“ਆਸਾ ਜੀਵੇ, ਨਿਰਾਸਾ ਮਰੇ - ਦੁਨੀਆ ਆਸਾਂ-ਉਮੀਦਾਂ ਦੇ ਸਹਾਰੇ ਹੀ ਚਲਦੀ ਹੈ। ਸਵਾਸ, ਆਸ...”
(19 ਜੁਲਾਈ 2025)
ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਬੋਲੀਆਂ, ਗਾਣਿਆਂ ਅਤੇ ਟੱਪਿਆਂ ਵਿੱਚ ਇਹ ਤਾਂ ਜ਼ਰੂਰ ਸੁਣਦੇ ਹਾਂ ਕਿ… ਜੱਗਾ ਜੱਟ ਨਾ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ…। ਪਰ ਆਹ ਦੁਰਗਾ ਦਾਸ ਕਿਹੜੇ ਬਾਗ਼ ਦੀ ਮੂਲੀ ਹੋਈ? ਇਹ ਕਿਹੜਾ ਨਾਇਕ ਹੋਇਆ? ਇਹਨੇ ਕੀ ਐਡਾ ਵੱਡਾ ਮਾਅਰਕਾ ਮਾਰ ਦਿੱਤਾ ਜਿਹਨੂੰ ਚੇਤੇ ਕਰਦਿਆਂ ਅੱਜ ਆਪ ਮੁਹਾਰੇ ਮੇਰਾ ਮਨ ਬੋਲ ਪਿਆ, … ਦੁਰਗਾ ਦਾਸ ਨਾ ਕਿਸੇ ਨੇ ਬਣ ਜਾਣਾ… ਘਰ ਘਰ ਪੁੱਤ ਜੰਮਦੇ!
ਸੱਚੀ ਗੱਲ ਤਾਂ ਇਹ ਹੈ ਕਿ ਦੁਰਗਾ ਦਾਸ ਨੂੰ ਦੇਖਿਆ ਮੈਂ ਵੀ ਨਹੀਂ ਹੈ। ਉਸ ਬਾਰੇ ਆਪਣੇ ਬਜ਼ੁਰਗਾਂ, ਵੱਡੇ ਭੈਣਾਂ ਭਰਾਵਾਂ ਅਤੇ ਹੋਰ ਪੇਂਡੂਆਂ ਤੋਂ ਸੁਣਿਆ ਤੇ ਜਾਣਿਆ ਜ਼ਰੂਰ ਹੈ। ਫ਼ਰਿਸ਼ਤਾ ਜਿਹਾ ਬਣ ਕਦੇ ਕਦੇ ਉਹ ਸੁਪਨਿਆਂ ਵਿੱਚ ਦਰਸ਼ਨ ਦੇ ਜਾਂਦਾ ਹੈ। ਮੈਡੀਕਲ ਸਾਇੰਸ ਮੁਤਾਬਕ ਸੁਪਨੇ succession or series of thoughts (ਕ੍ਰਮਵਾਰ ਸੋਚਾਂ), emotions & feelings (ਭਾਵਨਾਵਾਂ), images (ਦ੍ਰਿਸ਼/ਚਿੱਤਰ), ideas (ਵਿਚਾਰ), and sensations (ਸਨਸਨੀ ਭਾਵਨਾਵਾਂ) ਦਾ ਸੁਮੇਲ ਹੁੰਦੇ ਹਨ। ਜਾਂ ਫਿਰ ਹੋਰ ਸਰਲ ਲਫਜ਼ਾਂ ਵਿੱਚ ਇਹ ਕਹਿ ਲਓ ਕਕ ਉਹ ਘਟਨਾਵਾਂ, ਸੋਚਾਂ, ਕਹਾਣੀਆਂ ਜਾਂ ਚਿੱਤਰ ਜਾਂ ਭਾਵਨਾਵਾਂ ਜੋ ਸਾਡਾ ਦਿਮਾਗ/ਮਨ ਨੀਂਦ ਦੌਰਾਨ ਘੜਦਾ, ਦੇਖਦਾ ਜਾਂ ਮਹਿਸੂਸ ਕਰਦਾ ਹੈ, ਉਹੀ ਸੁਪਨੇ ਹੁੰਦੇ ਹਨ। ਇਸਦਾ ਮਤਲਬ ਕਿ ਦੁਰਗਾ ਦਾਸ ਇਨ੍ਹਾਂ ਕੁਝ ਕੁ ਜਾਂ ਸਾਰੀਆਂ ਸੋਚਾਂ, ਕਲਪਨਾਵਾਂ ਕਰਕੇ ਸੁਫ਼ਨਿਆਂ ਵਿੱਚ ਅਕਸਰ ਆ ਬਹੁੜਦਾ ਹੈ। ਦੁਰਗਾ ਦਾਸ ਨੂੰ ਆਪਣੇ ਅੱਖੀਂ ਨਾ ਦੇਖਿਆ ਹੋਣ ਕਰਕੇ ਉਸਦੀ ਇੱਕ ‘ਕਾਲਪਨਿਕ ਸੂਰਤ’ ਮੇਰੇ ਮਨ ਅੰਦਰ ਚਿਤਰੀ ਹੋਈ ਹੈ। ਸੱਜਣੋ, ਮੈਂ ਚਿੱਤਰਕਾਰ ਤਾਂ ਨਹੀਂ, ਪਰ ਫਿਰ ਵੀ ਮੇਰਾ ‘ਕਾਲਪਨਿਕ ਦੁਰਗਾ ਦਾਸ’ ਹੁਣ ਮੈਨੂੰ ਅਸਲੀ ਹੀ ਲਗਦਾ ਰਹਿੰਦਾ ਹੈ ਅਤੇ… ਇਹੀ ਮੇਰੇ ਹਿੱਸੇ ਦਾ ਦੁਰਗਾ ਦਾਸ ਹੈ।
ਇਨਸਾਨ ਜਿੱਥੇ ਜੰਮਦਾ, ਖੇਡਦਾ, ਜਵਾਨ ਹੁੰਦਾ ਜਾਂ ਜ਼ਿੰਦਗੀ ਦੇ ਰੰਗਾਂ ਵਿੱਚ ਰੰਗਿਆ ਜਾਂਦਾ ਹੈ, ਉਹੀ ਉਹਦਾ ਪਰਿਵਾਰ, ਸਮਾਜ, ਅਤੇ ਛੋਟਾ ਜਾਂ ਵੱਡਾ ਸੰਸਾਰ ਬਣ ਜਾਂਦਾ ਹੈ। ਆਪਣੇ ਘਰ, ਪਰਿਵਾਰ ਅਤੇ ਰਿਸ਼ਤਿਆਂ ਦੇ ਤਾਣੇ-ਬਾਣੇ ਵਿੱਚ ਵਿਚਰਦਾ ਹੋਇਆ ਮਨੁੱਖ ਆਪਣੇ ਆਲੇ-ਦੁਆਲੇ ਅਤੇ ਸਮਾਜ ਦਾ ਹਿੱਸਾ ਵੀ ਹੁੰਦਾ ਹੈ। ਪਰਿਵਾਰ, ਸਮਾਜ ਅਤੇ ਵਾਤਾਵਰਣ ਮਨੁੱਖ ਦੀ ਬੌਧਿਕ ਅਤੇ ਸਮਾਜਕ ਖੁਰਾਕ ਹਨ ਜੋ ਉਸਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ, ਇੱਕ ਵਧ-ਫੁੱਲ ਰਹੇ ਦਰੱਖਤ ਦੀ ਤਰ੍ਹਾਂ ਹੀ। ਪਰਿਵਾਰ ਅਤੇ ਸਮਾਜ ਨਾਲੋਂ ਟੁੱਟਿਆ ਬੰਦਾ ਪੌਦੇ ਤੋਂ ਟੁੱਟ ਕੇ ਮੁਰਝਾਇਆ ਜਾਂ ਸੁੱਕ ਕੇ ਡਿਗਿਆ ਪੱਤਾ ਹੀ ਹੁੰਦਾ ਹੈ ਜੋ ਹਵਾ ਦੇ ਬੁੱਲਿਆਂ ਨਾਲ ਉਡਾਰੀਆਂ ਮਾਰਦਾ ਮਾਰਦਾ ਕਿਤੇ ਦੂਰ ਉਡ ਜਾਂਦਾ ਹੈ, ਗਾਇਬ ਹੋ ਜਾਂਦਾ ਹੈ, ਅਤੇ ਸ਼ਾਇਦ ਫਿਰ ਖਤਮ ਵੀ ਹੋ ਜਾਂਦਾ ਹੈ।
ਦੁਨੀਆ ’ਤੇ ਆਉਣਾ ਜਾਣਾ ਤਾਂ ਚਲਦਾ ਹੀ ਰਿਹਾ ਹੈ ਅਤੇ ਅੱਗੇ ਵੀ ਚੱਲਦਾ ਹੀ ਰਹਿਣਾ ਹੈ। ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਕਹਿਣ ਵਾਂਗ...
ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਹਨ ਵਿਆਹ ਤੇ ਮੁਕਲਾਵੇ।
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ।
ਸ਼ਾਹ ਹੁਸੈਨ ਵੀ ਕਹਿ ਗਿਆ ਹੈ…
ਕਹੈ ਹੁਸੈਨ ਫ਼ਕੀਰ ਰੱਬਾਣਾ
ਫ਼ਾਨੀ ਸਭ ਜਹਾਨ ਬੰਦੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭ ਦੁਨੀਆ ਜਾਂਦੀ ਡਿੱਠੀ।
ਆਸਾ ਜੀਵੇ, ਨਿਰਾਸਾ ਮਰੇ - ਦੁਨੀਆ ਆਸਾਂ-ਉਮੀਦਾਂ ਦੇ ਸਹਾਰੇ ਹੀ ਚਲਦੀ ਹੈ। ਸਵਾਸ, ਆਸ, ਵਿਸ਼ਵਾਸ ਅਤੇ ਅਰਦਾਸ ਦਿਸਦੇ ਤਾਂ ਨਹੀਂ ਪਰ ਜ਼ਿੰਦਗੀ ਨੂੰ ਨਰੋਈ ਅਤੇ ਚਲਦੀ ਰੱਖਣ ਵਿੱਚ ਬੜੇ ਸਹਾਈ ਹੁੰਦੇ ਹਨ। ਸਵਾਸਾਂ ਦੇ ਰੁਕ ਜਾਣ ਦਾ ਦੂਸਰਾ ਨਾਮ ਮਰਨਾ ਜਾਂ ਫਿਰ ‘ਪੂਰਾ ਹੋਣਾ’ ਹੈ। ਪਰ ਜ਼ਰੂਰੀ ਇਹ ਵੀ ਨਹੀਂ ਕਿ ਜਿਸ ਵਿੱਚ ਸਵਾਸ ਨਹੀਂ ਸਿਰਫ ਉਹ ਹੀ ਮੁਰਦਾ ਹੁੰਦਾ!! ਬਥੇਰੇ ਇਸ ਦੁਨੀਆ ’ਤੇ ਆਉਂਦੇ ਹਨ, ਉਹ ‘ਸਾਹ-ਸੂਹ’ ਵੀ ਲਈ ਜਾਂਦੇ ਹਨ, ਪਰ ਹੈ ਕੁਝ ਕੁ ਮੁਰਦਿਆਂ ਜਿਹੇ ਹੀ! ਜਿਹੜਾ ਕੋਈ ਆਸ ਹੀ ਨਹੀਂ ਰੱਖਦਾ, ਉਹ ਹਰ ਰੋਜ਼, ਪਲ ਪਲ ਮਰਦਾ ਹੈ। ਜੋ ਆਪਣੇ-ਆਪ ਲਈ ਹੀ ਨਹੀਂ ਜੀਅ ਸਕਿਆ, ਉਸ ਤੋਂ ਦੂਸਰਿਆਂ ਵਾਸਤੇ ਜਿਊਣ ਦੀ ਆਸ ਕੋਈ ਕਿਵੇਂ ਰੱਖੇ? ਥੋੜ੍ਹਾ ਅੱਗੇ ਚੱਲੀਏ ਤਾਂ, ... ਹੋ ਸਕਦਾ ਕਿ ਬਹੁਤੇ ਲੋਕ ਆਪਣੇ ਲਈ ਜਿਊਂਦੇ ਵੀ ਹੋਣਗੇ, ਪਰ ਦੂਸਰਿਆਂ ਦੀ ਜ਼ਿੰਦਗੀ ਦੀ ਆਸ, ਉਮੀਦ ਅਤੇ ਵਿਸ਼ਵਾਸ ਬਣ ਕੇ ਭਲਾ ਕਿੰਨੇ ਕੁ ਲੋਕ ਜਿਊਂਦੇ ਹਨ? ਦੂਸਰਿਆਂ ਲਈ ਆਸ-ਉਮੀਦ ਦੀ ਕਿਰਨ ਬਣ ਕੇ ਉਹਨਾਂ ਦਾ ਜੀਵਨ ਰੁਸ਼ਨਾਉਣ ਵਾਲੇ ਲੋਕ ਤਾਂ ਫਿਰ ਮਹਾਨ ਹੀ ਹੋਏ! ਇਹੋ ਜਿਹੇ ਇਨਸਾਨ ਤਾਂ ਮਰ ਕੇ ਵੀ ਜਿਊਂਦੇ ਹਨ ਜਾਂ ਕਹਿ ਲਓ ਅਮਰ ਹੋ ਜਾਂਦੇ ਹਨ, ਆਪਣੇ ਚੰਗੇ ਕਾਰਜਾਂ ਕਰਕੇ। ਅਜੋਕੇ ਸਮੇਂ ਵਿੱਚ ਭਾਵੇਂ ਸਾਨੂੰ ਆਪਣੇ ਪੂਰਵਜਾਂ ਨੂੰ ਵਿੱਸਰ ਜਾਣ ਦੀ ਔਂਤਰੀ ਬਿਮਾਰੀ ਲੱਗ ਗਈ ਹੈ, ਪਰ ਫਿਰ ਵੀ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਪੀੜ੍ਹੀ-ਦਰ-ਪੀੜ੍ਹੀ ਸਾਡੇ ਚੇਤਿਆਂ ਵਿੱਚ, ਗੱਲਾਂ-ਬਾਤਾਂ ਵਿੱਚ, ਅਤੇ ਯਾਦਾਂ ਵਿੱਚ ਆ ਕੇ ਰਲ-ਮਿਲ ਜਾਂਦੀਆਂ ਹਨ। ਕੁਝ ਇਹੋ ਜਿਹਾ ਹੀ ਇੱਕ ਸ਼ਖਸ ਸਾਡੇ ਪਿੰਡ ਦਾ ਪੁੱਤਰ, ਪੰਡਿਤ ਦੁਰਗਾ ਦਾਸ ਸੀ …। ਹਨੇਰਿਆਂ ਵਿੱਚ ਚਾਨਣ ਅਤੇ ਮੁਹੱਬਤਾਂ ਵੰਡਣ ਵਾਲਾ ਵਣਜਾਰਾ!!
ਦੁਰਗਾ ਦਾਸ ਕੌਣ…
ਸਰੀਰਕ ਤੌਰ ’ਤੇ ਤਾਂ ਬਹੁਤ ਪਹਿਲਾਂ ਤੁਰ ਗਿਆ ਸੀ। ਕਹਿੰਦੇ ਹਨ ਇਸ ਦੁਨੀਆ ਤੋਂ ਰੁਖ਼ਸਤ ਕਰਦਾ ਇਨਸਾਨ ਕੁਝ ਨਾ ਕੁਝ, ਮਾੜਾ ਜਾਂ ਚੰਗਾ ਆਪਣੇ ਪਿੱਛੇ ਛੱਡ ਜਾਂਦਾ ਹੈ। ਪੰਡਿਤ ਦੁਰਗਾ ਦਾਸ ਦੀ ਨੇਕ ਸੋਚਣੀ, ਲਿਆਕਤ, ਅਗਾਂਹ ਵਧੂ ਕਾਰਜ, ਅਤੇ ਇਨਸਾਨੀਅਤ ਨੇ ਉਸ ਨੂੰ ਪਿੰਡ ਦੇ ਲੋਕਾਂ ਦੇ ਮਨਾਂ ਵਿੱਚੋਂ ਕਦੇ ਮੁਕੰਮਲ ਜਾਣ ਨਹੀਂ ਦਿੱਤਾ। ਉਹ ਗਾਹੇ-ਵਗਾਹੇ ਸਾਡੀਆਂ ਨਵੀਂਆਂ-ਪੁਰਾਣੀਆਂ ਗੱਲਾਂ, ਬਾਤਾਂ, ਚੇਤਿਆਂ ਵਿੱਚ ਆ ਸ਼ਾਮਲ ਹੁੰਦਾ ਹੈ। ਛੋਟੇ ਹੁੰਦਿਆਂ ਮੈਂ ਆਪਣੇ ਬਾਪੂ ਜੀ ਤੋਂ ਕਈ ਵਾਰੀ ਦੁਰਗਾ ਦਾਸ ਬਾਰੇ ਸੁਣਿਆ ਸੀ, ਪਰ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਸੀ। ਦਹਾਕਿਆਂ ਦੇ ਦਹਾਕੇ ਬੀਤ ਗਏ। ਫਿਰ ਕੁਝ ਦੇਰ ਪਹਿਲਾਂ ਵਾਪਸ ਪਿੰਡ ਗਿਆ ਤਾਂ ਅਚਾਨਕ ਦੁਰਗਾ ਦਾਸ ਦੀ ਖੰਡਰ ਹਵੇਲੀ, ਚੁਬਾਰੇ, ਅਤੇ ਵਕਤ ਦੇ ਮਾਰੇ ਉਦਾਸ ਦਰਵਾਜ਼ੇ ਨੂੰ ਦੇਖ ਪੁਰਾਣੀਆਂ ਵਿੱਸਰੀਆਂ ਯਾਦਾਂ ਤਾਜ਼ਾ ਹੋ ਗਈਆਂ। ਮਨ ਦੇ ਬੂਹੇ ’ਤੇ ਹੋਈ ਦਸਤਕ ਤੋਂ ਇੰਜ ਲੱਗਾ ਜਿਵੇਂ ਮੇਰੀ ਕਾਲਪਨਿਕ ਸ਼ਕਲ-ਸੂਰਤ ਵਾਲਾ ਦੁਰਗਾ ਦਾਸ ਆਪਣੇ ਖੰਡਰ ਹੋਏ ਚੁਬਾਰੇ ਦੀ ਤਾਕੀ ਵਿੱਚੋਂ ਆਉਂਦੇ ਜਾਂਦੇ ਰਾਹੀਆਂ ਨੂੰ ’ਵਾਜਾਂ ਮਾਰ ਮਾਰ ਕਹਿ ਰਿਹਾ ਹੋਵੇ…
ਆ ਹੀ ਗਏ ਹੋ ਇਸ ਦੁਨੀਆ ’ਤੇ…
ਤਾਂ ਕਿਉਂ ਨਾ ਕਰ ਜਾਓ ਕੁਝ ਅਜਿਹਾ, ਕਿ
ਹਰ ਕੋਈ ਸ਼ਖ਼ਸ ਬਣਨਾ ਚਾਹੇ ਆਪ ਜੈਸਾ।
HCC - ਐੱਚ ਸੀ ਸੀ - ਹਿੰਦੋਸਤਾਨ ਕੰਸਟਰੱਕਸ਼ਨ ਕੰਪਨੀ ਜੋ ਕਿਸੇ ਸਮੇਂ ਭਾਰਤ ਦੀ ਪਹਿਲੇ ਨੰਬਰ ਵਾਲੀ ਅਤੇ ਅੱਜ-ਕੱਲ੍ਹ ਵੀ ਪਹਿਲੀਆਂ ਦਸ ਕੰਪਨੀਆਂ ਵਿੱਚ ਸ਼ਾਮਲ ਹੈ, ਬਹੁਤ ਵੱਡੇ ਪੱਧਰ ਵਾਲੇ ਪ੍ਰੋਜੈਕਟਾਂ ਨੂੰ ਹੀ ਹੱਥ ਪਾਉਂਦੀ ਹੈ, ਜਿਨ੍ਹਾਂ ਵਿੱਚ ਹਾਈਡਰੋ ਡੈਮ, ਨਿਊਕਲੀਅਰ ਪਾਵਰ ਪਲਾਂਟ, ਟੱਨਲ, ਪੁਲ, ਹਾਈਵੇ ਵਗੈਰਾ ਸ਼ਾਮਲ ਹਨ। ਇੰਜਨੀਅਰਿੰਗ ਅਤੇ ਕੰਸਟਰੱਕਸ਼ਨ ਦੀ ਕੰਪਨੀ, ਜਿਸ ਵਿੱਚ ਇੱਕ ਟਿੱਬਿਆਂ ਵਾਲੇ ਛੋਟੇ ਜਿਹੇ ਪਿੰਡ ਦਾ ਵਾਸੀ ਦੁਰਗਾ ਦਾਸ ਸੁਪਰਵਾਈਜ਼ਰ/ਸੰਚਾਲਕ ਦੇ ਅਹੁਦੇ ’ਤੇ ਤਾਇਨਾਤ ਸੀ। ਦੱਸਣ-ਸੁਣਨ ਮੁਤਾਬਕ ਉਹਦੀਆਂ ਸੂਹੇ ਲਾਲ ਰੰਗੀ ਅੱਖਾਂ, ਦਰਮਿਆਨਾ ਕੱਦ, ਰੋਹਬਦਾਰ ਤੇ ਚਮਕਦਾ ਚਿਹਰਾ, ਲੰਬੀਆਂ ਮੁੱਛਾਂ ਅਤੇ ਉਸਦੀ ਪੂਰਨ ਦਿੱਖ ਇੱਕ ਅਗਾਂਹ ਵਧੂ, ਸੱਤ-ਪੱਤਣਾਂ ਦੇ ਤਾਰੂ, ਅਨੁਸ਼ਾਸਨਿਕ, ਅਤੇ ਸਫਲ ਪ੍ਰਬੰਧਕ ਦੀ ਝਲਕ ਦਿੰਦੇ ਸਨ। ਪੇਂਡੂ ਮਾਹੌਲ ਅਤੇ ਕੁੜਤੇ-ਚਾਦਰੇ ਦੇ ਜ਼ਮਾਨੇ ਵਿੱਚ ਪੈਂਟ-ਕਮੀਜ਼ ਪਾ ਕੇ ਨਾਲ ਟਾਈ ਬੰਨ੍ਹਦਾ ਸੀ। ਸਿਰ ਉੱਪਰ ਅੰਗਰੇਜ਼ ਟਾਈਪ ਟੋਪੀ ਪਾ ਕੇ ਰੱਖਦਾ ਸੀ। ਨੌਕਰੀ ਤੋਂ ਜਦੋਂ ਵੀ ਪਿੰਡ ਛੁੱਟੀਆਂ ਕੱਟਣ ਆਉਂਦਾ ਤਾਂ ਪੂਰੇ ਠਾਠ-ਬਾਠ ਨਾਲ ਰਹਿੰਦਾ ਸੀ। ਲੰਬੀ ਨੜੀ ਵਾਲਾ ਪਰ ਛੋਟੇ ਆਕਾਰ ਦਾ ਬਹੁਤ ਸੋਹਣਾ ਹੁੱਕਾ ਆਪਣੇ ਆਸ ਪਾਸ ਹੀ ਰੱਖਦਾ। ਹੁੱਕੇ ਦੀ ਗੁੜਗੁੜ ਅਤੇ ਸੂਟੇ ਖਿੱਚਦਾ ਜਿਵੇਂ ਕਿ ਅਮੀਰ ਲੋਕ ਸਿਗਾਰ ਨੂੰ ਬਾਲ ਕੇ ਧੂੰਆਂ ਉਡਾਉਂਦੇ ਹਨ। ਦੁਰਗਾ ਦਾਸ ਦੀ ਸਿਫ਼ਤ ਕਰਦਿਆਂ, ਇੱਕ ਦਿਨ ਮੇਰੇ ਬਾਪ ਨੇ ਗੱਲ ਇੱਥੋਂ ਤੋਰੀ,
“ਸਾਡਾ ਦੇਸ਼ ਅਜ਼ਾਦ ਤਾਂ ਹੋ ਗਿਆ ਸੀ, ਪਰ ਪੰਜਾਬੀਆਂ ਨੂੰ ਸੰਤਾਲੀ ਦੇ ਦੰਗਿਆਂ ਨੇ ਚੰਗੀ ਤਰ੍ਹਾਂ ਮਧੋਲ ਸੁੱਟਿਆ ਸੀ। ਪਛੜੇ ਇਲਾਕੇ ਦੇ ਪੇਂਡੂਆਂ ਨੂੰ ਪੜ੍ਹਨ ਦਾ ਮੌਕਾ ਘੱਟ ਮਿਲਦਾ ਸੀ। ਜੇਕਰ ਕੋਈ ਪੜ੍ਹਨ-ਲਿਖਣ ਦੀ ਇੱਛਾ ਰੱਖਦਾ ਵੀ ਸੀ ਤਾਂ ਉਹਦੀ ਇੱਛਾ ਘਰਾਂ ਦੀਆਂ ਮਜਬੂਰੀਆਂ ਵਿੱਚ ਹੀ ਦਫ਼ਨ ਹੋ ਜਾਂਦੀ ਜਾਂ ਫਿਰ ਦਫ਼ਨ ਕਰ ਦਿੱਤੀ ਜਾਂਦੀ। ਸਾਡੇ ਪਿੰਡ ਦੇ ਕੁਝ ਕੁ ਮੁੰਡੇ ਇਨ੍ਹਾਂ ਮਜਬੂਰੀਆਂ ਦੇ ਬਾਵਜੂਦ ਵੀ ਥੋੜ੍ਹਾ ਅੱਗੇ-ਪਿੱਛੇ ਜਿਹੇ ਮੈਟ੍ਰਿਕ ਤਕ ਦੇ ਇਮਤਿਹਾਨ ਪਾਸ ਕਰ ਗਏ। ਦੁਰਗਾ ਦਾਸ ਦੀ ਪਾਰਖੂ ਨਜ਼ਰ, ਦੂਰ ਦਾਰਸ਼ਨਿਕਤਾ, ਦਰਿਆਦਿਲੀ, ਹੈਸੀਅਤ, ਅਤੇ ਕੰਪਨੀ ਅੰਦਰ ਰੁਤਬਾ ਅਤੇ ਪਹੁੰਚ ਹੋਣ ਕਰਕੇ ਸਾਰੇ ਵਾਰੋ-ਵਾਰੀ ਉਸ ਕੰਪਨੀ ਵਿੱਚ ਕੰਮ ਕਰਨ ਜਾ ਲੱਗੇ। ਉਹ ਵੀ ਭਾਰਤ ਦੀ ਅੱਵਲ ਦਰਜੇ ਵਾਲੀ ਕੰਪਨੀ ਵਿੱਚ, ਜਿਸਦਾ ਬਾਹਰਲਾ ਗੇਟ ਬਹੁਤਿਆਂ ਲਈ ਖੁੱਲ੍ਹਦਾ ਜਾਂ ਪਾਰ ਹੀ ਨਹੀਂ ਹੁੰਦਾ ਸੀ। ਮੈਂ (ਮੇਰਾ ਬਾਪ), ਮੈਟ੍ਰਿਕ ਕਰਕੇ ਅੱਗੇ ਹੋਰ ਪੜ੍ਹਨਾ ਚਾਹੁੰਦਾ ਸੀ। ਦਸਵੀਂ ਵਿੱਚੋਂ ਮੈਰਿਟ ਲਿਸਟ ਵਿੱਚ ਆਉਣ ਕਰਕੇ ਕੈਂਟ-ਬੋਰਡ ਛਾਉਣੀ ਦੇ ਹਾਈ ਸਕੂਲ ਤੋਂ ਪਤਾ ਕਰਕੇ, ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰੋਫੈਸਰ ਮੈਨੂੰ ਘਰੋਂ ਹੀ ਲੈਣ ਆ ਗਏ...। ਕਹਿਣ ਲੱਗੇ ਫੀਸ ਵਗੈਰਾ ਸਭ ਮੁਆਫ਼, ਅਤੇ ਵਜ਼ੀਫ਼ਾ ਵੀ ਮਿਲੇਗਾ। ਭਾਈਏ (ਬਾਬੇ) ਨਾਲ ਗੱਲ ਕੀਤੀ ਤਾਂ ਉਹ ਬੋਲਿਆ, “ਨਹੀਂ ਪੜ੍ਹ ਲਿਆ ਇਹਨੇ ਹੁਣ ਬਥੇਰਾ, ਕੰਮ ਕਰਕੇ ਘਰ ਦਾ ਬੋਝ ਚੱਕਣਾ ਆ…, ਦੂਜੇ ਭਰਾ ਅਜੇ ਛੋਟੇ ਆ.. ਹੁਣ ਇਹਦੀ ਜ਼ਿੰਮੇਵਾਰੀ ਆ।” … ਇਹ ਸੁਣਦਿਆਂ ਮੇਰੀ ਹੋਰ ਪੜ੍ਹਨ ਦੀ ਰੀਝ ਮੇਰੀਆਂ ਅੱਖਾਂ ਸਾਹਵੇਂ ਹੀ ਦਫ਼ਨ ਹੋ ਗਈ। ਦੁਰਗਾ ਦਾਸ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੋਲਿਆ… ਬਈ… “ਚੱਲ ਭਾਈਏ ਦਾ ਕਹਿਣਾ ਤਾਂ ਮੰਨਣਾ ਹੀ ਪਊ… ਪਰ ਤੂੰ ਇੱਦਾਂ ਕਰੀਂ ਕਿ ਕੰਪਨੀ ਦੇ ਵਿੱਚ ਹੀ ਕੰਮ ਕਰਦਾ-ਕਰਦਾ ਅੱਗੇ ਪੜ੍ਹ ਲਵੀਂ… ਫਿਕਰ ਨਾ ਕਰ, ਕਰਦਾ ਆਂ ਮੈਂ ਕੁਛ ਪ੍ਰਬੰਧ ਤੇਰੇ ਵਾਸਤੇ!” ਮੈਂ ਉਵਰਸੀਅਰ ਦੀ ਨੌਕਰੀ ਕਰਦਿਆਂ ਕੰਪਨੀ ਵਿੱਚ ਹੀ ਅੱਗੇ ਪੜ੍ਹ ਕੇ ਸੁਪਰਵਾਈਜ਼ਰ ਅਤੇ ਬਾਅਦ ਵਿੱਚ ਸਿਵਲ ਇੰਜਨੀਅਰ ਵੀ ਬਣ ਗਿਆ। ਤਦ ਤੱਕ ਉਂਗਲੀ ਫੜ ਕੇ ਲਿਆਉਣ ਵਾਲਾ ਰੱਬ ਦਾ ਬੰਦਾ ਉਂਗਲੀ ਛੱਡ ਕੇ ਸਦਾ ਲਈ ਤੁਰ ਗਿਆ ਸੀ...। ਅੱਜ ਬੜਾ ਚੇਤੇ ਆਉਂਦਾ ਦੁਰਗਾ ਦਾਸ... (ਇਹ ਦੱਸਦਿਆਂ ਮੇਰੇ ਬਾਪ ਦਾ ਗੱਚ ਭਰ ਆਇਆ ਅਤੇ ਅਗਾਂਹ ਬੋਲਦਿਆਂ ਉਹਦੀਆਂ ਅੱਖਾਂ ਨੀਰ ਨਾ ਰੋਕ ਸਕੀਆਂ।) ... ਇਹ ਦੁਰਗਾ ਦਾਸ ਹੀ ਸੀ ਜਿਸਦੇ ਕਰਕੇ ਸਾਡਾ ਪੇਂਡੂਆਂ ਦਾ ਬੌਧਿਕ, ਸਮਾਜਿਕ ਅਤੇ ਆਰਥਿਕ ਪੱਖ ਵਧਿਆ ਅਤੇ ਫੈਲਿਆ… ਨਹੀਂ ਤਾਂ… (ਉਹਨੇ ਬਾਕੀ ਗੱਲ ਅਧੂਰੀ ਹੀ ਰਹਿਣ ਦਿੱਤੀ, … ਜਾਂ ਸ਼ਾਇਦ ਸ਼ਬਦ ਛੋਟੇ ਪੈ ਗਏ ਸਨ।) ਗੱਲ ਮੁਕਾਉਂਦਿਆਂ ਹੋਇਆਂ ਉਹਨੇ ਕਿਹਾ, … ਚਲੋ ਬਈ ਕਿਸੇ ਹੋਰ ਲਈ ਨਾ ਸਹੀ, ਪਰ ਸਾਡੇ ਲਈ ਤਾਂ ਦੁਰਗਾ ਦਾਸ ਫ਼ਰਿਸ਼ਤਾ ਬਣ ਕੇ ਬਹੁੜਿਆ। ਘੁੱਪ ਹਨੇਰੇ ਵਿੱਚ ਦੀਵੇ ਦੀ ਲੋਅ ਵਰਗਾ ... ਸੂਰਜ ਤੋਂ ਵੀ ਵਾਧੂ! ਹਨੇਰੇ ਮੋਹਰੇ ਤਾਂ ਸੂਰਜ ਵੀ ਲੁਕ ਜਾਂਦਾ ਸਵੇਰਾ ਹੋਣ ਤੱਕ...।”
ਦੱਸਦੇ ਹਨ ਕਿ ਦੁਰਗਾ ਦਾਸ ਉੱਪਰੋਂ ਥੋੜ੍ਹਾ ਸਖ਼ਤ ਪਰ ਅੰਦਰੋਂ ਬੜਾ ਕੋਮਲ ਬੰਦਾ ਸੀ। ਉਹ ਆਪਣੇ ਗਰਾਂ ਅਤੇ ਇਲਾਕੇ ਦੇ ਮੁੰਡਿਆਂ ਨੂੰ ਆਪਣੇ ਖ਼ਰਚੇ ’ਤੇ ਹੀ ਢੋਹ-ਢੋਹ ਕੇ ਇਸ ਵੱਡੀ ਕੰਪਨੀ ਵਿੱਚ ਸਥਾਪਿਤ ਕਰਵਾਉਂਦਾ ਰਿਹਾ। ਜ਼ਿੰਦਗੀ ਭਰ ਦੂਸਰਿਆਂ ਲਈ ਕਰਦਾ ਰਿਹਾ। ਰੱਬ ਨੇ ਉਸ ਨੂੰ ਕੋਈ ਔਲਾਦ ਨਹੀਂ ਦਿੱਤੀ, ਪਰ ਉਹ ਇਸ ਝੋਰੇ, ਸੋਚ ਜਾਂ ਫਿਕਰ ਵਿੱਚ ਪੈਣ ਦੀ ਬਜਾਏ ਇਨ੍ਹਾਂ ਜਵਾਨ ਪੇਂਡੂ ਮੁੰਡਿਆਂ ਦੇ ਅਗਲੇ ਤੇ ਅਗਲੇਰੇ ਰਾਹਾਂ ਦਾ ਮਾਰਗ ਦਰਸ਼ਕ ਬਣ ਕੇ ਹੀ ਖੁਸ਼ ਹੁੰਦਾ ਰਿਹਾ। ਇੱਕ ਬਾਗ਼ਬਾਨ ਦੀ ਤਰ੍ਹਾਂ ਉਸ ਨੂੰ ਸਾਰੇ ਆਪਣੀ ਫੁਲਵਾੜੀ ਹੀ ਲੱਗਦੇ ਰਹੇ। ਦੀਵਾ ਬਾਲ ਕੇ ਦੀਵਿਆਂ ਦੀਆਂ ਡਾਰਾਂ ਬਾਲਦਾ ਰਿਹਾ। ਆਪਣੇ ਚੰਗੇ ਕਾਰਜਾਂ ਵਿੱਚ ਹਮੇਸ਼ਾ ਲੱਗਾ ਰਿਹਾ।
ਹੁਣ ਦੱਸੋ ਦੁਰਗਾ ਦਾਸ ਕਰਦਾ ... ਤਾਂ ਕੀ ਕਰਦਾ?
ਦੁਰਗਾ ਦਾਸ ਪਿੰਡ ਦਾ ਪੜ੍ਹਿਆ-ਲਿਖਿਆ ਅਤੇ ਸੁਲਝਿਆ ਇਨਸਾਨ ਸੀ। ਰਿਟਾਇਰ ਹੋ ਕੇ ਉਹ ਪੱਕਾ ਪਿੰਡ ਹੀ ਰਹਿਣ ਲੱਗ ਪਿਆ ਸੀ। ਮੇਰੇ ਤਾਇਆ ਜੀ ਦਾ ਵੱਡਾ ਮੁੰਡਾ ਛੋਟੇ ਹੁੰਦਿਆਂ ਤੋਂ ਹੀ ਪੜ੍ਹਨ ਨਾਲੋਂ ਆਪਣੀਆਂ ਦੂਸਰੀਆਂ ਰੁਚੀਆਂ ਨੂੰ ਹਮੇਸ਼ਾ ਪਹਿਲ ਦਿੰਦਾ ਸੀ (ਹੁਣ ਉਹ ਕਾਮਯਾਬ ਬਿਜ਼ਨਸ ਮੈਨ ਹੈ)। ਦੁਰਗਾ ਦਾਸ ਕਿਉਂਕਿ ਇੱਕ ਸਖ਼ਤ ਅਤੇ ਅਨੁਸ਼ਾਸਨੀ ਕਿਸਮ ਦਾ ਬੰਦਾ ਸੀ, ਦਾਦੀ ਨੇ ਸੋਚਿਆ ਕਿ ਹੈ ਤਾਂ ਭਾਵੇਂ ਪਿੰਡ ਦੇ ਦੂਸਰੇ ਪਾਸੇ ਹੀ ਪਰ ਕਿਉਂ ਨਾ ਇਸ ਮੁੰਡੇ ਨੂੰ ਉਹਦੇ ਕੋਲ ਰੋਜ਼ ਪੜ੍ਹਨ ਭੇਜਿਆ ਜਾਵੇ? ਸ਼ਾਇਦ ਪੜ੍ਹਨ ਵੱਲ ਨੂੰ ਗੱਡੀ ਰਿੜ੍ਹ ਹੀ ਪਵੇ! ਇਹ ਸੋਚ ਕੇ ਉਹ ਇੱਕ ਦਿਨ ਇੱਕ ਹੱਥ ਵਿੱਚ ਮੁੰਡੇ ਦਾ ਝੋਲਾ (ਬਸਤਾ) ਫੜ ਕੇ ਅਤੇ ਦੂਸਰੇ ਹੱਥ ਨਾਲ ਪਿਛਲ-ਖੁਰੀ ਲੱਤਾਂ ਜਿਹੀਆਂ ਘਸੀਟਦੇ ਮੁੰਡੇ ਨੂੰ ਉਂਗਲ ਲਾ ਕੇ ਦੁਰਗੇ ਦਾਸ ਕੋਲ ਪਹੁੰਚ ਗਈ। ਉਹਨੂੰ ਜਾ ਕੇ ਕਹਿਣ ਲੱਗੀ, “ਮੈਂ ਆਹ ਮੁੰਡੇ ਨੂੰ ਲੈ ਕੇ ਆਈ ਆਂ ਦੁਰਗਿਆ, ... ਇਹ ਮਾਹਟਰਾਂ-ਮੂਹਟਰਾਂ ਨਾਲੋਂ ਤੇਰੇ ਕੋਲੋਂ ਜ਼ਿਆਦਾ ਪੜ੍ਹ-ਸਿੱਖ ਜਾਊਗਾ।”
ਦੁਰਗਾ ਦਾਸ ਨੇ ਦਾਦੀ ਦੀ ਇੱਜ਼ਤ ਰੱਖਦਿਆਂ ਮੁੰਡੇ ਨੂੰ ਪੜ੍ਹਾਉਣਾ ਮੰਨ ਲਿਆ। ਮੁੰਡਾ ਦੁਰਗੇ ਦੀ ਸਖ਼ਤੀ ਦੇ ਡਰੋਂ ਨਾ ਚਾਹੁੰਦੇ ਹੋਏ ਵੀ ਇੱਕ ਜਾਲ ਵਿੱਚ ਫਸੇ ਹੋਏ ਕਬੂਤਰ ਵਾਂਗ ਮਹਿਸੂਸ ਕਰਦੇ ਹੋਏ ਆਪਣਾ ਝੋਲਾ ਲਾਗੇ ਹੀ ਸੁੱਟ ਕੇ ਬਹਿ ਗਿਆ। ਘੋੜਾ ਪਾਣੀ ਤਕ ਲੈ ਤਾਂ ਆਂਦਾ, ਪਰ ਪਾਣੀ ਪੀਣਾ ਤਾਂ ਘੋੜੇ ਨੂੰ ਹੀ ਪੈਣਾ ਸੀ! ਦੁਰਗਾ ਦਾਸ ਕੋਲ ਪੜ੍ਹਨਾ ਉਹਨੂੰ ਸਜ਼ਾ ਵਰਗਾ ਲਗਦਾ। ਪੜ੍ਹਨ ਲਿਖਣ ਦੀ ਜਗ੍ਹਾ ਮੁੰਡੇ ਨੇ ਬਹਾਨੇ ਘੜਨ ਦੀ ‘ਖੋਜ’ ਕਰਨੀ ਸ਼ੁਰੂ ਕਰ ਦਿੱਤੀ ਕਿ ਕਿਵੇਂ ਨਾ ਕਿਵੇਂ ਦੁਰਗਾ ਦਾਸ ਦੀ ਮਾਸਟਰੀ ਤੋਂ ਛੁਟਕਾਰਾ ਪਾਇਆ ਜਾਵੇ। ਪੰਜ-ਸੱਤ ਦਿਨ ਦੁਰਗਾ ਦਾਸ ਕੋਲੋਂ ਕੈਦ ਕੱਟਣ ਦੇ ਸਮਾਨ ਪੜ੍ਹਾਈ ਦਾ ਸਤਾਇਆ ਇੱਕ ਦਿਨ ਉਹ ਘੜੇ-ਘੜਾਏ ਕਈ ਬਹਾਨਿਆਂ ਵਿੱਚੋਂ ਇੱਕ ਸਭ ਤੋਂ ਮਜ਼ਬੂਤ, ਜਜ਼ਬਾਤੀ, ਅਤੇ ਭਵਨਾਤਮਕ ਬਹਾਨਾ ਕੱਢ ਆਪਣੀ ਦਾਦੀ ਕੋਲ ਪਹੁੰਚ ਗਿਆ। ਰੋਣ ਵਾਲਾ ਮੂੰਹ ਬਣਾ ਕੇ ਕਹਿਣ ਲੱਗਾ, “ਦਾਦੀ… ਓਦਾਂ ਮੇਰਾ ਪੜ੍ਹਨ ਨੂੰ ਤਾਂ ਬੜਾ ਹੀ ਜੀਅ ਕਰਦਾ… ਪਰ ਆਹ ਟੋਪੀ ਵਾਲਾ ਮਾਹਟਰ (ਦੁਰਗਾ ਦਾਸ) … ਤਾਂ ਹੁੱਕਾ ਵੀ ਪੀਂਦਾ ਆ? … ਤੈਨੂੰ ਨਹੀਂ ਸੀ ਪਤਾ ਦਾਦੀ? ਦਾਦੀ ਕੁਝ ਸੋਚ ਕੇ ਬੋਲੀ, “ਹਾਂਅ… ਮੈਨੂੰ ਪਤਾ ਆ ਦੁਰਗਾ ਹੁੱਕਾ ਪੀਂਦਾ ਆ ਪਰ ... ਜੇ ਪੀਂਦਾ ਵੀ ਆ ਤਾਂ ਤੈਨੂੰ ਕੀ ਕਹਿੰਦਾ ਆ? ਤੇਰੇ ਗੋਲੀ ਤਾਂ ਨੀ ਮਾਰਦਾ? ਹੁੱਕਾ ਈ ਪੀਂਦਾ ਆ!” ਗੱਲ ਨਾ ਬਣਦੀ ਜਿਹੀ ਦੇਖ ਮੁੰਡਾ ਫਿਰ ਬੋਲਿਆ, “ਗੋਲੀ ਤਾਂ ਨਹੀਂ ਮਾਰਦਾ, ਪਰ ਤੈਨੂੰ ਇਹ ਵੀ ਪਤਾ ਕਿ ਉਹ ਹੁੱਕੇ ਦਾ ਲੰਮਾ ਸਾਰਾ ਸੂਟਾ ਖਿੱਚ ਕੇ ਤੇ ਫਿਰ ਧੂੰਆਂ ਘੁਮਾ-ਘੁਮਾ ਕੇ ਮੇਰੇ ਮੂੰਹ ਉੱਤੇ ਮਾਰਦਾ ਆ?” ਦਾਦੀ ਨੂੰ ਭਾਵੁਕ ਕਰਨ ਲਈ ਉਹਨੇ ਦੁਰਗਾ ਦਾਸ ਦੇ ਹੁੱਕੇ, ਉਹਦੀਆਂ ਨਾਸਾਂ, ਲੰਮੀਆਂ ਮੁੱਛਾਂ ਅਤੇ ਮੂੰਹ ਵਿੱਚੋਂ ਕੱਢੇ ਤੰਬਾਕੂ ਵਾਲੇ ਧੂੰਏਂ, ਅਤੇ ਆਪਣੇ ਮੂੰਹ ਉੱਤੇ ਉਡ-ਉਡ ਪੈਂਦੇ ਧੂਏਂ ਦੇ ਬੱਦਲਾਂ ਨੂੰ ਕਾਫ਼ੀ ਰੰਗ-ਮਸਾਲਾ ਜਿਹਾ ਲਾ ਕੇ, ਵਧਾ-ਚੜ੍ਹਾ ਕੇ ਅਤੇ ਉੱਚੀ ਅਤੇ ਖ਼ਤਰੇ ਵਾਲੀ ਸੁਰ ਵਿੱਚ ਬਿਆਨ ਕੀਤਾ ਤਾਂ ਕਿ ਹੁੱਕੇ ਦਾ ਧੂੰਆਂ ਗੋਲੀ ਨਾਲੋਂ ਵੀ ਭਿਆਨਕ ਅਤੇ ਲੂੰ-ਕੰਡੇ ਖੜ੍ਹੇ ਕਰਨ ਵਾਲਾ ਲੱਗੇ। ਇਹ ਸੁਣਦਿਆਂ ਦਾਦੀ ਸੱਚ-ਮੁਚ ਹੀ ਭਾਵੁਕ ਹੋ ਗਈ ਅਤੇ ਮੁੰਡੇ ਨੂੰ ਨਾਲ ਲੈ ਕੇ ਵਾਹੋ-ਦਾਹੀ ਦੁਰਗੇ ਦਾਸ ਕੋਲ ਪਹੁੰਚ ਗਈ। ਜਾਂਦੇ ਸਾਰ ਹੀ ਕਹਿਣ ਲੱਗੀ, “ਗੱਲ ਸੁਣ ਦੁਰਗਿਆ! … ਆਹ ਮੁੰਡਾ ਮੈਨੂੰ ਕਹਿੰਦਾ ਕਿ ਤੂੰ ‘ਤਮਾਖੂ ਆਲੇ ਹੁੱਕੇ’ ਦਾ ਲੰਮਾ-ਸਾਰਾ ਸੂਟਾ ਖਿੱਚ ਕੇ ਧੂੰਆਂ ਇਹਦੇ ਮੂੰਹ ’ਤੇ ਮਾਰਦਾ ਆਂ!, … ਦੱਸ ਦੁਰਗਿਆ, ਇਹ ਕੀ ਗੱਲ ਹੋਈ? ਤੂੰ ਦੱਸ ਇਹ ਹੁੱਕਾ ਪੀਨਾ ਹੀ ਕਾਹਤੋਂ ਆਂ?” ਕਿਸੇ ਦੀ ਟੈਂਅ ਨਾ ਮੰਨਣ ਵਾਲੇ ਸੱਤ-ਪੱਤਣਾਂ ਦੇ ਤਾਰੂ ਦੁਰਗੇ ਦਾਸ ਨੂੰ ਲੱਗਿਆ ਕਿ ਆਹ ‘ਢਾਈ-ਗਿੱਠੇ’ ਮੁੰਡੇ ਮਗਰ ਲੱਗ ਕੇ ਸਿਆਣੀ-ਬਿਆਣੀ ਬੀਬੀ ਮੈਨੂੰ ਉਲਾਂਭਾ ਦੇਣ ਆ ਤੁਰੀ। ਉਸ ਨੂੰ ਲੱਗਾ ਕਿ ਭਲਮਾਣਸੀ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ। ਰਿਟਾਇਰ ਹੁੰਦੇ ਹੋਇਆਂ ਵੀ ਉਹਦੇ ਅੰਦਰਲਾ ‘ਕੰਪਨੀ ਦਾ ਸੁਪਰਵਾਈਜ਼ਰ ਦੁਰਗਾ ਦਾਸ’ ਜਾਗ ਉੱਠਿਆ ਅਤੇ ਉਹ ਦਾਦੀ ਨੂੰ ਬੋਲਿਆ, “ਗੱਲ ਸੁਣ... ਚਿੰਤੀਏ! … ਮੈਂ ਤੇਰੀ ਤੇ ਤੇਰੇ ਟੱਬਰ ਦੀ ਬੜੀ ਇੱਜ਼ਤ ਕਰਦਾਂ ਆਂ ਪਰ ਇਸ ਛੋਕਰੇ ਨੇ ਨਹੀਂ ਪੜ੍ਹਨਾ-ਪੁੜ੍ਹਨਾ! ਇਹਨੂੰ ਲੈ ਜਾ ਦੌੜਾ ਕੇ ਇੱਥੋਂ .., ਵਗ ਜਾਓ ... ਤਿੱਤਰ ਹੋ ਜਾਓ.. ਤੇ ਖ਼ਬਰਦਾਰ ਜੇ ਮੇਰੇ ਹੁੱਕੇ ਬਾਰੇ ਤੂੰ ਕੁਛ ਵੀ ਕਿਹਾ। ... ਜਾਂਦੀ ਜਾਂਦੀ ਤੂੰ ਮੈਨੂੰ ਇਹ ਵੀ ਦੱਸ ਜਾ ਕਿ ਮੈਂ ਕੋਈ ਕਮਲਾ ਆਂ, ਜੋ ਇਹਦੀ ਬੂਥੀ ’ਤੇ ਹੁੱਕੀ ਦਾ ਧੂੰਆਂ ਮਾਰੂੰਗਾ?”
ਦਾਦੀ ਚਿੰਤੀ ਨੂੰ ਵੀ ਹੁਣ ਸ਼ਾਇਦ ਮਹਿਸੂਸ ਹੋਇਆ ਕਿ ਇਹ ਮੁੰਡਾ ਉਹਨੂੰ ਝੂਠ-ਮੂਠ ਹੀ ਕਹਿ ਕੇ ਲੈ ਆਇਆ। ਪਰ ਮੁੰਡੇ ਦਾ ਦਾਗ਼ਿਆ ਹੋਇਆ ਤੀਰ ਸਿੱਧਾ ਨਿਸ਼ਾਨੇ ’ਤੇ ਜਾ ਵੱਜਾ ਸੀ। ਉਸ ਨੂੰ ਇੰਜ ਲੱਗਾ ਜਿਵੇਂ ਦੁਰਗਾ ਦਾਸ ਹਾਰ ਗਿਆ ਹੋਵੇ ਅਤੇ ਉਹ ਆਪਣੇ ਜਿੱਤਣ ਦੀ ਖੁਸ਼ੀ ਵਿੱਚ ਆਪਣਾ ਝੋਲਾ ਹਵਾ ਵਿੱਚ ਉਡਾਉਂਦਾ ਅਤੇ ਲਹਿਰਾਉਂਦਾ ਇਵੇਂ ਦੌੜਿਆ ਜਾ ਰਿਹਾ ਸੀ ਜਿਵੇਂ ਪੰਛੀ ਪਿੰਜਰੇ ਵਿੱਚੋਂ ਨਿਕਲ ਕੇ ਉੱਪਰਲੀਆਂ ਹਵਾਵਾਂ ਵਿੱਚ ਕਲਾਬਾਜ਼ੀਆਂ ਲਾਉਂਦਾ ਹੋਵੇ!!
ਦੱਸੋ ਹੁਣ ਦੁਰਗਾ ਵਿਚਾਰਾ ਕਰਦਾ ਵੀ ਤਾਂ ਕੀ ਕਰਦਾ?
ਬਹੁਤ ਘੱਟ ਲੋਕ ਹੁੰਦੇ ਹਨ ਦੁਰਗਾ ਦਾਸ ਵਰਗੇ ਜੋ ਆਪ ਵੀ ਜਿਊਂਦੇ ਹਨ ਅਤੇ ਲੋਕਾਂ ਲਈ ਵੀ ਜਿਊਂਦੇ ਹਨ। ਇਹੋ ਜਿਹੇ ਲੋਕ ਮਰ ਕੇ ਵੀ ਨਹੀਂ ਮਰਦੇ। ਭਾਵੇਂ ਦੁਰਗਾ ਦਾਸ ਨੇ ਅਹਿਸਾਨ ਨਾਲੋਂ ਇਨਸਾਨ ਦੀ ਨੀਅਤ ਨਾਲ ਮੇਰੇ ਬਾਪ ਅਤੇ ਉਹਦੇ ਵਰਗੇ ਕਈ ਹੋਰਨਾਂ ਦੀ ਉਂਗਲ ਫੜ ਕੇ ਰਾਹ ਦਿਖਾਇਆ ਸੀ, ਪਰ ਮੈਨੂੰ ਅਕਸਰ ਲਗਦਾ ਰਹਿੰਦਾ ਹੈ ਕਿ ਦੁਰਗਾ ਦਾਸ ਦੀਆਂ ਮਿਹਰਬਾਨੀਆਂ ਦਾ ਕਰਜ਼ … ਸਾਡੇ ਪਰਿਵਾਰ ਦੇ ਸਿਰ ਹੈ!
ਦੋਸਤੋ, ਸ਼ਾਇਦ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਦੁਰਗਾ ਦਾਸ ਆਇਆ ਹੋਵੇਗਾ ਜਾਂ ਫਿਰ ਜਿਊਂਦੇ ਜੀਅ ਜ਼ਰੂਰ ਆਵੇਗਾ। ਯਕੀਨਨ ਹੀ ਇਸ ਦੁਨੀਆ ਵਿੱਚ ਅਨੇਕਾਂ ਦੁਰਗੇ ਦਾਸ ਵਰਗੇ ਨਾਇਕ ਪਹਿਲਾਂ ਵੀ ਆਏ ਹੋਣਗੇ, ਅੱਗੇ ਵੀ ਆਉਂਦੇ ਵੀ ਰਹਿਣਗੇ, ਅਤੇ ਆਉਂਦੇ ਰਹਿਣੇ ਵੀ ਚਾਹੀਦੇ ਹਨ, ਇਨਸਾਨੀਅਤ ਦੇ ਜ਼ਿੰਦਾ ਰਹਿਣ ਲਈ ਅਤੇ ਮਨੁੱਖਤਾ ਦੀ ਬਿਹਤਰੀ ਲਈ।
ਮੇਰੇ ਪਿੰਡ ਦੇ ਸੋਹਣਿਆਂ ਸੱਜਣਾ,
ਵੇ ਮੈਨੂੰ ਤੇਰੇ ਤੋਂ ਇੱਕ ਆਸ।
ਮੇਰੇ ਪਿੰਡ ਦੇ ਸੋਹਣਿਆਂ ਸੱਜਣਾ,
ਵੇ ਮੈਨੂੰ ਤੇਰੇ ’ਤੇ ਵਿਸ਼ਵਾਸ।
ਮੇਰੇ ਪਿੰਡ ਦੇ ਸੋਹਣਿਆਂ ਸੱਜਣਾ,
ਵੇ ਮੈਂ ਕਰਦਾ ਆਂ ਅਰਦਾਸ।
ਪਿੰਡ ਮੇਰਾ ਵਸਦਾ ਰਹੇ,
ਮੇਰੀ ਧੁਰ ਅੰਦਰੋਂ ਅਰਦਾਸ।
ਦੁਰਗਾ ਦਾਸ ਨਾ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ…
ਜ਼ਿੰਦਗੀ ਜ਼ਿੰਦਾਬਾਦ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (