“ਉਹ ’ਕੱਲਾ ਤੁਹਾਡੀ ਦੋਹਾਂ ਦੀ ਬੋਲਤੀ ਬੰਦ ਕਰ ਗਿਆ! ਖੁੰਬ ਠੱਪ ਗਿਆ ਤੁਹਾਡੀ ਦੋਹਾਂ ਦੀ…”
(20 ਸਤੰਬਰ 2025) ਪਾਠਕ ਅੱਜ ਇਸ ਸਮੇਂ ਤਕ: 4650, ਕੱਲ੍ਹ: 4104.
ਪੁਰਾਣੀ ਕਹਾਵਤ ਹੈ, ਇੱਕ ਚੁੱਪ ਸੌ ਸੁੱਖ। ਇਸਦਾ ਸਰਲ ਜਿਹਾ ਮਤਲਬ ਤਾਂ ਇਹ ਹੈ ਕਿ ਜ਼ਰੂਰਤ ਤੋਂ ਬਿਨਾਂ ਜਾਂ ਲੋੜ ਤੋਂ ਜ਼ਿਆਦਾ ਨਾ ਬੋਲਣ ਵਾਲਾ ਇਨਸਾਨ ਕਈ ਵਾਧੂ ਦੇ ਲੜਾਈਆਂ-ਝਗੜਿਆਂ, ਬਹਿਸਾਂ, ਮੁਸੀਬਤਾਂ, ਜਾਂ ਹੋਰ ਇਹੋ ਜਿਹੇ ਝੇੜਿਆਂ ਤੋਂ ਬਚ ਸਕਦਾ ਹੈ। ਪਰ ਸਵਾਲ ਇਹ ਵੀ ਹੈ ਕਿ ਚੁੱਪ ਕਿੰਨੇ ਕੁ ਇਨਸਾਨ ਰਹਿ ਸਕਦੇ ਹਨ? ਜਾਂ ਫਿਰ ਰਹਿਣਾ ਪਸੰਦ ਕਰਦੇ ਹਨ? ਬੋਲਣ ਦੇ ਵੀ ਤਾਂ ਕਈ ਤਰੀਕੇ ਹੁੰਦੇ ਹਨ। ਸਿਰਫ ਮੂੰਹ ਵਿੱਚੋਂ ਬੋਲਿਆ ਹੀ ਬੋਲ ਨਹੀਂ ਹੁੰਦਾ, ਬਲਕਿ ਇਨਸਾਨ ਦੇ ਸਰੀਰ ਦੇ ਸੰਕੇਤ, ਚਿਹਰੇ ਦੇ ਹਾਵ-ਭਾਵ, ਜ਼ਿੰਦਗੀ ਜਿਊਣ ਦਾ ਤੌਰ ਤਰੀਕਾ ਅਤੇ ਲੋਕਾਂ ਵਿੱਚ ਸਲੀਕੇ ਨਾਲ ਵਿਚਰਣ ਅੰਦਾਜ਼ ਵੀ ਇਸ ਬੋਲਣ ਦੇ ਕੁਝ ਵਿਭਿੰਨ ਰੂਪ ਹੋ ਸਕਦੇ ਹਨ।
ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਆਪਸੀ ਗੱਲਬਾਤ ਦਾ ਸੱਤਰ-ਅੱਸੀ ਪ੍ਰਤਿਸ਼ਤ ਹਿੱਸਾ ਸੁਣਨਾ ਹੋਣਾ ਚਾਹੀਦਾ ਹੈ। ਬਹੁਤ ਜ਼ਿਆਦਾ ਚੁੱਪ ਰਹਿਣਾ ਵੀ ਠੀਕ ਤਾਂ ਨਹੀਂ ਹੁੰਦਾ, ਪਰ ਮੁਸ਼ਕਿਲ ਇਹ ਵੀ ਹੈ ਕਿ ਹਰ ਕੋਈ ਬੋਲਣਾ ਹੀ ਚਾਹੁੰਦਾ ਹੈ, ਸੁਣਨਾ ਬਿਲਕੁਲ ਨਹੀਂ। ਬਿਲਕੁਲ ਉਵੇਂ ਹੀ ਤਰ੍ਹਾਂ ਜਿਵੇਂ ਕੋਈ ‘ਢੀਠ’ ਬੁਲਾਰਾ, ਕਵੀ, ਲੇਖਕ, ਗਵੱਈਆ ਜਾਂ ਫਿਰ ਕਲਾਕਾਰ ਸਿਰਫ ਸੁਣਾਉਣਾ ਹੀ ਜਾਣਦਾ ਹੋਵੇ। ਕਈ ਵਾਰੀ ਅਸੀਂ ਸੁਣਦੇ (hear) ਤਾਂ ਹਾਂ ਪਰ ਸੁਣਦੇ (listen) ਨਹੀਂ, ਜਾਂ ਇਹ ਕਹਿ ਲਓ ਕੇ ਇੱਕ ਕੰਨ ਪਾ ਕੇ ਦੂਸਰੇ ਵਿੱਚੋਂ ਕੱਢ ਦਿੰਦੇ ਹਾਂ। ਚੁੱਪ ਰਹਿਣ ਜਾਂ ਸਿਰਫ ਸੁਣਨ ਵਾਲੇ ਇਨਸਾਨ ਨੂੰ ਅਕਸਰ ਕਮਜ਼ੋਰ ਅਤੇ ਉਸਦੇ ਨਾ ਬੋਲਣ ਨੂੰ ਹਾਂ (yes/acceptance) ਵੀ ਸਮਝ ਲਿਆ ਜਾਂਦਾ ਹੈ।
ਚੁੱਪ ਜਾਂ ਖ਼ਾਮੋਸ਼ੀ ਦੀ ਆਪਣੀ ਆਵਾਜ਼ ਅਤੇ ਗਹਿਰਾਈ ਹੁੰਦੀ ਹੈ, ਜਿਸ ਨੂੰ ਨਾਪਣਾ ਬਹੁਤੀ ਵਾਰੀ ਅਸਾਨ ਵੀ ਨਹੀਂ ਹੁੰਦਾ। ਬਹੁਤ ਬਹੁਤ ਉੱਚੇ ਬੋਲ ਖ਼ਾਮੋਸ਼ੀ ਵਿੱਚ ਖ਼ਾਮੋਸ਼ ਵੀ ਹੋ ਜਾਂਦੇ ਹਨ। ਕਬਰਾਂ ਦੀ ਖ਼ਾਮੋਸ਼ੀ ਵਿੱਚ ਜਹਾਨੋਂ ਜਾਣ ਵਾਲੇ ਲੋਕਾਂ ਦੇ ਬੋਲ-ਕਬੋਲ ਖੌਰੂ-ਪਾ ਰਹੇ ਹੁੰਦੇ ਹਨ। ਬਿਰਧ ਘਰ, ਬਿਰਧ ਆਸ਼ਰਮ ਜਾਂ ਫਿਰ ਹੋਰ ਅਨੇਕਾਂ ਥਾਂ, ਜਿੱਥੇ ਕਹਿੰਦੇ ਕਹਾਉਂਦਿਆਂ ਦੀਆਂ ਜ਼ੁਬਾਨਾਂ ਬੰਦ ਹੋ ਜਾਂਦੀਆਂ ਹਨ, ਕਿਸੇ ਇੱਕ ਜਾਂ ਦੂਸਰੇ ਕਾਰਨ ਕਰਕੇ। ਸੱਜਣੋ, ਬੋਲਦੀਆਂ ਤਾਂ ਕਿਤਾਬਾਂ ਵੀ ਹਨ। ਕਿਤਾਬ ਦੇ ਭਰੇ ਹੋਏ ਪੰਨਿਆਂ ਦੇ ਨਾਲ-ਨਾਲ ਹੀ ਖ਼ਾਲੀ ਪਏ ਪੰਨੇ ਵੀ ਬੋਲਦੇ ਹਨ, ਪਰ ਸੁਣਨ ਵਾਲਾ ਚਾਹੀਦਾ ਹੈ। ਖਾਮੋਸ਼ ਅਤੇ ਵਿਰਾਨ ਪਏ “ਮਕਾਨਾਂ” ਦੀਆਂ ਕੰਧਾਂ ਵੀ ਬੋਲਦੀਆਂ ਹਨ, ਜੋ ਕਦੇ ਸਾਡੇ ਹੱਸਦੇ ਵਸਦੇ “ਘਰ” ਹੁੰਦੇ ਸਨ!
ਚੁੱਪ ਸ਼ੋਰ ਵੀ ਕਰਦੀ ਹੈ, ਇਨਸਾਨ ਨੂੰ ਝੰਜੋੜਦੀ ਵੀ ਹੈ। ਚੁੱਪ ਵਿੱਚੋਂ ਸ਼ਬਦ, ਸਤਰਾਂ ਅਤੇ ਕਹਾਣੀਆਂ ਬਣ ਤੁਰਦੀਆਂ ਹਨ। ਬੋਲਣ ਅਤੇ ਬੋਲੀ ਦੇ ਨਾਲ ਹੀ ਬੋਲਤੀ ਵੀ ਬਣਦੀ ਹੈ। ਜੇਕਰ ਬੋਲਤੀ ਹੀ ਬੰਦ ਹੋ ਜਾਵੇ ਤਾਂ ਵੀ ਠੀਕ ਨਹੀਂ। ਬੋਲਤੀ ਬੰਦ ਕਰਨ ਜਾਂ ਕਿਸੇ ਦੇ ਕਰਾਉਣ ਨਾਲ ਵੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਆ ਜਾਂਦੀਆਂ ਹਨ। ਅਸੀਂ ਅਕਸਰ ਇਹ ਵੀ ਸੁਣਦੇ ਹਾਂ ਕੇ ਫਲਾਣੇ ਨੇ ਫਲਾਣੇ ਦੀ ਬੋਲਤੀ ਹੀ ਬੰਦ ਕਰ ਦਿੱਤੀ। ਹਾਸੇ ਮਜ਼ਾਕ ਵਿੱਚ ਬੰਦ ਕੀਤੀ ਬੋਲਤੀ ਦਾ ਤਾਂ ਖ਼ੈਰ ਕੋਈ ਐਨਾ ਨੁਕਸਾਨ ਨਹੀਂ, ਪਰ ਕਈ ਵਾਰੀ ਬੋਲਤੀ ਬੰਦ ਕਰਾਉਣ ਦੇ ਕਾਰਨਾਂ ਵਿੱਚ ਕਿਸੇ ਫਿਰਕੇ, ਜਾਤ, ਧਰਮ, ਤਾਕਤ, ਪੈਸਾ, ਸਿਆਸਤ ਦਾ ਹੋਣਾ ਜ਼ਿੰਦਗੀਆਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਹੈ। ਦੇਖਦਿਆਂ ਹੀ ਦੇਖਦਿਆਂ ਇਨਸਾਨ ਹੈਵਾਨ ਬਣ ਜਾਂਦੇ ਹਨ ਅਤੇ ਸਭ ਹੱਦਾਂ ਪਾਰ ਕਰਕੇ ਇਨਸਾਨੀਅਤ ਨੂੰ ਹੈਵਾਨੀਅਤ ਵਿੱਚ ਬਦਲ ਕੇ ਹੀ ਸਾਹ ਲੈਂਦੇ ਹਨ। ਇਨਸਾਨ ਵਿੱਚੋਂ ਇਨਸਾਨੀਅਤ ਕਦੇ ਵੀ ਮਰਨੀ ਨਹੀਂ ਚਾਹੀਦੀ।
ਖ਼ੈਰ, ਇਸ ਗੰਭੀਰਤਾ ਤੋਂ ਬਿਲਕੁਲ ਪਰੇ ਹੋ ਕੇ ਮੈਂ ਕਈ ਸਾਲ ਪਹਿਲਾਂ ਵਾਪਰੀ ਇੱਕ ਹਲਕੀ-ਫੁਲਕੀ ਜਿਹੀ ‘ਬੋਲਤੀ-ਬੰਦ’ ਦੀ ਹੋਈ ਘਟਨਾ ਸਾਂਝੀ ਕਰਨੀ ਚਾਹਾਂਗਾ। ਗੱਲਾਂ-ਬਾਤਾਂ, ਹਾਸੇ-ਮਜ਼ਾਕ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਹਨ। ਕਨੇਡਾ ਵਸਦੇ ਮੇਰੇ ਤਾਇਆ ਜੀ ਦੇ ਘਰ ਜਦੋਂ ਵੀ ਕੋਈ ਮਹਿਮਾਨ ਮਿਲਣ ਆਉਂਦਾ ਤਾਂ ਤਾਇਆ ਜੀ ਅਤੇ ਉਹਨਾਂ ਦੇ ਲੜਕੇ ਨੂੰ ਬਹੁਤ ਖੁਸ਼ੀ ਹੁੰਦੀ। ਉਹ ਇਸ ਖੁਸ਼ੀ ਵਿੱਚ ਆਪ ਹੀ ਮਹਿਮਾਨ ਨੂੰ ਕਹਿ ਦਿੰਦੇ, “ਤੁਹਾਡੀ ਪ੍ਰਾਹੁਣਾਚਾਰੀ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹੇਗੀ! ਪਰ ਗੱਲਾਂ-ਬਾਤਾਂ ਦੀ ਸੇਵਾ ਦੀ ਕੁੰਜੀ ਸਿਰਫ ਸਾਡੇ ਪਾਸ ਹੀ ਰਹੇਗੀ।” ਬਹੁਤੀ ਵਾਰ ਤਾਂ ਇਹ ਸਿਲਸਿਲਾ ਚੱਲਦਾ ਰਿਹਾ, ਤਾਇਆ ਅਤੇ ਭਾਜੀ ਹੋਰੀਂ ‘ਗੱਲਾਂ ਸੁਣਾ-ਸੁਣਾ’ ਕੇ ਅਤੇ ਬਹੁਤੇ ਮਹਿਮਾਨ ‘ਗੱਲਾਂ ਸੁਣ-ਸੁਣ’ ਕੇ ਖੁਸ਼ ਹੁੰਦੇ ਰਹਿੰਦੇ। ਹਾਸੇ ਮਜ਼ਾਕ ਦੀ ਇਸ ਬਰਸਾਤ ਵਿੱਚ ਸਮਾਂ ਸੋਹਣਾ ਬੀਤ ਜਾਂਦਾ ਸੀ। ਨਹਿਲੇ ’ਤੇ ਦਹਿਲਾ ਪੈਣ ਵਾਂਗ, ਫਿਰ ਇੱਕ ਦਿਨ ਇੱਕ ਸਵਾ-ਸੇਰ ਦਾ ਮਹਿਮਾਨ ਉਹਨਾਂ ਦਾ ਵੀ ਸਿਰਾ ਨਿਕਲਿਆ! ਉਹਨੇ ਘਰ ਅੰਦਰ ਆਉਂਦਿਆਂ ਸਾਰ ਹੀ ਗੱਲਾਂ ਦੀ ਬਰਸਾਤ ਨਹੀਂ ਲਾਈ, ਗੱਲਾਂ ਦਾ ਝੱਖੜ ਝੁਲਾ ਦਿੱਤਾ। ਇਸ ਤੂਫ਼ਾਨੀ ਮਹਿਮਾਨ ਨੇ ਮੇਜ਼ਬਾਨ ਪਿਉ-ਪੁੱਤ ਤੋਂ ਗੱਲਾਂ ਦੀ ਸੇਵਾ ਦੀ ਕੁੰਜੀ ਖੋਹ ਕੇ ਆਪਣੀ ਜੇਬ ਵਿੱਚ ਪਾ ਲਈ। ਆਖ਼ਰ ਮਹਿਮਾਨ ਦੇ ਤੁਰ ਜਾਣ ਤੋਂ ਬਾਅਦ ਤਾਇਆ ਅਤੇ ਵੱਡਾ ਭਾਈ ਡੌਰ-ਭੌਰ ਜਿਹੇ ਹੋਏ ਖੱਟਾ-ਮਿੱਠਾ ਖਾਧੇ ਜਾਣ ਦੇ ਸਵਾਦ ਵਾਂਗ ਮਹਿਸੂਸ ਕਰਨ ਲੱਗੇ। ਹਾਲਾਤ ਇੰਜ ਵੀ ਮਹਿਸੂਸ ਹੋਣ ਲੱਗੇ ਜਿਵੇਂ ਕੋਈ ਤਾਜ਼ਾ ਭੁਚਾਲ ਆਇਆ ਹੋਵੇ ਅਤੇ ਕਈ ਤਕੜੇ ਜਿਹੇ ਝਟਕੇ-ਝੂਟੇ ਦੇ ਕੇ ਅੱਗੇ ਨਿਕਲ ਗਿਆ ਹੋਵੇ।
ਅਜੇ ਹਾਲਾਤ ਸੰਭਲ ਹੀ ਰਹੇ ਸਨ ਕਿ ਉੱਪਰੋਂ ਭਰਜਾਈ ਜੀ ਨੇ ਆ ਕੇ ਸਵਾਲਾਂ ਦਾ ਬੰਬ ਦਾਗ਼ ਦਿੱਤਾ! ਕਹਿਣ ਲੱਗੀ, “ਅੱਜ ਤੁਹਾਨੂੰ ਪੇ-ਪੁੱਤ ਨੂੰ ਕੀ ਹੋ ਗਿਆ? ਉਹ ’ਕੱਲਾ ਤੁਹਾਡੀ ਦੋਹਾਂ ਦੀ ਬੋਲਤੀ ਬੰਦ ਕਰ ਗਿਆ! ਖੁੰਬ ਠੱਪ ਗਿਆ ਤੁਹਾਡੀ ਦੋਹਾਂ ਦੀ… ਐਵੇਂ ਚੜ੍ਹੇ ਫਿਰਦੇ ਰਹਿੰਦੇ ਹੁੰਦੇ ਸੀ ...।”
ਤਾਏ ਅਤੇ ਭਾਅ ਨੇ ਇਸ ਮਹਿਮਾਨ ਦੇ ਜਾਣ ਦਾ ਦਿਲੋਂ ਸ਼ੁਕਰ ਕੀਤਾ ਅਤੇ ਅੱਖਾਂ ਹੀ ਅੱਖਾਂ ਵਿੱਚ ਸਹਿਮਤ ਹੋ ਕੇ ਸਬਰ ਕਰ ਲਿਆ, ਇਹ ਸੋਚਦੇ ਹੋਏ ਕਿ ਅੱਜ ਦਾ ਦਿਨ ਉਨ੍ਹਾਂ ਲਈ ਜ਼ਿਆਦਾ ਵਧੀਆ ਨਹੀਂ ਸੀ…!
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (