KulwinderBathDr7“ਸੀਤਾ, ਡਰਾਇਵਰ, ਕੰਡਕਟਰ, ਚਿੱਟੇ ਅਤੇ ਖਿਲਰੇ ਵਾਲਾਂ ਵਾਲੀ ਡਰਾਉਣੀ ...”
(25 ਨਵੰਬਰ 2026)

 

ਅਸੀਂ, ਖਾਸ ਕਰਕੇ ਪਹਿਲੀ ਪੀੜ੍ਹੀ ਦੇ ਪ੍ਰਦੇਸੀ, ਦੋਹਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਏ ਹਾਂ। ਦੋ-ਚਾਰ ਸਾਲ ਬਾਅਦ ਆਪਣੀ ਜਨਮ ਭੂਮੀ ਦਾ ਚੱਕਰ ਕੱਢਣ ਲਈ ਸੋਚਦੇ ਅਤੇ ਲੋਚਦੇ ਰਹਿੰਦੇ ਹਾਂ। ਇੱਕ ਵਾਰ ਜਦੋਂ ਅਸੀਂ ਦਿੱਲੀ ਦੇ ਏਅਰਪੋਰਟ ਤੋਂ ਪਿੰਡ ਵੱਲ ਜਾ ਰਹੇ ਸੀ ਤਾਂ ਖੱਡਿਆਂ ਨਾਲ ਭਰਪੂਰ ਸੜਕ ਵਿੱਚ ਪਏ ਇੱਕ ਵੱਡੇ ਖੱਡੇ ਉੱਪਰ ਜਾ ਕੇ ਗੱਡੀ ਅਜਿਹੀ ‘ਬੁੜ੍ਹਕੀ’ ਕਿ ਨੀਂਦ ਵਿੱਚੋਂ ਉੱਠਕੇ ਅਸੀਂ ਅੱਭੜਵਾਹੇ ਆਲੇ-ਦੁਆਲੇ ਝਾਕਣ ਲੱਗ ਪਏ। ਗੱਡੀ ਦੀ ਤਾਕੀ ਰਾਹੀਂ ਬਾਹਰ ਦੇਖਦਿਆਂ ਨਾਲ ਹੀ ਬੈਠੀ ਪਤਨੀ ਬੋਲੀ, “ਸੜਕ ਤਾਂ ਬਾਹਲੀ ਮਾੜੀ ਨਹੀਂ ਲਗਦੀ, ਪਰ ਆਹ ਤਾਂ ਜ਼ਿਆਦਾ ਈ ਡੂੰਘਾ ‘ਟੋਆ ਹੋਣਾ ਆ, ਜਿੱਥੇ ਗੱਡੀ ਐਨੀ ਟੱਪ ਗਈ ’ਤਾਂਹ ਨੂੰ।”

“ਨਹੀਂ... ਨਹੀਂ... ਇਹ ਤਾਂ ਕੁਛ ਵੀ ਨਹੀਂ।” ਆਖ ਮੈਂ ਦਹਾਕਿਆਂ ਪਹਿਲਾਂ ਵਾਪਰੀ ਘਟਨਾ ਦੀ ਯਾਦ ਵਿੱਚ ਗੁਆਚ ਗਿਆ।

ਇਹ ਸੱਚ ਹੈ ਕਿ ਵਕਤ ਬਹੁਤ ਤੇਜ਼ੀ ਬਦਲ ਰਿਹਾ ਹੈ; ਇਸਦੇ ਨਾਲ ਹੀ ਸਾਡੀ ਜ਼ਿੰਦਗੀ ਵੀ ਬਦਲ ਰਹੀ ਹੈ। ਪਿੰਡ ਬਦਲ ਰਹੇ ਹਨ ਅਤੇ ਪਿੰਡਾਂ ਦੇ ਨਾਲ ਹੀ ਪਿੰਡਾਂ ਦੇ ਲੋਕ ਵੀ ਬਦਲ ਰਹੇ ਹਨ। ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ, ਜਿਸਦੀ ਰਫਤਾਰ ਵੱਖਰੇ ਵੱਖਰੇ ਸਥਾਨਾਂ ਤੇ ਅਲੱਗ ਅਲੱਗ ਹੈ। ਜਿਹੜੇ ਪਿੰਡ ਸ਼ਹਿਰ ਦੇ ਨਜ਼ਦੀਕ ਹਨ, ਉਹ ਜਲਦੀ ਹੀ ਸ਼ਹਿਰ ਦੇ ਵਿਕਾਸ ਅਧੀਨ ਖਾ ਹੋ ਗਏ ਹਨ। ਇਸਦੇ ਮੁਕਾਬਲੇ ਸ਼ਹਿਰਾਂ ਤੋਂ ਦੂਰ ਵਸਦੇ ਪਿੰਡ ਜਾਂ ਪਛੜੇ ਹੋਏ ਇਲਾਕੇ ਦੇ ਪਿੰਡਾਂ ਦਾ ਸਰੂਪ ਬਦਲਦਿਆਂ ਥੋੜ੍ਹਾ ਜ਼ਿਆਦਾ ਸਮਾਂ ਲੱਗ ਰਿਹਾ ਹੈ। ਹੁਣ ਤਾਂ ਦਰਿਆਵਾਂ, ਬੇਈਆਂ, ਅਤੇ ਚੋਆਂ ਦੇ ਕੁਦਰਤੀ ਵਹਾਅ ਵਾਲੇ ਰਾਹਾਂ ਵਿੱਚ ਵੀ ਮਨੁੱਖੀ ਵੱਸੋਂ ਦੀਆਂ ਕਲੋਨੀਆਂ ਘੁਸੜ ਗਈਆਂ ਹਨ, ਉਹ ਵੀ ਬਗੈਰ ਕਿਸੇ ਖੌਫ ਤੋਂ!

ਸਾਡਾ ਪਿੰਡ ਜਲੰਧਰ ਛਾਉਣੀ ਦੀ ਹੱਦ ਤੋਂ ਸਿਰਫ ਕੁਝ ਕੁ ਹੀ ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ। ਪ੍ਰੰਤੂ ਅੱਧ-ਵਿਚਕਾਰ ਬੇਈਂ ਲੰਘਣ ਕਰਕੇ ਵਿਕਾਸ ਪੱਖੋਂ ਕਾਫੀ ਪਛੜਿਆ ਹੀ ਰਿਹਾ ਅਤੇ ਅਜੇ ਵੀ ਇੰਜ ਹੀ ਹੈ। ਇਸਦੇ ਕਈ ਕਾਰਨਾਂ ਵਿੱਚੋਂ ਪਿੰਡ ਨੂੰ ਜਾਂਦੀ ਟੁੱਟੀ ਭੱਜੀ ਸੜਕ, ਬੇਈਂ ਉੱਪਰ ਦੇਰੀ ਨਾਲ ਬਣਿਆ ਡੂੰਘਾ ਜਿਹਾ ਪੁਲ ਅਤੇ ਆਵਾਜਾਈ ਦੇ ਸਾਧਨਾਂ ਦੀ ਕਮੀ ਮੁੱਖ ਕਾਰਨ ਸਨ। ਹੁਣ ਤਾਂ ਆਵਾਜਾਈ ਦੇ ਸਾਧਨ ਬਥੇਰੇ ਹੋ ਗਏ ਹਨ। ਸਕੂਟਰ, ਮੋਟਰ ਸਾਇਕਲ ਦੀ ਤਾਂ ਗੱਲ ਛੱਡੋ, ਘਰੋ-ਘਰੀ ਕਾਰਾਂ ਪਹੁੰਚ ਗਈਆਂ ਹਨ। ਕੋਈ ਆਪਣੀ ਹਿੰਮਤ ਦੇ ਹਿਸਾਬ ਨਾਲ ਲੈ ਲੈਂਦਾ ਹੈ ਅਤੇ ਦੂਸਰਾ ‘ਅੱਡੀਆਂ ਚੁੱਕ ਕੇ ਫਾਹਾ’ ਲੈਣ ਦੀ ਦੇਰ ਨਹੀਂ ਕਰਦਾ! ਸ਼ਾਇਦ ਇਸਦਾ ਕਾਰਨ ਸਾਡੇ ਪੰਜਾਬੀਆਂ ਵਿੱਚ ‘ਨੱਕ ਉੱਚਾ ਰੱਖਣ’ ਦੀ ਗੁੜ੍ਹਤੀ ਹੈ, ਜੋ ਬਚਪਨ ਵੇਲੇ ਹੀ ਦੇ ਦਿੱਤੀ ਜਾਂਦੀ ਹੈ ਜਿਸਦਾ ‘ਅਸਰ’ ਲਗਭਗ ਸਾਰੀ ਉਮਰ ਹੀ ਖਹਿੜਾ ਨਹੀਂ ਛੱਡਦਾ।

ਉਸ ਸਮੇਂ ਮੈਂ ਐੱਨ. ਡੀ. ਵਿਕਟਰ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਛਾਉਣੀ ਵਿੱਚ ਪੜ੍ਹਦਾ ਸੀ। ਪਿੰਡ ਤੋਂ ਸਕੂਲ ਨੂੰ ਜਾਣ ਲਈ ਸਾਇਕਲ ਦਾ ਪ੍ਰਬੰਧ ਤਾਂ ਹੈ ਸੀ, ਪਰ ਫਿਰ ਵੀ ਕਦੇ ਕਦਾਈਂ ਬੱਸ ਦੇ ਪਾਸ ਦਾ ‘ਫਾਇਦਾ ਲੈਣ ਲਈ ਬੱਸ ਵਿੱਚ ਵੀ ਚਲੇ ਜਾਂਦਾ ਸੀ। ਪ੍ਰਿੰਸ ਟਰਾਂਸਪੋਰਟ ਦੀ ਪ੍ਰਾਈਵੇਟ ਬੱਸ ਕਪੂਰਥਲੇ ਸ਼ਹਿਰ ਤੋਂ ਚੱਲ ਕੇ ਜਲੰਧਰ ਦੇ ਪਿੰਡਾਂ ਦੇ ਵਿੱਚੋਂ ਦੀ ਹੁੰਦੀ ਹੋਈ ਫਗਵਾੜੇ ਨੂੰ ਜਾਂਦੀ ਸੀ। ਟਾਈਮ-ਟੇਬਲ ਦੇ ਹਿਸਾਬ ਨਾਲ ਤਾਂ ਇਸਦੇ ਕਈ ਸਮੇਂ ਸਨ ਪਰ ਅਸਲ ਵਿੱਚ ਬਹੁਤੇ ਸਮੇਂ ਇਹ ਖਾ ਹੀ ਜਾਂਦੀ ਸੀ ਅਤੇ ਸਮੇਂ ਮੁਤਾਬਿਕ ਵੀ ਘੱਟ ਹੀ ਚੱਲਦੀ ਸੀ। ਸਰਦੀਆਂ ਵਿੱਚ ਸਕੂਲ ਤੋਂ ਚਾਰ ਵਜੇ ਛੁੱਟੀ ਹੁੰਦੀ ਸੀ। ਜਿਸ ਦਿਨ ਬੱਸ ਵਿੱਚ ਜਾਣਾ ਆਉਣਾ ਹੁੰਦਾ ਤਾਂ ਪਿੰਡ ਨੂੰ ਵਾਪਸ ਜਾਣ ਲਈ ‘ਆਖਰੀ ਬੱਸ’ ਹੀ ਮਿਲਦੀ ਸੀ।

ਬੱਸ ਲੈਣ ਲਈ ਮੈਨੂੰ ਸਕੂਲ ਤੋਂ ਬੱਸ ਫੜਨ ਵਾਲੇ ਚੌਂਕ ਤੀਕਰ ਤਕਰੀਬਨ ਇੱਕ ਮੀਲ ਪੈਦਲ ਚੱਲ ਕੇ ਜਾਣਾ ਪੈਂਦਾ ਸੀ। ਚੌਂਕ ਵਿੱਚ ਸ਼ਾਮ ਨੂੰ ਬਹੁਤ ਰੌਣਕ ਹੁੰਦੀ ਸੀ। ਚੌਂਕ ਵਿੱਚ ਲੱਗੀਆਂ ਸਬਜ਼ੀਆਂ, ਤਾਜ਼ੇ ਫੁੱਲਾਂ, ਫਲ-ਫਰੂਟਾਂ, ਅਤੇ ਮੱਛੀ ਦੇ ਪਕੌੜਿਆਂ ਦੀਆਂ ਰੇਹੜੀਆਂ ਉੱਤੇ ‘ਚਿੱਟੀ ਰੌਸ਼ਨੀ’ ਵਾਲੇ ਗੈਸ ਚੱਲ ਰਹੇ ਹੁੰਦੇ ਸਨ। ਫੁੱਲਾਂ, ਫਲਾਂ ਅਤੇ ਪਕੌੜਿਆਂ ਦੀ ਰਲੀ-ਮਿਲੀ ਖੁਸ਼ਬੂ ਹਵਾ ਵਿੱਚ ਮਹਿਕ ਖਿਲਾਰ ਰਹੀ ਹੁੰਦੀ ਸੀ। ਛਾਉਣੀ ਦਾ ਇਲਾਕਾ ਹੋਣ ਕਰਕੇ ਸਮੇਂ ਦੇ ਕਾਲੇ ਦਿਨਾਂ ਦੌਰਾਨ ਵੀ ਸ਼ਾਂਤ ਅਤੇ ਸੁਰੱਖਿਅਤ ਹੀ ਸੀ। ਇਸ ਚੌਂਕ ਵਿੱਚੋਂ ਲਾਗਲੇ ਪਿੰਡਾਂ ਦੀਆਂ ਸਵਾਰੀਆਂ ਅਕਸਰ ਹੀ ਕਿਸੇ ਸਾਧਨ ਦੀ ਉਡੀਕ ਕਰਦੀਆਂ ਹੁੰਦੀਆਂ ਸਨ। ਸਰਦੀਆਂ ਵਿੱਚ ਦਿਨ ਛੋਟੇ ਹੋਣ ਕਰਕੇ ਸੂਰਜ ਵੀ ਮਿਟਣ ਨੂੰ ਕਾਹਲਾ ਪਿਆ ਹੁੰਦਾ ਹੈ। ਕਈ ਵਾਰ ਤਾਂ ਸੂਰਜ ਦੇ ਲਾਲ ਜਿਹੇ ਦਰਸ਼ਨ ਵੀ ਮਿਟਣ ਵੇਲੇ ਹੀ ਹੁੰਦੇ ਸਨ। ਰਾਤ ਦੀ ਪਈ ਹੋਈ ਧੁੰਦ ਸਾਰਾ ਦਿਨ ਹੀ ਸੂਰਜ ਨੂੰ ਆਪਣੀ ਬੁੱਕਲ ਵਿੱਚ ਲੁਕੋ ਰੱਖਦੀ ਸੀ।

ਉਸ ਦਿਨ ਵੀ ਜਦੋਂ ਬੱਸ ਚੌਂਕ ਵਿੱਚ ਪਹੁੰਚੀ ਤਾਂ ਸੂਰਜ ਅੰਦਰ-ਬਾਹਰ ਜਿਹੇ ਹੋਇਆ ਛਿਪ ਰਿਹਾ ਸੀ। ਘੁਸਮੁਸੇ ਜਿਹੇ ਵਿੱਚ ਦੂਰੋਂ ਆਉਂਦੀ ਹੋਈ ਬੱਸ ਨੂੰ ਦੇਖ ਕੇ ਸਵਾਰੀਆਂ ਨੂੰ ਖੁਸ਼ੀ ਹੋ ਗਈ ਕਿ ਅੱਜ ਘਰ ਤਾਂ ਪਹੁੰਚ ਜਾਵਾਂਗੇ, ਭਾਵੇਂ ਲੇਟ ਹੀ ਸਹੀ। ਆਖਰੀ ਬੱਸ ਹੋਣ ਕਾਰਨ ਇਹ ਜ਼ਿਆਦਾ ਭਰੀ ਜਾਂ ਖਾਲੀ ਵੀ ਨਹੀਂ ਸੀ। ਖੈਰ, ਬੱਸ ਦਾ ਪਿਛਲਾ ਦਰਵਾਜ਼ਾ ਖੁੱਲ੍ਹਿਆ ਤੇ ਦੂਸਰੀਆਂ ਸਵਾਰੀਆਂ ਦੇ ਨਾਲ ਹੀ ਮੈਂ ਵੀ ਕਿਤਾਬਾਂ ਕਾਪੀਆਂ ਹੱਥ ਵਿੱਚ ਫੜੀ ਬੱਸ ਵਿੱਚ ਚੜ੍ਹ ਗਿਆ। ਬੱਸ ਦੀ ਬਿਲਕੁਲ ਪਿਛਲੀ ਅਤੇ ਲੰਬੀ ਸੀਟ ਲਗਭਗ ਖਾਲੀ ਹੀ ਸੀ। ਸਿਰਫ ਲੋਕਾਂ ਦਾ ਸਮਾਨ ਅਤੇ ਇੱਕ ਵੱਡੀ ਸਾਰੀ ਬਿਜਲੀ ਦੇ ਟਿਊਬਵੈੱਲ ਵਾਲੀ ਮੋਟਰ ਥੱਲੇ ਪਈ ਸੀ। ਸਾਡੇ ਪਿੰਡ ਦਾ ਸੀਤਾ (ਸੁਰਜੀਤ) ਇਸ ਲੰਬੀ ਸੀਟ ਉੱਪਰ ਇਕੱਲਾ ਬੈਠਾ ਹੋਇਆ ਸੀ। ਇਹ ਮੋਟਰ ਵੀ ਉਹਦੀ ਹੀ ਸੀ ਜੋ ਇਹ ਸ਼ਹਿਰੋਂ ਖਰੀਦ ਕੇ ਪਿੰਡ ਨੂੰ ਲੈ ਕੇ ਚੱਲਿਆ ਸੀ। ਉਸਨੇ ਮੈਨੂੰ ਅਵਾਜ਼ ਮਾਰੀ, “ਉਏ ਪਾੜ੍ਹਿਆ! ਇੱਥੇ ਈ ਆ ਜਾ।”

ਸੀਟ ਉੱਪਰ ਪਰ੍ਹਾਂ ਨੂੰ ਖਿਸਕਦਿਆਂ ਉਹਨੇ ਮੈਨੂੰ ਆਪਣੇ ਕੋਲ ਹੀ ਬੈਠਣ ਲਈ ਇਸ਼ਾਰਾ ਕੀਤਾ ਤਾਂ ਕਿ ਪਿੰਡ ਤਕ ਜਾਂਦੇ ਗੱਪਾਂ ਮਾਰਦੇ ਜਾਈਏ। ਮੈਂ ਹੱਥ ਵਿੱਚ ਫੜੀਆਂ ਕਿਤਾਬਾਂ ਸੀਟ ’ਤੇ ਰੱਖ ਕੇ ਉਹਦੇ ਕੋਲ ਬੈਠ ਗਿਆ। ਕੋਈ ਹੋਰ ਸਾਡੇ ਪਿੰਡ ਦੀ ਸਵਾਰੀ ਨਜ਼ਰ ਨਹੀਂ ਆਉਂਦੀ ਸੀ, ਸ਼ਾਇਦ ਉਨ੍ਹਾਂ ਬੱਸ ਉਡੀਕਣ ਦੀ ਬਜਾਏ ਪਹਿਲਾਂ ਹੀ ਆਪਣਾ ਪਿੰਡ ਪਹੁੰਚਣ ਦਾ ਸਾਧਨ ਲੱਭ ਲਿਆ ਸੀ। ਆਖਰੀ ਬੱਸ ਦਾ ਕਿਹੜਾ ਯਕੀਨ ਹੁੰਦਾ ਹੈ, ਆਵੇ ਜਾਂ ਨਾ ਆਵੇ। ਸਿਆਲ ਦੇ ਦਿਨ ਛੋਟੇ ਹੋਣ ਕਰਕੇ ਹਨੇਰਾ ਜਿਹਾ ਤਾਂ ਪਹਿਲਾਂ ਹੀ ਹੋਇਆ ਪਿਆ ਸੀ।

ਹੋਰ ਦੇਰ ਨਾ ਕਰਦਿਆਂ, ਕੰਡਕਟਰ ਨੇ ਕੰਨ ਪਾੜਵੀਂ ਲੰਮੀ ਸੀਟੀ ਵਜਾਈ ਅਤੇ ਨਾਲ ਹੀ ਡਰਾਇਵਰ ਵੱਲ ਨੂੰ ਮੂੰਹ ਕਰ ਬੋਲਿਆ, “ਚੱਲ ਵੀ ਪੈ ਹੁਣ। ... ਸਾਲਾ ਨੇਰ੍ਹਾ ਤਾਂ ਇੱਥੇ ਈ ਹੋ ਗਿਆ। ਕਦ ਜਾ ਕੇ ਪਹੁੰਚਣਾ ਟਿਕਾਣੇ ’ਤੇ …”

ਬੁੜਬੁੜ ਕਰਦੇ ਡਰਾਈਵਰ ਨੇ ਘਰੜ-ਘਰੜ ਜਿਹਾ ਕਰਦਾ ਬੱਸ ਦਾ ਗੇਅਰ ਪਾਇਆ ਅਤੇ ਬੱਸ ਪਿੰਡ ਵੱਲ ਨੂੰ ਦੱਬ ਦਿੱਤੀ। ਹਰ ਇੱਕ ਨੂੰ ਆਪਣੇ ਟਿਕਾਣੇ ਪਹੁੰਚਣ ਦੀ ਕਾਹਲ ਸੀ। ਬੱਸ ਦਾ ਲੰਮਾ ਰੂਟ ਹੋਣ ਕਰਕੇ ਕੰਡਕਟਰ ਅਤੇ ਡਰਾਇਵਰ ਸਵਾਰੀਆਂ ਨਾਲੋਂ ਵੀ ਕਾਹਲੇ ਸਨ।

ਰਾਤ ਪੈਣ ਕਰਕੇ ਛਾਉਣੀ ਦਾ ਇਲਾਕਾ ਪਾਰ ਕਰਦਿਆਂ ਹੀ ਬੱਸ ਦੀਆਂ ਦੀਵਿਆਂ ਵਰਗੀਆਂ ਮੱਧਮ ਜਿਹੀਆਂ ਲਾਈਟਾਂ ਵੀ ਜਗ ਗਈਆਂ। ਲਾਈਟਾਂ ਵਿੱਚ ਸੜਕ ਕੋਈ ਜ਼ਿਆਦਾ ਦੂਰੀ ਤਕ ਨਹੀਂ ਦਿਸਦੀ ਸੀ। ਸ਼ਾਇਦ ਡਰਾਇਵਰ ਅੰਦਾਜ਼ੇ ਜਿਹੇ ਨਾਲ ਹੀ ਬੱਸ ਨੂੰ ਚਲਾਈ ਜਾ ਰਿਹਾ ਸੀ। ਰਸਤੇ ਵਿੱਚ ਪੈਂਦੇ ਪਿੰਡਾਂ ਦੇ ਘਰਾਂ ਦੀਆਂ ਬੱਤੀਆਂ ਵੀ ਅੱਧ-ਪਚੱਧ ਜਗ-ਬੁਝ ਰਹੀਆਂ ਸਨ। ਬੱਸ ਦੀਆਂ ਜਗ ਰਹੀਆਂ, ਪਰ ਮੱਧਮ ਰੌਸ਼ਨੀ ਵਾਲੀਆਂ ਲਾਈਟਾਂ ਕਾਰਨ ਅੱਗੇ ਰਸਤੇ ਵਿੱਚ ਪੈਂਦੀ ਬੇਈਂ ਦਾ ਅੱਧ-ਟੁੱਟਿਆ ਅਤੇ ਡੂੰਘਾ ਜਿਹਾ ਪੁਲ ਵੀ ਕਿਸੇ ਬਲਾ ਤੋਂ ਘੱਟ ਖਤਰਨਾਕ ਨਹੀਂ ਲੱਗ ਰਿਹਾ ਸੀ।

ਬੇਈਂ ਪਾਰ ਕਰਦੇ ਹੀ ਡਰਾਇਵਰ ਨੇ ਸ਼ਾਇਦ ਜਿੰਨੀ ਵੀ ਤੇਜ਼ ਚੱਲ ਸਕਦੀ ਸੀ ਬੱਸ ਦੀ ਕੀਲੀ ਦੱਬ ਦਿੱਤੀ। ਸਾਡੇ ਤੋਂ ਅਗਲੀ ਸੀਟ ਉੱਪਰ ਬੈਠੀ ਇੱਕ ਬਜ਼ੁਰਗ ਮਾਤਾ ਨੇ ‘ਗਾਂਧੀ ਸਟਾਈਲ’ (ਗੋਲ ਸ਼ੀਸ਼ੇ ਵਾਲੀ) ਐਨਕ ਵਿੱਚ ਦੀ ਸਾਡੇ ਵੱਲ ਪਿਛਾਂਹ ਮੂੰਹ ਘੁੰਮਾ ਕੇ ਦੇਖਿਆ ਤੇ ਜ਼ੋਰ-ਜ਼ੋਰ ਨਾਲ ਵਾਖੁਰੂ-ਵਾਖੁਰੂ ਰਟਣ ਲੱਗ ਪਈ। ਬੱਸ ਖਾਲੀ ਜਿਹੀ ਹੀ ਸੀ, ਇਸ ਕਰਕੇ ਖਾਲੀ ਪਈਆਂ ਸੀਟਾਂ ਅਤੇ ਸਵਾਰੀਆਂ ਦੇ ਫੜਨ ਲਈ ਬੱਸ ਦੇ ਵਿਚਕਾਰ ਛੱਤ ਨਾਲ ਲੱਗੇ ਡੰਡੇ, ਚਿਮਟੇ-ਛੈਣਿਆਂ ਦੇ ਸਾਜ਼ਾਂ ਦੀ ਤਰ੍ਹਾਂ ਰੌਲਾ ਪਾਉਣ ਲੱਗੇ। ਬੱਸ ਦਾ ਪਿਛਲਾ ਪਾਸਾ ਜ਼ਿਆਦਾ ਟੱਪਣ ਅਤੇ ਖੌਰੂ ਪਾਉਣ ਕਰਕੇ ਸਵਾਰੀਆਂ ਇੱਥੇ ਬੈਠਣਾ ਵੀ ਪਸੰਦ ਨਹੀਂ ਕਰਦੀਆਂ। ਭਾਰਾ ਅਤੇ ਵਾਧੂ-ਘਾਟੂ ਸਮਾਨ ਵੀ ਅਕਸਰ ਇਸ ਜਗ੍ਹਾ ’ਤੇ ਹੀ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਉਤਾਰਨ ਲਈ ਜ਼ਿਆਦਾ ਖਿੱਚ-ਘੜੀਸ ਨਾ ਕਰਨੀ ਪਵੇ। ਬੱਸ ਜ਼ਿਆਦਾ ਦੇਰ ਲਈ ਅੱਡਿਆਂ ’ਤੇ ਰੁਕਦੀ ਵੀ ਤਾਂ ਨਹੀਂ ਹੁੰਦੀ ਸੀ।

ਪਿੰਡ ਹੁਣ ਜ਼ਿਆਦਾ ਦੂਰ ਨਹੀਂ ਰਹਿ ਗਿਆ ਸੀ, ਇਸ ਕਰਕੇ ਉੱਠ ਕੇ ਅੱਗੇ ਪਈਆਂ ਖਾਲੀ ਸੀਟਾਂ ’ਤੇ ਬੈਠਣ ਦਾ ਖਿਆਲ ਹੀ ਛੱਡ ਦਿੱਤਾ। ਹਾਲਾਂ ਕਿ ਬੱਸ ਦੇ ਨਾਲ ਨਾਲ ਬੁੜ੍ਹਕਦਾ ਸੀਤਾ ਕਹਿ ਰਿਹਾ ਸੀ, “ਚੱਲ ਆ ਯਾਰ, ਮੋਹਰੇ ਹੋ ਕੇ ਬਹਿ ਜਾਨੇ ਆਂ।”

ਬੇਈਂ ਅਤੇ ਸਾਡੇ ਪਿੰਡ ਦੇ ਵਿਚਕਾਰ ਇੱਕ ਸ਼ਰਾ ਜਾਂ ਚੋਅ ਜਿਹਾ ਪੈਂਦਾ ਸੀ, ਜਿਸ ਉੱਪਰ ਬੇਢੰਘੀ ਜਿਹੀ ਤੰਗ ਪੁਲੀ ਬਣੀ ਹੋਈ ਸੀ। ਪੂਰੀ ਸਪੀਡ ਨਾਲ ਜਾ ਰਹੀ ਬੱਸ ਜਦੋਂ ਇਸ ਚੋਅ ਦੀ ਪੁਲੀ ਉੱਪਰੋਂ ਲੰਘੀ ਤਾਂ ਇਹਦਾ ਦਾ ਪਿਛਲਾ ਪਾਸਾ ਬਹੁਤ ਜ਼ੋਰ ਨਾਲ ਉੱਪਰ ਵੱਲ ਭੁੜਕਿਆ। ਅਸਰ ਇੰਨਾ ਜ਼ਿਆਦਾ ਸੀ ਕਿ ਮੇਰਾ ਸਿਰ ਉੱਪਰ ਬੱਸ ਦੀ ਛੱਤ ਨਾਲ ਠਾਹ ਕਰਕੇ ਲੱਗਾ। ਕੁਝ ਸਮੇਂ ਲਈ ਮੈਨੂੰ ਇਹ ਨਾ ਪਤਾ ਲੱਗਿਆ ਕਿ ਹੋ ਕੀ ਰਿਹਾ ਹੈ? ਬੱਸ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਘਬਰਾ ਕੇ ਰੌਲਾ ਪਾਉਣ ਲੱਗੀਆਂ।

ਬੱਸ ਦੇ ਅਗਲੇ ਪਾਸੇ ਨਾਲੋਂ ਪਿਛਲੇ ਪਾਸੇ ਬੈਠੀਆਂ ਸਵਾਰੀਆਂ ਦੀ ਹਾਲਤ ਕੁਝ ਜ਼ਿਆਦਾ ਖਰਾਬ ਸੀ। ਉਨ੍ਹਾਂ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਮੇਰੀਆਂ ਕਿਤਾਬਾਂ-ਕਾਪੀਆਂ ਇੱਕ ਚੱਲ ਹਟੇ ‘ਅਨਾਰ’ ਪਟਾਕੇ ਵਾਂਗ ਪਤਾ ਨਹੀਂ ਕਿੱਧਰ ਜਾ ਡਿਗੀਆਂ। ਇਸ ਕਾਵਾਂਰੌਲੀ ਵਿੱਚ ਕੌਣ ਕੀ ਕਹਿ ਰਿਹਾ ਹੈ ਦੀ ਸਮਝ ਨਹੀਂ ਆ ਰਹੀ ਸੀ। ਡਰਾਇਵਰ ਨੇ ਬੱਸ ਵਿੱਚ ਸਵਾਰੀਆਂ ਤੱਕਣ ਵਾਲੇ ਸ਼ੀਸ਼ੇ ਵਿੱਚ ਦੀ ਪਿਛਾਂਹ ਵੱਲ ਦੇਖਿਆ। ਪਿੱਛੇ ਤਾਂ ਕਿਸੇ ਤਾਜ਼ਾ ਆਏ ਭੁਚਾਲ ਦੇ ਹਾਲਾਤ ਬਣੇ ਹੋਏ ਸਨ। ਖਤਰਾ ਭਾਂਪਦਿਆਂ ਉਸਨੇ ਬੱਸ ਸੜਕ ਦੇ ਐਨ ਵਿਚਕਾਰ ਹੀ ਰੋਕ ਲਈ। ਉਸਦਾ ਚਿਹਰਾ ਉੱਡਿਆ ਹੋਇਆ ਸੀ, ਜੋ ਬੱਸ ਦੀ ਧੀਮੀ ਰੌਸ਼ਨੀ ਵਿੱਚ ਵੀ ਸਾਫ ਦਿਖਾਈ ਦੇ ਰਿਹਾ ਸੀ। ਸ਼ਾਇਦ ਉਸਨੇ ਸੋਚਿਆ ਕੇ ਹੁਣ ਸਵਾਰੀਆਂ ਫੜ ਕੇ ਜੂਤ-ਪਤਾਣ ਅਤੇ ਕੁੱਟ-ਮਾਰ ਕਰਨਗੀਆਂ। ਵੱਸ ਤਾਂ ਉਸਦੇ ਵੀ ਨਹੀਂ ਰਿਹਾ ਸੀ, ਕਿਉਂਕਿ ਇਸ ਤੰਗ ਪੁਲੀ ਦੀ ਬਣਤਰ ਹੀ ਅਜਿਹੀ ਸੀ ਕਿ ਹੁਝਕਾ ਜ਼ਰੂਰ ਲਗਦਾ ਹੁੰਦਾ ਸੀ। ਦਿਨ ਵੇਲੇ ਦੂਰ ਤੋਂ ਪਤਾ ਲੱਗ ਜਾਂਦਾ ਸੀ ਅਤੇ ਚਾਲਕ ਆਪਣੇ ਵਾਹਨਾਂ ਦੀ ਰਫਤਾਰ ਘੱਟ ਕਰ ਲੈਂਦੇ ਸਨ। ਰਾਤ ਦਾ ਟਾਈਮ ਅਤੇ ਬੱਸ ਦੀਆਂ ਦੀਵੇ ਵਰਗੀਆਂ ਲਾਈਟਾਂ ਵਿੱਚ ਉਸ ਨੂੰ ਸ਼ਾਇਦ ਅੰਦਾਜ਼ਾ ਜਾਂ ਪਤਾ ਹੀ ਨਹੀਂ ਲੱਗਿਆ।

ਗੁੱਸੇ ਨਾਲ ਭਰੀਆਂ ਸਾਰੀਆਂ ਸਵਾਰੀਆਂ ਡਰਾਇਵਰ ਨੂੰ ਆਪਣੇ ‘ਹਿਸਾਬ-ਕਿਤਾਬ ਨਾਲ ‘ਭਾਂਤ-ਭਾਂਤ’ ਦੀਆਂ ਗਾਲ੍ਹਾਂ ਕੱਢ ਰਹੀਆਂ ਸਨ। ਕੋਈ ਸੁੱਕੀਆਂ-ਸੁੱਕੀਆਂ ਅਤੇ ਕੋਈ ਭਿਓਂ-ਭਿਓਂ ਕੇ ਵੀ! ਮੇਰੇ ਕੋਲ ਹੀ ਬੈਠੇ ਸੀਤੇ ਨੇ ਵੱਖਰਾ ਅੜਾਟ ਪਾਇਆ ਹੋਇਆ ਸੀ, “ਹਾਏ ਉਏ... ਮਰ ਗਿਆ… ਉਏ.. ਮਰ ਗਿਆ ਮੈਂ...”

ਪਰ ਉਹ ਇਹ ਨਹੀਂ ਦੱਸ ਰਿਹਾ ਸੀ ਕਿ ਗੱਲ ਕੀ ਹੈ? ਮੈਂ ਪਿੱਛੇ ਮੁੜ ਕੇ ਉਸ ਵੱਲ ਧਿਆਨ ਨਾਲ ਦੇਖਿਆ ਤੇ ਪੁੱਛਿਆ, “ਉਏ ਭਾਅ! ਕੀ ਹੋ ਗਿਆ ਤੈਨੂੰ? ਕੁਝ ਬੋਲਣ ਦੀ ਬਜਾਏ ਉਸਨੇ ਸਿਰਫ ਆਪਣੇ ਪੈਰ ਵੱਲ ਇਸ਼ਾਰਾ ਕੀਤਾ ਤੇ ਫਿਰ ਹੋਰ ਜ਼ੋਰ ਨਾਲ ਹਾਏ-ਹਾਏ ਕਰਨ ਲੱਗ ਪਿਆ। ਦੇਖਿਆ ਕੇ ਬੱਸ ਦੇ ਵੱਜੇ ਹੁਝਕੇ ਕਾਰਨ ਉਸਦੇ ਪੈਰ ਉੱਪਰ ਉਸਦੀ ਹੀ ਖਰੀਦੀ ਹੋਈ ਨਵੀਂ ਮੋਟਰ ਚੜ੍ਹੀ ਹੋਈ ਸੀ। ਪੈਰ ਵਿੱਚੋਂ ਲਹੂ ਵਗ ਰਿਹਾ ਸੀ। ਬੜੀ ਮੁਸ਼ਕਿਲ ਨਾਲ ਮੋਟਰ ਉੱਪਰ ਚੁੱਕੀ ਅਤੇ ਉਸਨੇ ਤੇਜ਼ੀ ਨਾਲ ਆਪਣਾ ਪੈਰ ਪਿਛਾਂਹ ਵੱਲ ਨੂੰ ਖਿੱਚ ਲਿਆ।

ਪੈਰ ਮੋਟਰ ਦੇ ਥੱਲਿਓਂ ਨਿਕਲਣ ਕਰਕੇ ਸੀਤੇ ਦੀ ਹਾਏ-ਹਾਏ ਅਜੇ ਰੁਕੀ ਹੀ ਸੀ ਕਿ ਸਾਡੇ ਅਗਲੀ ਸੀਟ ਵਾਲੀ ਬਜ਼ੁਰਗ ਮਾਤਾ ਨੇ ਵੀ ਸੀਟਾਂ ਦੇ ਵਿਚਕਾਰੋਂ ਉੱਠਣ ਦੀ ਕੋਸ਼ਿਸ਼ ਕਰ ਲਈ। ਉਸਨੇ ਉੱਠ ਕੇ ਡੌਰ-ਭੌਰ ਹੋਈ ਨੇ ਇੱਕ ਲੱਤ ’ਤੇ ਭਾਰ ਪਾ ਕੇ, ਇੱਕ ਹੱਥ ਨਾਲ ਸੀਟ ਫੜਕੇ, ਪੂਰਾ 360 ਡਿਗਰੀ ਦਾ ਚੱਕਰ ਕੱਢਿਆ ਤੇ ਰੌਲਾ ਪਾਉਣ ਲੱਗ ਪਈ... ਮੇਰਾ ਸ਼ੀਸ਼ਾ ਕਿੱਥੇ ਆ? ਕਿੱਥੇ ਗਿਆ ਮੇਰਾ ਸ਼ੀਸ਼ਾ? ਬਜ਼ੁਰਗ ਮਾਤਾ ਦਾ ਚਿੱਟਾ ਦੁਪੱਟਾ ਕਿਤੇ ਪਰੇ ਦੂਰ ਖਿਲਰਿਆ ਪਿਆ ਸੀ। ਸਿਰ ਦੇ ਵਿਰਲੇ ਅਤੇ ਚਿੱਟੇ ਵਾਲ ਪੂਰੀ ਤਰ੍ਹਾਂ ਖਿਲਰੇ ਹੋਏ ਸਨ। ਬੱਸ ਦੇ ਅੰਦਰ ਦੀ ਮੱਧਮ ਲੋਅ ਵਿੱਚ ਮਾਤਾ ਕਿਸੇ ਡਰਾਉਣੀ ਫਿਲਮ ਦੀ ਭੂਤਨੀ ਵਾਂਗ ਲੱਗ ਰਹੀ ਸੀ।

ਉਸਨੇ ਸਾਡੇ ਵੱਲ ਮੂੰਹ ਕੀਤਾ ਤੇ ਫਿਰ ਉੱਚੀ ਅਵਾਜ਼ ਵਿੱਚ ਬੋਲੀ, “ਉਏ ਕਾਕਾ! ਲੱਭੋ ਮੇਰਾ ਸ਼ੀਸ਼ਾ!”

ਮੈਂ ਸੋਚ ਰਿਹਾ ਸੀ ਕਿ ਮਾਤਾ ਦੀ ਜਾਨ ਬਚ ਗਈ, ਪਰ ਇਹ ਕਿਹੜੇ ਸ਼ੀਸ਼ੇ ਦੀ ਗੱਲ ਕਰੀ ਜਾ ਰਹੀ ਹੈ? ਫਿਰ ਮਨ ਹੀ ਮਨ ਵਿੱਚ ਸੋਚਿਆ, ਹੋ ਸਕਦਾ ਹੈ, ਸੱਟ-ਸੁੱਟ ਲੱਗਣ ਨਾਲ ਇਹਦੀ ਸੁਰਤੀ ਵਿੱਚ ਫਰਕ ਪੈ ਗਿਆ ਹੋਵੇ!

ਉਸਨੇ ਫਿਰ ਕਿਹਾ, “ਕਾਕਾ ਦੇਖਦਾ ਕੀ ਆਂ? ਸੀਟਾਂ ਦੇ ਥੱਲੇ ਵੜ... ਤੇ ਮੇਰਾ ਸ਼ੀਸ਼ਾ ਲੱਭ।”

ਮੈਂ ਨਾ ਚਾਹੁੰਦਾ ਹੋਇਆ ਵੀ ਆਪਣੀਆਂ ਖਿਲਰੀਆਂ ਕਿਤਾਬਾਂ-ਕਾਪੀਆਂ ਇਕੱਠੀਆਂ ਕਰਕੇ ਸੀਟਾਂ ਦੇ ਥੱਲੇ ਵੱਲ ਨੂੰ ਹੋਇਆ। ਇੰਨੇ ਵਿੱਚ ਹੀ ਸੀਤੇ ਨੇ ਆਪਣੇ ਪੈਰ ਦਾ ਖੂਨ ਬੰਦ ਕਰਨ ਦੀ ਕੋਸ਼ਿਸ਼ ਕਰਦਿਆਂ ਮਾਤਾ ਨੂੰ ਉੱਚੀ ਸੁਰ ਵਿੱਚ ਕਿਹਾ, “ਤੂੰ ਕੀ ਸ਼ੀਸ਼ਾ-ਸ਼ੀਸ਼ਾ ਲਾਈ ਹੋਈ ਆ ਮਾਤਾ? ... ਇੱਥੇ ਸਾਲੀ ਜਾਨ ਨਿਕਲਣ ਨੂੰ ਫਿਰਦੀ ਆ, ਤੇ ਤੂੰ ਇਹ ਸ਼ੀਸ਼ਾ ਸਿਰ ਵਿੱਚ ਮਾਰਨਾ?”

ਸੀਟਾਂ ਦੇ ਥੱਲੇ ਨੂੰ ਹੋ ਕੇ ਮੈਂ ਦੇਖਿਆ ਤਾਂ ਮਾਤਾ ਦੀ ‘ਗਾਂਧੀ ਸਟਾਇਲ ਐਨਕ’ ਤਿੰਨ ਕੁ ਸੀਟਾਂ ਛੱਡ ਕੇ, ਖਿਲਰੇ ਹੋਏ ਸਮਾਨ ਅਤੇ ਉਸਦੇ ਲਾਲ ਰੰਗ ਦੀਆਂ ਮੋਰਨੀਆਂ ਕੱਢੇ ਚਿੱਟੇ ਕੱਪੜੇ ਦੇ ਝੋਲੇ ਦੇ ਕੋਲ ਹੀ ਪਈ ਸੀ। ਐਨਕ ਚੁੱਕ ਕੇ ਉਹਦੇ ਵੱਲ ਨੂੰ ਕਰਦਿਆਂ ਮੈਂ ਕਿਹਾ, “ਮਾਤਾ... ਸ਼ੀਸ਼ਾ-ਸ਼ੂਸ਼ਾ ਤਾਂ ਕੋਈ ਨਹੀਂ ਲੱਭਦਾ! ਪਰ ਆਹ ਐਨਕ ਹੈਗੀ ਆ। ਕੀ ਇਹ ਤੇਰੀ ਈ ਆ?”

ਇੱਕ ਦਮ ਹਵਾ ਵਿੱਚ ਬਾਹਾਂ ਫੈਲਾਅ ਤੇ ਹੱਥ ਜਿਹੇ ਮਾਰ ਮਾਤਾ ਮੇਰੇ ਹੱਥੋਂ ਐਨਕ ਖੋਹ ਕੇ ਬੋਲੀ, “ਐਹੀ ਸ਼ੀਸ਼ਾ ਤਾਂ ਮੈਂ ਲੱਭਦੀ ਆਂ!”

ਪਰ ਇਹ ਕੀ ਭੰਬਲਭੂਸਾ ਹੋਇਆ? ਐਨਕ ਦਾ ਹੀ ਦੂਜਾ ਨਾਮ ‘ਸ਼ੀਸ਼ਾ’ ਤਾਂ ਸਾਡੇ ਦਿਮਾਗ ਵਿੱਚ ਆਇਆ ਹੀ ਨਹੀਂ ਸੀ।

ਇੰਨੇ ਨੂੰ ਬੱਸ ਦਾ ਡਰਾਇਵਰ ਵੀ ਸਾਡੇ ਕੋਲ ਆ ਖੜ੍ਹਾ ਹੋਇਆ। ਸੀਤੇ ਨੇ ਆਪਣਾ ਗੁੱਸਾ ਪੈਰ ਦੇ ਜ਼ਖਮ ਦੇ ਦੁੱਖ ਵਿੱਚ ਦੱਬ ਦਿੱਤਾ। ਮਾਤਾ ਨੇ ਐਨਕ ਲਾਈ ਪਰ ਉਹ ਡੰਡੀ ਨੂੰ ਫੜ ਕੇ ਕਦੇ ਨੱਕ ਦੇ ਉੱਪਰ ਅਤੇ ਕਦੇ ਥੱਲੇ ਕਰੀ ਜਾਵੇ। ਉਸਨੂੰ ਸਾਫ ਦਿਖਾਈ ਨਹੀਂ ਦੇ ਰਿਹਾ ਸੀ। ਐਨਕ ਪੂਰੀ ਲਾਹ ਕੇ ਵੀ ਦੁਬਾਰਾ ਵੀ ਲਾਈ, ਪਰ ਫਿਰ ਵੀ ਸੂਤ ਜਿਹਾ ਨਹੀਂ ਆ ਰਿਹਾ ਸੀ। ਉਹ ਖਿਝ ਕੇ ਬੋਲੀ, “ਮੈਨੂੰ ਪੂਰਾ ਦਿਸਦਾ ਨਹੀਂ।”

ਸੀਤਾ ਬੋਲਿਆ, “ਮਾਤਾ, ਰਾਤ ਆ ਰਾਤ! ਹਨੇਰਾ ਹੋਇਆ ਪਿਆ ਆ। ਅੱਗੇ ਤਾਂ ਤੈਨੂੰ ਚੰਦ ਤਕ ਦੀਅਦਾ ਹੋਣਾ ਐਸ ਵੇਲੇ।”

ਮਾਤਾ ਹੱਥੋਂ ਐਨਕ ਫੜ ਕੇ ਮੈਂ ਦੇਖਿਆ ਤਾਂ ਇੱਕ ਪਾਸੇ ਦਾ ਗੋਲ-ਸ਼ੀਸ਼ਾ ਹੀ ਗਾਇਬ ਸੀ। ਮਾਤਾ ਖਾਲੀ ਹੋਏ ਫਰੇਮ ਦੇ ਪਾਸੇ ਵਾਲੀ ਅੱਖ ਉੱਪਰ ਹੱਥ ਰੱਖ ਕੇ ਦੂਸਰੀ ਅੱਖ ਉੱਪਰ ਜ਼ੋਰ ਪਾ ਕੇ ਬੋਲੀ, “ਇੱਥੇ ਡਰੈਵਰ ਕਿਹੜਾ ਆ?”

ਬਿੱਲੀ ਤੋਂ ਡਰੇ ਕਬੂਤਰ ਵਾਂਗ, ਛੇ-ਫੁੱਟਾ ਡਰਾਇਵਰ, ਅਗਾਂਹ ਨੂੰ ਕੁੱਬਾ ਜਿਹਾ ਹੋ ਕੇ ਇੱਕੋ ਸਾਹੇ ਬੋਲਿਆ, “ਮਾਤਾ ਜੀ … ਇਹ ਗਲਤੀ ਤਾਂ ਮੇਰੀ ਈ ਆ। ... ਰਾਤ ਦੇ ’ਨ੍ਹੇਰੇ ਵਿੱਚ ਇਸ ਨਿਕੰਮੀ ਪੁਲੀ ਦਾ ਪਤਾ ਈ ਨੀ ਲੱਗਿਆ। ... ਪਰ ਫਿਰ ਵੀ ਕਿਸੇ ‘ਜਾਨੀ ਨੁਕਸਾਨ’ ਤੋਂ ਬਚਾ ਹੋ ਗਿਆ।”

ਤੇ ਉਹ ਉੱਚੀ ਅਵਾਜ਼ ਵਿੱਚ ਬੋਲਿਆ, “ਚਲੋ, ‘ਰੱਬ ਭਲੀ ਕਰ ਗਿਆ...!”

ਡਰਾਇਵਰ ਨੇ ਆਪਣੀ ਕੱਚ ਘਰੜ ਡਰਾਇਵਰੀ ਜਾਂ ਗਲਤੀ ਛੁਪਾਉਣ ਲਈ ‘ਨਿਕੰਮੀ ਪੁਲੀ ਅਤੇ ਰੱਬ’ ਨੂੰ ਵੀ ਨਾਲ ਹੀ ਜੋੜ ਲਿਆ… ਅਤੇ ਮਾਤਾ ਨੂੰ ਹੌਸਲਾ ਦੇਣਾ ਚਾਹਿਆ ਕਿ ਬਚ ਗਏ, ਅਜੇ ਰੱਬ ਵਸਦਾ ਆ…!

ਸੀਤਾ ਅਜੇ ਵੀ ਆਪਣੇ ਜ਼ਖਮੀ ਪੈਰ ਨੂੰ ਘੁੱਟੀ ਡਰਾਇਵਰ ਵੱਲ ਇੰਜ ਝਾਕ ਰਿਹਾ ਸੀ ਜਿਵੇਂ ਇਸਦਾ ਹੁਣ ਹੀ ਕੁਟਾਪਾ ਚਾੜ੍ਹੇ, ਪਰ ਫਿਰ ਵੀ ਉਹ ਬੋਲਿਆ ਕੁਝ ਨਾ। ਮਾਤਾ ਨੂੰ ਵੀ ਜ਼ਿਆਦਾ ਤਸੱਲੀ ਜਿਹੀ ਨਹੀਂ ਹੋਈ ਸੀ। ਡਰਾਇਵਰ ਵੱਲ ਮੂੰਹ ਕਰਕੇ, ਫਿਰ ਜ਼ੋਰ ਲਾ ਕੇ ਬੋਲੀ, “ਬੰਦੇ ਦਾ ਪੁੱਤ ਬਣ ਕੇ ਹੁਣ ਬੱਸ ਚਲਾ ਤੇ ਮੇਰੇ ਪਿੰਡ ਦੇ ਅੱਡੇ ਉੱਤੇ ਚੱਲ... ਫੇਰ ਮੈਂ ਦੇਖਦੀ ਆਂ ਤੇਰਾ ਕੀ ਬਣਾਉਂਦੇ ਆਂ..!”

ਡਰਾਇਵਰ ਅਤੇ ਕੰਡਕਟਰ ਦੋਨੋਂ ਹੀ ਡਰ ਗਏ ਤੇ ਮਾਤਾ ਮੋਹਰੇ ਹੱਥ ਜੋੜ ਮੁਆਫੀ ਮੰਗਣ ਲੱਗ ਪਏ, ਪਰ ਮਾਤਾ ਅਜੇ ਵੀ ਗੁੱਸੇ ਨਾਲ ਜਾਂ ਫਿਰ ਡਰ ਵਿੱਚ ਕੰਬ ਰਹੀ ਸੀ। ਬੱਸ ਦੀਆਂ ਬਾਕੀ ਸਵਾਰੀਆਂ ਵੀ ਹੌਲੀ-ਹੌਲੀ ਸਮਾਨ ਇਕੱਠਾ ਕਰਕੇ, ਵਾਖੁਰੂ-ਵਾਖੁਰੂ ਕਰਦੀਆਂ ਦੁਬਾਰਾ ਸੀਟਾਂ ’ਤੇ ਜਾ ਬੈਠੀਆਂ।  ਬੱਸ ਹੌਲੀ-ਹੌਲੀ ਦੌੜਨ ਲੱਗੀ।

ਕੰਡਕਟਰ ਡਰਾਇਵਰ ਕੋਲ ਅੱਗੇ ਜਾ ਕੇ ਬੱਸ ਦੇ ਕੋਸੇ ਇੰਜਣ ’ਤੇ ਬੈਠ ਗਿਆ। ਹੁਣ ਬੱਸ ਜਮਾਂ ਹੀ ਹੌਲੀ ਰਫਤਾਰ ਨਾਲ ਜਾ ਰਹੀ ਸੀ; ਜਿਸਦਾ ਕਾਰਨ ਮੇਰੇ ਹਿਸਾਬ ਨਾਲ ਸਵਾਰੀਆਂ ਦੀ ਸੇਫਟੀ ਨਾਲੋਂ ਜ਼ਿਆਦਾ ਇਹ ਸੀ ਕਿ ਮਾਤਾ ਦਾ ਗੁੱਸਾ ਉਹਦੇ ਪਿੰਡ ਤਕ ਪਹੁੰਚਦਿਆਂ ਘਟ ਜਾਵੇ। ਮਾਤਾ ਨੇ ‘ਬੜ੍ਹਕ’ ਹੀ ਅਜਿਹੀ ਮਾਰੀ ਜਾਂ ਗਿੱਦੜ ਭਬਕੀ ਹੀ ਅਜਿਹੀ ਦਿੱਤੀ ਸੀ, ਜਿਸ ਤਰ੍ਹਾਂ ਕੋਈ ‘ਵਾਇਰਲੈੱਸ’ ਕਰ ਦਿੱਤੀ ਹੋਵੇ ਪਿੰਡ ਦੀ ਫੌਜੀ ਬਟਾਲੀਅਨ ਨੂੰ, ਵਿਚਾਰੇ ਡਰਾਇਵਰ ਅਤੇ ਕੰਡਕਟਰ ਦੇ ਪਿੱਠੂ ਲਾਉਣ ਲਈ…।

ਇਸ ਭੰਬਲਭੂਸੇ ਦੌਰਾਨ ਸਾਡੇ ਪਿੰਡ ਦਾ ਪਹਿਲਾ ਅੱਡਾ ਆ ਗਿਆ। ਬੱਸ ਰੁਕੀ, ਮੈਂ ਸੀਤੇ ਨਾਲ ਹੱਥ ਪੁਆ ਕੇ ਮੋਟਰ ਬੱਸ ਦੇ ਪਿਛਲੇ ਬੂਹੇ ਰਾਹੀਂ ਬਾਹਰ ਲਾਹ ਕੇ ਸੜਕੇ ਦੇ ਇੱਕ ਪਾਸੇ ਜਿਹੇ ਰੱਖ ਦਿੱਤੀ। ਸੀਤਾ ਮੁਰਝਾਇਆ ਜਿਹਾ, ਲੰਗ ਮਾਰਦਾ ਤੇ ‘ਹਾਏ-ਹਾਏ’ ਕਰਦਾ ਸੁੱਕੇ ਹੋਏ ਛੱਪੜ ਵਿਚਕਾਰ ਦੀ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਜਾਂਦਾ ਹੋਇਆ ਬੁੜਬੁੜ ਕਰਦਾ ਕਹਿ ਗਿਆ.. “ਜਾ ਕੇ ਭੇਜਦਾ ਆਂ  ਘਰੋਂ ਕਿਸੇ ਨੂੰ … ਆ ਕੇ ਇੱਥੋਂ ‘ਮੜੀ-ਮੋਟਰ’ ਚੁਕਾ ਕੇ ਲੈ ਜਾਣ।”

ਮੈਂ ਵੀ ਸੀਤੇ ਦੇ ਮਗਰ ਮਗਰ ਆਪਣੇ ਘਰ ਵੱਲ ਨੂੰ ਚਾਲੇ ਪਾ ਲਏ।

ਦਹਾਕਿਆਂ ਬਾਅਦ ਵੀ ਮੈਂ ਅਕਸਰ ਖੁਦ ਨੂੰ ਹੀ ਸਵਾਲ ਕਰਦਾ ਰਹਿੰਦਾ ਹਾਂ ਕਿ ਮਾਤਾ ਦੇ ਪਿੰਡ ਤਕ ਪਹੁੰਚਦਿਆਂ ਕੀ ਮਾਤਾ ਦਾ ਗੁੱਸਾ ਠੰਢਾ ਹੋ ਗਿਆ ਹਊਗਾ? ਜਾਂ ਉਹਨੇ ਕਿਸੇ ਨੂੰ ਸੱਦ ਕੇ ਡਰਾਇਵਰ ’ਤੇ ਗੁੱਸਾ ਲਾਹਿਆ ਹੋਵੇਗਾ? ਜਾਂ ਫਿਰ ਹੋ ਸਕਦਾ ਹੈ ਮਾਤਾ ਨੇ ਆਪ ਹੀ ਦੋ ਚਾਰ ਚੋਂਦੀਆਂ-ਚੋਂਦੀਆਂ ਜਿਹੀਆਂ ਗਾਲ੍ਹਾਂ ਕੱਢ ਕੇ ਬੱਸ ਨੂੰ ਅਤੇ ਡਰਾਇਵਰ ਨੂੰ ਜਾਣ ਦਿੱਤਾ ਹੋਵੇਗਾ?

ਜ਼ਿੰਦਗੀ ਦੀਆਂ ਕਿੰਨੀਆਂ ਰੁੱਤਾਂ ਆਈਆਂ ਅਤੇ ਆ ਕੇ ਚਲੇ ਗਈਆਂ ਪਰ ਇਹ ਹਲਕੀਆਂ ਫੁਲਕੀਆਂ ਯਾਦਾਂ ਅਜੇ ਵੀ ਤਾਜ਼ਾ ਹੀ ਹਨ। ਸੀਤਾ, ਡਰਾਇਵਰ, ਕੰਡਕਟਰ, ਚਿੱਟੇ ਅਤੇ ਖਿਲਰੇ ਵਾਲਾਂ ਵਾਲੀ ਡਰਾਉਣੀ ਭੂਤਨੀ ਦਾ ਭੁਲੇਖਾ ਪਾਉਂਦੀ ਬਜ਼ੁਰਗ ਮਾਤਾ… ਅਸਲੀ ਕਹਾਣੀ ਦੇ ਇਨ੍ਹਾਂ ਅਸਲੀ ਪਾਤਰਾਂ ਨੂੰ ਮੈਂ ਅਕਸਰ ਅੰਗ-ਸੰਗ ਮਹਿਸੂਸ ਕਰਦਾ ਰਹਿੰਦਾ ਹਾਂ ਤੇ ਇਹ ਅਕਸਰ ‘ਬਿਨ ਬੋਲਿਆਂ’ ਹੀ ਸ਼ੋਰ ਪਾਉਂਦੇ ਅਤੇ ਕਾਹਲੇ ਰਹਿੰਦੇ ਹਨ ਸ਼ਬਦ ਬਣ ਕੇ ਕਾਗਜ਼ ਉੱਤੇ ਉੱਤਰਨ ਨੂੰ… ਅਤੇ ਆਪਣੀ ਹੱਡਬੀਤੀ ਸਾਂਝੀ ਕਰਨ ਲਈ…।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author