“ਕਦੇ-ਕਦੇ ... ਇਸ ਟੇਢੀ-ਮੇਢੀ ... ਜ਼ਿੰਦਗੀ ਦੀਆਂ ਝੀਥਾਂ ... ਵਿੱਚੋਂ ਲੰਘ ਰਹੀ ਰੌਸ਼ਨੀ ...”
(29 ਜੂਨ 2025)
1. ਕਦੇ ਕਦੇ
ਮਨ ਦੇ ਚੰਦ ਕੁ
ਅਨੁਭਵਾਂ ਅਹਿਸਾਸਾਂ
ਖ਼ਿਆਲਾਂ ਤੇ ਵਲਵਲਿਆਂ ਨੂੰ
ਕਾਗਜ਼ ਦੇ ਕੈਨਵਸ ’ਤੇ ਉਤਾਰ ਲੈਂਦਾ ਹਾਂ।
ਕਦ-ਕਦੇ
ਇਸ ਜੀਵਨ ਦੇ
ਪਲ-ਪਲ ਬਦਲਦੇ ਰੰਗਾਂ ਨੂੰ
ਲਫ਼ਜ਼ਾਂ ਸ਼ਬਦਾਂ ਤੇ ਬੋਲਾਂ ਦੇ ਬਸਤਰ ਪਾ
ਅੰਬਰੀਂ ਸੱਤ-ਰੰਗੀ ਪਰਵਾਜ਼ ਭਰ ਲੈਂਦਾ ਹਾਂ।
ਕਦੇ-ਕਦੇ
ਇਸ ਟੇਢੀ-ਮੇਢੀ
ਜ਼ਿੰਦਗੀ ਦੀਆਂ ਝੀਥਾਂ
ਵਿੱਚੋਂ ਲੰਘ ਰਹੀ ਰੌਸ਼ਨੀ ਨੂੰ ਦੇਖ ਕੇ
ਆਸ ਦੇ ਸੂਰਜ ’ਤੇ ਯਕੀਨ ਕਰ ਬਹਿੰਦਾ ਹਾਂ।
ਕਦੇ-ਕਦੇ
ਆਪਣੇ ਪਾਰਸ-ਪਿਆਰਿਆਂ
ਦੇ ਮਨਾਂ ਵਿਚਲੀ ਮੁਹੱਬਤ ਦੀਆਂ
ਮਹਿਕਾਂ ਦੇ ਜ਼ਖ਼ੀਰੇ ਨੂੰ ਮਾਣਦਿਆਂ
ਰਮਣੀਕ ਤੇ ਸੰਦਲੀ ਪੈੜਾਂ ਨੂੰ ਸਲਾਮ ਕਰ ਲੈਂਦਾ ਹਾਂ।
ਕਦੇ ਕਦੇ
ਗੀਤ ਕਵਿਤਾ ਗ਼ਜ਼ਲ
ਨਜ਼ਮ ਕਹਾਣੀ ਨਾਵਲ ਨਾਟਕ
ਦੇ ਅਸੂਲਾਂ ਅਤੇ ਸੀਮਾਵਾਂ ਤੋਂ ਅਣਜਾਣ
ਰੂਹ ਦੇ ਅਨੁਭਵਾਂ ਨੂੰ ਸ਼ਬਦਾਂ ਵਿੱਚ ਉਤਾਰ ਲੈਂਦਾ ਹਾਂ।
ਕੋਮਲ ਜਿਹੇ
ਮਨ ਦੇ ਹੁੰਦੇ ਨੇ ਅਦੀਬ ਮੈਂ ਤਾਂ ਸੁਣਿਆ ਹੈ
ਜੋ ਸ਼ਬਦਾਂ ਵਿੱਚ ਮਾਣਕ ਪਰੋਂਦੇ ਰਹਿੰਦੇ ਨੇ
ਲੱਭਣ ਨਾ ਮੋਤੀ ਨਾ ਮਾਣਕ ਮੈਂ ਢੂੰਡਦਾ ਰਹਿਨਾ ਹਾਂ ਅਕਸਰ
ਕਦੇ ਕਦੇ ਅਹਿਸਾਸਾਂ ਤੇ ਖ਼ਿਆਲਾਂ ਨੂੰ ਸਤਰਾਂ ਵਿੱਚ ਉਤਾਰ ਲੈਂਦਾ ਹਾਂ
ਅਧੂਰੀਆਂ ਸਤਰਾਂ…
* * *
2. ਮੇਰੀ ਬੱਚੀ
ਵਿਦੇਸ਼
ਵਿੱਚ ਜਨਮੀ
ਤੇ ਪਲੀ ਬੇਟੀ ਨੇ
ਅਚਾਨਕ ਆ ਕੇ ਦੱਸਿਆ...
ਡੈਡ,
ਕੱਲ੍ਹ ਮੈਂ ਮੌਮ ਨਾਲ
ਗੁਰਦਵਾਰੇ ਗਈ ਸੀ
ਲੋਹੜੀ ਦਾ ਮੇਲਾ ਦੇਖਣ...
ਉੱਥੇ ਲੋਕ
‘ਨਿੱਕੇ ਬੇਬੀਆਂ’
ਨੂੰ ਲੈ ਕੇ ਆਏ ਹੋਏ ਸੀ
ਪੀ-ਨਟ ਤੇ ਸਵੀਟਾਂ ਵੰਡਦੇ ਸੀ...
ਅੰਦਰ
ਬਾਬਾ ਜੀ ਤੇ
ਬਾਹਰ ਲੋਕ ਵੀ ਕਹਿੰਦੇ ਸੀ
ਲੋਹੜੀ ‘ਮੁੰਡੇ ਬੇਬੀਆਂ’ ਦੀ ਹੁੰਦੀ ਆ...
‘ਆਪਾਂ’
ਮੇਰੇ ਭਰਾ ਦੀ
ਲੋਹੜੀ ਵੀ ਇੱਥੇ ਹੀ ਪਾਈ ਸੀ?
ਦੱਸਿਆ... ਹਾਂ ਇੱਥੇ ਹੀ ਪਾਈ ਸੀ...
‘ਆਪਾਂ’
ਪੀ-ਨਟ ਤੇ
ਸਵੀਟਾਂ ਵੀ ਵੰਡੀਆਂ ਸੀ?
ਦੱਸਿਆ... ਹਾਂ... ਵੰਡੇ ਤਾਂ ਸਨ...
‘ਆਪਾਂ’
ਮੇਰੀ ਲੋਹੜੀ
ਕਦੋਂ ਕਿੱਥੇ ਪਾਈ ਸੀ?
ਦੱਸਿਆ... ਉਹ... ਤਾਂ... ਨਹੀਂ ਪਾਈ ਸੀ...
‘ਆਪਾਂ’
ਸਵੀਟਾਂ
ਕਿਹੜੀਆਂ ਵੰਡੀਆਂ ਸੀ?
ਦੱਸਿਆ... ਕੋਈ ਵੀ... ਨਹੀਂ ਵੰਡੀਆਂ ਸਨ...
ਡੈਡ,
ਇਹ ਤਾਂ ਫੇਅਰ ਨਹੀਂ!
ਇਹ ਕੁਰੈਕਟ ਵੀ ਨਹੀਂ!
ਕਿਹਾ... ਹਾਂ ਸੱਚ ਹੀ... ਇਹ ਫੇਅਰ ਨਹੀਂ...
ਇੱਕ
ਸਧਾਰਨ ਪਰ
ਲਾਜਵਾਬ ਤੇ ਬੇਮਿਸਾਲ ਸਵਾਲ
ਸੱਚ ਹੀ...
ਮੇਰੇ ਖੋਖ਼ਲੇ ਜਿਹੇ ਮਨ ਨੂੰ
ਹੋਰ ਖੋਖ਼ਲਾ ਕਰ ਗਿਆ...
ਸੱਚ ਹੀ
ਮੇਰਾ ਅਗਾਂਹ ਵਧੂ ਹੋਣ
ਦਾ ਫੋਕਾ ਵਹਿਮ-ਭਰਮ ਤੋੜ ਗਿਆ...
ਸੱਚ ਹੀ
ਪੜ੍ਹੇ ਲਿਖੇ ਨੂੰ
ਅਨਪੜ੍ਹ ਤੇ ਬੇਅਕਲ ਕਰ ਗਿਆ...
ਸੱਚ ਹੀ
ਕੁੜੀਆਂ ਨੂੰ ਬੱਸ
ਚਿੜੀਆਂ ਜਿਹੀਆਂ ਬਣਾ ਗਿਆ...
ਸੱਚ ਹੀ
ਇੱਕ ਸਧਾਰਨ
ਲਾਜਵਾਬ ਬੇਮਿਸਾਲ ਸਵਾਲ
ਮੈਨੂੰ ਬੇਜਵਾਬ ਤੇ ਬੇਜ਼ੁਬਾਨ ਵੀ ਕਰ ਗਿਆ...
* * *
3. ਕੌਣ ਹੋ ਭਾਈ ਤੁਸੀਂ?
ਪਿੰਡ ਵਾਲੇ ਘਰ ਦੇ
ਗੇਟ ਨਾਲ ਬੰਨ੍ਹਿਆ ਕੁੱਤਾ
ਜ਼ੋਰ ਜ਼ੋਰ ਨਾਲ ਭੌਂਕ ਰਿਹਾ ਹੈ
ਸ਼ਾਇਦ ਪੁੱਛ ਰਿਹਾ ਹੈ
ਕੌਣ ਹੋ, ਭਾਈ ਤੁਸੀਂ?
ਐਥੇ ਕੀ ਕਰਨ ਆਏ ਹੋ?
ਖੁਸ਼ ਹੈ ਜਾਂ ਗੁੱਸੇ
ਪਤਾ ਨਹੀਂ ਪਰ ਭੌਂਕ ਰਿਹਾ ਹੈ
ਤੇ… ਜ਼ੋਰ ਜ਼ੋਰ ਨਾਲ ਭੌਂਕ ਰਿਹਾ ਹੈ।
ਪਿੰਡ ਦੀ ਦੁਕਾਨ
ਵਿੱਚ ਗੱਲਾਂਬਾਤਾਂ ਦਰਮਿਆਨ
ਇੱਕ ਕੁੱਤਾ ਭੌਂਕਦਾ ਤਾਂ ਨਹੀਂ… ਪਰ
ਸੁੰਘਦਾ, ਦੁਆਲੇ ਘੁੰਮਦਾ ਤੇ ਫਿਰ ਘੋਖਦਾ ਹੈ
ਸ਼ਾਇਦ
ਪੁੱਛ ਉਹ ਵੀ ਇਹੀ ਰਿਹਾ ਹੈ
ਕੌਣ ਹੋ, ਭਾਈ ਤੁਸੀਂ?
ਐਥੇ ਕੀ ਕਰਨ ਆਏ ਹੋ?
ਮੈਥੋਂ ਹੀ… ਮੈਨੂੰ ਜਾਣ ਕੇ
ਦੁਕਾਨਦਾਰ ਕੁੱਤੇ ਨੂੰ ਬੋਲਦਾ
ਪਰ੍ਹੇ ਜਾਹ! … ਇਹ ਕੋਈ ਓਪਰਾ ਨਹੀਂ ਹੈ!
“ਆਪਣੇ ਪਿੰਡ ਦਾ ਹੀ ਬੰਦਾ ਆ।”
ਸ਼ਾਇਦ…
ਦੁਕਾਨਦਾਰ ਦੇ
ਬੋਲਾਂ ਤੇ ਯਕੀਨ ਕਰ… ਉਹ ਦਰਵੇਸ਼
ਪੂਛ ਹਿਲਾਉਂਦਾ… ਅੱਗੇ ਤੁਰ ਜਾਂਦਾ ਹੈ।
* * *
4. ਘਰ ਪਰਤੇ ਹੀ ਨਾ… ਪਰਦੇਸੀ
ਛੋਟੇ ਹੁੰਦਿਆਂ
ਉਜਾੜ ਅਤੇ ਖੰਡਰ
ਹੋ ਗਈਆਂ ਹਵੇਲੀਆਂ
ਵਿੱਚ ਲੁਕਣ-ਮੀਚੀ ਖੇਡਦਿਆਂ
ਨ੍ਹੇਰੇ ਖੂੰਜੇ ਵਿੱਚ ਲੁਕਿਆਂ ਨੇ ਕਦੇ ਕਦੇ ਸੋਚਣਾ…
ਇਹ ਹਵੇਲੀ
ਕਦੇ ਨਾ ਕਦੇ
ਕਿਸੇ ਨਾ ਕਿਸੇ ਦਾ
‘ਘਰ’ ਤਾਂ ਜ਼ਰੂਰ ਹੁੰਦੀ ਹੀ ਹੋਵੇਗੀ!
ਕਿੱਥੇ ਹਨ? ਕਿੱਥੇ ਖਪ ਗਏ ਨੇ ਉਹ ਸਭ ਪਿਆਰੇ?
ਬਜ਼ੁਰਗਾਂ ਨੇ ਦੱਸਣਾ…
ਉਹ … ਤਾਂ ਪਰਦੇਸੀ ਹੋ ਗਏ ਨੇ
ਵਰ੍ਹੇ, ਦਹਾਕੇ ਤੇ ਹੁਣ ਤਾਂ ਸਦੀਆਂ ਲੰਘ ਗਈਆਂ
ਕੋਈ ਵਲੈਤ, ਕੋਈ ਤੇਲੀਆ (ਅਸਟ੍ਰੇਲੀਆ)
ਕੋਈ ਫ਼ਰੀਕਾ (ਅਫ਼ਰੀਕਾ) … ਤੇ ਕੋਈ ਕਲਕੱਤੇ।
ਘਰੋਂ ਤਾਂ ਨਿਕਲੇ ਸੀ
ਕਿਸੇ ਦੂਰ ਸੁਪਨਿਆਂ ਦੇ ਦੇਸ਼ ਨੂੰ
ਕਿਰਤਾਂ ਤੇ ਕਮਾਈਆਂ ਕਰਨ
ਘਰ ਤੱਕਦੇ-ਤੱਕਦੇ ਤੇ ਉਡੀਕਦੇ ਖੋਲ਼ੇ ਹੀ ਬਣ ਗਏ
ਨਾ ਆਪ ਹੀ ਬਹੁੜੇ… ਤੇ ਨਾ ਕਿਰਸ ਕਮਾਈਆਂ ਹੀ।
ਅੱਜ ਖੁਦ
ਦਹਾਕਿਆਂ ਦਾ
ਪਰਦੇਸ ਹੰਢਾਉਂਦਿਆਂ… ਅਕਸਰ ਸੋਚਦਾ ਹਾਂ
ਕਿੰਨੇ ਕੁ ਹੋਰ ਵਸਦੇ ਘਰ ਖੰਡਰ ਹਵੇਲੀਆਂ ਬਣ ਗਏ ਹੋਣਗੇ?
ਕਿੰਨੇ ਕੁ ਨਿਆਣੇ ਅੱਜ ਉਂਜ ਹੀ ਸੋਚਦੇ ਜਾਂ ਸਵਾਲ ਕਰਦੇ ਹੋਣਗੇ?
ਦੂਰ ਦੇ ਭੁਲੇਖੇ…
ਦੂਰੋਂ...
ਜੋ ਜਾਪਦੇ ਸਨ
ਛੂਹਣ ਅਸਮਾਨਾਂ ਨੂੰ
ਕੋਲੋਂ ਜਾ ਦੇਖਿਆ... ਤਾਂ ਸਿੰਬਲ ਜਿਹੇ ਰੁੱਖ ਹੀ ਨਿਕਲੇ!
ਦੂਰੋਂ...
ਜੋ ਜਾਪਦੇ ਸਨ
ਸੰਤਾਂ ਤੇ ਫ਼ਕੀਰਾਂ ਜਿਹੇ
ਕੋਲੋਂ ਜਾ ਦੇਖਿਆ... ਤਾਂ ਕੁਛ ਦੇ ਕੁਛ ਹੋਰ ਹੀ ਨਿਕਲੇ!
ਦੂਰੋਂ...
ਜੋ ਜਾਪਦੇ ਸਨ
ਮੰਜ਼ਲਾਂ ਦੇ ਰਾਹ ਦਸੇਰੇ
ਕੋਲੋਂ ਜਾ ਦੇਖਿਆ... ਤਾਂ ਰਾਹਾਂ ਦੇ ਪੱਥਰ ਹੀ ਨਿਕਲੇ!
ਦੂਰੋਂ...
ਜੋ ਜਾਪਦੇ ਸਨ
ਭਲੇ ਇਨਸਾਨਾਂ ਜਿਹੇ
ਕੋਲ ਜਾ ਦੇਖਿਆ... ਤਾਂ ਨਾ-ਸ਼ੁਕਰੇ ਜਿਹੇ ਲੋਕ ਹੀ ਨਿਕਲੇ!
ਦੂਰੋਂ...
ਜੋ ਜਾਪਦੇ ਸਨ
ਸ਼ੇਰ ਬੱਬਰ-ਸ਼ੇਰਾਂ ਜਿਹੇ
ਕੋਲ ਜਾ ਦੇਖਿਆ... ਤਾਂ ਰੰਗੇ ਹੋਏ ਗਿੱਦੜ ਹੀ ਨਿਕਲੇ!
ਦੂਰੋਂ...
ਜੋ ਜਾਪਦੇ ਸਨ
ਆਸਾਂ ਤੇ ਉਮੀਦਾਂ ਜਿਹੇ
ਕੋਲੋਂ ਜਾ ਕੇ ਦੇਖਿਆ... ਤਾਂ ਸਭ ਭਰਮ ਭੁਲੇਖੇ ਹੀ ਨਿਕਲੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)