“‘ਮਿਸ਼ਨ’ ਪੂਰਾ ਹੋ ਜਾਣ ਵਾਂਗ ਮਾਸਟਰ ਜੀ ਨੇ ‘ਤੂੜੀ ਦੀ ਗਠੜੀ’ ਦੇ ਆਲੇ-ਦੁਆਲੇ ...”
(16 ਅਗਸਤ 2025)
ਅਧਿਆਪਕ ਦੀ ਸ਼ਖ਼ਸੀਅਤ ਦਾ ਬੱਚੇ ਦੀ ਜ਼ਿੰਦਗੀ ਉੱਪਰ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਬੱਚੇ ਤਾਂ ਗਿੱਲੀ ਮਿੱਟੀ ਵਾਂਗ ਹੀ ਹੁੰਦੇ ਹਨ ਅਤੇ ਚੰਗੇ ਅਧਿਆਪਕ ਉਨ੍ਹਾਂ ਨੂੰ ਤਰਾਸ਼ ਕੇ ਉੱਚਕੋਟੀ ਦੇ ਸਾਇੰਸਦਾਨ, ਡਾਕਟਰ, ਇੰਜਨੀਅਰ, ਖਿਡਾਰੀ, ਅਧਿਆਪਕ, ਕਾਰੋਬਾਰੀ ਵਗੈਰਾ ਅਤੇ ਇਸ ਸਭ ਤੋਂ ਵੀ ਉੱਪਰ ‘ਵਧੀਆ ਇਨਸਾਨ’ ਬਣਾ ਦਿੰਦੇ ਹਨ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਚੰਗੇ ਅਧਿਆਪਕਾਂ ਨੂੰ ਬਣਦਾ ਮਾਨ-ਸਨਮਾਨ ਜ਼ਰੂਰ ਮਿਲਣਾ ਚਾਹੀਦਾ ਹੈ।
ਉਦੋਂ ਅਸੀਂ ਪਿੰਡ ਦੇ ਸਰਕਾਰੀ ਸਕੂਲ ਦੀ ਚੌਥੀ ਜਾਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਸੀ। ਮਾਸਟਰ ਸੁਭਾਸ਼ ਚੰਦਰ ਜੀ ਕਿਸੇ ਦੂਰ ਦੇ ਪਿੰਡ ਜਾਂ ਸ਼ਹਿਰ ਤੋਂ ਬਦਲ ਕੇ ਸਾਡੇ ਸਕੂਲ ਵਿੱਚ ਪੜ੍ਹਾਉਣ ਆ ਗਏ। ਯਕੀਨਨ ਹੀ ਉਹ ਇਸ ਬਦਲੀ ਤੋਂ ਖੁਸ਼ ਤਾਂ ਨਹੀਂ ਸਨ, ਪਰ ਉਨ੍ਹਾਂ ਦੇ ਵੱਸ ਜਾਂ ਪਹੁੰਚ ਤੋਂ ਬਾਹਰ ਹੋਣ ਕਰਕੇ ਉਨ੍ਹਾਂ ਇਹ ਬਦਲੀ ਦਾ ਕੌੜਾ ਘੁੱਟ ਸ਼ਹਿਦ ਵਾਂਗ ਲੰਘਾ ਲਿਆ। ਹਰ ਰੋਜ਼ ਦੇ ਲੰਮੇ ਪੈਂਡਿਆਂ ਤੋਂ ਤੰਗ ਆ ਕੇ ਉਨ੍ਹਾਂ ਨੇ ਆਪਣਾ ਟੱਬਰ ਵੀ ਸਾਡੇ ਪਿੰਡ ਹੀ ਲੈ ਆਂਦਾ। ਪਿੰਡ ਦੇ ਇੱਕ ਪ੍ਰਵਾਸੀ ਦਾ ਵਰ੍ਹਿਆਂ ਤੋਂ ਖ਼ਾਲੀ ਮਕਾਨ ਉਨ੍ਹਾਂ ਦਾ ਆਲ੍ਹਣਾ ਬਣ ਗਿਆ। ਦਹਾਕਿਆਂ ਤੋਂ ਖ਼ਾਲੀ ਪਏ ਅਤੇ ਬੇਹਿੰਮਤੀ ਵਿੱਚ ਭੁਰ-ਭੁਰ ਕੇ ਖਿੰਡ ਰਹੇ ਘਰ ਦਾ ‘ਹਿਰਖ ਅਤੇ ਉਦਾਸੀ’ ਘਟ ਗਈ। ਮਾਸਟਰ ਜੀ ਦੇ ਟੱਬਰ ਨੇ ਰਲਮਿਲ ਕੇ ਇਸ ਇੱਟਾਂ ਦੇ ‘ਮਕਾਨ’ ਨੂੰ ‘ਹੱਸਦੇ ਵਸਦੇ ਘਰ’ ਵਿੱਚ ਤਬਦੀਲ ਕਰ ਦਿੱਤਾ। ਘਰ ਵੀ ਖੁਸ਼, ਮਾਸਟਰ ਜੀ ਅਤੇ ਪਰਿਵਾਰ ਵੀ ਖੁਸ਼।
ਹਾਲਾਂ ਕਿ ਪਿੰਡਾਂ ਦਾ ਜੀਵਨ ਸ਼ਹਿਰਾਂ ਨਾਲੋਂ ਘੱਟ ਦੌੜ-ਭੱਜ ਵਾਲਾ ਅਤੇ ਘੱਟ ਖ਼ਰਚੀਲਾ ਹੁੰਦਾ ਸੀ, ਪਰ ਫਿਰ ਵੀ ਘਰ ਚਲਾਉਣ ਲਈ ਤਨਖਾਹ ਵੀ ਸ਼ਾਇਦ ਬਹੁਤੀ ਜ਼ਿਆਦਾ ਨਾ ਹੁੰਦੀ ਹੋਵੇ। ਟਿਊਸ਼ਨ ਦਾ ਰਿਵਾਜ਼ ਜਾਂ ਬਿਮਾਰੀ ਉਦੋਂ ਨਾ-ਮਾਤਰ ਹੀ ਸੀ। ਬਲਕਿ ਪੇਂਡੂਆਂ ਦੀ ਮਾਲੀ ਹਾਲਤ ਨੂੰ ਦੇਖਦਿਆਂ ਕਈ ਮਾਸਟਰ ਜ਼ਰੂਰਤਮੰਦਾਂ ਨੂੰ ਮੁਫ਼ਤ ਵਿੱਚ ਹੀ ਪੜ੍ਹਾ ਦਿੰਦੇ ਸਨ। ਘਰ ਪਰਿਵਾਰ ਲਈ ਲੋੜੀਂਦੇ ਦੁੱਧ-ਘਿਓ ਦਾ ਖ਼ਰਚਾ ਬਚਾਉਣ ਲਈ ਲੰਮੀ ਸੋਚ ਸੋਚਦਿਆਂ ਮਾਸਟਰ ਜੀ ਨੇ ਇੱਕ ਦੁਧਾਰੂ ਮੱਝ ਖਰੀਦ ਲਈ। ਪਿੰਡ ਦੇ ਲਾਗੇ ਹੀ ਕਿਸੇ ਦੇ ਖੇਤ ਵਿੱਚ ਚਟ੍ਹਾਲੇ ਦਾ ਇੱਕ ਕਿਆਰਾ ਮੁੱਲ ਲੈ ਲਿਆ ਅਤੇ ਨਾਲ ਹੀ ਉਨ੍ਹਾਂ ਦੇ ਤੌੜ (ਖ਼ਾਲੀ ਜਗ੍ਹਾ) ਦੀ ਕੰਧ ਨਾਲ ਮੱਝ ਦਾ ਕੀਲਾ ਗੱਡ ਲਿਆ ਤੇ ਟੱਬਰ ਨੂੰ ਇੱਕ ਹੋਰ ਆਹਰੇ ਲਾ ਲਿਆ।
ਚਟ੍ਹਾਲੇ ਜਾਂ ਹਰੇ ਚਾਰੇ ਲਈ ਤੂੜੀ ਦੀ ਵੀ ਜ਼ਰੂਰਤ ਪੈਣੀ ਸੀ। ਕਣਕ ਦੀ ਵਾਢੀ ਦੌਰਾਨ ਮਾਸਟਰ ਜੀ ਦੇਖ ਲੈਂਦੇ ਸਨ ਕਿ ਅੱਜ ਕੱਲ੍ਹ ਕਿਸ ਘਰ ਦੀ ਕਣਕ ਕੁਤਰ ਹੁੰਦੀ ਸੀ। ਕੰਬਾਈਨਾਂ ਦਾ ਯੁਗ ਅਜੇ ਆਇਆ ਨਹੀਂ ਸੀ। ਦੂਸਰੇ ਤੀਸਰੇ ਦਿਨ ਮਾਸਟਰ ਜੀ ਉਸ ਘਰ ਜਾਂ ਖੇਤਾਂ ਵਿੱਚ ਪਹੁੰਚ ਜਾਂਦੇ ਅਤੇ ਨਿਮਰਤਾ ਨਾਲ ‘ਤੂੜੀ ਦੀ ਗਠੜੀ’ ਮੰਗ ਲੈਂਦੇ। ਬਹੁਤੇ ਲੋਕ ਮਾਸਟਰ ਜੀ ਦੀ ਇੱਜ਼ਤ ਕਰਦਿਆਂ ਨਾਂਹ ਘੱਟ ਹੀ ਕਰਦੇ ਸਨ।
ਇੱਕ ਦਿਨ ਖਾਦ ਦੇ ਬੋਰਿਆਂ ਦੀ ਬਣਾਈ ਅਤੇ ਦੋਹਰੀ-ਤੀਹਰੀ ਤਹਿ ਕੀਤੀ ਪੱਲੀ ਨੂੰ ਸੱਜੀ ਕੱਛ ਵਿੱਚ ਲੈ ਕੇ ਮਾਸਟਰ ਜੀ ਸਾਡੇ ਘਰ ਪਹੁੰਚ ਗਏ ਅਤੇ ਬੀਬੀ ਜੀ ਨੂੰ ਆਖਣ ਲੱਗੇ, “ਬੀਬੀ ਜੀ, ਸੁਣਿਆ ਹੈ ਤੁਹਾਡੀ ਕਣਕ ਕੁਤਰ ਹੋ ਗਈ ਹੈ। ਮੈਂ ਸੋਚਿਆ, ਬੀਬੀ ਨੂੰ ਪੱਛ ਈ ਲੈਂਦਾ ਹਾਂ ਜੇ ਤੂੜੀ ਦੀ ਗਠੜੀ ਕੁ ਮਿਲ ਜਾਵੇ।”
ਬੀਬੀ ਨੇ ਮਾਸਟਰ ਜੀ ਅਤੇ ਉਹਦੀ ਕੱਛ ਵਿੱਚ ‘ਮਸਾਂ ਹੀ ਦਿਸਦੀ’ ਪੱਲੀ ਵੱਲ ਨੂੰ ਦੇਖ ਕੇ ਮੈਨੂੰ ਦੋਸਤਾਂ ਨਾਲ ਬੰਟੇ ਖੇਡਣ ਦੀ ਤਿਆਰੀ ਕਰਦੇ ਨੂੰ ‘ਵਾਜ ਮਾਰ ਕੇ ਆਖਿਆ, “ਜਾਹ ਮਾਹਟਰ ਨੂੰ ਤੂੜੀ ਦੀ ਗੱਠੜੀ ਭਰਾ ਦੇ!”
ਖੇਡਣ ਦੀ ਤਿਆਰੀ ਨੂੰ ਅੱਧ ਵਿਚਾਲੇ ਛੱਡ ਕੇ ਨਾ ਚਾਹੁੰਦਿਆਂ ਹੋਇਆਂ ਵੀ ਮਸੋਸੇ ਜਿਹੇ ਮਨ ਨਾਲ ਮੈਂ ਮਾਸਟਰ ਜੀ ਦੇ ਮਗਰ-ਮਗਰ ਸ਼ਲਾਰੂ ਵਾਂਗ ਚੱਲ ਪਿਆ। ਜਾਂਦਾ ਜਾਂਦਾ ਇਹ ਵੀ ਸੋਚੀ ਜਾਵਾਂ, ਕਿਉਂ ਇਹ ਮਾਸਟਰ ਸਾਨੂੰ ਘਰਾਂ ਵਿੱਚ ਵੀ ਖੇਲ੍ਹਣ ਵੀ ਨਹੀਂ ਦਿੰਦੇ?
ਰਸਤੇ ਵਿੱਚ ਪੈਂਦੇ ਆਪਣੇ ਘਰੋਂ ਉਸਨੇ ਆਪਣੇ ਵੱਡੇ ਮੁੰਡੇ ‘ਯਸ਼’ ਨੂੰ ਵੀ ਨਾਲ ਲੈ ਲਿਆ। ਯਸ਼ ਮੇਰੇ ਵੱਲ ਦੇਖ ਬਹੁਤਾ ਖ਼ੁਸ਼ ਨਾ ਹੋਇਆ ਕਿਉਂਕਿ ਮੈਂ ਅਤੇ ਮੇਰਾ ਦੋਸਤ ਉਸਦੀ ਕੱਛੂਕੁੰਮੇ ਵਰਗੀ ਛੋਟੀ ਧੌਣ ਦਾ ਅਕਸਰ ਮਜ਼ਾਕ ਉਡਾਉਂਦੇ ਰਹਿੰਦੇ ਸੀ। ਉਹ ਨਾ ਚਾਹੁੰਦਾ ਹੋਇਆ ਵੀ ਨਾਲ ਤੁਰ ਪਿਆ। ਗੁਰਦੁਆਰੇ ਦੇ ਅੱਗੇ ਬੰਟੇ ਖੇਡਦੇ ਦੋਸਤਾਂ ਨੂੰ ਦੇਖ ਮੈਨੂੰ ਮਾਸਟਰ ਜੀ ’ਤੇ ਹੋਰ ਗੁੱਸਾ ਤਾਂ ਆਇਆ ਪਰ ਮੈਂ ਡਰਦਿਆਂ ਗੁੱਸੇ ਨੂੰ ਪਾਣੀ ਵਾਂਗ ਪੀ ਗਿਆ। ਉਸ ਢਾਣੀ ਤੋਂ ਮੈਂ ਆਪਣੇ ਦੋਸਤ ਨੂੰ ਵੀ ਨਾਲ ਲੈ ਲਿਆ। ਯਸ਼ ਵੱਲ ਦੇਖ ਕੇ ਉਸਦੇ ਕੰਨ ਕੋਲ ਹੁੰਦਿਆਂ ਉਹ ਹੌਲੀ ਜਿਹੀ ਬੋਲਿਆ “ਅੱਜ ਕੱਛੂਕੁੰਮਾ ਕਿੱਧਰ ਨੂੰ ਚੱਲਿਆ?।”
ਯਸ਼ ਦੁਖੀ ਤਾਂ ਹੋਇਆ ਪਰ ਬੋਲਿਆ ਕੁਝ ਨਾ। ਖੇਤ ਦੇ ਗੱਭੇ ਲੱਗੇ ਤੂੜੀ ਦੇ ਢੇਰ ਕੋਲ ਪਹੁੰਚ ਕੇ ਮਾਸਟਰ ਜੀ ਨੇ ਢੇਰ ਦੇ ਐਨ ਵਿਚਕਾਰ ਜਿਹੇ ਪੱਲੀ ਵਿਛਾਈ। ਉਹ ਜਾਣੂ ਸਨ ਕਿ ਤੂੜੀ ਦੇ ਢੇਰ ਵਿੱਚੋਂ ‘ਵਿਚਕਾਰ ਵਾਲੀ ਜਗ੍ਹਾ’ ਵਧੀਆ ਤੂੜੀ ਹੁੰਦੀ ਹੈ ਕਿਉਂਕਿ ਮੋਹਰਲੇ ਹਿੱਸੇ ਵਿੱਚ ਕਣਕ ਦੇ ਨਾੜ ਦੀਆਂ ਘੁੰਡੀਆਂ ਅਤੇ ਪਿਛਲੇ ਹਿੱਸੇ ਵਿੱਚ ਬਾਹਲੀ ਹਲਕੀ ਜਿਹੀ ਤੂੜੀ ਹੁੰਦੀ ਹੈ। ਖੈਰ, ਮਾਸਟਰ ਜੀ ਨੇ ਕੋਲ ਹੀ ਪਈ ਤੰਗਲੀ ਲੈ ਕੇ ਗੱਭਿਓਂ ਤਕੜੀ ਘਚੋਰ ਕੱਢ ਕੇ ਤੂੜੀ ਦੇ ਵੱਡੇ ਸਾਰੇ ਢੇਰ ਨੂੰ ਇੰਜ ਬਣਾ ਦਿੱਤਾ ਜਿਵੇਂ ‘ਦੰਦੀ ਵੱਡੀ’ ਵਾਲਾ ਸੇਬ ਹੋਵੇ। ਤੂੜੀ ਨਾਲ ਲੱਦੀ ਹੋਈ ਪੱਲੀ ਦੀਆਂ ਲੰਮੀਆਂ-ਲੰਮੀਆਂ ਲੜੀਆਂ ਨਾਲ ਕੱਸ ਕੇ ਮਧਾਣੀ ਗੰਢ ਦੇ ਦਿੱਤੀ। ਫਿਰ ਯਸ਼ ਨੂੰ ਬੰਨ੍ਹੀ ਹੋਈ ਪੰਡ ਦੀਆਂ ਲੜੀਆਂ ਖਿੱਚਣ ਨੂੰ ਕਿਹਾ ਤਾਂ ਕਿ ਉਹ ਹੋਰ ਤੂੜੀ ਪਾ ਕੇ ਨਰੜ ਸਕੇ। ਯਸ਼ ਨੇ ਪੂਰੇ ਜ਼ੋਰ ਨਾਲ ਲੜੀਆਂ ਨੂੰ ਵਾਰੀ ਵਾਰੀ ਖਿੱਚਿਆ। ਇਸ ਕਸ਼ਮਕਸ਼ ਦੌਰਾਨ ਉਸਦੀ ਕੱਛੂਕੁੰਮੀ ਧੌਣ ਹੋਰ ਵੀ ਛੋਟੀ ਹੋ ਗਈ ਜਾਪੀ। ਇਵੇਂ ਜਾਪਿਆ ਜਿਵੇਂ ਕੱਛੂ ਸਿਰੀ ਨੂੰ ਖੋਪੜੀ ਵਿੱਚ ਨੂੰ ਖਿੱਚ ਲੈਂਦਾ ਹੈ। ਦਿਲ ਵਿੱਚੋਂ ਫੁੱਟੇ ਅਤੇ ਛੁੱਟੇ ਹਾਸੇ ਦੇ ਫੁਆਰਿਆਂ ਦੇ ਬਾਵਜੂਦ ਵੀ ਮੇਰਾ ਦੋਸਤ ਅਤੇ ਮੈਂ ਮਾਸਟਰ ਜੀ ਦੇ ਗੁੱਸੇ ਤੋਂ ਡਰਦਿਆਂ ਮੂੰਹ ਘੁੱਟੀ ਦੇਖਦੇ ਹੀ ਰਹੇ।
‘ਮਿਸ਼ਨ’ ਪੂਰਾ ਹੋ ਜਾਣ ਵਾਂਗ ਮਾਸਟਰ ਜੀ ਨੇ ‘ਤੂੜੀ ਦੀ ਗਠੜੀ’ ਦੇ ਆਲੇ-ਦੁਆਲੇ ਭਲਵਾਨੀ ਗੇੜੀ ਦੇ ਕੇ ਦੇਖਿਆ ਤਾਂ ਕਿ ਕੋਈ ਵਿਰਲ ਜਾਂ ਅਜਿਹੀ ਥਾਂ ਰਹਿ ਨਾ ਗਈ ਹੋਵੇ ਜਿੱਥੇ ਹੋਰ ਤੂੜੀ ਪੈ ਸਕੇ। ਤਸੱਲੀ ਕਰਦਿਆਂ ਮਾਸਟਰ ਜੀ ਨੇ ਡੱਬੀਆਂ ਵਾਲਾ ਪਰਨਾ ਕੱਢਿਆ ਅਤੇ ਆਪਣੇ ਗੰਜੇ ਸਿਰ ਉੱਤੇ ਬੰਨ੍ਹ ਲਿਆ। ਯਸ਼ ਨੂੰ ਆਪਣੇ ਪਾਸੇ ਵੱਲ ਕਰਦਿਆਂ ਉਸਨੇ ਸਾਨੂੰ ਕਿਹਾ, “ਮੁੰਡਿਓ, ਚਲੋ ਹੱਥ ਪੁਆ ਕੇ ਗਠੜੀ ਨੂੰ ਚੁਕਾਓ ਤੇ ਮੇਰੇ ਸਿਰ ’ਤੇ ਰਖਾਓ।”
ਚਹੁੰ ਜਣਿਆਂ ਨੇ ‘ਇੱਕ-ਦੋ-ਤਿੰਨ ਅਤੇ ਫਿਰ ਹਈ ਛਾਅਅ’ ਕਹਿ ਪੂਰੇ ਜ਼ੋਰ ਨਾਲ ਤੂੜੀ ਦੀ ਵੱਡੀ ਸਾਰੀ ਪੰਡ ਉਸਦੇ ਸਿਰ ਤੇ ਟਿਕਾ ਦਿੱਤੀ ਅਤੇ ਆਪ ਉਸਦੇ ਮਗਰ ਮਗਰ ਪਿੰਡ ਵੱਲ ਨੂੰ ਤੁਰ ਪਏ।
ਪੰਡ ਵੱਡੀ ਅਤੇ ਭਾਰੀ ਵੀ ਸੀ। ਮਗਰ ਮਗਰ ਤੁਰਦਿਆਂ, ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮਾਸਟਰ ਜੀ ਦੀ ਧੌਣ ਵੀ ਸਿਰ ਉੱਤੇ ਲੱਦੇ ਭਾਰ ਨਾਲ ਧਸਣ ਕਰਕੇ ਯਸ਼ ਵਰਗੀ ਹੀ ਹੋ ਗਈ ਹੋਵੇ।
ਅੱਧੀ ਕੁ ਵਾਟ ਪਹੁੰਚਦਿਆਂ ਸਿਰ ’ਤੇ ਚੁੱਕੇ ਮਣ ਭਾਰ ਨਾਲ ਮਾਸਟਰ ਜੀ ਦੀਆਂ ਲੱਤਾਂ ਹੁਝਕੇ ਜਿਹੇ ਮਾਰਨ ਲੱਗ ਪਈਆਂ। ਸਾਡੇ ਦੇਖਦੇ ਹੀ ਦੇਖਦੇ ਤੂੜੀ ਦੀ ਪੰਡ ਦੀ ਇੱਕ ਲੜੀ ਟੁੱਟ ਗਈ। ਲੜੀ ਟੁੱਟਦਿਆਂ ਇਵੇਂ ਲੱਗੀ ਜਿਵੇਂ ਅਸਮਾਨ ਵਿੱਚ ਟੁੱਟਦੇ ਤਾਰੇ ਦੇ ਮਗਰਲੀ ਲੋਅ ਦੀ ਲਾਈਨ ਹੋਵੇ। ਪੱਲੀ ਦੀ ਲੜੀ ਟੁੱਟਣ ਕਾਰਨ ਤੂੜੀ ਦੀ ਪੰਡ ਮਾਸਟਰ ਜੀ ਦੇ ਸਿਰ ਤੋਂ ਤਿਲ੍ਹਕਦਿਆਂ ਤੂੜੀ ਨਾਲ ਲੱਦੇ ਗੱਡੇ ਦੇ ਪਾਸ ਪੈਣ ਵਾਂਗ ਜ਼ਮੀਨ ’ਤੇ ਜਾ ਪਈ।
ਹਫੇ ਹੋਏ ਮਾਸਟਰ ਜੀ ਆਪਣੇ ਗੰਜੇ ਅਤੇ ਪਸੀਨੇ ਨਾਲ ਭਿੱਜੇ ਹੋਏ ਸਿਰ ਨਾਲ ਅਤੇ ਬਿਨਾਂ ਅੱਖਾਂ ਝਮਕਿਆਂ ਕਦੇ ਖ਼ੁਦ ਵੱਲ, ਕਦੇ ਯਸ਼ ਵੱਲ, ਕਦੇ ਸਾਡੇ ਵੱਲ ਅਤੇ ਕਦੇ ਆਲੇ-ਦੁਆਲੇ ਲੰਘਦੇ ਲੋਕਾਂ ਵੱਲ ਹੈਰਾਨੀ ਅਤੇ ਨਮੋਸ਼ੀ ਨਾਲ ਝਾਕ ਰਹੇ ਸਨ। ਉਨ੍ਹਾਂ ਦਾ ਸਿਰ ’ਤੇ ਬੰਨ੍ਹਿਆ ਡੱਬੀਆਂ ਵਾਲਾ ਪਰਨਾ ਖਿਲਰੀ ਤੂੜੀ ਜਾਂ ਪੰਡ ਦੇ ਥੱਲੇ ਕਿਤੇ ਗਾਇਬ ਸੀ। ਸ਼ਾਇਦ ਥੋੜ੍ਹਾ ਖ਼ੁਦ ’ਤੇ ਗੁੱਸਾ ਕੱਢਦਿਆਂ ਜਾਂ ਫਿਰ ਕਾਹਲੇ ਪੈਂਦਿਆਂ ਉਨ੍ਹਾਂ ਨੇ ਯਸ਼ ਨੂੰ ਕਿਹਾ, “ਹਰਾਮਜ਼ਾਦਿਆ ਖੜ੍ਹਾ ਕਿਉਂ ਆਂ? ਦੌੜ ਕੇ ਘਰੋਂ ਹੋਰ ਪੱਲੀ ਲੈ ਕੇ ਆ।”
ਯਸ਼ ਘਰ ਵੱਲ ਨੂੰ ਦੌੜ ਗਿਆ ਅਤੇ ਅਸੀਂ ਵੀ ਮਲਕ ਜਿਹੇ ਉੱਥੋਂ ਖਿਸਕ ਗਏ।
ਕੁਝ ਦਿਨ ਬਾਅਦ ਮਾਸਟਰ ਜੀ ਕਲਾਸ ਵਿੱਚ ਪੜ੍ਹਾ ਰਹੇ ਸਨ, ਪਿਆਰੇ ਵਿਦਿਆਰਥੀਓ, “ਲਾਲਚ ਬੁਰੀ ਬਲਾ ਹੈ!” ਮਾਸਟਰ ਜੀ ਨੇ ਅੱਡੀਆਂ ਦੇ ਭਾਰ ਹੁੰਦਿਆਂ ਫਿਰ ਦੋ ਤਿੰਨ ਵਾਰ ਉੇੱਚੀ ਆਵਾਜ਼ ਵਿੱਚ ਦੁਹਰਾਇਆ, “ਲਾਲਚ ਬੁਰੀ ਬਲਾ ਹੈ! … ਲਾਲਚ ਬੜੀ ਬੁਰੀ ਬਲਾ ਹੈ!! ... ਲਾਲਚ ...”
ਕੋਲ ਬੈਠੇ ਸ਼ਰਾਰਤੀ ਮਨ ਵਾਲੇ ਮੇਰੇ ਦੋਸਤ ਤੋਂ ਰਿਹਾ ਨਾ ਗਿਆ, ਉਸਨੇ ਦੱਬਵੀਂ ਆਵਾਜ਼ ਵਿੱਚ ਕਹਿ ਦਿੱਤਾ, “ਲਾਲਚ ਬੜੀ ਬੁਰੀ ਬਲਾ ਹੈ, ਭਾਵੇਂ ਤੂੜੀ ਦੀ ਪੰਡ ਦਾ ਈ ਹੋਵੇ ...”
ਮਾਸਟਰ ਨੇ ਸੁਣਦੇ ਸਾਰ ਹੀ ਉਸ ਨੂੰ ਕਲਾਸ ਦੇ ਅੱਗੇ ਬੁਲਾ ਕੇ ਮੁਰਗਾ ਬਣਾ ਲਿਆ। ਮੈਂ ਝਟਪਟ ਕਲਾਸ ਵਾਲੇ ਕਮਰੇ ਦੀ ਟੁੱਟੀ ਹੋਈ ਤਾਕੀ ਵਿੱਚੋਂ ਦੂਸਰਾ ਮੁਰਗਾ ਬਣਨ ਤੋਂ ਪਹਿਲਾਂ ਹੀ ਖਿਸਕ ਗਿਆ।
ਕਿਰਦਾਰ ਕੀ ਬਲਾ ਹੁੰਦੀ ਹੈ, ਇਸਦੀ ਉਸ ਵਕਤ ਸਮਝ ਹੀ ਨਹੀਂ ਸੀ।
ਖ਼ੁਦ ਨੂੰ
ਖ਼ੁਦ ਦਾ ਉਹਲਾ ਕਰਕੇ
ਦੱਸ ਤੂੰ ਕਿਸ ਤੋਂ ਉਹਲੇ ਹੋਇਆਂ?
ਖ਼ੁਦ ਨੂੰ
ਖ਼ੁਦ ਹੀ ਝੂਠ ਬੋਲ ਕੇ
ਦੱਸ ਤੂੰ ਕਿਸ ਤੋਂ ਸੱਚਾ ਹੋਇਆਂ?
ਜ਼ਿੰਦਗੀ ਜ਼ਿੰਦਾਬਾਦ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (