ਦਾ ਸਮਾਂ ਤਣਾਅ ਭਰਿਆ ਵੀ ਸੀ ਅਤੇ ਨਵੀਂ ਸੋਚ ਦੀ ਰੌਂਅ ਵਾਲਾ ਵੀ। ‘ਦ੍ਰਿਸ਼ਟੀ’ ਕੱਢੀ ਤਾਂ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨੂੰ ਨਵੇਂ ਅੰਦਾਜ਼ ਵਿਚ ਪਰੋਸਿਆ। ‘ਦ੍ਰਿਸ਼ਟੀ’ ਨੂੰ ਮਿਆਰ ਦੇ ਪੱਧਰ ਤੇ ਇਸ ਯੋਗ ਬਣਾਇਆ ਕਿ ਪਾਠਕ ਉਸ ਨੂੰ ਉਡੀਕਣ ਲੱਗ ਪਏ। ਉਹ ਰਚਨਾਵਾਂ ਦੀ ਉੱਚਤਾ ਦਾ ਵੀ ਪੂਰਾ ਖਿਆਲ ਰੱਖਦਾ ਅਤੇ ਪਰਚੇ ਦੇ ਟਾਈਟਲ ਦਾ ਵੀ। ਟਾਈਟਲ ਨੂੰ ਇੰੰਝ ਸਜਾਉਣ ਦਾ ਜਤਨ ਕਰਦਾ ਜਿਸ ਨਾਲ ਖਿੱਚ ਵੀ ਵਧਦੀ, ਪਰਚੇ ਦੇ ਚਿਹਰੇ-ਮੋਹਰੇ ਦਾ ਸੁਹਜ ਵੀ।

ਅਚਾਨਕ ਖ਼ਬਰ ਮਿਲੀ ਕਿ ਉਹ ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਬਣ ਗਿਆ। ਪਹਿਲੇ ਮਹੀਨੇ ਅਖਬਾਰ ਦੀ ਡੰਮੀ’ ਕੱਢਦਿਆਂ ਹੀ ਉਸ ਨੇ ਚੰਗੇ ਮਿਆਰਾਂ ਦੀ ਨੀਂਹ ਰੱਖ ਦਿੱਤੀ ਸੀ। ਸੰਪਾਦਕੀ ਮੰਡਲ ਦੇ ਕਰਿੰਦੇ ਵੀ ਉਸ ਨੂੰ ਅਜਿਹੇ ਮਿਲੇ ਜਿਨ੍ਹਾਂ ਕੋਲ ਵੱਖਰੇ ਖਿਆਲ ਵੀ ਸਨ ਅਤੇ ਨਵੀਂ ਸੋਚ ਦੀ ਸਮਰੱਥਾ ਵੀ ਜਿਸ ਕਾਰਨ ਉਸ ਦੀ ਅਗਵਾਈ ਵਿਚ ਪੰਜਾਬੀਆਂ ਨੂੰ ਵਿਲੱਖਣ ਅਤੇ ਨਵੀਂ ਉਡਾਣ ਵਾਲਾ ਪੰਜਾਬੀ ਅਖਬਾਰ ਮਿਲ ਗਿਆ। ਉਹ ਲੇਖਾਂ, ਟਿੱਪਣੀਆਂ, ਖਬਰਾਂ ਅਤੇ ਹੋਰ ਸਮੱਗਰੀ ਨੂੰ ਤਰਜੀਹੀ ਅਧਾਰ ’ਤੇ ਛਾਪਣ ਵਾਲਿਆਂ ਨੂੰ ਸ਼ਾਬਾਸ਼ ਦੇ ਕੇ ਨਿਵਾਜਦਾ ਅਤੇ ਅਲਗਰਜ਼ੀ ਕਰਨ ਵਾਲੇ ਨੂੰ ਖਬਰਦਾਰ ਕਰਦਾ ਰਹਿੰਦਾ।

ਮਾੜੀ ਭਾਸ਼ਾ ਅਤੇ ਵਿਹਾਰ ਉਸਦੇ ਰੋਜ਼ਾਨਾ ਵਰਤਾਰੇ ਵਿਚ ਸ਼ਾਮਲ ਨਹੀਂ ਸੀ ਜਿਸ ਕਾਰਨ ਉਹ ਸਲੀਕੇ ਅਤੇ ਸੁਹਜ ਦੀ ਜਿਲਦ ਵਿਚ ਲਿਪਟਿਆ ਦੂਜਿਆਂ ਲਈ ਪ੍ਰੇਰਨਾ ਸ੍ਰੋਤ ਵੀ ਬਣਦਾ ਰਿਹਾ ਅਤੇ ਰਾਹ-ਦਸੇਰਾ ਵੀ। ਨੇੜਲੇ ਪਲਾਂ ਵਿਚ ਦੇਖਿਆ ਕਿ ਕਦੇ ਉਹ ਤਾਰਿਆਂ ਵਰਗੀਆਂ ਗੱਲਾਂ ਕਰਦਾ, ਕਦੇ ਜੁਗਨੂਆਂ ਜਿਹੀਆਂ, ਕਦੇ ਦੀਵਿਆਂ ਦੀ ਲੋਅ ਭਰੀਆਂ ਅਤੇ ਕਦੇ ਜਗਦੀਆਂ ਮੋਮਬੱਤੀਆਂ ਵਰਗੀਆਂ ਪਰ ਕਦੇ ਹਨੇਰੇ ਭਰੀਆਂ ਡਰਾਉਣੀਆਂ ਗੱਲਾਂ ਨਹੀਂ ਸੀ ਕਰਦਾ।

ਉਸਦੇ ਅੱਖਰਾਂ ਵਿਚ ਸੰਜਮ ਅਤੇ ਸੰਜੀਦਗੀ ਹੁੰਦੀ ਅਤੇ ਬੋਲਾਂ ਵਿਚ ਵੀ। ਸੰਪਾਦਕ ਵਜੋਂ ਉਹ ਅੱਖਰਾਂ ਦਾ ਸੰਪਾਦਨ ਤਾਂ ਕਰਦਾ ਹੀ ਰਹਿੰਦਾ ਪਰ ਤਸਵੀਰਾਂ ਤੱਕ ਨੂੰ ਤਰਾਸ਼/ਕਤਰ ਕੇ ਹੀ ਛਾਪਣ ਵਾਸਤੇ ਭੇਜਦਾ। ਉਸ ਅੰਦਰ ਜਿੱਡਾ ਕੱਦਾਵਰ ਸੰਪਾਦਕ ਸੀ ਉੰਨੇ ਹੀ ਕੱਦ ਵਾਲਾ ਪ੍ਰਬੰਧਕ ਵੀ ਸੀ ਜਿਸ ਕਰਕੇ ਉਹ ਪੰਜਾਬੀ ਟ੍ਰਿਬਿਊਨ ਦੇ ਮਾਹੌਲ ਵਿਚ ਇੰਨਾ ਰਚ-ਮਿਚ ਗਿਆ ਕਿ ਕੁੱਝ ਵੀ ਓਪਰਾ ਨਾ ਰਹਿ ਗਿਆ, ਬਲਕਿ ਬਾਕੀ ਦੇ ਕਰਿੰਦਿਆਂ ਨੂੰ ਵੀ ਜਜ਼ਬ ਹੋਣ ਵਿਚ ਦੇਰ ਨਾ ਲੱਗੀ। ਅਜਿਹਾ ਤਾਂ ਹੀ ਹੋਇਆ ਜਾਂ ਹੋ ਸਕਦਾ ਹੈ ਜੇ ਵਰਤਾਰਾ ਸਹਿਜ ਜਿਹਾ ਹੀ ਹੋਵੇ।

ਸਜ-ਧਜ ਕੇ ਰਹਿਣ ਵਾਲਾ ਅਜਿਹਾ ਸੰਪਾਦਕ ਹੈ ਜਿਸ ਕੋਲ ਹੱਥ ਘੁਟਣੀਆਂ ਵੀ ਬਹੁਤ ਹਨ ਅਤੇ ਗਲਵਕੜੀਆਂ ਵੀ। ਪਰੇਮ ਅਤੇ ਭਾਈਚਾਰੇ ਦੀ ਛਾਂ ਵਿਚ ਤੁਰਦਿਆਂ, ਸਲੀਕੇ ਅਤੇ ਸ਼ਾਲੀਨਤਾ ਵਿਚ ਵਿਚਰਦਿਆਂ ਉਹ ਹਰੇਕ ਦਾ ਭਾ ਜੀ ਪਾਤਰ’ ਇਸ ਕਰਕੇ ਬਣ ਗਿਆ ਕਿਉਂਕਿ ਉਸ ਕੋਲ ਸਭ ਲਈ ਦੁਆ ਵੀ ਹੈ ਅਤੇ ਦਵਾ ਵੀ, ਖੁੱਲ੍ਹਦਿਲੀ ਦਾ ਨਿਰਮਲ ਅੰਬਰ ਵੀ ਹੈ ਅਤੇ ਮਿਲਣਸਾਰਤਾ ਦੀ ਅਦਾ ਵੀ। ਇਹੀ ਕਾਰਨ ਹੈ ਕਿ ਸਟਾਫ ਦੇ ਹਰ ਮੈਂਬਰ ਨੂੰ ਇਹ ਹੀ ਲਗਦਾ ਹੈ ਕਿ ਭਾ ਜੀ ਬਰਜਿੰਦਰ ਉਸ ਦੇ ਹੀ ਨੇੜੇ ਹੈਹੋਰ ਕਿਸੇ ਦੇ ਨਹੀਂ। ਉਸ ਦਾ ਕਾਰਨ ਹੀ ਮੰਨਿਆ ਜਾਣਾ ਚਾਹੀਦਾ ਹੈ ਕਿ ਉਹ ਹਰ ਮੈਂਬਰ ਨੂੰ ਆਪਣੀ ਬੁੱਕਲ਼ ਦਾ ਮੈਂਬਰ ਹੀ ਸਮਝਦਾ। ਜਦ ਉਹ ਪੰਜਾਬੀ ਟ੍ਰਿਬਿਊਨ’ ਛੱਡ ਕੇ ਅਜੀਤ’ ਵਿਚ ਜਲੰਧਰ ਜਾਣ ਲੱਗਾ ਤਾਂ ਸੰਪਾਦਕੀ ਮੰਡਲ ਦੇ ਸਾਰੇ ਮੈਂਬਰ ਕਹਿਣ ਗਏ ਕਿ ਉਹ ਛੱਡ ਕੇ ਨਾ ਜਾਵੇ ਪਰ ਉਸ ਨੇ ਕਿਸੇ ਦੀ ਨਾ ਮੰਨਣੀ ਸੀ ਨਾ ਮੰਨੀ। ਇਕ ਮੈਂਬਰ ਜਗਦੀਸ਼ ਸਿੰਘ ਬਾਂਸਲ ਕਹਿਣ ਲੱਗਾ,ਜੇ ਬਰਜਿੰਦਰ ਜੀ ਤੁਸੀਂ ਅਜੀਤ’ ਵਿਚ ਜਲੰਧਰ ਜਾਣਾ ਹੀ ਹੈ ਤਾਂ ਮੈਨੂੰ ਤਾਂ ਤੁਸੀਂ ਜ਼ਰੂਰ ਆਪਣੇ ਨਾਲ ਹੀ ਲੈ ਚੱਲੋ।” ਬਰਜਿੰਦਰ ਨੇ ਮਜ਼ਾਕੀਆ ਅੰਦਾਜ਼ ਵਿਚ ਢੁੱਕਵਾਂ ਉੱਤਰ ਦਿੰਦਿਆਂ ਕਿਹਾ,ਬਾਂਸਲ, ਯਾਰ ਜੇ ਤੂੰ ਨਾਲ ਹੀ ਜਾਣਾ ਹੈ ਫੇਰ ਮੈਂ ਓਥੇ ਕਾਹਦੇ ਲਈ ਜਾਣਾ ਹੈ?

ਉਹ ਪੱਤਰਕਾਰ, ਸੰਪਾਦਕ ਹੀ ਨਹੀਂ ਸਗੋਂ ਸਾਹਿਤਕਾਰ ਵੀ ਹੈ ਜਿਸ ਨੇ ਕੁੱਝ ਪੱਤਰੇ’ ਲਿਖ ਕੇ ਨਾਮਣਾ ਖੱਟਿਆ। ਨਾਵਲ ਦੀ ਕਥਾ ਉਸਦੇ ਯੂਨੀਵਰਸਿਟੀ ਵਾਲੇ ਦਿਨਾਂ ਦੀ ਹੈ ਜੋ ਪ੍ਰੇਮ-ਪਰੁੱਤੀ ਵੀ ਹੈ ਅਤੇ ਦਿਲਚਸਪ ਵੀ। ਇਸ ਤੋਂ ਇਹ ਵੀ ਲਗਦਾ ਹੈ ਕਿ ਉਹ ਹੋਰ ਵੀ ਕਈ ਕੁੱਝ ਲਿਖ ਸਕਦਾ ਸੀ, ਜਿਸਨੂੰ ਉਸਦੀ ਪੱਤਰਕਾਰੀ ਖਾ ਗਈ। ਅਜੀਤ’ ਅਖਬਾਰ ਵਿਚ ਜਾ ਕੇ ਉਸ ਨੇ ਦਿਨ ਰਾਤ ਇਕ ਕਰਕੇ ਅਖਬਾਰ ਨੂੰ ਹੋਰ ਹਰਮਨ ਪਿਆਰਾ ਬਣਾਇਆ ਅਤੇ ਇਸ ਦੀ ਛਪਣ ਗਿਣਤੀ ਵਿਚ ਬਹੁਤ ਹੀ ਵਾਧਾ ਕੀਤਾ ਜਿਸ ਕਾਰਨ ਉਹ ਪੰਜਾਬ ਅਤੇ ਪੰਜਾਬੀਆਂ ਦੀ ਆਵਾਜ਼ ਤਾਂ ਬਣੀ ਹੀ ਨਾਲ ਦੀ ਨਾਲ ਪੰਜਾਬੀ ਪੱਤਰਕਾਰਤਾ ਦੇ ਸੰਸਾਰ ਵਿਚ ਨੰਬਰ ਇਕ ਬਣ ਗਈ ਅਤੇ ਉਸੇ ਬੁਲੰਦੀ ਨੂੰ ਬਣਾਈ ਰੱਖਣ ਲਈ ਕਦੇ ਭੁੱਲਿਆ ਨਹੀਂ ਗਿਆ।

ਬਰਜਿੰਦਰ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਉਸ ਅੰਦਰ ਇਕ ਗਾਇਕ ਵੀ ਸੁਰਾਂ ਛੇੜੀ ਬੈਠਾ ਹੈ ਤਾਂ ਉਹ ਸੰਗੀਤ ਦੀ ਛਾਂ ਵਿਚ ਸੁਰਾਂ ਦੇ ਰਾਹ ਤੁਰ ਪਿਆ। ਰਿਆਜ਼ ਕਰਦਿਆਂ ਕਰਦਿਆਂ ਉਹ ਸੀ. ਡੀ. ਤਿਆਰ ਕਰਕੇ ਬਾਕਾਇਦਾ ਗਾਇਕੀ ਦੇ ਰਾਹ ਪੈ ਗਿਆ ਉਦੋਂ ਲਗਦਾ ਸੀ ਕਿ ਸ਼ਾਇਦ ਉਹ ਹੰਸ ਰਾਜ ਹੰਸ ਦੀ ਸੰਗਤ ਕਾਰਨ ਗਾਇਕੀ ਦੇ ਰਾਹ ਹੀ ਪੈ ਜਾਵੇਗਾ ਪਰ ਚੰਗਾ ਹੋਇਆ ਇਹ ਭਰਮ ਹੀ ਨਿਕਲਿਆ। ਭਾਵੇਂ ਉਹ ਗਾਇਕੀ ਦੀ ਦੌੜ ਵਿਚ ਨਹੀਂ ਪਿਆ ਪਰ ਉਹ ਇਹ ਪਤਾ ਲਗਾਉਣ ਵਿਚ ਜ਼ਰੂਰ ਸਫਲ ਹੋ ਗਿਆ ਕਿ ਉਹ ਸੰਗੀਤ ਵਰਗੀ ਕੋਮਲ ਕਲਾ ਦਾ ਵੀ ਜਾਣੂ ਹੈ ਅਤੇ ਕਲਪਨਾ ਦੇ ਅੰਬਰੀ ਵਿਲੱਖਣ ਉਡਾਰੀਆਂ ਭਰਦੇ ਸ਼ਾਇਰੀ ਦੇ ਬੌਧਿਕ, ਭਾਵੁਕ ਹੁਨਰੇ ਅੱਖਰਾਂ ਦੀ ਕੋਮਲਤਾ ਤੋਂ ਵੀ। ਇਕ ਤੱਕ ਕਾਇਮ ਨਾ ਰਹਿ ਕੇ ਫੇਰ ਦੋ ਸੀ. ਡੀ. ਹੋਰ ਤਿਆਰ ਕਰ ਲਈਆਂ।

ਪੰਜਾਬੀ ਟ੍ਰਿਬਿਊਨ’ ਚੰਡੀਗੜ੍ਹ ਵਿਚ ਰਹਿੰਦਿਆਂ ਉਸਨੇ ਸੰਪਾਦਕ ਦੇ ਰੁਤਬੇ ਨੂੰ ਕਿਸੇ ਲਗ-ਲਬੇੜ ਵਿਚ ਨਹੀਂ ਪੈਣ ਦਿੱਤਾ। ਨਿਰਪੱਤਖਤਾ ਦੇ ਰਾਹ ਤੁਰਨ ਦਾ ਅਹਿਦ ਪਹਿਲਾਂ ਆਪ ਪਾਲ਼ਿਆ ਫੇਰ ਦੂਜਿਆਂ ਨੂੰ ਅਜਿਹਾ ਕਰਨ ਲਈ ਉਤਸ਼ਾਹ ਦਾ ਸੋਮਾ ਆਪ ਬਣਿਆ। ਉਹ ਸਮਝਦਾ ਹੈ ਕਿ ਤੇਲ, ਗੈਸ ਜਾਂ ਅਜਿਹੀ ਹੋਰ ਵਸਤੂ ਸੰਪਾਦਕ ਦੇ ਘਰ ਨਾ ਮਿਲੇ ਤਾਂ ਇਹ ਖਬਰ ਨਹੀਂ ਬਣਦੀ ਸਗੋਂ ਖ਼ਬਰ ਉਦੋਂ ਬਣੇਗੀ ਜਦੋਂ ਇਹ ਵਸਤਾਂ ਆਮ ਲੋਕਾਂ ਨੂੰ ਨਾ ਮਿਲਦੀਆਂ ਹੋਣ। ਉਸਦੇ ਸੰਪਾਦਕੀ ਅਜਿਹੇ ਮਸਲਿਆਂ ਬਾਰੇ ਹੀ ਹੁੰਦੇ ਜਿਨ੍ਹਾਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਅਤੇ ਦੁੱਖ-ਦਰਦ ਦੇ ਚਰਚੇ ਹੁੰਦੇ। ਸਰਲ ਭਾਸ਼ਾ ਵਿਚ ਉਸਦੀ ਸੰਪਾਦਕੀ ਮੁੱਦਿਆਂ ਅਤੇ ਮਸਲਿਆਂ ਬਾਰੇ ਸਪਸ਼ਟ ਹੁੰਦੀ ਜਿਸ ਨੂੰ ਸਮਝਣ ਵਾਸਤੇ ਕਿਸੇ ਨੂੰ ਦੇਰ ਨਾ ਲੱਗਦੀ। ਸਰਲਤਾ ਅਤੇ ਸਾਧਾਰਨਤਾ ਕਾਰਨ ਹਰ ਪਾਠਕ ਅਖਬਾਰ ਦੇ ਸੰਪਾਦਕੀ ਨਾਲ ਜੁੜਿਆ ਮਹਿਸੂਸ ਕਰਦਾ ਅਤੇ ਸਬੰਧਤ ਵਿਸ਼ਿਆਂ ਬਾਰੇ ਸਹੀ ਟਿੱਪਣੀਆਂ ਤੋਂ ਪ੍ਰੇਰਿਤ ਵੀ ਹੁੰਦਾ ਅਤੇ ਸੋਚਣ ਲਈ ਮਜਬੂਰ ਵੀ। ਉਹ ਅਖਬਾਰ ਪ੍ਰਤੀ ਇੰਨਾ ਸੁਹਿਰਦ ਅਤੇ ਸੰਜੀਦਾ ਹੈ ਕਿ ਪੜ੍ਹਨ ਬਾਅਦ ਉਹ ਇਸ ਤੇ ਨਿਸ਼ਾਨੀਆਂ ਲਾ ਕੇ ਵਰਕੇ ਲਾਲ ਕਰ ਦਿੰਦਾ ਹੈ ਤਾਂ ਕਿ ਹਰੇਕ ਨੂੰ ਰਹਿ/ ਹੋ ਗਈਆਂ ਗਲਤੀਆਂ ਦਾ ਅਹਿਸਾਸ ਕਰਾਇਆ ਜਾ ਸਕੇ ਤਾਂ ਕਿ ਅਗਲੇ ਦਿਨ ਦਾ ਅਖਬਾਰ ਕੁਤਾਹੀਆਂ ਅਤੇ ਗਲਤੀਆਂ ਤੋਂ ਮੁਕਤ ਹੋ ਕੇ ਨਿਕਲੇ। ਮੈਂ ਨਹੀਂ ਕਹਿੰਦਾ ਕਿ ਜੀਵਨ ਅੰਦਰ ਬਰਜਿੰਦਰ ਸਿੰਘ ਵਿਚ ਘਾਟਾਂ ਨਹੀਂ ਹੋਣਗੀਆਂ ਪਰ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਸ ਤੇ ਕਿਸੇ ਕਿਸਮ ਦਾ ਕੋਈ ਦਾਗ ਨਹੀਂ ਦੇਖਿਆ, ਸੁਣਿਆ ਅਤੇ ਉਸਦੇ ਕਿਸੇ ਨੁਕਸ, ਔਗੁਣ ਦੀ ਸਾਰ ਵੀ ਨਹੀਂ ਲੱਗੀ। ਆਸ ਏਹੀ ਰੱਖੀ ਜਾਣੀ ਚਾਹੀਦੀ ਹੈ ਕਿ ਉਹ ਪੰਜਾਬੀ ਦੀ ਪੱਤਰਕਾਰੀ ਨੂੰ ਹੋਰ ਵਿਸ਼ਾਲਤਾ ਵੱਲ ਲਿਜਾਵੇ, ਜ਼ਿਆਦਾ ਖੁੱਲ੍ਹਦਿਲੀਆਂ ਦੇ ਦਰਵਾਜ਼ੇ ਖੋਲ੍ਹੇ ਅਤੇ ਉੱਚਤਾ ਦੀਆਂ ਹੋਰ ਪਉੜੀਆਂ  ਵੱਲ ਸਫਰ ਜਾਰੀ ਰੱਖੇ ਤਾਂ ਕਿ ਪੰਜਾਬੀ ਭਾਸ਼ਾ ਦੀ ਪੱਤਰਕਾਰੀ ਦਾ ਸ਼ਮਲਾ ਸੰਸਾਰ ਭਰ ਵਿਚ ਉੱਚਾ ਰਹੇ।

ਇਸ ਗੱਲ ਦੀ ਚਰਚਾ ਕਰਨੀ ਬਣਦੀ ਹੈ ਕਿ ਬਰਜਿੰਦਰ ਸਿੰਘ ਵੱਖ ਵੱਖ ਤਰ੍ਹਾਂ ਦੇ ਰੰਗਾਂ ਵਿਚ ਵਿਚਰਦਾ ਰਿਹਾ ਹੈ। ਉਸਦੇ ਇਨ੍ਹਾਂ ਰੰਗਾਂ ਨੂੰ ਦੇਖਣ ਲਈ ਕੁੱਝ ਘਟਨਾਵਾਂ / ਕਥਾਵਾਂ ਦੇ ਚਿਹਰਿਆਂ ਦੇ ਨਕਸ਼ਾਂ ਨੂੰ ਉੱਕਰਨਾ ਅਤੇ ਉਲੀਕਣਾ ਪਵੇਗਾ। ਇਹ ਘਟਨਾਵਾਂ ਕੋਈ ਅੱਲੋਕਾਰੀਆਂ ਨਹੀਂ ਪਰ ਇਹ ਕਈ ਤਰ੍ਹਾਂ ਦੇ ਰੰਗ ਜ਼ਰੂਰ ਬਖੇਰਦੀਆਂ ਲੱਗਣਗੀਆਂ।

ਸੰਪਾਦਕ ਦੀ ਜੁਰਅਤ

ਬਰਜਿੰਦਰ ਸਿੰਘ ਨੂੰ ਸੰਪਾਦਕ ਬਣਿਆ ਅਜੇ ਪੰਦਰਾਂ ਦਿਨ ਹੀ ਹੋਏ ਸਨ ਕਿ ਹੋਰਨਾਂ ਨਾਲ ਮੇਰੀ ਅਤੇ ਹਰਭਜਨ ਹਲਵਾਰਵੀ ਦੀ ਇੰਟਰਵਿਊ ਸਬ ਐਡੀਟਰ ਅਤੇ ਸਹਾਇਕ ਸੰਪਾਦਕ ਵਾਸਤੇ ਕੀਤੀ ਗਈ। ਹਲਵਾਰਵੀ ਦੀ ਇੰਟਰਵਿਊ ਘੰਟੇ ਦੇ ਕਰੀਬ ਚੱਲੀ ਜਿਸ ਵਿਚ ਉਸਦਾ ਨਕਸਲੀ ਪਿਛੋਕੜ ਚੰਗੀ ਤਰ੍ਹਾਂ ਪੁਣਿਆ-ਛਾਣਿਆ ਗਿਆ। ਇੰਨਾ ਸਮਾਂ ਲੱਗਣ ਕਰਕੇ ਮੈਨੂੰ ਘਬਰਾਹਟ ਹੋਣ ਲੱਗ ਪਈ ਕਿ ਇੰਨੇ ਲੰਮੇ ਸਮੇਂ ਦੌਰਾਨ ਸਵਾਲਾਂ ਦੇ ਜਵਾਬ ਕਿਵੇਂ ਦੇਵਾਂਗਾ। ਅਜੇ ਇਹ ਸੋਚ ਚੱਲ ਹੀ ਰਹੀ ਸੀ ਕਿ ਮੇਰੀ ਵਾਰੀ ਆ ਗਈ। ਅੰਦਰ ਗਿਆ ਤੇ ਇੰਟਰਵੀਊ ਲੈਣ ਵਾਲੇ ਟ੍ਰਿਬਿਊਨ ਦੇ ਟਰਸਟੀ ਸਜੇ ਧਜੇ ਬੈਠੇ ਸਨ। ਪੈਂਦੀ ਸੱਟੇ ਡਾ. ਐੱਮ ਐੱਸ ਰੰਧਾਵਾ ਨੇ ਪੇਂਡੂ ਪੰਚਾਇਤਾਂ ਬਾਰੇ ਮੈਨੂੰ ਕੋਈ ਸਵਾਲ ਪੁੱਛਿਆ ਤਾਂ ਬਰਜਿੰਦਰ ਸਿੰਘ ਨੇ ਸੰਪਾਦਕ ਦੀ ਜੁਅਰਤ ਦਿਖਾਉਂਦਿਆਂ ਤੁਰਤ ਕਹਿ ਦਿੱਤਾ,ਰੰਧਾਵਾ ਜੀ, ਇਸ ਤੋਂ ਸਵਾਲ ਪੁੱਛਣ ਦੀ ਲੋੜ ਨਹੀਂ ਕਿਉਂਕਿ ਇਸ ਨੂੰ ਤਾਂ ਆਫਰ ਦੇ ਕੇ ਬੁਲਾਇਆ ਗਿਆ ਹੈ।” ਕਮਾਲ ਇਹ ਕਿ ਡਾ. ਰੰਧਾਵਾ ਚੁੱਪ, ਮੇਰੀ ਘਬਰਾਹਟ ਖਤਮ ਅਤੇ ਸੰਪਾਦਕ ਦੀ ਜੁਰਅਤ ਚੱਲ ਗਈ।

ਕਿਸ ਤਰ੍ਹਾਂ ਦਾ ਇਮਤਿਹਾਨ

ਜਦ ਬਰਜਿੰਦਰ ਸਿੰਘ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਪੱਤਰਕਾਰ ਦਾ ਇਨਾਮ ਦਿੱਤਾ ਗਿਆ ਤਾਂ ਰਾਜ ਭਵਨ ਵਿਚ ਹੋਣ ਵਾਲੇ ਸਮਾਗਮ ਨੂੰ ਕਵਰ ਕਰਨ ਦੀ ਡਿਊਟੀ ਮੇਰੀ ਲਾਈ ਗਈ। ਖ਼ਬਰ ਵਿਚ ਅਹਿਮ ਗੱਲਾਂ ਲਿਖੀਆਂ, ਖ਼ਬਰ ਨੂੰ ਖ਼ਬਰ ਦੇ ਪ੍ਰਸੰਗ ਵਿਚ ਬਣਾਇਆ। ਖਬਰ ਵਿਚ ਨਾ ਉਸ ਨੂੰ ਸੰਪਾਦਕ ਹੋਣ ਦੀ ਅਹਿਮੀਅਤ ਦਿੱਤੀਨਾ ਕੋਈ ਰਿਆਇਤੀ ਫਿਕਰਾ। ਨਾ ਹੀ ਕਿਸੇ ਤਰ੍ਹਾਂ ਦੀ ਚਮਚਾਗਿਰੀ ਵਾਲੀ ਸ਼ਬਦਾਵਲੀ। ਖ਼ਬਰ ਲਿਖਦਿਆਂ ਡਰ ਰਿਹਾ ਸਾਂ ਕਿ ਮੇਰਾ ਵਿਸ਼ਵਾਸ ਪਰਖਿਆ ਜਾ ਰਿਹਾ ਹੈ ਜਾਂ ਕਿਸੇ ਤਰ੍ਹਾਂ ਮੇਰਾ ਇਮਤਿਹਾਨ ਲਿਆ ਜਾ ਰਿਹਾ ਹੈ। ਅਜੇ ਤੱਕ (ਉਡੀਕ ਦੇ ਬਾਵਜੂਦ) ਮੈਨੂੰ ਇਸ ਦਾ ਨਤੀਜਾ ਨਹੀਂ ਮਿਲਿਆ। ਬਰਜਿੰਦਰ ਸਿੰਘ ਦੀ ਚੁੱਪ ਦੇ ਅਰਥ ਜਿਸ ਤਰ੍ਹਾਂ ਮਰਜ਼ੀ ਕੱਢ ਲਏ ਜਾਣ।

ਬਲਾਚੌਰ ਤੋਂ ਪੱਤਰਕਾਰ

ਬਲਾਚੌਰ ਤੋਂ ਕੋਈ ਪੱਤਰਕਾਰ ਰੱਖ ਲਿਆ ਗਿਆ ਪਰ ਸਮਾਚਾਰ ਕਮਰੇ ਤੱਕ ਅਜੇ ਉਸਦਾ ਨਾਂ ਨਹੀਂ ਸੀ ਪੁੱਜਿਆ। ਇਕ ਸ਼ਾਮ ਮੈਨੂੰ ਸੰਪਾਦਕ ਦੇ ਦਫਤਰੀ ਕਮਰੇ ਵਿਚ ਬੁਲਾਇਆ ਗਿਆ। ਸੰਪਾਦਕ ਅੱਗੇ ਕੁਰਸੀ ’ਤੇ ਬੈਠਿਆਂ ਮੈਂ ਉਸਦੇ ਚਿਹਰੇ ਤੇ ਗੁੱਸੇ ਦੇ ਕੁੱਝ ਕਸੈਲ਼ੇ ਰੰਗ ਦੇਖ ਰਿਹਾ ਸਾਂ ਪਰ ਕਿਸੇ ਤਰ੍ਹਾਂ ਦਾ ਕਿਆਸ ਕਰਨ ਲਈ ਮੇਰੇ ਪੱਲੇ ਕੁੱਝ ਨਹੀਂ ਸੀ। ਇਹ ਸੋਚ ਰਿਹਾ ਸਾਂ ਕਿ ਖ਼ਬਰ ਵਿਚ ਕੋਈ ਗਲਤੀ ਚਲੀ ਗਈ ਹੋਵੇਗੀ, ਕੋਈ ਖ਼ਬਰ ਲੱਗਣੋਂ ਰਹਿ ਗਈ ਹੋਵੇਗੀ, ਕਿਸੇ ਫੋਟੋ ਦੀ ਕੈਪਸ਼ਨ ਗਲਤ ਹੋਊ। ਮੇਰੀ ਸੋਚ ਦੀ ਲੜੀ ਉਦੋਂ ਟੁੱਟ ਗਈ ਜਦ ਅਚਾਨਕ ਮੇਜ਼ ਤੇ ਚਾਹ ਆ ਗਈ ਅਤੇ ਨਾਲ ਵਰਕ ਲੱਗੀ ਬਰਫੀ। ਬਰਜਿੰਦਰ ਸਿੰਘ ਨੇ ਗੁੱਸੇ ਦੀਆਂ ਤਿਊੜੀਆਂ ਵਾਲੇ ਚਿਹਰੇ ਤੇ ਏਨੀ ਖੁਸ਼ਨੁਮਾ ਮੁਸਕਾਨ ਲਿਆਂਦੀ ਕਿ ਮੇਰੀ ਜਾਨ ਵਿਚ ਜਾਨ ਆਈ। ਬਰਫੀ ਦੀ ਟੁਕੜੀ ਚੁਕਾਣ ਲਈ ਮੇਰੇ ਅੱਗੇ ਪਲੇਟ ਕਰਦਿਆਂ ਕਿਹਾ, “ਮੈਂ ਬੜਾ ਖੁਸ਼ ਹਾਂ ਕੇਹਰ ਸ਼ਰੀਫ਼ ਨੂੰ ਬਲਾਚੌਰ ਤੋਂ ਪੱਤਰਕਾਰ ਰੱਖ ਲਿਆ ਪਰ ਤੂੰ ਕੋਈ ਸਿਫਾਰਿਸ਼ ਨਹੀਂ ਕੀਤੀ।” ਮੈਨੂੰ ਇਹ ਖਬਰ ਉੱਥੇ ਉਦੋਂ ਹੀ ਮਿਲੀ ਜਿਸ ਤੇ ਮੈਨੂੰ ਵੀ ਖੁਸ਼ੀ ਹੋਈ ਕਿ ਮੇਰੇ ਇਲਾਕੇ ਬਲਾਚੌਰ ਤੋਂ ਪੱਤਰਕਾਰ ਬਣਿਆ ਮੇਰਾ ਭਰਾ ਹੈ ਜਿਸ ਨੇ ਪੱਤਰਕਾਰ ਬਣਨ ਵੇਲੇ ਮੇਰੇ ਨਾਲ ਕੋਈ ਗੱਲਬਾਤ ਨਾ ਕੀਤੀ ਅਤੇ ਬਰਜਿੰਦਰ ਸਿੰਘ ਨੂੰ ਪਤਾ ਹੀ ਨਹੀਂ ਸੀ ਕਿ ਕੇਹਰ ਸ਼ਰੀਫ਼ ਮੇਰਾ ਨਜ਼ਦੀਕੀ ਜਾਂ ਭਰਾ ਹੈ।

ਉਦਘਾਟਨ ਹੋ ਚੁੱਕਾ ਹੈ

ਖ਼ਬਰਾਂ ਵਾਲੇ ਕਮਰੇ ਵਿਚ ਖ਼ਬਰਾਂ ਦੇ ਨਾਲ ਨਾਲ ਫੀਚਰ ਤਿਆਰ ਕਰਨ ਦੀ ਡਿਊਟੀ ਸਮਾਚਾਰ ਸੰਪਾਦਕ ਦੀ ਹੁੰਦੀ ਸੀ। ਇਕ ਦਿਨ ਸਮਾਚਾਰ ਸੰਪਾਦਕ ਜਗਜੀਤ ਸਿੰਘ ਬੀਰ ਨੇ ਕਿਸੇ ਪੱਤਰਕਾਰ ਦਾ ਛੇਤੀ ਲੱਗਣ ਵਾਲਾ ਫੀਚਰ ਤਿਆਰ ਕੀਤਾ ਅਤੇ ਟੋਕਰੀ ਵਿਚ ਰੱਖ ਲਿਆ। ਤੀਜੇ ਦਿਨ ਜਦ ਟੋਕਰੀ ਫਰੋਲੀ ਤਾਂ ਤੁਰਤ ਉਹ ਫੀਚਰ ਸੰਪਾਦਕ ਦੀ ਪ੍ਰਵਾਨਗੀ ਲਈ ਭੇਜ ਦਿੱਤਾ। ਉਸ ਫੀਚਰ ਦਾ ਸਿਰਲੇਖ ਸੀ,ਕਈ ਦੇਰ ਤੋਂ ਉਦਘਾਟਨ ਨੂੰ ਤਰਸਦਾ ਪੁਲ।” ਥੋੜ੍ਹੀ ਦੇਰ ਬਾਅਦ ਹੀ ਮੈਸੰਜਰ ਸੰਪਾਦਕ ਦੇ ਕਮਰਿਉਂ ਭੇਜਿਆ ਫੀਚਰ ਵਾਪਸ ਸਮਾਚਾਰ ਕਮਰੇ ਵਿਚ ਆ ਗਿਆ ਜਿਸ ਤੇ ਕਾਟਾ ਲਾ ਕੇ ਬਰਜਿੰਦਰ ਸਿੰਘ ਨੇ ਲਿਖਿਆ ਹੋਇਆ ਸੀ,ਉਦਘਾਟਨ ਹੋ ਚੁੱਕਾ ਹੈ।” ਲਾਲ ਸਿਆਹੀ ਨਾਲ ਲਿਖਿਆ ਸਿੱਧਾ ਸਪਾਟ ਇਹ ਸੰਦੇਸ਼ ਦੇ ਰਿਹਾ ਸੀ ਕਿ ਇਹ ਫੀਚਰ ਹੁਣ ਲਾਉਣ ਦੀ ਲੋੜ ਨਹੀਂ।

ਬਿਨ ਦੇਖੇ ਰਿਪੋਰਟ

ਇਕ ਵਾਰ ਕੋਈ ਸਾਹਿਤਕ ਸਮਾਗਮ ਸੀ ਕਿ ਕਵਰ ਕਰਨ ਦੀ ਡਿਊਟੀ ਮੇਰੀ ਲੱਗ ਗਈ। ਰਿਪੋਰਟ ਲਿਖੀ ਤੇ ਸਮਾਚਾਰ ਸੰਪਾਦਕ ਨੂੰ ਦੇ ਦਿੱਤੀ, ਜਿਸ ਨੂੰ ਪਤਾ ਸੀ ਕਿ ਰਿਪੋਰਟ ਸੁਣ ਸੁਣਾ ਕੇ ਅਤੇ ਕਿਸੇ ਤੋਂ ਜਾਣਕਾਰੀ ਦੇ ਅਧਾਰ ਤੇ ਲਿਖੀ ਗਈ ਹੈ ਜਿਸ ਕਾਰਨ ਉਸ ਨੇ ਰਿਪੋਰਟ ’ਤੇ ਲਿਖਿਆ, ‘ਸ਼ਾਮ ਸਿੰਘ ਤਾਂ ਸਮਾਗਮ  ਵਿਚ ਗਿਆ ਹੀ ਨਹੀਂ’ ਅਤੇ ਸੰਪਾਦਕ ਦੀ ਮੰਨਜ਼ੂਰੀ ਵਾਸਤੇ ਭੇਜ ਦਿੱਤੀ। ਰਿਪੋਰਟ ਵਿਚ ਸਾਰੇ ਤੱਥ ਅਤੇ ਸਾਹਿਤਕ ਸ਼ਬਦਾਵਲੀ ਪੜ੍ਹ ਕੇ ਬਰਜਿੰਦਰ ਸਿੰਘ ਨੇ ਮਜ਼ਾਕੀਆ ਅੰਦਾਜ਼ ਵਿਚ ਇਹ ਲਿਖਿਆ ਤੇ ਛਾਪਣ ਲਈ ਭੇਜ ਦਿੱਤੀ, “ਜੇ ਸਮਾਚਾਰ ਸੰਪਾਦਕ ਦੀ ਗੱਲ ਸੱਚ ਹੈ ਤਾਂ ਸਾਹਿਤਕ ਸਮਾਗਮ ਕਵਰ ਕਰਨ ਦੀ ਡਿਊਟੀ ਇਸ ਦੀ ਹੀ ਲਾਇਆ ਕਰੋ।” ਬੀਰ ਮੱਥੇ ’ਤੇ ਹੱਥ ਰੱਖ ਕਦੇ ਰਿਪੋਰਟ ਵੱਲ ਝਾਕੇ, ਕਦੇ ਮੇਰੇ ਵੱਲ। ਫੇਰ ਹੱਥ ਤੇ ਹੱਥ ਮਾਰ ਕੇ ਹੱਸੀ ਜਾਵੇ ਕਿ ਸੰਪਾਦਕ ਨੇ ਇਹ ਕੀ ਲਿਖ ਦਿੱਤਾ।

ਵਾਅਦੇ ਦਾ ਨਿਭਾਅ

ਚੰਡੀਗੜ੍ਹ ਦੀ ਇਕ ਕਹਾਣੀਕਾਰਾ ਨੂੰ ਬੜਾ ਚਾਅ ਸੀ ਕਿ ਉਸਦੇ ਕਹਾਣੀ ਸੰਗ੍ਰਹਿ “ਬੰਦ ਬੂਹੇ ਪਿੱਛੇ” ਨੂੰ ਬਰਜਿੰਦਰ ਸਿੰਘ ਰਿਲੀਜ਼ ਕਰੇ। ਚੰਡੀਗੜ੍ਹ ਪਹੁੰਚਣ ਦੀ ਗੱਲ ਨਾ ਬਣੀ ਤਾਂ ਉਹ ਕਹਾਣੀ ਸੰਗ੍ਰਹਿ ਰਿਲੀਜ਼ ਕਰਵਾਉਣ ਲਈ ਅਜੀਤ ਭਵਨ ਜਲੰਧਰ ਜਾ ਪਹੁੰਚੀ। ਉਸਦੇ ਨਾਲ ਮੈਂ ਅਤੇ ਕਹਾਣੀਕਾਰ ਕਸ਼ਮੀਰ ਸਿੰਘ ਪੰਨੂੰ ਵੀ ਪਹੁੰਚੇ ਤਾਂ ਪਤਾ ਲੱਗਾ ਕਿ ਸੰਪਾਦਕ ਦੇ ਕਮਰੇ ਵਿਚ ਤਾਂ ਮੰਤਰੀ ਅਤੇ ਨੇਤਾਵਾਂ ਦਾ ਝੁਰਮਟ ਲੱਗਾ ਹੋਇਆ ਹੈ। ਕਮਰੇ ਵਿਚ ਦਾਖਲ ਹੋਏ ਤਾਂ ਧਿਆਨ ਸਾਡੇ ਵੱਲ ਕਰਦਿਆਂ ਉਸ ਨੇ ਝੁਰਮਟ ਨੂੰ ਤੁਰੰਤ ਹੀ ਤਿਤਰ-ਬਿਤਰ ਕਰ ਦਿੱਤਾ। ਦਫਤਰ ਦੇ ਨਾਲ ਲਗਦੇ ਬੈਠਕ-ਕਮਰੇ ਵਿਚ ਦਫਤਰੀ ਕਰਿੰਦਿਆਂ ਸਮੇਤ ਬਰਜਿੰਦਰ ਸਿੰਘ ਨੇ ਕਹਾਣੀ ਸੰਗ੍ਰਹਿ ਰਿਲੀਜ਼ ਕਰ ਦਿੱਤਾ। ਫੋਟੋ ਖਿੱਚੇ ਗਏ, ਬਰਫੀ ਵਰਤਾਈ ਗਈ ਅਤੇ ਚਾਹ ਦੀਆਂ ਚੁਸਕੀਆਂ ਦਾ ਆਨੰਦ ਜਿਹੜਾ ਰੁਝੇਵਿਆਂ ਦੇ ਹੁੰਦਿਆਂ ਵਾਅਦੇ ਦਾ ਨਿਭਾਅ ਅਤੇ ਉਹ ਵੀ ਮੁਫਤੋ ਮੁਫਤੀ ਕੀਤਾ ਗਿਆ, ਇਸ ਤੇ ਕੋਈ ਵੀ ਟਿੱਪਣੀ ਮੇਚ ਨਹੀਂ ਆਵੇਗੀ।

ਕੇਹੀ ਵਗੀ ’ਵਾ ਚੰਦਰੀ

ਬਰਜਿੰਦਰ ਸਿੰਘ ਨੇ ਪੰਜਾਬੀ ਟ੍ਰਿਬਿਊਨ ਵਿਚ ਜਾਣ ਤੋਂ ਪਹਿਲਾਂ ਵੀ ਕਈ ਕੁਝ ਲਿਖਿਆ ਅਤੇ ਬਾਅਦ ਵਿਚ ਵੀ ਪਰ ਮੇਰੇ ਸਮੇਤ ਬਹੁਤੇ ਲੋਕਾਂ ਦੇ ਮੱਥਿਆਂ ਅੰਦਰ ਉਸਦਾ ਪੰਜਾਬੀ ਟ੍ਰਿਬਿਊਨ ਵਿਚ ਲਿਖਿਆ ਸੰਪਾਦਕੀ “ਕੇਹੀ ਵਗੀ ਵਾ ਚੰਦਰੀ” ਅਜੇ ਤੱਕ ਲਟਕਿਆ ਹੋਇਆ ਹੈ ਕਿਉਂਕਿ ਉਸ ਵਿਚ ਉਸ ਸਮੇਂ ਦੇ ਮੱਥੇ ’ਤੇ ਲਿਖੀ ਇਬਾਰਤ ਦੀ ਉਦਾਸੀ ਵੀ ਸੀ ਅਤੇ ਅਤੇ ਅੰਤਾਂ ਦਾ ਦੁਖਾਂਤ ਵੀ। ਉਸਦੀ ਫਰਾਖਦਿਲੀ ਇਹ ਵੀ ਸੀ ਕਿ ਉਸ ਨੇ ਉਹ ਸੰਪਾਦਕੀ ਅਖਬਾਰ ਵਿਚ ਛਪਣ ਤੋਂ ਪਹਿਲਾਂ ਸੰਪਾਦਕੀ ਮੰਡਲ ਦੇ ਕਈ ਮੈਂਬਰਾਂ ਨੂੰ ਪੜ੍ਹਇਆ ਵੀ ਸੀ, ਸੁਣਾਇਆ ਵੀ।

ਹੁਣ ਤੱਕ ਛਾਪ ਚੁੱਕੇ ਹਾਂ

ਬਰਜਿੰਦਰ ਸਿੰਘ ਦੇ ਵੇਲੇ ਅਖਬਾਰ ਵਿਚ ਕੋਈ ਲੜੀਵਾਰ ਨਾਵਲ ਛਪ ਰਿਹਾ ਸੀ ਜਿਸ ਦੇ ਅੱਗੇ ਇਕ ਛੋਟੀ ਜਿਹੀ ਸਤਰ ਲਿਖੀ ਹੁੰਦੀ ਪਾਠਕ ਹੁਣ ਤੱਕ ਪੜ੍ਹ ਚੁੱਕੇ ਹਨ’ ਤਾਂ ਇਸ ਤੇ ਟਿੱਪਣੀ ਕਰਦਿਆਂ ਭੂਸ਼ਨ ਧਿਆਨਪੁਰ ਨੇ ਲਿਖ ਭੇਜਿਆ ਕਿ ਜੋ ਲਿਖਦੇ ਹੋ ਨਾ ਲਿਖੋ ਬਲਕਿ ਇਹ ਲਿਖੋ ਕਿ “ਹੁਣ ਤੱਕ ਅਸੀਂ ਛਾਪ ਚੁੱਕੇ ਹਾਂ” ਸ਼ਾਇਦ ਇਸ਼ਾਰਾ ਸੀ ਕਿ ਅਖਬਾਰ ਵਿਚ ਲੜੀਵਾਰ ਨਾਵਲ ਕੌਣ ਪੜ੍ਹਦਾ ਹੈ?

*****

(421)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author